ਮੀਸ਼ਾ ਦੇ ਜੁਗਨੂੰ ਦੀ ਸੇਕ ਵਿਹੂਣੀ ਲੋਅ

ਗੁਲਜ਼ਾਰ ਸਿੰਘ ਸੰਧੂ
ਲੋਅ ਹੀ ਲੋਅ ਸੀ, ਸੇਕ ਨਹੀਂ ਸੀ
ਵੇਖ ਲਿਆ ਮੈਂ ਜੁਗਨੂੰ ਫੜ ਕੇ।
ਇਹ ਸ਼ਿਅਰ ਮੇਰੇ ਮਰਹੂਮ ਮਿੱਤਰ ਐਸ਼ ਐਸ਼ ਮੀਸ਼ਾ ਦੀ ਉਸ ਗਜ਼ਲ ਵਿਚੋਂ ਹੈ, ਜਿਸ ਦੇ ਕੁਝ ਸ਼ਿਅਰ ਇਹ ਵੀ ਹਨ,

ਆਪਣਾ ਕਮਰਾ ਝਾੜਨ ਲਗਦਾਂ
ਦੂਰ ਕਿਤੇ ਜਦ ਕੁੰਡਾ ਖੜਕੇ।
ਤੇਰੀ ਧੂੜ ਵੀ ਸੁਰਮੇ ਵਰਗੀ
ਸੱਜਣਾਂ ਦੇ ਪਿੰਡ ਜਾਂਦੀਏ ਸੜਕੇ।
ਸਿਖਰ ਦੁਪਹਿਰੇ ਕੱਲ ਇਕ ਰਾਹੀ
ਡਿੱਗਾ ਆਪਣੀ ਛਾਂ ਵਿਚ ਅੜ ਕੇ।
ਜਾਨ ਰਹੀ ਨਾ ਤੇਰੇ ਬਾਝੋਂ
ਨਬਜ਼ ਤਾਂ ਚੱਲੇ, ਦਿਲ ਵੀ ਧੜਕੇ।
ਮੀਸ਼ਾ ਦੇ ਜੁਗਨੂੰ ਵਿਚ ਸੇਕ ਹੋਵੇ, ਨਾ ਹੋਵੇ-ਲੋਅ ਦਾ ਕੋਈ ਅੰਤ ਨਹੀਂ। ਉਸ ਦੀ ਸ਼ਾਇਰੀ ਦੀ ਲੋਅ ਉਸ ਦੇ ਤੁਰ ਜਾਣ ਤੋਂ ਤਿੰਨ ਦਹਾਕੇ ਪਿੱਛੋਂ ਵੀ ਉਸ ਦੇ ਮਿੱਤਰਾਂ ਤੇ ਪਾਠਕਾਂ ਨੂੰ ਚਾਨਣ ਵੰਡ ਰਹੀ ਹੈ। 2017 ਵਿਚ ਉਸ ਦੀ ਵਿਧਵਾ ਸੁਰਿੰਦਰ ਕੌਰ ਦੇ ਉਤਸ਼ਾਹ ਕਾਰਨ ‘ਸ਼ ਸ਼ ਮੀਸਾ ਸੰਪੂਰਨ ਕਾਵਿ’ (ਲੋਕਗੀਤ ਪ੍ਰਕਾਸ਼ਨ ਮੋਹਾਲੀ-ਚੰਡੀਗੜ੍ਹ, ਪੰਨੇ 282, ਮੁੱਲ 350 ਰੁਪਏ) ਹੋਂਦ ਵਿਚ ਆਇਆ, ਜਿਸ ਦੇ ਮੁਢਲੇ ਲੇਖ ਵਿਚ ਉਸ ਨੂੰ ਮਿੱਤਰ ਮੋਹ ਦਾ ਮੁਜੱਸਮਾ ਕਿਹਾ ਗਿਆ ਹੈ ਤੇ ਅੰਤਲੇ ਲੇਖ ਵਿਚ ‘ਧੀਮੇ ਬੋਲਾਂ ਵਾਲਾ ਸ਼ਾਇਰ।’ ਹੁਣ ਦੋ ਵਰ੍ਹੇ ਹੋਰ ਲੰਘਣ ਪਿੱਛੋਂ ਧੀਮੇ ਬੋਲਾਂ ਦੀ ਕਦਰ ਪਾਉਣ ਵਾਲੇ ਮਿੱਤਰ ਨੇ ਆਪਣੀਆਂ ਮਨਪਸੰਦ ਗਜ਼ਲਾਂ ਨੂੰ ਸੁਰੀਲੀ ਤੇ ਸਹਿਜ ਭਰੀ ਅਵਾਜ਼ ਦੇ ਕੇ ‘ਜੁਗਨੂੰ’ ਨਾਂ ਦੀ ਸੀ. ਡੀ./ਐਲਬਮ ਤਿਆਰ ਕੀਤੀ ਹੈ, ਜੋ ਮੇਰੇ ਕੋਲ ਵੀ ਪਹੁੰਚ ਚੁਕੀ ਹੈ। ਉਸ ਦੇ ਜ਼ਿਕਰ ਤੋਂ ਪਹਿਲਾਂ ਸੰਪੂਰਨ ਕਾਵਿ ਵਿਚੋਂ ਕੁਝ ਟੂਕਾਂ,
1. “ਪਹਿਲਾਂ ਵਿਦਿਆਰਥੀ ਹੁੰਦਿਆਂ ਤੇ ਫੇਰ ਸਠਿਆਲਾ ਵਾਲੇ ਕਾਲਜ ਵਿਚ ਪੜ੍ਹਾਉਂਦਿਆਂ ਨਿੱਕੇ ਵੱਡੇ ਕਵੀ ਦਰਬਾਰਾਂ ਵਿਚ ਪੜ੍ਹੀਆਂ ਉਨ੍ਹਾਂ ਦੀਆਂ ਕਵਿਤਾਵਾਂ ਮੈਨੂੰ ਬਹੁਤ ਚੰਗੀਆਂ ਲਗਦੀਆਂ।” -ਮੀਸ਼ਾ ਦੀ ਵਿਧਵਾ ਸੁਰਿੰਦਰ ਕੌਰ।
2. “ਪਿਆਰ ਬੁਨਿਆਦੀ ਜਜ਼ਬਾ ਨਹੀਂ, ਜ਼ਿੰਦਗੀ ਦਾ ਆਸਰਾ ਵੀ ਹੈ। ਕਿਸੇ ਵੀ ਇੱਕ ਆਦਮੀ ਲਈ ਜ਼ਿੰਦਗੀ ਭਰ ਇੱਕ ਔਰਤ ਕਾਫੀ ਨਹੀਂ ਤੇ ਨਾ ਹੀ ਇੱਕ ਔਰਤ ਲਈ ਇੱਕ ਆਦਮੀ।” -1971 ਵਿਚ ਬਰਜਿੰਦਰ ਸਿੰਘ ਹਮਦਰਦ ਨੂੰ ਦਿੱਤੀ ਇੰਟਰਵੀਊ ਵਿਚ ਮੀਸ਼ਾ।
3. “ਸਾਹਿਤ ਅਕਾਦਮੀ ਦੇ ਇਨਾਮ ਜੇਤੂਆਂ ਦੀ ਜਮਾਤ ਵਿਚ ਉਸ ਦੇ ਸ਼ਾਮਿਲ ਹੋਣ ਨਾਲ ਰੌਣਕ ਵੀ ਵਧੀ ਹੈ ਤੇ ਮਹਿਕ ਵੀ।” -ਕਰਤਾਰ ਸਿੰਘ ਦੁੱਗਲ (1971)।
4. “ਪੰਜਾਬੀਆਂ ਨੂੰ ਵੱਡੇ ਤੇ ਉਚੇ ਬੋਲ ਬੋਲਣ ਦੀ ਵਾਦੀ ਹੈ। ਮੀਸ਼ਾ ਦੀ ਕਵਿਤਾ ਦੇ ਬੋਲ, ਉਸ ਦੇ ਮੂੰਹ ਦੇ ਬੋਲਾਂ ਵਾਂਗ, ਸੱਚ ਹੀ ਧੀਮੇ ਹਨ।” -ਸੰਤ ਸਿੰਘ ਸੇਖੋਂ
5. 1980 ਦੇ ਜੂਨ ਮਹੀਨੇ ਜਦੋਂ ਬਰਤਾਨੀਆ ਦੇ ਲੇਖਕਾਂ ਨੇ ਵਿਸ਼ਵ ਪੰਜਾਬੀ ਕਾਨਫਰੰਸ ਕੀਤੀ ਤਾਂ ਉਸ ਵਿਚ ਸੋਹਣ ਸਿੰਘ ਜੋਸ਼, ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ, ਹਰਿਭਜਨ ਸਿੰਘ, ਦਲੀਪ ਕੌਰ ਟਿਵਾਣਾ, ਹਰਨਾਮ ਸਿੰਘ ਸ਼ਾਨ ਅਤੇ ਹੋਰ ਅਨੇਕਾਂ ਮਿੱਤਰਾਂ ਵਿਚ ਮੈਂ ਅਤੇ ਮੀਸ਼ਾ ਵੀ ਸ਼ਾਮਲ ਸਾਂ। ਜਿਹੜੀ ਏਅਰ ਕੰਡੀਸ਼ਨਡ ਕੋਚ ਸਾਨੂੰ ਬਰਤਾਨੀਆ ਦੀ ਫੇਰੀ ਲੁਆ ਰਹੀ ਸੀ, ਉਹ ਜਿੱਥੇ ਵੀ ਖੜ੍ਹੀ ਹੁੰਦੀ, ਬਾਕੀ ਦੇ ਦੋਸਤ ਤਾਂ ਆਰਾਮ ਸਥਾਨ ਚਲੇ ਜਾਂਦੇ, ਮੀਸ਼ਾ ਖੱਬੇ ਹੱਥ ਨਾਲ ਕੋਟ ਦੀ ਜੇਬ ਵਿਚਲੇ ਸਿੱਕੇ ਛਣਕਾਉਂਦਾ ਸੱਜੇ ਹੱਥ ਦੀ ਉਂਗਲੀ ਨੂੰ ਸਿੱਧੀ ਕਰਕੇ ਟੈਲੀਫੋਨ ਬੂਥ ਨੂੰ ਭੱਜਦਾ ਅਤੇ ਜਿਹੜਾ ਵੀ ਮਿੱਤਰ ਉਸ ਨੁਕਤੇ ਤੋਂ ਨੇੜੇ ਹੁੰਦਾ, ਉਸ ਨੂੰ ਟੈਲੀਫੋਨ ਕਰਕੇ ਦੱਸਦਾ, “ਉਹ ਉਸ ਦੇ ਸ਼ਹਿਰ ਵਿਚ ਸੀ, ਉਸ ਦੇ ਇਲਾਕੇ ਵਿਚ। ਮਿਲਣਾ ਹੈ ਤਾਂ ਮਿਲ ਲਓ, ਨਹੀਂ ਮਿਲਣਾ ਤਾਂ ਨਾ ਸਹੀ। ਅਸੀਂ ਫੇਰੀ ‘ਤੇ ਆਏ ਹਾਂ। ਸਾਧੂ ਸੰਤ ਹਾਂ ਤੇ ਤੁਰ ਜਾਣਾ ਹੈ।” (ਗੁਲਜ਼ਾਰ ਸਿੰਘ ਸੰਧੂ, 2001)
ਹੁਣ ਉਸ ਐਲਬਮ ਦੀ ਗੱਲ, ਜਿਸ ਵਿਚ ਜੁਗਨੂੰ ਦੀ ਲੋਅ ਕੈਦ ਹੈ। ਸੇਕ ਵਿਹੂਣੀ ਪਰ ਕੈਦੀ ਪਿੰਜਰੇ ਵਿਚੋਂ ਚਾਨਣ ਦੀਆਂ ਰਿਸ਼ਮਾਂ ਬਿਖੇਰਨ ਵਾਲੀ। ਇਹ ਐਲਬਮ ਮੀਸ਼ਾ ਦੇ ਮਿੱਤਰ ਬਰਜਿੰਦਰ ਸਿੰਘ (ਹੁਣ ਡਾਕਟਰ ਤੇ ਹਮਦਰਦ) ਦੀ ਅਵਾਜ਼ ਵਿਚ ਹੈ। ਪੰਡਿਤ ਜਵਾਲਾ ਪ੍ਰਸ਼ਾਦ ਦੀ ਡਾਇਰੈਕਸ਼ਨ ਹੇਠ ਹਮਦਰਦ ਪ੍ਰੋਡਕਸ਼ਨਜ਼ ਵਲੋਂ ਤਿਆਰ ਕੀਤੀ ਹੋਈ। ਵੇਚਣ ਲਈ ਨਹੀਂ, ਮਿੱਤਰ ਪਿਆਰਿਆਂ ਨੂੰ ਪਹੁੰਚਾਉਣ ਲਈ। ਇਸ ਵਿਚ ਮੀਸ਼ੇ ਦੀਆਂ ਚਾਰ ਗਜ਼ਲਾਂ ਹਨ, ਜਿਨ੍ਹਾਂ ਵਿਚੋਂ ਇੱਕ ਦਾ ਜ਼ਿਕਰ ਹਥਲੇ ਲੇਖ ਦੇ ਮੁੱਢ ਵਿਚ ਹੋ ਚੁਕਾ ਹੈ।
ਮੈਂ ਮਰਹੂਮ ਮੀਸ਼ਾ ਤੇ ਉਸ ਦੀ ਰਚਨਾਕਾਰੀ ਦੇ ਮੱਦਾਹ ਬਰਜਿੰਦਰ ਸਿੰਘ ਵਿਚੋਂ ਆਪਣੇ ਆਪ ਨੂੰ ਕੱਢਦਾ ਹੋਇਆ ਬਾਕੀ ਦੀਆਂ ਤਿੰਨ ਗਜ਼ਲਾਂ ਦੇ ਚੋਣਵੇਂ ਸ਼ਿਅਰ ਪੇਸ਼ ਕਰਨਾ ਚਾਹਾਂਗਾ। ਇਸ ਸਿਫਾਰਸ਼ ਸਮੇਤ ਕਿ ਜੇ ਤੁਸੀਂ ਮੀਸ਼ਾ ਦੀ ਰਚਨਾਕਾਰੀ ਤੇ ਬਰਜਿੰਦਰ ਸਿੰਘ ਦੀ ਪੇਸ਼ਕਾਰੀ ਦਾ ਸਹੀ ਲੁਤਫ ਲੈਣਾ ਹੈ ਤਾਂ ‘ਜੁਗਨੂੰ’ ਨਾਂ ਦੀ ਸੀ. ਡੀ./ਐਲਬਮ ਸੁਣੋ ਤੇ ਮਾਣੋ।
(1)
ਚੰਗੇ ਨਹੀਂ ਆਸਾਰ ਨਗਰ ਦੇ,
ਊਘੜ ਪਹਿਰੇਦਾਰ ਨਗਰ ਦੇ।

ਰੰਗ ਬਰੰਗੀਆਂ ਰੌਸ਼ਨੀਆਂ ਵਿਚ,
ਗੰਧਲੇ ਕਾਰੋਬਾਰ ਨਗਰ ਦੇ।

ਚਲਦੇ ਚਿੱਟੇ ਚਾਨਣ ਵਿਚ ਹੀ,
ਸਭ ਕਾਲੇ ਬਾਜ਼ਾਰ ਨਗਰ ਦੇ।

ਜੀ ਲਗ ਜਾਊ ਹੌਲੀ ਹੌਲੀ,
ਸਿੱਖੇ ਚੱਜ ਆਚਾਰ ਨਗਰ ਦੇ।

ਰੌਣਕ ਵਿਚ ਕੱਟਦੇ ਇਕਲਾਪਾ,
ਲੋਕ ਬੜੇ ਮੁਰਦਾਰ ਨਗਰ ਦੇ।

(2)
ਉਹ ਜਦੋਂ ਮੇਰੇ ਨਾਲ ਹੁੰਦਾ ਹੈ,
ਅਜਬ ਦੋਹਾਂ ਦਾ ਹਾਲ ਹੁੰਦਾ ਹੈ।

ਉਸ ਦਾ ਵੱਖਰਾ ਜਵਾਬ ਹਰ ਵਾਰੀ,
ਮੇਰਾ ਓਹੀਓ ਸਵਾਲ ਹੁੰਦਾ ਹੈ।

ਸੁਰਤ ਆਪਣੀ ਵੀ ਜਦ ਨਹੀਂ ਹੁੰਦੀ
ਮੈਨੂੰ ਤੇਰਾ ਖਿਆਲ ਹੁੰਦਾ ਹੈ।

ਇਸ਼ਕ ਨਹੀਂ ਮੇਰੇ ਵੱਸ, ਤਾਂ ਉਸ ਤੋਂ,
ਹੁਸਨ ਕਿਹੜਾ ਸੰਭਾਲ ਹੁੰਦਾ ਹੈ।

(3)
ਝਿਜਕਦਾ ਮੈਂ ਵੀ ਰਿਹਾ
ਉਹ ਵੀ ਬਹੁਤ ਸੰਗਦੇ ਰਹੇ,
ਚੁੱਪ-ਚਪੀਤੇ ਇਕ ਦੂਏ ਦੀ
ਖੈਰ-ਸੁਖ ਮੰਗਦੇ ਰਹੇ।

ਉਮਰ ਬਿਰਬਾ ਜਾਣ ਦਾ
ਅਹਿਸਾਸ ਮਿਲ ਕੇ ਜਾਗਿਆ,
ਏਨੇ ਦਿਨ ਇਕ ਦੂਸਰੇ ਬਿਨ
ਕਿਸ ਤਰ੍ਹਾਂ ਲੰਘਦੇ ਰਹੇ।

ਝੱਲੀਆਂ ਸੀ ਬਹੁਤ ਰਾਤਾਂ
ਪਰ ਤੇਰੇ ਮੁਖੜੇ ਦੇ ਵਾਲ,
ਮੇਰੀਆਂ ਨੀਂਦਾਂ
ਗੁਲਾਬੀ ਰੰਗ ਵਿਚ ਰੰਗਦੇ ਰਹੇ।

ਤੈਨੂੰ ਭੁੱਲਣ ਵਾਸਤੇ
ਮੈਂ ਭਟਕਿਆ ਹਾਂ ਥਾਂ ਕੁਥਾਂ,
ਥਾਂ ਕੁਥਾਂ ਪੈਂਦੇ ਭੁਲੇਖੇ
ਤੇਰੇ ਅੰਗ ਸੰਗ ਦੇ ਰਹੇ।
ਸਪਸ਼ਟ ਹੈ ਕਿ ਐਸ਼ ਐਸ਼ ਮੀਸ਼ਾ ਦੀ ਸ਼ਾਇਰੀ ਦੇ ਜੁਗਨੂੰ ਦੀ ਸੇਕ ਵਿਹੂਣੀ ਲੋਅ ਦਾ ਕ੍ਰਿਸ਼ਮਾ ਅਮਰ ਹੈ। ਉਸ ਦੇ ਅਕਾਲ ਚਲਾਣੇ ਤੋਂ ਤਿੰਨ ਦਹਾਕੇ ਪਿੱਛੋਂ ਉਸ ਦੇ ਸੰਪੂਰਨ ਕਾਵਿ ਦਾ ਛਪਣਾ ਤੇ ਉਸ ਦੇ ਭਾਵਾਂ ਦੀ ਸੀਡੀਆਂ ਤੇ ਐਲਬਮਾਂ ਵਿਚ ਪੇਸ਼ਕਾਰੀ ਕਿਸੇ ਵਿਰਲੇ ਕਲਾਕਾਰ ਦੇ ਹਿੱਸੇ ਆਉਂਦੀ ਹੈ। ਬਰਜਿੰਦਰ ਸਿੰਘ ਹਮਦਰਦ ਦੀ ਨਵੀਂ ਸੀ. ਡੀ./ਐਲਬਮ ਨੇ ਮੀਸ਼ੇ ਨੂੰ ਬੁਲ੍ਹੇ ਸ਼ਾਹ ਵਰਗੇ ਸੂਫੀਆਂ ਦੀ ਪਾਲ ਵਿਚ ਲਿਆ ਖੜ੍ਹਾਇਆ ਹੈ। ਇਹ ਉਨ੍ਹਾਂ ਦੀ ਗਿਆਰ੍ਹਵੀਂ ਐਲਬਮ ਹੈ। ਇਸ ਤੋਂ ਪਹਿਲਾਂ ਵਾਲੀ ਬੁੱਲ੍ਹੇ ਸ਼ਾਹ ਦੇ ਕਲਾਮ ਬਾਰੇ ਸੀ। ਜਾਂਦੇ ਜਾਂਦੇ ਇਹ ਵੀ ਦੱਸ ਦਿਆਂ ਕਿ ‘ਸ਼ ਸ਼ ਮੀਸ਼ਾ ਸੰਪੂਰਨ ਕਾਵਿ’ ਵਿਚ ਮੀਸ਼ਾ ਬਾਰੇ ‘ਮਿੱਤਰ ਮੋਹ ਦਾ ਮੁਜੱਸਮਾ’ ਨਾਮੀ ਲੇਖ ਮੇਰਾ ਸੀ ਤੇ ‘ਧੀਮੇ ਬੋਲਾਂ ਵਾਲਾ ਸ਼ਾਇਰ’ ਬਰਜਿੰਦਰ ਸਿੰਘ ਦਾ। ਮੀਸ਼ਾ ਦੀ ਸ਼ਾਇਰੀ ਤੇ ਬਰਜਿੰਦਰ ਸਿੰਘ ਹਮਦਰਦ ਦੀ ਅਵਾਜ਼ ਜ਼ਿੰਦਾਬਾਦ!
ਅੰਤਿਕਾ: ਸ਼ ਸ਼ ਮੀਸ਼ਾ
ਆਪਾਂ ਹਾਸੇ ‘ਚ ਜੋ ਉਡਾਈਆਂ ਸਨ,
ਲੋਕਾਂ ਅਰਸ਼ੋਂ ਉਤਾਰੀਆਂ ਗੱਲਾਂ।
ਜੇ ਮੈਂ ਦੱਸਾਂ ਤਾਂ ਜੀਭ ਸੜ ਜਾਏ
ਜੋ ਜੋ ਸੁਣੀਆਂ, ਸਹਾਰੀਆਂ ਗੱਲਾਂ।
ਸੋਚੀਏ ਤਾਂ ਉਦਾਸ ਹੋ ਜਾਈਏ,
ਕੀ ਕੀ ਦਿਲ ਵਿਚ ਸੀ ਧਾਰੀਆਂ ਗੱਲਾਂ।