ਪੰਜਾਬ ਦਾ ਉਜਾੜਾ

ਜਸਵੰਤ ਸਿੰਘ ਜ਼ਫਰ ਬੁਨਿਆਦੀ ਰੂਪ ਵਿਚ ਇੰਜੀਨੀਅਰ ਹੈ, ਪਰ ਸਾਹਿਤ ਦੇ ਖੇਤਰ ਵਿਚ ਉਸ ਦੀ ਪਛਾਣ ਸ਼ਾਇਰ ਅਤੇ ਵਾਰਤਕ ਲੇਖਕ ਵਜੋਂ ਹੈ। ਉਸ ਨੇ ਆਮ ਰਵਾਇਤ ਤੋਂ ਹਟ ਕੇ ਵੱਖ-ਵੱਖ ਮੁੱਦਿਆਂ ਬਾਰੇ ਗੱਲਾਂ ਛੇੜੀਆਂ ਹਨ। ਇਸ ਦੀ ਤਾਜ਼ਾ ਮਿਸਾਲ ਉਨ੍ਹਾਂ ਦਾ ਇਹ ਲੇਖ ਹੈ, ਜਿਸ ਵਿਚ ਉਨ੍ਹਾਂ ਨੇ ਪੰਜਾਬ ਨੂੰ ਘੁਣ ਵਾਂਗ ਖਾ ਰਹੇ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਵੱਲ ਉਂਗਲ ਬਹੁਤ ਦਲੇਰੀ ਨਾਲ ਕੀਤੀ ਹੈ। ਹਾਲ ਹੀ ਵਿਚ ਉਨ੍ਹਾਂ ਦਾ ਨਾਟਕ ‘ਬੁੱਢਾ ਦਰਿਆ’ ਛਪਿਆ ਹੈ, ਜਿਸ ਵਿਚ ਪ੍ਰਦੂਸ਼ਣ ਦਾ ਮਸਲਾ ਛੋਹਿਆ ਗਿਆ ਹੈ। ਉਂਜ ਇਹ ਨਾਟਕ ਸਿਰਫ ਪ੍ਰਦੂਸ਼ਣ ਬਾਰੇ ਹੀ ਨਹੀਂ, ਅਸਲ ਵਿਚ ਉਨ੍ਹਾਂ ਦੀ ਹਰ ਰਚਨਾ ਬਹੁ-ਪਰਤੀ ਹੁੰਦੀ ਹੈ।

-ਸੰਪਾਦਕ

ਜਸਵੰਤ ਸਿੰਘ ਜ਼ਫਰ
ਫੋਨ: 91-96461-18209

ਪੰਜਾਬ ਦੀ ਧਰਤੀ ਪੱਧਰੀ ਅਤੇ ਜ਼ਰਖੇਜ਼ ਹੈ, ਹਰ ਇਕ ਇੰਚ ਉਪਜਾਊ ਹੈ। ਜਿੰਨੀ ਤਰ੍ਹਾਂ ਦੇ ਫੁੱਲ, ਫਲ ਅਤੇ ਫਸਲਾਂ ਇਥੇ ਉਗਾਈਆਂ ਜਾ ਸਕਦੀਆਂ ਹਨ, ਓਨੀਆਂ ਦੁਨੀਆਂ ਦੀ ਹੋਰ ਕਿਸੇ ਧਰਤੀ ‘ਤੇ ਨਹੀਂ ਉਗਾਈਆਂ ਜਾ ਸਕਦੀਆਂ। ਏਨਾ ਖੁੱਲ੍ਹਾ ਪਾਣੀ ਵੀ ਸ਼ਾਇਦ ਹੀ ਧਰਤੀ ਦੇ ਕਿਸੇ ਹੋਰ ਖਿੱਤੇ ਨੂੰ ਨਸੀਬ ਹੋਵੇ। ਹਿਮਾਲਾ ਪਰਬਤ ਤੋਂ ਪੰਜਾਬ ਵਿਚ ਦਾਖਲ ਹੋਣ ਸਮੇਂ ਦਰਿਆਵਾਂ ਦਾ ਪਾਣੀ ਹੁੰਦਾ ਵੀ ਬਿਲਕੁਲ ਸਾਫ ਅਤੇ ਸ਼ੁੱਧ ਹੈ। ਇਸ ਧਰਤੀ ਦੇ ਸਾਰੇ ਮੌਸਮ ਹਰ ਤਰ੍ਹਾਂ ਦੇ ਕੰਮ ਧੰਦੇ ਕਰਨ ਲਈ ਅਨੁਕੂਲ ਹਨ। ਗਰਮੀ, ਸਰਦੀ ਅਤੇ ਬਰਸਾਤ ਦੇ ਬਾਵਜੂਦ ਸਾਰਾ ਸਾਲ ਅਤੇ ਚੌਵੀ ਘੰਟੇ ਲੋਕ ਕੰਮ ਕਰ ਸਕਦੇ ਹਨ।
ਪੰਜਾਬੀ ਲੋਕ ਮਿਹਨਤੀ ਵੀ ਬਹੁਤ ਹਨ, ਬੁੱਧੀ ਅਤੇ ਸਰੀਰਕ ਤੌਰ ‘ਤੇ ਨਰੋਏ ਹਨ। ਵਿਰਾਸਤੀ ਵਿਚਾਰਧਾਰਕ ਅਮੀਰੀ ਦੇ ਨਾਲ ਨਾਲ ਹਰ ਨਵੇਂ ਖਿਆਲ ਅਤੇ ਤਕਨਾਲੋਜੀ ਦਾ ਸਵਾਗਤ ਕਰਨ ਵਾਲੇ ਪੰਜਾਬੀ ਤਰੱਕੀ ਪਸੰਦ, ਅਗਾਂਹਵਧੂ ਅਤੇ ਭਵਿਖ ਦੇ ਵੱਡੇ ਸੁਪਨੇ ਲੈਣ ਵਾਲੇ ਹਨ। ਇਥੇ ਹਰ ਕਿੱਤੇ, ਕਲਾ ਅਤੇ ਹੁਨਰ ਦੇ ਜਾਣਕਾਰ ਮਿਲਦੇ ਹਨ। ਔਰਤਾਂ ਵੀ ਬੰਦਿਆਂ ਨਾਲੋਂ ਘੱਟ ਕੰਮ ਕਰਨ ਵਾਲੀਆਂ ਨਹੀਂ।
ਫਿਰ ਪੰਜਾਬ ਨੂੰ ਕਿਹੜੇ ਕੀੜੇ ਪਏ ਹੋਏ ਹਨ, ਜਿਨ੍ਹਾਂ ਕਰਕੇ ਪੰਜਾਬ ਦੁਨੀਆਂ ਦਾ ਸਭ ਤੋਂ ਸੋਹਣਾ, ਅਮੀਰ ਅਤੇ ਖੁਸ਼ਹਾਲ ਖਿੱਤਾ ਨਹੀਂ ਬਣ ਸਕਿਆ? ਸਾਰਾ ਕੁਝ ਵਧੀਆ ਹੋਣ ਦੇ ਬਾਵਜੂਦ ਇਹ ਏਨਾ ਨਿਘਾਰ ਮੁਖੀ ਕਿਉਂ ਹੈ? ਇਸ ਦੇ ਬਾਸ਼ਿੰਦੇ ਆਪਣੀ ਧਰਤੀ ਨੂੰ ਏਨੀ ਤੇਜ਼ੀ ਨਾਲ ਛੱਡ ਕੇ ਦੌੜ ਕਿਉਂ ਰਹੇ ਹਨ? ਪੰਜਾਬ ਨੂੰ ਅੱਗੇ ਵਧਾਉਣ ਦੀ ਥਾਂ ਪੰਜਾਬੀ ਸਿਰਫ ਖੁਦਕੁਸ਼ੀ ਜਾਂ ਹਿਜਰਤ ਕਰਨ ਦੀ ਸੋਚਣ ਜੋਗੇ ਕਿਉਂ ਰਹਿ ਗਏ ਹਨ?
ਮੈਂ ਪੰਜਾਬ ਦੇ ਸੈਂਕੜੇ ਇੰਜੀਨੀਅਰਾਂ ਨੂੰ ਜਾਣਦਾਂ, ਜੋ ਇਧਰੋਂ ਇੰਜੀਨੀਅਰਿੰਗ ਦੀਆਂ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਛੱਡ ਕੇ ਅਮਰੀਕਾ, ਕੈਨੇਡਾ, ਆਸਟਰੇਲੀਆ ਜਾਂ ਹੋਰ ਵਿਕਸਿਤ ਦੇਸ਼ਾਂ ਵਿਚ ਬਤੌਰ ਇੰਜੀਨੀਅਰ ਕੰਮ ਕਰਦੇ ਹਨ। ਬਹੁਤ ਸਾਰੇ ਡਾਕਟਰ ਇਧਰੋਂ ਡਾਕਟਰੀ ਛੱਡ ਬਾਹਰਲੇ ਮੁਲਕਾਂ ਦੇ ਕਾਮਯਾਬ ਡਾਕਟਰ ਬਣੇ ਹੋਏ ਹਨ। ਪੰਜਾਬੀ ਵਿਗਿਆਨੀਆਂ ਨੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਆਪਣੇ ਖੇਤਰਾਂ ਵਿਚ ਨਾਮਣਾ ਖੱਟਿਆ ਹੈ। ਇਧਰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਾਉਂਦੇ ਰਹੇ ਕਈ ਅਧਿਆਪਕ ਹੁਣ ਵਿਕਸਿਤ ਦੇਸ਼ਾਂ ਦੇ ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਪੜ੍ਹਾਉਂਦੇ ਹਨ।
ਅਨੇਕਾਂ ਪੰਜਾਬੀ ਗਾਇਕਾਂ, ਸੰਗੀਤਕਾਰਾਂ, ਚਿੱਤਰਕਾਰਾਂ, ਫੋਟੋਗ੍ਰਾਫਰਾਂ ਅਤੇ ਮੀਡੀਆ ਕਰਮੀਆਂ ਨੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਆਪੋ ਆਪਣੇ ਖੇਤਰ ਵਿਚ ਬਹੁਤ ਨਾਮ ਅਤੇ ਨਾਵਾਂ ਕਮਾਇਆ ਹੈ। ਬਹੁਤ ਸਾਰੇ ਪੰਜਾਬੀ ਕਿਸਾਨਾਂ ਦੇ ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਵਿਚ ਵੱਡੇ ਵੱਡੇ ਖੇਤੀ ਫਾਰਮ ਅਤੇ ਬਾਗ ਹਨ। ਕਈ ਪੰਜਾਬੀ ਵਪਾਰੀਆਂ ਨੇ ਬਾਹਰ ਜਾ ਕੇ ਆਪਣੇ ਵਪਾਰਕ ਅਦਾਰੇ ਸਥਾਪਤ ਕੀਤੇ ਹਨ। ਆਪਣੀ ਜਾਣ-ਪਛਾਣ ਦੇ ਆਧਾਰ ‘ਤੇ ਕਹਿ ਸਕਦਾ ਹਾਂ ਕਿ ਪੰਜਾਬ ਦੇ ਕਿਸਾਨ, ਵਪਾਰੀ, ਇੰਜੀਨੀਅਰ, ਡਾਕਟਰ, ਵਿਗਿਆਨੀ, ਯੋਜਨਾਕਾਰ, ਅਧਿਆਪਕ ਅਤੇ ਹੋਰ ਕਿੱਤਾਕਾਰ ਤੇ ਹੁਨਰਮੰਦ ਵਿਕਸਿਤ ਦੇਸ਼ਾਂ ਦੀ ਤਰੱਕੀ ਵਿਚ ਆਪਣਾ ਹਿੱਸਾ ਪਾ ਰਹੇ ਹਨ।
ਦੂਜੇ ਸ਼ਬਦਾਂ ਵਿਚ ਪੰਜਾਬ ਦੇ ਗੁਣੀ ਕਿੱਤਾਕਾਰ ਅਤੇ ਹੁਨਰਮੰਦ ਪੰਜਾਬ ਨੂੰ ਦੁਨੀਆਂ ਦਾ ਸਭ ਤੋਂ ਵਿਕਸਿਤ ਖਿੱਤਾ ਬਣਾਉਣ ਦੀ ਯੋਗਤਾ ਰੱਖਦੇ ਹਨ, ਪਰ ਉਨ੍ਹਾਂ ਦੇ ਅਜਿਹਾ ਕਰਨ ਲਈ ਪੰਜਾਬ ਅੰਦਰ ਲੋੜੀਂਦਾ ਮਾਹੌਲ ਗੈਰਹਾਜ਼ਰ ਹੈ। ਫਿਰ ਓਹੀ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਨੂੰ ਉਹ ਕਿਹੜੇ ਕੀੜੇ ਪਏ ਹਨ, ਜਿਨ੍ਹਾਂ ਨੇ ਪੰਜਾਬ ਦੇ ਸੰਘਰਸ਼, ਤਰੱਕੀ ਅਤੇ ਚੜ੍ਹਦੀ ਕਲਾ ਦੇ ਜਜ਼ਬੇ ਨੂੰ ਚੂਸ ਕੇ ਇਸ ਨੂੰ ਆਰਥਕ, ਮਾਨਸਿਕ ਅਤੇ ਆਤਮਕ ਤੌਰ ‘ਤੇ ਸਾਹ-ਸਤ ਹੀਣ ਕਰ ਦਿੱਤਾ ਹੈ?
ਇਸ ਸਵਾਲ ਦਾ ਜਵਾਬ ਤਸਵੀਰ ਦੇ ਦੂਸਰੇ ਪਾਸੇ ਪਿਆ ਹੈ। ਤਸਵੀਰ ਦਾ ਦੂਸਰਾ ਪਾਸਾ ਦਰਸਾਉਂਦਾ ਹੈ ਕਿ ਪੰਜਾਬ ਦਾ ਕੋਈ ਸਿਆਸਤਦਾਨ ਇਧਰ ਆਪਣੀ ਚੱਲਦੀ ਸਿਆਸਤ ਛੱਡ ਕੇ ਕਦੀ ਕਿਸੇ ਬਾਹਰਲੇ ਮੁਲਕ ਦਾ ਸਿਰਕੱਢ ਸਿਆਸਤਦਾਨ ਨਹੀਂ ਬਣਿਆ। ਮੇਰੀ ਜਾਣਕਾਰੀ ਵਿਚ ਪੰਜਾਬ ਦਾ ਕੋਈ ਨੌਕਰਸ਼ਾਹ ਆਪਣੀ ਇਧਰਲੀ ਨੌਕਰੀ ਛੱਡ ਕੇ ਕਿਸੇ ਬਾਹਰਲੇ ਮੁਲਕ ਦਾ ਸਿਰਕੱਢ ਨੌਕਰਸ਼ਾਹ ਨਹੀਂ ਬਣ ਸਕਿਆ।
ਨਤੀਜਾ ਇਹ ਨਿਕਲਦਾ ਹੈ ਕਿ ਸਾਡਾ ਕਾਮਯਾਬ ਸਿਆਸਤਦਾਨ ਅਤੇ ਸ਼ਕਤੀਸ਼ਾਲੀ ਨੌਕਰਸ਼ਾਹ ਵਧੀਆ ਮੁਲਕਾਂ ਦੇ ਕਿਸੇ ਕੰਮ ਦੇ ਨਹੀਂ, ਇਨ੍ਹਾਂ ਦੀ ਓਧਰ ਕੋਈ ਮੰਗ ਨਹੀਂ, ਇਨ੍ਹਾਂ ਲਈ ਉਥੇ ਕੋਈ ਥਾਂ ਨਹੀਂ। ਇਹ ਸਿਰਫ ਸਾਡੇ ਜਾਂ ਸਾਡੇ ਤੋਂ ਪੱਛੜੇ ਮੁਲਕਾਂ ਵਿਚ ਹੀ ਹੁੰਦੇ ਹਨ। ਦੂਜੇ ਸ਼ਬਦਾਂ ਵਿਚ ਪੰਜਾਬ ਦਾ ਸਥਾਪਤ ਸਿਆਸਤਦਾਨ ਅਤੇ ਨੌਕਰਸ਼ਾਹੀ ਪ੍ਰਬੰਧ ਇਸ ਨੂੰ ਗੁਣਾਤਮਕ ਤਰੱਕੀ ਦੇ ਰਸਤੇ ਤੋਰ ਸਕਣ ਦੇ ਯੋਗ ਨਹੀਂ। ਫਿਰ ਵੀ ਪੰਜਾਬ ਵਿਚ ਇਨ੍ਹਾਂ ਦਾ ਪੂਰਾ ਦਬਦਬਾ ਹੈ। ਇਨ੍ਹਾਂ ਦੀ ਹਰ ਖੇਤਰ ਵਿਚ ਦਖਲਅੰਦਾਜ਼ੀ ਅਤੇ ਚੌਧਰ ਹੈ।
ਉਪਰੋਕਤ ਮਿਸਾਲਾਂ ਅਤੇ ਚਰਚਾ ਨਾਲ ਪੰਜਾਬ ਨੂੰ ਪਏ ਹੋਏ ਕੀੜਿਆਂ ਦੀਆਂ ਦੋ ਮੋਟੀਆਂ ਕਿਸਮਾਂ ਦੀ ਪਛਾਣ ਹੋ ਜਾਂਦੀ ਹੈ, ਜਿਨ੍ਹਾਂ ਦੀ ਕਾਰਗੁਜ਼ਾਰੀ ਨਾਲ ਸੰਸਾਰ ਦਾ ਸਭ ਤੋਂ ਉਨਤ, ਖੁਸ਼ਹਾਲ ਅਤੇ ਸੋਹਣਾ ਖਿੱਤਾ ਹੋਣ ਦੀਆਂ ਸੰਭਾਵਨਾਵਾਂ ਵਾਲਾ ਪੰਜਾਬ ਖੁਦਕੁਸ਼ੀਆਂ ਅਤੇ ਉਜਾੜੇ ਦੀ ਧਰਤੀ ਬਣ ਗਿਆ ਹੈ, ਪਰ ਇਹ ਕੀੜੇ ਕੋਈ ਬਾਹਰੋਂ ਨਹੀਂ ਪਏ, ਅੰਦਰੋਂ ਪੈਦਾ ਹੋਏ ਹਨ। ਪੰਜਾਬੀ ਮਾਨਸਿਕਤਾ ਨੇ ਇਨ੍ਹਾਂ ਨੂੰ ਵਧਣ ਫੁਲਣ ਦਿੱਤਾ ਹੈ।
ਇਥੇ ਹਰ ਸਰਕਾਰ ਕਹਿੰਦੀ ਹੈ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ, ਕਰਮਚਾਰੀਆਂ ਨੂੰ ਤਨਖਾਹਾਂ ਦੇਣ ਅਤੇ ਹੋਰ ਜ਼ਰੂਰੀ ਖਰਚੇ ਕਰਨ ਲਈ ਪੈਸੇ ਨਹੀਂ ਹਨ। ਸਭ ਤਰ੍ਹਾਂ ਦੇ ਕਿੱਤਾਕਾਰਾਂ, ਕਿਰਤੀਆਂ, ਹੁਨਰਮੰਦਾਂ ਨੂੰ ਮਿਲਦੀਆਂ ਉਜਰਤਾਂ ਅਤੇ ਸਹੂਲਤਾਂ ਕਿਸੇ ਗਰੀਬ ਤੋਂ ਗਰੀਬ ਦੇਸ਼ ਵਾਲੀਆਂ ਹਨ, ਪਰ ਚੋਣਾਂ ਵਿਚ ਮੁੱਖ ਸਿਆਸੀ ਪਾਰਟੀਆਂ ਅਤੇ ਸਿਆਸਤਦਾਨਾਂ ਦਾ ਖਰਚ ਅਮੀਰ ਤੋਂ ਅਮੀਰ ਦੇਸ਼ ਤੋਂ ਵੀ ਵੱਧ ਹੁੰਦਾ ਹੈ।
ਸੂਬੇ ਵਿਚ ਆਰਥਕ ਤੰਗੀ ਦੀ ਦੁਹਾਈ ਦਿੱਤੀ ਜਾਂਦੀ ਹੈ ਅਤੇ ਲੋਕਾਂ ਨੂੰ ਅਹਿਸਾਸ ਕਰਾਇਆ ਜਾਂਦਾ ਹੈ ਕਿ ਸਾਡਾ ਦੇਸ਼ ਜਾਂ ਸੂਬਾ ਗਰੀਬ ਹੈ। ਫਿਰ ਸਿਆਸੀ ਪਾਰਟੀਆਂ ਜਾਂ ਸਿਆਸੀ ਲੋਕਾਂ ਕੋਲ ਚੋਣਾਂ ਲਈ ਏਨਾ ਪੈਸਾ ਕਿਥੋਂ, ਕਿਵੇਂ ਅਤੇ ਕਿਉਂ ਆ ਜਾਂਦਾ ਹੈ? ਚੋਣਾਂ ਲੜ ਰਹੇ ਉਮੀਦਵਾਰਾਂ ਅਤੇ ਪਾਰਟੀਆਂ ਵਲੋਂ ਹਰ ਇਕ ਸੰਸਦੀ ਸੀਟ ‘ਤੇ ਕਰੀਬ ਇਕ-ਇਕ ਅਰਬ ਰੁਪਇਆ ਖਰਚਿਆ ਜਾਂਦਾ ਹੈ। ਜਿਸ ਤਰ੍ਹਾਂ ਦੀ ਸਿਆਸਤ ਅਸੀਂ ਆਪਣੇ ਪੇਸ਼ ਪਾ ਲਈ ਹੈ, ਇਹ ਪੰਜਾਬੀਆਂ ਨੂੰ ਬਹੁਤ ਮਹਿੰਗੀ ਪੈ ਰਹੀ ਹੈ। ਜਿਥੇ ਇਕ ਪੋਸਟਰ ਜਾਂ ਬੈਨਰ ਨਾਲ ਸਰ ਸਕਦਾ ਹੈ, ਉਥੇ ਸੌ ਸੌ ਲਾਏ ਜਾਂਦੇ ਹਨ। ਅਜਿਹਾ ਕਰਕੇ ਸਹੀ ਸੋਚ ਵਾਲੇ ਸਿਆਣੇ ਲੋਕਾਂ ਨੂੰ ਡਰਾਇਆ ਜਾਂਦਾ ਹੈ ਕਿ ਉਹ ਸਿਆਸਤ ਵਿਚ ਆਉਣ ਦੀ ਸੋਚ ਵੀ ਨਾ ਸਕਣ।
ਵੱਡੀ ਗਿਣਤੀ ਵਿਚ ਵੱਡੇ ਵੱਡੇ ਹੋਰਡਿੰਗ ਲਾ ਕੇ ਸਿਆਸੀ ਬਦਮਾਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਸਥਾਪਤ ਸਿਆਸੀ ਲੋਕਾਂ ਦਾ ਉਦੇਸ਼ ਸ਼ਕਤੀ ਹਥਿਆਉਣ ਲਈ ਪੈਸਾ ਖਰਚਣਾ ਅਤੇ ਪੈਸੇ ‘ਕੱਠੇ ਕਰਨ ਲਈ ਸ਼ਕਤੀ ਹਥਿਆਉਣਾ ਬਣ ਗਿਆ ਹੈ। ਕੋਈ ਸਿਧਾਂਤਕ ਜਾਂ ਨੀਤੀਗਤ ਵਖਰੇਵਾਂ ਨਾ ਹੋਣ ਕਰਕੇ ਇਹ ਆਪਣੀ ਸਹੂਲਤ ਲਈ ਬੜੇ ਆਰਾਮ ਨਾਲ ਪਾਰਟੀ ਬਦਲ ਲੈਂਦੇ ਹਨ। ਉਪਰੋਂ ਵਿਰੋਧੀ ਲੱਗਦੀਆਂ ਪਾਰਟੀਆਂ ਅੰਦਰੋਂ ਇਕ ਦੂਜੀ ਨਾਲ ਸੀਟਾਂ ਦਾ ਦੇਣ ਲੈਣ ਵੀ ਕਰ ਲੈਂਦੀਆਂ ਹਨ। ਲੋਕ ਬੇਦਿਲੀ ਨਾਲ ਕਹਿ ਛੱਡਦੇ ਹਨ, ‘ਸਾਰੇ ਇਕੋ ਜਿਹੇ ਹਨ’ ਜਾਂ ‘ਸਭ ਰਲੇ ਹੋਏ ਹਨ।’ ਇਸ ਤਰ੍ਹਾਂ ਪੰਜਾਬ ਜਾਂ ਦੇਸ਼ ਅੰਦਰ ਵਧੀ-ਫੁਲੀ ਸਿਆਸਤ ਦਾ ਕੀੜਾ ਇਸ ਦੀ ਆਰਥਕ ਅਤੇ ਮਾਨਸਿਕ ਸਿਹਤ ਦਾ ਦੁਸ਼ਮਣ ਬਣਿਆ ਹੋਇਆ ਹੈ।
ਅਸਲ ਆਗੂਆਂ ਨੇ ਇਹ ਦੇਖਣਾ ਹੁੰਦਾ ਹੈ ਕਿ ਲੋਕਾਂ ਦੀ ਭਲਾਈ ਕਿਸ ਗੱਲ ਵਿਚ ਹੈ, ਲੋਕਾਂ ਨੂੰ ਚੰਗੇ, ਸਿਆਣੇ ਅਤੇ ਖੁਸ਼ਹਾਲ ਕਿਵੇਂ ਬਣਾਉਣਾ ਹੈ? ਉਹ ਆਪ ਆਚਰਨ, ਵਿਹਾਰ ਅਤੇ ਕਾਨੂੰਨ ਪਾਲਣਾ ਦੇ ਉਚੇ ਮਿਆਰ ਅਪਨਾਉਂਦੇ ਅਤੇ ਜਨਤਾ ਲਈ ਮਿਸਾਲ ਬਣਦੇ ਹਨ, ਪਰ ਪੰਜਾਬ ਵਿਚ ਅਜਿਹੇ ਆਗੂਆਂ ਦਾ ਕਾਲ ਹੈ। ਸਾਡੇ ਵਾਂਗ ਸਾਡਾ ਸਿਆਸਤਦਾਨ ਆਪਣਾ ਵਕਤੀ ਲਾਭ ਦੇਖਦਾ ਹੈ। ਲੋਕਾਂ ਨੂੰ ਬੇਵਕੂਫ ਅਤੇ ਉਜੱਡ ਬਣਾਉਂਦਾ ਹੈ।
ਸਿਆਸਤ ਦਾ ਕੰਮ ਸਮੱਸਿਆਵਾਂ ਸੁਲਝਾਉਣਾ ਜਾਂ ਮੁੱਦਿਆਂ ਨਾਲ ਨਜਿੱਠਣਾ ਹੁੰਦਾ ਹੈ, ਪਰ ਸਾਡੇ ਹਰ ਪੱਧਰ ਦੇ ਮਸਲੇ ਵਧ ਰਹੇ ਹਨ। ਪੰਜਾਬ ਸਾਹ ਲੈਣ ਯੋਗ ਸਾਫ ਹਵਾ ਅਤੇ ਪੀਣ ਯੋਗ ਸ਼ੁੱਧ ਪਾਣੀ ਵਰਗੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਤੋਂ ਹੀ ਵਾਂਝਾ ਹੋ ਗਿਆ ਹੈ।
ਸਾਡੇ ਸਥਾਪਤ ਸਿਆਸਤਦਾਨ ਔਸਤਨ ਹਰ ਸਵਾ ਸਾਲ ਬਾਅਦ ਆਉਣ ਵਾਲੀ ਕਿਸੇ ਨਾ ਕਿਸੇ ਚੋਣ ਲਈ ਜਿੰਨਾ ਪੈਸਾ, ਸਮਾਂ, ਸ਼ਕਤੀ, ਰਸੂਖ ਅਤੇ ਦਿਮਾਗ ਵਰਤਦੇ ਹਨ, ਜੇ ਓਨਾ ਲੋਕਾਂ ਦੀਆਂ ਸਮੱਸਿਆਂ ਨੂੰ ਨਜਿੱਠਣ ਲਈ ਲਾਉਣ ਤਾਂ ਸਵਾ ਸਾਲ ਵਿਚ ਪੰਜਾਬ ਮੋਟੀਆਂ ਮੋਟੀਆਂ ਸਭ ਸਮੱਸਿਆਵਾਂ ਤੋਂ ਮੁਕਤ ਹੋ ਸਕਦਾ ਹੈ, ਪਰ ਜਿਸ ਭਾਂਤ ਦੀ ਸਿਆਸਤ ਨੂੰ ਪੰਜਾਬ ਨੇ ਵਧਣ-ਫੁਲਣ ਦਿੱਤਾ ਅਤੇ ਆਪਣੇ ਗਲ ਪਾ ਲਿਆ ਹੈ, ਇਹ ਆਪਣੇ ਆਪ ਵਿਚ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ।
ਵੋਟਾਂ ਦੀ ‘ਮਜਬੂਰੀ’ ਕਾਰਨ ਇਹ ਸਿਆਸਤ ਜਨਤਕ ਪ੍ਰਬੰਧ ਨੂੰ ਸੁਚਾਰੂ ਰੱਖਣ ਵਾਲੇ ਸਾਰੇ ਨਿਯਮਾਂ ਕਾਨੂੰਨਾਂ ਦੀ ਪਾਲਣਾ ਲਈ ਅੜਿੱਕਾ ਬਣਦੀ ਹੈ। ਅੜਿੱਕਾ ਹੀ ਨਹੀਂ ਬਣਦੀ ਸਗੋਂ ਕਾਨੂੰਨ ਲਾਗੂ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ ਕਰਨ ਵਿਚ ਲੱਗੀ ਰਹਿੰਦੀ ਹੈ। ਪੁਲਿਸ ਪ੍ਰਬੰਧ ਵਿਚ ਦਖਲ ਦੇ ਕੇ ਉਸ ਦਾ ਅਪਰਾਧੀਕਰਨ ਕਰਦੀ ਹੈ। ਅਧੀਨ ਕਰਨ ਦੀ ਪ੍ਰਕ੍ਰਿਆ ਨੂੰ ਜ਼ੋਰ-ਸ਼ੋਰ ਅਤੇ ਅਸਰਦਾਰ ਢੰਗ ਨਾਲ ਚਲਾਉਣ ਲਈ ਸਿਆਸਤਦਾਨਾਂ ਨੂੰ ਆਪਣੇ ਟੱਬਰ ਨਾਲ ਲਾਉਣੇ ਪੈਂਦੇ ਹਨ। ਨਤੀਜੇ ਵਜੋਂ ਸਿਆਸਤ ਵਿਚ ਦੇਸ਼ ਪਿਆਰ ਜਾਂ ਲੋਕ ਭਲਾਈ ਦੀ ਜਗ੍ਹਾ ਪਰਿਵਾਰਵਾਦ ਦਾ ਬੋਲਬਾਲਾ ਹੋ ਗਿਆ ਹੈ।
ਦੂਸਰੀ ਗੱਲ, ਜਿਸ ਮੁਲਕ ਜਾਂ ਸੂਬੇ ਵਿਚ ਪ੍ਰਸ਼ਾਸਕ ਦਾ ਰੁਤਬਾ, ਰੋਹਬ ਜਾਂ ਦਬਦਬਾ ਕਿਸੇ ਵਿਗਿਆਨੀ, ਯੋਜਨਾਕਾਰ, ਆਰਥਕ ਮਾਹਿਰ, ਸਿੱਖਿਆ ਸ਼ਾਸਤਰੀ, ਤਕਨੀਕੀ ਮਾਹਿਰ ਜਾਂ ਹੋਰ ਹੁਨਰਮੰਦਾਂ ਨਾਲੋਂ ਉਚਾ ਹੋਵੇਗਾ, ਉਹ ਸਾਡੇ ਮੁਲਕ ਜਾਂ ਸੂਬੇ ਵਰਗੀ ‘ਤਰੱਕੀ’ ਹੀ ਕਰੇਗਾ। ਅਸੀਂ ਜਨਤਕ ਸੇਵਕ ਨੂੰ ਲੋਕਾਂ ਦੇ ਸੇਵਾਦਾਰ ਦੀ ਥਾਂ ਮਾਲਕ ਜਾਂ ਹਾਕਮ ਹੋਣ ਜਾਂ ਮਹਿਸੂਸ ਕਰਨ ਦਾ ਅਧਿਕਾਰ ਦਿੱਤਾ ਹੈ।
ਨੌਕਰਸ਼ਾਹੀ ਕਿਸੇ ਵੀ ਖੇਤਰ ਦੀ ਮਾਹਿਰ ਨਾ ਹੋਣ ਦੇ ਬਾਵਜੂਦ ਇਹ ਸਭ ਮਾਹਿਰਾਂ ਦੇ ਸਿਰ ‘ਤੇ ਬੈਠਦੀ ਹੈ। ਆਪਣੀ ਚਮਕ ਦਮਕ ਅਤੇ ਰਾਜ ਸ਼ਕਤੀ ਕਾਰਨ ਇਹ ਹਰ ਤਰ੍ਹਾਂ ਦੀਆਂ ਸਰਕਾਰੀ ਕੁਰਸੀਆਂ ‘ਤੇ ਬੈਠੇ ਹੋਰ ਲੋਕਾਂ ਲਈ ਰੋਲ ਮਾਡਲ ਬਣਦੀ ਹੈ। ਨੌਕਰਸ਼ਾਹੀ ਦਾ ਮਤਲਬ ਤਾਂ ਮੁਣਸ਼ੀਗਰੀ ਸੀ, ਪਰ ਸਰਕਾਰੀ ਮੁਣਸ਼ੀਆਂ ਦਾ ਰੋਹਬ-ਦਾਬ ਤੇ ਪ੍ਰਭਾਵ ਦੇਖ ਕੇ ਰੀਸੋ-ਰੀਸੀ ਸਰਕਾਰੀ ਡਾਕਟਰਾਂ ਨੂੰ ਮੈਡੀਕਲ ਅਫਸਰ ਹੋਣਾ ਚੰਗਾ ਲੱਗਾ। ਖੇਤੀ ਵਿਗਿਆਨੀ ਖੇਤੀਬਾੜੀ ਅਫਸਰ ਹੋ ਗਏ ਤੇ ਸਿੱਖਿਆ ਸ਼ਾਸਤਰੀ ਸਿੱਖਿਆ ਅਫਸਰ ਅਖਵਾਉਣ ਲੱਗੇ।
ਇਸੇ ਤਰ੍ਹਾਂ ਇੰਜੀਨੀਅਰਿੰਗ ਅਤੇ ਵਿਕਾਸ ਨਾਲ ਸਬੰਧਤ ਹੋਰ ਸਿਰਜਣਾਤਮਕ ਖੇਤਰਾਂ ਦਾ ਗੌਰਵ ਮੁਣਸ਼ੀਪੁਣੇ ਤਹਿਤ ਹੈ। ਨੌਕਰਸ਼ਾਹੀ ਨੇ ਇਕ ਜਮਾਤ ਨਾ ਰਹਿ ਕੇ ਸਮੁੱਚੇ ਸਰਕਾਰੀ ਤੰਤਰ ਵਿਚ ਫੈਲੇ ਭਿਆਨਕ ਕੋਹੜ ਦਾ ਰੂਪ ਧਾਰ ਲਿਆ ਹੈ। ਅੱਜ ਕੱਲ੍ਹ ਰਾਜ ਨੇਤਾਵਾਂ ਵਲੋਂ ਜਨਤਕ ਧਨ ਹੜੱਪਣ ਦੇ ਘੁਟਾਲੇ ਲੱਖਾਂ ਨੂੰ ਟੱਪ ਕੇ ਕਰੋੜਾਂ, ਕਰੋੜਾਂ ਤੋਂ ਅਰਬਾਂ ਅਤੇ ਹੁਣ ਖਰਬਾਂ ਨੂੰ ਛੂਹਣ ਲੱਗੇ ਹਨ, ਪਰ ਨੌਕਰਸ਼ਾਹੀ ਦੀ ਅਜੇ ਵੀ ‘ਢਕੀ ਰਿੱਝ’ ਰਹੀ ਹੈ।