ਰਾਹੁਲ ਸਿੰਘ
ਪੰਜਾਬੀ ਰੂਪ: ਹਰਪਾਲ ਸਿੰਘ (ਪ੍ਰੋ.)
ਫੋਨ: +91-94171-32373
ਇਸ ਵਰ੍ਹੇ ਸਿੱਖ ਮੱਤ ਦੇ ਬਾਨੀ ਗੁਰੂ ਨਾਨਕ ਦੇਵ ਦਾ 550ਵਾਂ ਜਨਮ ਪੁਰਬ ਹੈ। ਭਾਰਤ, ਪਾਕਿਸਤਾਨ ਅਤੇ ਦੁਨੀਆਂ ਦੇ ਅਨੇਕ ਦੇਸ਼ਾਂ, ਜਿਥੇ ਸਿੱਖ ਵੱਡੀ ਗਿਣਤੀ ਵਿਚ ਵਸੇ ਹੋਏ ਹਨ, ਵਿਚ ਸਮਾਗਮ ਹੋਣਗੇ ਅਤੇ ਵੱਡੀ ਪੱਧਰ ‘ਤੇ ਜਸ਼ਨ ਮਨਾਏ ਜਾਣਗੇ, ਪਰ ਇਹ ਲੇਖ ਸਿੱਖ ਪਛਾਣ ਬਾਰੇ ਹੈ। ਮੈਨੂੰ ਸਿੱਖ ਹੋਣ ਉਤੇ ਮਾਣ ਹੈ, ਹਾਲਾਂਕਿ ਮੈਂ ਉਸ ਤਰ੍ਹਾਂ ਮਰਿਆਦਾ ਦਾ ਪਾਲਣ ਨਹੀਂ ਕਰਦਾ। ਲੰਮੇ ਕੇਸ ਅਤੇ ਦਸਤਾਰ ਨਾ ਸਹੀ, ਪਰ ਮੈਂ ਦਾੜ੍ਹੀ (ਕੁਤਰੀ ਹੀ ਸਹੀ) ਰੱਖੀ ਹੋਈ ਹੈ। ਮੈਨੂੰ ਤੁਸੀਂ ਮੋਨਾ ਸਿੱਖ ਆਖ ਸਕਦੇ ਹੋ ਜਾਂ ਫਿਰ ਚਲੰਤ ਬੋਲਚਾਲ ਵਿਚ ਮੈਂ ‘ਕੱਟ-ਸਰਡ’ ਹਾਂ ਪਰ ਇਕ ਗੱਲ ਜ਼ਰੂਰ ਹੈ ਕਿ ਮੇਰੇ ਗੈਰ ਸਿੱਖ ਦੋਸਤ ਹਾਲੇ ਵੀ ਮੈਨੂੰ ‘ਸਰਦਾਰ’ ਕਹਿ ਕੇ ਬੁਲਾਉਂਦੇ ਹਨ।
ਮੇਰੇ ਮਰਹੂਮ ਪਿਤਾ ਖੁਸ਼ਵੰਤ ਸਿੰਘ ਦਾ ਵੀ ਸਿੱਖ ਵਾਲਾ ਅਮਲੀ ਜੀਵਨ ਨਹੀਂ ਸੀ। ਉਹ ਘੱਟ ਹੀ ਕਦੇ ਗੁਰਦੁਆਰੇ ਜਾਂਦੇ ਸਨ; ਆਪਣੇ ਆਪ ਨੂੰ ਅਰਧ-ਨਾਸਤਕ ਮੰਨਦੇ ਸਨ, ਪਰ ਲੰਮੇ ਕੇਸ, ਦਾੜ੍ਹੀ ਅਤੇ ਦਸਤਾਰ ਦੇ ਧਾਰਨੀ ਸਨ। ਇਨ੍ਹਾਂ ਬਾਹਰੀ ਪਛਾਣ ਚਿੰਨ੍ਹਾਂ ਨਾਲ ਉਨ੍ਹਾਂ ਦਾ ਬੇਹੱਦ ਲਗਾਓ ਸੀ, ਹਾਲਾਂਕਿ ਖੁੱਲ੍ਹ ਕੇ ਉਨ੍ਹਾਂ ਕਦੇ ਨਹੀਂ ਦੱਸਿਆ ਕਿ ਅਜਿਹਾ ਕਿਸ ਕਰਕੇ ਸੀ। ਉਨ੍ਹਾਂ ਦਾ ਅਤੁਟ ਵਿਸ਼ਵਾਸ ਸੀ ਕਿ ਜੇ ਸਿੱਖਾਂ ਨੇ ਇਨ੍ਹਾਂ ਚਿੰਨ੍ਹਾਂ ਨੂੰ ਤਿਆਗ ਦਿੱਤਾ, ਜਿਵੇਂ ਵੱਡੀ ਗਿਣਤੀ ਵਿਚ ਉਹ ਹੁਣ ਕਰ ਰਹੇ ਹਨ, ਤਾਂ ਇਕ ਦਿਨ ਹਿੰਦੂ ਮੱਤ ਉਨ੍ਹਾਂ ਨੂੰ ਨਿਗਲ ਲਵੇਗਾ ਅਤੇ ਅੰਤ ਸਿੱਖੀ ਦਾ ਵਜੂਦ ਖਤਮ ਹੋ ਜਾਵੇਗਾ। ਜਦੋਂ ਮੈਂ ਕੇਸ ਕਟਾਏ ਤਾਂ ਮੇਰੀ ਮਾਂ ਵਾਂਗ ਉਨ੍ਹਾਂ ਦਾ ਦਿਲ ਵੀ ਬੇਹੱਦ ਦੁਖਿਆ ਸੀ, ਪਰ ਹਾਂ! ਉਸ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸਿਮਰਨਜੀਤ ਸਿੰਘ ਮਾਨ ਵਰਗਿਆਂ ਦੇ ਕੱਟੜਵਾਦ ਤੋਂ ਇਸਲਾਮੀ ਅਤੇ ਹਿੰਦੂ ਕੱਟੜਵਾਦੀਆਂ ਵਾਂਗ ਹੀ ਡਾਢੀ ਨਫਰਤ ਸੀ।
ਉਨ੍ਹਾਂ ਦਾ ਮੰਨਣਾ ਸੀ ਕਿ ਜਿਹੋ ਜਿਹਾ ਸਿੱਖ ਧਰਮ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ, ਉਹ ਗੁਰੂ ਨਾਨਕ ਦੇ ਅਕੀਦਿਆਂ ਤੋਂ ਬਿਲਕੁਲ ਉਲਟ ਹੈ। ਸਮਾਜਕ ਬਰਾਬਰੀ ਅਤੇ ਬ੍ਰਾਹਮਣਵਾਦੀ ਵਿਵਸਥਾ ਆਧਾਰਿਤ ਜਾਤੀ ਵੰਡ ਤੋਂ ਛੁਟਕਾਰਾ ਇਨ੍ਹਾਂ ਸਿਧਾਂਤਾਂ ਵਿਚ ਸਰਵ ਪ੍ਰਥਮ ਸਨ। ਇਸ ਵਿਚ ਅਛੂਤਪੁਣੇ ਦੀ ਘਿਨਾਉਣੀ ਪ੍ਰਥਾ ਵੀ ਸ਼ਾਮਿਲ ਹੈ। ਲੰਗਰ ਦੀ ਰੀਤ, ਜਿਥੇ ਕਿਸੇ ਵੀ ਧਰਮ ਦੇ ਛੋਟੇ-ਵੱਡੇ ਨੂੰ ਬਿਨਾ ਭਿੰਨ ਭੇਦ ਗੁਰਦੁਆਰੇ ਵਿਚ ਪ੍ਰਸ਼ਾਦਾ ਛਕਾਇਆ ਜਾਂਦਾ ਸੀ, ਦਰਅਸਲ ਸਮਾਜਕ ਬਰਾਬਰੀ ਦਾ ਪ੍ਰਤੀਕ ਸੀ। ਮੰਦਭਾਗੀ ਗੱਲ ਇਹ ਹੈ ਕਿ ਸਿੱਖਾਂ, ਖਾਸ ਕਰ ਪੇਂਡੂ ਇਲਾਕਿਆਂ ਵਿਚ ਜਾਤੀਵਾਦ ਜਿਉਂ ਦਾ ਤਿਉਂ ਹੈ, ਜਿਥੇ ‘ਦਲਿਤ ਸਿੱਖਾਂ’ ਦਾ ਗੁਰਦੁਆਰਿਆਂ ਵਿਚ ਦਾਖਲਾ ਹਾਲੇ ਵੀ ਵਰਜਿਤ ਹੈ।
ਕੁਝ ਸਾਲ ਪਹਿਲਾਂ ਮੈਂ ਬਰਖਾ ਦੱਤ ਦੇ ਟੀ. ਵੀ. ਪ੍ਰੋਗਰਾਮ ਵਿਚ ‘ਸਿੱਖ ਪਛਾਣ’ ਦੇ ਮੁੱਦੇ ‘ਤੇ ਵਿਸ਼ੇਸ਼ ਮੁਲਾਕਾਤ ਕੀਤੀ। ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਵਿਚ ਕਿੰਨੇ ਸਾਰੇ ਪਗੜੀਧਾਰੀ ਸਿੱਖ ਸਨ। ਜਦੋਂ ਮੈਂ ਸਿੱਖਾਂ ਵਿਚ ਅਛੂਤਪੁਣੇ ਦੀ ਲਾਅਨਤ ਵੱਲ ਇਸ਼ਾਰਾ ਕੀਤਾ ਤਾਂ ਉਥੇ ਹੱਲਾ ਮੱਚ ਗਿਆ। ਮਗਰੋਂ ਮੈਂ ਇਨ੍ਹਾਂ ਲੋਕਾਂ ਨੂੰ ਪੁੱਛਿਆ, “ਤੁਹਾਡੇ ਵਿਚੋਂ ਕਿੰਨਿਆਂ ਨੂੰ ਪਤਾ ਹੈ ਕਿ ਮਾਇਆਵਤੀ ਦਾ ਮਾਰਗ ਦਰਸ਼ਕ ਕਾਂਸੀ ਰਾਮ ਵੀ ਸਿੱਖ ਸੀ?” ਪਹਿਲਾਂ ਤਾਂ ਸਵਾਲ ਸੁਣਦੇ ਸਾਰ ਉਹ ਸੁੰਨ ਹੋ ਗਏ ਅਤੇ ਫਿਰ ਅਚਾਨਕ ‘ਨਹੀਂ ਨਹੀਂ’ ਕਰਦੇ ਖਰੂਦੀ ਰੌਲਾ ਪਾਉਣ ਲੱਗੇ; ਹਾਲਾਂਕਿ ਜੋ ਮੈਂ ਕਿਹਾ ਸੀ, ਅਸਲੀਅਤ ਉਹੀ ਸੀ। ਜਦੋਂ ਮੈਂ ਸਟੂਡੀਓ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਕਈ ਭੜਕੇ ਸਿੱਖ ਮੇਰਾ ਕੁਟਾਪਾ ਕਰਨ ‘ਤੇ ਉਤਾਰੂ ਹੋ ਗਏ ਅਤੇ ਮੈਨੂੰ ਉਥੋਂ ਸੁਰੱਖਿਅਤ ਬਾਹਰ ਕੱਢਣ ਲਈ ਬਰਖਾ ਦੱਤ ਨੂੰ ਪੁਲਿਸ ਬੁਲਾਉਣੀ ਪਈ।
ਹੁਣ ਮੈਂ ਸਿੱਖਾਂ ਦੀਆਂ ਵਿਭਿੰਨ ਪਛਾਣਾਂ ਦੇ ਮੁੱਦੇ ਵੱਲ ਆਉਂਦਾ ਹਾਂ ਅਤੇ ਇਨ੍ਹਾਂ ਪ੍ਰਤੀ ਸਿੱਖਾਂ ਦੀ ਅਖੌਤੀ ਉਚਤਮ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਵੱਈਏ ਦੀ ਗੱਲ ਕਰਦਾ ਹਾਂ (ਹਾਲਾਂਕਿ ਜਦੋਂ ਭਿੰਡਰਾਂਵਾਲੇ ਦੀ ਚੜ੍ਹਤ ਸੀ ਤਾਂ ਇਨ੍ਹਾਂ ਲੋਕਾਂ ਦੀ ਉਸ ਦੇ ਡਰੋਂ ਘਿੱਗੀ ਬੱਝੀ ਹੋਈ ਸੀ)।
ਤਿੰਨ ਸਾਲ ਪਹਿਲਾਂ 1926 ਵਾਲੇ ਗੁਰਦੁਆਰਾ ਐਕਟ ਵਿਚ ਸਹਿਜਧਾਰੀ ਸਿੱਖਾਂ ਨੂੰ ਸਿੱਖੀ ਦੇ ਦਾਇਰੇ ਵਿਚੋਂ ਕੱਢਣ ਦੀ ਮਨਸ਼ਾ ਨਾਲ ਸੋਧ ਕੀਤੀ ਗਈ (ਤਾਂ ਕਿ ਮੇਰੇ ਵਰਗਿਆਂ, ਜਿਨ੍ਹਾਂ ਦਾੜ੍ਹੀ-ਕੇਸ ਨਹੀਂ ਰੱਖੇ, ਨੂੰ ਸਿੱਖੀ ਤੋਂ ਬਾਹਰ ਰੱਖਿਆ ਜਾ ਸਕੇ)। ਇਹ ਝਟਕੇ ਨਾਲ ਝੰਜੋੜਨ ਵਾਲੀ ਸੋਧ ਸੀ, ਜਿਸ ਪਾਸੇ ਅਜੇ ਸਿੱਖਾਂ ਦਾ ਲੋੜੀਂਦਾ ਧਿਆਨ ਨਹੀਂ ਗਿਆ।
ਕਰੀਬ ਇਕ ਦਹਾਕਾ ਪਹਿਲਾਂ ਸਿੱਖ ਪਛਾਣ ਨੂੰ ਪਰਿਭਾਸ਼ਿਤ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਫੈਸਲਾ ਸੁਣਾਇਆ, ਜੋ ਬੜਾ ਪਿਛਾਂਹ-ਮੁਖੀ ਸੀ। ਹੋਇਆ ਇੰਜ ਕਿ ਸ਼੍ਰੋਮਣੀ ਕਮੇਟੀ ਵਲੋਂ ਚਲਾਈ ਜਾ ਰਹੀ ਕਿਸੇ ਮੈਡੀਕਲ ਸੰਸਥਾ ਨੇ ਇਕ ਸਿੱਖ ਲੜਕੀ ਗੁਰਲੀਨ ਕੌਰ ਨੂੰ ਇਸ ਬਿਨਾ ‘ਤੇ ਦਾਖਲਾ ਦੇਣ ਤੋਂ ਨਾਂਹ ਕਰ ਦਿੱਤੀ ਕਿ ਉਸ ਦੇ ਭਰਵੱਟਿਆਂ ਦੇ ਵਾਲ ਪੁੱਟੇ ਹੋਏ ਸਨ ਅਤੇ ਇਸ ਨਜ਼ਰੀਏ ਤੋਂ ਉਹ ਸਿੱਖ ਨਹੀਂ ਸੀ। ਹਾਈ ਕੋਰਟ ਨੇ ਸ਼੍ਰੋਮਣੀ ਕਮੇਟੀ ਦੇ ਫੈਸਲੇ ਨੂੰ ਸਹੀ ਮੰਨ ਲਿਆ। ਇਹ ਅਤਿ ਜ਼ਹਿਰੀਲੀ ਕਿਸਮ ਦਾ ਕੱਟੜਵਾਦ ਹੈ। ਜਾਹਰ ਹੈ ਕਿ ਅਦਾਲਤ ਨੇ ਫੈਸਲਾ ਕਰਨ ਸਮੇਂ ਤਰਕ ਨਾਲ ਤੋੜ-ਭੰਨ ਕੀਤੀ, ਪਰ ਇਸ ਵਿਚ ਸਮਝਦਾਰੀ ਵਾਲੀ ਕੋਈ ਗੱਲ ਨਹੀਂ ਸੀ।
ਦਰਅਸਲ ਸ਼੍ਰੋਮਣੀ ਕਮੇਟੀ ਮੁਤਾਬਕ ਇਕ ਹੋਰ ਵੰਨਗੀ ‘ਪਤਿਤ’ ਸਿੱਖਾਂ ਦੀ ਵੀ ਹੈ, ਜੋ ਪਹਿਲਾਂ ਤਾਂ ਸਿੱਖ ਸਜ ਗਏ ਪਰ ਬਾਅਦ ਵਿਚ ਇਸ ਦੀ ਮਰਿਆਦਾ ਉਤੇ ਨਹੀਂ ਚਲ ਸਕੇ। ਇਉਂ ਦੇਖਿਆਂ ਹੁਣ ਅਸੀਂ ਕੇਸਾਧਾਰੀ (ਲੰਮੇ ਕੇਸ ਤੇ ਦਾੜ੍ਹੀ ਵਾਲੇ), ਸਹਿਜਧਾਰੀ ਅਤੇ ਪਤਿਤ ਸਿੱਖਾਂ ਵਿਚ ਵੰਡੇ ਹੋਏ ਹਾਂ। ਇਸ ਤੋਂ ਇਲਾਵਾ ‘ਅੰਮ੍ਰਿਤਧਾਰੀ’ ਹਨ, ਜੋ ਵਿਸ਼ੇਸ਼ ਸੰਸਕਾਰ-ਵਿਧੀ ਨਾਲ ਸਿੱਖ ਸਜਦੇ ਹਨ। ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਸਹਿਜਧਾਰੀ ਅਤੇ ਪਤਿਤ ਸਿੱਖਾਂ ਨੂੰ ਚੋਣ ਪ੍ਰਕ੍ਰਿਆ ਤੋਂ ਬਾਹਰ ਰੱਖਿਆ ਹੋਇਆ ਹੈ, ਪਰ ਉਨ੍ਹਾਂ ਦਾ ਚੜ੍ਹਾਵਾ ਅਤੇ ਦਾਨ ਖਿੜੇ ਮੱਥੇ ਕਬੂਲ ਕੀਤਾ ਜਾਂਦਾ ਹੈ।
ਇਉਂ ਜੇ ਸਿੱਖ ਆਪਣੀ ਪਛਾਣ ਬਾਰੇ ਭੰਬਲਭੂਸੇ ਵਿਚ ਹਨ ਤਾਂ ਦੋਸ਼ ਕਿਸ ਦਾ ਹੈ? ਇਸ ਗੱਲੋਂ ਵੀ ਹੈਰਾਨ ਨਾ ਹੋਣਾ ਕਿ ਕਿਉਂ ਅਨੇਕਾਂ ਸਿੱਖ, ਜਿਨ੍ਹਾਂ ਵਿਚ ਕ੍ਰਿਕਟਰ ਹਰਭਜਨ ਸਿੰਘ ਤੇ ਯੁਵਰਾਜ ਸਿੰਘ ਸ਼ਾਮਿਲ ਹਨ, ਡੇਰਿਆਂ ਦੇ ਸ਼ਰਧਾਲੂ ਬਣ ਗਏ ਹਨ? ਸੰਸਥਾਗਤ ਸਿੱਖ ਧਰਮ ਨੇ ਦਲਿਤ ਅਤੇ ਹੇਠਲੇ ਵਰਗ ਦੇ ਸਿੱਖਾਂ ਨਾਲ ਧੱਕਾ ਕੀਤਾ ਹੈ, ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਡੇਰਿਆਂ ਦਾ ਰਾਹ ਫੜ ਲਿਆ।
ਗਿਣਤੀਆਂ ਮਿਣਤੀਆਂ ਵੱਲ ਵੀ ਧਿਆਨ ਮਾਰ ਲਈਏ। ਦੁਨੀਆਂ ਭਰ ਵਿਚ ਵਸਦੇ ਸਿੱਖਾਂ ਦੀ ਆਬਾਦੀ ਦੇ ਅੰਕੜੇ ਮੈਨੂੰ ਨਹੀਂ ਮਿਲੇ। ਅਟਾ-ਸਟਾ ਇਹ ਇਕ ਕਰੋੜ ਅੱਸੀ ਲੱਖ ਅਤੇ ਢਾਈ ਕਰੋੜ ਦੇ ਵਿਚਕਾਰ ਹੈ। ਲੰਘੀ 2011 ਦੀ ਮਰਦਮਸ਼ੁਮਾਰੀ ਮੁਤਾਬਕ ਪੰਜਾਬ ਵਿਚ ਇਕ ਕਰੋੜ ਚਾਲੀ ਲੱਖ ਸਿੱਖ ਹਨ, ਜੋ ਇਥੋਂ ਦੀ ਵਸੋਂ ਦਾ 60 ਪ੍ਰਤੀਸ਼ਤ ਬਣਦਾ ਹੈ। ਸ਼੍ਰੋਮਣੀ ਕਮੇਟੀ ਮੁਤਾਬਕ ਸਿਰਫ 55 ਲੱਖ ਕੇਸਾਧਾਰੀ ਜਾਂ ਅਸਲੀ ਸਿੱਖ ਹਨ। ਵੈਸੇ ਮੈਂ ਇਸ ਅੰਕੜੇ ਨੂੰ ਸਹੀ ਨਹੀਂ ਮੰਨਦਾ। ਦੇਖਣ ਵਾਲੀ ਗੱਲ ਹੈ ਕਿ ਉਨ੍ਹਾਂ ਵਿਚੋਂ ਕਿੰਨੇ ਦਾੜ੍ਹੀ ਕਤਰਦੇ ਹਨ ਅਤੇ ਖਾਸਕਰ, ਉਨ੍ਹਾਂ ਵਿਚੋਂ ਕਿੰਨੀਆਂ ਔਰਤਾਂ ਭਰਵੱਟੇ ਪੁਟਦੀਆਂ ਹਨ? ਮੇਰਾ ਖਦਸ਼ਾ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਜਣੇ ਸ਼੍ਰੋਮਣੀ ਕਮੇਟੀ ਦੀ ਪਰਿਭਾਸ਼ਾ ਮੁਤਾਬਕ ਸਿੱਖ ਹੀ ਨਹੀਂ ਹਨ। ਸੱਚੀ ਗੱਲ ਇਹ ਕਿ ਜੇ ਇਸ ਪਰਿਭਾਸ਼ਾ ਨੂੰ ਮਾਪਦੰਡ ਮੰਨਿਆ ਜਾਵੇ ਤਾਂ ਸਿੱਖ ਪੰਜਾਬ ਵਿਚ ਬਹੁ ਗਿਣਤੀ ਨਹੀਂ ਸਗੋਂ ਘੱਟ ਗਿਣਤੀ ਹਨ।
ਕੀ ਹੁਣ ਉਹ ਸਮਾਂ ਨਹੀਂ ਆ ਪਹੁੰਚਿਆ ਕਿ ਸ਼੍ਰੋਮਣੀ ਕਮੇਟੀ ਸੱਚ ਦਾ ਸਾਹਮਣਾ ਕਰੇ ਅਤੇ ਭਰਵੱਟਿਆਂ ਵੱਲ ਧਿਆਨ ਦੇਣ ਦੀ ਥਾਂ ਮੁੰਨੇ ਹੋਏ ਤੇ ਸਾਬਤ ਸੂਰਤ, ਸਾਰੇ ਸਿੱਖਾਂ ਨੂੰ ਇਕੱਤਰ ਕਰਕੇ ਜੋਸ਼ ਨਾਲ ਧੜਕਦੇ ਸਾਂਝੇ ਅਤੇ ਅਗਾਂਹਵਧੂ ਸਿੱਖ ਭਾਈਚਾਰੇ ਦਾ ਨਿਰਮਾਣ ਕਰੇ?