ਸ਼ਕੁੰਤਲਾ

ਬਲਬੀਰ ਸਿੰਘ ਮੋਮੀ
ਮੈਂ ਔਰਤਾਂ ਨੂੰ ਦੋ ਹਿੱਸਿਆਂ ਵਿਚ ਵੰਡਦਾ ਹਾਂ। ਇਕ ਮਰਦ ਦੇ ਮਗਰ ਲੱਗਣ ਵਾਲੀਆਂ, ਦੂਜੀਆਂ ਮਰਦਾਂ ਨੂੰ ਮਗਰ ਲਾਉਣ ਵਾਲੀਆਂ। ਸ਼ਕੁੰਤਲਾ ਜੋ ਇਕ ਸਕੂਲ ਅਧਿਆਪਕਾ ਸੀ, ਦੱਬੀ ਰਹਿਣ ਵਿਚ ਵਿਸ਼ਵਾਸ ਰੱਖਦੀ ਸੀ। ਉਹ ਕਦੇ ਕਿਸੇ ਨਾਲ ਕਿਸੇ ਬਹਿਸ-ਮੁਬਾਹਸੇ ਵਿਚ ਨਹੀਂ ਪੈਂਦੀ ਸੀ। ਕਈ ਵਾਰ ਉਹ ਦੂਜੇ ਦੀ ਗਲਤ ਗੱਲ ਜਾਂ ਦਲੀਲ ਨੂੰ ਗਲਤ ਹੁੰਦਿਆਂ ਹੋਇਆਂ ਵੀ ਮੰਨ ਲੈਂਦੀ ਸੀ। ਇਕ ਵਾਰ ਬਾਹਰ ਮੀਂਹ ਪੈ ਰਿਹਾ ਸੀ, ਬੜੀ ਠੰਡ ਸੀ। ਸਰੀਰ ਕੰਬ ਰਹੇ ਸਨ ਪਰ ਜਦ ਉਹਦੀ ਇਕ ਸਾਥਣ ਨੇ ਕਿਹਾ ਕਿ ਬਾਹਰ ਤਾਂ ਬਿਲਕੁਲ ਠੰਡ ਨਹੀਂ ਤਾਂ ਉਹ ਝੱਟ ਮੰਨ ਗਈ ਕਿ ਬਾਹਰ ਵਾਕਿਆ ਈ ਠੰਡ ਨਹੀਂ ਹੈ।
ਮੈਂ ਅਕਸਰ ਇਹ ਸੋਚ ਕੇ ਹੈਰਾਨ ਹੁੰਦਾ ਕਿ ਕੀ ਸ਼ਕੁੰਤਲਾ ਦੀ ਆਪਣੀ ਕੋਈ ਮਰਜ਼ੀ ਨਹੀਂ ਸੀ। ਜੇ ਕੋਈ ਦਿਨ ਨੂੰ ਰਾਤ ਕਹਿ ਦਿੰਦਾ ਤਾਂ ਉਹ ਦਿਨ ਨੂੰ ਰਾਤ ਮੰਨ ਲੈਂਦੀ। ਪੜ੍ਹੀ ਲਿਖੀ ਸੀ, ਚੰਗੀ ਨੌਕਰੀ ਤੇ ਲੱਗੀ ਹੋਈ ਸੀ। ਪਿੱਛਾ ਵੀ ਮਾੜਾ ਨਹੀਂ ਸੀ। ਆਰਥਿਕ ਪੱਖੋਂ ਸੁਤੰਤਰ ਸੀ। ਦੇਸ਼ ਦੀ ਰਾਜਨੀਤੀ ਤੇ ਆਰਥਿਕਤਾ ਨੂੰ ਸਮਝਦੀ ਸੀ। ਚੰਗੇ ਮਾੜੇ ਦਾ ਵੀ ਗਿਆਨ ਸੀ ਪਰ ਫਿਰ ਵੀ ਦੂਜੇ ਦੀ ਗਲਤ ਗੱਲ ਨੂੰ ਫੌਰਨ ਮੰਨ ਲੈਣ ਵਿਚ ਕੀ ਵਡਿਆਈ ਸੀ। ਉਸ ਦਾ ਵਿਹਾਰ ਅਜਿਹਾ ਕਿਉਂ ਹੋ ਗਿਆ ਸੀ। ਕੀ ਉਸ ਦੇ ਜੀਵਨ ਵਿਚ ਕੋਈ ਅਜਿਹੀ ਘਟਨਾ ਘਟੀ ਸੀ ਜਿਸ ਕਾਰਨ ਉਸ ਦਾ ਵਿਰੋਧੀ ਭਾਵਾਂ ਨੂੰ ਅਸਵੀਕਾਰ ਕਰਨ ਵਾਲਾ ਪਾਸਾ ਬੰਦ ਹੋ ਗਿਆ ਸੀ।
ਇਕ ਦਿਨ ਜਦ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਲੱਗੀ ਹੋਈ ਸੀ ਅਤੇ ਭਾਰਤੀ ਫੌਜਾਂ ਪਾਕਿਸਤਾਨ ਦੇ ਅੰਦਰ ਵੱਲ ਫਤਿਹ ਪ੍ਰਾਪਤ ਕਰਦੀਆਂ ਵਧ ਰਹੀਆਂ ਸਨ ਤਾਂ ਮੈਂ ਉਸ ਨੂੰ ਕਹਿ ਬੈਠਾ ਕਿ ਪਾਕਿਸਤਾਨੀ ਫੌਜਾਂ ਨੇ ਪੰਜਾਬ ਦੇ ਕੁਝ ਹਿੱਸਿਆਂ ‘ਤੇ ਕਬਜ਼ਾ ਕਰ ਲਿਆ ਹੈ ਤਾਂ ਉਸ ਫੌਰਨ ਮੰਨ ਲਿਆ ਜਦਕਿ ਛਪੀ ਅਖਬਾਰ ਉਸ ਦੇ ਸਾਹਮਣੇ ਪਈ ਸੀ। ਖਬਰਾਂ ਵਿਚ ਅਜਿਹਾ ਕੋਈ ਸੰਕੇਤ ਨਹੀਂ ਸੀ ਕਿ ਪਾਕਿਸਤਾਨੀ ਫੌਜਾਂ ਜਿੱਤ ਰਹੀਆਂ ਸਨ ਅਤੇ ਉਸ ਨੇ ਅਖਬਾਰ ਪੜ੍ਹੀ ਹੋਈ ਸੀ। ਮੈਂ ਉਸ ਦੇ ਯਕਦਮ ਮੇਰੀ ਗਲਤ ਗੱਲ ਮੰਨੇ ਜਾਣ ‘ਤੇ ਬੜੀਆਂ ਸੋਚਾਂ ਵਿਚ ਪੈ ਗਿਆ। ਜ਼ਰੂਰ ਸ਼ਕੁੰਤਲਾ ਕਿਸੇ ਭਾਰੀ ਮਾਨਸਿਕ ਸਦਮੇ ਦੀ ਸ਼ਿਕਾਰ ਸੀ। ਨਹੀਂ ਤਾਂ ਏਸ ਯੁਗ ਦੀ ਔਰਤ ਏਨੀ ਸਬਮਿਸਿਵ ਨਹੀਂ ਸੀ ਅਤੇ ਮੈਂ ਅਨੇਕਾਂ ਅਜਿਹੀਆਂ ਔਰਤਾਂ ਨੂੰ ਜਾਣਦਾ ਸਾਂ ਜੋ ਜੀਭ ਦੀਆਂ ਬੜੀਆਂ ਤਿਖੀਆਂ ਸਨ ਅਤੇ ਗੱਲ ਨੂੰ ਹੇਠਾਂ ਲੱਗਣ ਹੀ ਨਹੀਂ ਦਿੰਦੀਆਂ ਸਨ। ਆਪਣੀ ਗਲਤ ਗੱਲ ਨੂੰ ਠੀਕ ਮੰਨਵਾ ਕੇ ਹੀ ਸਾਹ ਲੈਂਦੀਆਂ ਸਨ। ਗੱਲ ਗੱਲ ਤੇ ਲੜਨ ਪੈਂਦੀਆਂ ਸਨ। ਤਾਅਨੇ-ਮਿਹਣੇ ਦਿੰਦੀਆਂ ਤੇ ਅਗਲਿਆਂ ਪਿਛਲਿਆਂ ਨੂੰ ਪੁਣਦੀਆਂ ਸਨ। ਨਿੱਕੀ ਨਿੱਕੀ ਗੱਲ ਤੇ ਰੁੱਸ ਜਾਂਦੀਆਂ ਸਨ। ਮੰਨਣ ਲਈ ਗਲਤ ਸ਼ਰਤਾਂ ਮੰਨਵਾਉਂਦੀਆਂ ਸਨ। ਕਈ ਵਾਰ ਰੁੱਸ ਕੇ ਪੇਕੇ ਟੁਰ ਜਾਂਦੀਆਂ ਸਨ। ਫਿਰ ਮਰਦ ਨੂੰ ਸਾਰੇ ਪੇਕੇ ਪਰਿਵਾਰ ਦੇ ਤਰਲੇ ਕੱਢਣ ਤੇ ਸ਼ਰਤਾਂ ਪੂਰੀਆਂ ਕਰਨ ਦੀਆਂ ਲਿਖਤਾਂ ਲਿਖਵਾਉਂਦੀਆਂ ਸਨ ਤੇ ਇਕ ਸ਼ਕੁੰਤਲਾ ਸੀ ਜੋ ਹਰ ਸਮੇਂ ਮਸਤ ਤੇ ਸ਼ਾਂਤ ਰਹਿੰਦੀ ਸੀ। ਭਾਵੇਂ ਉਹ ਚਾਲੀ ਵਰ੍ਹਿਆਂ ਦੀ ਹੋ ਗਈ ਸੀ ਤੇ ਵਿਆਹ ਵੀ ਨਹੀਂ ਕਰਵਾਇਆ ਸੀ ਪਰ ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਅਫਸੋਸ ਨਹੀਂ ਸੀ ਕਿ ਉਸ ਦਾ ਕੋਈ ਸਾਥੀ ਨਹੀਂ ਸੀ। ਦੁਖ ਸੁਖ ਵੰਡਣ ਵਾਲਾ ਕੋਈ ਨਹੀਂ ਸੀ। ਹੁਣ ਤਾਂ ਉਸ ਦੇ ਹੱਡ ਚਲਦੇ ਸਨ, ਤਨਖਾਹ ਤੇ ਨੌਕਰੀ ਚੰਗੀ ਸੀ ਪਰ ਆਖਰ ਇਕ ਦਿਨ ਇਸ ਜਲੌ ਨੇ ਹੋਰ ਮੱਧਮ ਪੈ ਜਾਣਾ ਸੀ। ਮੈਂ ਕੁਝ ਅਜਿਹੀਆਂ ਔਰਤਾਂ ਨੂੰ ਜਾਣਦਾ ਸਾਂ ਜੋ ਬੜੀਆਂ ਪੜ੍ਹੀਆਂ ਲਿਖੀਆਂ ਸਨ। ਵਿਦਿਅਕ ਮਹਿਕਮੇ ਵਿਚ ਉਚ ਪਦਵੀਆਂ ਤੋਂ ਰਿਟਾਇਰ ਹੋਈਆਂ ਸਨ। ਰਿਟਾਇਰਮੈਂਟ ਤੋਂ ਬਾਅਦ ਜਦੋਂ ਜ਼ਿੰਦਗੀ ਦਾ ਖੁਸ਼ਕ ਹਿੱਸਾ ਸ਼ੁਰੂ ਹੋਇਆ ਸੀ ਤਾਂ ਉਹ ਬੜੀਆਂ ਦੁਖੀ ਹੋਈਆਂ ਸਨ। ਲੱਤਾਂ ਘੁੱਟਣ ਵਾਲੀਆਂ ਮਾਈਆਂ ਤੇ ਜੀ ਹਜ਼ੂਰੀ ਕਰਨ ਵਾਲੇ ਚਪੜਾਸੀ, ਕਲਰਕ, ਟੀਚਰ ਤੇ ਹੋਰ ਅਮਲਾ ਫੈਲਾ, ਹੁਣ ਕੋਈ ਉਨ੍ਹਾਂ ਨੂੰ ਮਿਲਣ ਨਹੀਂ ਆਉਂਦਾ ਸੀ। ਪੁੱਤਰ ਧੀ ਨਾ ਹੋਣ ਕਾਰਨ ਕੋਈ ਦੁਖ ਵੇਲੇ ਦਵਾ ਦਾਰੂ ਦੇਣ ਵਾਲਾ ਵੀ ਨਹੀਂ ਬਹੁੜਦਾ ਸੀ। ਕਈਆਂ ਨੇ ਆਪਣੀ ਉਮਰ ਦੀ ਸਾਰੀ ਕਮਾਈ ਆਪਣੇ ਭਰਾਵਾਂ ਜਾਂ ਭੈਣਾਂ ਨੂੰ ਖੁਆ ਦਿੱਤੀ ਸੀ। ਇਕ ਰਿਟਾਇਰਡ ਪ੍ਰਿੰਸੀਪਲ ਨੇ ਆਪਣੇ ਭਰਾ ਨੂੰ ਚੰਡੀਗੜ੍ਹ ਕੋਠੀ ਪਾ ਕੇ ਦਿੱਤੀ ਸੀ ਅਤੇ ਉਸ ਦੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਜ਼ੁੰਮਾ ਓਟਿਆ ਸੀ। ਰਿਟਾਇਰਮੈਂਟ ਉਪਰੰਤ ਜਦ ਉਸ ਨੂੰ ਆਪਣੇ ਭਰਾ ਨੂੰ ਬਣਾ ਕੇ ਦਿੱਤੀ ਆਪਣੀ ਕੋਠੀ ਵਿਚ ਜਾਣਾ ਪਿਆ ਤਾਂ ਕੋਈ ਉਸ ਨੂੰ ਜੀ ਆਇਆਂ ਕਹਿਣ ਲਈ ਤਿਆਰ ਨਹੀਂ ਸੀ। ਪਾਣੀ ਮੰਗਦੀ ਤਾਂ ਕੋਈ ਪਾਣੀ ਨਾ ਦਿੰਦਾ। ਦਵਾਈ ਮੰਗਦੀ ਤਾਂ ਕੋਈ ਦਵਾਈ ਨਾ ਦਿੰਦਾ। ਭਰਾ ਭਰਜਾਈ ਜਿਨ੍ਹਾਂ ਸਾਰੀ ਉਮਰ ਉਸ ਨੂੰ ਖਾਧਾ ਸੀ, ਉਸ ਨੂੰ ਕਿਸੇ ਬਿਰਧ ਆਸ਼ਰਮ ਵਿਚ ਆਸਰਾ ਲੈਣ ਦੀ ਸਲਾਹ ਦਿੰਦੇ। ਭਤੀਜੀਆਂ-ਭਤੀਜੇ ਕਈ ਵਾਰ ਨੀਂਦ ਦੀਆਂ ਗੋਲੀਆਂ ਦੇ ਕੇ ਉਸ ਨੂੰ ਸੁਆ ਦਿੰਦੇ ਤਾਂ ਜੋ ਉਹਦੀ ਬੁੜ ਬੁੜ ਨਾ ਸੁਣਨੀ ਪਵੇ। ਫਿਰ ਹੌਲੀ ਹੌਲੀ ਉਹ ਪਾਗਲ ਹੋ ਗਈ ਤੇ ਪੌੜੀਆਂ ਤੋਂ ਡਿੱਗ ਕੇ ਮਰ ਗਈ। ਕਈ ਲੋਕ ਗੱਲਾਂ ਕਰਦੇ ਕਿ ਉਹ ਡਿੱਗੀ ਨਹੀਂ ਸੀ, ਉਸ ਨੂੰ ਧੱਕਾ ਦਿੱਤਾ ਗਿਆ ਸੀ।
ਮੈਨੂੰ ਅਕਸਰ ਇਹ ਖ਼ਿਆਲ ਸਤਾਉਂਦਾ ਰਹਿੰਦਾ ਕਿ ਆਖਰੀ ਉਮਰ ਵਿਚ ਏਨੀ ਚੰਗੀ ਸ਼ਕੁੰਤਲਾ ਦਾ ਕੀ ਬਣੇਗਾ। ਇਕ ਦਿਨ ਹੌਸਲਾ ਕਰਕੇ ਮੈਂ ਉਸ ਨੂੰ ਪੁੱਛ ਹੀ ਲਿਆ ਕਿ ਉਹ ਵਿਆਹ ਕਿਉਂ ਨਹੀਂ ਕਰਵਾ ਲੈਂਦੀ। ਉਸ ਬੜੇ ਤਹੱਮਲ ਨਾਲ ਜਵਾਬ ਦਿੱਤਾ,
“ਸਿੰਗਲ ਜ਼ਿੰਦਗੀ ਵਰਗੀ ਕੋਈ ਰੀਸ ਨਹੀਂ ਹੈ। ਆਜ਼ਾਦੀ ਵਰਗੀ ਕੋਈ ਚੀਜ਼ ਨਹੀਂ ਹੈ। ਫਿਰ ਹੁਣ ਏਸ ਉਮਰੇ ਮੇਰੇ ਨਾਲ ਕੌਣ ਵਿਆਹ ਕਰਵਾਏਗਾ।”
“ਅਖ਼ਬਾਰ ਵਿਚ ਇਸ਼ਤਿਹਾਰ ਦੇਣ ਨਾਲ ਜਾਂ ਨੇੜੇ ਤੇੜੇ ਤੱਕਣ ਨਾਲ ਕੋਈ ਸਫਲਤਾ ਮਿਲ ਵੀ ਸਕਦੀ ਹੈ।” ਮੈਂ ਉਸ ਨੂੰ ਸ਼ਾਂਤ ਚਿੱਤ ਜਵਾਬ ਦਿੱਤਾ।
“ਤੁਸੀਂ ਹੀ ਮੇਰੇ ਨਾਲ ਵਿਆਹ ਕਿਉਂ ਨਹੀਂ ਕਰਵਾ ਲੈਂਦੇ। ਫਿਰ ਅਸੀਂ ਅਨੇਕਾਂ ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਵੀ ਹਾਂ। ਇਕੋ ਸਕੂਲ ਵਿਚ ਕਿੰਨਿਆਂ ਵਰ੍ਹਿਆਂ ਤੋਂ ਇਕੱਠੇ ਪੜ੍ਹਾ ਰਹੇ ਹਾਂ।”
ਇਹ ਉਸ ਨੇ ਕੀ ਕਹਿ ਦਿੱਤਾ ਸੀ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਸ ਦੇ ਮੂੰਹੋਂ ਅਜਿਹਾ ਵਾਕ ਸੁਣਨ ਦੀ ਤਾਂ ਮੈਂ ਕਦੇ ਤਵੱਕੋ ਹੀ ਨਹੀਂ ਕੀਤੀ ਸੀ। ਇਹ ਉਸ ਨੂੰ ਕੀ ਸੁੱਝੀ ਸੀ। ਮੈਂ ਉਸ ਦੇ ਚਿਹਰੇ ਵੱਲ ਵੇਖਿਆ। ਬਿਲਕੁਲ ਸ਼ਾਂਤ ਸੀ। ਕੋਈ ਉਤਰਾਅ ਚੜ੍ਹਾ ਨਹੀਂ ਸੀ। ਮੈਂ ਉਸ ਨੂੰ ਕਿਹਾ, “ਤੈਨੂੰ ਪਤਾ ਹੈ ਕਿ ਮੈਂ ਵਿਆਹਿਆ ਹੋਇਆ ਹਾਂ ਅਤੇ ਮੇਰੇ ਤਿੰਨ ਬੱਚੇ ਵੀ ਹਨ।”
“ਮੈਨੂੰ ਸਭ ਪਤਾ ਹੈ ਤੇ ਇਹ ਵੀ ਜਾਣਦੀ ਹਾਂ ਕਿ ਤੁਹਾਡੀ ਆਪਣੀ ਬੀਵੀ ਨਾਲ ਨਹੀਂ ਬਣਦੀ।”
“ਇਹ ਸਭ ਠੀਕ ਹੈ ਪਰ ਇਕ ਬੀਵੀ ਦੇ ਹੁੰਦਿਆਂ ਕਾਨੂੰਨ ਦੂਜੇ ਵਿਆਹ ਦੀ ਇਜਾਜ਼ਤ ਨਹੀਂ ਦਿੰਦਾ।”
“ਤੁਸੀਂ ਤਲਾਕ ਲੈ ਸਕਦੇ ਹੋ।”
“ਤਲਾਕ ਬਾਰੇ ਤਾਂ ਮੈਂ ਕਦੇ ਸੋਚਿਆ ਵੀ ਨਹੀਂ। ਸਾਡੀ ਬਣੇ ਜਾਂ ਨਾ ਬਣੇ ਪਰ ਮੈਂ ਉਸ ਨੂੰ ਤਲਾਕ ਨਹੀਂ ਦੇ ਸਕਦਾ। ਮੈਨੂੰ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਹੈ।”
“ਤੁਸੀਂ ਬਗ਼ੈਰ ਵਿਆਹ ਕੀਤਿਆਂ ਮੇਰੇ ਨਾਲ ਰਹਿ ਸਕਦੇ ਹੋ। ਇਸ ਦਾ ਇਕ ਲਾਭ ਇਹ ਵੀ ਹੈ ਜਦੋਂ ਜੀ ਚਾਹੇ ਇਕ ਦੂਜੇ ਨੂੰ ਛੱਡ ਸਕਦੇ ਹਾਂ। ਵਿਆਹ ਦਾ ਬੰਧਨ ਤੋੜਨਾ ਬਹੁਤ ਮੁਸ਼ਕਲ ਹੁੰਦਾ ਹੈ ਜਿਵੇਂ ਹੁਣੇ ਤੁਸੀਂ ਦੱਸਿਆ ਹੈ।”
ਫਿਰ ਉਹ ਕੁਝ ਚਿਰ ਚੁੱਪ ਰਹੀ। ਮੈਂ ਇਹ ਸਭ ਅਚਾਨਕ ਘਟ ਰਹੇ ਹਾਲਾਤ ਤੇ ਵਾਰਤਾਲਾਪ ਤੋਂ ਅਚੰਭਿਤ ਹੋ ਰਿਹਾ ਸਾਂ। ਗੰਭੀਰ ਚਿਤ ਹੀ ਸੋਫੇ ਤੇ ਬੈਠਾ ਸਾਂ ਕਿ ਉਹ ਬੜੇ ਆਰਾਮ ਨਾਲ ਸਾਹਮਣੀ ਕੁਰਸੀ ਤੋਂ ਉਠੀ ਤੇ ਹੌਲੀ ਹੌਲੀ ਮੇਰੇ ਲਾਗੇ ਸੋਫੇ ‘ਤੇ ਆਈ ਤੇ ਫਿਰ ਸੋਫੇ ਦੇ ਪਿਛਲੇ ਪਾਸਿਉਂ ਬੜੇ ਪੋਲੇ ਜਹੇ ਆਪਣੇ ਦੋਵੇਂ ਹੱਥ ਮੇਰੇ ਮੋਢਿਆਂ ‘ਤੇ ਰੱਖ ਦਿੱਤੇ। ਇਹ ਹੱਥ ਕਾਫੀ ਦੇਰ ਮੇਰੇ ਮੋਢਿਆਂ ‘ਤੇ ਟਿਕੇ ਰਹੇ। ਫਿਰ ਉਸ ਪੋਲੇ ਪੋਲੇ ਮੇਰੇ ਮੋਢਿਆਂ ਨੂੰ ਦਬਾਇਆ। ਮੈਂ ਫਿਰ ਵੀ ਅਹਿਲ ਰਿਹਾ। ਫਿਰ ਉਸ ਆਪਣੇ ਹੱਥ ਮੇਰੇ ਸਿਰ ਦੇ ਵਾਲਾਂ ਵਿਚ ਫੇਰਨੇ ਸ਼ੁਰੂ ਕਰ ਦਿੱਤੇ। ਇਹ ਅਵਸਥਾ ਕਾਫੀ ਦੇਰ ਰਹੀ। ਫਿਰ ਉਸ ਆਪਣੀ ਛਾਤੀ ਨਾਲ ਮੇਰੇ ਸਿਰ ਨੂੰ ਘੁੱਟ ਲਿਆ। ਹੁਣ ਮੈਨੂੰ ਜਿਵੇਂ ਸੁਰਤ ਆ ਰਹੀ ਸੀ। ਮੈਂ ਉਸ ਦੇ ਹੱਥਾਂ ਨੂੰ ਪੋਲੇ ਜਿਹੇ ਸਹਿਲਾਉਣਾ ਸ਼ੁਰੂ ਕੀਤਾ ਤੇ ਉਸ ਨੂੰ ਆਪਣੇ ਨਾਲ ਸੋਫੇ ‘ਤੇ ਬਿਠਾ ਲਿਆ। ਉਸ ਆਪਣਾ ਸਿਰ ਮੇਰੀ ਝੋਲੀ ਵਿਚ ਰੱਖ ਦਿੱਤਾ ਤੇ ਮੇਰੇ ਦੋਵੇਂ ਹੱਥ ਆਪਣੀਆਂ ਅੱਖਾਂ ‘ਤੇ ਘੁੱਟ ਲਏ। ਇਹ ਅਵਸਥਾ ਕਾਫੀ ਚਿਰ ਲਮਕੀ ਰਹੀ।
ਮੈਨੂੰ ਇੰਜ ਜਾਪਿਆ ਜਿਵੇਂ ਸ਼ਕੁੰਤਲਾ ਵਰ੍ਹਿਆਂ ਦੀ ਨੀਂਦ ਵਿਚੋਂ ਅੱਜ ਜਾਗੀ ਸੀ। ਪਰ ਮੈਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਇਹ ਜੋ ਕੁਝ ਵਾਪਰ ਰਿਹਾ ਸੀ, ਕਿੰਨਾ ਕੁ ਯਥਾਰਥ ਤੇ ਕਿੰਨਾ ਕੁ ਕਲਪਿਤ ਸੀ। ਕੀ ਸ਼ਕੁੰਤਲਾ ਦੇ ਮਨ ਵਿਚ ਲੰਮੇ ਸਮੇਂ ਤੋਂ ਇਕ ਪਿਕਚਰ ਮੇਰੇ ਬਾਰੇ ਬਣੀ ਹੋਈ ਸੀ। ਇਹ ਠੀਕ ਸੀ ਕਿ ਅਸੀਂ ਇਕ ਦੂਜੇ ਦੇ ਬੜੇ ਨੇੜੇ ਸਾਂ। ਦੁਖ-ਸੁਖ ਦੇ ਸਾਂਝੀ ਸਾਂ। ਲਗਭਗ ਹਰ ਵਿਸ਼ੇ ‘ਤੇ ਖੁੱਲ੍ਹ ਕੇ ਗੱਲਾਂ ਕਰ ਸਕਦੇ ਸਾਂ। ਉਸ ਦੀ ਬਹਿਸ ਵਿਚ ਨਾ ਪੈਣ ਦੀ ਆਦਤ ਮੈਨੂੰ ਬੜੀ ਪਸੰਦ ਸੀ। ਹਾਲਾਂਕਿ ਮੈਂ ਚਾਹੁੰਦਾ ਸਾਂ ਕਿ ਉਹ ਥੋੜ੍ਹੀ ਬਹੁਤ ਬਹਿਸ ਕਰੇ ਤਾਂ ਜੋ ਉਹਦਾ ਅਸਤਿਤਵ ਨਿਖਰ ਕੇ ਬਾਹਰ ਆਏ।
ਅਗਲੇ ਕੁਝ ਮਹੀਨਿਆਂ ਵਿਚ ਸਾਡੀ ਵਰ੍ਹਿਆਂ ਦੀ ਲੰਮੀ ਦੋਸਤੀ ਪਿਆਰ ਵਿਚ ਬਦਲ ਗਈ। ਮੈਂ ਵੱਧ ਤੋਂ ਵੱਧ ਸਮਾਂ ਉਹਦੇ ਘਰ ਟਪਾਉਂਦਾ। ਉਹ ਸਰਕਾਰੀ ਮਕਾਨਾਂ ਦੀ ਲੜੀ ਵਿਚ ਉਪਰਲੀ ਮੰਜ਼ਲ ‘ਤੇ ਬਣੇ ਇਕ ਫਲੈਟ ਵਿਚ ਇਕੱਲੀ ਰਹਿੰਦੀ ਸੀ। ਬੜਾ ਸਜਾਇਆ ਨਿੱਕਾ ਜਿਹਾ ਇਹ ਫਲੈਟ ਆਪਣੇ ਆਪ ਵਿਚ ਇਕ ਬਹਿਸ਼ਤ ਦਾ ਨਮੂਨਾ ਸੀ। ਸਲੀਕੇ ਨਾਲ ਹਰ ਸ਼ੈਅ ਸਜਾ ਕੇ ਰੱਖਣ ਦਾ ਉਸ ਨੂੰ ਬਹੁਤ ਜ਼ਿਆਦਾ ਸ਼ੌਕ ਸੀ। ਮਧਮ ਸੁਰ ਵਿਚ ਮਹਿਦੀ ਹਸਨ, ਜਗਜੀਤ ਸਿੰਘ ਜਾਂ ਤਲਅਤ ਸੁਣਨਾ ਉਸ ਨੂੰ ਬਹੁਤ ਪਸੰਦ ਸੀ। ਉਹ ਆਪਣੇ ਹੀ ਕਿਸਮ ਦੇ ਜੀਅ ਰਹੇ ਜੀਵਨ ਵਿਚ ਕੋਈ ਦਖਲਅੰਦਾਜ਼ੀ ਜਾਂ ਹਲਚਲ ਪਸੰਦ ਨਹੀਂ ਸੀ ਕਰਦੀ। ਟਰੈਜਿਕ ਫਿਲਮਾਂ ਜਿਵੇਂ ਦੇਵਦਾਸ, ਅਦਾਲਤ, ਸੰਗਮ, ਗਾਈਡ, ਮੇਰਾ ਨਾਮ ਜੋਕਰ ਆਦਿ ਉਹਨੂੰ ਬਹੁਤ ਪਸੰਦ ਸਨ। ਟਰੈਜਿਕ ਨਾਵਲ ਕਹਾਣੀਆਂ ਪੜ੍ਹ ਕੇ ਉਹ ਬੜੀ ਭਾਵੁਕ ਹੋ ਜਾਂਦੀ ਸੀ ਅਤੇ ਭਾਵੁਕ ਹੋਇਆਂ ਮੈਂ ਅਕਸਰ ਉਹਦੀਆਂ ਅੱਖਾਂ ਵਿਚ ਅੱਥਰੂ ਤੱਕੇ ਸਨ। ਆਪਣੇ ਬਹੁਤ ਪਿਛਲੇਰੇ ਜੀਵਨ ਬਾਰੇ ਉਹ ਬਹੁਤ ਘੱਟ ਗੱਲ ਕਰਦੀ ਸੀ। ਚੜ੍ਹਦੀ ਜਵਾਨੀ ਬਾਰੇ ਵੀ ਉਹ ਕੁਝ ਨਹੀਂ ਦਸਦੀ ਸੀ। ਲਹਿੰਦੀ ਜਵਾਨੀ ਵੇਲੇ ਉਸ ਮੇਰੀ ਬਾਂਹ ਫੜ੍ਹ ਲਈ ਸੀ। ਜਿਸ ਵਿਚ ਹਾਲੇ ਤੀਕ ਦੋਸਤੀ ਤੇ ਪਿਆਰ ਦਾ ਮਿਸ਼ਰਨ ਸੀ। ਉਸ ਦੀ ਆਮ ਤੌਰ ‘ਤੇ ਚੁੱਪ ਰਹਿਣ ਦੀ ਆਦਤ ਅਤੇ ਬਹਿਸ ਵਿਚ ਹਿੱਸਾ ਨਾ ਲੈਣ ਦੇ ਸੁਭਾਅ ਵਿਚ ਫੋਈ ਫਰਕ ਨਹੀਂ ਸੀ ਪਿਆ।
ਇਕ ਗੱਲ ਜੋ ਬੜੀ ਤੀਬਰਤਾ ਨਾਲ ਮੈਂ ਮਹਿਸੂਸ ਕੀਤੀ ਸੀ, ਉਹ ਸਰੀਰਕ ਸਪਰਸ਼ ਵਿਚ ਬਹੁਤ ਦਿਲਚਸਪੀ ਲੈਂਦੀ ਤੇ ਸ਼ਾਂਤੀ ਮਹਿਸੂਸ ਕਰਦੀ ਸੀ। ਜਿਵੇਂ ਜਦ ਵੀ ਮੈਂ ਉਸ ਨਾਲ ਇਕੱਲਾ ਹੁੰਦਾ ਤਾਂ ਉਹ ਮੇਰੇ ਹੱਥ ਆਪਣੇ ਹੱਥਾਂ ਵਿਚ ਫੜ੍ਹੀ ਰੱਖਦੀ। ਮੇਰੀਆਂ ਬਾਹਵਾਂ ‘ਤੇ ਹੱਥ ਫੇਰਦੀ ਰਹਿੰਦੀ। ਮੇਰਾ ਸਿਰ ਆਪਣੀ ਛਾਤੀ ਨਾਲ ਘੁੱਟੀ ਰੱਖਦੀ। ਬਹੁਤ ਡੂੰਘੇ ਤੇ ਲੰਮੇ ਚੁੰਮਣਾਂ ਵਿਚ ਖੁਸ਼ੀ ਮਹਿਸੂਸ ਕਰਦੀ। ਮੇਰੇ ਲੱਕ ਦੁਆਲੇ ਬਾਹਵਾਂ ਵਲ ਕੇ ਦੇਰ ਤਕ ਮੇਰੀ ਝੋਲੀ ਵਿਚ ਪਈ ਰਹਿੰਦੀ ਤੇ ਮੈਂ ਉਸ ਦੇ ਸਿਰ ਦੇ ਵਾਲਾਂ, ਮੱਥੇ, ਨੱਕ, ਅੱਖਾਂ, ਗੱਲ੍ਹਾਂ, ਕੰਨ ਤੇ ਗਰਦਨ ਤੇ ਬਿੱਲੀ ਛੁਹ ਵਾਲੀਆਂ ਉਂਗਲਾਂ ਫੇਰਦਾ ਰਹਿੰਦਾ। ਕਈ ਵਾਰ ਤਾਂ ਉਹ ਇਸ ਅਵਸਥਾ ਵਿਚ ਸੌਂ ਵੀ ਜਾਂਦੀ। ਜਦੋਂ ਉਹ ਸੌਂ ਜਾਂਦੀ ਤਾਂ ਮੈਂ ਸੋਚਦਾ ਕਿ ਇਹ ਮੇਰੀਆਂ ਬਾਹਾਂ ਵਿਚ ਸਦਾ ਲਈ ਏਸੇ ਤਰ੍ਹਾਂ ਸੁੱਤੀ ਰਹੇ। ਯੁੱਗ ਬੀਤ ਜਾਣ ਤੇ ਜਦੋਂ ਅੱਖਾਂ ਖੁਲ੍ਹਣ ਤਾਂ ਜ਼ਿੰਦਗੀ ਦਾ ਇਕ ਨਵਾਂ ਕਾਂਡ ਆਰੰਭ ਹੋ ਜਾਵੇ। ਨਵਾਂ ਕਾਂਡ ਜਿਸ ਵਿਚ ਸਮਾਜ ਅੱਗੇ ਸ਼ਕੁੰਤਲਾ ਨੂੰ ਮੈਂ ਆਪਣੀ ਪਿਆਰੀ ਸੁਹਿਰਦ ਪਤਨੀ ਦੇ ਤੌਰ ‘ਤੇ ਪੇਸ਼ ਕਰ ਸਕਾਂ। ਇਸ ਜਨਮ ਵਿਚ ਤਾਂ ਉਹ ਮੇਰੀ ਪ੍ਰੇਮਿਕਾ ਸੀ। ਮੈਂ ਵਿਆਹਿਆ ਹੋਇਆ ਸਾਂ ਤੇ ਆਪਣੀ ਪਤਨੀ ਤੇ ਬੱਚਿਆਂ ਤੋਂ ਚੋਰੀ ਸ਼ਕੁੰਤਲਾ ਨਾਲ ਪ੍ਰੇਮ ਲੀਲ੍ਹਾ ਰਚਾ ਰਿਹਾ ਸਾਂ। ਇਹ ਇਕ ਸਮਾਜੀ ਤੇ ਇਖਲਾਕੀ ਜੁਰਮ ਸੀ ਜੋ ਮੈਂ ਜਾਣ ਬੁੱਝ ਕੇ ਕਰ ਰਿਹਾ ਸਾਂ। ਇਸ ਚੋਰੀ ਦੀ ਕਦੇ ਨਾ ਕਦੇ ਮੈਨੂੰ ਸਜ਼ਾ ਮਿਲਣੀ ਹੀ ਸੀ। ਜਿਸ ਦਿਨ ਮੇਰੀ ਪਤਨੀ ਮੇਰੀ ਇਹ ਚੋਰੀ ਫੜ੍ਹ ਲਵੇਗੀ, ਉਸ ਦਿਨ ਉਹ ਮੇਰਾ ਜੀਣਾ ਹਰਾਮ ਕਰ ਦੇਵੇਗੀ। ਹੋ ਸਕਦਾ ਅਸੀਂ ਅੱਡੋ ਅੱਡ ਹੋ ਜਾਈਏ। ਬੱਚਿਆਂ ਦਾ ਕੀ ਬਣੇਗਾ? ਮੈਂ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਸਾਂ। ਬੱਚਿਆਂ ਬਿਨਾਂ ਮੈਨੂੰ ਆਪਣਾ ਜੀਵਨ ਸੱਖਣਾ ਜਾਪਦਾ ਸੀ।
ਪਿਛਲੇ ਕੁਝ ਸਾਲਾਂ ਦੀ ਮੇਰੀ ਪ੍ਰੇਮ ਲੀਲ੍ਹਾ ਤੋਂ ਬਾਅਦ ਮੈਨੂੰ ਸ਼ਕੁੰਤਲਾ ਬਿਨਾਂ ਆਪਣਾ ਜੀਵਨ ਸੱਖਣਾ ਜਾਪਦਾ ਸੀ। ਮੇਰੀ ਮੂੰਹ ਫਟ ਦਿਨ ਰਾਤ ਕਲੇਸ਼ ਰੱਖਣ ਵਾਲੀ ਪਤਨੀ ਨੇ ਜਿਸ ਤਰ੍ਹਾਂ ਮੇਰਾ ਸਾਹ ਲੈਣਾ ਔਖਾ ਕੀਤਾ ਸੀ, ਸ਼ਕੁੰਤਲਾ ਦੇ ਪਿਆਰ ਨੇ ਉਹੀ ਸਾਹ ਸੌਖਾ ਕਰ ਦਿੱਤਾ ਸੀ। ਮੈਂ ਦੋ ਔਰਤਾਂ ਦੇ ਵਿਚਕਾਰ ਚੱਕੀ ਦੇ ਪੁੜਾਂ ਵਿਚਕਾਰ ਆਏ ਦਾਣੇ ਵਾਂਗ ਪਿਸ ਰਿਹਾ ਸਾਂ। ਔਰਤ ਜ਼ਾਤ ਦੀਆਂ ਦੋ ਕਿਸਮਾਂ ਵਿਚੋਂ ਮੇਰੀ ਪਤਨੀ ਚਾਹੁੰਦੀ ਸੀ ਕਿ ਮੈਂ ਉਹਦਾ ਹਰ ਜਾਇਜ਼ ਨਜਾਇਜ਼ ਹੁਕਮ ਮੰਨਾਂ ਤੇ ਉਸ ਦੇ ਮੂੰਹੋਂ ਨਿਕਲੇ ਹਰ ਚੰਗੇ ਮਾੜੇ ਸ਼ਬਦ ਨੂੰ ਇਲਾਹੀ ਹੁਕਮ ਸਮਝਾਂ। ਦੂਜੇ ਪਾਸੇ ਸ਼ਕੁੰਤਲਾ ਸੀ ਜੋ ਹੁਕਮ ਦੇਣ ਵਿਚ ਵਿਸ਼ਵਾਸ ਨਹੀਂ ਰੱਖਦੀ ਸੀ ਸਗੋਂ ਮੈਂ ਜੋ ਵੀ ਕਹਿੰਦਾ ਸਾਂ, ਉਹ ਮੰਨ ਲੈਂਦੀ ਸੀ। ਅਕਸਰ ਉਹ ਮੇਰੀ ਗਲਤ ਗੱਲ ਨੂੰ ਵੀ ਮੰਨ ਲੈਂਦੀ ਸੀ ਜੋ ਮੈਨੂੰ ਚੰਗਾ ਨਹੀਂ ਸੀ ਲਗਦਾ। ਮੈਂ ਚਾਹੁੰਦਾ ਸਾਂ ਕਿ ਉਹ ਮੇਰੇ ਨਾਲ ਬਹਿਸ ਕਰੇ ਤੇ ਮੈਨੂੰ ਗਲਤ ਸਿੱਧ ਕਰੇ ਪਰ ਉਹ ਤਾਂ ਉਸ ਰਾਹ ਹੀ ਨਹੀਂ ਤੁਰਦੀ ਸੀ। ਜੇ ਮੈਂ ਕਹਿੰਦਾ ਕਿ ਮੈਨੂੰ ਮਸਾਲੇ ਨਾਲ ਭਰੀਆਂ ਭਿੰਡੀਆਂ, ਕਰੇਲੇ ਤੇ ਛੋਟੇ ਬੈਂਗਣ ਪਸੰਦ ਹਨ ਤਾਂ ਉਹ ਆਪ ਮੰਡੀ ਵਿਚ ਜਾ ਕੇ ਤਾਜ਼ਾ ਭਿੰਡੀਆਂ, ਕਰੇਲੇ ਤੇ ਬੈਂਗਣ ਲੱਭ ਕੇ ਲਿਆਉਂਦੀ ਤੇ ਬੜੀ ਰੀਝ ਨਾਲ ਤਲ ਕੇ ਖੁਆਉਂਦੀ। ਜੇ ਮੈਂ ਕਹਿੰਦਾ ਕਿ ਮੈਨੂੰ ਘੀਆ ਤੋਰੀ ਵਿਚ ਬੱਕਰੇ ਦਾ ਲਿਵਰ ਭੁਜ ਭੁਜ ਬਣਿਆ ਬਹੁਤ ਸਵਾਦ ਲਗਦਾ ਹੈ ਤਾਂ ਉਹ ਮੇਰੀ ਫਰਮਾਇਸ਼ ਪੂਰੀ ਕਰਦੀ। ਜੇ ਮੈਂ ਕਹਿੰਦਾ ਕਿ ਮੈਨੂੰ ਤੜਕਾ ਲੱਗੀ ਮਾਂਹ ਦੀ ਦਾਲ ਨਾਲ ਹਰਾ ਪਿਆਜ਼ ਤੇ ਹਰੀ ਮਿਰਚ ਅਤੇ ਰੜ੍ਹੇ ਹੋਏ ਤੰਦੂਰੀ ਫੁਲਕੇ ਬਹੁਤ ਪਸੰਦ ਹਨ ਤੇ ਕੀ ਇਹ ਉਸ ਨੂੰ ਪਸੰਦ ਹਨ? ਉਹ ਫੌਰਨ ਹਾਂ ਵਿਚ ਹਾਂ ਮਿਲਾ ਦਿੰਦੀ। ਜੇ ਮੈਂ ਕਹਿੰਦਾ ਕਿ ਮੈਨੂੰ ਨਹਾ ਧੋ, ਤਿਆਰ ਹੋ ਕੇ ਦਫਤਰ ਜਾਣ ਦੀ ਬਜਾਏ ਨਵੇਂ ਵਿਛਾਏ ਬਿਸਤਰੇ ‘ਤੇ ਸੌਣਾ ਚੰਗਾ ਲਗਦਾ ਹੈ ਤਾਂ ਉਹ ਫੌਰਨ ਕਹਿ ਦਿੰਦੀ ਕਿ ਉਸ ਨੂੰ ਇੰਜ ਕਰਨਾ ਬੜਾ ਚੰਗਾ ਲਗਦਾ ਹੈ। ਜੇ ਮੈਨੂੰ ਨੀਂਦ ਨਾ ਆਉਂਦੀ ਤਾਂ ਮੈਨੂੰ ਸਵਾਏ ਬਿਨਾਂ ਉਹ ਕਦੀ ਨਾ ਸੌਂਦੀ।
ਮੈਂ ਉਸ ਦੇ ਹਾਂ ਰੁਚੀ ਵਤੀਰੇ ਤੋਂ ਕਈ ਵਾਰ ਅਕੇਵਾਂ ਮਹਿਸੂਸ ਕਰਦਾ। ਇਹ ਕੀ ਢਿੱਲੇ ਢੱਗੇ ਵਾਲਾ ਰਾਗ ਉਹ ਅਲਾਪ ਰਹੀ ਸੀ। ਕਦੀ ਕਦੀ ਮੈਨੂੰ ਉਹ ਅਜਿਹੀ ਮੱਛੀ ਵਰਗੀ ਲਗਦੀ ਜਿਸ ਅੰਦਰ ਨਾ ਕੋਈ ਕੰਡਾ ਹੋਵੇ ਤੇ ਨਾ ਹੀ ਨਮਕ। ਜਾਂ ਕੜਾਹ ਜਿਸ ਵਿਚ ਕੋਈ ਮਿੱਠਾ ਪਾਉਣਾ ਭੁੱਲ ਜਾਵੇ। ਇਹ ਕਿਸ ਕਿਸਮ ਦੀ ਔਰਤ ਸੀ ਜਿਸ ਅੰਦਰ ਕੋਈ ਵਿਰੋਧੀ ਦਲੀਲ ਜਾਂ ਕਣ ਹੀ ਨਹੀਂ ਪੈਦਾ ਹੁੰਦਾ ਸੀ। ਮੈਨੂੰ ਉਹ ਬੋਰ ਲੱਗਣ ਲਗਦੀ। ਛੋਟੇ ਬੱਚੇ ਵਾਂਗ ਝੋਲੀ ‘ਚ ਪੈ ਕੇ ਗਲਵਕੜੀ ਪਾਈ ਰੱਖਣੀ ਮੈਨੂੰ ਕਈ ਵਾਰ ਅਕਾ ਦਿੰਦੀ। ਉਹ ਬੜੀ ਸੁਸਤ ਰਫ਼ਤਾਰ ਦੀ ਗੱਡੀ ਸੀ। ਮੈਂ ਐਕਸਪ੍ਰੈਸ ਕਿਸਮ ਦੀ ਸਵਾਰੀ ਦਾ ਚਾਹਵਾਨ ਸਾਂ। ਕਈ ਵਾਰ ਮੈਂ ਉਸ ਨੂੰ ਸੋਫੇ ਦੀ ਨੁਕਰੇ ਸਵੈਟਰ ਉਣਦੀ ਨੂੰ ਛੱਡ ਜਾਂਦਾ। ਜਦੋਂ ਮੈਂ ਵਾਪਸ ਪਰਤਦਾ ਤਾਂ ਉਹ ਸੋਫੇ ਦੀ ਉਸੇ ਨੁੱਕਰੇ ਬੈਠੀ ਸਵੈਟਰ ਉਣ ਰਹੀ ਹੁੰਦੀ। ਭਾਵੇਂ ਸਰਦੀਆਂ ਵਾਸਤੇ ਉਹ ਮੇਰੇ ਲਈ ਹੀ ਸਵੈਟਰ ਉਣ ਰਹੀ ਸੀ ਤੇ ਸਿਲਾਈਆਂ ਦੀ ਹਰ ਘੁੰਢੀ ਵਿਚ ਉਹ ਪਿਆਰ ਦੇ ਜਜ਼ਬੇ ਪਰੋ ਰਹੀ ਸੀ ਪਰ ਮੈਨੂੰ ਇਹ ਸਭ ਕੁਝ ਅਕਾ ਦੇਣ ਵਾਲਾ ਲਗਦਾ। ਉਹ ਬਹੁਤ ਠੰਡੀ ਸੀ। ਮੈਨੂੰ ਤਪਸ਼ ਪਸੰਦ ਸੀ।
ਇਕ ਦਿਨ ਉਹਦਾ ਦਿਲ ਟੋਹਣ ਲਈ ਮੈਂ ਉਸ ਨੂੰ ਪੁੱਛਿਆ, “ਆਪਾਂ ਹੁਣ ਵਿਆਹ ਕਿਉਂ ਨਾ ਕਰਵਾ ਲਈਏ।”
“ਵਿਆਹ ‘ਚ ਕੀ ਪਿਆ ਏ?” ਉਸ ਮੋੜਵਾਂ ਜਵਾਬ ਦਿੱਤਾ।
“ਵਿਆਹ ਤੋਂ ਬਾਅਦ ਡਰ ਖ਼ਤਮ ਹੋ ਜਾਵੇਗਾ। ਹੁਣ ਅਸੀਂ ਡਰ ਡਰ ਕੇ ਮਿਲਦੇ ਹਾਂ ਅਤੇ ਡਰ ਦੇ ਇਹੋ ਜਿਹੇ ਪ੍ਰਭਾਵ ਹੇਠਾਂ ਕਿੰਨਾ ਕੁ ਚਿਰ ਇਹ ਖੇਡ ਖੇਡੀ ਜਾ ਸਕਦੀ ਹੈ।”
“ਵਿਆਹ ਕਰਵਾ ਕੇ ਵੀ ਤਾਂ ਇਹੀ ਖੇਡ ਖੇਡਣੀ ਹੈ। ਵਿਆਹ ਨਾਲੋਂ ਇੰਜ ਜ਼ਿਆਦਾ ਚੰਗਾ ਹੈ। ਜਿਸ ਦਿਨ ਸਾਡੇ ਅੰਦਰ ਵਖਰੇਵਾਂ ਮਹਿਸੂਸ ਹੋਣ ਲੱਗੇਗਾ, ਅਸੀਂ ਦੋਸਤੀ ਦੀ ਬੁੱਕਲ ਵਿਚੋਂ ਨਿਕਲ ਕੇ ਅੱਡੋ ਅੱਡ ਹੋ ਜਾਵਾਂਗੇ। ਵਿਆਹ ਦੀ ਗੰਢ ਤੋੜਨੀ ਬੜੀ ਔਖੀ ਹੁੰਦੀ ਹੈ। ਤੂੰ ਕਿਹੜਾ ਹੁਣ ਤੀਕ ਇਹ ਵਿਆਹ ਦੀ ਗੰਢ ਨੂੰ ਤੋੜ ਸਕਿਆ ਹੈਂ।”
“ਤਾਂ ਕੀ ਇਕ ਦਿਨ ਅਜਿਹਾ ਆ ਸਕਦਾ ਹੈ ਜਦੋਂ ਤੇਰੀਆਂ ਗੋਰੀਆਂ ਬਾਹਵਾਂ ਮੇਰੇ ਲੱਕ ਦੁਆਲਿਉਂ ਲਿਪਟਣੋਂ ਹਟ ਜਾਣਗੀਆਂ?”
“ਹੋ ਸਕਦਾ ਹੈ। ਅਸੀਂ ਇਹ ਝੂਠੇ ਤੇ ਨਕਲੀ ਜੀਵਨ ਦਾ ਇਹ ਨਜਾਇਜ਼ ਰਿਸ਼ਤਾ ਕਿੰਨਾ ਕੁ ਚਿਰ ਹੋਰ ਜਾਰੀ ਰੱਖ ਸਕਦੇ ਹਾਂ!”
“ਇਹ ਤੂੰ ਕੀ ਕਹਿ ਰਹੀ ਹੈਂ, ਸ਼ਕੁੰਤਲਾ ਮੈਨੂੰ ਤੇਰੇ ਕੋਲੋਂ ਅਜਿਹੀ ਤਵੱਕੋ ਨਹੀਂ ਸੀ। ਪਿਆਰ ਦੀ ਇਸ ਨਿਰਾਲੀ ਖੇਡ ਵਿਚ ਪਹਿਲਕਦਮੀ ਤੇਰੇ ਵੱਲੋਂ ਈ ਹੋਈ ਸੀ। ਫਿਰ ਕਿੰਨੇ ਸਾਰੇ ਵਰ੍ਹੇ, ਨੇੜਤਾ ਨਾਲੋਂ ਵੀ ਅਸੀਂ ਵਧੇਰੇ ਨੇੜੇ ਰਹੇ। ਹੁਣ ਇਹ ਖੜੋਤ ਕਿਉਂ ਆ ਰਹੀ ਹੈ?”
ਉਸ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਅਤੇ ਰਸੋਈ ਵਿਚ ਜਾ ਕੇ ਚਾਹ ਬਣਾਉਣ ਲੱਗੀ। ਮੈਂ ਹੈਰਾਨ ਹੋ ਰਿਹਾ ਸਾਂ ਕਿ ਅਚਾਨਕ ਸ਼ਕੁੰਤਲਾ ਨੂੰ ਕੀ ਹੋ ਗਿਆ ਸੀ। ਉਸ ਅੰਦਰ ਅਜਿਹੀ ਤਬਦੀਲੀ ਕਿਉਂ ਆ ਰਹੀ ਸੀ। ਉਸ ਤਾਂ ਕਦੀ ਕਿਸੇ ਵਿਰੋਧੀ ਵਿਚਾਰ ਨੂੰ ਪ੍ਰਗਟ ਹੀ ਨਹੀਂ ਕੀਤਾ ਸੀ ਪਰ ਅੱਜ ਉਹ ਕਿਉਂ ਮੇਰੇ ਨਾਲ ਇਸ ਤਰ੍ਹਾਂ ਪੇਸ਼ ਆ ਰਹੀ ਸੀ। ਕੀ ਉਸ ਦਾ ਦਿਲ ਮੇਰੇ ਪ੍ਰਤੀ ਬੁੱਝ ਗਿਆ ਸੀ ਜਾਂ ਕੀ ਉਸ ਨੇ ਚੋਰੀ ਛਿਪੇ ਕੋਈ ਮੇਰੀ ਥਾਂ ਮੱਲਣ ਲਈ ਬਦਲ ਲੱਭ ਲਿਆ ਸੀ? ਉਸ ਦੇ ਮਨ ਵਿਚ ਕੀ ਜਵਾਰਭਾਟਾ ਆ ਗਿਆ ਸੀ। ਕੁਝ ਤਾਂ ਮੈਂ ਖ਼ੁਸ਼ ਸਾਂ ਕਿ ਆਖਰ ਉਹਦੇ ਅੰਦਰ ਕੁਝ ਕਹਿਣ, ਕਰਨ ਤੇ ਕਰ ਗੁਜ਼ਰਨ ਦਾ ਵਿਸ਼ਵਾਸ ਤਾਂ ਪੈਦਾ ਹੋਇਆ ਸੀ। ਪਰ ਪਰਸਪਰ ਸਬੰਧਾਂ ਦੀ ਜਿਸ ਅਵਸਥਾ ਤੀਕ ਅਸੀਂ ਪਹੁੰਚ ਚੁੱਕੇ ਸਾਂ, ਉਥੋਂ ਮੇਰੇ ਲਈ ਪਿੱਛੇ ਮੁੜਨਾ ਦੁਖਦਾਈ ਮਹਿਸੂਸ ਹੋ ਰਿਹਾ ਸੀ। ਸ਼ਾਇਦ ਇਕ ਵੱਡਾ ਕਾਰਨ ਇਹ ਵੀ ਸੀ ਕਿ ਮੇਰੀ ਆਤਮਾ ਤੇ ਸਰੀਰ ਦੀ ਜੋ ਸੰਤੁਸ਼ਟੀ ਉਸ ਦੇ ਸਬੰਧ ਵਿਚੋਂ ਪ੍ਰਾਪਤ ਹੁੰਦੀ ਸੀ ਉਸ ਦਾ ਕੁਝ ਭਾਗ ਵੀ ਮੈਂ ਆਪਣੀ ਪਤਨੀ ਕੋਲੋਂ ਪ੍ਰਾਪਤ ਨਹੀਂ ਕਰ ਰਿਹਾ ਸਾਂ। ਮੈਂ ਦੋ ਕਿਸ਼ਤੀਆਂ ਵਿਚ ਸਵਾਰ ਸਾਂ। ਡੁੱਬਣਾ ਮੇਰਾ ਕਰਮ ਸੀ।
ਸ਼ਕੁੰਤਲਾ ਚਾਹ ਦੇ ਦੋ ਕੱਪ ਲਿਆਈ। ਇਕ ਉਸ ਆਪਣੇ ਬੁਲ੍ਹਾਂ ਨੂੰ ਲਾ ਲਿਆ। ਦੂਜਾ ਮੇਰੇ ਅੱਗੇ ਰੱਖ ਦਿੱਤਾ।
“ਕੀ ਗੱਲ ਸ਼ਕੁੰਤਲਾ, ਆਪਾਂ ਸਦਾ ਇਕ ਹੀ ਕੱਪ ਵਿਚ ਚਾਹ ਪੀਂਦੇ ਰਹੇ ਹਾਂ। ਅੱਜ ਤੂੰ ਆਪਣੇ ਲਈ ਵੱਖਰਾ ਕੱਪ ਕਿਉਂ ਲੈ ਆਈ ਹੈਂ?”
“ਕਦੀ ਕਦੀ ਆਪੋ ਆਪਣੇ ਕੱਪ ਵਿਚ ਵੀ ਚਾਹ ਪੀਣੀ ਚਾਹੀਦੀ ਹੈ।”
“ਇਹ ਕੀ ਕਹਿ ਰਹੀ ਹੈਂ। ਅੱਜ ਕੀ ਹੋ ਗਿਆ ਏ ਤੈਨੂੰ। ਅੱਜ ਤੂੰ ਸਾਰੀਆਂ ਗੱਲਾਂ ਸਾਧਾਰਨ ਤੋਂ ਉਲਟ ਕਰ ਰਹੀ ਹੈਂ।”
“ਹਾਂ ਮਿਸਟਰ ਸਿੰਘ, ਤੁਸੀਂ ਜੋ ਕਹਿ ਰਹੇ ਹੋ, ਠੀਕ ਹੈ। ਮੈਂ ਤੁਹਾਡੇ ਤੋਂ ਜੁਦਾ ਹੋ ਰਹੀ ਹਾਂ। ਇਹ ਸਾਡੀ ਆਖਰੀ ਮਿਲਣੀ ਹੈ। ਅੱਜ ਤੋਂ ਬਾਅਦ ਤੁਸੀਂ ਮੈਨੂੰ ਕਦੀ ਮਿਲਣ ਨਹੀਂ ਆਓਗੇ। ਮੈਨੂੰ ਕੋਈ ਚਿੱਠੀ ਨਹੀਂ ਲਿਖੋਗੇ। ਜੇ ਲਿਖੋਗੇ ਤਾਂ ਮੈਂ ਬਿਨਾਂ ਪੜ੍ਹਿਆਂ ਲਿਫਾਫਾ ਪਾੜ ਕੇ ਗਾਰਬੇਜ ਕਰ ਦਿਆਂਗੀ। ਤੁਸੀਂ ਮੈਨੂੰ ਭੁੱਲ ਜਾਓ। ਮੇਰੇ ਤੁਹਾਡੇ ਸਬੰਧ ਖ਼ਤਮ ਹੋ ਰਹੇ ਹਨ। ਮੈਂ ਹੁਣ ਜ਼ਿੰਦਗੀ ਵਿਚ ਕਦੀ ਦੁਬਾਰਾ ਤੁਹਾਨੂੰ ਨਹੀਂ ਮਿਲਾਂਗੀ। ਕਿਰਪਾ ਕਰਕੇ ਤੁਸੀਂ ਵੀ ਮੈਨੂੰ ਕਦੀ ਮਿਲਣ ਦੀ ਕੋਸ਼ਿਸ਼ ਨਾ ਕਰਨਾ।
“ਏਸ ਵਖਰੇਵੇਂ ਦੇ ਕਾਰਨ ਤਾਂ ਦੱਸੋ?”
“ਇਹ ਮੈਂ ਕਦੀ ਨਹੀਂ ਦੱਸਾਂਗੀ। ਤੁਸੀਂ ਖ਼ੁਦ ਸੋਚੋ ਕਿ ਕੀ ਕਾਰਨ ਹੋ ਸਕਦੇ ਹਨ?”
“ਮੈਂ ਇਕ ਇਕ ਕਰਕੇ ਆਪਣੇ ਵੱਲੋਂ ਕਿਆਸੇ ਗਿਆਰਾਂ ਕਾਰਨ ਦੱਸੇ ਜਿਨ੍ਹਾਂ ਵਿਚ ਮੈਨੂੰ ਆਪਣੀਆਂ ਕੁਝ ਵਧੀਕੀਆਂ ਦਾ ਭੁਲੇਖਾ ਲਗਦਾ ਸੀ।”
“ਇਸ ਤੋਂ ਇਲਾਵਾ ਵੀ ਕਈ ਹੋਰ ਕਾਰਨ ਹੋ ਸਕਦੇ ਹਨ?”
“ਤੂੰ ਦੱਸ ਉਹ ਕਿਹੜੇ ਕਾਰਨ ਹਨ?”
“ਇਹ ਮੈਂ ਨਹੀਂ ਦੱਸਾਂਗੀ।”
“ਕਿਉਂ?”
“ਇਹ ਤੁਸੀਂ ਸੋਚੋ ਕਿ ਹੋਰ ਕਿਹੜੇ ਕਿਹੜੇ ਕਾਰਨ ਹੋ ਸਕਦੇ ਹਨ? ਸੋਚੋ, ਸੋਚਦੇ ਰਹਿਣਾ। ਇਹ ਤੁਹਾਡਾ ਕੰਮ ਹੈ, ਮੇਰਾ ਨਹੀਂ। ਮੇਰੇ ਵੱਲੋਂ ਆਪ ਜੀ ਨੂੰ ਅੱਜ ਤੋਂ ਬਾਅਦ ਗੁੱਡ ਬਾਏ ਹੈ।”
ਏਨਾ ਕਹਿ ਕੇ ਉਹ ਚੁੱਪ ਕਰ ਗਈ। ਉਸ ਇਹ ਚੁੱਪ ਨਾ ਤੋੜੀ। ਮੈਂ ਉਸ ਨੂੰ ਮੋਢਿਆਂ ਤੋਂ, ਬਾਂਹ ਤੋਂ ਫੜ੍ਹ ਫੜ੍ਹ ਹਲੂਣਿਆ ਪਰ ਉਸ ਚੁੱਪ ਨਾ ਤੋੜੀ। ਮੈਂ ਉਸ ਦਾ ਤਿੱਖਾ, ਗੋਰਾ, ਖ਼ੂਬਸੂਰਤ ਨੱਕ ਮਰੋੜਿਆ ਪਰ ਉਸ ਚੁੱਪ ਨਾ ਤੋੜੀ। ਮੈਂ ਉਸ ਦੇ ਪੂਰੇ ਜ਼ੋਰ ਨਾਲ ਇਕ ਚਪੇੜ ਮਾਰੀ। ਉਸ ਦੀ ਗੱਲ ‘ਤੇ ਚਪੇੜ ਦਾ ਨਿਸ਼ਾਨ ਸੀ। ਉਸ ਦੀਆਂ ਅੱਖਾਂ ਵਿਚ ਨੀਮ ਅੱਥਰੂ ਸਨ ਪਰ ਉਸ ਚੁੱਪ ਨਾ ਤੋੜੀ। ਮੈਂ ਉਸ ਨੂੰ ਸੌਰੀ ਕਿਹਾ। ਮੇਰੇ ਵਜੂਦ ਦੀ ਰੂਹ ਇਕੋ ਵਾਰ ਉਹਦੇ ਕਮਰੇ ਦੀ ਹਰ ਬਾਰੀ, ਬੂਹੇ ਤੇ ਰੋਸ਼ਨਦਾਨਾਂ ਦੀਆਂ ਝੀਤਾਂ ‘ਚੋਂ ਬਾਹਰ ਉਡ ਗਈ।
ਉਸ ਦੀਆਂ ਅੱਖਾਂ ਵਿਚ ਨੀਮ ਅੱਥਰੂ ਸਨ ਪਰ ਉਸ ਚੁੱਪ ਨਾ ਤੋੜੀ। ਮੈਂ ਉਸ ਨੂੰ ਸੌਰੀ ਕਿਹਾ, ਆਪਣੇ ਆਪ ਨੂੰ ਇਕੱਠਾ ਕੀਤਾ ਤੇ ਉਸ ਦੇ ਘਰੋਂ ਚਲਾ ਆਇਆ। ਅਗਲੇ ਕੁਝ ਸਾਲਾਂ ਵਿਚ ਮੈਂ ਇਕ ਦੋ ਵਾਰ ਉਹਨੂੰ ਮਿਲਣ ਲਈ ਕਿਸੇ ਹਥ ਸੁਨੇਹਾ ਭੇਜਿਆ ਪਰ ਉਸ ਮਿਲਣੋਂ ਇਨਕਾਰ ਕਰ ਦਿੱਤਾ। ਇੰਜ ਜ਼ਿੰਦਗੀ ਦੇ 23 ਸਾਲ ਬੀਤ ਗਏ। ਇਕ ਵਾਰ ਉਹਦੇ ਸ਼ਹਿਰ ‘ਚੋਂ ਲੰਘਦਿਆਂ ਬੜੀ ਮੁਸ਼ਕਲ ਨਾਲ ਉਹਦਾ ਨਵਾਂ ਘਰ ਲੱਭ ਕੇ ਮਿਲਣ ਗਿਆ। ਬੂਹੇ ਵਿਚੋਂ ਹੀ ਪਹਿਚਾਨਣੋਂ ਇਨਕਾਰ ਕਰਦਿਆਂ ਉਸ ਦਰਵਾਜ਼ਾ ਬੰਦ ਕਰ ਲਿਆ।

Be the first to comment

Leave a Reply

Your email address will not be published.