ਹਾਲਾਤ ਵਿਚ ਸਿਫਤੀ ਤਬਦੀਲੀ ਪਿੱਛੋਂ ਵੀ ਮੋੜੇ ਦੀ ਆਸ

-ਜਤਿੰਦਰ ਪਨੂੰ
ਕਦੇ-ਕਦੇ ਹਕੀਕਤਾਂ ਮਨਪਸੰਦ ਨਾ ਹੋਣ ਤਾਂ ਕਈ ਲੋਕਾਂ ਦਾ ਮੰਨਣ ਨੂੰ ਦਿਲ ਨਹੀਂ ਕਰਦਾ। ਫਿਰ ਉਹ ਐਨ ਇਸ ਦੇ ਉਲਟ ਤਸਵੀਰ ਦੀ ਕਲਪਨਾ ਕਰਨ ਅਤੇ ਹਕੀਕਤਾਂ ਨੂੰ ਆਪਣੀ ਪਸੰਦ ਮੁਤਾਬਕ ਢਾਲਣ ਦੇ ਯਤਨ ਵਿਚ ਹਾਸੋ-ਹੀਣੀ ਹਾਲਤ ਵਿਚ ਫਸ ਜਾਂਦੇ ਹਨ। ਭਾਰਤ ਦੀ ਮੌਜੂਦਾ ਸਿਆਸੀ ਹਕੀਕਤ ਵੀ ਇਹੀ ਹੈ। ਸਮੁੱਚੀ ਤਸਵੀਰ ਬਦਲ ਚੁਕੀ ਹੈ ਤੇ ਐਨੀ ਜ਼ਿਆਦਾ ਬਦਲ ਚੁਕੀ ਹੈ ਕਿ ਉਸ ਨੂੰ ਝੁਠਲਾਉਣ ਵਾਲੇ ਮਜ਼ਾਕ ਦਾ ਪਾਤਰ ਬਣ ਸਕਦੇ ਹਨ।

ਭਾਰਤ ਦੀ ਪਾਰਲੀਮੈਂਟ ਵਿਚ ਕਈ ਵਾਰੀ ਅੱਗੇ ਵੀ ਤਾਕਤਾਂ ਦਾ ਸੰਤੁਲਨ ਵਿਗੜਦਾ ਰਿਹਾ ਹੈ ਤੇ ਉਸ ਦੇ ਬਾਅਦ ਹਰ ਵਾਰ ਇਹ ਆਸ ਕਾਇਮ ਰਹਿੰਦੀ ਸੀ ਕਿ ਵਿਰੋਧ ਦੀਆਂ ਧਿਰਾਂ ਐਨੀਆਂ ਕਮਜ਼ੋਰ ਨਹੀਂ ਹੋਈਆਂ ਕਿ ਮੋੜਾ ਪਾਉਣ ਦੇ ਦਾਅਵੇ ਦਾ ਮਜ਼ਾਕ ਉਡਾਇਆ ਜਾਵੇ। ਇਸ ਵਾਰੀ ਉਨ੍ਹਾਂ ਸਾਰੇ ਵੇਲਿਆਂ ਤੋਂ ਸਥਿਤੀ ਵੱਖਰੀ ਹੈ। ਕਾਰਨ ਭਾਵੇਂ ਕੋਈ ਰਿਹਾ ਹੋਵੇ, ਪਾਰਲੀਮੈਂਟ ਵਿਚ ਸੰਤੁਲਨ ਅਸਲੋਂ ਹੀ ਬਦਲਿਆ ਨਜ਼ਰ ਆਉਂਦਾ ਹੈ। ਭਾਜਪਾ ਦੇ ਆਗੂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇਸ਼ ਦੀ ਰਾਜਨੀਤੀ ਵਿਚ ਇੱਕ ਦਮ ਵੱਡੇ ਹੁਲਾਰੇ ਨਾਲ ਬਾਕੀ ਸਭ ਧਿਰਾਂ ਦੇ ਲੀਡਰਾਂ ਤੋਂ ਅੱਗੇ ਲੰਘ ਗਈ ਅਤੇ ਆਪਣੀ ਪਾਰਟੀ ਦੇ ਅੰਦਰ ਵੀ ਉਹ ਦੋਵੇਂ ਏਨਾ ਵੱਡਾ ਕੱਦ ਕੱਢ ਗਏ ਹਨ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲਾ ਕੋਈ ਨਹੀਂ ਦਿੱਸ ਰਿਹਾ।
ਜਿਸ ਮੁਰਲੀ ਮਨੋਹਰ ਜੋਸ਼ੀ ਨੇ ਕਿਸੇ ਵਕਤ ਸਿੱਧਾ ਵਿਰੋਧ ਕੀਤਾ ਤੇ ਨਰਿੰਦਰ ਮੋਦੀ ਦੀ ਨਾਰਾਜ਼ਗੀ ਸਹੇੜ ਲਈ ਸੀ, ਪੰਜ ਸਾਲ ਪਿੱਛੋਂ ਉਸ ਨੂੰ ਚੁੱਪ ਰਹਿ ਕੇ ਪਾਰਟੀ ਅੰਦਰੋਂ ਵਿਰੋਧ ਦੀ ਅਗਵਾਈ ਕਰਦਾ ਕਿਹਾ ਜਾਂਦਾ ਸੀ, ਉਹ ਅੱਜ ਨਰਿੰਦਰ ਮੋਦੀ ਦੀ ਜਿੱਤ ਦੇ ਸੋਹਲੇ ਗਾ ਰਿਹਾ ਹੈ। ਲਾਲ ਕ੍ਰਿਸ਼ਨ ਅਡਵਾਨੀ ਨੂੰ ਪਿਛਲੀ ਵਾਰੀ ਮਾਰਗ ਦਰਸ਼ਕ ਮੰਡਲ ਵਿਚ ਵੀ ਬਿਠਾਇਆ ਸੀ ਤਾਂ ਪਾਰਲੀਮੈਂਟ ਮੈਂਬਰ ਵਜੋਂ ਰਾਜਨੀਤੀ ਨਾਲ ਨੇੜਲੇ ਸਬੰਧ ਰੱਖੀ ਜਾਣ ਦਾ ਮੌਕਾ ਉਹ ਵਰਤ ਸਕਦਾ ਸੀ, ਅੱਜ ਉਹ ਵੀ ਮੌਕਾ ਨਹੀਂ ਰਹਿ ਗਿਆ। ਕਿਹਾ ਜਾਂਦਾ ਸੀ ਕਿ ਨਾਗਪੁਰ ਵਾਲੀ ਧਿਰ ਪਾਰਲੀਮੈਂਟ ਚੋਣਾਂ ਪਿੱਛੋਂ ਕਿਸੇ ਤਰ੍ਹਾਂ ਦੀ ਭੁਆਂਟਣੀ ਦੇ ਸਕਦੀ ਹੈ, ਲੱਗਦਾ ਹੈ ਕਿ ਉਸ ਧਿਰ ਨੂੰ ਖੁਦ ਨੂੰ ਭੁਆਂਟਣੀ ਆ ਗਈ ਹੈ।
ਕਾਂਗਰਸ ਪਾਰਟੀ ਇਸ ਵਕਤ ਆਪਣੀ ਵਾਗ ਸੰਭਾਲਣ ਜੋਗਾ ਲੀਡਰ ਲੱਭਣ ਦੀ ਭਟਕਣ ਵਿਚ ਉਲਝੀ ਦਿਖਾਈ ਦਿੰਦੀ ਹੈ ਤੇ ਹੋਰ ਪਾਰਟੀਆਂ ਵਿਚੋਂ ਕੋਈ ਸਿਰ ਚੁੱਕ ਸਕਣ ਜੋਗਾ ਦਿਖਾਈ ਨਹੀਂ ਦਿੰਦਾ। ਇਸ ਦੇ ਬਾਵਜੂਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਲੀਮੈਂਟਰੀ ਆਗੂ ਦੀ ਚੋਣ ਵੇਲੇ ਮੀਟਿੰਗ ਵਿਚ ਇਹ ਕਹਿ ਦਿੱਤਾ ਹੈ ਕਿ ਬਵੰਜਾ ਵੀ ਹੋਏ ਤਾਂ ਸਾਨੂੰ ਕੋਈ ਚਿੰਤਾ ਨਹੀਂ, ਅਸੀਂ ਇੱਕ-ਇੱਕ ਇੰਚ ਉਤੇ ਭਾਜਪਾ ਨਾਲ ਲੜਾਂਗੇ। ਸੁਣਨ ਨੂੰ ਚੰਗਾ ਲੱਗ ਸਕਦਾ ਹੈ, ਇਸ ਦੇ ਬਾਵਜੂਦ ਸਥਿਤੀਆਂ ਇਸ ਦਾਅਵੇ ਦੀ ਹਾਮੀ ਨਹੀਂ ਭਰਦੀਆਂ। ਕਾਂਗਰਸ ਪਾਰਟੀ ਦੀ ਹਾਈ ਕਮਾਨ ਦੇ ਬਹੁਤੇ ਆਗੂ ਏਦਾਂ ਦੇ ਹਨ, ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਭਾਜਪਾ ਦਾ ਇਸ਼ਾਰਾ ਮਿਲਣ ਦੀ ਉਡੀਕ ਤੱਕ ਕਾਂਗਰਸ ਨੂੰ ਵੇਟਿੰਗ ਰੂਮ ਮੰਨ ਕੇ ਬੈਠੇ ਹਨ, ਜਦੋਂ ਉਸ ਪਾਸਿਓਂ ਕੋਈ ਇਸ਼ਾਰਾ ਆ ਗਿਆ, ਜਾਣ ਨੂੰ ਪਲ ਨਹੀਂ ਲਾਉਣਗੇ।
ਭਾਜਪਾ ਏਦਾਂ ਦਾ ਸੰਕੇਤ ਇਸ ਲਈ ਨਹੀਂ ਭੇਜ ਰਹੀ ਕਿ ਇਹ ਲੋਕ ਸਿਰਫ ਕੁਰਸੀਆਂ ਦੀ ਰਾਜਨੀਤੀ ਕਰਨ ਵਾਲੇ ਹਨ, ਜਿਨ੍ਹਾਂ ਬਾਰੇ ਪ੍ਰਿੰਅਕਾ ਗਾਂਧੀ ਵੀ ਕਹਿ ਚੁਕੀ ਹੈ ਕਿ ਇਹ ਕਾਂਗਰਸ ਵਿਚ ਰਹਿ ਕੇ ਇਸ ਦਾ ਕਤਲ ਕਰਨ ਵਾਲੇ ਹਨ। ਇਨ੍ਹਾਂ ਉਤੇ ਰਾਹੁਲ ਗਾਂਧੀ ਏਦਾਂ ਦੀ ਝਾਕ ਅਜੇ ਵੀ ਰੱਖਦਾ ਹੈ ਤਾਂ ਉਹ ਹਕੀਕਤਾਂ ਨੂੰ ਜਾਂ ਤਾਂ ਪਛਾਣਦਾ ਨਹੀਂ, ਜਾਂ ਫਿਰ ਮੰਨਣ ਤੋਂ ਬਚਣਾ ਚਾਹੁੰਦਾ ਹੈ।
ਅਸਲ ਵਿਚ ਵੱਡੀ ਲੜਾਈ ਵਿਚ ਹਾਰ ਦਾ ਮੁੱਢ ਉਦੋਂ ਹੀ ਬੱਝ ਗਿਆ ਸੀ, ਜਦੋਂ ਰਾਹੁਲ ਗਾਂਧੀ ਦੀ ਦਾਦੀ ਇੰਦਰਾ ਗਾਂਧੀ ਨੇ ਹਰ ਇੱਕ ਧਰਮ ਦੇ ਮੁੱਖ ਅਸਥਾਨਾਂ ਵਿਚ ਹਾਜ਼ਰੀ ਲਵਾਉਣ ਤੇ ਰਾਜਨੀਤੀ ਲਈ ਧਰਮ ਨੂੰ ਵਰਤਣ ਵਾਲੀ ਚਾਲ ਸ਼ੁਰੂ ਕੀਤੀ ਸੀ। ਪੰਜਾਬ ਵਿਚ ਖੇਡੀ ਗਈ ਇਹੋ ਖੇਡ ਉਸ ਦੀ ਆਪਣੀ ਮੌਤ ਤੇ ਪੰਜਾਬ ਦੇ ਲੰਮੇ ਦੁਖਾਂਤ ਦੇ ਕਈ ਕਾਰਨਾਂ ਵਿਚੋਂ ਇੱਕ ਬੜਾ ਵੱਡਾ ਕਾਰਨ ਬਣੀ ਸੀ, ਪਰ ਉਸ ਦੇ ਪੁੱਤਰ ਅਤੇ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਕੋਲ ਤਜਰਬੇ ਤੋਂ ਸਿੱਖਣ ਦਾ ਮੌਕਾ ਹੋਣ ਦੇ ਬਾਵਜੂਦ ਉਹ ਏਸੇ ਖੇਡ ਵਿਚ ਰੁੱਝਾ ਰਿਹਾ ਤੇ ਅੰਤ ਨੂੰ ਆਪਣੀ ਜਾਨ ਗਵਾਉਣ ਦੇ ਨਾਲ ਆਪਣੀ ਪਾਰਟੀ ਅੱਗੇ ਏਦਾਂ ਦੇ ਕੰਡੇ ਖਿਲਾਰ ਗਿਆ, ਜੋ ਚੁਗੇ ਨਾ ਜਾ ਸਕਣ। ਰਾਹੁਲ ਗਾਂਧੀ ਤੋਂ ਅਜੇ ਤੱਕ ਉਸ ਵੇਲੇ ਦੇ ਖਿਲਾਰੇ ਹੋਏ ਕੰਡੇ ਨਹੀਂ ਚੁਣੇ ਜਾ ਸਕੇ ਤੇ ਉਸ ਦੀ ਪਾਰਟੀ ਦੇ ਮੌਜੂਦਾ ਲੀਡਰ ਉਸ ਦੇ ਨਾਲ ਤੁਰੇ ਜਾਂਦਿਆਂ ਵੀ ਰਾਹੁਲ ਗਾਂਧੀ ਦੀ ਰਾਜਨੀਤਕ ਪਰੰਪਰਾ ਦਾ ਅੰਤ ਮੰਗਣ ਵਾਲਿਆਂ ਨਾਲ ਰਲੇ ਹੋਏ ਹਨ। ਉਹ ਔਝੜ ਵਿਚ ਫਸਿਆ ਪਿਆ ਹੈ। ਪਾਰਟੀ ਨੂੰ ਅੱਗੇ ਤੋਰਨਾ ਚਾਹੁੰਦਾ ਹੈ, ਜਿਸ ਦਾ ਮੁੱਖ ਕਾਰਨ ਭਾਵੇਂ ਉਸ ਦੀ ਰਾਜ ਕਰਨ ਦੀ ਇੱਛਾ ਸਮਝ ਪੈਂਦੀ ਹੈ, ਪਰ ਉਹ ਅੱਗੇ ਵੱਲ ਤੋਰਨਾ ਤਾਂ ਚਾਹੁੰਦਾ ਹੈ, ਉਸ ਦੀ ਟੀਮ ਉਸ ਦੇ ਨਾਲ ਨਿਭਣ ਵਾਲੀ ਦਿਖਾਈ ਨਹੀਂ ਦੇ ਰਹੀ।
ਜੋ ਗੱਲ ਕਾਂਗਰਸ ਪਾਰਟੀ ਨੂੰ, ਤੇ ਭਾਜਪਾ ਦੀ ਰਾਜਨੀਤੀ ਪਿੱਛੇ ਦਿਖਾਈ ਦਿੰਦੀ ਭਾਰਤ ਵਿਚ ਇੱਕ ਧਰਮ ਦਾ ਰਾਜ ਕਾਇਮ ਕਰਨ ਦੀ ਇੱਛਾ ਨੂੰ ਜਾਣਨ ਵਾਲੀਆਂ ਹੋਰ ਪਾਰਟੀਆਂ ਨੂੰ ਸਮਝਣੀ ਚਾਹੀਦੀ ਹੈ, ਉਹ ਇਹ ਕਿ ਭਾਰਤ ਦੀ ਰਾਜਨੀਤੀ ਇੱਕ ਖਾਸ ਮੋੜ ਮੁੜ ਚੁਕੀ ਹੈ। ਬਹੁਤ ਸਾਰੇ ਲੋਕ ਅਜੇ ਤੱਕ ਇਹ ਸੋਚੀ ਬੈਠੇ ਹਨ ਕਿ ਭਾਰਤ ਧਰਮ-ਨਿਰਪੱਖ ਵਿਰਾਸਤ ਵਾਲਾ ਦੇਸ਼ ਹੈ ਅਤੇ ਜਿਵੇਂ ਬੀਤੇ ਸਮੇਂ ਦੇ ਕਈ ਦੌਰਾਂ ਦੇ ਬਾਅਦ ਮੋੜਾ ਕੱਟਦਾ ਰਿਹਾ ਹੈ, ਇਸ ਵਾਰ ਵੀ ਕੱਟ ਲਵੇਗਾ; ਉਨ੍ਹਾਂ ਦੀ ਇਹ ਗੱਲ ਅਸੀਂ ਕੱਟ ਨਹੀਂ ਰਹੇ, ਆਸ ਰੱਖੀ ਜਾ ਸਕਦੀ ਹੈ ਕਿ ਕੱਟ ਲਵੇਗਾ, ਪਰ ਇਹੋ ਜਿਹਾ ਮੋੜਾ ਕੱਟਣ ਦੀ ਆਸ ਬਹੁਤੀ ਛੇਤੀ ਕਰਨੀ ਔਖੀ ਹੈ। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜਿਸ ਸੋਚ ਦੀ ਪ੍ਰਤੀਨਿਧਤਾ ਕਰਦੇ ਹਨ, ਉਹ ਸੋਚ ਅੱਜ ਦੇਸ਼ ਦੀ ਗਲੀ-ਗਲੀ ਪਹੁੰਚ ਚੁਕੀ ਹੈ ਤੇ ਮੱਧ ਵਰਗੀ ਮਾਨਸਿਕਤਾ ਜਦੋਂ ਕਿਸੇ ਪਾਸੇ ਵੱਲ ਨੂੰ ਇੱਕ ਵਾਰੀ ਉਲਾਰ ਹੋ ਜਾਵੇ, ਉਹ ਛੇਤੀ ਕੀਤੇ ਪਿੱਛੇ ਨਹੀਂ ਮੁੜਦੀ ਹੁੰਦੀ।
ਪੱਛਮੀ ਬੰਗਾਲ ਵਿਚ ਤੀਹ ਨਾਲੋਂ ਵੱਧ ਸਾਲ ਖੱਬੇ ਪੱਖੀਆਂ ਦਾ ਰਾਜ ਇੱਕ ਸਿਧਾਂਤ ਆਧਾਰਤ ਰਾਜਨੀਤੀ ਵਾਲਾ ਕਿਹਾ ਜਾਂਦਾ ਰਿਹਾ ਸੀ, ਪਰ ਉਸ ਦੇ ਟੁੱਟ ਜਾਣ ਪਿੱਛੋਂ ਉਸ ਨਾਲ ਜੁੜੇ ਮੱਧ ਵਰਗੀ ਮਾਨਸਿਕਤਾ ਵਾਲੇ ਲੋਕ ਪਹਿਲਾਂ ਤ੍ਰਿਣਮੂਲ ਕਾਂਗਰਸ ਵੱਲ ਮੁੜੇ ਸਨ ਅਤੇ ਫਿਰ ਭਾਜਪਾ ਮਗਰ ਲਾਮਬੰਦ ਹੋਏ ਦਿਖਾਈ ਦੇਣ ਲੱਗ ਪਏ ਹਨ। ਬੀਤੇ ਹਫਤੇ ਸੀ. ਪੀ. ਆਈ. (ਐਮ) ਦੇ ਇੱਕ ਵਿਧਾਇਕ ਦਾ ਦਿੱਲੀ ਪਹੁੰਚ ਕੇ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕਰਨਾ ਇਸੇ ਵਰਤਾਰੇ ਦਾ ਪ੍ਰਤੀਕ ਹੈ।
ਪੱਛਮੀ ਬੰਗਾਲ ਵਿਚ ਖੱਬੇ ਪੱਖੀਆਂ ਵਾਲੇ ਕਈ ਦਫਤਰ ਪਹਿਲਾਂ ਉਸ ਪਾਰਟੀ ਨੂੰ ਪਤਾ ਲੱਗਣ ਦਿੱਤੇ ਬਿਨਾ ਤ੍ਰਿਣਮੂਲ ਕਾਂਗਰਸ ਦੇ ਦਫਤਰਾਂ ਦੇ ਰੂਪ ਧਾਰ ਗਏ ਸਨ ਤੇ ਅੱਜ ਕੱਲ੍ਹ ਉਨ੍ਹਾਂ ਹੀ ਦਫਤਰਾਂ ਅੰਦਰ ਬੈਠੇ ਹੋਏ ਕਈ ਲੋਕ ਅਚਾਨਕ ਤ੍ਰਿਣਮੂਲ ਛੱਡ ਕੇ ਉਨ੍ਹਾਂ ਹੀ ਟਿਕਾਣਿਆਂ ਨੂੰ ਭਾਜਪਾ ਦਫਤਰਾਂ ਦਾ ਰੂਪ ਦੇਣ ਲੱਗ ਪਏ ਹਨ। ਅਸਲ ਵਿਚ ਉਹ ਲੋਕ ਕਦੇ ਵੀ ਖੱਬੇ ਪੱਖੀ ਸਿਧਾਂਤ ਵਾਲੇ ਨਹੀਂ ਸਨ ਬਣੇ, ਸਿਰਫ ਸੱਤਾ ਦਾ ਸੁਖ ਮਾਣਨ ਤੇ ਜੁਰਅੱਤ ਦੀ ਜ਼ਿੰਦਗੀ ਜਿਉਣ ਲਈ ਖੱਬੇ ਪੱਖੀਆਂ ਦੇ ਨਾਲ ਸਨ। ਇਸ ਵੇਲੇ ਭਾਜਪਾ ਦੇ ਨੇੜੇ ਜਾ ਰਹੇ ਹਨ ਤਾਂ ਫਿਰ ਕਿਸੇ ਸਿਧਾਂਤਕ ਸੋਚ ਕਾਰਨ ਨਹੀਂ, ਧੱਕੇ ਨਾਲ ਉਸ ਰਾਜ ਉਤੇ ਕਬਜ਼ਾ ਕਰਨ ਜੋਗੀ ਹੁੰਦੀ ਜਾਪਦੀ ਧਿਰ ਨਾਲ ਜੁੜ ਰਹੇ ਹਨ। ਇਹੋ ਲੋਕ ਕੁਝ ਸਮਾਂ ਪਾ ਕੇ ਮੋੜਾ ਕੱਟ ਸਕਦੇ ਹਨ, ਪਰ ਏਨੀ ਛੇਤੀ ਨਹੀਂ ਕੱਟਣ ਲੱਗੇ।
ਹਾਲਾਤ ਵਿਚ ਆਈ ਹੋਈ ਇਸ ਸਿਫਤੀ ਤਬਦੀਲੀ ਪਿੱਛੋਂ ਰਾਹੁਲ ਗਾਂਧੀ ਦਾ ਇਹ ਕਹਿਣਾ ਕੋਈ ਵੱਡੇ ਅਰਥ ਨਹੀਂ ਰੱਖਦਾ ਕਿ ਉਸ ਦੀ ਪਾਰਟੀ ਬਵੰਜਾ ਪਾਰਲੀਮੈਂਟ ਮੈਂਬਰਾਂ ਨਾਲ ਵੀ ਇੰਚ-ਇੰਚ ਲੜਾਈ ਲੜ ਸਕਦੀ ਹੈ, ਪਰ ਇਸ ਦਾ ਇਹ ਅਰਥ ਵੀ ਨਹੀਂ ਕਿ ਲੜਾਈ ਖਤਮ ਹੋ ਜਾਣੀ ਹੈ। ਵਿਰੋਧ ਹੋਣਾ ਤਾਂ ਯਕੀਨੀ ਹੈ। ਸਵਾਲ ਇਸ ਵਕਤ ਕਿਸੇ ਇੱਕ ਜਾਂ ਦੂਸਰੀ ਪਾਰਟੀ ਦਾ ਨਹੀਂ, ਦੇਸ਼ ਦੀ ਧਰਮ ਨਿਰਪੱਖ ਸੋਚ ਦੀ ਵਿਰਾਸਤ ਸੰਭਾਲਣ ਤੇ ਬਚਾਉਣ ਲਈ ਉਠਦੇ ਸਵਾਲਾਂ ਅਤੇ ਕਿੰਤੂਆਂ ਦਾ ਹੈ। ਵਿਰੋਧ ਖਾਤਰ ਵਿਰੋਧ ਤਾਂ ਸ਼ਿਵ ਸੈਨਾ ਵੀ ਕਰੀ ਜਾਵੇਗੀ। ਭਵਿੱਖ ਦਾ ਮੋੜਾ ਜਿਸ ਵੀ ਹਾਲਾਤ ਵਿਚ ਪਵੇ ਅਤੇ ਜਦੋਂ ਵੀ ਪਵੇ, ਇਸ ਬਾਰੇ ਸੋਚਣਾ ਰੋਸ਼ਨ ਮੱਥੇ ਵਾਲਿਆਂ ਦਾ ਕੰਮ ਹੈ, ਅਤੇ ਉਹ ਸੋਚਣਗੇ ਵੀ।