ਅੰਮ੍ਰਿਤਸਰ: ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੀ ਤੀਜੀ ਅਧਿਕਾਰਕ ਵੀਡਿਉ ਜਾਰੀ ਕਰਦਿਆਂ ਦਾਅਵਾ ਕੀਤਾ ਹੈ ਕਿ ਦਰਿਆ ਰਾਵੀ ‘ਤੇ ਪੁਲ ਦੀ ਉਸਾਰੀ 100 ਫੀਸਦੀ ਮੁਕੰਮਲ ਕਰ ਲਈ ਗਈ ਹੈ ਅਤੇ ਉਸਾਰੀ ਦੇ ਇਲਾਵਾ ਬਾਕੀ ਰਹਿੰਦੇ ਕੰਮ ਇਸ ਈਦ ਦੀਆਂ ਛੁੱਟੀਆਂ ਤੋਂ ਬਾਅਦ ਮੁਕੰਮਲ ਕਰ ਲਏ ਜਾਣਗੇ।
ਲਾਂਘੇ ਦੀ ਉਸਾਰੀ ਕਰਵਾ ਰਹੀ ਕੰਪਨੀ ਦੇ ਸੀਨੀਅਰ ਇੰਜੀਨੀਅਰ ਖਾਸਿਫ ਅਲੀ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਚਲ ਰਹੀ ਉਸਾਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਡਿਵੈਲਪਮੈਂਟ ਆਫ਼ ਕਰਤਾਰਪੁਰ ਕੋਰੀਡੋਰ’ ਪ੍ਰੋਜੈਕਟ ਅਧੀਨ 28 ਦਸੰਬਰ ਨੂੰ ਸ਼ੁਰੂ ਕੀਤੀ ਗਈ ਲਾਂਘੇ ਦੀ ਉਸਾਰੀ ਨਿਰਵਿਘਨ ਜਾਰੀ ਹੈ। ਉਸਾਰੀ ਦੇ ਚੱਲਦਿਆਂ ਫਾਊਂਡੇਸ਼ਨ ਦੇ ਸਾਰੇ ਕੰਮ ਲਗਭਗ 100 ਫੀਸਦੀ ਅਤੇ ਇਮਾਰਤੀ ਉਸਾਰੀ, ਬਾਰਾਂਦਰੀ, ਮੁਸਾਫ਼ਿਰਖ਼ਾਨਾ, 9868 ਸੁਕਵੇਅਰ ਫੁੱਟ ‘ਚ ਸਰੋਵਰ ਆਦਿ ਦਾ ਕੰਮ 70 ਫੀਸਦੀ ਤੱਕ ਮੁਕੰਮਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਤੋਂ ਭਾਰਤੀ ਸਰਹੱਦ ਤੱਕ ਇਕ ਕਿਲੋਮੀਟਰ ਲੰਬੇ ਪੁਲ ਸਮੇਤ ਲਗਭਗ 4.6 ਕਿਲੋਮੀਟਰ ਲੰਬੀ ਸੜਕ ਬਣਾਉਣ ਦਾ ਕੰਮ ਵੀ 90 ਤੋਂ 95 ਫ਼ੀਸਦੀ ਤੱਕ ਮੁਕੰਮਲ ਕਰ ਲਿਆ ਹੈ। ਇਸ ਤੋਂ ਇਲਾਵਾ ਸੀਵਰੇਜ ਦਾ ਕੰਮ 60 ਫੀਸਦੀ, ਪਾਣੀ ਸਪਲਾਈ ਦਾ 55 ਫੀਸਦੀ ਅਤੇ ਪਾਣੀ ਨਿਕਾਸੀ ਦਾ ਕੰਮ 50 ਫੀਸਦੀ ਤੋਂ ਵਧੇਰੇ ਮੁਕੰਮਲ ਕਰ ਲਿਆ ਗਿਆ ਹੈ।
ਖਾਸਿਫ ਅਲੀ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤ ਤੋਂ ਆਉਣ ਵਾਲੇ ਯਾਤਰੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲਗਭਗ 20 ਕਿਲੋਮੀਟਰ ਖੇਤਰ ‘ਚ ਸੁਰੱਖਿਆ ਵਾੜ (ਕੰਡੇਦਾਰ ਤਾਰ) ਲਗਾਈ ਜਾਵੇਗੀ। ਇਸ ਦੇ ਇਲਾਵਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਆਲੇ-ਦੁਆਲੇ ਲਗਭਗ 10 ਏਕੜ ‘ਚ ਮਾਰਬਲ ਲਗਾਉਣ ਦਾ ਕੰਮ ਆਉਂਦੇ ਇਕ ਤੋਂ ਡੇਢ ਮਹੀਨੇ ‘ਚ ਮੁਕੰਮਲ ਹੋਵੇਗਾ। ਉਕਤ ਇੰਜੀਨੀਅਰ ਅਨੁਸਾਰ ਦਰਿਆ ਰਾਵੀ ‘ਚ ਆਉਣ ਵਾਲੇ ਹੜ੍ਹਾਂ ਦੇ ਮੱਦੇਨਜ਼ਰ ਗੁਰਦੁਆਰਾ ਸਾਹਿਬ ਦੀ ਇਮਾਰਤ ਅਤੇ ਲਾਂਘੇ ਦੀ ਪਾਣੀ ਤੋਂ ਸੁਰੱਖਿਆ ਲਈ ਦਰਿਆ ‘ਤੇ ਬੰਨ੍ਹ ਬਣਾਏ ਜਾਣ ਦਾ ਕੰਮ ਵੀ ਲਗਭਗ ਮੁਕੰਮਲ ਹੋ ਚੁੱਕਿਆ ਹੈ।
__________________________
ਭਾਰਤ ਵਾਲੇ ਪਾਸੇ 30 ਸਤੰਬਰ ਤੱਕ ਮੁਕੰਮਲ ਹੋਵੇਗਾ ਕੰਮ
ਬਟਾਲਾ: ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਜਾਰੀ ਉਸਾਰੀ ਕਾਰਜਾਂ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡੇਰਾ ਬਾਬਾ ਨਾਨਕ ਪੁੱਜੇ ਸਿੰਗਲਾ ਦੇ ਨਾਲ ਹਲਕਾ ਵਿਧਾਇਕ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਕੌਮਾਂਤਰੀ ਸਰਹੱਦ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੀਦਾਰ ਵੀ ਕੀਤੇ। ਸਿੰਗਲਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਨੂੰ ਚੌੜਾ ਕੀਤਾ ਜਾਵੇਗਾ ਤਾਂ ਜੋ ਦੂਰ-ਦੁਰੇਡਿਓਂ ਆਉਣ ਵਾਲੀ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ। ਮੰਤਰੀ ਨੇ ਕਿਹਾ ਕਿ 30 ਸਤੰਬਰ ਤੱਕ ਕਾਰੀਡੋਰ ਦੇ ਰਾਹ ਨਾਲ ਸਬੰਧਤ ਕਾਰਜ ਮੁਕੰਮਲ ਹੋ ਜਾਵੇਗਾ।