ਸੁਪਨ ਸੰਧੂ
ਸਾਡੇ ਪਿੰਡ ਸੁਰ ਸਿੰਘ ਤੋਂ ਅੰਮ੍ਰਿਤਸਰ ਕਰੀਬ ਵੀਹ ਮੀਲ ਦੂਰ ਹੈ। ਮੇਰਾ ਆਪਣੇ ਮਾਤਾ ਪਿਤਾ ਨਾਲ ਉਥੇ ਜਾਣ ਦਾ ਸਬੱਬ ਮਹੀਨੇ-ਦੋ ਮਹੀਨੇ ਪਿੱਛੋਂ ਬਣਦਾ ਹੀ ਰਹਿੰਦਾ। ਜਦੋਂ ਵੀ ਅਸੀਂ ਅੰਮ੍ਰਿਤਸਰ ਜਾਂਦੇ, ਮੇਰੇ ਡੈਡੀ ਮੈਨੂੰ ਹਰ ਵਾਰ ਦਰਬਾਰ ਸਾਹਿਬ ਲੈ ਕੇ ਜਾਂਦੇ। ਇਸ ਲਈ ਮੇਰਾ ਦਰਬਾਰ ਸਾਹਿਬ ਨਾਲ ਪਿਆਰ ਪੈ ਜਾਣਾ ਸੁਭਾਵਿਕ ਹੀ ਸੀ। ਮੈਨੂੰ ਸੁਨਹਿਰੀ ਸੁਨਹਿਰੀ ਦਰਬਾਰ ਸਾਹਿਬ ਬਹੁਤ ਚੰਗਾ ਅਤੇ ਸਾਫ ਸੁਥਰਾ ਲੱਗਦਾ। ਬਾਣੀ ਦਾ ਕੀਰਤਨ ਮੇਰੇ ਬਾਲ ਮਨ ਵਿਚ ਮਿੱਠੀਆਂ ਤਰੰਗਾਂ ਛੇੜਦਾ। ਸਰੋਵਰ ਦੀ ਝਿਲਮਿਲ ਅਤੇ ਉਸ ਵਿਚ ਤਰਦੀਆਂ ਮੱਛੀਆਂ ਮੇਰੇ ਲਈ ਸਵਰਗੀ ਝਾਕੀ ਹੁੰਦੀਆਂ।
ਪਿਤਾ ਜੀ ਮੈਨੂੰ ਉਥੋਂ ਬਾਰੇ ਮੇਰੀ ਉਮਰ ਦੇ ਹਿਸਾਬ ਨਾਲ ਜਾਣਕਾਰੀ ਦਿੰਦੇ ਰਹਿੰਦੇ। ਇਹ ਸ੍ਰੀ ਅਕਾਲ ਤਖਤ ਹੈ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਕੇ ਆਪਣੇ ਸਿੱਖਾਂ ਦੇ ਸਰੀਰਕ ਕਰਤਬ ਵੇਖਦੇ। ਉਨ੍ਹਾਂ ਦੱਸਣਾ ਕਿ ਅਕਾਲ ਤਖਤ ਨਾਲ ਸਾਡਾ ਨਾਤਾ ਗੁਰੂ ਦੇ ਸਿੱਖ ਹੋਣ ਕਰਕੇ ਤਾਂ ਹੈ ਹੀ ਸਗੋਂ ਇਸ ਕਰ ਕੇ ਵੀ ਹੈ ਕਿ ਇਸ ਤਖਤ ਉਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਵਿਚ ਲੜਨ ਮਰਨ ਦਾ ਜੋਸ਼ ਪੈਦਾ ਕਰਨ ਲਈ ਢਾਡੀ ਵਾਰਾਂ ਦਾ ਗਾਇਨ ਕਰਵਾਇਆ ਸੀ ਤਾਂ ਸਾਡੇ ਪਿੰਡ ਸੁਰ ਸਿੰਘ ਦੇ ਢਾਡੀ ਨੱਥਾ ਅਤੇ ਅਬਦੁੱਲਾ ਨੇ ਸਭ ਤੋਂ ਪਹਿਲਾਂ ਇਥੇ ਵਾਰਾਂ ਦਾ ਗਾਇਨ ਕੀਤਾ ਸੀ। ਜਦੋਂ ਮੈਨੂੰ ਪਿਤਾ ਜੀ ਦੱਸ ਰਹੇ ਸਨ, ਉਦੋਂ ਅਕਾਲ ਤਖਤ ਦੇ ਸਾਹਮਣੇ ਇੱਕ ਢਾਡੀ ਜਥਾ ਜੋਸ਼ੀਲੀਆਂ ਵਾਰਾਂ ਦਾ ਗਾਇਨ ਕਰ ਰਿਹਾ ਸੀ। ਮੈਨੂੰ ਲੱਗਾ ਜਿਵੇਂ ਉਨ੍ਹਾਂ ਵਿਚ ਨੱਥਾ ਅਤੇ ਅਬਦੁੱਲਾ ਹੋਣ। ਅਕਾਲ ਤਖਤ ਮੈਨੂੰ ਹੋਰ ਵੀ ਚੰਗਾ ਅਤੇ ਆਪਣਾ ਆਪਣਾ ਲੱਗਣ ਲੱਗਾ।
ਪਿਤਾ ਜੀ ਨੇ ਹੀ ਮੈਨੂੰ ਦੱਸਿਆ ਕਿ ਇਹ ਲਾਚੀ ਬੇਰ ਹੈ, ਜਿਸ ਨਾਲ ਮੱਸੇ ਰੰਘੜ ਦਾ ਸਿਰ ਵੱਢਣ ਆਏ ਸੂਰਮਿਆਂ-ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਘੋੜੇ ਬੱਧੇ ਸਨ। ਇਹ ਬਾਬਾ ਬੁੱਢਾ ਜੀ ਦੀ ਬੇਰੀ ਹੈ, ਜਿਸ ਹੇਠਾਂ ਬੈਠ ਕੇ ਉਹ ਇਸ ਅਸਥਾਨ ਦੀ ਸੇਵਾ ਕਰਵਾਉਂਦੇ ਸਨ। ਇਹ ਹੈ ਦੁਖਭੰਜਨੀ ਬੇਰੀ, ਜਿੱਥੇ ਰਜਨੀ ਦਾ ਪਿੰਗਲਾ ਪਤੀ ਅੰਮ੍ਰਿਤਮਈ ਛਪੜੀ ਵਿਚ ਇਸ਼ਨਾਨ ਕਰਨ ਤੋਂ ਪਿੱਛੋਂ ਨੌ ਬਰ ਨੌ ਹੋ ਕੇ ਬੈਠਾ ਸੀ। ਇਹ ਹੈ ਬਾਬਾ ਦੀਪ ਸਿੰਘ ਦਾ ਅਸਥਾਨ ਜਿੱਥੇ ਉਸ ਦਾ ਸੀਸ ਪਰਿਕਰਮਾ ਵਿਚ ਆ ਕੇ ਡਿੱਗਾ ਸੀ।
ਸਿੱਖ ਧਰਮ ਨਾਲ ਮੇਰੀ ਜਾਣਕਾਰੀ ਇਥੇ ਆ ਕੇ ਹਰ ਵਾਰ ਨਵਿਆਈ ਜਾਂਦੀ। ਮੇਰਾ ਬਾਲ ਮਨ ਕਲਪਨਾ ਵਿਚ ਇਤਿਹਾਸ ਦੇ ਉਨ੍ਹਾਂ ਪਲਾਂ ਵਿਚ ਵਿਚਰਨ ਲੱਗਦਾ, ਜਿਨ੍ਹਾਂ ਦੇ ਦਰਸ਼ਨ ਕੇਂਦਰੀ ਸਿੱਖ ਅਜਾਇਬ ਘਰ ਦੀਆਂ ਤਸਵੀਰਾਂ ਵੀ ਕਰਵਾਉਂਦੀਆਂ ਸਨ।
ਅਸੀਂ ਕਦੇ ਵੀ ਲੰਗਰ ਛਕੇ ਬਿਨਾ ਵਾਪਸ ਨਾ ਆਉਂਦੇ। ਉਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੂਰਾ ਦਬਦਬਾ ਸੀ। ਦਰਬਾਰ ਸਾਹਿਬ ਦੇ ਬਾਹਰ ਹਰ ਦੁਕਾਨ ਤੋਂ ਸੰਤ ਭਿੰਡਰਾਂਵਾਲਿਆਂ ਦੇ ਲੈਕਚਰਾਂ ਦੀਆਂ ਟੇਪਾਂ ਅਤੇ ਕਿਤਾਬਾਂ ਦੀ ਵਿਕਰੀ ਗਰਮ ਪਕੌੜਿਆਂ ਵਾਂਗ ਹੁੰਦੀ ਸੀ। ਪਿਤਾ ਜੀ ਨੇ ਵੀ ਉਸ ਦੀ ਕੋਈ ਨਾ ਕੋਈ ਟੇਪ ਜਾਂ ਕਿਤਾਬ ਜ਼ਰੂਰ ਲੈ ਲੈਣੀ। ਭਾਵੇਂ ਉਹ ਖੁਦ ਸੰਤ ਭਿੰਡਰਾਂਵਾਲਿਆਂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਸਨ, ਪਰ ਫਿਰ ਵੀ ਹਰ ਪੱਖ ਦੇ ਆਗੂ ਦੇ ਵਿਚਾਰ ਪੜ੍ਹਦੇ ਅਤੇ ਸੁਣਦੇ ਸਨ। ਘਰ ਜਾ ਕੇ ਜਦੋਂ ਉਨ੍ਹਾਂ ਟੇਪ ਲਾਉਣੀ ਤਾਂ ਨਾਲ ਟਿੱਪਣੀਆਂ ਵੀ ਕਰਨੀਆਂ, “ਵੇਖੋ ਇਹ ਸੰਤ ਜਦੋਂ ਇਹ ਕਹਿੰਦਾ ਹੈ ਕਿ ‘ਛੱਲੀ ਰਾਮ ਤੁੱਕੀ ਰਾਮ ਤਾਂ ਸਿੰਘੋ ਤੁਹਾਨੂੰ ਕੱਲ੍ਹੇ ਕੱਲ੍ਹੇ ਨੂੰ ਮਸਾਂ ਤੀਹ ਤੀਹ ਆਉਣੇ ਹਨ’ ਤਾਂ ਕੀ ਇਹ ਉਸ ਗੁਰੂ ਦੀ ਸਿੱਖੀ ਦਾ ਸਿਧਾਂਤ ਪੇਸ਼ ਕਰ ਰਿਹਾ ਹੈ, ਜਿਸ ਨੇ ਹਿੰਦੂ ਧਰਮ ਦੀ ਰਾਖੀ ਲਈ ਸੀਸ ਵਾਰ ਦਿੱਤਾ ਸੀ।” ਮੇਰੀ ਮਾਂ ਉਨ੍ਹਾਂ ਨੂੰ ਅਜਿਹੀਆਂ ਗੱਲਾਂ ਕਰਨ ਤੋਂ ਵਰਜਦੀ ਕਿਉਂਕਿ ਉਨ੍ਹਾਂ ਦਿਨਾਂ ਵਿਚ ਸੰਤ ਭਿੰਡਰਾਂਵਾਲਿਆਂ ਦੀ ਬੜੀ ਦਹਿਸ਼ਤ ਸੀ।
ਫਿਰ ਅਚਾਨਕ ਇੱਕ ਦਿਨ ਸਾਡੇ ਪਿੰਡ ਵਿਚ ਕਰਫਿਊ ਲੱਗ ਗਿਆ। ਮੈਨੂੰ ਸਮਝਾਇਆ ਗਿਆ ਕਿ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਵਿਚ ਸੰਤ ਭਿੰਡਰਾਂਵਾਲਿਆਂ ਨੂੰ ਫੜਨ ਲਈ ਹਮਲਾ ਕਰ ਦਿੱਤਾ ਹੈ, ਜਿਸ ਕਰਕੇ ਪੂਰੇ ਪੰਜਾਬ ਵਿਚ ਕਰਫਿਊ ਲੱਗਾ ਹੋਇਆ ਹੈ। ਇਹ ਵੀ ਪਤਾ ਲੱਗਾ ਕਿ ਫੌਜ ਨੇ ਅਕਾਲ ਤਖਤ ਢਾਹ ਦਿੱਤਾ ਹੈ ਅਤੇ ਦਰਬਾਰ ਸਾਹਿਬ ਵਿਚ ਗੋਲੀਆਂ ਲੱਗੀਆਂ ਹਨ। ਮੇਰੀ ਮਾਂ ਵਿਲਕਦੀ ਕਿ ਕਦੋਂ ਦਰਬਾਰ ਸਾਹਿਬ ਦੇ ਦਰਸ਼ਨ ਹੋਣਗੇ। ਮੇਰੇ ਮਨ ਵਿਚ ਵੀ ਸੀ ਕਿ ਵੇਖਾਂ ਤਾਂ ਸਹੀ ਕਿ ਹੁਣ ਉਥੋਂ ਦੀ ਝਾਕੀ ਕਿਹੋ ਜਿਹੀ ਲੱਗਦੀ ਹੈ। ਦਰਬਾਰ ਸਾਹਿਬ ਦੇ ਦਰਸ਼ਨਾਂ ਦੀ ਤਲਬ ਤਾਂ ਪੰਜਾਬ ਦੇ ਬੱਚੇ ਬੱਚੇ ਦੇ ਮਨ ਵਿਚ ਜਾਗ ਪਈ ਸੀ।
ਇੱਕ ਦਿਨ ਕੁਝ ਚਿਰ ਲਈ ਜਦੋਂ ਕਰਫਿਊ ਹਟਾਇਆ ਗਿਆ ਤਾਂ ਮੈਨੂੰ ਪਿਤਾ ਜੀ ਅੰਮ੍ਰਿਤਸਰ ਲੈ ਕੇ ਗਏ। ਦਰਬਾਰ ਸਾਹਿਬ ਤੋਂ ਕਰਫਿਊ ਹਟੇ ਹੋਣ ਦੀ ਖਬਰ ਬਹੁਤੇ ਲੋਕਾਂ ਨੂੰ ਨਹੀਂ ਸੀ ਮਿਲੀ। ਅਸੀਂ ਕੁਝ ਇੱਕ ਜਣੇ ਹੀ ਸਾਂ। ਮੈਨੂੰ ਸਾਫ ਸਪਸ਼ਟ ਯਾਦ ਹੈ ਕਿ ਅਸੀਂ ਜਿਨ੍ਹਾਂ ਚਹਿਲ ਪਹਿਲ ਵਾਲੇ ਬਾਜ਼ਾਰਾਂ ਵਿਚੋਂ ਲੰਘ ਕੇ ਦਰਬਾਰ ਸਾਹਿਬ ਜਾਇਆ ਕਰਦੇ ਸਾਂ, ਉਹ ਮਲਬੇ ਦਾ ਢੇਰ ਬਣੇ ਹੋਏ ਸਨ। ਥਾਂ ਥਾਂ ‘ਤੇ ਫੌਜੀ ਤਾਇਨਾਤ ਸਨ। ਆਪਣੇ ਮਾਂ ਬਾਪ ਵਾਂਗ ਹੀ ਮੇਰਾ ਮਨ ਦਰਬਾਰ ਸਾਹਿਬ ਦੀ ਝਲਕ ਵੇਖਣ ਲਈ ਬਿਹਬਲ ਸੀ। ਅਸੀਂ ਫੌਜੀਆਂ ਦੀ ਆਗਿਆ ਲੈ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਾਲੇ ਪਾਸਿਓਂ ਕਿਸੇ ਦੇ ਘਰ ਦੀ ਛੱਤ ‘ਤੇ ਚੜ੍ਹੇ ਤਾਂ ਕੀ ਵੇਖਦੇ ਹਾਂ ਅਕਾਲ ਤਖਤ ਮਲਬੇ ਦਾ ਢੇਰ ਬਣਿਆ ਹੋਇਆ ਹੈ। ਦਰਸ਼ਨੀ ਡਿਓਢੀ ਵਿਚ ਵੱਜੇ ਟੈਂਕ ਦੇ ਗੋਲਿਆਂ ਨੇ ਮਘੋਰੇ ਕੀਤੇ ਹੋਏ ਸਨ। ਮੇਰੀ ਮਾਂ ਸਦਾ ਇਥੇ ਆ ਕੇ ਸੁੱਖਣਾ ਸੁੱਖਦੀ ਸੀ। ਉਸ ਦਾ ਵਿਸ਼ਵਾਸ ਸੀ ਕਿ ਗੁਰੂ ਮਹਾਰਾਜ ਸਰਵ-ਸ਼ਕਤੀਮਾਨ ਹਨ ਅਤੇ ਸਭ ਦਾ ਕੰਮ ਸਵਾਰਦੇ ਹਨ। ਮੇਰੇ ਮਨ ਵਿਚ ਵੀ ਇਹ ਭਾਵ ਬੈਠੇ ਹੋਏ ਸਨ।
ਅੱਜ ਜਦੋਂ ਮੈਂ ਸਦਾ ਸ਼ਰਧਾਲੂਆਂ ਦੀਆਂ ਭੀੜਾਂ ਅਤੇ ਸੰਗੀਤ ਦੀਆਂ ਧੁਨਾਂ ਨਾਲ ਗੂੰਜਦਾ ਰਹਿਣ ਵਾਲਾ ਦਰਬਾਰ ਸਾਹਿਬ ਵੇਖਿਆ ਤਾਂ ਮੇਰੇ ਕਲੇਜੇ ਨੂੰ ਹੌਲ ਜਿਹਾ ਪਿਆ। ਅੱਜ ਦਾ ਦ੍ਰਿਸ਼ ਪਹਿਲਾਂ ਦੇ ਮੇਰੇ ਜ਼ਿਹਨ ਵਿਚਲੇ ਦਰਬਾਰ ਸਾਹਿਬ ਤੋਂ ਬਿਲਕੁਲ ਵੱਖਰਾ ਅਤੇ ਖੌਫਨਾਕ ਸੀ। ਨਾ ਹੀ ਮਧੁਰ ਗੁਰਬਾਣੀ ਦੀਆਂ ਧੁਨਾਂ ਸਨ ਅਤੇ ਨਾ ਹੀ ਪਰਿਕਰਮਾ ਵਿਚ ਸ਼ਰਧਾਲੂਆਂ ਦੀ ਚਹਿਲ ਪਹਿਲ। ਫੌਜ ਗੁੰਬਦਾਂ ਉਪਰ ਅਤੇ ਹਰ ਕੋਨੇ ਵਿਚ ਕੀੜੀਆਂ ਵਾਂਗ ਮੌਜੂਦ ਸੀ। ਮੈਨੂੰ ਇਹ ਸਭ ਕੁਝ ਬਹੁਤ ਅਜੀਬ ਲੱਗ ਰਿਹਾ ਸੀ। ਮੇਰੇ ਮਨ ਵਿਚ ਇਹ ਵੀ ਆ ਰਿਹਾ ਸੀ ਕਿ ਮੇਰੀ ਮਾਂ ਦੇ ਕਹਿਣ ਮੁਤਾਬਕ ਸਰਵ ਸ਼ਕਤੀਮਾਨ ਗੁਰੂ ਮਹਾਰਾਜ ਨੇ ਆਪਣੀ ਰੱਖਿਆ ਕਿਉਂ ਨਾ ਕੀਤੀ! ਬੱਚਾ ਸਾਂ ਨਾ!
ਮੈਨੂੰ ਮਨ ਹੀ ਮਨ ਵਿਚ ਫੌਜ ਤੋਂ ਡਰ ਲੱਗ ਰਿਹਾ ਸੀ। ਡਰ ਇਸ ਕਰਕੇ ਕਿ ਇਨ੍ਹਾਂ ਫੌਜੀਆਂ ਨੇ ਸੰਤ ਭਿੰਡਰਾਂਵਾਲਿਆਂ ਅਤੇ ਉਸ ਦੇ ਸਾਥੀਆਂ ਨੂੰ ਮਾਰ ਦਿੱਤਾ ਹੈ, ਜਿਸ ਤੋਂ ਅੰਦਰੇ ਅੰਦਰ ਮੈਨੂੰ ਵੀ ਡਰ ਆਉਂਦਾ ਹੁੰਦਾ ਸੀ। ਅੱਜ ਸੋਚਦਾ ਹਾਂ ਕਿ ਜਿਨ੍ਹਾਂ ਤੋਂ ਤੁਹਾਨੂੰ ਡਰ ਆਵੇ, ਕੀ ਉਨ੍ਹਾਂ ਆਗੂਆਂ ਨਾਲ ਤੁਹਾਨੂੰ ਮੁਹੱਬਤ ਹੋ ਸਕਦੀ ਹੈ! ਸੱਚੀ ਗੱਲ ਹੈ, ਉਦੋਂ ਪੁਲਿਸ ਅਤੇ ਫੌਜ ਤੋਂ ਵੀ ਡਰ ਲੱਗਦਾ ਸੀ ਅਤੇ ਸੰਤ ਭਿੰਡਰਾਂਵਾਲਿਆਂ ਤੋਂ ਵੀ। ਅਸੀਂ ਡਰ ਦੀ ਕੁੜਿੱਕੀ ਵਿਚ ਸਾਂ। ਇਹ ਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਉਸ ਵੇਲੇ ਦੀ ਮਾਨਸਿਕਤਾ ਬਿਆਨ ਕਰ ਰਿਹਾ ਹਾਂ। ਹੋਰ ਲੋਕ ਹੋਰ ਤਰ੍ਹਾਂ ਵੀ ਸੋਚਦੇ ਹੋ ਸਕਦੇ ਹਨ।
ਪਿਤਾ ਜੀ ਨੇ ਮੇਰਾ ਡਰ ਭਾਂਪ ਲਿਆ ਸੀ। ਉਨ੍ਹਾਂ ਨੇ ਇੱਕ ਸਰਦਾਰ ਫੌਜੀ ਨੂੰ ਕਿਹਾ ਕਿ ਮੁੰਡੇ ਨੂੰ ਜ਼ਰਾ ਥਾਪੀ ਦੇ ਦਿਓ, ਫੌਜ ਨੂੰ ਵੇਖ ਕੇ ਜ਼ਰਾ ਡਰਦਾ ਹੈ। ਉਸ ਫੌਜੀ ਨੇ ਡੈਡੀ ਦੀ ਗੱਲ ਸੁਣ ਕੇ ਮੈਨੂੰ ਜੱਫੀ ਵਿਚ ਲੈ ਕੇ ਪਿਆਰ ਕੀਤਾ। ਇਸੇ ਨਾਲ ਮੇਰਾ ਡਰ ਕੁਝ ਹੱਦ ਤੱਕ ਦੂਰ ਵੀ ਹੋ ਗਿਆ।
“ਇਨ੍ਹਾਂ ਦਾ ਆਪਣੇ ਗੁਰੂ ਘਰ ਵੱਲ ਗੋਲੀਆਂ ਚਲਾਉਣ ਦਾ ਕਿਵੇਂ ਹੌਂਸਲਾ ਪਿਆ ਹੋਵੇਗਾ?” ਪਿਤਾ ਜੀ ਨੇ ਹੌਲੀ ਜਿਹੇ ਮੇਰੀ ਮਾਂ ਨੂੰ ਕਿਹਾ।
ਮੈਂ ਵੇਖਿਆ, ਪਿਤਾ ਜੀ ਜੋ ਆਪਣੇ ਆਪ ਨੂੰ ਨਾਸਤਿਕ ਆਖਦੇ ਅਤੇ ਸਮਝਦੇ ਹਨ, ਦੇ ਬੋਲ ਭਰੜਾਏ ਹੋਏ ਸਨ। ਉਨ੍ਹਾਂ ਦੀ ਅਵਾਜ਼ ਭਿੱਜੀ ਹੋਈ ਸੀ। ਦੋ ਮੋਟੇ ਅੱਥਰੂ ਉਨ੍ਹਾਂ ਦੀਆਂ ਪਲਕਾਂ ਤੋਂ ਡਿੱਗੂੰ ਡਿੱਗੂੰ ਕਰਦੇ ਸਨ।
“ਲੈ ਵੇਖ ਲੈ ਕਹਿੰਦੀ ਸੈਂ ਮੈਂ ਅਕਾਲ ਤਖਤ ਵੇਖਣਾ ਏਂ। ਵੇਖ ਲੈ ਆਪਣਾ ਅਕਾਲ ਤਖਤ।” ਉਨ੍ਹਾਂ ਨੇ ਜਿਵੇਂ ਮੇਰੀ ਮਾਂ ਨੂੰ ਉਲਾਹਮਾ ਦਿੱਤਾ ਹੋਵੇ। ਉਹ ਰੁਮਾਲ ਨਾਲ ਅੱਥਰੂ ਪੂੰਝਣ ਲੱਗੇ। ਮੇਰਾ ਪਿਤਾ ਰੋ ਵੀ ਸਕਦਾ ਹੈ, ਇਹ ਵੇਖ ਕੇ ਮੇਰੇ ਬਾਲ ਮਨ ਨੂੰ ਕੁਝ ਕੁਝ ਹੋਣ ਲੱਗਾ। ਮੈਂ ਤਾਂ ਸਦਾ ਸਮਝਦਾ ਰਿਹਾ ਸਾਂ ਕਿ ਮੇਰਾ ਪਿਤਾ ਬੜਾ ਬਹਾਦਰ ਹੈ, ਪਰ ਉਹ ਤਾਂ ਇਹ ਦ੍ਰਿਸ਼ ਵੇਖ ਕੇ ਬਾਲਾਂ ਵਾਂਗ ਰੋ ਪਿਆ ਸੀ।
ਪਿਤਾ ਜੀ ਨੇ ਜਦੋਂ ਮੈਨੂੰ ਹੈਰਾਨੀ ਨਾਲ ਆਪਣੇ ਵੱਲ ਵੇਖਦਾ ਤੱਕਿਆ ਤਾਂ ਮੁਸਕਰਾ ਕੇ ਮੈਨੂੰ ਕੁੱਛੜ ਚੁੱਕ ਲਿਆ। ਅਸੀਂ ਸਾਰੇ ਜਣੇ ਉਥੋਂ ਬਹੁਤ ਹੀ ਉਦਾਸ ਪਰਤੇ। ਮੇਰਾ ਮਨ ਦਰਬਾਰ ਸਾਹਿਬ ਕੰਪਲੈਕਸ ਅੰਦਰਲੀ ਝਾਕੀ ਵੇਖਣ ਲਈ ਬਿਹਬਲ ਸੀ। ਕੁਝ ਦਿਨਾਂ ਬਾਅਦ ਇੱਕ ਦਿਨ ਵਾਸਤੇ ਸਭ ਨੂੰ ਦਰਬਾਰ ਸਾਹਿਬ ਜਾਣ ਦੀ ਇਜਾਜ਼ਤ ਮਿਲੀ ਤਾਂ ਲੋਕ ਜਿਵੇਂ ਵਹੀਰਾਂ ਘੱਤ ਕੇ ਦਰਬਾਰ ਸਾਹਿਬ ਵੱਲ ਤੁਰ ਪਏ। ਅਸੀਂ ਵੀ ਪਰਿਵਾਰ ਸਮੇਤ ਉਥੇ ਪਹੁੰਚੇ ਤਾਂ ਭੀੜ ਦਾ ਕੋਈ ਅੰਤ ਹਿਸਾਬ ਹੀ ਨਹੀਂ ਸੀ। ਹਰੇਕ ਦੇ ਚਿਹਰੇ ‘ਤੇ ਡੂੰਘੀ ਉਦਾਸੀ ਸੀ। ਜਿਵੇਂ ਉਨ੍ਹਾਂ ਦਾ ਆਪਣਾ ਕੋਈ ਸਭ ਤੋਂ ਪਿਆਰਾ ਜੀ ਮਰ ਗਿਆ ਹੋਵੇ!
ਅਸੀਂ ਘੰਟਾ ਘਰ ਵੱਲੋਂ ਦਾਖਲ ਹੋਏ ਤਾਂ ਲੋਕ ਪੌੜੀਆਂ ਵਿਚ ਹੋਈਆਂ ਮੋਰੀਆਂ ਵੱਲ ਇਸ਼ਾਰਾ ਕਰ ਕੇ ਕਹਿ ਰਹੇ ਸਨ ਕਿ ਇਥੋਂ ਦਰਬਾਰ ਸਾਹਿਬ ਵਿਚ ਬੈਠੇ ਸਿੰਘਾਂ ਨੇ ਗੋਲੀਆਂ ਚਲਾ ਕੇ ਫੌਜ ਨੂੰ ਅੱਗੇ ਵਧਣੋਂ ਰੋਕਿਆ ਸੀ। ਖੱਬੇ ਹੱਥ ਨੂੰ ਤੁਰੇ ਤਾਂ ਫੌਜੀਆਂ ਦੇ ਰਗੜ ਕੇ ਸਾਫ ਕਰਨ ਤੋਂ ਬਾਅਦ ਵੀ ਪਰਿਕਰਮਾ ਵਿਚ ਥਾਂ ਥਾਂ ਖੂਨ ਦੇ ਧੱਬੇ ਨਜ਼ਰ ਆਏ। ਪਤਾ ਨਹੀਂ ਕਿੰਨੇ ਲੋਕ ਸ਼ਹੀਦ ਹੋਏ ਹੋਣਗੇ। ਅਸਮਾਨ ਛੂੰਹਦੇ ਰਾਮਗੜ੍ਹੀਆ ਬੁੰਗੇ ਦੇ ਸਿਰ ਫੇਹ ਦਿੱਤੇ ਗਏ ਸਨ। ਗੁਰੂ ਰਾਮਦਾਸ ਦੀ ਸਰਾਂ ਵਾਲੀ ਟੈਂਕੀ ਦੇ ਮਘੋਰੇ ਦਿਸ ਰਹੇ ਸਨ। ਦਰਬਾਰ ਸਾਹਿਬ ਦੀ ਇਮਾਰਤ ਗੋਲੀਆਂ ਨਾਲ ਵਿੰਨ੍ਹੀ ਪਈ ਸੀ। ਪਰਿਕਰਮਾ ਦੇ ਕਮਰਿਆਂ ਵਿਚੋਂ ਖੂਨ ਦੀ ਅਤੇ ਲਾਸ਼ਾਂ ਦੀ ਸੜਿਆਣ ਦੀ ਬੂ ਆ ਰਹੀ ਸੀ। ਇੱਕ ਕਮਰੇ ਵਿਚ ਖੂਨ ਨਾਲ ਲਿੱਬੜਿਆ ਕਛਹਿਰਾ ਅਤੇ ਪਰਨਾ ਪਿਆ ਸੀ। ਤੇਜਾ ਸਿੰਘ ਸਮੁੰਦਰੀ ਹਾਲ ਗੋਲੇ ਵੱਜ ਕੇ ਲੱਗੀ ਅੱਗ ਨਾਲ ਧੁਆਂਖਿਆ ਪਿਆ ਸੀ। ਗੁਰੂ ਨਾਨਕ ਨਿਵਾਸ ਵਿਚ ਗਏ ਤਾਂ ਕਿਸੇ ਨੇ ਕਿਹਾ, “ਪਹਿਲਾਂ ਭਿੰਡਰਾਂਵਾਲਾ ਇਸ ਕਮਰੇ ਵਿਚ ਹੁੰਦਾ ਸੀ। ਇਥੋਂ ਹੀ ਅਕਾਲ ਤਖਤ ‘ਤੇ ਗਿਆ।”
“ਨਾ ਉਹ ਅਕਾਲ ਤਖਤ ‘ਤੇ ਜਾਂਦਾ ਤੇ ਨਾ ਸਿੱਖ ਕੌਮ ਨੂੰ ਇਹ ਦਿਨ ਵੇਖਣੇ ਪੈਂਦੇ।” ਕਿਸੇ ਸਿੰਘ ਨੇ ਕਿਹਾ ਤਾਂ ਇੱਕ ਜਣਾ ਤਾਂ ਉਹਦੇ ਗਲ ਨੂੰ ਹੀ ਆ ਪੈਣ ਲੱਗਾ।
“ਤੁਸੀਂ ਲੋਕ ਸਭ ਇੰਦਰਾ ਦੇ ਏਜੰਟ ਓ। ਕੌਮ ਦੇ ਦੁਸ਼ਮਣ। ਏਨੀ ਹੋ ਗਈ ਹੁਣ ਤਾਂ ਕੁਝ ਸ਼ਰਮ ਕਰੋ।” ਪਰ ਆਖਣ ਵਾਲਾ ਆਪਣੀ ਗੱਲ ‘ਤੇ ਅੜਿਆ ਹੋਇਆ ਸੀ।
“ਆਪਣਾ ਨਿਵਾਸ ਤਾਂ ਅਕਾਲ ਤਖਤ ਨੂੰ ਗੁਰੂ ਸਾਹਿਬ ਨੇ ਨਹੀਂ ਸੀ ਬਣਾਇਆ!”
ਸਰਕਾਰ ਦੇ ਧੱਕੇ ਅਤੇ ਜੁ.ਲਮ ਤੋਂ ਤਾਂ ਸਾਰੇ ਹੀ ਦੁਖੀ ਸਨ। ਕੁਝ ਕਹਿ ਰਹੇ ਸਨ ਕਿ ਭਿੰਡਰਾਂਵਾਲਾ ਬਚ ਕੇ ਨਿਕਲ ਗਿਆ ਹੈ। ਮੇਰਾ ਜੀਅ ਵੀ ਕਰਦਾ ਸੀ ਕਿ ਉਹ ਬਚ ਕੇ ਨਿਕਲ ਹੀ ਗਿਆ ਹੋਵੇ।
“ਮੈਂ ਇਸ ਗੱਲੋਂ ਭਿੰਡਰਾਂਵਾਲਿਆਂ ‘ਤੇ ਖੁਸ਼ ਹਾਂ ਕਿ ਉਹ ਜਾਨ ਬਚਾ ਕੇ ਨਹੀਂ ਭੱਜਿਆ, ਜਦ ਕਿ ਉਹ ਅਜਿਹਾ ਕਰ ਸਕਦਾ ਸੀ। ਮੈਦਾਨੇ-ਜੰਗ ਵਿਚ ਜਾਨ ਦੇ ਕੇ ਉਸ ਨੇ ਮਰਦਾਂ ਵਾਲੀ ਕੀਤੀ।”
ਇਹ ਸ਼ਬਦ ਮੇਰੇ ਪਿਤਾ ਦੇ ਮੂੰਹੋਂ ਨਿਕਲੇ, ਜੋ ਸੰਤ ਭਿੰਡਰਾਂਵਾਲਿਆਂ ਦੇ ਵਿਚਾਰਾਂ ਦਾ ਸਦਾ ਵਿਰੋਧੀ ਰਿਹਾ ਸੀ। ਗੁਰੂ ਰਾਮਦਾਸ ਸਰਾਂ ਦਾ ਗੇੜਾ ਕੱਢ ਕੇ ਅਤੇ ਕਮਰਿਆਂ ਵਿਚ ਡੁੱਲਾ ਲਹੂ ਵੇਖ ਕੇ ਅਸੀਂ ਫਿਰ ਪਰਿਕਰਮਾ ਵਿਚ ਪਰਤ ਆਏ। ਪਰਿਕਰਮਾ ਦਾ ਜਮੀਨ ਵਿਚ ਧਸਿਆ ਸੰਗਮਰਮਰ ਵੇਖ ਕੇ ਕਿਸੇ ਨੇ ਦੱਸਿਆ ਕਿ ਇਥੇ ਟੈਂਕ ਖੁਭ ਗਿਆ ਸੀ। ਇਸ ਥਾਂ ਦੀ ਸ਼ਕਤੀ ਨੇ ਉਸ ਨੂੰ ਅੱਗੇ ਨਹੀਂ ਸੀ ਜਾਣ ਦਿੱਤਾ। ਪਰ ਇਥੋਂ ਨਿਕਲੇ ਅਤੇ ਅਕਾਲ ਤਖਤ ਤੇ ਦਰਸ਼ਨੀ ਡਿਓਢੀ ‘ਤੇ ਵੱਜਦੇ ਗੋਲਿਆਂ ਨੂੰ ਉਸ ਸ਼ਕਤੀ ਨੇ ਕਿਉਂ ਨਾ ਰੋਕਿਆ? ਮੇਰਾ ਬਾਲ ਮਨ ਸਵਾਲ ਕਰ ਰਿਹਾ ਸੀ।
ਮੈਂ ਬਹੁਤ ਉਦਾਸ ਸਾਂ। ਅਸੀਂ ਸਾਰੇ ਜਦੋਂ ਅਕਾਲ ਤਖਤ ਦੇ ਸਾਹਮਣੇ ਗਏ ਤਾਂ ਢੱਠੇ ਹੋਏ ਅਕਾਲ ਤਖਤ ਵੱਲ ਵੇਖ ਕੇ ਕਈ ਜਣੇ ਭੁੱਬਾਂ ਮਾਰ ਕੇ ਰੋ ਪਏ। ਇਹ ਉਨ੍ਹਾਂ ਦਾ ਕੌਣ ਆਪਣਾ ਏਨਾ ਨਜ਼ਦੀਕੀ ਮਰ ਗਿਆ ਸੀ! ਕੀ ਰਿਸ਼ਤਾ ਸੀ ਇਨ੍ਹਾਂ ਸਾਰੇ ਲੋਕਾਂ ਦਾ ਅਕਾਲ ਤਖਤ ਨਾਲ? ਮੇਰਾ ਕੀ ਰਿਸ਼ਤਾ ਸੀ ਅਕਾਲ ਤਖਤ ਨਾਲ? ਮੈਂ ਕਿਉਂ ਉਦਾਸ ਸਾਂ? ਕੀ ਮੈਂ ਆਪਣੇ ਮਾਪਿਆਂ ਜਾਂ ਲੋਕਾਂ ਦੀ ਉਦਾਸੀ ਵੱਲ ਵੇਖ ਕੇ ਉਦਾਸ ਸਾਂ। ਮੈਨੂੰ ਹੁਣ ਵੀ ਯਾਦ ਹੈ ਕਿ ਮੈਂ ਹੋਰਨਾਂ ਵੱਲ ਵੇਖ ਕੇ ਵੀ ਉਦਾਸ ਹੋਇਆ ਹੋਵਾਂਗਾ, ਪਰ ਬਹੁਤੀ ਉਦਾਸੀ ਮੇਰੀ ਆਪਣੀ ਸੀ, ਨਿਰੋਲ ਮੇਰੀ ਆਪਣੀ ਉਦਾਸੀ।
ਮੈਨੂੰ ਆਪਣੇ ਪਿਤਾ ਦੀ ਆਖੀ ਗੱਲ ਯਾਦ ਆਈ, “ਅਕਾਲ ਤਖਤ ਨਾਲ ਆਪਣਾ ਰਿਸ਼ਤਾ ਗੁਰੂ ਦੇ ਸਿੱਖ ਹੋਣ ਦਾ ਹੀ ਨਹੀਂ ਸਗੋਂ ਇੱਕ ਰਿਸ਼ਤਾ ਇਹ ਵੀ ਹੈ ਕਿ ਇਸੇ ਤਖਤ ਤੋਂ ਪਹਿਲੀ ਵਾਰ ਸਾਡੇ ਪਿੰਡ ਦੇ ਢਾਡੀਆਂ-ਨੱਥਾ ਅਤੇ ਅਬਦੁੱਲਾ ਨੇ ਬਹਾਦਰੀ ਦੀਆਂ ਵਾਰਾਂ ਗਾਈਆਂ ਸਨ।”
ਮੈਨੂੰ ਇਕ ਪਲ ਲਈ ਜਾਪਿਆ ਜਿਵੇਂ ਨੱਥਾ ਅਤੇ ਅਬਦੁੱਲਾ ਵਾਰ ਗਾਉਣ ਲਈ ਉਠੇ ਹੋਣ ਅਤੇ ਉਨ੍ਹਾਂ ਉਤੇ ਅਚਨਚੇਤ ਅਕਾਲ ਤਖਤ ਦਾ ਸਾਰਾ ਮਲਬਾ ਆਣ ਡਿੱਗਾ ਹੋਵੇ!