ਅੰਮ੍ਰਿਤਸਰ: ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਫੌਜੀ ਹਮਲੇ (ਸਾਕਾ ਨੀਲਾ ਤਾਰਾ) ਦੀ 35ਵੀਂ ਵਰ੍ਹੇਗੰਢ ਮੌਕੇ ਵੀ ਉਸ ਸਮੇਂ ਦੀ ਸਰਕਾਰ ਦੀ ਨੀਤੀ ਤੇ ਨੀਅਤ ਉਤੇ ਉਹੀ ਸਵਾਲ ਖੜ੍ਹੇ ਹਨ, ਜਿਨ੍ਹਾਂ ਦਾ ਜਵਾਬ ਦੇਣ ਤੋਂ ਹਮੇਸ਼ਾ ਟਾਲਾ ਵੱਟਿਆ ਗਿਆ। ਇਸ ਹਮਲੇ ਤੋਂ ਬਾਅਦ ਇਕ ਤੋਂ ਬਾਅਦ ਇਕ ਖੁਲਾਸੇ ਹੁੰਦੇ ਰਹੇ ਹਨ ਪਰ ਸਰਕਾਰੀ ਪੱਖੋਂ ਅੱਜ ਤੱਕ ਇਨ੍ਹਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਨਹੀਂ ਹੋਈ।
ਹੁਣ ਤੱਕ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ਤੋਂ ਇਹ ਤੈਅ ਹੋ ਗਿਆ ਹੈ ਕਿ ਉਸ ਵੇਲੇ ਦੀ ਹਾਕਮ ਧਿਰ ਨੇ ਇਸ ਹਮਲੇ ਦਾ ਮਨ ਕਾਫੀ ਪਹਿਲਾਂ ਬਣਾ ਲਿਆ ਸੀ। ਸਿੱਖ ਹਮਲੇ ਤੋਂ ਬਾਅਦ ਲਗਾਤਾਰ ਇਸ ਦਾ ਜਵਾਬ ਮੰਗ ਰਹੇ ਹਨ। ਇਸ ਵਾਰ ਵੀ ਸ਼੍ਰੋਮਣੀ ਕਮੇਟੀ ਦਿੱਲੀ ਸਮੇਤ ਹੋਰ ਸਿੱਖ ਜਥੇਬੰਦੀਆਂ ਇਹ ਮੰਗ ਲੈ ਕੇ ਤੁਰੀਆਂ ਹਨ ਕਿ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਦੇ ਦਸਤਾਵੇਜ਼ ਜਨਤਕ ਕੀਤੇ ਜਾਣ। ਦੱਸਿਆ ਜਾਵੇ ਕਿ ਇਸ ਹਮਲੇ ਵਿਚ ਬਰਤਾਨੀਆ ਸਰਕਾਰ ਤੋਂ ਕਿਸ ਆਧਾਰ ਉਤੇ ਮਦਦ ਮੰਗੀ ਗਈ। ਬਰਤਾਨੀਆ ਸਰਕਾਰ ਦਾ ਇਸ ਹਮਲੇ ਵਿਚ ਕੀ ਰੋਲ ਸੀ। ਇਹ ਸਵਾਲ ਸਿੱਖ ਕੌਮ ਦੇ ਮਨਾਂ ਵਿਚ ਇਸ ਹਮਲੇ ਦੀ ਵਰ੍ਹੇਗੰਢ ਸਮੇਂ ਹਰ ਸਾਲ ਖੜ੍ਹੇ ਹੁੰਦੇ ਹਨ ਪਰ ਇਸ ਸਬੰਧੀ ਸਰਕਾਰੀ ਫਾਈਲਾਂ ਦਾ ਸੱਚ ਸਾਹਮਣੇ ਲਿਆਉਣ ਤੋਂ ਹਰ ਸਰਕਾਰ ਟਲਦੀ ਰਹੀ ਹੈ।
ਇਹ ਗੱਲ ਹੁਣ ਕਾਫੀ ਹੱਦ ਤੱਕ ਸਾਫ ਹੋ ਚੁੱਕੀ ਹੈ ਕਿ ਇਸ ਤਤਕਾਲੀਨ ਪ੍ਰਧਾਨ ਮੰਤਰੀ ਅਤੇ ਇਸ ਹਮਲੇ ਦੀ ਸੂਤਰਧਾਰ ਇੰਦਰਾ ਗਾਂਧੀ ਨੇ ਚਿਰ ਪਹਿਲਾਂ ਹੀ ਆਪਣੇ ਨਜ਼ਦੀਕੀ ਸਲਾਹਕਾਰਾਂ ਨਾਲ ਰਾਇ-ਮਸ਼ਵਰਾ ਕਰਕੇ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰਨ ਦਾ ਫੈਸਲਾ ਕਰ ਲਿਆ ਸੀ। ਉਸ ਨੇ ਭਾਰਤੀ ਫੌਜ ਦੇ ਤਤਕਾਲੀਨ ਮੁਖੀ ਜਨਰਲ ਏæਐਸ਼ ਵੈਦਿਆ ਨੂੰ ਕੋਈ ਸਾਢੇ ਪੰਜ ਮਹੀਨੇ ਪਹਿਲਾਂ, 15 ਜਨਵਰੀ 1984 ਨੂੰ ਸੈਨਾ ਦਿਵਸ ਦੇ ਮੌਕੇ ਆਪਣੇ ਇਸ ਫੈਸਲੇ ਦੀ ਸੂਹ ਦੇ ਦਿੱਤੀ ਸੀ। ਉਸ ਤੋਂ ਝੱਟ ਹੀ ਬਾਅਦ ਪੱਛਮੀ ਕਮਾਨ ਦੀ ਪੈਰਾ ਬ੍ਰਿਗੇਡ ਡਿਵੀਜ਼ਨ ਦੀ ਫਸਟ ਬਟਾਲੀਅਨ ਦੇ ਕਮਾਂਡੋਆਂ ਨੂੰ ਚਕਰਾਤਾ (ਦੇਹਰਾਦੂਨ ਨੇੜੇ) ਤੇ ਸਰਸਾਵਾ (ਸਹਾਰਨਪੁਰ) ਵਿਖੇ ਵਿਸ਼ੇਸ਼ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਗਈ ਸੀ। ਉਨ੍ਹਾਂ ਨੂੰ ਦਰਬਾਰ ਸਾਹਿਬ ਸਮੂਹ ਨਾਲ ਮਿਲਦੀ-ਜੁਲਦੀ ਨਕਲੀ ਇਮਾਰਤ ਤਿਆਰ ਕਰਕੇ ਇਸ ਉਤੇ ਧਾਵਾ ਬੋਲਣ ਦਾ ਉਚੇਚਾ ਅਭਿਆਸ ਕਰਵਾਇਆ ਗਿਆ ਸੀ।
ਹਮਲੇ ਦੀ ਮਿਥੀ ਹੋਈ ਤਰੀਕ ਨੇੜੇ ਢੁਕਦਿਆਂ ਹੀ ਜਨਰਲ ਏæਐਸ਼ ਵੈਦਿਆ, ਜੋ ਉਸ ਵੇਲੇ ਕਸ਼ਮੀਰ ਅੰਦਰ ਛੁੱਟੀਆਂ ਮਨਾ ਰਿਹਾ ਸੀ, ਨੂੰ ਫੌਰਨ ਦਿਲੀ ਸੱਦ ਲਿਆ ਗਿਆ। ਮਈ ਦੇ ਆਖਰੀ ਦਿਨਾਂ ‘ਚ ਭਾਰਤੀ ਫੌਜ ਦੀਆਂ ਚੁਣਵੀਆਂ ਟੁਕੜੀਆਂ ਇਕ-ਇਕ ਕਰਕੇ ਅੰਮ੍ਰਿਤਸਰ ਪਹੁੰਚਣੀਆਂ ਸ਼ੁਰੂ ਹੋ ਗਈਆਂ। ਪੰਜਾਬ ਅੰਦਰ ਫੌਜ ਭੇਜਣ ਦੇ ਅਸਲੀ ਮੰਤਵ ਨੂੰ ਛੁਪਾਉਣ ਲਈ ਬਾਹਰੀ ਪ੍ਰਭਾਵ ਇਹ ਦਿੱਤਾ ਗਿਆ ਕਿ ਸਰਹੱਦੋਂ ਪਾਰ ਘੁਸਪੈਠ ਬੰਦ ਕਰਨ ਲਈ ਫੌਜ ਸਰਹੱਦ ਉਤੇ ਤਾਇਨਾਤ ਕਰਨ ਲਈ ਭੇਜੀ ਜਾ ਰਹੀ ਸੀ।
ਪੱਛਮੀ ਕਮਾਨ ਦੀ ਆਹਲਾ ਦਰਜੇ ਦੀ ਤੋਪਖਾਨਾ ਡਵੀਜ਼ਨ 30 ਮਈ ਨੂੰ ਹੀ ਸੜਕ ਰਸਤੇ ਅੰਮ੍ਰਿਤਸਰ ਪਹੁੰਚ ਗਈ ਸੀ। ਹੈਦਰਾਬਾਦ ਤੇ ਰਾਂਚੀ ਤੋਂ ਚੋਣਵੇਂ ਫੌਜੀ ਦਸਤਿਆਂ ਨੂੰ ਹਵਾਈ ਜਹਾਜ਼ਾਂ ਦੇ ਜ਼ਰੀਏ ਅੰਮ੍ਰਿਤਸਰ ਢੋਇਆ ਗਿਆ। ਸਮੁੰਦਰੀ ਫੌਜ ਦੇ ਅੱਵਲ ਦਰਜੇ ਦੇ ਗੋਤਾਖੋਰ ਹਵਾਈ ਜਹਾਜ਼ ਰਾਹੀਂ ਬੰਬਈ ਤੋਂ ਅੰਮ੍ਰਿਤਸਰ ਪਹੁੰਚਾਏ ਗਏ। ਇਹ ਤਿਆਰੀਆਂ ਇਹੀ ਸੰਕੇਤ ਦਿੰਦੀਆਂ ਹਨ ਕਿ ਸਰਕਾਰ ਦੇ ਇਰਾਦਿਆਂ ਪਿੱਛੇ ਕੋਈ ਸਿਆਸੀ ਇੱਛਾ ਵੀ ਕੰਮ ਕਰ ਰਹੀ ਸੀ।