ਅੰਮ੍ਰਿਤਸਰ: ਪਾਕਿਸਤਾਨੀ ਤਸਕਰ ਭਾਰਤ ਵਿਚ ਨਸ਼ੀਲੇ ਪਦਾਰਥ ਹੈਰੋਇਨ ਤੇ ਜਾਅਲੀ ਕਰੰਸੀ ਦੀ ਸਪਲਾਈ ਲਈ ਪੰਜਾਬ ਸਰਹੱਦ ਰਸਤੇ ਨੂੰ ਸਭ ਤੋਂ ਸੌਖਾ ਤੇ ਸੁਰੱਖਿਅਤ ਲਾਂਘਾ ਮੰਨ ਰਹੇ ਹਨ। ਭਾਰਤੀ ਕਰੰਸੀ ਦੀ ਬਰਾਮਦਗੀ ਦੇ ਅੰਕੜਿਆਂ ‘ਤੇ ਨਿਗ੍ਹਾ ਪਾਈ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ 70 ਫ਼ੀਸਦੀ ਤਸਕਰੀ ਪੰਜਾਬ ਸਰਹੱਦ ਰਸਤੇ ਤੇ ਬਾਕੀ 30 ਫ਼ੀਸਦੀ ਭਾਰਤ-ਨੇਪਾਲ ਸਰਹੱਦ ਤੇ ਹੋਰ ਰਸਤਿਆਂ ਰਾਹੀਂ ਹੋ ਰਹੀ ਹੈ।
ਪੰਜਾਬ ਵਿਚੋਂ ਕੀਤੀ ਗਈ ਕੁਲ ਬਰਾਮਦਗੀ ਵਿਚੋਂ 65 ਫੀਸਦੀ ਬਰਾਮਦਗੀ ਬੀਐਸਐਫ ਤੇ ਬਾਕੀ 35 ਫੀਸਦੀ ਹੋਰ ਸੁਰੱਖਿਆ ਏਜੰਸੀਆਂ ਦੀ ਕਾਰਗੁਜ਼ਾਰੀ ਹੈ। ਬੀਐਸਐਫ ਨੇ 2012 ਵਿਚ ਸਰਹੱਦ ਤੋਂ 288 ਕਿਲੋ ਹੈਰੋਇਨ, 540 ਗ੍ਰਾਮ ਅਫੀਮ, 5 ਕਿਲੋ ਭੁੱਕੀ, 46 ਲੱਖ 21 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ, 33 ਹਥਿਆਰ ਤੇ ਤਸਕਰ ਆਦਿ ਕਾਬੂ ਕੀਤੇ ਸਨ। 2013 ਵਿਚ ਹੁਣ ਤੱਕ ਸਿਰਫ ਸਾਢੇ ਤਿੰਨ ਮਹੀਨਿਆਂ ਵਿਚ 144 ਕਿਲੋ ਹੈਰੋਇਨ, 237 ਕਿਲੋ ਭੁੱਕੀ, 48 ਲੱਖ ਦੀ ਜਾਅਲੀ ਭਾਰਤੀ ਕਰੰਸੀ ਤੇ ਤਿੰਨ ਹਥਿਆਰ ਬਰਾਮਦ ਕੀਤੇ ਜਾ ਚੁੱਕੇ ਹਨ। ਵੇਰਵੇ ਦੱਸਦੇ ਹਨ ਕਿ ਪੰਜਾਬ ਨਾਲ ਲੱਗਦੀ ਪਾਕਿਸਤਾਨ ਦੀ ਤਕਰੀਬਨ 550 ਕਿਲੋਮੀਟਰ ਤੋਂ ਵਧੇਰੇ ਲੰਮੀ ਸਰਹੱਦ ‘ਤੇ 21 ਕਿਲੋਮੀਟਰ ਦਾ ਖੇਤਰ ਅਜਿਹਾ ਹੈ, ਜਿਥੇ ਭੂਗੋਲਿਕ ਸਥਿਤੀਆਂ ਕਾਰਨ ਕੰਡਿਆਲੀ ਤਾਰ ਦਾ ਕੋਈ ਪ੍ਰਭਾਵ ਨਹੀਂ ਹੈ। ਇਸ ਖੇਤਰ ਵਿਚ ਉਬੜ-ਖਾਬੜ ਤੇ ਉੱਚੀ ਨੀਵੀਂ ਜ਼ਮੀਨ ਤੋਂ ਇਲਾਵਾ 9 ਕਿਲੋਮੀਟਰ ਦਾ ਖੇਤਰ ਦਰਿਆਈ ਇਲਾਕਾ ਹੈ, ਜਿਥੇ ਕਈ ਵਾਰ ਕੰਡਿਆਲੀ ਤਾਰ ਲਾਈ ਜਾ ਚੁੱਕੀ ਹੈ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਇਹ ਰੁੜ੍ਹ ਜਾਂਦੀ ਹੈ। ਇਨ੍ਹਾਂ ਨਾਜ਼ੁਕ ਥਾਵਾਂ ‘ਤੇ ਬੀਐਸਐਫ ਵੱਲੋਂ ਵਧੇਰੇ ਚੌਕਸੀ ਦੇ ਪ੍ਰਬੰਧ ਵੀ ਹਨ ਪਰ ਤਸਕਰੀ ਦੀਆਂ ਘਟਨਾਵਾਂ ਪੂਰੀ ਤਰ੍ਹਾਂ ਕਾਬੂ ਹੇਠ ਨਹੀਂ ਹਨ। ਇਨ੍ਹਾਂ ਤੋਂ ਇਲਾਵਾ ਪਾਕਿਸਤਾਨੀ ਸਰਹੱਦ ਵਾਲੇ ਪਾਸੇ ਭਾਰਤੀ ਜ਼ਮੀਨ, ਜੋ ਕੰਡਿਆਲੀ ਤਾਰ ਤੋਂ ਪਾਰ ਹੈ, ਉਪਰ ਲੱਗੀ ਫਸਲ ਦਾ ਵੀ ਤਸਕਰਾਂ ਨੂੰ ਲਾਭ ਮਿਲਦਾ ਹੈ। ਜਦੋਂ ਇਹ ਫਸਲ ਜਵਾਨ ਹੁੰਦੀ ਹੈ ਤਾਂ ਤਸਕਰਾਂ ਵੱਲੋਂ ਇਸ ਫਸਲ ਵਿਚ ਲੁਕ ਕੇ ਰਾਤ ਸਮੇਂ ਤਸਕਰੀ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਬੀਐਸਐਫ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤਸਕਰਾਂ ਨੂੰ ਅਤਿਵਾਦੀਆਂ ਤੇ ਪਾਕਿਸਤਾਨ ਖੁਫ਼ੀਆ ਏਜੰਸੀ ਆਈਐਸਆਈ ਦੀ ਸ਼ਹਿ ਪ੍ਰਾਪਤ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਪਾਕਿ ਰੇਂਜਰਾਂ ਦਾ ਵੀ ਤਸਕਰਾਂ ਨੂੰ ਸਹਿਯੋਗ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਬਾਰੇ ਬੀਐਸਐਫ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਹੱਦ ‘ਤੇ ਬੀਐਸਐਫ ਦੀ ਵਧੇਰੇ ਚੌਕਸੀ ਕਾਰਨ ਹੀ ਤਸਕਰੀ ਦੀਆਂ ਘਟਨਾਵਾਂ ਨੂੰ ਅਸਫ਼ਲ ਬਣਾਇਆ ਜਾ ਚੁੱਕਾ ਹੈ। ਪੰਜਾਬ ਸਰਹੱਦ ਨੂੰ ਸੁਰੱਖਿਆ ਤੇ ਚੌਕਸੀ ਪੱਖੋਂ ਹੋਰ ਮਜ਼ਬੂਤ ਕਰਨ ਲਈ ਇਥੇ ਬੀਐਸਐਫ ਦੀ ਇਕ ਹੋਰ ਬਟਾਲੀਅਨ ਦਾ ਵਾਧਾ ਕੀਤਾ ਜਾ ਰਿਹਾ ਹੈ ਜਿਸ ਨਾਲ ਨਾਜ਼ੁਕ ਥਾਵਾਂ ‘ਤੇ ਵਧੇਰੇ ਚੌਕਸੀ ਵਧਾਈ ਜਾ ਸਕੇਗੀ।
Leave a Reply