ਸ਼ਮਸ਼ੇਰ ਸੰਧੂ ਦਾ ਸੰਜਮ ਅਤੇ ਮਿੱਤਰ-ਬੇਲੀ

ਸ਼ਮਸ਼ੇਰ ਸੰਧੂ ਦਾ ਸਮਾਂ-2
ਸ਼ਮਸ਼ੇਰ ਸੰਧੂ ਨੂੰ ਬਹੁਤੇ ਲੋਕ, ਗੀਤਕਾਰ ਵਜੋਂ ਹੀ ਜਾਣਦੇ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਸ ਨੇ ਕਮਾਲ ਦੀਆਂ ਕਹਾਣੀਆਂ ਵੀ ਲਿਖੀਆਂ ਹਨ ਅਤੇ ਉਸ ਦਾ ਰੁਜ਼ਗਾਰ ਮੂਲ ਰੂਪ ਵਿਚ ਪੱਤਰਕਾਰੀ ਸੀ। ਉਸ ਦੇ ਕੁਲੀਗ ਅਤੇ ਯਾਰ ਗੁਰਦਿਆਲ ਸਿੰਘ ਬੱਲ ਨੇ ਆਪਣੇ ਇਸ ਲੰਮੇ ਲੇਖ ਵਿਚ ਸ਼ਮਸ਼ੇਰ ਸੰਧੂ ਬਾਰੇ ਜਿਹੜੀ ਕਥਾ ਸੁਣਾਈ ਹੈ, ਉਹ ਨਿਵੇਕਲੀ ਤਾਂ ਹੈ ਹੀ, ਇਸ ਵਿਚ ਜ਼ਿੰਦਗੀ ਨੂੰ ਸਮਝਣ-ਸਮਝਾਉਣ ਲਈ ਖੋਲ੍ਹੀਆਂ ਘੁੰਡੀਆਂ ਬੜਾ ਦਿਲਚਸਪ ਮੰਜ਼ਰ ਬੰਨ੍ਹਦੀਆਂ ਹਨ। ਐਤਕੀਂ ਪੜ੍ਹੋ ਲੇਖ ਦੀ ਦੂਜੀ ਕਿਸ਼ਤ।

-ਸੰਪਾਦਕ

ਗੁਰਦਿਆਲ ਸਿੰਘ ਬੱਲ

ਸਾਲ 1980-81 ਤੋਂ ਲੈ ਕੇ 1990-91 ਤਕ ਪੰਜਾਬ ‘ਤੇ ਜੇਕਰ ਸਾੜ੍ਹਸਤੀ ਦਾ ਸਮਾਂ ਸੀ ਤਾਂ ਅੰਦਰੂਨੀ ਤਣਾਓ ਪੱਖੋਂ ‘ਪੰਜਾਬੀ ਟ੍ਰਿਬਿਊਨ’ ਦਾ ਵੀ ਕਰੀਬ ਇਹੋ ਹਾਲ ਸੀ। 1990 ਖਾੜਕੂ ਲਹਿਰ ਦੇ ਸਿਖਰ ਦਾ ਉਹ ਸਮਾਂ ਸੀ ਜਦੋਂ ਕਰਮਜੀਤ ਸਿੰਘ ਨੇ ਆਜ਼ਾਦੀ ਪ੍ਰਾਪਤੀ ਪਿਛੋਂ ਦੇ ਕਈ ਦਹਾਕਿਆਂ ਦੇ ਸਿੱਖ ਦਰਦ ਨੂੰ ਆਵਾਜ਼ ਦਿੰਦਿਆਂ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੀ ਤਰਫੋਂ ਭਾਰਤੀ ਰਾਸ਼ਟਰਪਤੀ ਦੇ ਨਾਂ ਖੁੱਲ੍ਹੀ ਚਿੱਠੀ ਦੀ ਸਿਰਜਣਾ ਕੀਤੀ ਜੋ ਨਿਸਚੇ ਹੀ ਉਨ੍ਹਾਂ ਵਕਤਾਂ ਦਾ ਅਹਿਮ ਇਤਿਹਾਸਕ ਦਸਤਾਵੇਜ਼ ਹੈ। ਇਸ ਤੋਂ ਤਿੰਨ ਕੁ ਵਰ੍ਹੇ ਬਾਅਦ 30 ਅਕਤੂਬਰ 1993 ਨੂੰ ਖਾੜਕੂ ਲਹਿਰ ਦੀ ਲਹਿਤ ਦੇ ਦੌਰ ਵਿਚ ਪੰਜਾਬ ਦੇ ‘ਖੱਬੇ ਪੱਖੀ/ਧਰਮ ਨਿਰਪੇਖ ਸੈਂਟੀਮੈਂਟ’ ਨੂੰ ਜ਼ਬਾਨ ਦਿੰਦਿਆਂ, ਖਾੜਕੂ ਲਹਿਰ ਦੇ ਤਿੱਖੇ ਕ੍ਰੀਟੀਕ ਵਜੋਂ ‘ਜਿੰਦੇ ਸੁੱਖੇ ਨੂੰ ਫਾਂਸੀ’ ਸਿਰਲੇਖ ਹੇਠ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕੀ ਪੰਨੇ ਉਪਰ ਆਪਣਾ ਚਰਚਿਤ ਕਾਲਮ ਲਿਖਿਆ ਸੀ। ਬੇਅੰਤ ਸਿੰਘ ਦੀ ਸਰਕਾਰ ਬਣਨ ਨਾਲ ਖਾੜਕੂ ਲਹਿਰ ਢਾਲੇ ਤਾਂ ਪੈ ਚੁੱਕੀ ਸੀ ਪਰ ਆਏ ਦਿਨ ਇਕਾ-ਦੁੱਕਾ ਕਤਲਾਂ ਦਾ ਸਿਲਸਿਲਾ ਖਤਮ ਨਹੀਂ ਸੀ ਹੋਇਆ। ‘ਇਉਂ ਵੀ ਹੁੰਦੈ’ ਕਾਲਮ ਵਿਚ ਦਲਬੀਰ ਦਾ ਮਿਡਲ ਬਹੁਤ ਮਕਬੂਲ ਸੀ।
ਇਕ ਦਿਨ ਖਬਰ ਵਿਚ ਕਿਸੇ ਘਾਟ ਵਾਧ ਕਾਰਨ ਮੈਂ ਸੰਪਾਦਕ ਹਰਭਜਨ ਹਲਵਾਰਵੀ ਮੂਹਰੇ ਪੇਸ਼ੀ ਭੁਗਤ ਕੇ ਵਾਪਸ ਪਰਤਦਿਆਂ, ਰਸਤੇ ਵਿਚ ਸ਼ਮਸ਼ੇਰ ਦੇ ਕੈਬਿਨ ਵਿਚ ਰੁਕ ਗਿਆ। ਸ਼ਮਸ਼ੇਰ ਨੇ ਜਾਂਦਿਆਂ ਹੀ ਬਗੈਰ ਕਿਸੇ ਵੀ ਕਿਸਮ ਦੇ ਹਾਵ ਭਾਵ ਪ੍ਰਗਟਾਏ, ਦਲਬੀਰ ਵਾਲੇ ਕਾਲਮ ਦੇ ਇਕ ਪਹਿਰੇ ‘ਤੇ ਲਕੀਰਾਂ ਲਗਾ ਕੇ ਪੜ੍ਹਨ ਲਈ ਅਖ਼ਬਾਰ ਮੇਰੇ ਅੱਗੇ ਕਰ ਦਿਤੀ। ਉਹ ਪਹਿਰਾ ਕੁਝ ਇਸ ਤਰ੍ਹਾਂ ਸੀ:
‘ਮੈਂ ਉਨ੍ਹਾਂ ਲੋਕਾਂ ਨਾਲ ਸਹਿਮਤ ਨਹੀਂ ਹਾਂ ਜੋ ਜਿੰਦੇ ਸੁੱਖੇ ਨੂੰ ਸਾਧਾਰਨ ਹਤਿਆਰੇ ਕਹਿੰਦੇ ਹਨ ਪਰ ਮੇਰੀ ਉਨ੍ਹਾਂ ਲੋਕਾਂ ਨਾਲ ਵੀ ਸੰਮਤੀ ਨਹੀਂ ਹੈ ਜੋ ਉਨ੍ਹਾਂ ਨੂੰ ਸ਼ਹੀਦੇ-ਆਜ਼ਮ ਜਾਂ ਭਾਈ ਆਖੀ ਜਾਂਦੇ ਹਨ। ਉਹ ਇਮਾਨਦਾਰ ਨਹੀਂ ਹਨ ਅਤੇ ਅਜਿਹਾ ਮਹਿਜ਼ ਸਿਆਸਤ ਦੇ ਤਹਿਤ ਕਰ ਰਹੇ ਹਨ। ਏਨਾ ਕੁ ਪੱਕਾ ਪਤਾ ਹੈ ਕਿ ਸਿੱਖ ਭਾਈਚਾਰੇ ਅੰਦਰ ਭਾਈ ਦਾ ਰੁਤਬਾ ਬੜਾ ਉਚਾ ਮੰਨਿਆ ਜਾਂਦਾ ਹੈ ਅਤੇ ਪੂਰਾ ਸਿੱਖ ਇਤਿਹਾਸ ਇਸ ਦਾ ਸਾਖਸ਼ੀ ਹੈ ਕਿ ਬਹੁਤ ਪੁੱਜੇ ਹੋਏ, ਗਿਆਨੀ ਧਿਆਨੀ ਅਤੇ ਨਿਮਰ ਵਿਅਕਤੀ ਨੂੰ ਹੀ ਅਜਿਹੇ ਖਿਤਾਬ ਨਾਲ ਨਿਵਾਜਿਆ ਜਾਂਦਾ ਰਿਹਾ ਹੈ। 18ਵੀਂ ਸਦੀ ਦੌਰਾਨ ਲੱਖਾਂ ਸਿੱਖ ਜੋਧਿਆਂ ਨੇ ਸੰਘਰਸ਼ ਵਿਚ ਜਾਨਾਂ ਵਾਰੀਆਂ ਪਰ ਭਾਈ ਦਾ ਰੁਤਬਾ ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਵਰਗੇ ਚੰਦ ਵਿਅਕਤੀਆਂ ਨੂੰ ਹੀ ਮਿਲਿਆ।’
ਸ਼ਮਸ਼ੇਰ ਨੇ ਬੜੇ ਹੀ ਸਹਿਜ ਭਾਅ ਨਾਲ ਪੁੱਛਿਆ, “ਬੱਲ ਕੀ ਰਾਏ ਹੈ ਤੇਰੀ?” ਤੇ ਫਿਰ ਮੇਰਾ ਜਵਾਬ ਉਡੀਕੇ ਬਿਨਾ ਹੀ ਕਹਿਣਾ ਸ਼ੁਰੂ ਕਰ ਦਿਤਾ, “ਯਾਰ ਦਲਬੀਰ ਨੂੰ ਡਰ ਨਹੀਂ ਲਗਦਾ?” ਨਾ ਮੈਨੂੰ ਉਤਰ ਦੇਣ ਦੀ ਲੋੜ ਸੀ, ਨਾ ਸ਼ਮਸ਼ੇਰ ਨੂੰ ਜਾਣਨ ਦੀ ਤਵੱਕੋ ਸੀ।…ਸ਼ਾਇਦ ਅੱਖ ਝਮਕਣ ਦਾ ਸਮਾਂ ਹੀ ਲੰਘਿਆ ਹੋਵੇਗਾ ਕਿ ਉਹ ਮੈਨੂੰ ਆਪਣੇ ਪੁਰਾਣੇ ਮਿੱਤਰ ਰਣਧੀਰ ਸਿੰਘ ਚੰਦ ਦੀ ਕਿਸੇ ਗਜ਼ਲ ਦੇ ਕੋਈ ਦਿਲਚਸਪ ਮਿਸਰੇ ਸੁਣਾ ਰਿਹਾ ਸੀ…।
ਦਲਬੀਰ ਦੇ ਗੂੜ੍ਹੇ ਮਿੱਤਰ ਅਤੇ ਪੰਜਾਬ ਦੇ ਆਪਣੀ ਹੀ ਕਿਸਮ ਦੇ ਬੇਬਾਕ ਚਿੰਤਕ ਡਾ. ਸਾਧੂ ਸਿੰਘ ਜੋ ਖਾੜਕੂ ਲਹਿਰ ਦੇ ਸਿਖਰਲੇ ਸਾਲਾਂ ਦੌਰਾਨ ਖੇਤੀ ਯੂਨੀਵਰਸਿਟੀ ਲੁਧਿਆਣਾ ਵਿਚ ਸੰਚਾਰ ਸਭਿਆਚਾਰ ਵਿਭਾਗ ਦੇ ਮੁਖੀ ਬਣਨ ਵਾਲੇ ਸਨ-ਉਨ੍ਹਾਂ ਵਕਤਾਂ ਦੇ ਮਾਹੌਲ ਤੋਂ ਦਹਿਸ਼ਤਜ਼ ਦਾ ਹੋ ਕੇ ਆਪਣਾ ਵਤਨ ਛੱਡ ਕੇ ਕੈਨੇਡਾ ਚਲੇ ਗਏ ਸਨ। ਦਰਅਸਲ, ਉਹ 25-30 ਵਰ੍ਹੇ ਪਹਿਲਾਂ, 70ਵਿਆਂ ਦੇ ਅਰੰਭ ਵਿਚ ਉਦੋਂ ਪੱਕੇ ਤੌਰ ‘ਤੇ ਇੰਗਲੈਂਡ ਗਏ ਸਨ ਜਦੋਂ ਆਰਥਿਕ ਪੱਖੋਂ ਖੁਸ਼ਹਾਲ ਹੋਣ ਦੀਆਂ ਉਥੇ ਅਸੀਮ ਸੰਭਾਵਨਾਵਾਂ ਸਨ ਪਰ ਉਹ ਵਤਨ ਆਪਣੇ ਦੀ ਸੇਵਾ ਕਰਨ ਲਈ ਦੋ ਕੁ ਵਰ੍ਹਿਆਂ ਪਿਛੋਂ ਹੀ ਵਾਪਸ ਪਰਤ ਆਏ ਸਨ। ਉਨ੍ਹਾਂ ਔਖੇ ਵਕਤਾਂ ਵਿਚ ਪਹਿਲਾਂ ਆਪਣੇ ‘ਰਹਿਨੁਮਾ’ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ ਅਤੇ ਫਿਰ ਆਪਣੇ ਦੋਸਤ ਰਵਿੰਦਰ ਰਵੀ ਦੇ ਕਤਲਾਂ ਪਿਛੋਂ ਉਸ ਨੇ ਤੌਬਾ ਕਰ ਲਈ ਸੀ। ਉਸ ਦਾ ਕਹਿਣਾ ਸੀ ਕਿ ਆਦਮੀ ਕਿਸੇ ਜ਼ਾਲਮ ਤੋਂ ਜ਼ਾਲਮ ਸਰਕਾਰ ਨਾਲ ਵੀ ਲੜ ਸਕਦੈ, ਟੱਕਰ ਲੈ ਸਕਦਾ ਹੈ, ਪਰ ਰੂਪੋਸ਼ ਵਿਰੋਧੀ ਨਾਲ ਘਰੇ ਬੈਠਾ ਉਨ੍ਹਾਂ ਵਰਗਾ ਆਦਮੀ ਅਜਿਹਾ ਜੋਖਮ ਨਹੀਂ ਉਠਾ ਸਕਦਾ। ਇਹ ਔਖਾ ਕੰਮ ਸੀ। ਇਸੇ ਪ੍ਰਥਾਏ ਦਲਬੀਰ ਵਾਲਾ ਮਿਡਲ, ਜੋ ਪਿਛੋਂ ਕੈਨੇਡਾ ਦੀ ਕਿਸੇ ਅਖਬਾਰ ਵਿਚ ਵੀ ਛਪ ਗਿਆ ਸੀ, ਨੂੰ ਪੜ੍ਹ ਕੇ ਉਸ ਨੇ ਦਲਬੀਰ ਨੂੰ ਹੈਰਾਨੀ ਅਤੇ ਚਿੰਤਾ ਭਰਿਆ ਖਤ ਵੀ ਲਿਖਿਆ ਸੀ।
ਦਰਅਸਲ ਜਿੰਦੇ ਸੁੱਖੇ ਵਾਲਾ ਇਤਿਹਾਸਕ ਪੱਤਰ ਛਪ ਜਾਣ ਦੇ ਆਸ ਪਾਸ ਵਾਲੇ ਸਮੇਂ ਦੌਰਾਨ ਹੀ ਕਿਧਰੇ ‘ਪੰਜਾਬੀ ਟ੍ਰਿਬਿਊਨ’ ਦੇ ਨਿਊਜ਼ ਐਡੀਟਰ ਜਗਜੀਤ ਸਿੰਘ ਬੀਰ ਅਚਾਨਕ ਚੜ੍ਹਾਈ ਕਰ ਗਏ। ਸੀਨੀਆਰਿਟੀ ਅਤੇ ਰਵਾਇਤ ਅਨੁਸਾਰ ਉਨ੍ਹਾਂ ਦੀ ਜਗ੍ਹਾ ਤਰੱਕੀ ਦਾ ਹੱਕ ਕਰਮਜੀਤ ਸਿੰਘ ਦਾ ਬਣਦਾ ਸੀ। ਸੰਪਾਦਕ ਹਰਭਜਨ ਹਲਵਾਰਵੀ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੂੰਹ ਦੀ ਖਾਧੀ। ਇਹ ਘਟਨਾ ਸਾਧਾਰਨ ਸੀ। ਅਦਾਰਿਆਂ ਅੰਦਰ ਇਹੋ ਜਿਹੀਆਂ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ ਪਰ ਉਸ ਦਾ ਜ਼ਿਕਰ ਜ਼ਰੂਰੀ ਹੈ। ਹਾਲਾਤ ਦਾ ਵਿਅੰਗ ਦੇਖੋ, ਇਹੋ ਉਹ ਨਾਜ਼ਕ ਮੋੜ ਸੀ ਜਿਸ ਨਾਲ ‘ਪੰਜਾਬੀ ਟ੍ਰਿਬਿਊਨ’ ਅੰਦਰ ਪਹਿਲ ਤਾਜ਼ਗੀ ਵਾਲੇ ਦਿਨਾਂ ਦੀ ਮੁੜ ਵਾਪਸੀ ਦੇ ਦੌਰ ਦਾ ਮੁੱਢ ਬੱਝਣਾ ਸ਼ੁਰੂ ਹੋਇਆ।
ਕੁੱਝ ਹੀ ਸਮਾਂ ਪਿਛੋਂ ਸੰਪਾਦਕ ਦੀ ਦਲਬੀਰ ਨਾਲ ਵੀ ਬਿੜ ਪੈ ਗਈ ਅਤੇ ਉਸ ਨੇ ‘ਨਿਊਜ਼ ਐਡੀਟਰ’ ਦਾ ਅਹਿਮ ਅਹੁਦਾ ਉਸ ਤੋਂ ਖੋਹ ਕੇ ਕਰਮਜੀਤ ਸਿੰਘ ਦੇ ਹਵਾਲੇ ਕਰ ਦਿਤਾ ਪਰ ਇਹ ‘ਨਿਸਬਤ’ ਵੀ ਰਹਿਣੀ ਨਹੀਂ ਸੀ। ਸਾਲ ਖੰਡ ਦੇ ਅੰਦਰ ਅੰਦਰ ਹੀ ਨਵੀਂ ਰਦੋ-ਬਦਲ ਸ਼ੁਰੂ ਹੋ ਗਈ। ਐਤਕੀਂ ਕੈਟਾਲਿਸਟ ਦੀ ਭੂਮਿਕਾ ‘ਪੰਜਾਬੀ ਟ੍ਰਿਬਿਊਨ’ ਦੇ ਉਨ੍ਹਾਂ ਵਕਤਾਂ ਦੇ ‘ਚੱਕ੍ਰਵਰਤੀ’ ਨਾਮਾਨਿਗਾਰ, ਮੋਰਿੰਡੇ ਵਾਲੇ ਹਰੀਸ਼ ਚੰਦਰ ਨੇ ਅਨੰਦਪੁਰ ਸਾਹਿਬ ਤੋਂ ਜਥੇਦਾਰ ਰਣਜੀਤ ਸਿੰਘ ਦੀ ਸੰਭਾਲੀ ਤਾਜਪੋਸ਼ੀ ਬਾਰੇ ਕਿਸੇ ਖਬਰ ਦੇ ਸਬੰਧ ਵਿਚ ਕਰਮਜੀਤ ਸਿੰਘ ਵਿਰੁਧ ਬੇਬੁਨਿਆਦ ਸ਼ਿਕਾਇਤ ਕਰਕੇ ਨਿਭਾਈ। ਉਨ੍ਹਾਂ ਵਕਤਾਂ ਦੇ ਤਕਾਜ਼ੇ ਦੇਖੋ-ਹਰੀਸ਼ ਚੰਦਰ ਉਸ ਵਕਤ ਕਰਮਜੀਤ ਸਿੰਘ, ਦਲਬੀਰ, ਹਰਭਜਨ ਹਲਵਾਰਵੀ, ਏਰੀਏ ਦੀਆਂ ਸਮੁੱਚੀਆਂ ਖਾੜਕੂ ਧਿਰਾਂ ਅਤੇ ਕੇ.ਪੀ.ਐਸ਼ ਗਿੱਲ-ਸਭਨਾਂ ਦਾ ਹੀ ‘ਲਾਡਲਾ’ ਸੀ।
ਸੰਪਾਦਕ ਨੇ ਸੀਨੀਅਰ ਸੁਪਰਡੈਂਟ ਪੁਲਿਸ ਸੀਤਾ ਰਾਮ ਨੂੰ ਜਾਂਚ ਅਫਸਰ ਨਿਯੁਕਤ ਕਰਵਾ ਕੇ ਕਰਮਜੀਤ ਸਿੰਘ ਖਿਲਾਫ ਪੜਤਾਲ ਸ਼ੁਰੂ ਕਰਵਾ ਦਿਤੀ। ਕੇਸ ਸਾਰਾ ਹੀ ਝੂਠਾ ਸੀ-ਪੰਡਿਤ ਸੀਤਾ ਰਾਮ, ਸੰਪਾਦਕ ਦੀ ਮਦਦ ਕੀ ਕਰਦਾ? ਬਸ ਹੋਇਆ ਇਹ ਕਿ ਹਲਵਾਰਵੀ ਦਾ ਤਪ-ਤੇਜ ਤੇਜ਼ੀ ਨਾਲ ਢਿੱਲਾ ਪੈਣਾ ਸ਼ੁਰੂ ਹੋ ਗਿਆ। ਅਖੀਰ ਹੁੰਦੇ ਹੁੰਦੇ ਅਦਾਰੇ ਵਿਚ ਉਸ ਦੀ ਸਲਤਨਤ ਦਾ ਭੋਗ ਬਹੁਤ ਹੀ ਮਾੜੇ ਅੰਦਾਜ਼ ਵਿਚ ‘ਪੰਜਾਬੀ ਟ੍ਰਿਬਿਊਨ’ ਦੇ ਸਭ ਤੋਂ ਜੂਨੀਅਰ ਅਤੇ ਬੇਨਕਸ਼ ਮੈਂਬਰ, ਹਲਵਾਰਵੀ ਦੇ ਪੁਰਾਣੇ ਜਮਾਤੀ ਅਮੋਲਕ ਸਿੰਘ ਦੇ ਭਰਾ ਬਲਵਿੰਦਰ ਸਿੰਘ ਜੰਮੂ ਦੇ ਪੈਰੋਂ ਪਿਆ। ਸੰਪਾਦਕ ਆਪਣੇ ਸੁਭਾਅ ਅਨੁਸਾਰ ਜੰਮੂ ਨੂੰ ਕੁਝ ਚੰਗਾ ਮਾੜਾ ਕਹਿ ਬੈਠਾ। ਉਹ ਆਪਣੀ ਸ਼ਿਕਾਇਤ ਜਗਤਾਰ ਸਿੱਧੂ ਤੋਂ ਪ੍ਰਧਾਨਗੀ ਖੋਹ ਕੇ ਨਵੀਂ ਨਵੀਂ ਤਾਕਤ ਵਿਚ ਆਈ ਯੂਨੀਅਨ ਦੀ ਕਚਹਿਰੀ ਵਿਚ ਲੈ ਗਿਆ। ਦਲਜੀਤ ਸਰਾਂ ਨੇ ਇਸ ਮੁਹਿੰਮ ਨੂੰ ਅੰਤਿਮ ਛੋਹਾਂ ਦਿੰਦਿਆਂ ਬੜੀ ਹੀ ਕਾਰਗਰ ਭੂਮਿਕਾ ਨਿਭਾਈ। ਦਲਜੀਤ ਵਿਰੁਧ ਹਲਵਾਰਵੀ ਨੇ ਅਦਾਰੇ ਅੰਦਰ ਵੜਨ ਵਾਲੇ ਦਿਨ ਤੋਂ ਖਾਹ-ਮਖਾਹ ਕਿੜ ਪਾਲੀ ਹੋਈ ਸੀ।
ਹੋਇਆ ਇਹ ਕਿ ਬਲਵਿੰਦਰ ਵਿਰੁਧ ਕੀਤੀ ‘ਬਦਕਲਾਮੀ’ ਲਈ ਬਾਬਿਆਂ ਨੂੰ ਬਾਕਾਇਦਾ ਭਰੇ ਦਰਬਾਰ ਵਿਚ ਹਾਜ਼ਰ ਹੋ ਕੇ ਪਛਤਾਵਾ ਕਰਨਾ ਪਿਆ। ਉਸ ਘਟਨਾ ਬਾਰੇ ਅਮੋਲਕ ਸਿੰਘ ਦੀ ਟਿਪਣੀ ਹੈ: ਇਹ ਦਲਜੀਤ ਸਿੰਘ ਸਰਾਂ ਦੇ ‘ਖੇਡ ਜੀਵਨ’ ਦਾ ‘ਗੋਲਡਨ ਗੋਲ’ ਸੀ। ਹਲਵਾਰਵੀ ਦੀ ਤੌਬਾ ਕਰਵਾ ਦਿਤੀ ਗਈ, ਉਸ ਨੂੰ ਅਦਾਰਾ ਛੱਡਣਾ ਪੈ ਗਿਆ। ਉਸ ਦੀ ਜਗ੍ਹਾ ਸ਼ੰਗਾਰਾ ਸਿੰਘ ਭੁੱਲਰ ਦੀ ਸੰਪਾਦਕ ਵਜੋਂ ਤਾਜਪੋਸ਼ੀ ਹੋਈ। ਹੁਣ ਕਰਮਜੀਤ ਸਿੰਘ ਅਤੇ ਦਲਬੀਰ ਸਿੰਘ, ਦੋਵੇਂ ਅਸਿਸਟੈਂਟ ਐਡੀਟਰ ਉਸ ਉਦਾਰਵਾਦੀ, ਸਹਿਣਸ਼ੀਲਤਾ ਦੇ ਪੁੰਜ ਸੰਪਾਦਕ ਦੇ ਅੰਗ ਸੰਗ ਸਨ।
ਇਹ ‘ਪੰਜਾਬੀ ਟ੍ਰਿਬਿਊਨ’ ਅੰਦਰ ਕਿਸੇ ਜ਼ਮਾਨੇ ਵਿਚ ਚਰਚਿਤ ਰਹੇ ‘ਅੱਠਵੇਂ ਕਾਲਮ’ ਦਾ ਦੌਰ ਸੀ। ਅਦਾਰੇ ਅੰਦਰ ਮੁਕੰਮਲ ਜਮੂਹਰੀਅਤ ਦਾ ਆਲਮ ਸੀ। ਪੰਜਾਬ ਭਰ ਵਿਚੋਂ ਨਾਮਾਨਿਗਾਰ ਆਉਂਦੇ ਸਨ। ਸ਼ਾਮ ਨੂੰ ਅਕਸਰ ਚਾਹ ਦੇ ਪਿਆਲੇ ‘ਤੇ ਮਹਿਫਲਾਂ ਜੰਮਦੀਆਂ, ਜਿਨ੍ਹਾਂ ਵਿਚ ਜ਼ਾਹਿਰ ਹੈ ਕਿ ਸਾਡੇ ਹਾਲੀਆ ਬਿਰਤਾਂਤ ਦੇ ਨਾਇਕ ਸ਼ਮਸ਼ੇਰ ਸੰਧੂ ਦੀ ਸ਼ਿਰਕਤ ਵੀ ਅਕਸਰ ਹੁੰਦੀ।
ਇਹੋ ਉਹ ਦੌਰ ਸੀ, ਉਹ ਸਾਜ਼ਗਾਰ ਮਾਹੌਲ ਸੀ ਜੋ ਸ਼ਮਸ਼ੇਰ ਨੂੰ ਨਿਸਚੇ ਹੀ ਬੇਹੱਦ ਰਾਸ ਆਇਆ। ਇਹ ਉਸ ਦੀ ਤਬੀਅਤ ਦੇ ਅਨੁਕੂਲ ਸੀ। ਉਸ ਦੀ ਰੂਹ ਅੰਦਰ ਦੱਬੇ ਗੀਤ ਕਿਸੇ ਚਸ਼ਮੇ ਦੇ ਸਾਫ ਸ਼ਫਾਫ ਪਾਣੀ ਦੇ ਹਾਰ ਆਪ ਮੁਹਾਰੇ ਹੀ ਫੁੱਟ ਫੁੱਟ ਕੇ ਬਾਹਰ ਆਉਂਦੇ ਚਲੇ ਗਏ। ਬਕੌਲ ਸੁਖਵਿੰਦਰ ਗੱਜਣਵਾਲਾ, ‘ਸਾਡੇ ਸੁਬਕ, ਨਿਰਦਲ, ਨਾਜ਼ੁਕ ਤਬੀਅਤ ਸ਼ਮਸ਼ੇਰ, ਜਿਸ ਦੀ ਆਤਮਾ ਇਕ ਪਾਸੇ ਡੈਸਕ ਉਪਰ ਨੀਰਸ ਖ਼ਬਰਾਂ ਘੜਨ ਦੇ ਝੰਜਟ ਅਤੇ ਉਪਰੋਂ ਖਾਹ-ਮਖਾਹ ਕਰਮਜੀਤ ਅਤੇ ਦਲਬੀਰ ਦੇ ਧੜਿਆਂ ਦੀ ਆਪਸੀ ਨਫਰਤ ਦੇ ਧੁਆਂਖੇ ਮਾਹੌਲ ਦੀ ਫੇਟ ਵਿਚ ਫਸੇ ਰਹਿਣ ਕਾਰਨ ਨਿਸਚੇ ਹੀ ਵਿਆਕੁਲ ਹੋਈ ਰਹੀ ਹੋਵੇਗੀ, ਹੁਣ ਪੂਰੇ ਖੇੜੇ ਵਿਚ ਸੀ!’
ਮਹਾਨ ਰੂਸੀ ਲਿਖਾਰੀ ਅਲੈਗਜ਼ੈਂਡਰ ਸੋਲਜ਼ੇਨਿਤਸਿਨ ਕਿਧਰੇ ਆਪਣੇ ਬਚਪਨ ਦੇ ਮਹਿਬੂਬ ਸ਼ਾਇਰ ਸਰਗੇਈ ਯੈਸੇਨਿਨ ਦੀ ਕਿਸੇ ਕਵਿਤਾ ਦੀ ਸਤਰ “ਜੰਗਲ ਦੇ ਮੁਰਗਿਆਂ ਦੀ ਹੂਕ ਸੁਣ, ਹਿੱਲ ਗਏ ਨੇ ਦਰੱਖਤ ਇਹ ਦਿਉਦਾਰ ਦੇ” ਦਾ ਜ਼ਿਕਰ ਕਰਦਿਆਂ ਹੈਰਾਨ ਹੁੰਦਾ ਹੈ ਕਿ ਕਵੀ ਨੇ ਭਲਾ ਕਿਸ ਮਨੋ ਅਵਸਥਾ ਵਿਚ ਇਹ ਅਲੌਕਿਕ ਭਾਵ ਚਿਤਵੇ ਜਾਂ ਲਿਖੇ ਹੋਣਗੇ!
ਸੋਲਜ਼ੇਨਿਤਸਿਨ ਨੂੰ ਪਤਾ ਲਗਿਆ ਜਾਂ ਨਾ, ਮੈਨੂੰ ਇਹ ਜ਼ਰੂਰ ਪਤਾ ਹੈ ਕਿ ਸ਼ਮਸ਼ੇਰ ਕੋਲੋਂ ਕਿਵੇਂ ‘ਤੇਰੇ ਚੋਂ ਤੇਰਾ ਯਾਰ ਬੋਲਦਾ’ ਵਰਗੇ ਟੂਣੇਹਾਰ ਬੋਲਾਂ ਵਾਲਾ ਗੀਤ ਉਪਰ ਦੱਸੇ ਮੁਕਤ ਮਾਹੌਲ ਵਿਚ ਆਪ ਮੁਹਾਰੇ ਸਹਿਜ ਸੁਭਾਅ ਸਿਰਜਿਆ ਗਿਆ ਹੋਵੇਗਾ।
2008-09 ਵਿਚ ਪਹਿਲੀ ਵਾਰ ਕੈਨੇਡਾ ਆਉਣ ਤੋਂ ਮਹੀਨਾ ਕੁ ਬਾਅਦ ਵਿਆਹ ਪਾਰਟੀ ‘ਤੇ ਜਾਣ ਦਾ ਮੌਕਾ ਮਿਲਿਆ। ‘ਤੇਰੇ ਚੋਂ ਤੇਰਾ ਯਾਰ ਬੋਲਦਾ’ ਗੀਤ ਚੱਲ ਰਿਹਾ ਸੀ ਅਤੇ ਨੌਜਵਾਨ ਕੁੜੀਆਂ-ਮੁੰਡੇ ਸਭ ਮਸਤ ਹੋਏ ਝੂਮ ਰਹੇ ਸਨ। ਮੇਰੇ ਬੱਚਿਆਂ ਦੇ ਮਸੇਰ, ਮਨੀ ਨੂੰ ਇਸ ਗੱਲ ਦਾ ਚਾਅ ਚੜ੍ਹਿਆ ਹੋਇਆ ਸੀ ਕਿ ਗੀਤ ‘ਬੱਲ ਅੰਕਲ ਦੇ ਮਿੱਤਰ’ ਦਾ ਲਿਖਿਆ ਹੋਇਆ ਸੀ। ਇੰਗਲੈਂਡ ਵਾਲੇ ਗਾਇਕ ਮਲਕੀਤ ਨੇ ‘ਤੂਤਕ ਤੂਤਕ ਤੂਤੀਆਂ’ ਵਾਲਾ ਗੀਤ ਗਾ ਕੇ ਕੌਤਕ ਕੀਤਾ ਸੀ, ਪਰ ਥਰਿੱਲ ਦੇ ਮਾਮਲੇ ਵਿਚ ਸ਼ਮਸ਼ੇਰ ਦਾ ਇਹ ਗੀਤ ਉਸ ਨੂੰ ਵੀ ਮਾਤ ਪਾ ਗਿਆ ਸੀ। ਲੁਧਿਆਣਾ, ਮੁੰਬਈ, ਮੈਲਬਰਨ ਤੋਂ ਲੈ ਕੇ ਵੈਨਕੂਵਰ ਤੱਕ ਇਸ ਗੀਤ ਨੇ ਪੰਜਾਬੀਆਂ ਦੀ ਰੂਹ ਨੂੰ ਲੰਮੇ ਸਮੇਂ ਤੱਕ ਨਸ਼ਿਆਈ ਰਖਿਆ।
ਸ਼ਮਸ਼ੇਰ ਦਾ ‘ਗੋਰੀਆਂ ਬਾਹਾਂ ਦੇ ਵਿਚ ਛਣਕਣ ਵੰਗਾਂ, ਇਨ੍ਹਾਂ ਵੰਗਾਂ ਵਿਚ ਲੱਖ ਛੁਪੀਆਂ ਉਮੰਗਾਂ’ ਵਾਲਾ ਗੀਤ ਵੀ ਹੈ ਪਰ ‘ਤੇਰੇ ਚੋਂ ਤੇਰਾ ਯਾਰ ਬੋਲਦਾ’ ਤੋਂ ਬਾਅਦ ਸਭ ਤੋਂ ਵੱਧ ‘ਦੁਪੱਟਾ ਤੇਰਾ ਸੱਤ ਰੰਗ ਦਾ’ ਮੁਖੜੇ ਵਾਲਾ ਗੀਤ ਵੀ ਜ਼ਿਕਰਯੋਗ ਹੈ। ਇਸੇ ਗੀਤ ਦੇ ਕੁਝ ਬੋਲ ਜ਼ਰਾ ਦੇਖੋ:
ਕਹਿੰਦੇ ਨੇ ਜਵਾਨੀ ਹੁੰਦੀ ਭੁੱਖੀ ਪਿਆਰ ਦੀ,
ਤਾਂਘ ਇਹਨੂੰ ਰਹਿੰਦੀ ਸਦਾ ਦਿਲਦਾਰ ਦੀ,
ਧਾਈਆਂ ਧਾਈਆਂ ਧਾਈਆਂ…
ਦੁਪੱਟੇ ਉਤੇ ਮੋਰਨੀਆਂ, ਦੱਸ ਕਿਹੜੇ ਨੀ ਸ਼ੌਕ ਨੂੰ ਪਾਈਆਂ।

ਮਿਰਗਾਂ ਨੇ ਤੋਰ ਉਧਾਰੀ ਤੈਥੋਂ ਮੰਗੀ ਐ,
ਮਿੱਤਰਾਂ ਦੀ ਜਾਨ ਨੀ ਤੂੰ ਸੂਲੀ ਉਤੇ ਟੰਗੀ ਐ,
ਟਾਹਣਾ ਟਾਹਣਾ ਟਾਹਣਾ…
ਦੁਪੱਟਿਆ ਸੱਚ ਦੱਸ ਵੇ, ਮੈਂ ਕਿਹੜੇ ਪਿੰਡ ਮੁਕਲਾਵੇ ਜਾਣਾ।
ਇਹ ਖੇਤਰ ਛੱਡ ਕੇ ਹੁਣ ਮੈਂ ਸ਼ਮਸ਼ੇਰ ਦੀ ਆਪਣੇ ਮਿੱਤਰ ਪਾਸ਼ ਬਾਰੇ ‘ਇਕ ਪਾਸ਼ ਇਹ ਵੀ’ ਸਿਰਲੇਖ ਹੇਠ ਲਿਖੀ ਯਾਦਾਂ ਦੀ ਕਿਤਾਬ ਦਾ ਜ਼ਰਾ ਸੰਖੇਪ ਜ਼ਿਕਰ ਕਰਨਾ ਚਾਹਾਂਗਾ। ਬਦਕਿਸਮਤੀ ਨਾਲ ਇਹ ਕਿਤਾਬ ਰਜਿੰਦਰ ਸਿੰਘ ਰਾਹੀ ਵਾਲੀ ‘ਜਿਥੇ ਪਾਸ਼ ਰਹਿੰਦਾ ਹੈ’ ਸਿਰਲੇਖ ਹੇਠਲੀ ਕਿਤਾਬ ਤੋਂ ਬਾਅਦ ਛਪ ਕੇ ਆਈ। ਰਾਹੀ ਦੀ ਕਿਤਾਬ ਵਿਚ ਪਾਸ਼ ਦੀ ਸ਼ਾਨਾਂਮਤੀ ਸਿਮਰਤੀ ਅਤੇ ਮਿਥਕ ਨੂੰ ਬੇਕਿਰਕੀ ਨਾਲ ਮਿਸਮਾਰ ਕਰਨ ਲਈ ਪੂਰਾ ਤਾਣ ਲਾਇਆ ਗਿਆ ਹੈ। ਮੈਂ ਫੋਨ ਉਪਰ ਸੰਧੂ ਨੂੰ ਥੋੜ੍ਹੇ ਸ਼ਿਕਵੇ ਨਾਲ ਆਖ ਬੈਠਾ ਕਿ ਇਹ ਉਹਨੇ ਕੀ ਕੀਤਾ ਸੀ! ਸ਼ਮਸ਼ੇਰ ਨੂੰ ਜ਼ਿਆਦਾ ਕੌੜ ਨਾਲ ਤਾਂ ਕਿਹਾ ਨਹੀਂ ਜਾ ਸਕਦਾ ਸੀ। ਖੈਰ, ਉਹਨੇ ਥੋੜ੍ਹੀ ਤਨਜ਼ ਜਿਹੀ ਨਾਲ ਇਹ ਆਖ ਕੇ ਗੱਲ ਮੁਕਾ ਦਿਤੀ: ‘ਪਹਿਲੀ ਗੱਲ ਤਾਂ ਰਾਹੀ ਵਾਲੇ ਬਿਰਤਾਂਤ ਦਾ ਢੁਕਵਾਂ ਉਤਰ ਜਸਵੀਰ ਸਮਰ ਦਾ ਹੈ, ਜੇ ਕੋਈ ਗੱਲ ਰਹਿ ਗਈ ਸੀ ਤਾਂ (ਮੈਂ ਸੋਚਿਆ) ਉਹ ਮੈਂ ਪੂਰੀ ਕਰ ਦੇਵਾਂ।’
ਉਸ ਦੇ ਉਸੇ ਪੁਰਾਣੇ ‘ਤਾਅਨੇ’ ਦਾ ਸੰਖੇਪ ਜਿਹਾ ਪ੍ਰਤੀਕਰਮ ਮੈਂ ‘ਹੁਣ’ ਮੈਗਜ਼ੀਨ ਵਿਚ ‘ਪਾਸ਼ ਅਤੇ ਲੋਰਕਾ’ ਵਾਲੇ ਲੇਖ ਰਾਹੀਂ ਦੇਣ ਦੀ ਕੋਸਿਸ਼ ਕੀਤੀ ਸੀ। ਮੈਨੂੰ ਖਦਸ਼ਾ ਸੀ ਕਿ ਸ਼ਮਸ਼ੇਰ ਲਾਜ਼ਮੀ ਤੌਰ ‘ਤੇ ਨਰਾਜ਼ਗੀ ਮੰਨ ਗਿਆ ਹੋਵੇਗਾ ਪਰ ਅਜਿਹਾ ‘ਭਾਣਾ’ ਵਾਪਰਨੋ ਟਲ ਗਿਆ ਸੀ। ਫਿਰ ਵੀ ਮੇਰਾ ਅੱਜ ਵੀ ਉਹੋ ਮਨ ਹੈ ਕਿ ਰਜਿੰਦਰ ਰਾਹੀ ਵਾਲੀ ਕਿਤਾਬ ਤੋਂ ਬਾਅਦ ਸ਼ਮਸ਼ੇਰ, ਪਾਸ਼ ਬਾਰੇ ਆਪਣੀਆਂ ਯਾਦਾਂ ਨਾ ਲਿਖਦਾ ਤਾਂ ਬਿਹਤਰ ਸੀ ਅਤੇ ਜੇ ਲਿਖਣੀਆਂ ਸਨ ਤਾਂ ਮੇਰੀ ਜਾਚੇ ਆਸਾਨੀ ਨਾਲ ਹੀ ਜ਼ਰਾ ਵਧੇਰੇ ਸਾਵਧਾਨੀ ਵਰਤੀ ਜਾ ਸਕਦੀ ਸੀ।
ਪਾਠਕ ਸਹਿਜੇ ਹੀ ਸਵਾਲ ਕਰ ਸਕਦੇ ਹਨ ਕਿ ਪਾਸ਼ ਅਤੇ ਸ਼ਮਸ਼ੇਰ ਦੀ ਯਾਰੀ ਕਿਸ ਧੁਰੇ ‘ਤੇ ਪਈ ਹੋਵੇਗੀ। ਆਖਰ ਪਾਸ਼ ਦੇ ਮੂਲ ਸਰੋਕਾਰ ਰਾਜਸੀ-ਸਮਾਜਕ ਸਨ ਜਦੋਂ ਕਿ ਇਨ੍ਹਾਂ ਦੋਵਾਂ ਅਯਾਮਾਂ ਦੀ ਕਿਧਰੇ ਰਤਾ ਮਾਸਾ ਵੀ ਭਿਣਕ ਸ਼ਮਸ਼ੇਰ ਦੇ ਗੀਤਾਂ ਜਾਂ ‘ਭੂਆ ਖਤਮ ਕੌਰ’ ਵਰਗੀ ਸ਼ਮਸ਼ੇਰ ਦੀ ਜਵਾਨੀ ਵਾਰੇ ਦੀ ਸ਼ਾਹਕਾਰ ਕਹਾਣੀ ਅੰਦਰ ਤਾਂ ਮਲੂਮ ਨਹੀਂ ਹੁੰਦੀ।
‘ਭੂਆ ਖਤਮ ਕੌਰ’ ਦਾ ਜ਼ਿਕਰ ਆਉਂਦਿਆਂ ਹੀ ਮੈਨੂੰ ਆਪਣੇ ਸਭ ਤੋਂ ਪਿਆਰੇ ਮਰਹੂਮ ਮਿੱਤਰ ਨਰਿੰਦਰ ਭੁੱਲਰ ਦੀ ਯਾਦ ਆ ਗਈ ਹੈ। ਇਹ ਕਹਾਣੀ ਪਾਸ਼ ਨੂੰ ਅਤੇ ਪਿਛੋਂ ਨਰਿੰਦਰ ਭੁੱਲਰ ਨੂੰ ਵੀ ਬੇਹੱਦ ਦਿਲਚਸਪ ਲਗਦੀ ਸੀ। ਅਮੋਲਕ ਸਿੰਘ ਦੀ ‘ਪੰਜਾਬੀ ਟ੍ਰਿਬਿਊਨ’ ਦੇ ਸਾਥੀਆਂ ਬਾਰੇ ਯਾਦਾਂ ਦੀ ਲੜੀ ਵਿਚ ਨਰਿੰਦਰ ਭੁੱਲਰ ਵਾਲੇ ਲੇਖ ਵਿਚ ਇਸ ਪ੍ਰਥਾਏ ਜ਼ਿਕਰ ਹੈਗਾ। ਸ਼ਿਕਾਗੋ ਵਿਚ ਕਿਣ ਮਿਣ ਦਾ ਰੰਗ ਸੀ। ਨਰਿੰਦਰ ਨੇ ਅਮੋਲਕ ਨੂੰ ਘਰ ਦੇ ਵਿਹੜੇ ਵਿਚ ਸੈਰ ਕਰਵਾਉਂਦਿਆਂ ਆਪਣੇ ਸਨੇਹ ਭਾਵ ਪ੍ਰਗਟਾਉਂਦਿਆਂ ਦਸਿਆ ਸੀ ਕਿ ਸ਼ਮਸ਼ੇਰ ‘ਤੇਰੇ ਚੋਂ ਤੇਰਾ ਯਾਰ ਬੋਲਦਾ’ ਵਾਲਾ ਕੌਤਕ ਨਾ ਵੀ ਰਚਦਾ ਤਾਂ ‘ਭੂਆ ਖਤਮ ਕੌਰ’ ਨਾਲ ਪੰਜਾਬੀ ਸਹਿਤ ਜਗਤ ਵਿਚ ਉਸ ਦੇ ‘ਵਿਲੱਖਣ ਸਿਗਨੇਚਰ’ ਉਸ ਦੇ ਸ਼ੁਰੂਆਤੀ ਦੌਰ ਅੰਦਰ ਹੀ ਹੋ ਚੁਕੇ ਸਨ। ਕਥਾ ਕਹਿਣ ਦੀ ਕੇਹੀ ਜੁਗਤ ਹੈ ਨਮੂਨੇ ਦੀ ਉਸ ਕਹਾਣੀ ਅੰਦਰ! ਇਹ ਗੱਲ ਜੇ ਨਾ ਵੀ ਮੰਨੀਏ, ਤਦ ਵੀ ਨਰਿੰਦਰ ਦੇ ਇਸ ਕਥਨ ਤੋਂ ਸ਼ਮਸ਼ੇਰ ਨਾਲ ਉਸ ਦੇ ਮੋਹ ਦਾ ਪਤਾ ਸਹਿਜੇ ਹੀ ਲਗ ਜਾਂਦਾ ਹੈ।
ਸ਼ਮਸ਼ੇਰ ਨੂੰ ਪਾਸ਼ ਚੰਗਾ ਲਗਦਾ ਸੀ, ਉਸ ਦੀ ਸ਼ਿਦਤ ਕਰਕੇ, ਜ਼ਿੰਦਗੀ ਦੇ ਅਸੀਮ ਸੁਹੱਪਣ ਨਾਲ ਉਸ ਦੇ ਮੋਹ ਕਰਕੇ। ਜ਼ਿੰਦਗੀ ਵਿਚ ਇਨਸਾਫ਼ ਦੀ ਬਹਾਲੀ ਲਈ ਖਫਾ ਖੂਨ ਹੋਏ ਰਹਿਣ ਦਾ ਸ਼ਮਸ਼ੇਰ ਦਾ ਕੋਈ ਏਜੰਡਾ ਨਹੀਂ ਸੀ ਅਤੇ ਮੇਰਾ ਖਿਆਲ ਹੈ ਕਿ ਇਸ ਗੱਲ ਲਈ ਉਸ ਨੂੰ ਤਾਅਨਾ ਵੀ ਨਹੀਂ ਦਿਤਾ ਜਾ ਸਕਦਾ।
‘ਪੰਜਾਬੀ ਟ੍ਰਿਬਿਊਨ’ ਨਿਊਜ਼ ਡੈਸਕ ‘ਤੇ ਸ਼ਮਸ਼ੇਰ ਜਦੋਂ ਮੇਰੇ ਨਾਲ ਸੀ ਤਾਂ ਉਸ ਸਾਰੇ ਸਮੇਂ ਦੌਰਾਨ ਪੰਜਾਬ ਦੁਵੱਲੀ ਹਿੰਸਾ ਦੀ ਮਾਰ ਹੇਠ ਆਇਆ ਹੋਇਆ ਸੀ। ਆਪਣੀ ਯਾਦਾਸ਼ਤ ‘ਤੇ ਸਾਰਾ ਜ਼ੋਰ ਪਾਉਣ ‘ਤੇ ਵੀ ਮੈਨੂੰ ਯਾਦ ਨਹੀਂ ਹੈ ਕਿ ਸ਼ਮਸ਼ੇਰ ਨੇ ਉਚੀ ਸੁਰ ਵਿਚ ਮਾੜੀ ਜਾਂ ਚੰਗੀ, ਕੋਈ ਵੀ ਸਵੈਘਾਤੀ ਟਿਪਣੀ ਕਿਸੇ ਵੀ ਘਟਨਾ ਉਪਰ ਕਦੀ ਕੀਤੀ ਹੋਵੇ। ਉਹ ਸਹੀ ਅਰਥਾਂ ਵਿਚ ਸਾਰੇ ਰਾਮ ਰੌਲੇ ਤੋਂ ਸਦਾ ਅਟੰਕ ਰਿਹਾ।
ਹਾਂ, ਇਕ ਗੱਲ ਹੋਰ ਮੈਨੂੰ ਜ਼ਰੂਰ ਚੇਤੇ ਹੈ। 35-36 ਸਾਲ ਪਹਿਲਾਂ ਦੀ ਗੱਲ ਹੈ। ਉਦੋਂ ਕਾਰਾਂ ਤਾਂ ਛੱਡੋ, ਸਾਡੇ ਸਾਥੀਆਂ ‘ਚੋਂ ਕਿਸੇ ਕੋਲ ਸਕੂਟਰ ਜਾਂ ਮੋਟਰਸਾਈਕਲ ਵੀ ਨਹੀਂ ਸੀ। ਸ਼ਮਸ਼ੇਰ ਦੀ ਧੀ ਦੇ ਪੈਰ ‘ਤੇ ਸੱਟ ਲਗ ਗਈ ਅਤੇ ਉਹ ਉਸ ਨੂੰ ਸਾਈਕਲ ‘ਤੇ ਬਿਠਾਈ ਡਾਕਟਰ ਕੋਲ ਜਾ ਰਿਹਾ ਸੀ ਕਿ ਅਚਾਨਕ ਮੈਨੂੰ ਟੱਕਰ ਗਿਆ। ਉਸ ਦੇ ਚਿਹਰੇ ‘ਤੇ ਇੰਤਹਾਈ ਦਰਦ ਤੇ ਚਿੰਤਾ ਤੋਂ ਲਗਦਾ ਸੀ ਕਿ ਦਰਦ ਉਸ ਦੀ ਧੀ ਨੂੰ ਨਹੀਂ, ਉਸ ਨੂੰ ਹੋ ਰਹੀ ਸੀ। ਉਸ ਦੇ ਚਿਹਰੇ ਦਾ ਉਹ ਰੰਗ ਮੈਨੂੰ ਅੱਜ ਵੀ ਚੇਤੇ ਹੈ ਪਰ ਇਹ ਦਸਣ ਤੋਂ ਮੇਰੀ ਮੁਰਾਦ ਕੱਤਈ ਤੌਰ ‘ਤੇ ਇਹ ਨਹੀਂ ਕਿ ਮਾਸਟਰ ਚਰਨ ਦੀ ਹੱਤਿਆ ਜਾਂ ਉਸ ਤਰ੍ਹਾਂ ਦੀਆਂ ਹੋਰ ਖਬਰਾਂ ਤੋਂ ਸ਼ਮਸ਼ੇਰ ਨੂੰ ਕੋਈ ਪ੍ਰੇਸ਼ਾਨੀ ਨਹੀਂ ਸੀ ਹੁੰਦੀ।
ਸਿਆਸੀ-ਸਮਾਜਿਕ ਚੇਤਨਾ ਵਾਂਗ ਹੀ ਸਾਹਿਤ ਦੀ ਗੰਭੀਰ ਪੜ੍ਹਾਈ ਲਿਖਾਈ ਵਲੋਂ ਵੀ ਸ਼ਮਸ਼ੇਰ ਦਾ ਹੱਥ ਤੰਗ ਹੀ ਸੀ। ਇਹ ਵੀ ਕੋਈ ਮੈਨੂੰ ਬਾਹਲੀ ਮਾੜੀ ਗੱਲ ਨਹੀਂ ਲਗਦੀ। ਉਸ ਦੇ ਗੋਤੀ ਗੁਲਜ਼ਾਰ ਸਿੰਘ ਸੰਧੂ ਨੇ ‘ਮੈਂ ਅਤੇ ਮੇਰੀ ਰਚਨਾਕਾਰੀ’ ਵਾਲੇ ਆਪਣੇ ਲੇਖ ਵਿਚ ਸਾਫ ਐਲਾਨ ਕੀਤਾ ਹੋਇਆ ਹੈ:
“ਮੈਂ ਚੰਗਾ ਪਾੜ੍ਹਾ ਨਹੀਂ। ਕੋਈ ਵੀ ਚੀਜ਼ ਪੜ੍ਹਾਂ, ਨੀਂਦ ਆ ਜਾਂਦੀ ਹੈ ਪਰ ਮੈਨੂੰ ਦੇਖਣ ਦਾ ਬੜਾ ਸ਼ੌਕ ਹੈ।”
ਜ਼ਾਹਿਰ ਹੈ, ਸ਼ਮਸ਼ੇਰ ਨੂੰ ਵੀ ਜ਼ਿੰਦਗੀ ਦਾ ਹਰ ਰੰਗ ਦੇਖਣ ਦਾ ਸ਼ੌਕ ਹੈ ਅਤੇ ਉਸ ਦਾ ਇਹ ਸ਼ੌਕ ਪਾਸ਼ ਬਾਰੇ ਉਸ ਦੀ ਯਾਦਾਂ ਦੀ ਪੁਸਤਕ ਤੋਂ ਭਲੀ ਭਾਂਤ ਜ਼ਾਹਿਰ ਹੈ।
ਪਾਸ਼ ਨੂੰ ਆਪਣੇ ਪਿੰਡ ਨਾਲ ਅੰਤਾਂ ਦਾ ਮੋਹ ਸੀ, ਸ਼ਮਸ਼ੇਰ ਨੂੰ ਵੀ ਆਪਣੇ ‘ਚਿੜੀ ਦੇ ਪਹੁੰਚੇ’ ਜਿੱਡੇ ਪਿੰਡ ਮਦਾਰਪੁਰਾ ਨਾਲ ਓਨਾ ਹੀ ਮੋਹ ਹੈ। ਇਸ ਮੋਹ ਦੀ ਇਬਾਰਤ ਯੂਟਿਊਬ ਉਪਰ ਕੁਮਾਰੀ ਜੱਸੀ ਨੂੰ ਆਪਣੇ ਪਿੰਡ ਦੀ ਕਰਵਾਈ ਸੈਰ ਦੀ ਸਕਰਿਪਟ ਤੋਂ ਭਲੀ ਭਾਂਤ ਪੜ੍ਹੀ ਜਾ ਸਕਦੀ ਹੈ। ਉਹ ਕਿੰਨੇ ਨਿਰਛਲ ਅੰਦਾਜ਼ ਵਿਚ ਦੱਸਦਾ ਹੈ ਕਿ ਬਿੰਦਰਖੀਏ ਦੇ ਗਾਏ ਉਸ ਦੇ100 ਦੇ ਕਰੀਬ ਗੀਤਾਂ ਦੇ ਅੰਤ ਵਿਚ ਪਿੰਡ ਮਦਾਰਾ ਜਾਂ ਮਦਾਰਪੁਰੇ ਦਾ ਜ਼ਿਕਰ ਹੈ।
ਪਾਸ਼ ਜ਼ਿੰਦਗੀ ਭਰ ਖਤਰਿਆਂ ਨਾਲ ਖੇਡਦਾ ਰਿਹਾ, ਸਭ ਨੂੰ ਪਤਾ ਹੈ; ਸ਼ਮਸ਼ੇਰ ਕਿਸੇ ਵੀ ਕਿਸਮ ਦੇ ਖਤਰੇ ਦੇ ਨੇੜਿਓਂ ਲੰਘ ਕੇ ਵੀ ਰਾਜ਼ੀ ਨਹੀਂ। ਇਹੋ ਹਾਲ ਸ਼ਮਸ਼ੇਰ ਦਾ ਦੋਸਤੀਆਂ ਦੇ ਮਾਮਲੇ ਵਿਚ ਰਿਹਾ। ਸਾਨੂੰ ਪਤਾ ਹੈ ਕਿ ਕਿਸੇ ਦੂਜੇ ਇਨਸਾਨ ਨਾਲ ਦੋਸਤੀ ਜਾਂ ਤੀਬਰ ਮੁਹੱਬਤ ਬਹੁਤ ਖਤਰਨਾਕ ਆਤਮਿਕ ਐਡਵੈਂਚਰ ਹੁੰਦਾ ਹੈ। ਬਿਨਾ ਸ਼ੱਕ, ਸ਼ਮਸ਼ੇਰ ਦੇ ਅਨੇਕਾਂ ਦੋਸਤ ਹਨ; ਹੋਰ ਵੀ ਅਨੇਕਾਂ ਜਾਣ ਪਛਾਣ ਵਾਲੇ ਉਸ ਦੀ ਸ਼ਖਸੀਅਤ ਦੇ ਆਸ਼ਕ ਹਨ ਪਰ ਇਸ ਮਾਮਲੇ ‘ਚ ਵੀ ਉਹ ਸਾਰੀ ਉਮਰ ਬੋਚ ਬੋਚ ਕੇ ਚੱਲਿਆ ਹੈ। ਇਕ ਵਿਥ, ਪਾਸ਼ ਸਮੇਤ ਹਰ ਯਾਰ ਨਾਲ ਹੀ ਬਰਕਰਾਰ ਰੱਖੀ ਜੋ ਸ਼ਾਇਦ ਉਸ ਦੇ ਆਪਣੇ ‘ਮਿਸ਼ਨ’ ਦੀ ਪੂਰਤੀ ਲਈ ਜ਼ਰੂਰੀ ਵੀ ਸੀ।
ਇਸ ਮਾਮਲੇ ਵਿਚ ਹੀ, ਜਿਵੇਂ ਮੈਂ ਪਹਿਲਾਂ ਹੀ ਸੰਕੇਤ ਦਿਤਾ ਹੋਇਆ ਕਿ ਅਨੇਕ ਸਾਂਝੀਆਂ ਸੁਰਾਂ ਦੇ ਬਾਵਜੂਦ ਮੇਰਾ ਤੇ ਉਸ ਦਾ ਵੱਡਾ ਵਖਰੇਵਾਂ ਹੈ; ਮਸਲਨ, ਮੁੱਦਤ ਪਹਿਲਾਂ ਆਪਣੀ ਸੰਵੇਦਨਾ ਤੋਂ ਜਮ੍ਹਾਂ ਹੀ ਉਲਟ ਤਬਾਅ ਵਾਲੇ ਕਿਸੇ ਸੱਜਣ ਨੇ ਜ਼ਿੰਦਗੀ ਵਿਚ ਕੋਈ ਨਾਮਾਕੂਲ ਹਾਦਸਾ ਵਾਪਰ ਜਾਣ ਦੀ ਘੜੀ ਵਰ੍ਹਿਆਂ ਪੁਰਾਣੀ ਮਾਮੂਲੀ ਜਾਣ-ਪਛਾਣ ਦੇ ਆਧਾਰ ‘ਤੇ ਜ਼ਰਾ ਕੁ ਸਹਾਰੇ ਦੀ ਗੁਜ਼ਾਰਿਸ਼ ਕੀਤੀ ਤਾਂ ਯਾਰਾਂ ਨੇ ਘਰ ਦਰ ਦੇ ਸਭ ਦਰਵਾਜ਼ੇ ਉਸ ਲਈ ਚੌਪੱਟ ਖੋਲ੍ਹ ਦਿਤੇ। ਸ਼ਮਸ਼ੇਰ ਨਿਰਸੰਦੇਹ ਬੇਹੱਦ ਭਾਵੁਕ ਹੈ ਅਤੇ ਆਪਣੀ ਸ਼ਖਸੀਅਤ ਦੇ ਇਸ ਅਹਿਮ ਅੰਜਾਮ ਦਾ ਜ਼ਿਕਰ ਉਹਨੇ ਅਮਿਤੋਜ ਦੇ ਤੁਰ ਜਾਣ ‘ਤੇ ਆਪਣੇ ਵਿਛੜੇ ਮਿੱਤਰਾਂ ਨੂੰ ਯਾਦ ਕਰਦਿਆਂ ਲਿਖੇ ਆਪਣੇ ਲੇਖ ਵਿਚ ਬੜੀ ਸ਼ਿਦਤ ਨਾਲ ਕੀਤਾ ਵੀ ਹੋਇਆ। ਉਸ ਲੇਖ ਤੋਂ ਵੀ ਸ਼ਮਸ਼ੇਰ ਸੰਧੂ ਦਾ ਸੰਜਮ ਪ੍ਰਤੱਖ ਨਜ਼ਰ ਆ ਜਾਂਦਾ ਹੈ।
(ਚੱਲਦਾ)