ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਵਿਚ ਏਕਤਾ ਹੋਣੀ ਦੂਰ ਦੀ ਗੱਲ ਜਾਪਦੀ ਹੈ। ਬਾਗੀ ਧੜੇ ਦੇ ਆਗੂਆਂ ਵੱਲੋਂ ਝਾੜੂ ਦੇ ਤੀਲਿਆਂ ਨੂੰ ਇਕੱਠਾ ਕਰਨ ਲਈ ਲਾਈਆਂ ਜਾ ਰਹੀਆਂ ਸ਼ਰਤਾਂ ਪਾਰਟੀ ਵੱਲੋਂ ਮੰਨਣੀਆਂ ਸੰਭਵ ਨਹੀਂ ਜਾਪਦੀਆਂ। ਉਂਜ ਪਾਰਟੀ ਤੋਂ ਬਾਗੀ ਹੋਏ ਤਿੰਨ ਵਿਧਾਇਕ ਜਗਦੇਵ ਸਿੰਘ ਕਮਾਲੂ, ਜਗਤਾਰ ਸਿੰਘ ਜੱਗਾ ਅਤੇ ਪਿਰਮਲ ਸਿੰਘ ਖਾਲਸਾ ਪੰਜਾਬ ਦੇ ਹਿੱਤਾਂ ਲਈ ਪਾਰਟੀ ਦੀ ਇਕਜੁੱਟਤਾ ਦੇ ਹਾਮੀ ਹਨ ਪਰ ਉਨ੍ਹਾਂ ਦੀਆਂ ਡੋਰਾਂ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਦੇ ਹੱਥ ਵਿਚ ਹਨ।
ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਚਰਚਾ ਚੱਲ ਰਹੀ ਹੈ ਕਿ ‘ਆਪ’ ਦੀ ਲੀਡਰਸ਼ਿਪ ਮੁੜ ਇਕੱਠੀ ਹੋ ਰਹੀ ਹੈ ਪਰ ਸੂਤਰਾਂ ਅਨੁਸਾਰ ਫਿਲਹਾਲ ਉਚ ਪੱਧਰ ‘ਤੇ ਅਜਿਹੀ ਕੋਈ ਗੱਲ ਨਹੀਂ ਚੱਲੀ। ‘ਆਪ’ ਦੇ ਸਮੂਹ ਬਾਗੀ ਵਿਧਾਇਕਾਂ ਤੇ ਆਗੂਆਂ ਨਾਲ ਗੱਲਬਾਤ ਕਰਨ ਉਪਰੰਤ ਖੁਲਾਸਾ ਹੋਇਆ ਹੈ ਕਿ ਭਾਵੇਂ ਇਨ੍ਹਾਂ ਚੋਣਾਂ ਵਿਚ ਪਾਰਟੀ ਅਤੇ ਬਾਗੀ ਧਿਰ ਦੋਵਾਂ ਨੂੰ ਨਮੋਸ਼ੀ ਭਰੀ ਹਾਰ ਹੋਣ ਕਾਰਨ ਏਕਤਾ ਦੀ ਲੋੜ ਮਹਿਸੂਸ ਹੋ ਰਹੀ ਹੈ ਪਰ ਇਸ ਦੌਰਾਨ ਲਾਈਆਂ ਜਾ ਰਹੀਆਂ ਸ਼ਰਤਾਂ ਝਾੜੂ ਨੂੰ ਇਕ ਮੁੱਠੀ ਵਿਚ ਲਿਆਉਣ ਵਿਚ ਰੁਕਾਵਟ ਬਣ ਸਕਦੀਆਂ ਹਨ। ਪਾਰਟੀ ਵਿਚੋਂ ਮੁਅੱਤਲ ਕੀਤੇ ਬਾਗੀ ਧਿਰ ਦੇ ਵਿਧਾਇਕ ਕੰਵਰ ਸੰਧੂ ਦਾ ਕਹਿਣਾ ਹੈ ਕਿ ਪਾਰਟੀ ਨੂੰ ਏਕਤਾ ਵਿਚ ਪਰੋਣਾ ਸਮੇਂ ਦੀ ਮੰਗ ਹੈ ਕਿਉਂਕਿ ਪੰਜਾਬ ਵਿਚ ਜਿੰਨਾ ਚਿਰ ਇਕ ਠੋਸ ਤੀਸਰਾ ਸਿਆਸੀ ਫਰੰਟ ਨਹੀਂ ਬਣਦਾ ਉਦੋਂ ਤੱਕ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾਉਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਕੀਤੀਆਂ ਗਲਤੀਆਂ ਦੀ ਪੜਚੋਲ ਕਰਨ ਦੀ ਲੋੜ ਹੈ ਅਤੇ ਆਪੋ-ਆਪਣੀਆਂ ਗਲਤੀਆਂ ਮੰਨ ਕੇ ਅੱਗੇ ਚਲਣਾ ਪਵੇਗਾ। ਉਨ੍ਹਾਂ ਕਿਹਾ ਕਿ ਬਾਗੀ ਧਿਰ ਵੱਲੋਂ ਕੀਤੀ ਬਠਿੰਡਾ ਕਨਵੈਨਸ਼ਨ ਵਿਚ ਕਈ ਮਤੇ ਪਾਸ ਹੋਏ ਸਨ ਪਰ ਮੌਜੂਦਾ ‘ਆਪ’ ਦਾ ਜਥੇਬੰਦਕ ਢਾਂਚਾ ਭੰਗ ਕਰਕੇ ਨਵੀਂ ਟੀਮ ਬਣਾਉਣ, ਦਿੱਲੀ ਦੀ ਅਧੀਨਗੀ ਛੱਡ ਕੇ ਪਾਰਟੀ ਦਾ ਪੰਜਾਬ ਵਿਚ ਆਪਣਾ ਖੁਦਮੁਖਤਿਆਰ ਢਾਂਚਾ ਬਣਾਉਣ ਅਤੇ ਪੰਜਾਬ ਦੀ ਵੱਖਰੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀ.ਏ.ਸੀ.) ਬਣਾਉਣ ਦੇ 3 ਮਤਿਆਂ ਨੂੰ ਲਾਗੂ ਕਰਕੇ ਹੀ ਏਕਤਾ ਸੰਭਵ ਹੈ।
ਸ੍ਰੀ ਸੰਧੂ ਨੇ ਕਿਹਾ ਕਿ ਸ੍ਰੀ ਮਾਨ ਵੱਲੋਂ ਪਿਛਲੇ ਦਿਨੀਂ ਉਨ੍ਹਾਂ ਨੂੰ ਕੀਤਾ ਫੋਨ ਇਕ ਰਸਮੀ ਕਾਰਵਾਈ ਸੀ ਕਿਉਂਕਿ ਉਨ੍ਹਾਂ ਏਕਤਾ ਦੀ ਕੋਈ ਗੱਲ ਨਹੀਂ ਕੀਤੀ ਸੀ। ਪਾਰਟੀ ਦੇ ਭਦੌੜ ਤੋਂ ਬਾਗੀ ਵਿਧਾਇਕ ਪਿਰਮਲ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਇਕੱਠੇ ਹੋਣ ਦਾ ਸਮਾਂ ਹੈ ਅਤੇ ਪਹਿਲਾਂ ਵੀ ਏਕਤਾ ਕਰਨ ਲਈ ਦੋਵੇਂ ਧਿਰਾਂ ਦੇ 5-5 ਆਗੂਆਂ ਦੇ ਅਧਾਰਤ ਕਮੇਟੀ ਬਣਾਈ ਸੀ ਪਰ ਪਾਰਟੀ ਵਾਲਿਆਂ (ਭਗਵੰਤ ਮਾਨ) ਨੇ ਗੰਭੀਰਤਾ ਨਹੀਂ ਦਿਖਾਈ ਸੀ। ਉਨ੍ਹਾਂ ਕਿਹਾ ਕਿ ਹੁਣ ਪਾਰਟੀ ਸੂਬੇ ਵਿਚ 36 ਲੱਖਾਂ ਵੋਟਾਂ ਤੋਂ 10 ਲੱਖ ਵੋਟਾਂ ‘ਤੇ ਸਿਮਟ ਕੇ ਰਹਿ ਗਈ ਹੈ। ਜਿਸ ਕਾਰਨ ਅਕਾਲੀ ਦਲ ਤੋਂ ਖਹਿੜਾ ਛੁਡਾਉਣ ਲਈ ਜਿਥੇ ਪਾਰਟੀ ਨੂੰ ਇਕ ਹੋਣ ਦੀ ਲੋੜ ਹੈ, ਉਥੇ ਸੁਖਪਾਲ ਖਹਿਰਾ ਸਮੇਤ ਡਾਕਟਰ ਧਰਮਵੀਰ ਗਾਂਧੀ ਅਤੇ ਸਿਮਰਜੀਤ ਸਿੰਘ ਬੈਂਸ ਨੂੰ ਵੀ ਨਾਲ ਜੋੜਨਾ ਚਾਹੀਦਾ ਹੈ। ਰਾਏਕੋਟ ਤੋਂ ਪਾਰਟੀ ਦੇ ਬਾਗੀ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਕਿਹਾ ਕਿ ਪਾਰਟੀ ਵਿਚ ਏਕਤਾ ਕਰਨਾ ਸਮੇਂ ਦੀ ਵੱਡੀ ਲੋੜ ਹੈ, ਇਸ ਲਈ ਹਰੇਕ ਨੂੰ ਆਪੋ-ਆਪਣੀ ਹਊਮੈ ਛੱਡ ਕੇ ਸੁਹਿਰਦਤਾ ਨਾਲ ਅੱਗੇ ਵਧਣ ਦੀ ਲੋੜ ਹੈ ਅਤੇ ਉਹ ਇਸ ਸਬੰਧੀ ਸ੍ਰੀ ਖਹਿਰਾ ਨਾਲ ਚਰਚਾ ਕਰਨਗੇ। ਹਲਕਾ ਮੌੜ ਤੋਂ ਪਾਰਟੀ ਦੇ ਬਾਗੀ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਉਹ ਅੱਜ ਵੀ ‘ਆਪ’ ਦੇ ਵਿਧਾਇਕ ਹਨ ਅਤੇ ਇਸ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਏਕਤਾ ਹੋਣੀ ਚਾਹੀਦੀ ਹੈ।
___________________________________________
‘ਆਪ’ ਨੇ ਬਾਦਲਾਂ ਤੇ ਕੈਪਟਨ ਦੀ ਮਿਲੀਭੁਗਤ ਨੂੰ ਦੱਸਿਆ ਹਾਰ ਦਾ ਕਾਰਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਪੰਜਾਬ ਦੇ ਵਿਧਾਇਕ ਦਲ ਨਾਲ ਕੀਤੀ ਮੀਟਿੰਗ ਵਿਚ ਪਾਰਟੀ ਦੀ ਹਾਰ ਦਾ ਮੁੱਖ ਕਾਰਨ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ-ਭਾਜਪਾ ਗੱਠਜੋੜ ਅਤੇ ਕਾਂਗਰਸ ਵੱਲੋਂ ਤੀਸਰੀਆਂ ਧਿਰਾਂ ਨੂੰ ਹਰਾਉਣ ਲਈ ਖੇਡੇ ਦੋਸਤਾਨਾ ਮੈਚ ਨੂੰ ਦੱਸਿਆ ਹੈ।
ਮੀਟਿੰਗ ਵਿਚ ‘ਆਪ’ ਦੇ ਪਾਰਟੀ ਨਾਲ ਜੁੜੇ 11 ਵਿਧਾਇਕਾਂ ਵਿਚੋਂ 9 ਵਿਧਾਇਕ ਸ਼ਾਮਲ ਹੋਏ। ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਆਪਣੇ ਸੰਸਦੀ ਰੁਝੇਵਿਆਂ ਕਾਰਨ ਮੀਟਿੰਗ ਵਿਚ ਨਹੀਂ ਪੁੱਜ ਸਕੇ। ਮੀਟਿੰਗ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਮੀਟਿੰਗ ਵਿਚ ਇਹ ਸਿੱਟਾ ਕੱਢਿਆ ਗਿਆ ਹੈ ਕਿ ਬਾਦਲ ਅਤੇ ਕੈਪਟਨ ਪੰਜਾਬ ਵਿਚ ਕਿਸੇ ਤੀਸਰੀ ਧਿਰ ਦੇ ਉਭਾਰ ਨੂੰ ਰੋਕਣ ਲਈ ਹਮੇਸ਼ਾ ਇਕ ਹੋ ਜਾਂਦੇ ਹਨ ਅਤੇ ਇਨ੍ਹਾਂ ਚੋਣਾਂ ਵਿਚ ਵੀ ਇਨ੍ਹਾਂ ਦੋਵਾਂ ਨੇ ਕਈ ਹਲਕਿਆਂ ਵਿਚ ਦੋਸਤਾਨਾ ਮੈਚ ਖੇਡਿਆ ਹੈ। ਮੀਟਿੰਗ ਵਿਚ ਸ਼ਾਮਲ ਵਿਧਾਇਕ ਤੇ ਲੋਕ ਸਭਾ ਚੋਣਾਂ ਲਈ ਚੋਣ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਪਾਰਟੀ ਨੇ ਵਿਚਾਰ ਚਰਚਾ ਤੋਂ ਬਾਅਦ ਇਹ ਸਿੱਟਾ ਕੱਢਿਆ ਹੈ ਕਿ ਬਾਦਲ ਅਤੇ ਕੈਪਟਨ ਪਰਿਵਾਰ ਸੂਬੇ ਵਿਚ ਪੂਰੀ ਤਰ੍ਹਾਂ ਮਿਲ ਕੇ ਸਿਆਸਤ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਸ੍ਰੀ ਕੇਜਰੀਵਾਲ ਨੇ ਵਿਧਾਇਕਾਂ ਨੂੰ ਲੋਕ ਮੁੱਦਿਆਂ ਨੂੰ ਉਭਾਰਨ ਅਤੇ ਆਮ ਜਨਤਾ ਵਿਚ ਸਰਗਰਮ ਹੋਣ ਦੀ ਸਲਾਹ ਦਿੱਤੀ ਹੈ। ਇਸ ਤਹਿਤ ਪੰਜਾਬ ਇਕਾਈ ਨੇ ਕੈਪਟਨ ਸਰਕਾਰ ਵੱਲੋਂ ਚੋਣ ਜ਼ਾਬਤੇ ਤੋਂ ਤੁਰਤ ਬਾਅਦ ਬਿਜਲੀ ਦੀਆਂ ਦਰਾਂ ਵਿਚ ਕੀਤੇ ਵਾਧੇ ਵਿਰੁੱਧ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਬਿਜਲੀ ਦਰਾਂ ਦੇ ਵਿਚ ਵਾਧੇ ਦੇ ਮੁੱਦੇ ਉਤੇ ਪਹਿਲਾਂ ਪਾਰਟੀ ਦੇ ਵਿਧਾਇਕ ਦਲ ਦਾ ਵਫਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਬਿਜਲੀ ਦਰਾਂ ਵਿਚ ਵਾਧਾ ਵਾਪਸ ਲੈਣ ਦੀ ਮੰਗ ਕਰੇਗਾ ਅਤੇ ਇਸ ਤੋਂ ਬਾਅਦ ਅਗਲੀ ਰਣਨੀਤੀ ਐਲਾਨੀ ਜਾਵੇਗੀ। ਸ੍ਰੀ ਅਰੋੜਾ ਨੇ ਦੱਸਿਆ ਕਿ ਹੁਣ ਅਗਲੇ ਪੜਾਅ ਵਿਚ ਸ੍ਰੀ ਕੇਜਰੀਵਾਲ ਪਾਰਟੀ ਦੇ ਹਾਰੇ 12 ਉਮੀਦਵਾਰਾਂ ਨਾਲ ਵੀ ਮੀਟਿੰਗ ਕਰਨਗੇ।