ਲੰਗੜਾ ਬਲਦ ਅਤੇ ਮਾਂਹ ਦੀ ਦਾਲ

ਪੰਜਾਬੀ ਨਾਵਲ ਅਤੇ ਕਹਾਣੀ ਵਿਚ ਸ਼ਹਿਰੀ ਮਾਹੌਲ ਦਾ ਜ਼ਿਕਰ ਕੁਝ ਕੁ ਲਿਖਾਰੀਆਂ ਨੇ ਹੀ ਕੀਤਾ ਹੈ। ਇਨ੍ਹਾਂ ਵਿਚੋਂ ਗੁਲ ਚੌਹਾਨ ਅਜਿਹਾ ਕਹਾਣੀਕਾਰ ਹੈ, ਜੋ ਸ਼ਹਿਰੀ ਜੀਵਨ ਦੀਆਂ ਗੁੰਝਲਾਂ ਨੂੰ ਸੂਖਮ ਢੰਗ ਨਾਲ ਖੋਲ੍ਹਦਾ ਹੈ। ਜੀਵਨ ਦੀਆਂ ਇਨ੍ਹਾਂ ਤੰਦਾਂ ਦੀ ਤਾਣੀ ਤਣਦਾ ਉਹ ਪਾਠਕ ਨੂੰ ਆਪਣੇ ਨਾਲ ਹੀ ਲੈ ਤੁਰਦਾ ਹੈ। ‘ਲੰਗੜਾ ਬਲਦ ਅਤੇ ਮਾਂਹ ਦੀ ਦਾਲ’ ਨਾਂ ਦੀ ਇਸ ਕਹਾਣੀ ਵਿਚ ਉਸ ਨੇ ਪਿਉ-ਪੁੱਤ, ਨੂੰਹ-ਸਹੁਰੇ ਅਤੇ ਪਤੀ-ਪਤਨੀ ਦੇ ਰਿਸ਼ਤੇ ਨੂੰ ਬਾਖੂਬੀ ਪੇਸ਼ ਕੀਤਾ ਹੈ। ਹਰ ਪਾਤਰ ਦੀ ਬੇਵਸੀ ਨੂੰ ਉਸ ਨੇ ਬਾਰੀਕੀ ਨਾਲ ਫੜਿਆ ਹੈ।

-ਸੰਪਾਦਕ

ਗੁਲ ਚੌਹਾਨ

ਸਾਰੀ ਰਾਤ ਬਾਰਸ਼ ਹੁੰਦੀ ਰਹੀ ਹੈ।
“ਪਿਤਾ ਜੀ ਸੱਚੀਂ ਕੀ ਕਰਦੇ ਨੇ, ਸਾਰਾ ਬਿਸਤਰ ਭਿੱਜ ਗਿਐ। ਤੁਸੀਂ ਅਵਾਜ਼ ਹੀ ਦੇ ਦੇਵੋ। ਬੰਦਾ ਏਨਾ ਕੁ ਤਾਂ ਖਿਆਲ ਕਰੇ। ਅੱਜ ਕੱਲ੍ਹ ਕੱਪੜਾ ਸੁੱਕਦਾ ਵੀ ਹੈ?” ਰੀਟਾ ਨੇ ਕਿਹਾ ਹੈ।
ਬੰਸੀ ਨੂੰ ਲੱਗਾ ਕਿ ਉਸ ਦੀ ਪਤਨੀ ਦੀ ਅਵਾਜ਼ ਜ਼ਿਆਦਾ ਉਚੀ ਹੈ। ਉਸ ਵਿਚ ਇਕ ਸੁਚੇਤ ਯਤਨ ਹੈ ਕਿ ਪਿਤਾ ਜੀ ਵੀ ਸੁਣ ਲੈਣ।
“ਬੰਸੀ ਮੇਰਾ ਮੱਥਾ ਤਾਂ ਵੇਖ ਹੱਥ ਲਾ ਕੇ, ਲੱਗਦੈ ਬੁਖਾਰ ਹੈ।” ਪਿਤਾ ਜੀ ਨੇ ਕਿਹਾ ਹੈ।
“ਸਾਰੀ ਰਾਤ ਤਾਂ ਭਿੱਜਦੇ ਰਹੇ ਹੋ, ਬੁਖਾਰ ਨਹੀਂ ਹੋਵੇਗਾ ਤਾਂ ਕੀ ਹੋਵੇਗਾ।”
“ਬਾਰਸ਼ ਸਹੁਰੀ ਵੀ ਸਾਰੀ ਰਾਤ ਹੁੰਦੀ ਰਹੀ ਹੈ। ਇਕ ਮਿੰਟ ਵੀ ਮੱਠੀ ਨਹੀਂ ਪਈ।”
“ਅੰਦਰ ਨਹੀਂ ਸਉ ਆ ਸਕਦੇ?” ਬੰਸੀ ਨੇ ਕਿਹਾ ਹੈ।
ਪਿਤਾ ਜੀ ਨੇ ਰਾਤ ਇਕ ਦੋ ਵਾਰ ਦਰਵਾਜਾ ਖੜਕਾਇਆ ਸੀ। ਬਾਰਸ਼ ਵਿਚ ਸੁਣਾਈ ਨਹੀਂ ਸੀ ਦਿੱਤਾ। ਜ਼ਿਆਦਾ ਉਚੀ ਖੜਕਾਉਣ ਦੀ ਹਿੰਮਤ ਨਹੀਂ ਸੀ ਪਈ। ਨੂੰਹ ਪੁੱਤਰ ਨੇ ਸਵੇਰੇ ਉਠਣਾ ਹੈ। ਨੌਕਰੀ ‘ਤੇ ਜਾਣਾ ਹੈ। ਪਹਿਲਾਂ ਪੈਂਦ ਵਾਲੇ ਪਾਸਿਓਂ ਦਰੀ ਚੁੱਕ ਕੇ ਉਪਰ ਕਰ ਲਈ ਸੀ। ਵਾਛੜ ਹੋਰ ਤੇਜ਼ ਹੋਈ ਸੀ ਤਾਂ ਉਠ ਕੇ ਬੈਠ ਗਏ ਸਨ। ਬਿਸਤਰ ਵਲ੍ਹੇਟ ਕੇ ਸਿਰਹਾਣੇ ਰੱਖ ਲਿਆ ਸੀ। ਇਕ ਵਾਰ ਮੰਜੀ ਨੂੰ ਖਿਸਕਾਉਣ ਲਈ ਉਠੇ ਤਾਂ ਮੰਜੀ ਦੋ ਤਿੰਨ ਇੰਚ ਹੀ ਖਿਸਕ ਸਕੀ ਸੀ। ਅੱਗੇ ਉਪਰ ਵਾਲਿਆਂ ਦਾ ਸਕੂਟਰ ਪਿਆ ਸੀ। ਬੈਠੇ ਬੈਠੇ ਉਡੀਕਦੇ ਸਨ ਕਿ ਸ਼ਾਇਦ ਬੰਸੀ ਉਠੇਗਾ, ਜਾਂ ਰੀਟਾ। ਕੋਈ ਆਪ ਹੀ ਵੇਖ ਲਵੇ, ਜਾਣ ਜਾਵੇ ਤਾਂ ਗੱਲ ਦੂਸਰੀ ਹੈ। ਆਪ ਕਹਿਣਾ ਤੇ ਉਹ ਵੀ ਇਸ ਵਕਤ। ਨਹੀਂ। ਫਿਰ ਬਾਹਰ ਬਰਾਮਦੇ ਵਿਚ ਸੌਣ ਦੀ ਜ਼ਿੱਦ ਵੀ ਤਾਂ ਉਨ੍ਹਾਂ ਦੀ ਹੀ ਹੈ। ਨਹੀਂ ਤਾਂ ਬੰਸੀ ਨੇ ਤਾਂ ਕਿਹਾ ਹੈ ਕਿ ਅੰਦਰ ਸੌਂ ਜਾਇਆ ਕਰੋ। ਬਾਹਰ ਚੰਗਾ ਲੱਗਦਾ ਹੈ। ਕਮ-ਜ਼-ਕਮ ਕੱਛੇ ਬਨੈਣ ਵਿਚ ਤਾਂ ਨਾ। ਕੁੜਤਾ ਪਜਾਮਾ ਪਾ ਲਿਆ ਕਰੋ। ਇਹ ਸ਼ਹਿਰ ਹੈ। ਬੁਰਾ ਲੱਗਦਾ ਹੈ। ਪਰ ਅੰਦਰ ਬੰਸੀ ਹੁੰਦਾ ਹੈ। ਰੀਟਾ ਹੁੰਦੀ ਹੈ। ਚੰਗਾ ਨਹੀਂ ਲੱਗਦਾ ਉਨ੍ਹਾਂ ਨੂੰ ਅੰਦਰ ਸੌਣਾ। ਕਈ ਵਾਰ ਪ੍ਰਿੰਸੀ ਵੀ ਉਨ੍ਹਾਂ ਨਾਲ ਬਾਹਰ ਪੈ ਜਾਂਦੀ ਹੈ।
ਕਿੰਨੀ ਕਿੰਨੀ ਦੇਰ ਦਾਦਾ ਪੋਤੀ ਉਘ ਪਤਾਲ ਦੀਆਂ ਮਾਰਦੇ ਰਹਿਣਗੇ।
ਪਰ੍ਹੇ ਪਾਰਕ ਵਿਚ ਉਹ ਲੰਗੜਾ ਬਲਦ ਖੜ੍ਹਾ ਹੈ। ਤਿੰਨ ਲੱਤਾਂ ‘ਤੇ। ਉਸ ਦੀ ਖੱਬੀ ਲੱਤ ਗੋਡੇ ਤੋਂ ਸੱਠ-ਸੱਤਰ ਦੇ ਕੋਣ ‘ਤੇ ਮੁੜੀ ਪਈ ਹੈ। ਜਮੀਨ ਤੋਂ ਫੁੱਟ ਕੁ ਉਪਰ। ਹਵਾ ਵਿਚ ਲਟਕ ਰਹੀ।
ਸਾਰੀ ਰਾਤ ਭਿੱਜਦਾ ਰਿਹਾ ਹੈ ਲੰਗੜਾ ਬਲਦ।
ਭਿੱਜਣ ਨਾਲ ਜਿਥੋਂ ਕਾਲਾ ਹੈ, ਉਥੋਂ ਹੋਰ ਕਾਲਾ ਤੇ ਜਿਥੋਂ ਚਿੱਟਾ ਹੈ, ਉਥੋਂ ਹੋਰ ਚਿੱਟਾ ਵਿਖਾਈ ਦਿੰਦਾ ਹੈ।
ਕੁਝ ਚਿਰ ਬਾਅਦ ਢੀਚਕ ਮਾਰਦਾ ਮਾਰਦਾ ਕੂੜੇ ਵਾਲੇ ਢੋਲ ਕੋਲ ਜਾਏਗਾ ਤੇ ਗੰਦ ਮੰਦ ਵਿਚ ਮੂੰਹ ਮਾਰਨ ਲੱਗੇਗਾ। ਸਬਜ਼ੀਆਂ ਦੇ ਛਿੱਲੜ, ਫਲਾਂ ਦੀ ਰਹਿੰਦ-ਖੂੰਹਦ, ਮਕੱਈ ਦੇ ਪੱਤੇ, ਕਾਗਜ਼ ਦੇ ਟੁੱਕੜੇ…।
ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਦੀਮ ਤੋਂ ਇਥੇ ਹੋਵੇ। ਕਿਤੋਂ ਨਾ ਆਇਆ। ਪਾਰਕ ਵਿਚ ਉਗੇ ਬੱਦ-ਬਲਾਅ ਵਾਂਗ ਇਥੋਂ ਕਿਧਰੋਂ ਹੀ ਪੈਦਾ ਹੋਇਆ ਹੋਵੇ ਜਿਵੇਂ।
ਪਿਤਾ ਜੀ ਨੂੰ ਦੋ ਮਹੀਨੇ ਹੋ ਗਏ ਹਨ ਆਇਆਂ। ਪਿਤਾ ਜੀ ਆਉਣ ਤਾਂ ਚੰਗਾ ਲੱਗਦਾ ਹੈ। ਇਕ ਤਰਤੀਬ ਬਦਲਦੀ ਹੈ। ਪ੍ਰਿੰਸੀ ਨੂੰ ਸਾਥ ਮਿਲ ਜਾਂਦਾ ਹੈ। ਬੰਸੀ ਅਤੇ ਰੀਟਾ ਦੀ ਜ਼ਿੰਮੇਵਾਰੀ ਘਟ ਜਾਂਦੀ ਹੈ। ਨਹੀਂ ਤਾਂ ਕਿੰਨਾ ਸਮਾਂ ਮੰਗਦੀ ਹੈ ਪ੍ਰਿੰਸੀ। ਹਰ ਵਕਤ ਹਿਲਦੀ ਰਹੇਗੀ। ਏਨਾ ਕਿ ਖਿੱਝ ਆ ਜਾਏ। ਪ੍ਰਸ਼ਨ ਪੁੱਛ ਪੁੱਛ ਕੇ ਬੁਰਾ ਹਾਲ ਕਰ ਸੁੱਟੇਗੀ। ਹੋਰ ਨਹੀਂ ਤਾਂ ਚੀਜ਼ਾਂ ਉਥਲਦੀ ਪੁਥਲਦੀ ਰਹੇਗੀ। ਦਿਨ ਦੇ ਥੱਕੇ ਹਾਰੇ ਮਾਂ-ਬਾਪ ਲਈ ਇਹ ਮੁਸ਼ਕਿਲ ਹੁੰਦਾ ਹੈ।
ਪਿਤਾ ਜੀ ਆਏ ਸਨ ਤਾਂ ਉਨ੍ਹਾਂ ਪ੍ਰਿੰਸੀ ਦਾ ‘ਡੇ ਕੇਅਰ ਸੈਂਟਰ’ ਛੁਡਵਾ ਦਿੱਤਾ ਸੀ। ਮੈਂ ਸਾਰਾ ਦਿਨ ਕੀ ਕਰਾਂਗਾ। ਜਦੋਂ ਦੀ ‘ਡੇ ਕੇਅਰ ਸੈਂਟਰ’ ਜਾਣ ਲੱਗੀ ਹੈ, ਪ੍ਰਿੰਸੀ ਬੜੀ ਡਾਵਾਂਡੋਲ ਤੇ ਜ਼ਿੱਦੀ ਹੋ ਗਈ ਹੈ। ਗੱਲ ਗੱਲ ‘ਤੇ ਛਿੱਥੀ ਪੈ ਜਾਂਦੀ ਹੈ। ਰੋਜ਼ ਜਾਣ ਲੱਗੇ ਚੀਖ ਚਿਹਾੜਾ। ਪਿਤਾ ਜੀ ਕੋਲੋਂ ਇਹ ਵੇਖਿਆ ਨਹੀਂ ਸੀ ਗਿਆ।
“ਪਿਤਾ ਜੀ ਹੁਣ ਤੁਸੀਂ ਕਦੀ ਵੀ ਨਾ ਜਾਣਾ।”
“ਨਹੀਂ ਜਾਵਾਂਗਾ ਪ੍ਰਿੰਸੀ ਪੁੱਤਰ।”
“ਪ੍ਰਿੰਸੀ ਪੁੱਤਰ ਨਹੀਂ, ਪ੍ਰਿੰਸੀ ਵਰਮਾ ਪਿਤਾ ਜੀ।”
ਰੀਟਾ ਨੂੰ ਹਾਸਾ ਆਇਆ ਹੈ ਪਰ ਉਹ ਹੱਸ ਨਹੀਂ ਸਕੀ। ਬੱਚੇ ਅਤੇ ਬੁੱਢੇ ਕਿਵੇਂ ਇਕ ਦੂਜੇ ਨਾਲ ਮਿਲਦੇ ਹਨ। ਉਸ ਦਿਨ ਪਿਤਾ ਜੀ ਦੀ ਦਵਾਈ ਖਤਮ ਸੀ। ਰੀਟਾ ਵਾਪਸੀ ਤੇ ਪਿਤਾ ਜੀ ਦੇ ਕਹਿਣ ਤੋਂ ਪਹਿਲਾਂ ਹੀ ਦਵਾਈ ਲੈਂਦੀ ਆਈ ਸੀ।
“ਪੁੱਤਰ ਅੱਜ ਮੈਂ ਤੈਨੂੰ ਕਹਿਣਾ ਭੁੱਲ ਗਿਆਂ ਮੇਰੀ ਦਵਾਈ…।”
“ਪਿਤਾ ਜੀ ਮੈਂ ਲੈ ਆਈ ਹਾਂ।” ਰੀਟਾ ਨੇ ਕਿਹਾ ਸੀ ਤਾਂ ਅੱਗੋਂ ਪਿਤਾ ਜੀ ਦੇ ਚਿਹਰੇ ‘ਤੇ ਅਜਿਹੇ ਮਾਸੂਮ ਜਿਹੇ ਹਾਵ-ਭਾਵ ਵੇਖਣ ਨੂੰ ਮਿਲੇ ਸਨ ਜਿਹੋ ਜਿਹੇ ਪ੍ਰਿੰਸੀ ਦੇ ਚਿਹਰੇ ‘ਤੇ ਵੇਖਣ ਨੂੰ ਮਿਲਦੇ ਹਨ। ਜਦੋਂ ਕਦੀ ਰੀਟਾ ਦਫਤਰੋਂ ਆਈ, ਪ੍ਰਿੰਸੀ ਦੇ ਹੱਥ ਕਦੀ ਚਾਕਲੇਟ ਪਕੜਾ ਦਏ ਜਾਂ ਕੋਈ ਦੂਸਰੀ ਫਰਮਾਇਸ਼ੀ ਵਸਤ। ਪਿਤਾ ਜੀ ਨਵੇਂ ਨਵੇਂ ਆਏ ਸਨ ਤਾਂ ਦੋ ਦਿਨ ਅਸਾਂ ਉਚੇਚ ਕੀਤਾ ਸੀ। ਕਿੰਨਾ ਕੁਝ ਜਿਹੜਾ ਖਾਸ ਹੁੰਦਾ ਹੈ। ਜਿਹੜਾ ਆਉਣ ਵਾਲੇ ਨੂੰ ਪਸੰਦ ਹੁੰਦਾ ਹੈ। ਜੇ ਆਉਣ ਵਾਲਾ ਉਸ ਉਚੇਚ, ਉਸ ਖਾਸ ਦੀ ਮਿਆਦ ਮੁੱਕਣ ਤੋਂ ਪਹਿਲਾਂ ਹੀ ਚਲਿਆ ਜਾਵੇ ਤਾਂ ਕਿੰਨਾ ਚੰਗਾ ਹੋਵੇ। ਪਰ ਪਿਤਾ ਜੀ…।
“ਕਿਧਰੇ ਪਿਤਾ ਜੀ ਪੱਕਾ ਹੀ ਏਥੇ ਰਹਿਣ ਤਾਂ ਨਹੀਂ ਆ ਗਏ?” ਰੀਟਾ ਸੋਚਦੀ ਹੈ ਪਰ ਬੰਸੀ ਨਾਲ ਗੱਲ ਨਹੀਂ ਕਰਦੀ।
“ਕੁਝ ਦਿਨ ਤਾਂ ਹੋਇਆ ਪਰ ਦੋ ਮਹੀਨੇ…?” ਬੰਸੀ ਸੋਚਦਾ ਹੈ ਪਰ ਰੀਟਾ ਨਾਲ ਇਸ ਦਾ ਜ਼ਿਕਰ ਕਰਨਾ ਜਾਇਜ਼ ਨਹੀਂ ਸਮਝਦਾ।
ਇਕ ਤਾਂ ਕਮਰਾ ਹੈ। ਫਿਰ ਕੋਈ ਯਾਰ ਦੋਸਤ ਹੀ ਆ ਜਾਂਦਾ ਹੈ। ਕੁਝ ਦਿਨ ਤਾਂ ਉਹ ਕਈਆਂ ਨੂੰ ਇਹ ਕਹਿ ਕੇ ਟਾਲ ਚੁਕਾ ਹੈ ਕਿ ਪਿਤਾ ਜੀ ਆਏ ਹੋਏ ਹਨ।
“ਪਿਤਾ ਜੀ ਤਾਂ ਕਿਧਰੇ ਘੁੰਮਣ ਫਿਰਨ ਵੀ ਨਹੀਂ ਜਾਂਦੇ। ਸਾਰਾ ਦਿਨ ਘਰ ਪਏ ਰਹਿਣਗੇ।” ਰੀਟਾ ਆਖਦੀ ਹੈ।
ਅੱਗੇ ਪਿਤਾ ਜੀ ਆਉਂਦੇ ਪਿੱਛੋਂ ਸਨ; ਰਵੀ, ਰਵੀ ਦੇ ਬੱਚੇ, ਰਵੀ ਦਾ ਮੁਰਗੀਖਾਨਾ ਉਨ੍ਹਾਂ ਨੂੰ ਪਹਿਲਾਂ ਯਾਦ ਆਉਣ ਲੱਗ ਪੈਂਦੇ ਸਨ। ਅਜੇ ਚਾਰ ਦਿਨ ਪਿਆ ਕਰਦੇ ਸਨ ਕਿ ਰਵੀ ਦਾ ਫੋਨ ਆ ਜਾਇਆ ਕਰਦਾ ਸੀ। ਰੀਟਾ ਗਿਲਾ ਕਰਦੀ, “ਪਿਤਾ ਜੀ ਤੁਸੀਂ ਉਨ੍ਹਾਂ ਨੂੰ ਜ਼ਿਆਦਾ ਪਿਆਰ ਕਰਦੇ ਹੋ।” ਪਿਤਾ ਜੀ ਹੱਸ ਪੈਂਦੇ ਸਨ।
ਪਿਤਾ ਜੀ ਦਾ ਆਉਣਾ ਬੜਾ ਸਕੂਨ ਭਰਿਆ ਹੁੰਦਾ ਸੀ। ਦੋਵੇਂ ਪਤੀ ਪਤਨੀ ਜਿਵੇਂ ਪਿਤਾ ਜੀ ਦੇ ਆਉਣ ਨਾਲ ਇਕ ਦੂਸਰੇ ਦੇ, ਇਕ ਦੂਸਰੇ ਦੀ ਖੂਬਸੂਰਤੀ ਦੇ ਹੋਰ ਨੇੜੇ ਆ ਜਾਇਆ ਕਰਦੇ ਸਨ। ਪਿਤਾ ਜੀ ਦੇ ਜਾਣ ‘ਤੇ ਇਕ ਖੁਸ਼ਬੂ ਕਿੰਨੇ ਕਿੰਨੇ ਦਿਨ ਘਰ ਨੂੰ ਭਰੀ ਰੱਖਿਆ ਕਰਦੀ ਸੀ। ਖੁੱਸ ਗਈ ਆਜ਼ਾਦੀ ਦਾ ਦੁਬਾਰਾ ਮਿਲ ਜਾਣਾ ਆਜ਼ਾਦੀ ਦੇ ਅਹਿਸਾਸ ਨੂੰ ਹਰਾ-ਭਰਾ ਕਰ ਦਿੰਦਾ ਸੀ।
“ਰੀਟਾ ਪੁੱਤਰ ਮੈਂ ਸਵੇਰੇ ਚਲੇ ਜਾਣਾ ਹੈ। ਬੜੇ ਦਿਨ ਹੋ ਗਏ ਨੇ ਆਇਆਂ।”
ਅੱਗੋਂ ਉਹ ਝੂਠ ਮੂਠ ਦੀ ਜ਼ਿੱਦ ਕਰੇ।
“ਪਿਤਾ ਜੀ ਤੁਸੀਂ ਤਾਂ ਦਿਨ ਗਿਣਦੇ ਹੋ। ਪ੍ਰਿੰਸੀ, ਪਿਤਾ ਜੀ ਨੂੰ ਕਹਿ ਅਸੀਂ ਤੁਹਾਨੂੰ ਹੁਣ ਜਾਣ ਨਹੀਂ ਦੇਣਾ।”
ਪਿਤਾ ਜੀ ਨੂੰ ਆਇਆਂ ਦੋ ਕੁ ਦਿਨ ਹੋਏ ਸਨ।
ਬੰਸੀ ਇਕ ਵਾਰ ਉਨ੍ਹਾਂ ਨੂੰ ਤੇ ਪ੍ਰਿੰਸੀ ਨੂੰ ਘੁਮਾਉਣ ਲੈ ਕੇ ਗਿਆ ਸੀ।
“ਘਰ ਕੀ ਬੈਠੇ ਰਹਿੰਦੇ ਹੋ। ਚਲੋ ਬਾਜ਼ਾਰ ਚਲਦੇ ਆਂ।” ਵਾਪਸੀ ‘ਤੇ ਪਿਤਾ ਜੀ ਖੁਸ਼ ਸਨ। ਪ੍ਰਿੰਸੀ ਖੁਸ਼ ਸੀ।
ਇਕ ਵਾਰ ਉਹ ਬਾਅਦ ਵਿਚ ਵੀ ਪਿਤਾ ਜੀ ਨੂੰ ਲੈ ਗਿਆ ਸੀ।
ਹੁਣ ਕਈ ਵਾਰ ਰੀਟਾ ਆਖਦੀ ਹੈ, “ਪਿਤਾ ਜੀ ਨੂੰ ਜਾਓ ਘੁਮਾ ਹੀ ਲਿਆਓ। ਨਾਲੇ ਮੈਂ ਘਰ ਦੀ ਸਫਾਈ ਕਰ ਲਵਾਂ।”
“ਪਿਤਾ ਜੀ ਦੇ ਹੁੰਦਿਆਂ ਨਹੀਂ ਹੋ ਸਕਦੀ ਸਫਾਈ?” ਬੰਸੀ ਦੀ ਅਵਾਜ਼ ਵਿਚ ਖਿੱਝ ਹੁੰਦੀ ਹੈ, ਜਿਹੋ ਜਿਹੀ ਸਾਰੇ ਦਿਨ ਦੇ ਥੱਕੇ, ਖਰਚ ਹੋਏ ਬੰਦੇ ਵਿਚ ਹੁੰਦੀ ਹੈ। ਬੰਸੀ ਦੀ ਖਿੱਝ ਦੇ ਜਵਾਬ ਵਿਚ ਪੈਦਾ ਹੋਈ ਖਿੱਝ ਨੂੰ ਰੀਟਾ ਅੱਗੇ ਪਾ ਦਿੰਦੀ ਹੈ। ਉਨ੍ਹਾਂ ਗੱਲਾਂ, ਉਨ੍ਹਾਂ ਪ੍ਰਤੀਕ੍ਰਿਆਵਾਂ ਵਾਂਗ ਜਿਹੜੀਆਂ ਉਹ ਪਿਤਾ ਜੀ ਦੇ ਸਾਹਮਣੇ ਨਹੀਂ ਕਰਦੇ, ਜਾਂ ਜ਼ਾਹਰ ਨਹੀਂ ਕਰਦੇ। ਉਸ ਸਮੇਂ ਲਈ ਰੱਖ ਲੈਂਦੇ ਹਨ, ਜਦੋਂ ਪਿਤਾ ਜੀ ਪ੍ਰਿੰਸੀ ਨੂੰ ਲੈ ਕੇ ਬਾਹਰ ਘੁਮਾ ਰਹੇ ਹੋਣਗੇ। ਜਾਂ ਬਾਜ਼ਾਰ ਨਿਕਲ ਜਾਣਗੇ ਥੋੜ੍ਹੀ ਦੂਰ। ਕਿਸੇ ਰੇਹੜੀ ਵਾਲੇ ਨੂੰ ਰੋਕ ਕੇ ਖੜ੍ਹੇ ਹੋਣਗੇ। ਜਾਂ ਪਿਤਾ ਜੀ ਜਦੋਂ ਚਲੇ ਜਾਣਗੇ ਵਾਪਸ ਪਿੰਡ।
ਪਾਰਕ ਵਿਚੋਂ ਮਿੱਟੀ ਪੁੱਟ ਪੁੱਟ ਕੇ ਲੋਕ ਆਪਣੇ ਵਿਹੜਿਆਂ ਵਿਚ ਭਰਤੀ ਪਾ ਲੈਂਦੇ ਹਨ। ਟੋਏ ਪੈ ਜਾਂਦੇ ਹਨ। ਟੋਇਆਂ ਵਿਚ ਅੱਜ ਕੱਲ੍ਹ ਬਰਸਾਤ ਦਾ ਪਾਣੀ ਭਰ ਗਿਆ ਹੈ। ਖੜ੍ਹੇ ਪਾਣੀ ਵਿਚ ਮੱਛਰ ਪੈਦਾ ਹੋ ਰਹੇ ਹਨ। ਘਾਹ-ਪਤਾਣ ਗੋਡੇ ਗੋਡੇ ਉਚਾ ਹੋ ਗਿਆ ਹੈ। ਕੂੜੇ ਵਾਲੇ ਢੋਲ ਕੋਲ ਕਾਂ ਗੰਦ ਫਰੋਲ ਰਹੇ ਹਨ।
ਲੰਗੜਾ ਬਲਦ ਆਪਣੇ ਉਪਰ ਬੈਠੇ ਤੇ ਚੁੰਝਾਂ ਪੂੰਝ ਰਹੇ ਕਾਂਵਾਂ ਨੂੰ ਉਡਾਉਣ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ।
“ਰੀਟਾ ਬੇਟੇ ਆਟੇ ਦਾ ਇਕ ਪੇੜਾ ਹੋਵੇਗਾ, ਬਲਦ ਨੂੰ ਦੇਣਾ ਹੈ। ਮੰਗਲਵਾਰ ਏ ਨਾ ਅੱਜ।”
“ਅੱਜ ਤਾਂ ਵੀਰਵਾਰ ਏ ਪਿਤਾ ਜੀ।”
“ਵੀਰਵਾਰ ਵੀ ਚੰਗਾ ਏ। ਗੋਕੇ ਨੂੰ ਪੇੜਾ ਦਿੱਤਾ ਚੰਗਾ ਹੁੰਦਾ ਏ।”
ਬੰਸੀ ਉਦੋਂ ਨਿੱਕਾ ਹੁੰਦਾ ਸੀ। ਮਸਾਂ ਸੱਤ-ਅੱਠ ਸਾਲ ਦਾ। ਉਨ੍ਹਾਂ ਦੀ ਦਾਦੀ ਪਿੰਡੋਂ ਆਈ ਹੁੰਦੀ ਸੀ। ਕੁਝ ਦਿਨ ਹੀ ਉਸ ਨੂੰ ਆਇਆਂ ਹੁੰਦੇ ਸਨ ਕਿ ਮਾਂ ਦਾਦੀ ਦਾ ਜੀਣਾ ਹਰਾਮ ਕਰ ਦਿਆ ਕਰਦੀ ਸੀ। ਲਾਚਾਰ ਹੋਈ ਦਾਦੀ ਪਿਤਾ ਜੀ ਨੂੰ ਦੱਸਦੀ। ਪਿਤਾ ਜੀ ਊਧਮ ਮਚਾ ਦਿੰਦੇ। ਇਕ ਯੁੱਧ ਸ਼ੁਰੂ ਹੋ ਜਾਂਦਾ ਘਰ ਵਿਚ। ਅੱਗੇ ਅੱਗੇ ਮਾਂ ਹੁੰਦੀ, ਪਿੱਛੇ ਪਿੱਛੇ ਪਿਤਾ ਜੀ। ਦਾਦੀ ਹਾਲ ਪਾਹਰਿਆ ਕਰਦੀ ਚਲੀ ਜਾਂਦੀ।
ਅੰਤ ਮਾਂ ਆਪਣੇ ਆਪ ‘ਤੇ ਤੇਲ ਪਾ ਕੇ ਸੜ ਜਾਣ ਦੀ ਧਮਕੀ ਦਿੰਦੀ। ਘਬਰਾਈ ਹੋਈ ਦਾਦੀ ਪਿੰਡ ਪਰਤ ਜਾਂਦੀ।
ਕਿੰਨਾ ਰੋਹਬ ਹੁੰਦਾ ਸੀ ਪਿਤਾ ਜੀ ਦਾ। ਜਿੰਨਾ ਘਰ, ਓਨਾ ਬਾਹਰ। ਕਦੀ ਪਤੰਗ ਉਡਾਉਂਦੇ ਕਾਬੂ ਆ ਜਾਓ ਤਾਂ ਸਮਝੋ ਮਾਰੇ ਗਏ, ਉਹ ਛਿੱਤਰ-ਪੌਲਾ ਹੁੰਦਾ ਕਿ ਰਹੇ ਰੱਬ ਦਾ ਨਾਂ। ਉਪਰ ਹੱਥ ਕਰਕੇ ਦੋਵੇਂ ਭਰਾ ਧੁੱਪ ‘ਚ ਖੜ੍ਹੇ ਰਹੋ, ਘੰਟਿਆਂਬੱਧੀ। ਮਾਂ ਛੁਡਾਉਣ ਦੀ ਥਾਂ ਖੁਸ਼ ਹੁੰਦੀ।
“ਤੁਸੀਂ ਇਸੇ ਵਾਹ ਜੋਗੇ ਹੋ। ਹੁਣ ਬੋਲੋ। ਮੇਰੇ ਅੱਗੇ ਤਾਂ ਚਬੜ-ਚਬੜ ਕਰਦੇ ਨਹੀਂ ਹਟਦੇ।”
ਕਦੀ ਕੋਈ ਪਿਤਾ ਜੀ ਨੂੰ ਸਖਤੀ ਤੋਂ ਵਰਜਦਾ ਤਾਂ ਉਤਰ ਮਿਲਦਾ, “ਰੰਬਾ ਤੇ ਪੁੱਤ ਚੰਡੇ ਹੀ ਕੰਮ ਆਉਂਦੇ ਹਨ।” ਬੰਸੀ ਸੋਚਦਾ ਹੈ ਬੱਸ ਇਹੀ ਕਿਉਂ ਯਾਦ ਹੈ, ਜਾਂ ਉਸ ਨੂੰ ਬਾਰ-ਬਾਰ ਯਾਦ ਆਉਂਦਾ ਹੈ ਆਪਣੇ ਬਚਪਨ ਬਾਰੇ। ਕਿੰਨਾ ਕੁਝ ਅਜਿਹਾ ਵੀ ਤਾਂ ਹੋਵੇਗਾ ਜੋ ਸੁਖਦਾਈ ਰਿਹਾ ਹੋਵੇਗਾ।
ਤਿੰਨ ਮਹੀਨੇ ਪਹਿਲਾਂ ਮਾਂ ਮਰ ਗਈ ਹੈ।
ਮਾਂ ਦੇ ਜਾਣ ਪਿੱਛੋਂ ਪਹਿਲੀ ਵਾਰ ਆਏ ਹਨ ਪਿਤਾ ਜੀ। ਮਾਂ ਨਾਲ ਪਿਤਾ ਜੀ ਦੀ ਕਦੀ ਨਹੀਂ ਬਣੀ। ਸ਼ਾਇਦ ਪਿਤਾ ਜੀ ਇਸੇ ਕਾਰਨ ਦੋ ਮਹੀਨੇ ਤੋਂ ਇਥੇ ਟਿਕੇ ਹੋਏ ਹਨ।
ਪਿਤਾ ਜੀ ਦੀ ਮਾਂ ਨਾਲ ਕਦੀ ਨਾ ਬਣੀ ਹੋਵੇ ਪਰ ਪਿਤਾ ਜੀ ਮਾਂ ਦੀ ਗੈਰ-ਹਾਜ਼ਰੀ ਵਿਚ ਮਾਂ ਬਾਰੇ ਹਮੇਸ਼ਾ ਚੰਗਾ ਬੋਲੇ ਹਨ। ਮਾਂ ਦੀ, ਮਾਂ ਦੇ ਬਣਾਏ ਖਾਣੇ ਦੀ, ਮਾਂ ਦੀ ਸਫਾਈ ਦੀ, ਹਮੇਸ਼ਾ ਤਾਰੀਫ ਕੀਤੀ ਹੈ।
ਜਦੋਂ ਮਾਂ ਸੀ ਪਿਤਾ ਜੀ ਤੀਸਰੇ ਦਿਨ ਵਾਪਸ ਜਾਣ ਦੀਆਂ ਗੱਲਾਂ ਕਰਨ ਲੱਗ ਪਿਆ ਕਰਦੇ ਸਨ। ਬਹਾਨਾ ਚਾਹੇ ਰਵੀ ਦੇ ਬੱਚੇ ਹੁੰਦੇ ਸਨ, ਚਾਹੇ ਰਵੀ ਦਾ ਮੁਰਗੀਖਾਨਾ।
ਪਿਤਾ ਜੀ ਇਸ ਵਕਤ ਬਾਹਰ ਪ੍ਰਿੰਸੀ ਨੂੰ ਲਈ ਖੜ੍ਹੇ ਹਨ। ਉਨ੍ਹਾਂ ਕੋਲ ਮਕਾਨ ਮਾਲਕਣ ਖੜ੍ਹੀ ਹੈ।
ਪਿਤਾ ਜੀ ਦੀ ਅਵਾਜ਼ ਵਿਚ ਇਕ ਚਮਕ ਹੈ। ਇਕ ਉਚੇਚਾਪਨ ਹੈ। ਰੀਟਾ ਸ਼ਰਾਰਤ ਕਰਦੀ ਹੈ, “ਪਿਤਾ ਜੀ ਨੂੰ ਕਿਧਰੇ ਇਸ਼ਕ ਤੇ ਨਹੀਂ ਹੋ ਗਿਆ?”
“ਸ਼ਰਮ ਕਰ ਕੁਝ। ਸਿੱਧਾ ਕਿਉਂ ਨਹੀਂ ਆਖਦੀ ਕਿ ਪਿਤਾ ਜੀ ਤੋਂ ਅੱਕ ਗਈ ਏਂ।”
ਪਿਤਾ ਜੀ ਏਥੇ ਬਸ ਕਦੀ ਕਦਾਈਂ ਹੀ ਆਉਂਦੇ ਹਨ। ਉਹ ਵੀ ਕਈ ਕਈ ਚਿੱਠੀਆਂ, ਸੁਨੇਹਿਆਂ ਤੋਂ ਪਿੱਛੋਂ। ਆਉਂਦੇ ਹਨ ਤਾਂ ਕੁਝ ਦਿਨ ਬਾਅਦ ਚਲੇ ਜਾਂਦੇ ਹਨ।
“ਏਥੇ ਮੇਰਾ ਜੀਅ ਨਹੀਂ ਲੱਗਦਾ। ਸਾਰਾ ਦਿਨ ਬੰਦਾ ਸੌਂ-ਬੈਠ ਕੇ ਵੀ ਕੀ ਕਰੇ। ਫਿਰ ਇਕ ਤਾਂ ਕਮਰਾ ਹੈ। ਮੈਨੂੰ ਇਹ ਚੰਗਾ ਨਹੀਂ ਲੱਗਦਾ। ਮੈਨੂੰ ਥੈਲੀਆਂ ਦੇ ਦੁੱਧ ਦੀ ਚਾਹ ਵੀ ਚੰਗੀ ਨਹੀਂ ਲੱਗਦੀ। ਉਥੇ ਰਵੀ ਹੈ, ਰਵੀ ਦੀ ਬੀਵੀ ਸਾਰਾ ਦਿਨ ਘਰ ਹੁੰਦੀ ਹੈ। ਫਿਰ ਉਸ ਦਾ ਮੁਰਗੀਖਾਨਾ ਹੈ। ਛੋਟੇ-ਛੋਟੇ ਕੰਮ ਪਿਤਾ ਜੀ ਨੇ ਆਪਣੇ ਜ਼ਿੰਮੇ ਲਏ ਹੋਏ ਹਨ। ਆਉਣਗੇ ਤਾਂ ਉਨ੍ਹਾਂ ਕੋਲ ਕਰਨ ਵਾਲੇ ਬਕਾਇਆ ਕੰਮਾਂ ਦੀ ਸੂਚੀ ਹੋਵੇਗੀ। ਜਿਹੜੇ ਉਨ੍ਹਾਂ ਦੇ ਬਿਨਾ ਵੀ ਹੋ ਜਾਣੇ ਹੁੰਦੇ ਹਨ, ਪਰ ਉਨ੍ਹਾਂ ਨੂੰ ਫਿਕਰ ਹੁੰਦਾ ਹੈ। ਰਵੀ ਲਾਪ੍ਰਵਾਹ ਹੈ। ਉਸ ਦੀ ਬੀਵੀ ਮੂਰਖ ਹੈ। ਰੱਬ ਆਸਰੇ ਹੀ ਤੁਰੀ ਜਾਂਦੀ ਹੈ ਉਸ ਦੀ ਗੱਡੀ। ਸਭ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਨੇ। ਅੱਗੋਂ ਬੋਲ ਪੈਂਦਾ ਹੈ ਕਦੀ ਕਦੀ ਪਰ ਦਿਲ ਦਾ ਬੁਰਾ ਨਹੀਂ ਹੈ ਰਵੀ। ਉਸ ਦੇ ਮਨ ਵਿਚ ਕੁਝ ਨਹੀਂ। ਮੁਰਗੀਖਾਨੇ ਦਾ ਧੰਦਾ ਵੀ ਹੁਣ…। ਕੰਪੀਟੀਸ਼ਨ ਬੜਾ ਵਧ ਗਿਐ। ਫੀਡ ਦਾ ਹੀ ਰੇਟ ਮਾਣ ਨਹੀਂ। ਮੈਂ ਤਾਂ ਕਈ ਵਾਰ ਕਿਹੈ ਬਰਾਇਲਰ ਰੱਖ ਲਵੇ। ਫਿਰ ਉਸ ਦੀਆਂ ਦੋ ਕੁੜੀਆਂ ਨੇ। ਤੇਰੇ ਚਾਚੇ ਦਾ ਝਗੜਾ ਅਜੇ ਵੀ ਚੱਲ ਰਿਹੈ। ਦਸ ਕੁ ਦਿਨ ਪਹਿਲਾਂ ਗਵਾਹੀਆਂ ਹੋ ਗਈਆਂ ਨੇ…।
ਬੰਸੀ ਲਈ ਇਨ੍ਹਾਂ ਗੱਲਾਂ ਦੀ ਅਹਿਮੀਅਤ ਬੱਸ ਏਨੀ ਕੁ ਹੁੰਦੀ ਹੈ ਕਿ ਕੋਲ ਕੋਲ ਬੈਠੇ ਸ਼ਖਸ ਚੁੱਪ ਤੋਂ ਬਚ ਜਾਂਦੇ ਹਨ। ਇਕ ਸਿਲਸਿਲਾ ਬਣਿਆ ਰਹਿੰਦਾ ਹੈ। ਨਹੀਂ ਤਾਂ ਚਾਰ ਪੰਜ ਦਿਨ ਬਾਅਦ ਲੱਗਣ ਲੱਗਦਾ ਹੈ ਕਿ ਕਿਹੜੀ ਗੱਲ ਕੀਤੀ ਜਾਵੇ। ਸਾਰੀ ਸ਼ਕਤੀ ਚੋਣ ਕਰਦਿਆਂ ਲੱਗ ਜਾਂਦੀ ਹੈ।
ਰੀਟਾ ਆਖਦੀ ਹੈ, “ਪਿਤਾ ਜੀ ਦੀ ਕੋਈ ਹਾਬੀ ਵੀ ਨਹੀਂ, ਬੱਸ ਲੈ ਦੇ ਕੇ ਅਖਬਾਰ ਹੈ।”
ਬੰਸੀ ਨੂੰ ਚੰਗਾ ਲੱਗਦਾ ਹੈ ਜੋ ਇਸ ਵਾਰ ਪਿਤਾ ਜੀ ਮਕਾਨ ਮਾਲਕਣ ਨਾਲ ਗੱਲਬਾਤ ਕਰ ਲੈਂਦੇ ਹਨ। ਨਹੀਂ ਤਾਂ ਪਹਿਲਾਂ ਕਦੀ ਦੁਆ ਸਲਾਮ ਤੋਂ ਅੱਗੇ ਨਹੀਂ ਸਨ ਗਏ। ਮਕਾਨ ਮਾਲਕਣ ਨੂੰ ਵੀ ਸ਼ੂਗਰ ਹੈ। ਗੋਡਿਆਂ ਦੇ ਦਰਦ ਲਈ ਮੇਥਰਿਆਂ ਦੀ ਚਟਣੀ ਬੜੀ ਲਾਭਕਾਰੀ ਹੁੰਦੀ ਹੈ। ਸ਼ਹਿਦ ਵਿਚ ਅਦਰਕ ਦਾ ਪਾਣੀ ਮਿਲਾ ਕੇ ਲਿਆ ਜਾਵੇ ਤਾਂ ਖਾਂਸੀ ਘਟ ਜਾਂ ਹਟ ਜਾਂਦੀ ਹੈ। ਐਲੋਪੈਥਿਕ ਦਵਾਈਆਂ ਦੇ ਫਾਇਦੇ ਓਨੇ ਨਹੀਂ, ਜਿੰਨੇ ਨੁਕਸਾਨ ਹਨ।
“ਕੁਸ਼ੱਲਿਆ ਜੀ ਤੁਸੀਂ ਆਪਣੇ ਆਪ ਦਾ ਧਿਆਨ ਰੱਖਿਆ ਹੋਇਆ ਹੈ। ਬੜੀ ਅੱਛੀ ਸਿਹਤ ਹੈ ਤੁਹਾਡੀ। ਦੋਵੇਂ ਖੜ੍ਹੇ ਹੋਣ ਤਾਂ ਸੁਣਨ ਨੂੰ ਮਿਲਦਾ ਹੈ।
“ਇਨ੍ਹਾਂ ਕੋਲ ਵੀ ਰਿਹਾ ਕਰੋ ਨਾ, ਇਹ ਵੀ ਤਾਂ ਤੁਹਾਡੇ ਨੂੰਹ-ਪੁੱਤਰ ਨੇ। ਆਪਣੀ ਪੋਤੀ ਤਾਂ ਵੇਖੋ ਹਰ ਵੇਲੇ ਪਿਤਾ ਜੀ, ਪਿਤਾ ਜੀ ਕਰਦੀ ਨਹੀਂ ਥੱਕਦੀ।
“ਕੁਸ਼ੱਲਿਆ ਜੀ ਬੱਚਾ ਤਾਂ ਹੁੰਦਾ ਹੀ ਪਿਆਰ ਦਾ ਹੈ।”
ਰੀਟਾ ਕੁਝ ਕਰ ਰਹੀ ਹੋਵੇਗੀ, ਪਰ ਉਸ ਦੇ ਕੰਨ ਉਨ੍ਹਾਂ ਦੋਹਾਂ ਵੱਲ ਹੋਣਗੇ। ਕਹੇਗੀ, “ਸੱਚੀਂ ਬੁਢਾਪਾ ਬੜੀ ਬੁਰੀ ਚੀਜ਼ ਹੈ। ਕਦੀ ਸਾਡੇ ਨਾਲ ਵੀ ਇੰਜ ਹੀ ਹੋਵੇਗਾ? ਅਸੀਂ ਤਾਂ ਚੰਗੇ ਹਾਂ। ਕੋਈ ਜ਼ਿੰਮੇਵਾਰੀ ਨਹੀਂ ਹੈ। ਮੇਰੀ ਇਕ ਸਹੇਲੀ ਦੀਆਂ ਤਿੰਨ ਨਨਾਣਾਂ ਨੇ ਵਿਆਹੁਣ ਵਾਲੀਆਂ। ਤੇ ਸਹੁਰੇ ਦੀ ਪੈਨਸ਼ਨ ਅੱਠ ਨੌਂ ਸੌ ਹੈ। ਸਾਰੀ ਉਮਰ ਉਨ੍ਹਾਂ ਦੇ ਵਿਆਹ ਕਰਦੇ ਰਹੋ, ਜ਼ਿੰਮੇਵਾਰੀਆਂ ਨਿਭਾਉਂਦੇ ਰਹੋ। ਆਪਣੀ ਜ਼ਿੰਦਗੀ ਕਦੋਂ ਜੀਣੀ ਹੈ।”
ਕੱਲ੍ਹ ਸ਼ਾਮ ਬੰਸੀ ਦੇ ਦੋਸਤ ਆ ਗਏ ਸਨ। ਬੀਅਰ ਸੀ। ਡਰ ਸੀ ਕਿ ਪਿਤਾ ਜੀ ਬੁਰਾ ਮੰਨ ਜਾਣਗੇ। ਘਰ ਤੇ ਸ਼ਰਾਬ? ਦੋਸਤਾਂ ਦੇ ਚਲੇ ਜਾਣ ਬਾਅਦ ਪਿਤਾ ਜੀ ਜ਼ਰੂਰ ਬੁਰਾ ਭਲਾ ਕਹਿਣਗੇ। ਇਹ ਕੀ ਕੰਮ ਫੜ ਰੱਖਿਐ ਤੂੰ। ਇਕ ਕਮਰਾ ਹੈ। ਜੇ ਖੇਹ ਖਾਣੀ ਹੀ ਹੈ ਤਾਂ ਬਾਹਰ ਖਾ ਮਰ ਆਇਆ ਕਰ। ਰੀਟਾ ਨੂੰ ਕਹਿਣਗੇ, “ਕੁੜੀਏ ਤੂੰ ਨਹੀਂ ਰੋਕ ਸਕਦੀ ਇਸ ਨੂੰ?” ਪਰ ਪਿਤਾ ਜੀ ਨੇ ਕੁਝ ਨਹੀਂ ਸੀ ਕਿਹਾ। ਬੰਸੀ ਉਡੀਕਦਾ ਰਿਹਾ ਸੀ ਪਿਤਾ ਜੀ ਕੁਝ ਕਹਿਣ। ਸਵੇਰੇ ਇਕ ਦੋਸਤ ਨੇ ਕਿਹਾ ਸੀ, ਬੜੇ ਜ਼ਿੰਦਾ-ਦਿਲ ਹਨ ਤੇਰੇ ਫਾਦਰ ਬੌਸ। ਤਾਂ ਬੰਸੀ ਨੂੰ ਲੱਗਾ ਸੀ ਜਿਵੇਂ ਉਹ ਮਜ਼ਾਕ ਕਰ ਰਿਹਾ ਸੀ।
“ਯਾਰ ਬੁਢਾਪੇ ਵਿਚ ਬੰਦੇ ਨੂੰ ਇਹ ਸੈਂਸ ਨਹੀਂ ਰਹਿੰਦੀ ਕਿ ਅਗਲਾ ਉਸ ਦੀ ਗੱਲ ਸੁਣ ਵੀ ਰਿਹਾ ਹੈ ਕਿ ਨਹੀਂ। ਬੱਸ ਆਪਣੀਆਂ ਮਾਰੀ ਜਾਂਦਾ ਹੈ ਬੰਦਾ।”
“ਮੇਰੇ ਡੈਡੀ ਦਾ ਵੀ ਇਹੀ ਹਾਲ ਹੈ। ਕਈ ਵਾਰ ਤਾਂ ਸ਼ਰਮਸਾਰ ਹੋਣਾ ਪੈਂਦਾ ਹੈ। ਕੀਤਾ ਕੀ ਜਾ ਸਕਦਾ ਹੈ। ਤੂੰ ਤਾਂ ਫਿਰ ਵੀ ਲੱਕੀ ਹੈਂ। ਤੇਰੇ ਫਾਦਰ ਤਾਂ ਕੁਝ ਦਿਨਾਂ ਬਾਅਦ ਚਲੇ ਜਾਣਗੇ।”
ਮਕਾਨ ਮਾਲਕਣ ਦਾਲ ਦਾ ਕੌਲ ਲੈ ਕੇ ਆਈ ਹੈ। “ਰੀਟਾ ਅਹਿ ਪਕੜਨਾ, ਤੁਹਾਡੇ ਪਿਤਾ ਜੀ ਨੂੰ ਮਾਂਹ ਬਹੁਤ ਪਸੰਦ ਨੇ। ਮੈਂ ਉਚੇਚੇ ਬਣਾਏ ਨੇ ਅੱਜ।”
ਮਕਾਨ ਮਾਲਕਣ ਨੇ ਕਮਰੇ ਵਿਚ ਝਾਕਿਆ ਹੈ, “ਕਿਧਰ ਗਏ ਨੇ?”
ਰੀਟਾ ਉਸ ਨੂੰ ਕੁੱਦ ਕੇ ਪਈ ਹੈ, “ਉਹ ਬਿਮਾਰ ਨੇ ਤੇ ਉਪਰੋਂ ਤੁਸੀਂ ਮਾਂਹ ਲੈ ਕੇ ਆ ਗਏ ਹੋ?”
ਮਕਾਨ ਮਾਲਕਣ ਹੱਕੀ ਬੱਕੀ ਰਹਿ ਗਈ ਹੈ। ਰੀਟਾ ਦੀ ਅਵਾਜ਼ ਵਿਚ ਤਲਖੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਲੰਮੇ ਸਮੇਂ ਤੋਂ ਤਹਿ ਦਰ ਤਹਿ ਇਕੱਠੀ ਹੁੰਦੀ ਰਹੀ ਹੋਵੇ ਤੇ ਅੱਜ ਉਸ ਦੀ ਸਹਿਣ-ਸ਼ਕਤੀ ਨੇ ਜਵਾਬ ਦੇ ਦਿੱਤਾ ਹੋਵੇ।
ਮਕਾਨ ਮਾਲਕਣ ਇਕੱਲੀ ਔਰਤ ਹੈ। ਉਸ ਦੇ ਪਤੀ ਨੂੰ ਪਿਛਲੇ ਕੁਝ ਸਾਲਾਂ ਤੋਂ ਅਧਰੰਗ ਹੈ। ਉਸ ਦਾ ਇਕੋ ਇਕ ਪੁੱਤਰ ਜਰਮਨੀ ਵਿਚ ਹੈ। ਕਦੀ ਵਰ੍ਹੇ ਛਿਮਾਹੀ ਉਸ ਦਾ ਖਤ ਆ ਜਾਂਦਾ ਹੈ। ਇਸ ਸਾਲ ਉਸ ਆਪਣੇ ਮਾਂ-ਬਾਪ ਨੂੰ ਵੈਨ ਲੈ ਦਿੱਤੀ ਹੈ। ਕਈ ਵਾਰ ਰੀਟਾ ਉਨ੍ਹਾਂ ਨਾਲ ਵੈਨ ਵਿਚ ਬਾਜ਼ਾਰ ਗਈ ਹੈ। ਕਦੀ ਮੱਸਿਆ ਸੰਗਰਾਂਦ ਜਾਂ ਗੁਰਪੁਰਬ ‘ਤੇ ਗੁਰਦੁਆਰੇ ਵੀ। ਰੀਟਾ ਨਾਲ ਚੰਗੀ ਪਟਦੀ ਹੈ ਉਸ ਦੀ। ਕਿੰਨੇ ਮਕਾਨ ਬਦਲੇ ਹਨ। ਕਿਧਰੇ ਮਾਲਕ ਮਕਾਨ ਬਦ-ਦਿਮਾਗ ਸੀ, ਕਿਤੇ ਮਕਾਨ ਮਾਲਕਣ ਸਿਰਫਿਰੀ। ਕਿਤੇ ਪ੍ਰਿੰਸੀ ਨੂੰ ਲੈ ਕੇ ਬੋਲ ਬੁਲਾਰੇ ਤਕ ਨੌਬਤ ਆਈ ਸੀ, ਕਿਤੇ ਕਿਸੇ ਆਏ ਗਏ ਨੂੰ ਲੈ ਕੇ। ਆਂਟੀ ਵਿਚ ਇਹ ਸਿਫਤ ਹੈ। ਰੱਬ ਦੇ ਨਾਂ ਵਾਲੀ ਤੀਵੀਂ ਹੈ। ਰੀਟਾ ਨੂੰ ਦਿਨ-ਦਿਹਾਰ ਕੁਝ ਨਾ ਕੁਝ ਦਿੰਦੀ ਰਹਿੰਦੀ ਹੈ। ਪ੍ਰਿੰਸੀ ਨੂੰ ਵਰਚਾਈ ਰੱਖੇਗੀ ਤਾਂ ਕਿ ਰੀਟਾ ਘਰ ਦਾ ਕੰਮ ਨਿਪਟਾ ਲਏ। ਸਫਾਈ ਕਰ ਲਏ। ਕੱਪੜੇ ਧੋ ਲਏ ਜਾਂ ਸੁਸਤਾ ਲਏ। ਕਦੀ ਮਾਂ ਦੇ ਫਰਜ਼ ਨਿਭਾ ਰਹੀ ਹੋਵੇਗੀ, ਕਦੀ ਸੱਸ ਦੇ। ਰੀਟਾ ਦਾ ਵੀ ਮੂੰਹ ਸੁਕਦਾ ਹੈ ਆਂਟੀ ਆਂਟੀ ਕਰਦੀ ਦਾ। ਉਸ ਆਪਣੇ ਨੌਕਰ ਨੂੰ ਵੀ ਹਦਾਇਤ ਕਰ ਰੱਖੀ ਹੈ ਰੀਟਾ ਦੇ ਨਿੱਕੇ ਮੋਟੇ ਕੰਮ ਕਰ ਦੇਣ ਦੀ। ਪਿੱਛੋਂ ਉਹ ਵੀ ਲਾਹੌਰ ਦੇ ਹਨ।
ਪਹਿਲਾਂ ਪਹਿਲਾਂ ਰੀਟਾ ਨੂੰ ਇਹ ਦਿਲਚਸਪ ਲੱਗਾ ਸੀ। ਉਹ ਬੰਸੀ ਨੂੰ ਕੁਝ ਨਾ ਕੁਝ ਰੋਜ਼ ਨਵਾਂ ਦੱਸਦੀ। ਬੰਸੀ ਉਸ ਦੀਆਂ ਗੱਲਾਂ ਸੁਣ ਕੇ ਚਿੜ ਜਾਂਦਾ। ਕਈ ਵਾਰ ਚਿੜਦਾ ਨਾ ਪਰ ਰੀਟਾ ਦਾ ਮਾਣ ਰੱਖਣ ਲਈ ਚਿੜ ਜਾਣ ਦਾ ਨਾਟਕ ਕਰਦਾ।
“ਤੂੰ ਪਿਤਾ ਜੀ ਬਾਰੇ ਅਜਿਹਾ ਸੋਚ ਹੀ ਕਿਵੇਂ ਲੈਨੀ ਏਂ। ਬੜੀ ਬਦਤਮੀਜ਼ ਏਂ ਤੂੰ।”
“ਤੁਸੀਂ ਵੇਖਣਾ ਕਿੰਨੀ ਬਦਲੀ ਬਦਲੀ ਹੈ ਅੱਜ ਕੱਲ੍ਹ ਆਂਟੀ। ਕਿੰਨੀ ਟਿਪ ਟਾਪ ਰਹਿਣ ਲੱਗ ਪਈ ਏ।”
ਰੀਟਾ ਲਈ ਇਹ ਨਵਾਂ ਤੇ ਸਨਸਨੀਖੇਜ਼ ਸੀ। ਪਰ ਅੱਜ ਕੱਲ੍ਹ ਇਸ ਨੂੰ ਲੈ ਕੇ ਉਹ ਖਿਝੀ ਖਿਝੀ ਰਹਿੰਦੀ ਹੈ। ਜਿਵੇਂ ਪਿਤਾ ਜੀ ਦੇ ਆ ਕੇ ਟਿਕ ਜਾਣ ਪਿੱਛੇ ਮਕਾਨ ਮਾਲਕਣ ਵੀ ਇਕ ਕਾਰਨ ਹੋਵੇ। ਨਹੀਂ ਤਾਂ ਉਸ ਨੂੰ ਪਤਾ ਹੈ ਆਂਟੀ ਦੇ ਬਣਾਏ ਮਾਂਹ ਬੜੇ ਸੁਆਦ ਹੁੰਦੇ ਹਨ। ਲੰਮੀਆਂ ਲੰਮੀਆਂ ਅਦਰਕ ਦੀਆਂ ਫਾਂਕਾਂ ਅਤੇ ਹਿੰਗ ਦਾ ਤੜਕਾ… ਕਮਾਲ ਹੁੰਦੇ ਹਨ ਆਂਟੀ ਦੇ ਬਣਾਏ ਹੋਏ ਮਾਂਹ। ਮੱਠੀ ਮੱਠੀ ਅੱਗ ‘ਤੇ ਰਿੱਝੇ ਤੇ ਰਿੱਝ-ਰਿੱਝ ਕੇ ਲਾਲ ਹੋਏ ਪਏ।
ਰੀਟਾ ਨੂੰ ਕੋਈ ਅਫਸੋਸ ਨਹੀਂ ਹੈ ਜੋ ਉਹ ਆਂਟੀ ਨਾਲ ਇਸ ਤਰ੍ਹਾਂ ਪੇਸ਼ ਆਈ ਹੈ ਅੱਜ।
“ਕੱਲ੍ਹ ਮੇਰੀਆਂ ਕੁਝ ਸਹੇਲੀਆਂ ਆ ਰਹੀਆਂ ਹਨ। ਤੁਸੀਂ ਸ਼ਾਮ ਨੂੰ ਪਿਤਾ ਜੀ ਨੂੰ ਬਾਹਰ ਲੈ ਜਾਣਾ ਘੁਮਾਉਣ ਦੇ ਬਹਾਨੇ।”
“ਕਿਉਂ ਬਾਹਰ ਕਿਉਂ ਜਾਣਗੇ ਪਿਤਾ ਜੀ। ਵੱਢਦੇ ਨੇ ਤੇਰੀਆਂ ਸਹੇਲੀਆਂ ਨੂੰ ਉਹ?”
ਰੀਟਾ ਨੂੰ ਇਸ ਦੀ ਆਸ ਨਹੀਂ ਸੀ। ਬੰਸੀ ਦੇ ਮੂੰਹੋਂ ਅਜਿਹੀ ਭਾਸ਼ਾ ਉਸ ਨੇ ਘੱਟ ਹੀ ਕਦੀ ਸੁਣੀ ਹੈ।
ਨਿੱਕੀ ਨਿੱਕੀ ਤਕਰਾਰ ਤਾਂ ਹੁੰਦੀ ਰਹਿੰਦੀ ਹੈ ਪਰ ਉਸ ਦੀ ਉਮਰ ਬੜੀ ਥੋੜ੍ਹੀ ਹੁੰਦੀ ਹੈ। ਨਾਲ-ਨਾਲ ਹਿਸਾਬ ਕਿਤਾਬ ਹੋ ਜਾਂਦਾ ਹੈ। ਗੱਲ ਨੂੰ ਖਿੱਚਿਆ ਨਹੀਂ ਜਾਂਦਾ। ਪਰ ਇਸ ਵਕਤ ਰੀਟਾ ਨੂੰ ਲਗਦਾ ਹੈ ਕਿ ਕਹਿਣ ਲਈ ਕਿੰਨਾ ਕੁਝ ਇਕੱਠਾ ਹੋਇਆ ਪਿਆ ਹੈ।
“ਕੋਈ ਗੱਲ ਹੋ ਸਕਦੀ ਹੈ ਪਿਤਾ ਜੀ ਦੇ ਹੁੰਦਿਆਂ?”
“ਕਿਉਂ ਕਿਹੜੀਆਂ ਪ੍ਰਾਈਵੇਟ ਗੱਲਾਂ ਕਰਨੀਆਂ ਨੇ ਤੁਸੀਂ?”
“ਉਸ ਦਿਨ ਤੁਸੀਂ ਨਹੀਂ ਸਉ ਕਹਿੰਦੇ ਜਦੋਂ, ਤੁਹਾਡੇ ਦੋਸਤ ਆਏ ਸਨ ਕਿ ਪਿਤਾ ਜੀ ਕਰਕੇ ਮਜ਼ਾ ਕਿਰਕਿਰਾ ਹੋ ਗਿਐ ਸਾਰਾ।”
“ਸ਼ੱਟ ਅੱਪ।”
“ਸ਼ੱਟ ਅੱਪ ਦਾ ਕੀ ਮਤਲਬ ਹੈ।”
ਰੀਟਾ ਨੇ ਬਾਹਰ ਨਿਕਲਣ ਨੂੰ ਹੋਏ ਬੰਸੀ ਦਾ ਰਸਤਾ ਰੋਕ ਲਿਆ ਹੈ।
“ਲੱਗਦੀ ਕੁਝ ਮਤਲਬ ਦੀ!” ਬੰਸੀ ਦੇ ਸ਼ਬਦ ਜਵਾਬ ਦੇ ਗਏ ਸਨ। ਇਕ ਤਲਖੀ ਨੇ ਉਸ ਨੂੰ ਗੂੰਗਾ ਬਣਾ ਦਿੱਤਾ ਹੈ। ਬੰਸੀ ਦੀਆਂ ਅੱਖਾਂ ਵਿਚ ਉਤਰ ਆਈ ਵਹਿਸ਼ਤ ਤੋਂ ਬਿਲਕੁਲ ਨਹੀਂ ਡਰੀ ਰੀਟਾ।
ਤਾਂ ਹੀ ਖਿੜਕੀ ‘ਚੋਂ ਪਿਤਾ ਜੀ ਵਿਖਾਈ ਦਿੰਦੇ ਹਨ। ਪ੍ਰਿੰਸੀ ਉਨ੍ਹਾਂ ਕੋਲ ਖੜ੍ਹੀ ਉਪਰ ਤਾਰ ‘ਤੇ ਬੈਠ ਨੀਲਕੰਠ ਵੱਲ ਵੇਖ ਰਹੀ ਹੈ। ਪ੍ਰਸ਼ਨ ਕਰ ਰਹੀ ਹੈ। ਪਿਤਾ ਜੀ ਉਸ ਨੂੰ ਪੰਛੀ ਬਾਰੇ ਕੁਝ ਦੱਸ ਰਹੇ ਹਨ।
ਬੰਸੀ ਉਨ੍ਹਾਂ ਕੋਲ ਬਾਹਰ ਆ ਖੜ੍ਹਦਾ ਹੈ।
ਪਰ੍ਹੇ ਲੰਗੜਾ ਬਲਦ ਖੜ੍ਹਾ ਹੈ।
“ਬੰਸੀ ਕੋਈ ਸ਼ਿਕਾਇਤ ਨਹੀਂ ਕਰਦਾ? ਜੇ ਮਿਉਂਸਪਲ ਕਮੇਟੀ ਵਾਲੇ ਕੁਝ ਕਰਨ ਤਾਂ ਇਹ ਪਾਰਕ ਬੱਚਿਆਂ ਦੇ ਖੇਡਣ ਲਈ ਬਣ ਜਾਏ। ਕਿੰਨੀ ਜਗ੍ਹਾ ਹੈ?”
“ਐਸੋਸੀਏਸ਼ਨ ਵਾਲੇ ਮਿਲੇ ਨੇ ਕਈ ਵਾਰ ਪਰ ਹੁੰਦਾ ਕੁਝ ਵੀ ਨਹੀਂ। ਪੰਜ ਛੇ ਮਹੀਨੇ ਤਕ ਇਲੈਕਸ਼ਨ ਹੈ, ਫਿਰ ਭਾਵੇਂ ਕੁਝ ਹੋਵੇ।”
ਬੰਸੀ ਨੂੰ ਲੱਗਦਾ ਹੈ ਜਿਵੇਂ ਹੁਣ ਪਿਤਾ ਜੀ ਇਸ ਬਲਦ ਬਾਰੇ ਕੁਝ ਕਹਿਣਗੇ। ਕਹਿਣਗੇ ਕਿ ਕੀ ਜ਼ਿੰਦਗੀ ਹੈ। ਪਰ ਪਿਤਾ ਜੀ ਚੁੱਪ ਹਨ। ਬੰਸੀ ਉਨ੍ਹਾਂ ਦੀ ਵੀਣੀ ਪਕੜ ਲੈਂਦਾ ਹੈ।
“ਹੁਣ ਤਾਂ ਬੁਖਾਰ ਨਹੀਂ ਹੈ।”
“ਮੈਨੂੰ ਆਪ ਵੀ ਲੱਗਦੈ, ਨਹੀਂ ਹੈ ਬੁਖਾਰ ਹੁਣ।”
ਦੋਵੇਂ ਅੰਦਰ ਆ ਜਾਂਦੇ ਹਨ।
ਬੰਸੀ ਘੜੀ ਵੇਖਦਾ ਹੈ ਤੇ ਟੀ. ਵੀ. ਲਾ ਦਿੰਦਾ ਹੈ। ਰੀਟਾ ਰਸੋਈ ਵਿਚ ਹੈ।
ਕੁਝ ਦੇਰ ਬਅਦ ਪਿਤਾ ਜੀ ਪੁੱਛਦੇ ਹਨ, “ਰੀਟਾ ਪੁੱਤਰ ਕੀ ਬਣਾਇਆ ਹੈ ਅੱਜ?”
“ਆਲੂਆਂ ਦੀ ਸਬਜ਼ੀ ਹੈ।” ਰੀਟਾ ਦੀ ਥਾਂ ਬੰਸੀ ਜਵਾਬ ਦਿੰਦਾ ਹੈ ਤੇ ਉਠ ਕੇ ਰਸੋਈ ਵਿਚ ਚਲਾ ਜਾਂਦਾ ਹੈ ਤਾਂ ਕਿ ਵੇਖ ਸਕੇ ਕਿ ਸੱਚ ਹੀ ਆਲੂਆਂ ਦੀ ਸਬਜ਼ੀ ਹੈ?
“ਮੈਨੂੰ ਤਾਂ ਮਾਂਹ ਦੇ ਦੇਣੇ, ਜਿਹੜੇ ਤੁਹਾਡੀ ਮਕਾਨ ਮਾਲਕਣ ਦੇ ਕੇ ਗਈ ਹੈ।” ਪਿਤਾ ਜੀ ਆਖਦੇ ਹਨ ਤੇ ਰੋਟੀ ਦੀ ਉਡੀਕ ਕਰਨ ਲੱਗਦੇ ਹਨ।