ਚੰਡੀਗੜ੍ਹ: ਪੰਜਾਬ ਦੀ ਕੈਪਟਨ ਸਰਕਾਰ ਨੇ ਆਈ.ਏ.ਐਸ਼ ਅਤੇ ਆਈ.ਪੀ.ਐਸ਼ ਅਫਸਰਾਂ ਲਈ ਖਜਾਨੇ ਦਾ ਮੂੰਹ ਖੋਲ੍ਹ ਦਿੱਤਾ ਹੈ ਅਤੇ ਮੁਲਾਜ਼ਮਾਂ ਨੂੰ ਇਕ ਵਾਰ ਮੁੜ ਅੰਗੂਠਾ ਦਿਖਾ ਦਿੱਤਾ ਹੈ। ਮੁਲਾਜ਼ਮ ਜਥੇਬੰਦੀਆਂ ਨੇ ਦੋਸ਼ ਲਾਇਆ ਕਿ ਇਕ ਵਾਰ ਫਿਰ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਕੀਤੇ ਵਾਅਦੇ ਜ਼ਾਬਤਾ ਖਤਮ ਹੁੰਦਿਆਂ ਹੀ ਖੂਹ ਖਾਤੇ ਪਾ ਦਿੱਤੇ ਹਨ।
ਦੱਸਣਯੋਗ ਹੈ ਕਿ ਸਰਕਾਰ ਨੇ ਲੋਕ ਸਭਾ ਚੋਣਾਂ ਦੌਰਾਨ ਹੜਤਾਲਾਂ ਤੇ ਮਰਨ ਵਰਤ ਦੇ ਰਾਹ ਪਈਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੂੰ ਚੋਣ ਜ਼ਾਬਤਾ ਖਤਮ ਹੁੰਦਿਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਸਰਕਾਰ ਨੇ ਜ਼ਾਬਤਾ ਖਤਮ ਹੋਣ ‘ਤੇ ਮੁਲਾਜ਼ਮਾਂ ਨੂੰ ਅੰਗੂਠਾ ਦਿਖਾ ਦਿੱਤਾ ਹੈ ਜਦੋਂਕਿ ਪੰਜਾਬ ਦੇ ਆਈ.ਏ.ਐਸ਼ ਤੇ ਆਈ.ਪੀ.ਐਸ਼ ਅਫਸਰਾਂ ਨੂੰ ਮਹਿੰਗਾਈ ਭੱਤੇ (ਡੀਏ) ਦੇ ਗੱਫੇ ਦੇ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਰਾਹੀਂ ਆਲ ਇੰਡੀਆ ਸਰਵਿਸਿਜ਼ ਦੇ ਅਧਿਕਾਰੀਆਂ ਨੂੰ ਪਹਿਲੀ ਜਨਵਰੀ 2018, 1 ਜੁਲਾਈ 2018 ਅਤੇ 1 ਜਨਵਰੀ 2019 ਤੋਂ ਡੀਏ ਦੀਆਂ 7 ਫੀਸਦੀ ਇਕੱਠੀਆਂ 3 ਕਿਸ਼ਤਾਂ ਦਿੱਤੀਆਂ ਹਨ। ਕੈਪਟਨ ਸਰਕਾਰ ਇਨ੍ਹਾਂ ਅਧਿਕਾਰੀਆਂ ਉਪਰ ਏਨੀ ਮਿਹਰਬਾਨ ਹੋਈ ਹੈ ਕਿ ਕਿਸ਼ਤਾਂ ਦਾ ਬਕਾਇਆ ਵੀ ਨਾਲ ਹੀ ਰਿਲੀਜ਼ ਕਰਨ ਦੇ ਹੁਕਮ ਦੇ ਦਿੱਤੇ ਹਨ। ਇਸੇ ਤਰ੍ਹਾਂ ਸਰਕਾਰ ਇਨ੍ਹਾਂ ਅਧਿਕਾਰੀਆਂ ਦੀਆਂ ਕੇਂਦਰੀ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤਹਿਤ ਜਨਵਰੀ 2016 ਤੋਂ ਤਨਖਾਹਾਂ ਵਧਾ ਕੇ ਸੋਧੀਆਂ ਤਨਖਾਹਾਂ ਦਾ ਕਰੋੜਾਂ ਰੁਪਏ ਬਕਾਇਆ ਵੀ ਦੇ ਚੁੱਕੀ ਹੈ। ਦੂਸਰੇ ਪਾਸੇ ਸੂਬੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪਹਿਲੀ ਜਨਵਰੀ 2018, 1 ਜਲਾਈ 2018 ਅਤੇ 1 ਜਨਵਰੀ 2019 ਨੂੰ ਬਣਦੀਆਂ ਡੀਏ ਦੀਆਂ 3 (15 ਫੀਸਦੀ) ਕਿਸ਼ਤਾਂ ਦੇਣ ਤੋਂ ਇਨਕਾਰੀ ਹੈ। ਸਰਕਾਰ ਵੱਲੋਂ ਮੁਲਾਜ਼ਮਾਂ ਦਾ ਡੀਏ ਦੀਆਂ ਪੁਰਾਣੀਆਂ ਕਿਸ਼ਤਾਂ ਦਾ ਕਈ ਮਹੀਨਿਆਂ ਦਾ ਬਕਾਇਆ ਵੀ ਦੱਬਿਆ ਪਿਆ ਹੈ ਅਤੇ 6ਵੇਂ ਪੰਜਾਬ ਤਨਖਾਹ ਕਮਿਸ਼ਨ ਨੂੰ ਵੀ ਦਸੰਬਰ 2019 ਤੱਕ ਲਟਕਾ ਕੇ ਮੁਲਾਜ਼ਮ ਵਰਗ ਦੀਆਂ ਤਨਖਾਹਾਂ ਸੋਧਣ ਤੋਂ ਵੀ ਇਨਕਾਰੀ ਹੈ।
ਪੰਜਾਬ ਸਕੱਤਰੇਤ ਸਾਂਝੀ ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਇਸ ਫੈਸਲੇ ਤੋਂ ਸਾਫ ਹੋ ਗਿਆ ਹੈ ਕਿ ਕੈਪਟਨ ਸਰਕਾਰ ਦੀਆਂ ਨਜ਼ਰਾਂ ਵਿਚ ਆਈ.ਏ.ਐਸ਼ ਤੇ ਆਈ.ਪੀ.ਐਸ਼ ਅਧਿਕਾਰੀ ਗਰੀਬ ਹਨ ਅਤੇ ਦਰਜਾ 4 ਮੁਲਾਜ਼ਮ ਅਮੀਰ ਹਨ ਕਿਉਂਕਿ ਮੁਲਾਜ਼ਮਾਂ ਦਾ ਡੀਏ ਤਾਂ ਰੋਕ ਦਿੱਤਾ ਹੈ ਪਰ ਅਫਸਰਾਂ ਨੂੰ ਗੱਫੇ ਦੇ ਦਿੱਤੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਆਲ ਇੰਡੀਆ ਸਰਵਸਿਜ਼ ਦੇ ਅਧਿਕਾਰੀਆਂ ਨੂੰ ਡੀਏ ਪੰਜਾਬ ਦੇ ‘ਖਾਲੀ’ ਖਜ਼ਾਨੇ ਵਿਚੋਂ ਹੀ ਮਿਲਦਾ ਹੈ ਪਰ ਜਦੋਂ ਮੁਲਾਜ਼ਮਾਂ ਨੂੰ ਡੀਏ ਦੇਣ ਦੀ ਗੱਲ ਆਉਂਦੀ ਹੈ ਤਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿੱਤੀ ਸੰਕਟ ਦੀ ਵਿਥਿਆ ਸੁਣਾ ਕੇ ਮੁਲਾਜ਼ਮਾਂ ਦਾ ਡੀਏ ਖੂਹ ਖਾਤੇ ਪਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਮੁਲਾਜ਼ਮਾਂ ਤੇ ਅਧਿਕਾਰੀਆਂ ਦੋਵਾਂ ਨੂੰ ਕੇਂਦਰੀ ਪੈਟਰਨ ‘ਤੇ ਹੀ ਡੀਏ ਮਿਲਦਾ ਹੈ ਤਾਂ ਫਿਰ ਇਹ ਦੂਹਰੀ ਨੀਤੀ ਕਿਉਂ ਅਪਣਾਈ ਹੈ। ਮੁਲਾਜ਼ਮ ਆਗੂ ਗੁਰਮੇਲ ਸਿੱਧੂ ਨੇ ਮੁੜ ਸੰਘਰਸ਼ ਸ਼ੁਰੂ ਕਰਨ ਦੀ ਧਮਕੀ ਦਿੱਤੀ। ਮੁਲਾਜ਼ਮਾਂ ਵਿਚ ਚਰਚਾ ਹੈ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦੀ ਬਠਿੰਡਾ ਵਿਚ ਹੋਈ ਹਾਰ ਮਨਪ੍ਰੀਤ ਬਾਦਲ ਦੀਆਂ ਅਜਿਹੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਹੀ ਸਿੱਟਾ ਹੈ ਕਿਉਂਕਿ ਬਠਿੰਡਾ ਹਲਕੇ ਵਿਚ ਮੁਲਾਜ਼ਮਾਂ ਦੀ ਭਰਮਾਰ ਹੈ।