ਅਰਬ ਦੇ ਮਾਰੂਥਲ ਅਤੇ ਪੰਜਾਬੀ

ਅਰਬ ਦੇ ਗਰਮ ਮੁਲਕਾਂ ਵਿਚ ਪੰਜਾਬੀ ਕਾਮਿਆਂ ਨੇ ਬੜੀਆਂ ਕਮਾਈਆਂ ਕੀਤੀਆਂ। ਉਨ੍ਹਾਂ ਉਥੇ ਵੱਸਣ ਬਾਰੇ ਕਦੀ ਨਾ ਸੋਚਿਆ ਸੀ। ਉਹ ਤਾਂ ਕਮਾਈਆਂ ਕਰ ਕਰ ਕੇ ਪਿਛਾਂਹ ਆਪਣੇ ਟੱਬਰ ਪਾਲਦੇ ਰਹੇ। ਇਨ੍ਹਾਂ ਕਾਮਿਆਂ ਬਾਰੇ ਬਹੁਤੀਆਂ ਲਿਖਤਾਂ ਨਹੀਂ ਮਿਲਦੀਆਂ। ਸੁਰਿੰਦਰ ਸਿੰਘ ਮਾਂਗਟ ਨੇ ਇਸ ਲੇਖ ਵਿਚ ਇਨ੍ਹਾਂ ਕਾਮਿਆਂ ਦੇ ਸਿਰੜ, ਮਿਹਨਤ ਅਤੇ ਪਰਦੇਸ ਵਿਚ ਦਰਪੇਸ਼ ਮੁਸ਼ਕਿਲਾਂ ਦਾ ਜ਼ਿਕਰ ਕੀਤਾ ਹੈ।

-ਸੰਪਾਦਕ

ਸੁਰਿੰਦਰ ਸਿੰਘ ਮਾਂਗਟ

ਵੇ ਹਉਕਿਆਂ ਦੀ ‘ਵਾਜ ਨਾ ਸੁਣੇ,
ਕਿਹੜੀ ਧਰਤੀ ਬੋਲੀ ‘ਤੇ ਤੇਰੇ ਡੇਰੇ।
ਸੱਧਰਾਂ ਦੇ ਸਾਹ ਮੁੱਕਗੇ,
ਤੇਰੇ ਵੱਜੇ ਨਾ ਜੋਗੀਆ ਫੇਰੇ।
ਲੋਹੜਿਆਂ ਦਾ ਦਰਦ ਹੁੰਦਾ ਹੈ ਵਿਛੋੜੇ ਦੀ ਚੀਸ ਦਾ, ਪਰ ਰਿਜ਼ਕ ਦੀਆਂ ਰਾਹਾਂ ‘ਤੇ ਵਿਛੇ ਕੰਡਿਆਂ ਨੂੰ ਜਜ਼ਬਾਤ ਦੀਆਂ ਹਨੇਰੀਆਂ ਨਹੀਂ ਹੂੰਝ ਸਕਦੀਆਂ। ਇਹ ਸਾਰੀ ਉਮਰ ਬੰਦੇ ਤੋਂ ਅਗਾਂਹ ਈ ਰਹਿੰਦਾ ਏ ਤੇ ਬੰਦਾ ਇਹਦੀ ਥਾਹ ਪਾਉਂਦਾ ਲੇਖੇ ਲੱਗ ਜਾਂਦਾ ਹੈ। ਕਿਹੜੀ ਭੁੱਖ ਹੈ, ਜਿਹੜੀ ਕਦੇ ਵੀ ਨਹੀਂ ਮਰੀ?
ਪਰਦੇਸੀ ਤਾਂ ਘਰੋਂ ਨਿਕਲਿਆ ਹਰ ਇਨਸਾਨ ਹੁੰਦਾ ਹੈ ਪਰ ਜਿਥੇ ਪਰਿਵਾਰ ਨਾਲ ਹੋਵੇ, ਮਿਹਨਤ ਤੋਂ ਅੱਗੇ ਹੱਕ ਹੋਣ, ਆਪਣੇ ਲੋਕ ਹੋਣ, ਉਥੇ ਪਰਦੇਸੀ ਹੋਣ ਦਾ ਦੁੱਖ ਥੋੜ੍ਹਾ ਘਟ ਜ਼ਰੂਰ ਜਾਂਦਾ ਹੈ। ਜਿਥੇ ਸਾਰਾ ਕੁਝ ਹੀ ਓਪਰਾ ਹੋਵੇ, ਉਹ ਪਰਦੇਸ ਪੂਰਨ ਦੇ ਜੋਗ ਵਰਗਾ ਹੁੰਦਾ ਹੈ। ਅਜਿਹਾ ਜੋਗ ਅਰਬ ਮੁਲਕਾਂ ਦੀ ਧਰਤੀ ‘ਤੇ ਕੱਕੇ ਮਾਰੂਥਲਾਂ ‘ਚ ਪਰਦੇਸੀਆਂ ਨੂੰ ਕੱਟਣਾ ਪੈਂਦਾ ਹੈ।
ਵਤਨੋਂ ਉਡੇ ਜਦ ਅਰਬਾਂ ਦੀ ਧਰਤੀ ‘ਤੇ ਉਤਰਦੇ ਹਾਂ ਤਾਂ ਰੋਟੀ ਕਮਾਉਣ ਦੀਆਂ ਸੱਧਰਾਂ ਦਾ ਇਮਤਿਹਾਨ ਇਥੋਂ ਦੀ ਵਗਦੀ ਲੂ ਚਮੜੀ ਲੂਹ ਕੇ ਲੈਂਦੀ ਹੈ। ਇਥੇ ਰੋਟੀ ਲਈ ਆਮ ਵਰਗ ਹੀ ਆਉਂਦਾ ਹੈ, ਜੋ ਪਹਿਲਾਂ ਹੀ ਜ਼ਿੰਦਗੀ ਦੇ ਸੰਘਰਸ਼ ‘ਚੋਂ ਨਿਕਲ ਕੇ ਜਹਾਜ ‘ਚ ਬੈਠਿਆ ਹੁੰਦਾ ਹੈ। ਘਰ ਤੋਂ ਬਾਹਰ ਬਹਿਰੀਨ, ਯੂ. ਏ. ਈ., ਸਾਊਦੀ ਅਰਬ, ਕਤਰ, ਕੁਵੈਤ ਵਰਗੇ ਅਰਬ ਦੇਸ਼ਾਂ ਵਿਚ ਆਪਣਾ ਆਪ ਲੱਭਣ ਆਇਆਂ ਲਈ ਸਾਰੇ ਪਰਦੇਸੀ ਹੀ ਭਾਈ ਹੁੰਦੇ ਹਨ। ਇਕ ਕਮਰੇ ਵਿਚ ਚਾਰ-ਚਾਰ ਪੰਜ-ਪੰਜ ਜਣਿਆਂ ਦੇ ਗਰੁਪ ਹੀ ਪਰਿਵਾਰ ਤੇ ਦੋਸਤਾਂ ਮਿੱਤਰਾਂ ਦੀ ਰਿਹਾਇਸ਼ ਰਿਸ਼ਤੇਦਾਰੀ। ਰਾਤ ਦੀ ਰੋਟੀ ਖਾਣ ਵੇਲੇ ਦਾਤੀ-ਫਰੇ ਪੱਖਿਆਂ ਮੂਹਰੇ ਬੈਠਾ ਟੱਬਰ ਦਿਸਦਾ ਹੈ, ਜਦੋਂ ਇਕ ਫਰਾਈਪੈਨ ‘ਚ ਦਾਲ ਪਾ ਕੇ ਘੇਰਾ ਘੱਤਿਆ ਹੁੰਦਾ ਹੈ। ਘਰ ਦੇ ਕੰਮਾਂ ਦੀਆਂ ਡਿਊਟੀਆਂ ਹੁੰਦੀਆਂ ਨੇ। ਸਵੇਰ ਦੀ ਚਾਹ ਬਣਾਉਣ ਤੋਂ ਆਥਣ ਦੀ ਰੋਟੀ ਤੱਕ। ਅੰਮ੍ਰਿਤ ਵੇਲੇ ਉਠ ਕੇ ਬਾਬਿਆਂ ਦੀ ਫੋਟੋ ਅੱਗੇ ਜੋਤ ਹਰ ਕਮਰੇ ‘ਚ ਜਗਦੀ ਹੈ। ਦਸਮੀ ਦੀ ਦੇਗ ਬਣਾਉਣ ਲਈ ਹਰ ਕਮਰੇ ‘ਚ ਇਕ ਮਾਹਰ ਹੁੰਦਾ ਹੈ।
ਜਾਤਾਂ ਪਾਤਾਂ, ਅਮੀਰੀ ਗਰੀਬੀ ਸਭ ਕੁਝ ਖਤਮ ਹੁੰਦਾ ਹੈ। ਸਾਰੇ ਚਾਚੇ ਤਾਏ ਹੁੰਦੇ ਹਨ ਜਾਂ ਭਾਈ। ਇਕ ਦਾ ਕੰਮ ਛੁੱਟ ਗਿਆ ਤਾਂ ਬਾਕੀ ਦੇ ਬਾਂਹ ਫੜਨ ਲਈ ਤਿਆਰ। ਜਦੋਂ ਬਹੁਤੇ ਨਵੇਂ ਆਇਆਂ ਨੂੰ ਭੇਤ ਨਹੀਂ ਪਤਾ ਹੁੰਦੇ ਕੰਮ ਦੇ, ਉਦੋਂ ਸੰਗੀਆਂ ਸਾਥੀਆਂ ਤੋਂ ਗਰੇਡਾਂ ਬਾਰੇ ਪੁੱਛਦੇ ਨੇ। ਜ਼ਿਆਦਾਤਰ ਕੰਮ ਕੰਸਟਰੱਕਸ਼ਨ ਲਾਈਨ ਦੇ ਹੀ ਹੁੰਦੇ ਨੇ। ਜਿਨ੍ਹਾਂ ਨੇ ਕਦੇ ਫੱਟੇ ‘ਚ ਕਿੱਲ ਸਿੱਧੀ ਨਹੀਂ ਠੋਕੀ ਹੁੰਦੀ, ਉਹ ਸ਼ਟਰਿੰਗ ਕਾਰਪੈਂਟਰ ਬਣੇ ਆਰੀਆਂ, ਗੇਜਾਂ ‘ਤੇ ਹੱਥ ਸਿੱਧੇ ਕਰਦੇ ਦੂਜਿਆਂ ਨੂੰ ਮੱਤਾਂ ਦੇਣ ਜੋਗੇ ਹੋ ਜਾਂਦੇ ਹਨ।
ਬਹੁਤੇ ਕੰਮ ਮੈਨਪਾਵਰ ਸਪਲਾਈ ਦੀ ਵਿਚੋਲਗੀ ਨਾਲ ਮਿਲਦੇ ਹਨ। ਈਦ, ਨੈਸ਼ਨਲ ਡੇਅ ਜਾਂ ਕਿਸੇ ਵੀ ਸਰਕਾਰੀ ਛੁੱਟੀ ‘ਤੇ ਕਮਰਿਆਂ ‘ਚ ਚੱਲਦੀਆਂ ਪਾਰਟੀਆਂ ਚਾਵਾਂ ਨੂੰ ਸੱਦੇ ਦਿੰਦੀਆਂ ਨੇ। ਕਮਰਿਆਂ ਦੇ ਕਿਰਾਏ ਤੇ ਰਾਸ਼ਨ ਦਾ ਖਰਚਾ ਹਰ ਮਹੀਨੇ ਵੰਡੇ ਹੁੰਦੇ ਹਨ ਪਰ ਜੇ ਕੋਈ ਨਵਾਂ ਆਇਆ ਹੋਵੇ ਤਾਂ ਉਹਦਾ ਖਰਚਾ ਬਾਕੀ ਦੇ ਆਪਸ ‘ਚ ਵੰਡ ਲੈਂਦੇ ਹਨ। ਸ਼ੁਰੂਆਤੀ ਦੌਰ ਹਮੇਸ਼ਾ ਹੀ ਸਾਰਿਆਂ ਲਈ ਔਖਾ ਹੁੰਦਾ। ਘਰੋਂ ਖਰਚ ਕੇ ਆਂਦੇ ਪੈਸੇ ਪੂਰੇ ਕਰਨ ਦੀ ਦੌੜ ਕਈ ਵਾਰ ਨੀਂਦ ਉਡਾ ਦਿੰਦੀ ਹੈ।
ਅਸੀਂ ਚੋਗਿਆਂ ਲਈ ਭਰੀਆਂ ਉਡਾਰੀਆਂ,
ਤੇ ਦੂਰ ਸਾਡੇ ਰਹਿਗੇ ਆਲ੍ਹਣੇ।
ਅਸੀਂ ਚਾਵਾਂ ਦੀਆਂ ਘੁੱਟ ਲਈਆਂ ਸੰਘੀਆਂ,
ਤੇ ਢਿੱਡ ਸਾਨੂੰ ਪੈਗੇ ਪਾਲਣੇ।
ਮਰ ਖਪ ਕੇ ਕਮਾਈਆਂ ਵੀਹ-ਪੱਚੀ ਹਜ਼ਾਰ ਤੋਂ ਸ਼ੁਰੂ ਹੁੰਦੀਆਂ ਨੇ, ਜਿਨ੍ਹਾਂ ਨਾਲ ਘਰਾਂ ਦੇ ਖਰਚ ਬੰਨ੍ਹੇ ਹੁੰਦੇ ਨੇ। ਢਿੱਡ ਬੰਨ੍ਹਣੇ ਪੈਂਦੇ ਹਨ ਬਹੁਤੀ ਵਾਰ। ਹੌਲੀ-ਹੌਲੀ ਜਦੋਂ ਪੈਰ ਲਗਦੇ ਹਨ ਤਾਂ ਬੰਦਾ ਲੇਬਰ ਤੋਂ ਡਰਾਇਵਰੀ ਵੱਲ ਤੁਰ ਪੈਂਦਾ ਹੈ। ਫਿਰ ਤਨਖਾਹ ਪੰਤਾਲੀ-ਪੰਜਾਹ ਹਜ਼ਾਰ ਤੱਕ ਜਾ ਪਹੁੰਚਦੀ ਹੈ। ਬਹਿਰੀਨ ਤੇ ਦੁੱਬਈ ਵਿਚ ਸੰਗਰਾਂਦ ਨੂੰ ਗੁਰਦੁਆਰਿਆਂ ਵਿਚ ਕੀਰਤਨ ਹੁੰਦਾ, ਲੰਗਰ ਚੱਲਦੇ ਨੇ। ਦੁੱਬਈ ਦਾ ਗੁਰਦੁਆਰਾ ਨਾਨਕ ਦਰਬਾਰ ਉਥੋਂ ਦੀ ਸਰਕਾਰ ਦੀ ਮਦਦ ਨਾਲ ਬਣਾਇਆ ਗਿਆ ਹੈ।
ਸਾਊਦੀ ਅਰਬ ਅਤੇ ਹੋਰ ਮੁਲਕਾਂ ਵਿਚ ਹਾਲੇ ਧਾਰਮਿਕ ਸਥਾਨਾਂ ਦੀ ਐਨੀ ਖੁੱਲ੍ਹ ਨਹੀਂ ਜਿੰਨੀ ਬਹਿਰੀਨ, ਦੁੱਬਈ ਵਿਚ ਹੈ। ਮੰਦਿਰ, ਗੁਰਦੁਆਰੇ ਤੇ ਚਰਚ ਇਨ੍ਹਾਂ ਮੁਲਕਾਂ ‘ਚ ਹਰ ਵੇਲੇ ਖੁੱਲ੍ਹੇ ਰਹਿੰਦੇ ਹਨ। ਦੀਵਾਲੀ ਨੂੰ ਦੁਕਾਨਾਂ ਈਦ ਵਾਂਗ ਹੀ ਸਜਦੀਆਂ। ਜ਼ਿਆਦਾਤਰ ਪਾਕਿਸਤਾਨੀ ਜਾਂ ਭਾਰਤੀ ਲੋਕ ਹੋਣ ਕਰਕੇ ਬਹਿਰੀਨ ਤੇ ਦੁੱਬਈ ਦੇ ਲੋਕ ਕਾਫੀ ਹਿੰਦੀ-ਉਰਦੂ ਬੋਲ ਲੈਂਦੇ ਹਨ। ਇੰਗਲਿਸ਼ ਵੀ ਚਲਦੀ ਹੈ ਪਰ ਮੁੱਖ ਭਾਸ਼ਾ ਅਰਬੀ ਹੈ। ਤੰਗੀਆਂ ਤੁਰਸ਼ੀਆਂ, ਹਾਸੇ ਮਖੌਲ ਚਲਦੇ ਰਹਿੰਦੇ ਹਨ। ਜੇ ਗੱਲ ਸਿਰਫ ਇਹ ਹੋਵੇ ਕਿ ਆਪਸੀ ਮਦਦ ਨਾਲ ਮਸਲੇ ਹੱਲ ਹੁੰਦੇ ਹੋਣ ਤਾਂ ਇਹ ਕਮਾਊ ਪੁੱਤ ਕਦੇ ਵੀ ਨਾ ਥੱਕਣ। ਆਪਣੇ ਹੀ ਮਾਸ ਚੂੰਡਣ ਵਾਲੇ ਏਜੰਟ ਵੀਜ਼ੇ ਰੀਨਿਊ ਕਰਵਾਉਣ ਵੇਲੇ ਇਨ੍ਹਾਂ ਦੇ ਹਾਸੇ ਉਦਾਸੀਆਂ ‘ਚ ਬਦਲ ਦਿੰਦੇ ਹਨ। ਕਈਆਂ ਦੇ ਪੇਪਰਾਂ ਦੀ ਮਿਆਦ ਖਤਮ ਹੋ ਜਾਂਦੀ ਹੈ ਅਤੇ ਉਹ ਫਿਰ ਗੈਰਕਾਨੂੰਨੀ ਕੰਮ ਲੱਭਦੇ ਮੁਸ਼ਕਿਲਾਂ ‘ਚ ਫਸਦੇ ਚਲੇ ਜਾਂਦੇ ਹਨ।
ਕੰਪਨੀਆਂ ਦੇ ਵਰਕ ਪਰਮਿਟਾਂ ‘ਤੇ ਕੰਮ ਕਰਦੇ ਤਾਂ ਕਿਸੇ ਵੀ ਵਕਤ ਆਪਣਾ ਇਕਰਾਰ ਖਤਮ ਕਰਕੇ ਆ ਸਕਦੇ ਹਨ ਪਰ ਆਪਣਾ ਕੰਮ ਆਪ ਲੱਭ ਕੇ ਕਰਨ ਵਾਲਿਆਂ ਨੂੰ ਧੱਕੇ ਖਾਣੇ ਪੈਂਦੇ ਹਨ। ਕੋਰਟ-ਕਚਹਿਰੀਆਂ ਦੇ ਕੰਮ-ਢੰਗ ਤੇ ਕਾਨੂੰਨ ਨਹੀਂ ਪਤਾ ਹੁੰਦੇ, ਉਹ ਆਪੇ ਬਣੇ ਏਜੰਟਾਂ ਦੀਆਂ ਜੇਬਾਂ ਭਰਦੇ ਰਹਿੰਦੇ ਹਨ। ਕੰਪਨੀਆਂ ਵਿਚ ਕੰਮ ਕਰਨ ਵਾਲੇ ਤਕਰੀਬਨ ਸਹੀ ਰਹਿੰਦੇ ਹਨ। ਤਨਖਾਹਾਂ ਵਕਤ ਸਿਰ ਮਿਲ ਜਾਂਦੀਆਂ ਤੇ ਆਮ ਸਹੂਲਤਾਂ ਵੀ ਕੰਪਨੀ ਨੂੰ ਦੇਣੀਆਂ ਪੈਂਦੀਆਂ ਹਨ। ਕੰਟਰੈਕਟ ਦੇ ਹਿਸਾਬ ਨਾਲ ਸਾਲ-ਦੋ ਸਾਲ ਬਾਅਦ ਕੰਪਨੀ ਦੇ ਖਰਚੇ ‘ਤੇ ਘਰ ਗੇੜਾ ਮਾਰ ਆਉਂਦੇ ਹਨ।
ਕੰਪਨੀਆਂ ਤੋਂ ਬਾਹਰ ਵਾਲਿਆਂ ਦਾ ਕੋਈ ਸ਼ਡਿਊਲ ਨਹੀਂ ਹੁੰਦਾ। ਕਈ ਵਾਰ ਪੰਜ-ਪੰਜ ਸਾਲ ਵੀ ਲੰਘ ਜਾਂਦੇ ਹਨ, ਕਿਉਂਕਿ ਬਾਹਰ ਕੰਮ ਕਰਨ ਵਾਲਿਆਂ ਨੂੰ ਸਭ ਕੁਝ ਆਪ ਕਰਨਾ ਪੈਂਦਾ। ਜਦੋਂ ਭੇਤ ਆ ਜਾਂਦਾ ਤਾਂ ਬੰਦਾ ਆਪ ਆਪਣੇ ਮਸਲੇ ਨਜਿੱਠਣ ਜੋਗਾ ਹੋ ਜਾਂਦਾ; ਜਾਂ ਕਹੋ ਕਿ ਜਿਵੇਂ ਕਿਸੇ ਨੇ ਉਸ ਦੀ ਬਾਂਹ ਫੜੀ ਸੀ, ਉਹ ਕਿਸੇ ਨਵੇਂ ਆਏ ਦੀ ਬਾਂਹ ਫੜਨ ਜੋਗਾ ਹੋ ਜਾਂਦਾ। ਆਪਣੀ ਧਰਤੀ ਦੀ ਤੜਫ ਜ਼ਰੂਰ ਰਹਿੰਦੀ ਹੈ ਪਰ ਇਸ ਮਿੱਟੀ ਦਾ ਪਿਆਰ ਹੱਡੀਂ ਰਚਣ ਲੱਗ ਜਾਂਦਾ ਹੈ। ਰਚੇ ਵੀ ਕਿਉਂ ਨਾ, ਇਹ ਰਿਜ਼ਕ ਦੇਣ ਵਾਲੀ ਮਾਂ ਜੋ ਬਣ ਜਾਂਦੀ ਹੈ। ਇਹਦਾ ਇਨਸਾਫ ਤਕੜੇ ਮਾੜੇ ਨੂੰ ਇਕੋ ਪੱਲੜੇ ਪਾ ਕੇ ਤੋਲਦਾ ਹੈ। ਬਹਿਰੀਨ, ਦੁੱਬਈ ਆਦਿ ਦੀ ਚਕਾਚੌਂਧ ਤੇ ਆਜ਼ਾਦੀ ਮੱਲੋਮੱਲੀ ਕੰਨ ਦੇ ਕੋਲ ਆ ਕੇ ਕਹਿ ਦਿੰਦੀ ਹੈ:
ਜ਼ਿੰਦਗੀ ਨੂੰ ਮਾਣ ਲੈ ਸ਼ੇਰਾ
ਪਰ ਦੇਖੀਂ ਗਵਾਚ ਨਾ ਜਾਈਂ।
ਸਾਡੇ ਆਮ ਲੋਕਾਂ ਦੀ ਸੋਚ ਵਿਚ ਇਹ ਮੁਲਕ ਮਾਰੂਥਲਾਂ ਤੋਂ ਬਿਨਾ ਹੋਰ ਕੁਝ ਨਹੀਂ; ਪਰ ਨਹੀਂ, ਇਹ ਸਿਰਫ ਇਕ ਕਿਆਸ ਹੈ ਦੂਰ ਬੈਠਿਆਂ ਦਾ। ਇਸ ਧਰਤੀ ਨੇ ਆਪਣੇ ਬਾਸ਼ਿੰਦਿਆਂ ਨੂੰ ਬਹੁਤ ਕੁਝ ਦਿੱਤਾ ਹੈ। ਜਿਹੜੇ ਲੋਕ ਪਿਛਲੀਆਂ ਸਦੀਆਂ ਦੇ ਧਾੜਵੀ ਰਹੇ, ਫਿਰ ਊਠਾਂ ਜਾਂ ਖੋਤਿਆਂ ‘ਤੇ ਸਮਾਨ ਲੱਦ ਕੇ ਵਪਾਰ ਕਰਦੇ ਰਹੇ, ਉਨ੍ਹਾਂ ਦੀ ਧਰਤੀ ਅੰਦਰਲੇ ਕੁਦਰਤੀ ਤੇਲ ਨੇ ਜ਼ਿੰਦਗੀ ਨੂੰ ਇਕਦਮ ਬਦਲ ਦਿੱਤਾ। ਫਿਰ ਇਨ੍ਹਾਂ ਨੂੰ ਕਾਮਿਆਂ ਦੀ ਲੋੜ ਪਈ, ਪੂਰੀ ਦੁਨੀਆਂ ‘ਚੋਂ ਮੱਧ ਵਰਗਾਂ ਦੇ ਪੁੱਤ ਰੋਟੀ ਲੱਭਦੇ ਇਧਰ ਆ ਪਹੁੰਚੇ। ਸਰਮਾਏਦਾਰਾਂ ਲਈ ਨਿਵੇਸ਼ ਦੇ ਰਾਹ ਖੁੱਲ੍ਹੇ ਅਤੇ ਆਮ ਬੰਦੇ ਲਈ ਸੁਨਹਿਰੇ ਭਵਿਖ ਦੇ ਸੁਪਨੇ ਇਨ੍ਹਾਂ ਰੇਤਿਆਂ ‘ਚੋਂ ਉਚੇ ਹੋ ਹੋ ਕੇ ਹਾਕਾਂ ਮਾਰਨ ਲੱਗ ਪਏ,
ਭੁੱਜਦਿਆਂ ਰੇਤਿਆਂ ਨੇ
ਸੋਹਲ ਜਿੰਦੜੀ ਸੱਸੀ ਦੀ ਸਾੜੀ।
ਪਰ ਨਹੀਂ, ਹੁਣ ਸ਼ਾਇਦ ਰੇਤਿਆਂ ਦੀ ਇਸ ਜ਼ਿੱਦ ਨੂੰ ਠੱਲ੍ਹ ਪਾਉਣ ਦਾ ਸਮਾਂ ਸੀ। ਜਿਥੇ ਕੋਹਾਂ ਦੂਰ ਤੱਕ ਹਰਿਆਲੀ ਦਾ ਨਾਮੋ-ਨਿਸ਼ਾਨ ਨਹੀਂ ਸੀ ਹੁੰਦਾ, ਉਥੇ ਦਰੱਖਤ ਲੱਗਣ ਲੱਗ ਪਏ। ਪਾਣੀ ਨੂੰ ਸੋਧ ਕੇ ਨਿੱਕੀ ਮੋਟੀ ਖੇਤੀ ਲਈ ਵਰਤਿਆ ਜਾਣ ਲੱਗਾ। ਹੌਲੀ ਹੌਲੀ ਕਣਕ, ਮੱਕੀ, ਬਰਸੀਮ, ਜੈਤੂਨ ਅਤੇ ਸਬਜ਼ੀਆਂ ਉਗਣ ਲੱਗੀਆਂ। ਢਿੱਡ ਭਰਨ ਆਏ ਪਰਦੇਸੀਆਂ ਨੂੰ ਧਰਤੀ ਆਪਣੇ ਪੁੱਤ ਬਣਾ ਕੇ ਰਿਜ਼ਕ ਵੰਡਦੀ ਗਈ। ਉਹ ਤਰੱਕੀਆਂ ਕਰਦੇ ਦਫਤਰਾਂ ਦੀਆਂ ਕੁਰਸੀਆਂ ‘ਤੇ ਆ ਬੈਠੇ ਪਰ ਪਿੰਡ ਅਸੀਂ ਛੋਟੇ ਮੁਲਕਾਂ ਜਾਂ ਚੰਗੀਆਂ ਕੰਪਨੀਆਂ ਦੇ ਮਜ਼ਦੂਰ ਹੀ ਗਿਣੇ ਜਾਂਦੇ ਰਹੇ ਕਿਉਂਕਿ ਜਿਨ੍ਹਾਂ ਨੇ ਅਰਬਾਂ ਵਿਚ ਆਉਣ ਦੀ ਸ਼ੁਰੂਆਤ ਕੀਤੀ ਸੀ, ਉਨ੍ਹਾਂ ਉਮਰਾਂ ਗਾਲ ਕੇ ਪਿੱਛੇ ਆਪਣੇ ਪਰਿਵਾਰਾਂ ਦੇ ਢਿੱਡ ਤਾਂ ਭਰੇ ਪਰ ਜਾਣ ਲੱਗਿਆਂ ਕੋਲ ਬਹੁਤਾ ਕੁਝ ਨਹੀਂ ਸੀ ਹੁੰਦਾ। ਉਹ ਮਿਹਨਤੀ ਪੁੱਤ ਆਪਣੀ ਮਿੱਟੀ ‘ਤੇ ਪਹੁੰਚ ਕੇ ਵੀ ਉਵੇਂ ਕੰਮ ਕਰਨ ਨੂੰ ਤਰਜੀਹ ਦਿੰਦੇ ਸੀ। ਉਂਜ, ਜਿਹੜਾ ਅਣਗੌਲਿਆ ਕਾਰਜ ਉਹ ਕਰਦੇ ਸੀ, ਉਹ ਇਹ ਸੀ ਕਿ ਭਵਿਖ ‘ਚ ਇਸ ਧਰਤੀ ‘ਤੇ ਪਹੁੰਚਣ ਵਾਲੀ ਪੀੜ੍ਹੀ ਦੇ ਮਿਹਨਤਕਸ਼ ਹੋਣ ਦਾ ਸਬੂਤ ਪੱਕਾ ਕਰੀ ਜਾ ਰਹੇ ਸਨ, ਜਿਸ ਨੇ ਤਰੱਕੀਆਂ ਦੇ ਰਾਹ ਖੋਲ੍ਹੇ। ਅੱਜ ਦੀਆਂ ਪੁਜ਼ੀਸ਼ਨਾਂ ਉਨ੍ਹਾਂ ਮਿਹਨਤਾਂ ਦੀ ਦੇਣ ਹਨ।
ਦੋ ਟੁੱਕ ਗੱਲ ਕਰਨੀ ਹੋਵੇ ਤਾਂ ਇਸ ਧਰਤੀ ਦੀ ਤਸਵੀਰ ਬਹੁਤ ਬਦਲੀ ਹੈ। ਇਥੋਂ ਦੀ ਸ਼ਾਨੋ ਸ਼ੌਕਤ ਨੇ ਜਿਥੇ ਦੇਖਣ ਵਾਲਿਆਂ ਨੂੰ ‘ਵਾਹ ਵਾਹ’ ਕਹਿਣ ਲਈ ਮਜਬੂਰ ਕੀਤਾ ਹੈ, ਉਥੇ ਰੋਟੀ ਲਈ ਆਇਆਂ ਨੂੰ ਵੀ ਇਸ ਧਰਤੀ ਨੇ ਬਾਹਾਂ ਖੋਲ੍ਹ ਕੇ ਬੁੱਕਲ ‘ਚ ਲਿਆ ਹੈ। ਜੇ ਸੋਚੀਏ ਤਾਂ ਕਿੰਨੇ ਸਮਿਆਂ ਤੋਂ ਜਹਾਜਾਂ ਦੇ ਜਹਾਜ ਇਨ੍ਹਾਂ ਮਾਰੂਥਲਾਂ ‘ਚ ਉਤਰੇ ਹੋਣੇ ਹਨ। ਕਿੰਨਿਆਂ ਨੂੰ ਇਨ੍ਹਾਂ ਟਿੱਬਿਆਂ ਨੇ ਰਿਜ਼ਕ ਦਿੱਤਾ। ਸੋਨੇ ਰੰਗੇ ਰੇਤਿਆਂ ਨਾਲ ਫਿਰ ਮੋਹ ਹੋਣਾ ਕੁਦਰਤੀ ਹੈ। ਅੱਜ ਦੇ ਦਿਨ ਇਹ ਮੁਲਕ, ਇਹ ਧਰਤੀ, ਇਹ ਲੋਕ ਆਪਣੇ ਲਗਦੇ ਹਨ। ਜੰਮਣ ਭੋਂਇੰ ਦੇ ਨਾਲ-ਨਾਲ ਇਸ ਕਰਮ ਭੋਂਇੰ ਨੂੰ ਵੀ ਕਰੋੜ ਸਿਜਦਾ। ਹਸਦੀ ਵਸਦੀ ਸਭ ਨੂੰ ਰਿਜ਼ਕ ਵੰਡਦੀ ਰਹੇ।