ਸਿਰੇ ‘ਤੇ ਪਹੁੰਚੀ ਜਾਂਚ ਤੋਂ ਬਾਅਦ ਮੱਤਭੇਦ ਉਭਰੇ
ਚੰਡੀਗੜ੍ਹ: ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਬਹਿਬਲ-ਬਰਗਾੜੀ ਗੋਲੀਕਾਂਡ ਦੀ ਜਾਂਚ ਇਕ ਵਾਰ ਮੁੜ ਲੀਹੋਂ ਲੱਥਦੀ ਜਾਪ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਇਸ ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਸਿੱਟ) ਆਪਸ ਵਿਚ ਹੀ ਉਲਝ ਪਈ ਹੈ।
ਇਹ ਉਸ ਸਮੇਂ ਹੋਇਆ ਜਦੋਂ ਇਹ ਟੀਮ ਅਸਲ ਦੋਸ਼ੀਆਂ ਦੇ ਐਨ ਨੇੜੇ ਪੁੱਜਣ ਦੇ ਦਾਅਵੇ ਕਰ ਰਹੀ ਸੀ। ਇਸ ਟੀਮ ਨੇ ਇਸੇ ਹਫਤੇ ਕੋਟਕਪੂਰਾ ਗੋਲੀ ਕਾਂਡ ਵਿਚ ਅਦਾਲਤ ਵਿਚ ਇਕ ਅਕਾਲੀ ਆਗੂ ਸਮੇਤ ਛੇ ਪੁਲਿਸ ਅਧਿਕਾਰੀਆਂ ਖਿਲਾਫ ਦੋਸ਼ ਪੱਤਰ ਦਾਇਰ ਕੀਤੇ ਸਨ ਤੇ ਦਾਅਵਾ ਕੀਤਾ ਸੀ ਕਿ ਚਾਰਜਸ਼ੀਟ ਵਿਚ ਬਾਦਲਾਂ ਤੇ ਤਤਕਾਲੀ ਪੁਲਿਸ ਮੁਖੀ ਸੁਮੇਧ ਸੈਣੀ ਦਾ ਵੀ ਨਾਂ ਹੈ ਤੇ ਅਗਲਾ ਨੰਬਰ ਇਨ੍ਹਾਂ ਦਾ ਹੀ ਹੈ।
ਇਸ ਦਾਅਵੇ ਤੋਂ ਇਕ ਦਿਨ ਬਾਅਦ ਹੀ ‘ਸਿੱਟ’ ਦੇ ਮੈਂਬਰ ਆਪਸ ਵਿਚ ਉਲਝ ਪਏ। ‘ਸਿੱਟ’ ਦੇ ਮੁਖੀ ਅਤੇ 3 ਹੋਰ ਪੁਲਿਸ ਅਧਿਕਾਰੀਆਂ ਵਲੋਂ ਆਪਣੇ ਸਾਥੀ ਮੈਂਬਰ ਆਈæਜੀæ ਕੁੰਵਰ ਵਿਜੇ ਪ੍ਰਤਾਪ ਖਿਲਾਫ ਮੋਰਚਾ ਖੋਲ ਦਿੱਤਾ। ਕੁੰਵਰ ਵਿਜੇ ਪ੍ਰਤਾਪ ਉਹੀ ਅਧਿਕਾਰੀ ਹੈ ਜਿਸ ਨੇ ਇਸ ਟੀਮ ਵਿਚ ਨਿੱਠ ਕੇ ਕੰਮ ਕੀਤਾ ਤੇ ਇਸ ਮਾਮਲੇ ਵਿਚ ਕਈ ਸੀਨੀਅਰ ਅਧਿਕਾਰੀਆਂ ਨੂੰ ਜੇਲ੍ਹ ਡੱਕ ਦਿੱਤਾ। ਉਮੀਦ ਕੀਤੀ ਜਾ ਰਹੀ ਸੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਬਾਦਲਾਂ ਦੀ ਵਾਰੀ ਆਉਣ ਵਾਲੀ ਹੈ ਪਰ ਉਸੇ ਸਮੇਂ ਅਕਾਲੀ ਦਲ ਨੇ ਭੱਜ ਨੱਠ ਕਰ ਕੇ ਇਸ ਅਧਿਕਾਰੀ ਦਾ ਤਬਾਦਲਾ ਕਰਵਾ ਲਿਆ ਜਿਸ ਦਾ ਸਿੱਖ ਜਥੇਬੰਦੀਆਂ ਨੇ ਵੀ ਡਟਵਾਂ ਵਿਰੋਧ ਕੀਤਾ ਸੀ।
ਇਸੇ ਲਈ ਚੋਣ ਜ਼ਾਬਤਾ ਹਟਦੇ ਹੀ ਇਸ ਅਧਿਕਾਰੀ ਦੀ ਟੀਮ ਵਿਚ ਮੁੜ ਵਾਪਸੀ ਹੋ ਗਈ। ਵਾਪਸੀ ਦੇ ਅਗਲੇ ਹੀ ਦਿਨ ‘ਸਿੱਟ’ ਨੇ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ ਤੇ ਦਾਅਵਾ ਕੀਤਾ ਕਿ ਬਾਦਲਾਂ ਦੀ ਹੁਣ ਵਾਰੀ ਨੇੜੇ ਹੈ। ਅਸਲ ਵਿਚ, ਇਸੇ ਚਲਾਨ ਤੋਂ ਸਾਰਾ ਵਿਵਾਦ ਖੜ੍ਹਾ ਹੋਇਆ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ 5 ਅਪਰੈਲ ਨੂੰ ਹੁਕਮ ਜਾਰੀ ਕਰਕੇ ਕੁੰਵਰ ਵਿਜੇ ਪ੍ਰਤਾਪ ਨੂੰ ਪੜਤਾਲ ਤੋਂ ਲਾਂਭੇ ਕਰ ਦਿੱਤਾ ਸੀ। ਚੋਣ ਜ਼ਾਬਤਾ ਖਤਮ ਹੋਣ ਤੋਂ ਬਾਅਦ ਆਈæਜੀæ ਨੂੰ ਪੰਜਾਬ ਸਰਕਾਰ ਨੇ 27 ਮਈ ਨੂੰ ਬਹਾਲ ਕਰ ਦਿੱਤਾ ਪਰ ਅਦਾਲਤ ਵਿਚ ਪੇਸ਼ ਚਲਾਨ ਤੋਂ ਸਾਬਤ ਹੁੰਦਾ ਹੈ ਕਿ ਉਹ 23 ਮਈ ਨੂੰ ਵੀ ਪੜਤਾਲ ਵਿਚ ਰੁੱਝੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਚੋਣ ਕਮਿਸ਼ਨ ਦੀ ਰੋਕ ਦੇ ਬਾਵਜੂਦ ਤਿੰਨ ਪੁਲਿਸ ਅਧਿਕਾਰੀਆਂ ਤੋਂ ਪੁੱਛ ਪੜਤਾਲ ਕੀਤੀ ਸੀ ਅਤੇ ਬਿਆਨ ਲਿਖੇ ਸਨ। ਇਸੇ ਤੱਥ ਨੂੰ ਲੈ ਕੇ ਹੁਣ ਅਕਾਲੀ ਦਲ ਨੇ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ।
ਜਾਂਚ ਟੀਮ ਵਲੋਂ ਅਦਾਲਤ ਵਿਚ ਪੇਸ਼ 56 ਸਫਿਆਂ ਦੀ ਪੜਤਾਲ ਰਿਪੋਰਟ ਵਿਚ ਕੋਟਕਪੂਰਾ ਗੋਲੀ ਕਾਂਡ ਤੋਂ ਇਲਾਵਾ 2007 ਤੋਂ ਲੈ ਕੇ 2015 ਤੱਕ ਦੀਆਂ ਘਟਨਾਵਾਂ ਦੇ ਵੇਰਵੇ ਦਿੱਤੇ ਗਏ ਹਨ। ਦਿਲਚਸਪ ਤੱਥ ਇਹ ਹੈ ਕਿ ਇਨ੍ਹਾਂ ਘਟਨਾਵਾਂ ਦਾ ਦੋ ਹਜ਼ਾਰ ਸਫਿਆਂ ਦੀ ਚਾਰਜਸ਼ੀਟ ਵਿਚ ਕੋਈ ਸਬੂਤ ਨੱਥੀ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ 2007 ਤੋਂ ਲੈ ਕੇ 2015 ਤੱਕ ਡੇਰਾ ਸਿਰਸਾ ਅਤੇ ਸਿੱਖ ਸੰਗਤਾਂ ਦਰਮਿਆਨ ਪੈਦਾ ਹੋਏ ਟਕਰਾਅ ਤੋਂ ਬਾਅਦ ਵਾਪਰੀਆਂ ਘਟਨਾਵਾਂ ਬਾਰੇ ਕਿਸੇ ਗਵਾਹ ਦਾ ਬਿਆਨ ਦਰਜ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਵਿਸ਼ੇਸ਼ ਜਾਂਚ ਟੀਮ ਨੇ 13 ਅਕਤੂਬਰ 2015 ਦੀ ਰਾਤ ਨੂੰ ਕੋਟਕਪੂਰਾ ‘ਚ ਵਾਪਰੇ ਗੋਲੀ ਕਾਂਡ ਤੇ 14 ਅਕਤੂਬਰ 2015 ਨੂੰ ਵਾਪਰੇ ਬਹਿਬਲ ਕਾਂਡ ਬਾਰੇ ਹੀ ਜਾਂਚ ਕਰਨੀ ਸੀ। ਸੂਤਰਾਂ ਅਨੁਸਾਰ ਚਲਾਨ ਬਾਰੇ ਜਾਂਚ ਟੀਮ ਦੇ ਮੈਂਬਰ ਅਤੇ ਮੁਖੀ ਦੀ ਆਪਸ ਵਿਚ ਸਹਿਮਤੀ ਅਤੇ ਇਕ ਰਾਏ ਨਹੀਂ ਸੀ।
ਜਾਂਚ ਟੀਮ ਦੇ ਚਾਰ ਮੈਂਬਰਾਂ ਨੇ ਡੀæਜੀæਪੀæ ਨੂੰ ਪੱਤਰ ਲਿਖ ਕੇ ਸਪਸ਼ਟ ਕੀਤਾ ਕਿ ਕੋਟਕਪੂਰਾ ਗੋਲੀ ਕਾਂਡ ਵਿਚ ਪੇਸ਼ ਕੀਤੇ ਗਏ ਚਲਾਨ ਦੇ ਜੋ ਵੀ ਸਿੱਟੇ ਨਿਕਲਨਗੇ, ਉਸ ਲਈ ਆਈæਜੀæ ਕੁੰਵਰ ਵਿਜੇ ਪ੍ਰਤਾਪ ਸਿੰਘ ਹੀ ਜ਼ਿੰਮੇਵਾਰ ਹੋਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਖਿਲਾਫ ਅਦਾਲਤ ਵਿਚ ਦੋਸ਼ ਪੱਤਰ ਪੇਸ਼ ਕਰਨ ਤੋਂ ਪਹਿਲਾਂ ਚਲਾਨ ਦੀ ਫਾਈਲ ਗ੍ਰਹਿ ਵਿਭਾਗ ਕੋਲ ਮਨਜ਼ੂਰੀ ਲਈ ਜਾਣੀ ਜ਼ਰੂਰੀ ਸੀ ਪਰ ਜਾਂਚ ਟੀਮ ਨੇ ਗ੍ਰਹਿ ਵਿਭਾਗ ਦੀ ਮਨਜ਼ੂਰੀ ਤੋਂ ਬਿਨਾ ਹੀ ਚਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ ਜਿਸ ਦਾ ਪੁਲਿਸ ਅਧਿਕਾਰੀਆਂ ਨੂੰ ਸਿੱਧਾ ਲਾਭ ਮਿਲਣ ਦੀ ਸੰਭਾਵਨਾ ਹੈ।
ਬਾਕਸ
ਬਾਦਲਾਂ ਨੂੰ ਹੱਥ ਪਾਉਣ ਤੋਂ ਟਾਲਾ
ਜਾਂਚ ਟੀਮ ਵਲੋਂ ਅਦਾਲਤ ਵਿਚ ਪੇਸ਼ ਕੀਤੇ ਤਕਰੀਬਨ 2 ਹਜ਼ਾਰ ਪੰਨਿਆਂ ਦੇ ਚਲਾਨ 61 ਸਫਿਆਂ ਦੀ ਸੰਖੇਪ ਰਿਪੋਰਟ ਵਿਚ ਬੇਅਦਬੀ ਘਟਨਾਵਾਂ ਬਾਰੇ ਇਹ ਨਿਚੋੜ ਤਾਂ ਕੱਢਿਆ ਹੈ ਕਿ ਬਰਗਾੜੀ ਤੇ ਹੋਰ ਥਾਂਵਾਂ ਉਪਰ ਅਕਤੂਬਰ 2015 ‘ਚ ਵਾਪਰੀਆਂ ਘਟਨਾਵਾਂ ਸੁਖਬੀਰ ਸਿੰਘ ਬਾਦਲ, ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਪਹਿਲੋਂ ਘੜੀ ਯੋਜਨਾ ਦਾ ਨਤੀਜਾ ਸਨ ਪਰ ਤੱਥ ਤੇ ਗਵਾਹੀਆਂ ਦੇ ਆਧਾਰ ਉਪਰ ਕੋਟਕਪੂਰਾ ਥਾਣੇ ਵਿਚ ਦਰਜ ਇਸ ਕੇਸ ਵਿਚ ਸਥਾਪਤ ਕੀਤੇ ਦੋਸ਼ੀਆਂ ਦੀ ਸੂਚੀ ਵਿਚ ਕਿਸੇ ਦਾ ਵੀ ਨਾਂ ਸ਼ਾਮਲ ਨਹੀਂ। ਆਈæਜੀæ ਕੁੰਵਰ ਵਿਜੈ ਪ੍ਰਤਾਪ ਵਲੋਂ ਪੇਸ਼ ਚਲਾਨ ਵਿਚ ਮੁਅੱਤਲ ਆਈæਜੀæ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸ਼ਐਸ਼ਪੀæ ਚਰਨਜੀਤ ਸ਼ਰਮਾ, ਡੀæਐਸ਼ਪੀæ ਕੋਟਕਪੂਰਾ ਬਲਜੀਤ ਸਿੰਘ, ਐਸ਼ਐਚæਓæ ਗੁਰਦੀਪ ਸਿੰਘ ਅਤੇ ਏæਡੀæਸੀæਪੀæ ਪਰਮਜੀਤ ਸਿੰਘ ਪੰਨੂ ਤੋਂ ਇਲਾਵਾ ਤਤਕਾਲੀ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਦੋਸ਼ੀ ਠਹਿਰਾਇਆ ਗਿਆ ਹੈ।