ਬਠਿੰਡਾ: ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਭਾਵੇਂ ਕਿਸਾਨ ਸਕਿਓਰਿਟੀ ਜਮ੍ਹਾ ਕਰਵਾਉਣ ਪਿੱਛੋਂ ਮੋਟਰ ਕੁਨੈਕਸ਼ਨ ਦੇ ਇੰਤਜਾਰ ਵਿਚ ਅੱਧੀ ਤੋਂ ਵੱਧ ਉਮਰ ਭੋਗ ਚੁੱਕੇ ਹਨ ਪਰ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਮੁਕਤਸਰ ਦੇ ਕਿਸਾਨ ਇਸ ਪੱਖੋਂ ਬੇਫਿਕਰੇ ਹਨ। ਇਥੇ ਇਕ-ਇਕ ਕਿਸਾਨ ਨੂੰ ਕਈ-ਕਈ ਮੋਟਰ ਕੁਨੈਕਸ਼ਨ ਦਿੱਤੇ ਗਏ ਹਨ। ਜਿਨ੍ਹਾਂ ਕਿਸਾਨਾਂ ਨੂੰ ਤਿੰਨ-ਤਿੰਨ ਜਾਂ ਫਿਰ ਚਾਰ-ਚਾਰ ਮੋਟਰ ਕੁਨੈਕਸ਼ਨ ਦਿੱਤੇ ਗਏ ਹਨ, ਉਨ੍ਹਾਂ ਦੀ ਗਿਣਤੀ ਤਾਂ ਕਾਫੀ ਜ਼ਿਆਦਾ ਹੈ। ਇਨ੍ਹਾਂ ਕਿਸਾਨਾਂ ਨੂੰ ਸੇਮਗ੍ਰਸਤ ਇਲਾਕਾ ਹੋਣ ਕਰਕੇ ਤਰਜੀਹੀ ਕੁਨੈਕਸ਼ਨ ਦਿੱਤੇ ਗਏ ਹਨ। ਉਂਜ ਪਾਵਰਕਾਮ ਦੀ ਇਹ ਨੀਤੀ ਹੈ ਕਿ ਇਕ ਕਿਸਾਨ ਨੂੰ ਤਰਜੀਹੀ ਕੋਟੇ ਵਾਲਾ ਸਿਰਫ਼ ਇਕ ਕੁਨੈਕਸ਼ਨ ਹੀ ਦਿੱਤਾ ਜਾ ਸਕਦਾ ਹੈ, ਪਰ ਸੇਮ ਦੇ ਤਰਜੀਹੀ ਕੁਨੈਕਸ਼ਨਾਂ ਵਿਚ ਇਨ੍ਹਾਂ ਸਭ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ।
ਪਾਵਰਕਾਮ ਤੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਮਿਲੀ ਜਾਣਕਾਰੀ ਮੁਤਾਬਕ ਪਾਵਰਕਾਮ ਦੇ ਮੰਡਲ ਮੁਕਤਸਰ ਵਿਚ ਹੁਣ ਤੱਕ ਸੇਮ ਵਾਲੇ 8622 ਤਰਜੀਹੀ ਕੁਨੈਕਸ਼ਨ ਜਾਰੀ ਕੀਤੇ ਗਏ ਹਨ ਜਿਨ੍ਹਾਂ ਵਿਚੋਂ 564 ਕਿਸਾਨ ਅਜਿਹੇ ਹਨ ਜਿਨ੍ਹਾਂ ਨੂੰ ਇਕ ਤੋਂ ਜ਼ਿਆਦਾ ਸੇਮ ਵਾਲੇ ਤਰਜੀਹੀ ਕੁਨੈਕਸ਼ਨ ਦਿੱਤੇ ਗਏ ਹਨ। ਉਪ ਮੰਡਲ ਲੁਬਾਣਿਆਂਵਾਲੀ ਵਿਚ ਸੇਮ ਵਾਲੇ 2796 ਤਰਜੀਹੀ ਕੁਨੈਕਸ਼ਨ ਦਿੱਤੇ ਗਏ ਹਨ ਜਿਨ੍ਹਾਂ ਵਿਚੋਂ 354 ਕਿਸਾਨਾਂ ਨੂੰ ਇਕ ਤੋਂ ਵੱਧ ਮੋਟਰ ਕੁਨੈਕਸ਼ਨ ਦਿੱਤੇ ਗਏ ਹਨ। ਮੁਕਤਸਰ ਦੇ ਪਿੰਡ ਚਿੱਬੜਾਂਵਾਲੀ ਦੇ ਕਿਸਾਨ ਹਰਪਾਲ ਸਿੰਘ ਨੂੰ ਹੁਣ ਤੱਕ ਸੇਮ ਵਾਲੇ 11 ਤਰਜੀਹੀ ਕੁਨੈਕਸ਼ਨ ਮਿਲ ਚੁੱਕੇ ਹਨ ਜਿਨ੍ਹਾਂ ਵਿਚੋਂ ਅੱਠ ਮੋਟਰ ਕੁਨੈਕਸ਼ਨ ਉਸ ਦੇ ਨਾਂ ‘ਤੇ ਹਨ ਅਤੇ ਤਿੰਨ ਕੁਨੈਕਸ਼ਨ ਉਨ੍ਹਾਂ ਦੀ ਮਾਤਾ ਦੇ ਨਾਂ ‘ਤੇ ਹਨ। ਪਿੰਡ ਲੁਬਾਣਿਆਂਵਾਲੀ ਦੇ ਕਿਸਾਨ ਬਿਕਰਮ ਸਿੰਘ ਨੂੰ ਸੇਮ ਵਾਲੇ 8 ਤਰਜੀਹੀ ਕੁਨੈਕਸ਼ਨ ਮਿਲੇ ਹਨ ਜਿਨ੍ਹਾਂ ਵਿਚੋਂ ਪਾਵਰਕਾਮ ਨੇ 7 ਕੁਨੈਕਸ਼ਨ ਸਾਲ 2009 ਵਿਚ ਦਿੱਤੇ ਸਨ, ਜਦੋਂਕਿ ਇਕ ਕੁਨੈਕਸ਼ਨ ਪਹਿਲਾਂ 1998 ਵਿਚ ਦਿੱਤਾ ਗਿਆ ਸੀ। ਪਿੰਡ ਸੰਮੇਂਵਾਲੀ ਦੇ ਕਿਸਾਨ ਪ੍ਰੀਤਇੰਦਰ ਸਿੰਘ ਨੂੰ ਸੇਮ ਵਾਲੇ ਅੱਧੀ ਦਰਜਨ ਮੋਟਰ ਕੁਨੈਕਸ਼ਨ ਮਿਲੇ ਹੋਏ ਹਨ ਜਦੋਂਕਿ ਚਿਬੜਾਂਵਾਲੀ ਦੇ ਗੁਰਜੰਟ ਸਿੰਘ ਨੂੰ ਇਹੋ ਪੰਜ ਤਰਜੀਹੀ ਮੋਟਰ ਕੁਨੈਕਸ਼ਨ ਦਿੱਤੇ ਗਏ ਹਨ। ਪਾਵਰਕਾਮ ਵੱਲੋਂ ਪੱਲਿਓਂ ਖਰਚਾ ਕਰਕੇ ਇਹ ਕੁਨੈਕਸ਼ਨ ਦਿੱਤੇ ਗਏ ਹਨ ਤੇ ਖਪਤਕਾਰਾਂ ਤੋਂ ਸਿਰਫ ਸਰਵਿਸ ਚਾਰਜਿਜ਼ ਹੀ ਲਏ ਗਏ ਹਨ। ਪਾਵਰਕਾਮ ਨੇ ਪਿੰਡ ਗੰਦੜ ਦੇ ਕਿਸਾਨ ਪਰਮਜੀਤ ਸਿੰਘ, ਲੁਬਾਣਿਆ ਵਾਲੀ ਦੇ ਗੁਰਤੇਜ ਸਿੰਘ, ਜਗਤ ਸਿੰਘ ਵਾਲਾ ਦੇ ਹਰਬੰਸ ਸਿੰਘ ਨੂੰ ਚਾਰ-ਚਾਰ ਮੋਟਰ ਕੁਨੈਕਸ਼ਨ ਦਿੱਤੇ ਹਨ। ਕਾਨਿਆਂਵਾਲੀ ਦੇ ਵੀ ਚਾਰ ਕਿਸਾਨ ਅਜਿਹੇ ਹਨ ਜਿਨ੍ਹਾਂ ਕੋਲ ਚਾਰ-ਚਾਰ ਮੋਟਰ ਕੁਨੈਕਸ਼ਨ ਹਨ।
ਮੰਡਲ ਮਲੋਟ ਦੇ 169 ਕਿਸਾਨਾਂ ਨੂੰ ਸਰਕਾਰ ਨੇ ਦੋ-ਦੋ ਮੋਟਰ ਕੁਨੈਕਸ਼ਨ ਦਿੱਤੇ ਹੋਏ ਹਨ ਜਦੋਂਕਿ 10 ਕਿਸਾਨਾਂ ਨੂੰ ਤਿੰਨ-ਤਿੰਨ ਕੁਨੈਕਸ਼ਨ ਦਿੱਤੇ ਗਏ ਹਨ। ਇਸ ਮੰਡਲ ਦੇ ਇਕ ਕਿਸਾਨ ਨੂੰ ਪੰਜ ਤੇ ਇਕ ਹੋਰ ਕਿਸਾਨ ਨੂੰ ਚਾਰ ਕੁਨੈਕਸ਼ਨ ਦਿੱਤੇ ਗਏ ਹਨ। ਇਸ ਮੰਡਲ ਵਿਚ 512 ਸੇਮ ਵਾਲੇ ਤਰਜੀਹੀ ਕੁਨੈਕਸ਼ਨ ਦਿੱਤੇ ਗਏ ਹਨ ਜਿਨ੍ਹਾਂ ‘ਤੇ 2æ98 ਕਰੋੜ ਰੁਪਏ ਖਰਚਾ ਪੰਜਾਬ ਸਰਕਾਰ ਨੇ ਕੀਤਾ ਹੈ ਜਦੋਂਕਿ ਖਪਤਕਾਰਾਂ ਦੀ 92æ16 ਲੱਖ ਰੁਪਏ ਦੀ ਰਕਮ ਹੀ ਖਰਚ ਹੋਈ ਹੈ। ਅਬੋਹਰ ਮੰਡਲ ਵਿਚ ਸੇਮ ਵਾਲੇ 1878 ਕੁਨੈਕਸ਼ਨ ਜਾਰੀ ਹੋ ਚੁੱਕੇ ਹਨ ਤੇ ਇਸ ਮੰਡਲ ਦੇ ਪਿੰਡ ਕਰਮ ਪੱਟੀ ਦੇ 7 ਕਿਸਾਨਾਂ ਨੂੰ ਸਰਕਾਰ ਨੇ ਤਿੰਨ-ਤਿੰਨ ਕੁਨੈਕਸ਼ਨ ਦਿੱਤੇ ਹੋਏ ਹਨ। ਪਿੰਡ ਭੰਗਾਲਾਂ ਦੇ 896 ਹੈਕਟੇਅਰ ਰਕਬ ਵਿਚੋਂ ਸਿਰਫ 6 ਹੈਕਟੇਅਰ ਰਕਬੇ ਵਿਚ ਹੀ ਸੇਮ ਹੈ, ਪਰ ਇਸ ਪਿੰਡ ਵਿਚ ਸੇਮ ਵਾਲੇ 111 ਤਰਜੀਹੀ ਕੁਨੈਕਸ਼ਨ ਦਿੱਤੇ ਹੋਏ ਹਨ। ਪਿੰਡ ਕਰਮ ਪੱਟੀ ਵਿਚ ਕੁੱਲ ਰਕਬਾ 687 ਹੈਕਟੇਅਰ ਹੈ ਜਿਸ ਵਿਚੋਂ 55 ਹੈਕਟੇਅਰ ਰਕਬੇ ਵਿਚ ਸੇਮ ਹੈ, ਪਰ ਇਸ ਪਿੰਡ ਵਿਚ ਸੇਮ ਵਾਲੇ ਦਿੱਤੇ ਕੁਨੈਕਸ਼ਨਾਂ ਦੀ ਗਿਣਤੀ 174 ਹੈ। ਸਿੰਜਾਈ ਵਿਭਾਗ ਵੱਲੋਂ ਦਰਸਾਏ ਸੇਮਗ੍ਰਸਤ ਰਕਬੇ ਤੇ ਪਾਵਰਕਾਮ ਵੱਲੋਂ ਦਿੱਤੇ ਕੁਨੈਕਸ਼ਨਾਂ ਵਿਚ ਵੱਡਾ ਅੰਤਰ ਹੈ ਜਿਸ ਤੋਂ ਸਾਫ ਹੈ ਕਿ ਪੰਜਾਬ ਸਰਕਾਰ ਨੇ ਸੇਮਗ੍ਰਸਤ ਇਲਾਕੇ ਤੋਂ ਬਿਨਾਂ ਵੀ ਕਿਸਾਨਾਂ ਨੂੰ ਇਹੋ ਤਰਜੀਹੀ ਕੁਨੈਕਸ਼ਨ ਵੰਡ ਦਿੱਤੇ ਹਨ। ਇਨ੍ਹਾਂ ਕੁਨੈਕਸ਼ਨਾਂ ਵਾਸਤੇ ਨਾਬਾਰਡ ਤੋਂ ਸਰਕਾਰ ਨੇ ਕਰਜ਼ਾ ਚੁੱਕਿਆ ਸੀ।
Leave a Reply