ਕਿਸੇ ਵੇਲੇ ਪੰਜਾਬੀ ਫਿਲਮਾਂ ‘ਚ ਗੈਰ ਪੰਜਾਬਣ ਹੀਰੋਇਨਾਂ ਦਾ ਵਧੇਰੇ ਬੋਲਬਾਲਾ ਸੀ, ਅੱਜ ਪੰਜਾਬੀ ਸਿਨਮੇ ਨੇ ਐਨੀ ਤਰੱਕੀ ਕਰ ਲਈ ਹੈ ਕਿ ਹਰੇਕ ਨਵੀਂ ਫਿਲਮ ਨਾਲ ਇੱਕ ਨਵੀਂ ਪੰਜਾਬਣ ਅਦਾਕਾਰਾ ਪਰਦੇ ‘ਤੇ ਨਜ਼ਰ ਆਉਣ ਲੱਗੀ ਹੈ। ਅਜਿਹੇ ਨਵੇਂ ਚਿਹਰਿਆਂ ‘ਚੋਂ ਇੱਕ ਖੂਬਸੁਰਤ ਚਿਹਰਾ ਹੈ ਸ਼ਰਨ ਕੌਰ, ਜੋ ਇਨ੍ਹੀਂ ਦਿਨੀਂ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ‘ਮੁੰਡਾ ਫਰੀਦਕੋਟੀਆ’ ਨਾਲ ਪਹਿਲੀ ਵਾਰ ਪੰਜਾਬੀ ਫਿਲਮ ਪਰਦੇ ‘ਤੇ ਨਜ਼ਰ ਆਵੇਗੀ।
ਬਾਕਮਾਲ ਅਦਾਵਾਂ ਤੇ ਹੁਸਨ ਦੀ ਮਲਿਕਾ ਸ਼ਰਨ ਕੌਰ ਜਿਲਾ ਗੁਰਦਾਸਪੁਰ ਦੀ ਜੰਮਪਲ ਹੈ। ਮੁੰਬਈ ਫਿਲਮ ਇੰਡਸਟਰੀ ਵਿਚ ਬਾਕਾਇਦਾ ਅਦਾਕਾਰੀ ਦੀ ਟਰੇਨਿੰਗ ਹਾਸਲ ਕਰ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੀ ਸ਼ਰਨ ਅਨੇਕਾਂ ਸੀਰੀਅਲ, ਵਿਗਿਆਪਨ ਫਿਲਮਾਂ ਅਤੇ ਨਾਮਵਰ ਗਾਇਕਾਂ ਦੇ ਵੀਡੀਓ ਫਿਲਮਾਂਕਣਾਂ ਵਿਚ ਕੰਮ ਕਰ ਚੁਕੀ ਹੈ।
ਫਿਲਮ ‘ਮੁੰਡਾ ਫਰੀਦਕੋਟੀਆ’ ਬਾਰੇ ਉਸ ਦਾ ਕਹਿਣਾ ਹੈ ਕਿ ਇਸ ਫਿਲਮ ਤੋਂ ਪਹਿਲਾਂ ਉਸ ਨੂੰ ਸਾਊਥ ਦੀਆਂ ਕਈ ਵੱਡੀਆਂ ਫਿਲਮਾਂ ਦੀ ਪੇਸ਼ਕਸ਼ ਵੀ ਹੋਈ, ਪਰ ਉਸ ਦੀ ਦਿਲੀ ਤਮੰਨਾ ਆਪਣੀ ਮਾਂ ਬੋਲੀ ਦੀ ਫਿਲਮ ਕਰਨ ਦੀ ਸੀ, ਜੋ ਨਿਰਮਾਤਾ ਦਲਜੀਤ ਸਿੰਘ ਥਿੰਦ ਦੀ ਇਸ ਫਿਲਮ ਰਾਹੀ ਪੂਰੀ ਹੋ ਰਹੀ ਹੈ। ਇਸ ਫਿਲਮ ਵਿਚ ਉਹ ਰੌਸ਼ਨ ਪ੍ਰਿੰਸ ਦੀ ਹੀਰੋਇਨ ਹੋਵੇਗੀ। ਫਿਲਮ ਦੀ ਕਹਾਣੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਪਿੱਠਭੂਮੀ ਨਾਲ ਜੁੜੀ ਇੱਕ ਲਵ ਸਟੋਰੀ ਹੈ, ਜਿਸ ਵਿਚ ਦੋ ਹੀਰੋਇਨਾਂ ਦੇ ਪਿਆਰ ‘ਚ ਘਿਰਿਆ ਹੀਰੋ ਪੰਜਾਬ ਅਤੇ ਪਾਕਿਸਤਾਨ ਦੇ ਕਲਚਰ ਤੇ ਰੀਤੀ ਰਿਵਾਜ਼ਾਂ ਵਿਚ ਬੱਝਿਆ ਹੋਇਆ ਹੈ। ਫਿਲਮ ਵਿਚ ਸ਼ਰਨ ਨੇ ਮਰੀਅਮ ਨਾਂ ਦੀ ਪਾਕਿਸਤਾਨੀ ਕੁੜੀ ਦਾ ਕਿਰਦਾਰ ਨਿਭਾਇਆ ਹੈ, ਜੋ ਫਿਲਮ ਦੇ ਨਾਇਕ ਨੂੰ ਬੇਪਨਾਹ ਮੁਹੱਬਤ ਕਰਦੀ ਹੈ।
ਪਹਿਲੀ ਵਾਰ ਫਿਲਮ ਵਿਚ ਕੰਮ ਕਰਨ ਦੇ ਤਜਰਬੇ ਬਾਰੇ ਸ਼ਰਨ ਕੌਰ ਨੇ ਦੱਸਿਆ ਕਿ ਪਾਲੀਵੁੱਡ ਦੇ ਦਿੱਗਜ ਕਲਾਕਾਰਾਂ ਨਾਲ ਕੰਮ ਕਰਦਿਆਂ ਉਸ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ ਹੈ।
ਦਲਮੋਰਾ ਫਿਲਮਜ਼ ਦੇ ਬੈਨਰ ਦੀ ਇਸ ਫਿਲਮ ਦੇ ਨਿਰਮਾਤਾ ਦਲਜੀਤ ਸਿੰਘ ਥਿੰਦ ਤੇ ਮੌਂਟੀ ਸਿੱਕਾ ਹਨ। ਫਿਲਮ ਦਾ ਨਿਰਦੇਸ਼ਨ ਮਨਦੀਪ ਸਿੰਘ ਚਾਹਲ ਨੇ ਕੀਤਾ ਹੈ।
-ਸੁਰਜੀਤ ਜੱਸਲ
ਫੋਨ: 91-98146-07737
ਪੰਜਾਬੀ ਸਿਨੇਮਾ ਨਾਲ ਜੁੜੀ ਖੂਬਸੂਰਤ ਅਦਾਕਾਰਾ ਮੋਨਿਕਾ ਸ਼ਰਮਾ
ਪੰਜਾਬੀ ਸਿਨੇਮਾ ਨੇ ਜਿਥੇ ਬਹੁਤ ਸਾਰੇ ਨਵੇਂ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੱਤੀ ਹੈ, ਉਥੇ ਹਿੰਦੀ ਸਿਨੇਮਾ ਤੇ ਟੈਲੀਵਿਜ਼ਨ ਨਾਲ ਜੁੜੇ ਬਹੁਤ ਸਾਰੇ ਪ੍ਰਤਿਭਾਵਾਨ ਚਿਹਰਿਆਂ ਨੂੰ ਵੀ ਪੰਜਾਬੀ ਫਿਲਮਾਂ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ ਹੈ। ਇਨ੍ਹਾਂ ਵਿਚੋਂ ਹੀ ਇਕ ਹੈ, ਹੋਣਹਾਰ ਅਭਿਨੇਤਰੀ ਮੋਨਿਕਾ ਸ਼ਰਮਾ। ਟੈਲੀਵਿਜ਼ਨ ਦਰਸ਼ਕ ਉਸ ਨੂੰ ਅਤੇ ਉਸ ਦੀ ਪ੍ਰਤਿਭਾ ਨੂੰ ਖੂਬ ਪਛਾਣਦੇ ਹਨ। ਲੰਮੇ ਸਮੇਂ ਤੋਂ ਟੈਲੀਵਿਜ਼ਨ ਇੰਡਸਟਰੀ ਅਤੇ ਫੈਸ਼ਨ ਇੰਡਸਟਰੀ ਵਿਚ ਕੰਮ ਕਰ ਰਹੀ ਮੋਨਿਕਾ ਹੁਣ ਪੰਜਾਬੀ ਫਿਲਮਾਂ ਵਿਚ ਵੀ ਨਜ਼ਰ ਆਵੇਗੀ। ਉਸ ਨੇ ਆਗਾਜ਼ ਨਿਰਦੇਸ਼ਕ ਅਦਿਤਯ ਸੂਦ ਦੀ ਫਿਲਮ ‘ਤੇਰੀ ਮੇਰੀ ਜੋੜੀ’ ਤੋਂ ਕਰ ਲਿਆ ਹੈ। ਉਸ ਦੀਆਂ ਅਗਲੀਆਂ ਦੋ ਪੰਜਾਬੀ ਫਿਲਮਾਂ ਦੇ ਨਿਰਦੇਸ਼ਕ ਵੀ ਅਦਿਤਯ ਸੂਦ ਹੀ ਹਨ। ਇਨ੍ਹਾਂ ‘ਚੋਂ ਇਕ ਫਿਲਮ ਦੀ ਸ਼ੂਟਿੰਗ ਜੁਲਾਈ ਮਹੀਨੇ ਕੈਨੇਡਾ ਵਿਚ ਹੋਵੇਗੀ।
ਮੋਨਿਕਾ ਦੱਸਦੀ ਹੈ ਕਿ ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2014 ਵਿਚ ਮਾਡਲਿੰਗ ਤੋਂ ਕੀਤੀ ਸੀ। ਇਸੇ ਸਾਲ ਉਹ ਮਿਸ ਗਰੈਂਡ ਇੰਡੀਆ ਬਣੀ ਸੀ। ਸਾਲ 2015 ਵਿਚ ਉਸ ਨੇ ਮਿਸ ਗਰੈਂਡ ਇੰਟਰਨੈਸ਼ਨਲ ਲਈ ਇੰਡੀਆ ਦੀ ਨੁਮਾਇੰਦਗੀ ਕੀਤੀ। ਇਸ ਪਿਛੋਂ ਉਹ ਆਪਣੀ ਜਨਮ ਭੂਮੀ ਦਿੱਲੀ ਤੋਂ ਫਿਲਮ ਨਗਰੀ ਮੁੰਬਈ ਜਾ ਵੱਸੀ, ਜਿਥੇ ਉਸ ਨੇ ਆਪਣੀ ਸ਼ੁਰੂਆਤ ਟੀ. ਵੀ. ਸੀਰੀਅਲ ‘ਦਿੱਲੀ ਵਾਲੀ ਠਾਕੁਰ ਗਰਲਸ’ ਤੋਂ ਕੀਤੀ। ਟੈਲੀਵਿਜ਼ਨ ਇੰਡਸਟਰੀ ਦਾ ਵੱਡਾ ਨਾਂ ‘ਬਾਲਾ ਜੀ ਫਿਲਮਜ਼’ ਨੇ ਉਸ ਦੀ ਪ੍ਰਤਿਭਾ ਨੂੰ ਦੇਖਦਿਆਂ ਉਸ ਨੂੰ ਆਪਣੇ ਸ਼ੋਅ ‘ਨਾਗਿਨ-2’ ਲਈ ਚੁਣਿਆ। ਕਲਰ ਚੈਨਲ ‘ਤੇ ਚੱਲੇ ਇਸ ਸ਼ੋਅ ਨੇ ਉਸ ਨੂੰ ਕਾਫੀ ਪਛਾਣ ਦਿੱਤੀ। ਸਭ ਤੋਂ ਲੰਮਾ ਸਮਾਂ ਚੱਲੇ ਸ਼ੋਅ ‘ਸੁਸਰਾਲ ਸਿਮਰਨ ਕਾ’ ਵਿਚ ਮੋਨਿਕਾ ਨੇ ਮੁੱਖ ਭੂਮਿਕਾ ਨਿਭਾਈ। ਇਸ ਪਿਛੋਂ ਉਸ ਨੇ ਇਕ ਹੋਰ ਸ਼ੋਅ ‘ਇੱਛਾਧਾਰੀ ਨਾਗਿਨ ਕੀ ਦਾਸਤਾਨ’ ਜ਼ਰੀਏ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ।
ਮੋਨਿਕਾ ਦਾ ਝੁਕਾਅ ਹਮੇਸ਼ਾ ਹੀ ਪੰਜਾਬੀ ਮਨੋਰੰਜਨ ਜਗਤ ਵੱਲ ਰਿਹਾ ਹੈ। ਉਸ ਨੇ ਕਰੀਬ ਦਰਜਨ ਪੰਜਾਬੀ ਗਾਇਕਾਂ ਦੇ ਮਿਊਜ਼ਿਕ ਵੀਡੀਓ ਵਿਚ ਵੀ ਕੰਮ ਕੀਤਾ। ਮੋਨਿਕਾ ਮੁਤਾਬਕ ਪੰਜਾਬੀ ਸਿਨੇਮਾ ਦਾ ਬੋਲਬਾਲਾ ਹੁਣ ਸਮੁੱਚੀ ਦੁਨੀਆਂ ‘ਚ ਹੈ। ਅਜਿਹੇ ਵਿਚ ਹਰ ਅਦਾਕਾਰਾ ਚਾਹੁੰਦੀ ਹੈ ਕਿ ਉਹ ਵੀ ਪੰਜਾਬੀ ਫਿਲਮਾਂ ਦਾ ਹਿੱਸਾ ਬਣੇ। ਉਹ ਖੁਦ ਵੀ ਪੰਜਾਬੀ ਫਿਲਮਾਂ ਦੀ ਦਰਸ਼ਕ ਹੈ। ਉਸ ਨੂੰ ਖੁਸ਼ੀ ਹੈ ਕਿ ਉਸ ਦੀ ਸ਼ੁਰੂਆਤ ਉਸ ਦੌਰ ਵਿਚ ਹੋ ਰਹੀ ਹੈ, ਜਦੋਂ ਪੰਜਾਬੀ ਸਿਨੇਮਾ ਸਿਖਰਾਂ ‘ਤੇ ਹੈ।
ਮੋਨਿਕਾ ਦੱਸਦੀ ਹੈ ਕਿ ਉਸ ਨੇ ਆਪਣੀ ਪਹਿਲੀ ਪੰਜਾਬੀ ਫਿਲਮ ‘ਤੇਰੀ ਮੇਰੀ ਜੋੜੀ’ ਵਿਚ ਇਕ ਸਧਾਰਨ ਤੇ ਚੁਲਬੁਲੀ ਕੁੜੀ ਦਾ ਕਿਰਦਾਰ ਨਿਭਾਇਆ ਹੈ। ਇਹ ਫਿਲਮ ਇਕ ਖੂਬਸੂਰਤ ਪ੍ਰੇਮ ਕਹਾਣੀ ਹੈ, ਜਿਸ ਵਿਚ ਦਰਸ਼ਕ ਅਜੋਕੀ ਮੁਹੱਬਤ ਅਤੇ ਕੁਝ ਦਹਾਕੇ ਪਹਿਲਾਂ ਦੀ ਮੁਹੱਬਤ ਨੂੰ ਪਰਦੇ ‘ਤੇ ਦੇਖਣਗੇ। ਫਿਲਮ ਵਿਚ ਉਸ ਨਾਲ ਨਾਮਵਰ ਯੂਟਿਊਬ ਕਲਾਕਾਰ ਸੈਮੀ ਗਿੱਲ ਨਜ਼ਰ ਆਵੇਗਾ।
-ਅਕਸ ਮਹਿਰਾਜ
ਫੋਨ: 91-94788-84200