ਚੰਡੀਗੜ੍ਹ: ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ, ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਨਵਾਂ ਪੰਜਾਬ ਪਾਰਟੀ ਦੇ ਮੋਢੀ ਡਾਕਟਰ ਧਰਮਵੀਰ ਗਾਂਧੀ ਆਪੋ-ਆਪਣੀਆਂ ਪਾਰਟੀਆਂ ਚਲਾਉਣ ਦੀ ਥਾਂ ਇਕੋ ਸਾਂਝੀ ਪਾਰਟੀ ਦੇ ਝੰਡੇ ਹੇਠ ਇਕੱਠੇ ਹੋ ਕੇ ਸੂਬੇ ਵਿਚ ਤੀਸਰਾ ਫਰੰਟ ਬਣਾਉਣ ਦੀ ਤਿਆਰੀ ਵਿਚ ਹਨ। ਇਨ੍ਹਾਂ ਆਗੂਆਂ ਦਾ ਨਿਸ਼ਾਨਾ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੀਆਂ ਤਿੰਨ ਰਵਾਇਤੀ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੇ ਬਰਾਬਰ ਤੀਸਰਾ ਸਿਆਸੀ ਬਦਲ ਉਸਾਰ ਕੇ ਪੰਜਾਬੀਆਂ ਨੂੰ ਪਰਿਵਾਰਵਾਦ ਅਤੇ ਰਜਵਾੜਿਆਂ ਦੇ ਗਲਬੇ ਵਿਚੋਂ ਬਾਹਰ ਕੱਢਣਾ ਹੈ।
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਪੰਜਾਬ ਜਮਹੂਰੀ ਗੱਠਜੋੜ (ਪੀ.ਡੀ.ਏ.) ਦੇ ਮੁੱਖ ਆਗੂ ਸੁਖਪਾਲ ਖਹਿਰਾ ਨੇ ਇਸ ਤਜਵੀਜ਼ ਦਾ ਖੁਲਾਸਾ ਕਰਦਿਆਂ ਕਿਹਾ ਕਿ ਡਾ. ਗਾਧੀ ਅਤੇ ਸ੍ਰੀ ਬੈਂਸ ਸਮੇਤ ਉਨ੍ਹਾਂ (ਖਹਿਰਾ) ਦੀ ਸਿਆਸੀ ਸੋਚ ਤਕਰੀਬਨ ਇਕੋ ਜਿਹੀ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਇਕੋ ਪਾਰਟੀ ਦੇ ਝੰਡੇ ਹੇਠ ਲੜਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਪਾਰਟੀ ਦਾ ਇਕ ਨਿਸ਼ਾਨ, ਇਕ ਵਿਧਾਨ ਅਤੇ ਇਕ ਪ੍ਰਧਾਨ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਧਿਰਾਂ ਦੀ ਇਕ ਪਾਰਟੀ ਬਣਾ ਕੇ ਬਹੁਜਨ ਸਮਾਜ ਪਾਰਟੀ (ਬਸਪਾ), ਸੀ.ਪੀ.ਆਈ. ਅਤੇ ਆਰ.ਐਮ.ਪੀ.ਆਈ. ਆਦਿ ਨਾਲ ਗੱਠਜੋੜ ਕੀਤਾ ਜਾ ਸਕਦਾ ਹੈ। ਸ੍ਰੀ ਖਹਿਰਾ ਨੇ ਐਲਾਨ ਕੀਤਾ ਕਿ ਤਿੰਨਾਂ ਧਿਰਾਂ ਦੀ ਬਣਾਈ ਜਾਣ ਵਾਲੀ ਇਕੋ ਸਾਂਝੀ ਪਾਰਟੀ ਵਿਚ ਉਹ ਕੋਈ ਅਹੁਦਾ ਨਹੀਂ ਲੈਣਗੇ ਅਤੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣ ਲਈ ਤੀਸਰਾ ਸਿਆਸੀ ਬਦਲ ਉਸਾਰਿਆ ਜਾਵੇਗਾ।
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸੰਪਰਕ ਕਰਨ ‘ਤੇ ਕਿਹਾ ਕਿ ਉਹ ਤਾਂ ਚੋਣਾਂ ਤੋਂ ਪਹਿਲਾਂ ਹੀ ਇਕ ਪਾਰਟੀ ਵੱਲੋਂ ਚੋਣ ਲੜਨ ਦੇ ਹਾਮੀ ਸਨ ਪਰ ਹੁਣ 2022 ਦੀਆਂ ਚੋਣਾਂ ਤੋਂ ਪਹਿਲਾਂ ਉਹ ਤਿੰਨੇ ਧਿਰਾਂ ਇਕ ਪਾਰਟੀ ਬਣਾ ਕੇ ਪੰਜਾਬੀਆਂ ਨੂੰ ਤੀਸਰਾ ਸਿਆਸੀ ਬਦਲ ਦੇਣਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਉਸਾਰੀ ਜਾ ਰਹੀ ਪਾਰਟੀ ਪੰਜਾਬ ਵਿਚੋਂ ਨੋਟ ਤੇ ਧੌਂਸ ਦੀ ਰਾਜਨੀਤੀ ਦਾ ਖਾਤਮਾ ਕਰੇਗੀ। ਨਵਾਂ ਪੰਜਾਬ ਪਾਰਟੀ ਦੇ ਮੋਢੀ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਬਾਦਲ ਦਲ ਆਪਣੇ ਅਸੂਲ ਤੇ ਸਿਧਾਂਤ ਤਿਆਗ ਕੇ ਨਰਿੰਦਰ ਮੋਦੀ ਦੀ ਉਪਮਾ ਕਰਨ ਤਕ ਸੀਮਤ ਰਹਿ ਗਿਆ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜਿਥੇ ਸ੍ਰੀ ਮੋਦੀ ਦੇ ਏਜੰਡਿਆਂ ਨੂੰ ਪੱਠੇ ਪਾ ਰਹੇ ਹਨ, ਉਥੇ ਹੀ ਬਾਦਲਾਂ ਨਾਲ ਗੁਪਤ ਸਿਆਸੀ ਯਾਰੀ ਪਾ ਕੇ ਸੂਬੇ ਨੂੰ ਗੁਮਰਾਹ ਕਰ ਰਹੇ ਹਨ। ਇਸ ਕਾਰਨ ਪੰਜਾਬੀਆਂ ਨੂੰ ਖੁਦਮੁਖਤਿਆਰੀ ਦਿਵਾਉਣ, ਜਮਹੂਰੀ ਪੰਜਾਬ ਸਿਰਜਣ, 21ਵੀਂ ਸਦੀ ਦਾ ਨਵਾਂ ਪੰਜਾਬ ਉਸਾਰਨ ਲਈ ਖੇਤਰੀ ਪੱਧਰ ਦਾ ਤੀਸਰਾ ਸਿਆਸੀ ਫਰੰਟ ਸਮੇਂ ਦੀ ਮੰਗ ਹੈ। ਉਹ ਸ੍ਰੀ ਖਹਿਰਾ ਤੇ ਸ੍ਰੀ ਬੈਂਸ ਨਾਲ ਮਿਲ ਕੇ ਆਪੋ-ਆਪਣੀਆਂ ਪਾਰਟੀਆਂ ਦੀ ਥਾਂ ਇਕ ਪਾਰਟੀ ਬਣਾ ਕੇ ਲਾਵਾਰਸ ਹੋ ਰਹੇ ਪੰਜਾਬ ਦੀ ਬਾਂਹ ਫੜਨ ਲਈ ਹਰੇਕ ਕੁਰਬਾਨੀ ਦੇਣ ਲਈ ਤਿਆਰ ਹਨ।
__________________________–
‘ਆਪ’ ਨਾਲ ਏਕਤਾ ਦਾ ਵਰਕਾ ਪਾੜ ਦਿੱਤਾ: ਖਹਿਰਾ
ਸੁਖਪਾਲ ਖਹਿਰਾ ਨੇ ਕਿਹਾ ਕਿ ਉਨ੍ਹਾਂ ਆਮ ਆਦਮੀ ਪਾਰਟੀ (ਆਪ) ਨਾਲ ਏਕਤਾ ਕਰਨ ਦਾ ਵਰਕਾ ਹੀ ਪਾੜ ਦਿੱਤਾ ਹੈ ਕਿਉਂਕਿ ਹੁਣ ਸਿਧਾਂਤਕ ਤੌਰ ਉਤੇ ‘ਆਪ’ ਨਾਲ ਹੱਥ ਮਿਲਾਉਣੇ ਸੰਭਵ ਨਹੀਂ ਹਨ। ਸ੍ਰੀ ਖਹਿਰਾ ਨੇ ਦੱਸਿਆ ਕਿ ‘ਆਪ’ ਦੇ ਪ੍ਰਧਾਨ ਭਗਵੰਤ ਮਾਨ ਨੇ ਚੋਣ ਜਿੱਤਣ ਤੋਂ ਬਾਅਦ ਉਨ੍ਹਾਂ ਸਮੇਤ ਵਿਧਾਇਕ ਕੰਵਰ ਸੰਧੂ ਨੂੰ ਫੋਨ ਕਰ ਕੇ ਏਕਤਾ ਕਰਨ ਦੀ ਗੱਲ ਨਹੀਂ ਕੀਤੀ ਸੀ, ਸਗੋਂ ਰਸਮੀ ਫੋਨ ਹੀ ਕੀਤਾ ਸੀ। ਉਨ੍ਹਾਂ ਕਿਹਾ ਕਿ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਕ ਪਾਸੇ ਕਾਂਗਰਸ ਨਾਲ ਗੱਠਜੋੜ ਕਰਨ ਲਈ ਤਰਲੇ ਮਾਰਦੇ ਰਹੇ ਹਨ ਅਤੇ ਦੂਸਰੇ ਪਾਸੇ ਉਹ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਡਰੱਗ ਦੇ ਮਾਮਲੇ ‘ਤੇ ਅਦਾਲਤ ਵਿਚ ਮੁਆਫੀ ਮੰਗ ਕੇ ਪੰਜਾਬੀਆਂ ਨਾਲ ਵਿਸ਼ਵਾਸਘਾਤ ਕਰ ਚੁੱਕੇ ਹਨ। ਇਸ ਕਾਰਨ ‘ਆਪ’ ਨਾਲ ਹੁਣ ਏਕਤਾ ਨਹੀਂ ਹੋ ਸਕਦੀ।