ਔਰੰਗਜ਼ੇਬ ਨੇ ਆਪਣੇ ਭਰਾ ਮੁਰਾਦ ਨੂੰ ਇੰਜ ਟਿਕਾਣੇ ਲਾਇਆ

ਵਾਸਦੇਵ ਸਿੰਘ ਪਰਿਹਾਰ
ਸ਼ਾਹਜਹਾਂ ਦੇ ਚਾਰ ਪੁੱਤਰ-ਦਾਰਾ ਸ਼ਿਕੋਹ, ਸੁਜ਼ਾਅ, ਔਰੰਗਜ਼ੇਬ ਅਤੇ ਮੁਰਾਦ ਸਨ। ਤਖਤ ਪ੍ਰਾਪਤ ਕਰਨ ਦੀ ਲੜਾਈ ‘ਚ ਦਾਰਾ ਸ਼ਿਕੋਹ ਨਾਲ ਲੜਾਈ ਤੋਂ ਪਹਿਲਾਂ ਔਰੰਗਜ਼ੇਬ ਨੇ ਮੁਰਾਦ ਨੂੰ ਆਪਣੇ ਨਾਲ ਮਿਲਾ ਲਿਆ। ਉਸ ਨਾਲ ਲਿਖਤੀ ਇਕਰਾਰਨਾਮਾ ਕੀਤਾ ਕਿ ਤਖਤ ‘ਤੇ ਕਬਜ਼ੇ ਪਿਛੋਂ ਉਸ ਨੂੰ ਲੁੱਟ ਦੇ ਮਾਲ ਦਾ ਤੀਜਾ ਹਿੱਸਾ ਦਿੱਤਾ ਜਾਵੇਗਾ, ਪਰ ਆਗਰੇ ‘ਤੇ ਕਬਜ਼ਾ ਕਰਕੇ ਉਸ ਨੇ ਮੁਰਾਦ ਨੂੰ ਕੁਝ ਨਾ ਦਿੱਤਾ। ਮੁਰਾਦ ਦੇ ਅਹਿਲਕਾਰਾਂ ਨੇ ਉਸ ਨੂੰ ਦੱਸਿਆ ਕਿ ਕਿਵੇਂ ਉਹ ਸਭ ਕੁਝ ਤਾਂ ਔਰੰਗਜ਼ੇਬ ਦੇ ਅਧੀਨ ਹੋ ਗਿਆ ਹੈ ਅਤੇ ਉਹ ਖਾਲੀ ਹੱਥ ਹੀ ਹੈ।

ਆਗਰੇ ‘ਤੇ ਕਬਜ਼ੇ ਤੋਂ ਬਾਅਦ ਔਰੰਗਜ਼ੇਬ ਦਾਰਾ ਸ਼ਿਕੋਹ ਦਾ ਪਿੱਛਾ ਕਰਨ ਲਈ ਦਿੱਲੀ ਲਈ ਰਵਾਨਾ ਹੋਇਆ। ਮੁਰਾਦ ਵੀ ਉਸ ਦੇ ਪਿੱਛੇ-ਪਿੱਛੇ ਚੱਲ ਪਿਆ। ਦੋਹਾਂ ਦੇ ਪੜਾਅ ਇਕ-ਦੂਜੇ ਤੋਂ ਦੋ-ਤਿੰਨ ਮੀਲ ਦੇ ਫਾਸਲੇ ‘ਤੇ ਹੁੰਦੇ। ਦੋ ਪੜਾਅ ਚੱਲਣ ਤੋਂ ਬਾਅਦ ਔਰੰਗਜ਼ੇਬ ਨੇ ਮੁਰਾਦ ਨੂੰ 233 ਘੋੜੇ ਤੇ 30 ਲੱਖ ਰੁਪਏ ਦਿੱਤੇ, ਕਿਉਂਕਿ ਉਹ ਸ਼ਿਕਾਇਤ ਕਰਦਾ ਸੀ ਕਿ ਉਸ ਕੋਲ ਆਪਣੀ ਫੌਜ ਕੋਲ ਅੱਗੇ ਚੱਲਣ ਲਈ ਸਾਜ਼ੋ-ਸਾਮਾਨ ਦੀ ਘਾਟ ਹੈ। ਲੁੱਟ ਦੇ ਮਾਲ ਦਾ ਤੀਜਾ ਹਿੱਸਾ ਉਸ ਨੂੰ ਦੇਣ ਦਾ ਵਾਅਦਾ ਦੁਹਰਾਇਆ।
ਦਾਰਾ ਸ਼ਿਕੋਹ ਨਾਲ ਜੰਗ ਵਿਚ ਮੁਰਾਦ ਜ਼ਖਮੀ ਹੋ ਗਿਆ ਸੀ। ਉਸ ਦੀ ਸਿਹਤਯਾਬੀ ਦੇ ਬਹਾਨੇ ਔਰੰਗਜ਼ੇਬ ਨੇ ਇਕ ਜਸ਼ਨ ਅਤੇ ਅੱਗੇ ਤੋਂ ਦਾਰਾ ਸ਼ਿਕੋਹ ਵਿਰੁਧ ਰਣਨੀਤੀ ਤਿਆਰ ਕਰਨ ਲਈ ਸਲਾਹ-ਮਸ਼ਵਰੇ ਦੇ ਬਹਾਨੇ ਮੁਰਾਦ ਨੂੰ ਆਪਣੇ ਕੈਂਪ ਵਿਚ ਬੁਲਾਇਆ। ਮੁਰਾਦ ਦੇ ਮੁੱਖ ਸਲਾਹਕਾਰਾਂ ਨੇ ਉਸ ਨੂੰ ਔਰੰਗਜ਼ੇਬ ਦੇ ਕੈਂਪ ਵਿਚ ਜਾਣ ਦੇ ਖਤਰੇ ਤੋਂ ਆਗਾਹ ਕੀਤਾ, ਪਰ ਔਰੰਗਜ਼ੇਬ ਨੇ ਮੁਰਾਦ ਦੇ ਇਕ ਨਿੱਜੀ ਸਹਾਇਕ ਨੂਰ-ਉਦ-ਦੀਨ ਨੂੰ ਕਾਫੀ ਧਨ ਦੇ ਕੇ ਆਪਣੇ ਵੱਲ ਕਰ ਲਿਆ ਤੇ ਉਸ ਦੀ ਡਿਊਟੀ ਲਾਈ ਕਿ ਉਹ ਮੁਰਾਦ ਨੂੰ ਔਰੰਗਜ਼ੇਬ ਪਾਸ ਜਾਣ ਲਈ ਪ੍ਰੇਰੇ। ਮੁਰਾਦ ਸ਼ਿਕਾਰ ਤੋਂ ਵਾਪਸ ਆਇਆ ਤਾਂ ਨੂਰ-ਉਦ-ਦੀਨ ਦੀ ਪ੍ਰੇਰਨਾ ਨਾਲ ਔਰੰਗਜ਼ੇਬ ਪਾਸ ਜਾਣ ਲਈ ਤਿਆਰ ਹੋ ਗਿਆ।
ਆਪਣੇ ਤੰਬੂ ਦੇ ਦਰਵਾਜੇ ‘ਤੇ ਔਰੰਗਜ਼ੇਬ ਨੇ ਮੁਰਾਦ ਦਾ ਸਵਾਗਤ ਕੀਤਾ ਅਤੇ ਉਸ ਨੂੰ ਅੰਦਰ ਲੈ ਗਿਆ। ਉਸ ਦੇ ਨਾਲ ਗਏ ਉਸ ਦੇ ਅਫਸਰਾਂ ਨੂੰ ਵੱਖਰੇ ਤੰਬੂ ਵਿਚ ਬਿਠਾਇਆ ਗਿਆ। ਔਰੰਗਜ਼ੇਬ ਦੇ ਕਮਰੇ ਵਿਚ ਦੋਹਾਂ ਭਰਾਵਾਂ ਤੋਂ ਇਲਾਵਾ ਕੇਵਲ ਬਸ਼ਰਤ ਨਾਂ ਦਾ ਖਵਾਜਾ ਸਰਾ (ਖੁਸਰਾ) ਸੀ। ਦੋਵੇਂ ਭਰਾ ਇਕੋ ਹੀ ਦਰੀ ‘ਤੇ ਬੈਠ ਗਏ। ਔਰੰਗਜ਼ੇਬ ਨੇ ਮਿੱਠੀਆਂ-ਮਿੱਠੀਆਂ ਗੱਲਾਂ ਅਤੇ ਮੁਰਾਦ ਦੀ ਸਿਹਤਯਾਬੀ ਦੀ ਖੁਸ਼ੀ ਪ੍ਰਗਟਾਈ। ਉਸ ਨੂੰ ਪੀਣ ਨੂੰ ਸ਼ਰਾਬ ਦਿੱਤੀ। ਮੁਰਾਦ ਵੱਡੇ ਭਰਾ ਅੱਗੇ ਪੀਣ ਤੋਂ ਝਿਜਕਦਾ ਸੀ ਪਰ ਔਰੰਗਜ਼ੇਬ ਨੇ ਕਿਹਾ, “ਪੀਓ, ਮੇਰੀ ਹਾਜ਼ਰੀ ਵਿਚ, ਕਿਉਂਕਿ ਮੈਂ ਤੈਨੂੰ ਬਹੁਤ ਤਕਲੀਫਾਂ ਝੱਲਣ ਤੋਂ ਬਾਅਦ ਖੁਸ਼ੀ ਵਿਚ ਦੇਖਣਾ ਚਾਹੁੰਦਾ ਹਾਂ।”
ਸ਼ਿਕਾਰ ਦੀ ਥਕਾਵਟ ਕਾਰਨ ਮੁਰਾਦ ਨੂੰ ਜਲਦੀ ਹੀ ਨੀਂਦ ਆਉਣ ਲੱਗੀ ਤਾਂ ਔਰੰਗਜ਼ੇਬ ਨੇ ਕਿਹਾ ਕਿ ਤੁਸੀਂ ਥੋੜ੍ਹਾ ਅਰਾਮ ਕਰ ਲਵੋ, ਅਗਲੀ ਮੁਹਿੰਮ ਬਾਰੇ ਬਾਕੀ ਗੱਲਾਂ ਤੁਹਾਡੇ ਉਠਣ ‘ਤੇ ਕਰਾਂਗੇ। ਨਾਲ ਹੀ ਪਲੰਘ ਸਜਾਇਆ ਹੋਇਆ ਸੀ। ਮੁਰਾਦ ਆਪਣੀ ਤਲਵਾਰ ਅਤੇ ਹੋਰ ਹਥਿਆਰ ਆਪਣੇ ਸਿਰਹਾਣੇ ਹੇਠ ਰੱਖ ਕੇ ਲੇਟ ਗਿਆ। ਬਸ਼ਰਤ ਉਸ ਦੀਆਂ ਲੱਤਾਂ ਘੁੱਟਣ ਲੱਗ ਪਈ। ਛੇਤੀ ਹੀ ਇਕ ਹੋਰ ਪਰੀ-ਚਿਹਰਾ ਲੜਕੀ ਆਈ ਤੇ ਉਸ ਨੇ ਖਵਾਜਾ ਸਰਾ ਨੂੰ ਅੱਖ ਦੇ ਇਸ਼ਾਰੇ ਨਾਲ ਜਾਣ ਦਾ ਇਸ਼ਾਰਾ ਕੀਤਾ ਅਤੇ ਆਪ ਉਸ ਦੀ ਥਾਂ ਲੈ ਲਈ ਅਤੇ ਮੁਰਾਦ ਦੇ ਪੈਰਾਂ ‘ਤੇ ਖੁਸ਼ਬੂਦਾਰ ਤੇਲ ਦੀ ਮਾਲਿਸ਼ ਕਰਨ ਲੱਗੀ। ਉਸ ਹਸੀਨਾ ਦੇ ਨਰਮ ਹੱਥਾਂ ਦੀ ਛੋਹ ਨਾਲ ਮੁਰਾਦ ਨੂੰ ਅਨੰਦਮਈ ਨੀਂਦ ਆ ਗਈ। ਉਹ ਲੜਕੀ ਜਾਣ ਲੱਗੀ ਮੁਰਾਦ ਦੇ ਸਿਰਹਾਣੇ ਹੇਠੋਂ ਉਸ ਦੇ ਹਥਿਆਰ ਚੁੱਕ ਕੇ ਲੈ ਗਈ।
ਤੁਰੰਤ ਹੀ ਸ਼ੇਖ ਮੀਰ ਆਪਣੇ ਇਕ ਦਰਜਨ ਭਰੋਸੇਯੋਗ ਨੌਕਰਾਂ ਨਾਲ ਦਾਖਲ ਹੋਇਆ। ਤਾੜੀ ਮਾਰ ਕੇ ਉਸ ਨੇ ਮੁਰਾਦ ਨੂੰ ਜਗਾਇਆ। ਮੁਰਾਦ ਨੇ ਜਾਗਦੇ ਸਾਰ ਆਪਣੇ ਸਿਰਹਾਣੇ ਹੇਠ ਹੱਥ ਮਾਰਿਆ। ਹੈਰਾਨੀ ਵਿਚ ਉਸ ਨੇ ਔਰੰਗਜ਼ੇਬ ਨੂੰ ਧੋਖਾ ਕਰਨ ਬਾਰੇ ਕਿਹਾ। ਔਰੰਗਜ਼ੇਬ ਨੇ ਪਰਦੇ ਪਿੱਛੋਂ ਜਵਾਬ ਦਿੱਤਾ, “ਕਿਉਂਕਿ ਤੁਸੀਂ ਆਪਣੇ ਸਲਾਹਕਾਰਾਂ ਦੀ ਚੁੱਕ ਵਿਚ ਆ ਕੇ ਗੜਬੜ ਕਰਕੇ ਦੇਸ਼ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਤੇਰੇ ‘ਤੇ ਘੁਮੰਡ ਦਾ ਭੂਤ ਸਵਾਰ ਹੈ, ਤੇਰੇ ਸੁਭਾਅ ਵਿਚ ਸੁਧਾਰ ਲਿਆਉਣ ਲਈ ਇਹ ਜ਼ਰੂਰੀ ਹੈ ਕਿ ਤੈਨੂੰ ਕੁਝ ਦਿਨ ਸਬਰ ਅਤੇ ਅਰਾਮ ਲਈ ਮੇਰੀ ਨਿਗਰਾਨੀ ਵਿਚ ਰੱਖਿਆ ਜਾਵੇ। ਇਸ ਨਜ਼ਰਬੰਦੀ ਨੂੰ ਆਪਣੀ ਬਿਹਤਰੀ ਸਮਝੋ, ਤੁਹਾਡੇ ਨਾਲ ਕੀਤੇ ਵਾਅਦਿਆਂ ‘ਤੇ ਮੈਂ ਅੱਜ ਵੀ ਕਾਇਮ ਹਾਂ।”
ਸ਼ੇਖ ਮੀਰ ਨੇ ਉਸ ਦੇ ਅੱਗੇ ਸੋਨੇ ਦੀ ਬੇੜੀ ਰੱਖੀ ਅਤੇ ਸਲਾਮ ਕਰਕੇ ਸਹਿਜ਼ਾਦੇ ਦੇ ਪੈਰਾਂ ਵਿਚ ਕੱਸ ਦਿੱਤੀ। ਉਸ ਨੂੰ ਰਾਤ ਨੂੰ ਹੀ ਦਿੱਲੀ ਦੇ ਸਲੀਮਗੜ੍ਹ ਕਿਲ੍ਹੇ ਵੱਲ ਹਾਥੀ ‘ਤੇ ਬਿਠਾ ਕੇ ਚੱਲ ਪਏ। ਇਸੇ ਤਰ੍ਹਾਂ ਢਕੇ ਹੋਏ ਹੱਦਿਆਂ ਵਾਲੇ ਤਿੰਨ ਹੋਰ ਹਾਥੀ ਪੂਰਬ, ਦੱਖਣ ਅਤੇ ਪੱਛਮ ਦਿਸ਼ਾਵਾਂ ਵੱਲ ਵੀ ਭੇਜੇ ਗਏ ਤਾਂ ਕਿ ਮੁਰਾਦ ਦੇ ਸਾਥੀਆਂ ਨੂੰ ਪਤਾ ਨਾ ਲੱਗੇ ਕਿ ਉਸ ਨੂੰ ਕਿਧਰ ਭੇਜਿਆ ਗਿਆ ਹੈ। ਮੁਰਾਦ ਦੇ ਪੁੱਤਰ ਇਜ਼ਤ ਬਖਸ਼ ਨੂੰ ਉਸੇ ਜੇਲ੍ਹ ਵਿਚ ਭੇਜ ਦਿੱਤਾ ਗਿਆ।
ਜਨਵਰੀ 1659 ਵਿਚ ਮੁਰਾਦ ਅਤੇ ਉਸ ਦੇ ਪੁੱਤਰ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਭੇਜ ਦਿੱਤਾ ਗਿਆ, ਜਿੱਥੇ ਉਹ ਤਿੰਨ ਕੁ ਸਾਲ ਰਿਹਾ। ਮੁਰਾਦ ਆਪਣੇ ਦਾਨੀ ਸੁਭਾਅ ਕਰਕੇ ਮਸ਼ਹੂਰ ਸੀ। ਕੈਦ ਦੇ ਦਿਨਾਂ ਵਿਚ ਵੀ ਉਹ ਆਪਣੇ ਖਰਚ ਲਈ ਮਿਲੇ ਧਨ ਵਿਚੋਂ ਅੱਧਾ ਹਿੱਸਾ ਗਰੀਬਾਂ ਅਤੇ ਫਕੀਰਾਂ ਵਿਚ ਵੰਡ ਦਿੰਦਾ। ਗਵਾਲੀਅਰ ਦੇ ਕਿਲ੍ਹੇ ਦੇ ਹੇਠਾਂ ਫਕੀਰਾਂ ਦੀ ਬਸਤੀ ਸੀ। ਪ੍ਰਸਿੱਧ ਇਤਿਹਾਸਕਾਰ ਖਾਫੀ ਖਾਂ ਦਾ ਪਿਤਾ ਵੀ ਫਕੀਰੀ ਭੇਸ ਵਿਚ ਇਸੇ ਬਸਤੀ ਵਿਚ ਰਹਿੰਦਾ ਸੀ। ਇਕ ਦਿਨ ਮੁਰਾਦ ਨੂੰ ਛੁਡਾਉਣ ਦੀ ਸਕੀਮ ਬਣਾਈ ਅਤੇ ਕਿਲ੍ਹੇ ਤੋਂ ਰੱਸਿਆਂ ਦੀ ਪੌੜੀ ਵੀ ਹੇਠਾਂ ਲਟਕਾਈ ਗਈ।
ਮੁਰਾਦ ਨੇ ਆਪਣੀ ਸੇਵਾ ਲਈ ਸਰਸਵਤੀ ਬਾਲੀ ਨਾਂ ਦੀ ਖੂਬਸੂਰਤ ਰਖੇਲ ਰੱਖੀ ਹੋਈ ਸੀ। ਜਦੋਂ ਉਸ ਨੂੰ ਮੁਰਾਦ ਦੇ ਭੱਜਣ ਦੀ ਸਕੀਮ ਦਾ ਪਤਾ ਲੱਗਾ ਤਾਂ ਉਹ ਉਚੀ-ਉਚੀ ਰੋਣ ਪਿੱਟਣ ਲੱਗ ਪਈ। ਰੌਲਾ ਸੁਣ ਕੇ ਪਹਿਰੇਦਾਰ ਜਾਗ ਪਏ, ਮਸ਼ਾਲਾਂ ਜਗਾ ਕੇ ਸਾਰੇ ਪਾਸੇ ਦੌੜਨ-ਭੱਜਣ ਲੱਗੇ ਅਤੇ ਰੱਸੇ ਦੀ ਪੌੜੀ ਉਨ੍ਹਾਂ ਨੂੰ ਮਿਲ ਗਈ।
ਇਸ ਖਬਰ ਤੋਂ ਬਾਅਦ ਔਰੰਗਜ਼ੇਬ ਨੇ ਮੁਰਾਦ ਦੀ ਅਲਖ ਮੁਕਾਉਣ ਦਾ ਮਨ ਬਣਾਇਆ। ਅਲੀ ਨਕੀ, ਜਿਸ ਨੂੰ ਮੁਰਾਦ ਨੇ ਅਹਿਮਦਾਬਾਦ ਵਿਚ ਕਈ ਸਾਲ ਪਹਿਲਾਂ ਕਤਲ ਕੀਤਾ ਸੀ, ਦੇ ਪੁੱਤਰ ਨੇ ਇਨਸਾਫ ਦੀ ਅਪੀਲ ਕੀਤੀ। ਔਰੰਗਜ਼ੇਬ ਨੇ ਗਵਾਲੀਅਰ ਦੇ ਕਾਜ਼ੀ ਨੂੰ ਇਸ ਅਪੀਲ ਦਾ ਫੈਸਲਾ ਇਸਲਾਮੀ ਕਾਨੂੰਨ ਅਨੁਸਾਰ ਕਰਨ ਦਾ ਆਦੇਸ਼ ਦਿੱਤਾ। ਫਰਿਆਦੀ ਨੂੰ ਔਰੰਗਜ਼ੇਬ ਦਾ ਇਕ ਖਵਾਜਾ ਸਰਾ (ਖੁਸਰਾ) ਨਾਲ ਲੈ ਕੇ ਗਵਾਲੀਅਰ ਘਰ ਪਹੁੰਚਿਆ। ਇਸ ਖਵਾਜਾ ਸਰਾ ਨੇ ਕਾਜ਼ੀ ਨੂੰ ਸ਼ਹਿਨਸ਼ਾਹ ਦਾ ਜੋ ਸੁਨੇਹਾ ਦਿੱਤਾ, ਉਸ ਬਾਰੇ ਕੋਈ ਸ਼ੱਕ ਨਹੀਂ। ਕਾਜ਼ੀ ਨੇ ਮੁਰਾਦ ਨੂੰ ਦੋਸ਼ੀ ਕਰਾਰ ਦਿੱਤਾ। ਫਰਿਆਦੀ ਨੇ ਕੋਈ ਵੀ ਮੁਆਵਜ਼ਾ ਆਪਣੇ ਪਿਤਾ ਦੀ ਮੌਤ ਬਦਲੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਹੁਣ ਸਿਵਾਏ ਮੌਤ ਤੋਂ ਇਸਲਾਮੀ ਕਾਨੂੰਨ ਅਨੁਸਾਰ ਹੋਰ ਕੋਈ ਚਾਰਾ ਨਹੀਂ ਸੀ।
4 ਦਸੰਬਰ 1668 ਨੂੰ ਬੁੱਧਵਾਰ ਦੇ ਦਿਨ ਦੋ ਗੁਲਾਮਾਂ ਨੇ ਤਲਵਾਰਾਂ ਨਾਲ ਜੇਲ੍ਹ ਦੀ ਛੋਟੀ ਜਿਹੀ ਕੋਠੜੀ ਵਿਚ ਮੁਰਾਦ ਦਾ ਅੰਤ ਕਰ ਦਿੱਤਾ। ਗਵਾਲੀਅਰ ਦੇ ਕਿਲ੍ਹੇ ਅੰਦਰ ‘ਗੱਦਾਰਾਂ ਦੇ ਕਬਰਸਤਾਨ’ ਵਿਚ ਮੁਰਾਦ ਦੀ ਲਾਸ਼ ਨੂੰ ਦਫਨਾਇਆ ਗਿਆ। ਇਸ ਘਟਨਾ ਤੋਂ ਕਰੀਬ ਚਾਲੀ ਸਾਲ ਬਾਅਦ ਔਰੰਗਜ਼ੇਬ ਜਦੋਂ ਬੁੱਢਾ ਹੋ ਗਿਆ ਸੀ, ਆਪਣੇ ਭਰਾ ਦੀ ਕਬਰ ਬਾਰੇ ਜ਼ਿਕਰ ਤਾਂ ਕਰਦਾ ਹੈ ਪਰ ਉਸ ਲਈ ਕੋਈ ਹਮਦਰਦੀ ਭਰੇ ਲਫਜ਼ ਨਹੀਂ ਵਰਤਦਾ।