ਹਰਮਨ ਪਿਆਰੇ ਨਾਵਲਕਾਰ ਜਸਵੰਤ ਸਿੰਘ ਕੰਵਲ ਨੇ ਉਮਰ ਦੇ 100 ਸਾਲ ਪੂਰੇ ਕਰ ਲਏ ਹਨ। ਉਸ ਦੇ ਨਾਵਲਾਂ ਨੇ ਕਈ ਪੀੜ੍ਹੀਆਂ ਨੂੰ ਪ੍ਰਭਾਵਿਤ ਕੀਤਾ ਅਤੇ ਅੱਜ ਵੀ ਵਿਕ ਰਹੇ ਹਨ। ਸੁਰਜੀਤ ਗਿੱਲ ਨੇ ਜਸਵੰਤ ਸਿੰਘ ਕੰਵਲ ਬਾਰੇ ਇਹ ਲੇਖ ਕੋਈ ਇਕ ਦਹਾਕਾ ਪਹਿਲਾਂ ਲਿਖਿਆ ਸੀ, ਜੋ ‘ਪੰਜਾਬ ਟਾਈਮਜ਼’ ਦੇ ਮੱਦਾਹ ਵਾਸਦੇਵ ਸਿੰਘ ਪਰਹਾਰ ਨੇ ਉਚੇਚਾ ਭੇਜਿਆ ਹੈ। ਉਨ੍ਹਾਂ ਦੀ ਸਿਫਾਰਿਸ਼ ‘ਤੇ ਅਸੀਂ ਇਹ ਰਚਨਾ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।
-ਸੰਪਾਦਕ
ਸੁਰਜੀਤ ਗਿੱਲ
ਮਾਲਵਾ ਕਿੱਕਰਾਂ ਤੇ ਟਾਹਲੀਆਂ ਦਾ ਸੋਹਣਾ ਦੇਸ਼ ਹੈ। ਇਸ ਦੇ ਗੱਭਰੂ ਤੇ ਮੁਟਿਆਰਾਂ ਵੀ ਟਾਹਲੀਆਂ ਤੇ ਕਿੱਕਰਾਂ ਵਾਂਗ ਲੰਮੇ-ਝੰਮੇ ਤੇ ਸੁਨੱਖੇ ਹਨ। ਮਾਲਵੇ ਦਾ ਸਭਿਆਚਾਰ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੁੰਦਿਆਂ ਵੀ ਵਿਲੱਖਣ ਹੈ। ਉਚੇਚੇ ਤੌਰ ‘ਤੇ ਮਾਲਵੇ ਦੀ ਗੱਲ ਕਰਦਿਆਂ ਅਸੀਂ ਸੰਸਾਰ ਤੇ ਆਪਣੇ ਦੇਸ਼ ਨੂੰ ਨਹੀਂ ਭੁੱਲਦੇ। ਇਹ ਦੋਨੋਂ ਵੀ ਸਾਨੂੰ ਪਿਆਰੇ ਹਨ। ਜਦੋਂ ਅਸੀਂ ਵਿਸ਼ੇਸ਼ ਤੌਰ ‘ਤੇ ਮਾਲਵੇ ਦੀ ਗੱਲ ਕਰਦੇ ਹਾਂ ਤਾਂ ਇਨ੍ਹਾਂ ਦੋਵਾਂ ਨੂੰ ਅੱਖੋਂ-ਪਰੋਖੇ ਨਹੀਂ ਕਰਦੇ। ਮਾਲਵੇ ਦੀ ਵਿਲੱਖਣਤਾ ਤੇ ਅਪਣੱਤ ਨੂੰ ਭੁੱਲ ਸਕਣਾ ਵੀ ਸੰਭਵ ਨਹੀਂ।
ਸਾਡੇ ਇਸ ਖੇਤਰ ਵਿਚ ਮਨੁੱਖੀ ਕਦਰਾਂ ਨੂੰ ਜੋ ਕੁਝ ਵੀ ਚਾਹੀਦਾ ਹੈ, ਉਹ ਸਾਰਾ ਕੁਝ ਸਾਡੇ ਸਭਿਆਚਾਰ ਵਿਚ ਕਾਇਮ ਹੈ, ਪਰ ਸਮਾਜ ਦੇ ਵਿਕਾਸ ਨਾਲ ਸਮਾਜਿਕ ਕਦਰਾਂ ਬਦਲਦੀਆਂ ਹਨ। ਪਹਿਲਾਂ ਬਾਹਰਮੁਖੀ ਤੌਰ ‘ਚ ਬਦਲਦੀਆਂ ਹਨ, ਪਿੱਛੋਂ ਸਮਾਂ ਪਾ ਕੇ ਮਾਨਸਿਕ ਸਭਿਆਚਾਰ ਵਿਚ ਵੀ ਤਬਦੀਲੀ ਆਉਂਦੀ ਹੈ। ਬਹੁਤੇ ਲੋਕ ਇਸ ਨੂੰ ਸਮਝਣੋਂ ਸਮਰੱਥ ਹੁੰਦੇ ਹਨ। ਉਨ੍ਹਾਂ ਨੂੰ ਹਰ ਤਬਦੀਲੀ ਡਰਾਉਂਦੀ ਹੈ। ਉਨ੍ਹਾਂ ਨੂੰ ਆ ਰਹੇ ਕੱਲ੍ਹ ਤੋਂ ਡਰ ਲਗਦਾ ਹੈ ਤੇ ਉਹ ਕੁਝ ਗਵਾਚਣ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਹਕੀਕਤ ਵਿਚ ਆਰਥਿਕ ਹਾਲਾਤ, ਸਮੇਂ ਅਤੇ ਸਭਿਆਚਾਰ ਨੂੰ ਨਿਰਧਾਰਤ ਕਰਦੇ ਹਨ।
ਜਾਗੀਰੂ ਯੁੱਗ ਦਾ ਆਪਣਾ ਸਭਿਆਚਾਰ ਸੀ। ਤਬਦੀਲੀ ਦੇ ਕਿਸੇ ਵੱਡੇ ਯਤਨ ਤੋਂ ਬਿਨਾ ਵੀ ਸਹਿਜ ਹੀ ਜਾਗੀਰੂ ਸਬੰਧਾਂ, ਜਾਗੀਰੂ ਸੰਸਕਾਰਾਂ ਤੇ ਸਭਿਆਚਾਰ ਨੇ ਬਦਲ ਜਾਣਾ ਹੈ। ਅਸੀਂ ਸਹਿਜ ਤੌਰ ‘ਤੇ ਭੂਤ ਨਾਲ ਜੁੜੇ ਰਹਿੰਦੇ ਹਾਂ ਪਰ ਚੇਤਨਾ ਮੰਗ ਕਰਦੀ ਹੈ ਕਿ ਅਸੀਂ ਭੂਤ ਨੂੰ ਆਪਣੇ ਥਾਂ ਛੱਡ ਕੇ ਭਵਿਖ ਦਾ ਸਵਾਗਤ ਕਰੀਏ ਅਤੇ ਅੱਗੇ ਵਧੀਏ। ਇਸ ਤਬਦੀਲੀ ਲਈ ਜਿਥੇ ਹੋਰ ਪੱਖ ਜ਼ਿੰਮੇਵਾਰ ਹੁੰਦੇ ਹਨ, ਉਥੇ ਸਾਹਿਤਕਾਰ ਵੀ ਆਪਣਾ ਯੋਗਦਾਨ ਪਾਉਂਦਾ ਹੈ। ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਕੋਲ ਜਸਵੰਤ ਸਿੰਘ ਕੰਵਲ ਵਰਗਾ ਪ੍ਰਤਿਭਾਵਾਨ ਲੇਖਕ ਹੈ, ਜਿਸ ਨੇ ਸਾਡੇ ਸਭਿਆਚਾਰ ਦੇ ਭੂਤ ਤੇ ਸਮਕਾਲ ਤੋਂ ਬਿਨਾ ਭਵਿਖ ਵੱਲ ਵੀ ਸੰਕੇਤ ਕੀਤੇ ਹਨ।
ਅਸੀਂ ਜਸਵੰਤ ਸਿੰਘ ਕੰਵਲ ਦੇ ਸਾਡੇ ਮਲਵਈ ਸਭਿਆਚਾਰ ਨੂੰ ਪੇਸ਼ ਕਰਨ ਤੇ ਜਾਗੀਰੂ ਸੰਸਕਾਰਾਂ ਨੂੰ ਤੋੜ ਕੇ ਇਸ ਦੀਆਂ ਹੱਦਾਂ ਚੌੜੀਆਂ ਕਰਨ ਲਈ ਦੇਣਦਾਰ ਹਾਂ। ਇਸ ਦੇ ਬਾਵਜੂਦ ਕਿ ਜਸਵੰਤ ਸਿੰਘ ਕੰਵਲ ਕਦੇ ਵੀ ਸੰਪੂਰਨ ਤੌਰ ‘ਤੇ ਆਪ ਜਾਗੀਰੂ ਸੰਸਕਾਰਾਂ ਤੋਂ ਮੁਕਤ ਨਹੀਂ ਹੋਇਆ, ਪਰ ਇਹਦੀ ਵਡਿਆਈ ਇਸ ਗੱਲ ਵਿਚ ਹੈ ਕਿ ਇਹਨੇ ਜਾਗੀਰੂ ਸੰਸਕਾਰਾਂ ਨੂੰ ਤੋੜਨ ਵਿਚ ਆਪਣਾ ਕਲਮੀ ਯੋਗਦਾਨ ਪਾਇਆ ਹੈ।
ਜਸਵੰਤ ਸਿੰਘ ਕੰਵਲ ਨੇ ਉਸ ਸਮੇਂ ਲਿਖਣਾ ਸ਼ੁਰੂ ਕੀਤਾ, ਜਦੋਂ ਆਜ਼ਾਦੀ ਪਿਛੋਂ ਦੇਸ਼ ਦੇ ਨਾਲ ਹੀ ਮਾਲਵੇ ਵਿਚ ਵੀ ਖੁੱਲ੍ਹੀਆਂ ਹਵਾਵਾਂ ਵਗਣ ਲੱਗੀਆਂ, ਜਿਥੇ ਕੁਦਰਤ ਦੀਆਂ ਹੋਰ ਨੇਹਮਤਾਂ ਸਾਡੇ ਕੋਲ ਵਾਫਰ ਸਨ, ਉਥੇ ਅੱਖਰ ਗਿਆਨ ਤੇ ਵਿੱਦਿਆ ਦੀ ਬਹੁਤ ਥੋੜ੍ਹ ਸੀ, ਜਿਸ ਤੋਂ ਬਿਨਾ ਸਭਿਆਚਾਰ ਦੇ ਅੰਦਰਲੇ ਤੇ ਬਾਹਰੀ ਪੱਖਾਂ ਦਾ ਵਿਕਾਸ ਅੰਸਭਵ ਸੀ। ਪਿੰਡਾਂ ਵਿਚ ਸਕੂਲ ਖੁੱਲ੍ਹੇ, ਨਵੇਂ ਪੜ੍ਹੇ-ਲਿਖੇ ਵਰਗ, ਖਾਸ ਕਰਕੇ ਸ਼ਹਿਰੀ ਮੱਧ ਵਰਗ ਵਿਚੋਂ ਮੁੰਡੇ-ਕੁੜੀਆਂ ਅਧਿਆਪਕ ਬਣ ਕੇ ਪਿੰਡਾਂ ਵਿਚ ਆਏ।
ਪਹਿਲਾਂ ਇਹ ਤਬਕਾ ਪਿੰਡਾਂ ਵਿਚ ਨਾ ਹੋਏ ਵਰਗਾ ਸੀ। ਇਸ ਤਬਕੇ ਨੇ ਅੰਗਰੇਜ਼ਾਂ ਦੇ ਸਮੇਂ ਦੇ ਉਰਦੂ ਦੀ ਥਾਂ ਗੁਰਮੁਖੀ ਅੱਖਰਾਂ ਵਿਚ ਪੰਜਾਬੀ ਪੜ੍ਹਾਉਣੀ ਅਰੰਭ ਕੀਤੀ ਤੇ ਥੋੜ੍ਹੇ ਸਾਲਾਂ ਵਿਚ ਹੀ ਮੁੰਡੇ-ਕੁੜੀਆਂ ਦਾ ਅਜਿਹਾ ਵਰਗ ਪੈਦਾ ਹੋ ਗਿਆ, ਜੋ ਪੰਜਾਬੀ ਲਿਖਤਾਂ ਪੜ੍ਹਨ ਤੇ ਸਮਝਣ ਦੇ ਸਮਰੱਥ ਹੋ ਗਿਆ। ਸ਼ਹਿਰਾਂ ਤੋਂ ਆਏ ਅਧਿਆਪਕਾਂ ਦੇ ਤਕੜੇ ਹਿੱਸੇ ਦਾ ਕਿਸੇ ਨਾ ਕਿਸੇ ਰੂਪ ਵਿਚ ਪਿੰਡਾਂ ਨਾਲ ਸਬੰਧ ਸੀ। ਮੱਧ ਵਰਗੀ ਸ਼ਹਿਰੀ ਸਭਿਆਚਾਰ ਨੂੰ ਅਪਨਾਉਂਦਿਆਂ ਵੀ ਉਨ੍ਹਾਂ ਦੀ ਸੋਚ ਵਿਚ ਪਿੰਡ ਦੇ ਜਾਗੀਰੂ ਸਭਿਆਚਾਰ ਦਾ ਤਕੜਾ ਹਿੱਸਾ ਸੀ। ਇਨ੍ਹਾਂ ਨੇ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਨੂੰ ਬੜੇ ਚਾਅ ਨਾਲ ਪੜ੍ਹਿਆ ਤੇ ਉਸੇ ਚਾਅ ਨਾਲ ਅੱਗੇ ਨਵ-ਸਾਖਰ ਹੋ ਰਹੇ ਮੁੰਡੇ-ਕੁੜੀਆਂ ਨੂੰ ਪੜ੍ਹਾਇਆ।
ਪੰਜਾਬੀ ਵਿਚ ਪਹਿਲਾਂ ਲਿਖਣ ਵਾਲਾ ਨਾਵਲਕਾਰ ਨਾਨਕ ਸਿੰਘ ਸੀ, ਜੋ ਆਪਣੇ ਨਾਵਲਾਂ ਵਿਚ ਸ਼ਹਿਰੀ ਮੱਧ ਵਰਗ ਤੇ ਨਿਮਨ ਮੱਧ ਵਰਗ ਦੀ ਗੱਲ ਕਰਦਾ ਸੀ। ਉਹ ਲੋਕ ਪੜ੍ਹਦੇ ਤਾਂ ਸਨ ਪਰ ਉਹ ਆਮ ਮਨਾਂ ਵਿਚ ਕੋਈ ਅਪਣੱਤ ਪੈਦਾ ਨਹੀਂ ਕਰ ਸਕੇ ਸਨ। ਇਸ ਦੇ ਉਲਟ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਨੇ ਨਿਰੋਲ ਮਲਵਈ ਸਭਿਆਚਾਰ ਦਾ ਜ਼ਿਕਰ ਕਰਕੇ ਅਪਣੱਤ ਪੈਦਾ ਕੀਤੀ। ਪਾਠਕ ਨੂੰ ਕੰਵਲ ਦੇ ਨਾਵਲਾਂ ਦੇ ਨਾਇਕ ਤੇ ਨਾਇਕਾਵਾਂ ਆਪਣੇ-ਆਪਣੇ ਲੱਗੇ। ਮਾਲਵੇ ਦੀਆਂ ਟਾਹਲੀਆਂ ਬਾਰੇ ਪੜ੍ਹ ਕੇ ਪਾਠਕ ਮੋਹ ਨਾਲ ਟਾਹਲੀ ਨੂੰ ਜੱਫੀ ਪਾਉਣ ਤੱਕ ਜਾਂਦਾ।
ਸਮਾਂ ਬੀਤਣ ਨਾਲ ਜਸਵੰਤ ਸਿੰਘ ਕੰਵਲ ਦੇ ਨਾਵਲ ‘ਸੱਚ ਨੂੰ ਫਾਂਸੀ’, ‘ਪਾਲੀ’, ‘ਪੂਰਨਮਾਸ਼ੀ’, ‘ਰਾਤ ਬਾਕੀ ਹੈ’ ਆਦਿ ‘ਸੁੱਚੇ ਸੂਰਮੇ’ ਤੇ ‘ਜਿਉਣੇ ਮੌੜ’ ਦੇ ਕਿੱਸਿਆਂ ਵਾਂਗ ਘਰ-ਘਰ ਪੁੱਜਣ ਲੱਗੇ। ਸਕੂਲਾਂ ਵਿਚ ਤੁਰ ਕੇ ਜਾਣਾ, ਨੇੜੇ-ਨੇੜੇ ਦੇ ਪਿੰਡਾਂ ਦੇ ਮੁੰਡੇ-ਕੁੜੀਆਂ ਨੇ ਆਪਸੀ ਸਾਂਝਾਂ ਕਾਇਮ ਕਰ ਲਈਆਂ। ਇਹ ਸਾਂਝਾਂ ਕੋਈ ਭੈੜੀਆਂ ਨਹੀਂ ਸਨ, ਜਿਨ੍ਹਾਂ ‘ਤੇ ਪਿਛਲੇ ਸਮੇਂ ਵਿਚ ਪਾਬੰਦੀ ਲੱਗੀ ਰਹੀ ਸੀ। ਇਹ ਨਿਰਛਲ ਤੇ ਵਿਅਕਤੀਤਵ ਦਾ ਵਿਕਾਸ ਕਰਨ ਵਾਲੀਆਂ ਸਨ। ਇਹ ਗੱਲ ਸਹਿਵਨ ਹੀ ਸੀ ਕਿ ਕੁੜੀਆਂ ਵਿਚੋਂ ਕੋਈ ਕੁੜੀ ਆਪਣੇ-ਆਪ ਨੂੰ ਪਾਲੀ ਜਾਂ ਰਾਜ ਸਮਝ ਲਵੇ ਤੇ ਮੁੰਡਾ ਆਪਣੇ-ਆਪ ਵਿਚ ਬਲਵੀਰ, ਰੂਪ ਜਾਂ ਚਰਨ ਬਣਨ ਦੀ ਲਾਲਸਾ ਉਤਪੰਨ ਕਰ ਲਵੇ।
ਇਸ ਤਰ੍ਹਾਂ ਮਾਸਟਰ-ਮਾਸਟਰਨੀਆਂ ਤੇ ਮੁੰਡੇ-ਕੁੜੀਆਂ ਦਾ ਖੁੱਲ੍ਹੇਆਮ ਸਕੂਲ ਵਿਚ ਜਾਂ ਸੜਕ ‘ਤੇ ਖੜ੍ਹ ਕੇ ਗੱਲਾਂ ਕਰਨਾ ਕੋਈ ਅਲੋਕਾਰ ਗੱਲ ਨਾ ਰਹੀ। ਇਹ ਗੱਲ ਸਮੇਂ ਦੇ ਵਿਕਾਸ ਤੇ ਵਿੱਦਿਆ ਦੇ ਪਾਸਾਰ ਨਾਲ ਇਸ ਗੱਲ ਤੱਕ ਪਹੁੰਚ ਗਈ ਕਿ ਨਵੇਂ ਪੜ੍ਹੇ-ਲਿਖੇ ਮੁੰਡੇ-ਕੁੜੀਆਂ ਉਹ ‘ਗੁਨਾਹ’ ਕਰਨ ਲੱਗ ਪਏ, ਜਿਸ ਕਾਰਨ ‘ਪੂਰਨਮਾਸ਼ੀ’ ਵਿਚ ਚੰਨੋ ਤੇ ਰੂਪ ਦੀ ਜੋੜੀ ਨਹੀਂ ਸੀ ਬਣ ਸਕੀ। ਹੌਲੀ-ਹੌਲੀ ਇਹ ਖੁੱਲ੍ਹ ਜਾਤਾਂ, ਗੋਤਾਂ ਦੀਆਂ ਵਲਗਣਾਂ ਵੀ ਉਲੰਘਣ ਲੱਗ ਪਈ। ਇਸ ਤਰ੍ਹਾਂ ਔਰਤ ਵਲ ਜਾਗੀਰੂ ਸਭਿਆਚਾਰ ਦੀ ਪਹੁੰਚ ਜੋ ਪੂਰਨ ਤੌਰ ‘ਤੇ ਟੁੱਟੀ ਨਹੀਂ ਤਾਂ ਜਰਜਰੀ ਹੋ ਕੇ ਜ਼ਰੂਰ ਰਹਿ ਗਈ ਹੈ।
ਮੁੱਢ ਵਿਚ ਜਸਵੰਤ ਸਿੰਘ ਕੰਵਲ ਆਦਰਸ਼ਵਾਦੀ ਸੀ ਤੇ ਉਹ ਇਸਤਰੀ-ਮਰਦ ਦੇ ਪਿਆਰ ਨੂੰ ਇਸੇ ਨਜ਼ਰੀਏ ਤੋਂ ਵੇਖਦਾ ਸੀ। ਆਪਣੇ ਦੂਜੇ ਨਾਵਲ ‘ਪਾਲੀ’ ਵਿਚ ਕੰਵਲ ਦਾ ਨਾਇਕ, ਨਾਇਕਾ ਦੀ ਬਾਹਰੀ ਦਿੱਖ ਤੋਂ ਡਰਦਾ ਉਸ ਨਾਲ ਰੂਹਾਨੀ ਪਿਆਰ ਦੀਆਂ ਗੱਲਾਂ ਕਰਦਾ ਹੈ। ਕੰਵਲ ਨੂੰ ਹਕੀਕਤ ਵਿਚ ਉਸ ਸਮੇਂ ਦਾ ਪਤਾ ਸੀ ਕਿ ਇਹ ਅਫਲਾਤੂਨੀ ਪਿਆਰ ਕੇਵਲ ਗੱਲਾਂ ਤੱਕ ਹੀ ਸੀਮਤ ਹੈ। ਹਕੀਕਤ ਵਿਚ ਇਹ ਘੱਟ ਹੀ ਨਿਭਦਾ ਹੈ। ਕੰਵਲ ਮਲਵਈ ਨਾਇਕਾ ਦੀ ਮਾਨਸਿਕਤਾ ਬਾਰੇ ਵੀ ਜਾਣਦਾ ਸੀ, ਜੋ ਕਹਿੰਦੀ ਹੈ, ‘ਯਾਰਾ ਤੇਰਾ ਘੁੱਟ ਭਰ ਲਾਂ, ਤੈਨੂੰ ਦੇਖਿਆਂ ਸਬਰ ਨਾ ਆਵੇ।’ ਇਸ ਲਈ ਉਹਨੇ ਪਿਛਲੇ ਨਾਵਲਾਂ ਵਿਚ ਰੂਹਾਨੀ ਪਿਆਰ ਦੀ ਬਹੁਤੀ ਗੱਲ ਨਹੀਂ ਕੀਤੀ, ਹੱਡ-ਮਾਸ ਦੇ ਪਿਆਰ ਨੂੰ ਸਵੀਕਾਰ ਕੀਤਾ ਹੈ, ਜਿਵੇਂ ‘ਪੂਰਨਮਾਸ਼ੀ’ ਵਿਚ ਨਾਇਕਾ ਚੰਨੋ ਅਤੇ ਨਾਇਕ ਰੂਪ ਅੱਧਖੜ ਉਮਰ ਵਿਚ ਵੀ ਘੁੱਟ ਭਰਨ ਦੀ ਗੱਲ ਕਰਦੇ ਹਨ।
ਇਸ ਤੋਂ ਅੱਗੇ ਜਦੋਂ ਅੱਧਖੜ ਉਮਰ ਵਿਚ ਜਸਵੰਤ ਸਿੰਘ ਕੰਵਲ ਨੂੰ ਆਪ ਇਸ਼ਕ ਹੋਇਆ ਤਾਂ ਇਸ ਨੇ ਰੂਹਾਨੀ ਗੱਲ ਨਹੀਂ ਕੀਤੀ, ਬਲਕਿ ਹੱਡ-ਮਾਸ ਦਾ ਇਸ਼ਕ ਹੰਢਾਇਆ। ਇਸ ਤਰ੍ਹਾਂ ਕੰਵਲ ਦੇ ਨਾਵਲਾਂ ਨੇ ਜਾਗੀਰੂ ਸੰਸਕਾਰਾਂ ਦੇ ਟੁੱਟਣ ਤੇ ਨਵੇਂ ਬੁਰਜਵਾ ਸੰਸਕਾਰ ਉਪਜਣ ਵਿਚ ਮਦਦ ਕੀਤੀ। ਮੇਰੀ ਆਪਣੀ ਸਮਝ ਅਨੁਸਾਰ ਸਾਡੇ ਮਲਵਈਆਂ ਦੀ ਮਾਨਸਿਕਤਾ ਵਿਚ ਬੌਧਿਕਤਾ ਤੇ ਡੂੰਘਾਈ ਕੰਵਲ ਦੇ ਨਾਵਲਾਂ ਨੇ ਲਿਆਂਦੀ ਹੈ। ਉਹਦਾ ਨਾਵਲ ‘ਮਿੱਤਰ ਪਿਆਰੇ ਨੂੰ’ ਕਿਸੇ ਸਮੇਂ ਰਹੇ ਮੁੰਡੇ-ਕੁੜੀਆਂ ਲਈ ਅੱਜ ਵੀ ਪਿਆਰ ਦੀ ਬਾਈਬਲ ਵਾਂਗ ਹੈ। ਮੈਂ ਮੱਤ ਦੇਣ ਦੀ ਉਮਰ ਵਿਚ ਪੁੱਜੀਆਂ ਕਈ ਉਨ੍ਹਾਂ ਬੀਬੀਆਂ ਨੂੰ ਜਾਣਦਾ ਹਾਂ, ਜੋ ਅੱਜ ਵੀ ਇਸ ਨਾਵਲ ਨੂੰ ਗੁਟਕੇ ਵਾਂਗ ਰੇਸ਼ਮੀ ਰੁਮਾਲ ਵਿਚ ਲਪੇਟ ਕੇ ਗੋਦਰੇਜ ਅਲਮਾਰੀ ਦੇ ਉਸ ਖਾਨੇ ਵਿਚ ਰਖਦੀਆਂ ਹਨ, ਜਿਸ ਦੀ ਚਾਬੀ ਹਰ ਸਮੇਂ ਉਨ੍ਹਾਂ ਦੇ ਪਰਸ ਵਿਚ ਰਹਿੰਦੀ ਹੈ। ਨਾਵਲ ਦੇ ਪਿਆਰੇ ਪਾਤਰਾਂ ਨੂੰ ਉਹ ਭਾਵੁਕ ਹੋ ਕੇ ਯਾਦ ਕਰਦੀਆਂ ਹਨ।
ਜੇ ਇਸ ਨੂੰ ਅਤਿਕਥਨੀ ਨਾ ਸਮਝਿਆ ਜਾਵੇ ਤਾਂ ਮੈਂ ਇਕ ਹੋਰ ਜਜ਼ਬਾਤੀ ਘਟਨਾ ਦਾ ਜ਼ਿਕਰ ਕਰਨ ਲੱਗਾ ਹਾਂ। ਇਕ ਚੰਗੇ ਵੱਡੇ ਘਰ ਦੀ ਬੀਬੀ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨਾਲ ਸਮੇਂ ਤੋਂ ਪਹਿਲਾਂ ਤੁਰਨ ਲਈ ਮੰਜੇ ‘ਤੇ ਪੈ ਗਈ। ਮੇਰੀ ਉਸ ਬੀਬੀ ਨਾਲ ਜਵਾਨੀ ਵਿਚ ਭਾਵੁਕ ਸਾਂਝ ਰਹੀ ਸੀ। ਉਹ ਬੀਬੀ ਇਕ ਕਪਤਾਨ ਨੂੰ ਵਿਆਹੀ ਹੋਈ ਸੀ, ਜੋ ਪਿੱਛੋਂ ਕਰਨਲ ਹੋ ਕੇ ਰਿਟਾਇਰ ਹੋਇਆ। ਮੈਂ ਉਸ ਦੇ ਵਿਆਹ ਵਿਚ ਬਹਿਰਿਆਂ ਦੀ ਨਿਗਰਾਨੀ ਕੀਤੀ ਸੀ ਅਤੇ ਮਹਿੰਗੀ ਕਾਰ ਵਿਚ ਉਸ ਨੂੰ ਜਾਂਦੇ ਵੇਖਿਆ ਸੀ। ਮੈਂ ਹਸਪਤਾਲ ਦੇ ਮਹਿੰਗੇ ਵਾਰਡ ਵਿਚ ਉਹਨੂੰ ਮਿਲਣ ਗਿਆ। ਉਹ ਬੈੱਡ ‘ਤੇ ਸੁੱਤੀ ਪਈ ਸੀ। ਮੈਂ ਉਹਨੂੰ ਜਗਾਉਣਾ ਚੰਗਾ ਨਾ ਸਮਝਿਆ ਤੇ ਉਹਦੀ ਸੰਭਾਲ ਕਰਨ ਵਾਲੀ ਮੁਟਿਆਰ ਤੋਂ ਨੀਵੀਂ ਸੁਰ ਵਿਚ ਉਹਦਾ ਹਾਲ ਪੁੱਛਿਆ।
ਮੈਂ ਅਜੇ ਕੁਝ ਗੱਲਾਂ ਹੀ ਕੀਤੀਆਂ ਸਨ ਕਿ ਉਸ ਨੇ ਅੱਖਾਂ ਖੋਲ੍ਹੀਆਂ, ਚਿਹਰੇ ‘ਤੇ ਕੁਝ ਰੌਣਕ ਲਿਆ ਕੇ ਕਹਿਣ ਲੱਗੀ, ‘ਬਾਈ ਤੂੰ ਆ ਗਿਆਂ?’ ਮੈਂ ਉਹਦੇ ਨੇੜੇ ਹੋ ਕੇ ‘ਹਾਂ’ ਕਿਹਾ। ਜਦੋਂ ਉਹ ਚਲੀ ਗਈ ਤਾਂ ਉਸ ਬੀਬੀ ਨੇ ਮੈਨੂੰ ਸਿਰਹਾਣੇ ਹੇਠੋਂ ਕੁਝ ਕੱਢਣ ਲਈ ਕਿਹਾ। ਜਦੋਂ ਮੈਂ ਹੱਥ ਮਾਰਿਆ ਤਾਂ ਉਥੇ ‘ਮਿੱਤਰ ਪਿਆਰੇ ਨੂੰ’ ਨਾਵਲ ਪਿਆ ਸੀ, ਜਿਸ ਦੀ ਲਾਲ ਜਿਲਦ ਕਦੇ ਮੈਂ ਆਪ ਚੜ੍ਹਾ ਕੇ ਲਿਆਇਆਂ ਸਾਂ। ਉਹਨੇ ਮੈਨੂੰ ਕਾਗਜ਼ ਦੇ ਟੁਕੜੇ ਵਾਲੀ ਥਾਂ ਤੋਂ ਪੜ੍ਹਨ ਲਈ ਕਿਹਾ। ਉਹ ਅਤਿ ਦਾ ਜਜ਼ਬਾਤੀ ਕਾਂਡ ਸੀ। ਮੈਂ ਹੌਲੀ-ਹੌਲੀ ਪੜ੍ਹਨਾ ਅਰੰਭ ਕੀਤਾ ਤੇ ਉਸ ਨੇ ਪਾਸਾ ਬਦਲ ਕੇ ਆਪਣਾ ਕੰਨ ਮੇਰੇ ਵੱਲ ਕਰ ਲਿਆ।
ਕੁਝ ਸਮੇਂ ਪਿਛੋਂ ਉਹਦੇ ਨੈਣਾਂ ਵਿਚੋਂ ਦੋ ਨਦੀਆਂ ਵਹਿ ਰਹੀਆਂ ਸਨ। ਮੈਂ ਵੀ ਭਾਵੁਕ ਹੋ ਗਿਆ, ਪਰ ਉਸ ਸਮੇਂ ਮੈਂ ਉਹ ਨਹੀਂ ਰਹਿ ਗਿਆ ਸੀ। ਮੈਂ ਚਾਹ ਪੀ ਕੇ ਕੁਝ ਗੱਲਾਂ ਉਸ ਨਾਲ ਹੋਰ ਕੀਤੀਆਂ। ਉਹਦੀਆਂ ਗੱਲਾਂ ਤੋਂ ਸਪਸ਼ਟ ਹੋ ਗਿਆ ਕਿ ਉਹ ਬਹੁਤਾ ਚਿਰ ਇਸ ਸੰਸਾਰ ਵਿਚ ਨਹੀਂ ਰਹੇਗੀ। ਉਹਨੂੰ ਮਿਲਣ ਵਾਲੇ ਸਾਰੇ ਉਹਨੂੰ ਮਿਲ ਚੁਕੇ ਸਨ। ਉਸ ਅਨੁਸਾਰ ਮੈਂ ਹੀ ਇਕੱਲਾ ਰਹਿ ਗਿਆ ਸਾਂ। ਉਹਦੀਆਂ ਉਹ ਗੱਲਾਂ ਕੁਝ ਸਮੇਂ ਪਿਛੋਂ ਮੇਰੇ ਵੀ ਬਰਦਾਸ਼ਤ ਤੋਂ ਬਾਹਰ ਹੋ ਗਈਆਂ। ਜਾਣ ਲੱਗੇ ਦੇ ਉਹਨੇ ਇਹ ਨਾਵਲ ਮੇਰੇ ਹੱਥ ਫੜਾ ਦਿੱਤਾ। ਚੌਥੇ ਦਿਨ ਮੈਨੂੰ ਕੈਦ ਹੋ ਗਈ ਤੇ ਮੈਂ ਜੇਲ੍ਹ ਚਲਿਆ ਗਿਆ। ਜੇਲ੍ਹ ਦੇ ਛੋਟੇ ਸੁਪਰਡੈਂਟ ਨੇ ਉਸ ਦੇ ਚਲਾਣੇ ਬਾਰੇ ਦੱਸਿਆ। ਇਹ ਵੀ ਜਸਵੰਤ ਸਿੰਘ ਕੰਵਲ ਦੀ ਕਰਾਮਾਤ ਸੀ।
ਸਮੁੱਚੇ ਸਭਿਆਚਾਰ ਤੋਂ ਬਿਨਾ ਸਾਡੇ ਰਾਜਸੀ ਸਭਿਆਚਾਰ ਨੂੰ ਵੀ ਜਸਵੰਤ ਸਿੰਘ ਕੰਵਲ ਦੀ ਬਹੁਤ ਵੱਡੀ ਦੇਣ ਹੈ। ਜਦੋਂ ਉਸ ਦਾ ਨਾਵਲ ‘ਰਾਤ ਬਾਕੀ ਹੈ’ ਆਇਆ ਤਾਂ ਉਦੋਂ ਕਮਿਊਨਿਸਟ ਲਹਿਰ ਦੀ ਬਹੁਤ ਚੜ੍ਹਤ ਸੀ। ਰਿਆਸਤਾਂ ਵਿਚ ਕਾਮਰੇਡ ਸੁਤੰਤਰ ਦੀ ਅਗਵਾਈ ‘ਚ ਜ਼ਮੀਨੀ ਸੰਘਰਸ਼ ਚੱਲ ਰਿਹਾ ਸੀ। ਨਿਮਨ ਮੱਧਵਰਗੀ ਤੇ ਨਿਮਨ ਕਿਸਾਨੀ ਦੇ ਮੁੰਡੇ-ਕੁੜੀਆਂ ਨੂੰ ਇਸ ਨਾਵਲ ਨੇ ਪ੍ਰਭਾਵਤ ਕੀਤਾ। ਇਕ-ਇਕ ਨਾਵਲ ਕੁੜੀਆਂ-ਮੁੰਡਿਆਂ ਵਿਚ ਗੁਪਤ ਦਸਤਾਵੇਜ਼ ਵਾਂਗ ਘੁੰਮਦਾ। ਕਲਾਸ ਰੂਮ ਤੇ ਖੇਡ ਗਰਾਊਂਡ ਵਿਚ ਉਸ ਦੇ ਪਾਤਰਾਂ ਨਾਲ ਹਮਦਰਦੀ ਜਤਾਈ ਜਾਂਦੀ। ਪਿੱਛੋਂ ਲਹਿਰ ਵਿਚ ਮੈਨੂੰ ਬਹੁਤੇ ਮੁੰਡੇ ਉਹ ਮਿਲੇ, ਜਿਨ੍ਹਾਂ ਨੇ ਕਦੇ ‘ਰਾਤ ਬਾਕੀ ਹੈ’ ਪੜ੍ਹਿਆ ਸੀ। ਸਾਡੇ ਪੰਜਾਬ ਦੇ ਸੌੜੇ ਹਾਲਾਤ ਕਾਰਨ ਜੋ ਪੜ੍ਹੀਆਂ ਅੱਧ-ਪੜ੍ਹੀਆਂ ਕੁੜੀਆਂ ਆਮ ਘਰਾਂ ਵਿਚ ਵਿਆਹੀਆਂ ਗਈਆਂ, ਸਮਾਂ ਮਿਲਣ ‘ਤੇ ਉਨ੍ਹਾਂ ਨੇ ਵੀ ਦੱਸਿਆ, ਬਾਈ ਅਸੀਂ ‘ਰਾਤ ਬਾਕੀ ਹੈ’ ਪੜ੍ਹਿਆ ਹੈ। ਉਹ ਕੁੜੀਆਂ ਸਿੱਧੀਆਂ ਲਹਿਰ ਵਿਚ ਭਾਵੇਂ ਨਹੀਂ ਆ ਸਕੀਆਂ, ਪਰ ਸਾਰੀ ਉਮਰ ਲਹਿਰ ਦੀਆਂ ਹਮਦਰਦ ਰਹੀਆਂ। ਕੁਝ ਮੁੰਡੇ ਜੇ ਪੁਲਿਸ ਵਿਚ ਗਏ ਤਾਂ ਇਹ ਨਾਵਲ ਪੜ੍ਹ ਕੇ ਉਹ ਲਹਿਰ ਦੇ ਹਮਦਰਦ ਰਹੇ ਅਤੇ ਲੋੜ ਸਮੇਂ ਸਾਡੇ ਕੰਮ ਆਉਂਦੇ ਰਹੇ।
ਨਕਸਲੀ ਲਹਿਰ ਬਾਰੇ ਲਿਖਿਆ ਉਹਦਾ ਐਪਿਕ ਨਾਵਲ ‘ਲਹੂ ਦੀ ਲੋਅ’ ਆਪਣੇ ਸਮੇਂ ਵਿਚ ਤਰਥੱਲੀ ਮਚਾਉਣ ਵਾਲਾ ਸੀ। ਉਹਦੀਆਂ ਅਸਲੀ ਕਾਪੀਆਂ ਨਾ ਮਿਲਣ ‘ਤੇ ਚੋਰ ਬਾਜ਼ਾਰੀਆਂ ਨੇ ਉਹਦੀਆਂ ਨਕਲੀ ਕਾਪੀਆਂ ਛਾਪ ਕੇ ਹਜ਼ਾਰਾਂ ਦੀ ਗਿਣਤੀ ਵਿਚ ਵੇਚੀਆਂ ਪਰ ਪਾਠਕਾਂ ਦੀ ਮੰਗ ਫਿਰ ਵੀ ਪੂਰੀ ਨਾ ਹੋ ਸਕੀ। ਅੱਜ ਤਕ ਉਹਦੇ ਕਈ ਐਡੀਸ਼ਨ ਛਪ ਚੁਕੇ ਹਨ ਤੇ ਉਸੇ ਤਰ੍ਹਾਂ ਵਿਕ ਰਹੇ ਹਨ। ਇਸ ਨਾਵਲ ਨੇ ਆਪਣੇ ਸਮੇਂ ਵਿਚ ਢਹਿੰਦੀ ਨਕਸਲੀ ਲਹਿਰ ਵਿਚ ਇਕ ਵਾਰ ਫੇਰ ਉਭਾਰ ਲਿਆਂਦਾ।
ਜੇ ਕੰਵਲ ਦੇ ਪਿਛਲੇ ਨਾਵਲਾਂ ਦਾ ਮੁਲੰਕਣ ਕੀਤਾ ਜਾਵੇ ਤਾਂ ਉਸ ਨੇ ਅਤਿਵਾਦੀ ਲਹਿਰ ਬਾਰੇ ਬਹੁਤ ਘਚੋਲੇ ਖੜ੍ਹੇ ਕਰਨ ਦਾ ਕੰਮ ਕੀਤਾ ਹੈ। ਇਸ ਵਿਚ ਬਾਈ ਕੰਵਲ ਦਾ ਕਸੂਰ ਨਹੀਂ ਬਲਕਿ ਖਾਂਦੀ-ਪੀਂਦੀ ਜੱਟ ਜਮਾਤ ਦਾ ਹੀ ਕਸੂਰ ਹੈ, ਜੋ ਸਮੇਂ ਦੇ ਨਾਲ ਖੜ੍ਹਨ ਦੇ ਨਾਂ ਹੇਠ ਡਿਕਮ-ਡੋਲੇ ਖਾ ਜਾਂਦੀ ਹੈ।
ਅੱਜ ਸਾਡੇ ਮਾਲਵੇ ਦਾ ਵਿਕਾਸ ਹੋਇਆ ਹੈ, ਵਿਸ਼ੇਸ਼ ਕਰਕੇ ਕੁੜੀਆਂ ਦੇ ਜੀਵਨ ਵਿਚ ਸੂਰਤ ਤੇ ਸੀਰਤ ਦਾ ਵਿਕਾਸ ਹੋਇਆ ਹੈ। ਇਸ ਵਿਚ ਅਵੱਸ਼ ਕਿਸੇ ਨਾ ਕਿਸੇ ਥਾਂ ਬਾਈ ਕੰਵਲ ਦੀ ਮਿਹਨਤ ਦਾ ਸਿੱਟਾ ਪਿਆ ਹੈ। ਅੱਜ ਸਾਡੀਆਂ ਧੀਆਂ, ਨਾਨੀਆਂ-ਦਾਦੀਆਂ ਦੀਆਂ ਸੂਸੀ ਦੀਆਂ ਸੁੱਥਣਾਂ ਤੋਂ ਤੁਰ ਕੇ ਜੀਨਾਂ ਅਤੇ ਪਟਿਆਲਾਸ਼ਾਹੀ ਤੱਕ ਆ ਗਈਆਂ ਹਨ। ਅੱਜ ਜਦੋਂ ਮੋਗੇ ਦੇ ਭਰੇ ਬਾਜ਼ਾਰ ਵਿਚ ਸਾਡੀਆਂ ਧੀਆਂ ਵਿਚਰਦੀਆਂ ਹਨ ਤਾਂ ਜਾਪਦਾ ਹੈ ਕਿ ਇਕੱਠ ਵਿਚ ਰੰਗ-ਬਰੰਗੇ ਫੁੱਲ ਵੀ ਖਿੜੇ ਹੋਏ ਹਨ। ਅੱਜ ਸਾਡੀਆਂ ਧੀਆਂ ਗੋਹਾ ਹੀ ਨਹੀਂ ਹੂੰਝਦੀਆਂ ਬਲਕਿ ਡਾਕਟਰੀਆਂ, ਨਰਸਾਂ, ਪ੍ਰੋਫੈਸਰ, ਪੁਲਿਸ ਅਫਸਰ, ਆਈ.ਏ.ਐਸ਼ ਅਧਿਕਾਰੀ ਤੱਕ ਪੁੱਜ ਗਈਆਂ ਹਨ। ਅੱਜ ਜਦੋਂ ਇਹ ਕਾਲਜਾਂ ਤੇ ਸਕੂਲਾਂ ਨੂੰ ਮੋਰਨੀਆਂ ਵਾਂਗ ਤੁਰਦੀਆਂ ਜਾਂਦੀਆਂ ਹਨ ਤਾਂ ਆਤਮਾ ਨੂੰ ਹੁਲਾਰਾ ਆਉਂਦਾ ਹੈ ਤੇ ਮਹਿਸੂਸ ਹੁੰਦਾ ਹੈ ਕਿ ਆਖਰ ਸਾਡੀਆਂ ਧੀਆਂ ਵੀ ਜਾਗੀਰੂ ਸਭਿਆਚਾਰ ਦੇ ਸੰਸਕਾਰ ਤੋੜ ਕੇ ਬਾਹਰ ਆ ਗਈਆਂ ਹਨ। ਕਾਲਜ ਦੀਆਂ ਸਟੇਜਾਂ ‘ਤੇ ਆਪਣੀ ਕਲਾ ਤੋਂ ਪ੍ਰਤਿਭਾ ਦਾ ਪ੍ਰਗਟਾਵਾ ਕਰਦੀਆਂ ਹਨ।
ਹਰ ਪ੍ਰਗਤੀਸ਼ੀਲ ਸ਼ਖਸ ਦਾ ਇਹੋ ਸੁਪਨਾ ਸੀ ਤੇ ਕਦੇ ਬਾਈ ਜਸਵੰਤ ਸਿੰਘ ਕੰਵਲ ਨੇ ਵੀ ਇਸ ਵਿਕਾਸ ਦੀ ਲਿਖਤੀ ਇੱਛਾ ਕੀਤੀ ਸੀ। ਇਸ ਲਈ ਅੱਜ ਬਾਈ ਦੇ ਜਨਮ ਦਿਨ ‘ਤੇ ਉਹਨੂੰ ਵਧਾਈ ਦਿੰਦੇ ਹਾਂ ਅਤੇ ਨਾਲ ਹੀ ਯਾਦ ਕਰਦੇ ਹਾਂ ਕਿ ਬਾਈ ਨੇ ਆਪਣੇ ‘ਪਾਲੀ’ ਨਾਵਲ ਵਿਚ ਬਲਵੀਰ ਅਤੇ ਪਾਲੀ ਨੂੰ ਸੱਥ ਵਿਚ ਅੱਗੇ-ਪਿੱਛੇ ਤੋਰਿਆ ਸੀ ਤੇ ਪਾਲੀ ਨੇ ਬਲਵੀਰ ਨੂੰ ਰੁਕਣ ਲਈ ਕਿਹਾ ਸੀ ਪਰ ਬਲਵੀਰ ਨੇ ਕਿਹਾ ਸੀ ਕਿ ਉਹ ਇਹ ਫਾਸਲਾ ਮੈਨੂੰ ਖੜ੍ਹਾ ਕਰਨ ਦੀ ਥਾਂ ਆਪ ਪੂਰਾ ਕਰ ਲਵੇ। ਬਲਵੀਰ ਦੀ ਪਾਲੀ ਨੂੰ ਕਹੀ ਇਹ ਗੱਲ ਮਾਲਵੇ ਦੀ ਫਿਜ਼ਾ ਵਿਚ ਗੂੰਜ ਰਹੀ ਹੈ ਤੇ ਅੱਜ ਕੋਈ ਪਾਲੀ ਕਿਸੇ ਬਲਵੀਰ ਨੂੰ ਰੁਕਣ ਲਈ ਨਹੀਂ ਕਹਿੰਦੀ ਬਲਕਿ ਭੱਜ ਕੇ ਉਹਨੂੰ ਮਿਲਦੀ ਹੈ।
ਆਸ ਹੈ ਕਿ ਸਾਡੀਆਂ ਧੀਆਂ ਇਸੇ ਤਰ੍ਹਾਂ ਅੱਗੇ ਵਧਦੀਆਂ ਜਾਣਗੀਆਂ ਤੇ ਜੀਵਨ ਦੇ ਸਾਰੇ ਪੱਖਾਂ ‘ਤੇ ਆਪਣੀ ਸਰਦਾਰੀ ਸਥਾਪਤ ਕਰਨਗੀਆਂ। ਮੈਂ ਅਕਸਰ ਸੁਣਿਆ ਹੈ ਕਿ ਕੋਹ-ਕਾਫ ਦੀਆਂ ਕੁੜੀਆਂ ਪਰੀਆਂ ਵਰਗੀਆਂ ਹਨ… ਹੋਣਗੀਆਂ… ਪਰ ਮੈਂ ਦੇਖੀਆਂ ਨਹੀਂ। ਇਕ ਗੱਲ ਮੈਂ ਹੰਕਾਰ ਨਾਲ ਕਹਿ ਸਕਦਾ ਹਾਂ ਕਿ ਮੇਰੀਆਂ ਧੀਆਂ ਸੂਰਤ ਤੇ ਸੀਰਤ ਪੱਖੋਂ ਸੰਸਾਰ ਦੀਆਂ ਕੁੜੀਆਂ ਨਾਲੋਂ ਘੱਟ ਨਹੀਂ। ਮੈਨੂੰ ਤਾਂ ਇਹ ਉਦੂੰ ਵੀ ਅੱਗੇ ਲੱਗਦੀਆਂ ਹਨ। ਇਸ ਸਭ ਕਾਸੇ ਵਿਚ ਬਾਈ ਦੇ ਯੋਗਦਾਨ ਨੂੰ ਭੁੱਲਿਆ ਨਹੀਂ ਜਾ ਸਕਦਾ। ਅਸੀਂ ਅੱਜ ਬਾਈ ਕੰਵਲ ਦੀ ਇਸ ਦੇਣ ਨੂੰ ਕੋਟਿ-ਕੋਟਿ ਨਮਸਕਾਰ ਕਰਦੇ ਹਾਂ।