ਨਕਲਾਂ ਦੇ ਰੰਗ

ਕਿਸੇ ਵੇਲੇ ਪੰਜਾਬੀ ਸਭਿਆਚਾਰ ਦਾ ਅਨਿੱਖੜ ਅੰਗ ਰਹੀਆਂ ਨਕਲਾਂ ਹੁਣ ਤਕਰੀਬਨ ਬੀਤੇ ਦੀ ਬਾਤ ਹੋ ਗਈਆਂ ਹਨ। ਭੰਡਾਂ ਦੀ ਜੋੜੀ ਹੁਣ ਕਿਤੇ ਕਿਤੇ ਹੀ ਨਜ਼ਰੀਂ ਪੈਂਦੀ ਹੈ। ਨਵੀਂ ਪੀੜ੍ਹੀ ਹੁਣ ਇਸ ਜੱਦੀ ਕਿੱਤੇ ਦੀ ਥਾਂ ਹੋਰ ਕਸਬ ਅਪਨਾ ਰਹੀ ਹੈ। ਇਸ ਲੇਖ ਵਿਚ ਰਣਜੀਤ ਸਿੰਘ ਨੂਰਪੁਰਾ ਨੇ ਨਕਲਾਂ ਅਤੇ ਭੰਡਾਂ ਬਾਰੇ ਖੂਬ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਕਿਸ ਤਰ੍ਹਾਂ ਆਧੁਨਿਕੀਕਰਨ ਦੀ ਮਾਰ ਇਨ੍ਹਾਂ ਕਲਾਕਾਰਾਂ ਉਤੇ ਪਈ ਹੈ।

-ਸੰਪਾਦਕ

ਰਣਜੀਤ ਸਿੰਘ ਨੂਰਪੁਰਾ
ਆਧੁਨਿਕੀਕਰਨ ਨੇ ਪੰਜਾਬੀ ਸਭਿਆਚਾਰ ਵਿਚੋਂ ਮਨੋਰੰਜਨ ਦੀਆਂ ਕਈ ਵੰਨਗੀਆਂ ਲੋਪ ਕਰ ਦਿੱਤੀਆਂ ਹਨ। ਇਨ੍ਹਾਂ ਵੰਨਗੀਆਂ ‘ਚ ਨਕਲਾਂ ਸ਼ਾਮਲ ਸਨ ਜਿਹੜੀਆਂ ਭੰਡ ਬਿਰਾਦਰੀ ਦੇ ਹੱਸਮੁੱਖ ਤੇ ਹਾਜ਼ਰ-ਜਵਾਬੀ ਵਿਚ ਨਿਪੁੰਨ ਦੋ ਵਿਅਕਤੀਆਂ ਵਲੋਂ ਲਗਾਈਆਂ ਜਾਂਦੀਆਂ ਸਨ। ਮਨੋਰੰਜਨ ਲਈ ਨਵੇਂ ਤੋਂ ਨਵੇਂ ਸਾਧਨ ਵਿਕਸਤ ਹੋ ਜਾਣ ਨਾਲ ਨਕਲਾਂ ਲਗਾਉਣ ਵਾਲਿਆਂ ਦੇ ਢਿੱਡਾਂ ਵਿਚ ਇਕ ਪ੍ਰਕਾਰ ਦੀ ਲੱਤ ਵੱਜ ਗਈ ਹੈ। ਸਦੀਆਂ ਤੋਂ ਚਲਿਆ ਆ ਰਿਹਾ ਇਹ ਪਿਤਾ-ਪੁਰਖੀ ਕਿੱਤਾ ਭੰਡਾਂ ਨੂੰ ਬਦਲਣਾ ਪੈ ਗਿਆ ਜਦਕਿ ਕਿਸੇ ਸਮੇਂ ਪੰਜਾਬ ਵਿਚ ਇਨ੍ਹਾਂ ਦੀ ਤੂਤੀ ਬੋਲਦੀ ਹੁੰਦੀ ਸੀ।
ਭੰਡ ਬਿਰਾਦਰੀ ਤੋਂ ਇਲਾਵਾ ਮੁਸਲਮਾਨ ਮਰਾਸੀ ਵੀ ਨਕਲਾਂ ਵਿਚ ਵਿਸ਼ੇਸ਼ ਦਿਲਚਸਪੀ ਲੈਂਦੇ ਸਨ। ਮਰਾਸੀ ਨੂੰ ਤਾਂ ਉਂਜ ਵੀ ਵੱਧ ਗੱਲ ਫੁਰਦੀ ਹੈ ਜਿਸ ਕਰਕੇ ਇਸ ਬਿਰਾਦਰੀ ਨੂੰ ਇਹ ਕਿੱਤਾ ਕਾਫੀ ਰਾਸ ਆਇਆ। ਭੰਡ ਦਾ ਭਾਵ ਹੈ, ਕਿਸੇ ਮਨੁੱਖ ਜਾਂ ਸਮਾਜਿਕ ਬੁਰਾਈ ਨੂੰ ਭੰਡਣ ਜਾਂ ਨਿੰਦਣ ਵਾਲਾ, ਹਾਸੇ-ਮਖੌਲ ਲਈ ਕਿਸੇ ਦੀ ਫੋਕੀ ਪਰ ਵਿਅੰਗਮਈ ਢੰਗ ਨਾਲ ਤਾਰੀਫ ਕਰਨ ਵਾਲਾ। ਸਭਿਅਕ ਢੰਗ ਨਾਲ ਹਾਸੇ-ਠੱਠੇ ਦੀ ਗੱਲ ਲੈ ਕੇ ਅਗਲੇ ਦੀ ਨਕਲ ਕਰਨੀ, ਘੁਮਾ ਫਿਰਾ ਕੇ ਅਗਲੇ ਨੂੰ ਗੱਲ ਲਾਉਣੀ। ਗੱਲ ਵੀ ਅਜਿਹੇ ਗਿੱਟੇ-ਗੋਡੇ ਲਾਉਣੀ ਕਿ ਅਗਲਾ ਹਾਸੇ ਨਾਲ ਲੋਟ-ਪੋਟ ਹੁੰਦਾ ਲੁੜਕ ਜਾਵੇ।
ਪੁਰਾਣੇ ਵੇਲਿਆਂ ਵਿਚ ਸਰਕਾਰੇ-ਦਰਬਾਰੇ ਇਨ੍ਹਾਂ ਦੀ ਕਾਫੀ ਪੁੱਛ-ਗਿੱਛ ਹੁੰਦੀ ਸੀ। ਰਾਜਿਆਂ, ਮੰਤਰੀਆਂ ਤੇ ਦਰਬਾਰੀਆਂ ਲਈ ਇਹ ਮਨੋਰੰਜਨ ਦਾ ਢੁਕਵਾਂ ਸਾਧਨ ਹੁੰਦੇ ਸਨ। ਕੰਮ ਦੀ ਬਹੁਲਤਾ ਕਾਰਨ ਹੋਏ ਅਕੇਵਿਆਂ ਤੋਂ ਨਿਜਾਤ ਪਾਉਣ ਲਈ ਭੰਡਾਂ ਨੂੰ ਰਾਜ ਦਰਬਾਰਾਂ ਵਿਚ ਸੱਦ ਕੇ ਇਨ੍ਹਾਂ ਦੀ ਕਲਾਕਾਰੀ ਦਾ ਅਨੰਦ ਮਾਣਿਆ ਜਾਂਦਾ। ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਰੱਖੇ ਭੰਡਾਂ ਵਿਚੋਂ ਮੁਹੰਮਦ ਬਖਸ਼ ਨਾਲ ਮਹਾਰਾਜਾ ਰਣਜੀਤ ਸਿੰਘ ਬਹੁਤ ਪਿਆਰ ਕਰਦਾ ਸੀ।
ਜਦੋਂ ਬਰਾਤਾਂ ਜਾਂਦੀਆਂ ਤਾਂ ਵਾਜੇ ਵਾਲਿਆਂ ਅਤੇ ਆਤਿਸ਼ਬਾਜ਼ੀ ਕਰਨ ਵਾਲਿਆਂ ਤੋਂ ਇਲਾਵਾ ਭੰਡਾਂ ਦੀ ਜੋੜੀ ਲਾਜ਼ਮੀ ਤੌਰ ‘ਤੇ ਨਾਲ ਲਿਜਾਈ ਜਾਂਦੀ। ਉਸ ਸਮੇਂ ਬਰਾਤ ਕੁੜੀ-ਪਰਿਵਾਰ ਘਰ ਤਿੰਨ ਦਿਨ ਰਹਿੰਦੀ ਹੁੰਦੀ ਸੀ। ਬਰਾਤ ਦੇ ਮਨੋਰੰਜਨ ਲਈ ਇਹ ਸਵੇਰ, ਦੁਪਹਿਰ ਤੇ ਸ਼ਾਮ ਵੇਲੇ ਆਪਣੇ ਪਿੜ ਜਮਾਉਂਦੇ ਜਿਸ ਕਾਰਨ ਬਰਾਤੀਆਂ ਨੂੰ ਅਕੇਵਾਂ ਨਾ ਹੁੰਦਾ।
ਵਿਆਹ ਦੀ ਖੁਸ਼ੀ, ਮੇਲੇ, ਤਿੱਥ-ਤਿਉਹਾਰ ਜਾਂ ਘਰ ‘ਚ ਜਨਮੇ ਲੜਕੇ ਸਮੇਂ ਨਕਲੀਆਂ ਦਾ ਜੋੜਾ ਆਪਣੇ-ਆਪ ਪੁੱਜ ਜਾਂਦਾ ਸੀ। ਲੜਕੇ ਵਾਲੇ ਘਰੋਂ ਵਧਾਈ ਲੈਣ ਲਈ ਉਹ ਘੰਟਾ ਭਰ ਮਾਈਆਂ ਨੂੰ ਹਸਾਉਂਦੇ। ਇਨ੍ਹਾਂ ਨੂੰ ਵਧਾਈ ਦੇਣ ਲਈ ਲੜਕੇ ਦੇ ਪਰਿਵਾਰਕ ਮੈਂਬਰ ਮੱਥੇ ਵੱਟ ਨਾ ਪਾਉਂਦੇ ਸਗੋਂ ਖੁਸ਼ੀ ਮਨ ਨਾਲ ਉਨ੍ਹਾਂ ਨੂੰ ਵਧਾਈ ਦੇ ਕੇ ਤੋਰਦੇ। ਇਸੇ ਪ੍ਰਕਾਰ ਕੁੜੀ-ਮੁੰਡੇ ਦੇ ਵਿਆਹ ਵਾਲੇ ਘਰ ਜਾ ਕੇ ਵੀ ਉਹ ਮਾਹੌਲ ਅਨੁਸਾਰ ਨਕਲਾਂ ਲਗਾ ਵਧਾਈਆਂ ਲੈਂਦੇ।
ਨਕਲੀਆਂ ਦੀ ਮੁਹਾਰ ਖਾਸ ਕਰ ਪਿੰਡਾਂ ਵਲ ਵੱਧ ਹੁੰਦੀ, ਕਿਉਂਕਿ ਪੇਂਡੂ ਲੋਕ ਇਨ੍ਹਾਂ ਦੀ ਵੱਧ ਤੋਂ ਵੱਧ ਕਦਰ ਕਰਨ ਤੋਂ ਇਲਾਵਾ ਮਾਨ-ਸਨਮਾਨ ਵਿਚ ਕੋਈ ਕਸਰ ਨਹੀਂ ਸਨ ਛੱਡਦੇ। ਪਿੰਡ ‘ਚ ਨਕਲਾਂ ਲਗਾਉਣ ਲਈ 15-15 ਦਿਨ ਪਹਿਲਾਂ ਸਬੰਧਿਤ ਪਿੰਡ ਦੀ ਪੰਚਾਇਤ ਨੂੰ ਸੂਚਨਾ ਪਹੁੰਚਾ ਦਿੱਤੀ ਜਾਂਦੀ। ਪਿੰਡ ‘ਚ ਨਕਲਾਂ ਲੱਗਣ ਦਾ ਲੋਕਾਂ ਨੂੰ ਬਹੁਤ ਚਾਅ ਹੁੰਦਾ। ਇਸ ਬਾਰੇ ਚੌਕੀਦਾਰ ਰਾਹੀਂ ਪਿੰਡ ‘ਚ ਹੋਕਾ ਵੀ ਦਿਵਾਇਆ ਜਾਂਦਾ। ਆਮ ਤੌਰ ‘ਤੇ ਨਕਲਾਂ ਪਿੰਡ ਦੇ ਬਾਹਰਵਾਰ ਤੇ ਆਬਾਦੀ ਤੋਂ ਦੂਰ ਲਗਦੀਆਂ। ਨਕਲਾਂ ਕਰੀਬ ਰਾਤ 9 ਵਜੇ ਸ਼ੁਰੂ ਹੋ ਕੇ ਤੜਕੇ 3-4 ਵਜੇ ਤਕ ਨਿਰਵਿਘਨ ਚੱਲਦੀਆਂ। ਨਕਲੀਏ, ਨਕਲਾਂ ਲਗਾਉਣ ਵਕਤ ਨਾ ਅੱਕਦੇ ਤੇ ਨਾ ਭੁੱਲਦੇ। ਉਹ ਇਕਸਾਰ ਢਾਈ ਨਾਲ ਢਾਈ ਜੋੜਦੇ ਰਹਿੰਦੇ।
ਨਕਲਾਂ ਲਗਾਉਣ ਲਈ ਆਮ ਤੌਰ ‘ਤੇ ਦੋ ਕਲਾਕਾਰ ਹੀ ਪੁੱਜਦੇ। ਕੁੜੀ-ਬੁੜੀ ਦਾ ਰੋਲ ਵੀ ਇਹ ਆਪ ਹੀ ਨਿਭਾਉਂਦੇ। ਨਕਲਾਂ ਲਗਾਉਣ ਵਾਲੇ ਕਲਾਕਾਰਾਂ ‘ਚੋਂ ਇਕ ਜਣਾ ਰੰਗੇ ਦਾ ਰੋਲ ਨਿਭਾਉਂਦਾ ਜਦਕਿ ਦੂਜਾ ਬਿਲਗੇ ਦਾ। ਰੰਗੇ ਦੇ ਹੱਥ ‘ਚ ਚਮੜਾ ਜਾਂ ਮੋਮੀਕਾਗਜ਼ਾਂ ਦਾ ਬਣਿਆ ਥਾਪੀ ਨੁਮਾ ਚਮੋਟਾ ਹੁੰਦਾ ਜਦਕਿ ਬਿਲਗੇ ਦੇ ਹੱਥ ‘ਚ ਡਫਲੀਨੁਮਾ ਨਿਕਾ ਜਿਹਾ ਤਬਲਾ। ਰੰਗੇ ਦਾ ਕੰਮ ਕਿਸੇ ਵੀ ਗੱਲਬਾਤ ਦਾ ਮੁੱਢ ਬੰਨ੍ਹਣਾ ਹੁੰਦਾ ਜਦਕਿ ਬਿਲਗਾ ਗੱਲਬਾਤ ਨੂੰ ਟਿੱਚਰ ਦਾ ਪਲੇਥਣ ਲਾ ਕੇ ਹਾਸੇ-ਠੱਠੇ ਦਾ ਮੁਲੰਮਾ ਚੜ੍ਹਾਉਂਦਾ ਜਿਸ ਸਦਕਾ ਹਾਸਾ ਫੈਲਦਾ। ਰੰਗਾ, ਬਿਲਗੇ ਦੀਆਂ ਟਿੱਚਰਾਂ ਬਦਲੇ ਉਸ ਦੀ ਵੱਖੀ ਨੇੜੇ ‘ਠਾਹ-ਠਾਹ’ ਚਮੋਟਾ ਮਾਰਦਾ। ਚਮੋਟਾ ਵੱਜਣ ਦੀ ਆਵਾਜ਼ ਬਹੁਤ ਦੂਰ ਤਕ ਜਾਂਦੀ ਪਰ ਉਸ ਦੀ ਸੱਟ ਨਾਂਮਾਤਰ ਹੁੰਦੀ। ਇਹ ਛੋਟੀ ਜਿਹੀ ਘਟਨਾ ਨੂੰ ਢੌਂਗ ਨਾਲ ਲਮਕਾਉਂਦੇ ਜਿਸ ਨਾਲ ਗੱਲਬਾਤ ‘ਚ ਰੌਚਕਤਾ ਦੇ ਅੰਸ਼ ਵਧ ਜਾਂਦੇ।
ਪੰਜਾਬ ਦੀ ਵੰਡ ਤੋਂ ਪਹਿਲਾਂ ਨਕਲਾਂ ਨਾਲ ਸਬੰਧਿਤ ਅੱਠ ਘਰਾਣੇ ਸਨ। ਕੁਝ ਨਕਲੀਏ ਆਪਣੀ ਕਲਾ ਦੇ ਬਲਬੂਤੇ ਇੰਨੇ ਮਸ਼ਹੂਰ ਹੋਏ ਕਿ ਪਿਛਲੀ ਪੀੜ੍ਹੀ ਦੇ ਲੋਕ ਤਾਂ ਉਨ੍ਹਾਂ ਨੂੰ ਅੱਜ ਵੀ ਚੇਤੇ ਕਰਦੇ ਹਨ। ਨਕਲਾਂ ਦੇ ਜ਼ਮਾਨੇ ‘ਚ ਛਾਏ ਰਹੇ ਨਕਲੀਆਂ ਵਿਚ ਸ਼ਾਹਦੀਨ ਮੰਡੇਰ, ਮਿਲਖਾ ਪਿੱਪਲਵਾਲੀਆ, ਘਮਨਾ, ਬੱਗਾ, ਦੌਲਤ ਰਾਏ, ਪ੍ਰਕਾਸ਼ ਪਾਸੀ, ਪ੍ਰਕਾਸ਼ ਭੂੰਡੀ ਉਚੇ ਵਾਲਾ, ਦੁੱਲਾ ਲੰਗੜਾ, ਮਿਲਖੀ ਰਾਮ, ਦੀਨ ਮੰਡੇਰਾਂ ਵਾਲਾ। ਦੁਆਬੇ ਦੇ ਛੱਜੂ ਖਾਂ ਸੀਂਗੜੇਵਾਲੇ ਤੇ ਉਨ੍ਹਾਂ ਦੇ ਭਤੀਜੇ ਤਾਲਿਬ, ਤਾਤੀ ਤੇ ਘੱਗਾ ਬੜੇ ਮਸ਼ਹੂਰ ਸਨ।
ਭਾਰਤ-ਪਾਕਿਸਤਾਨ ਵੰਡ ਵੇਲੇ ਇਹ ਚਰਚਿਤ ਨਕਲੀਏ ਪਾਕਿਸਤਾਨ ਚਲੇ ਗਏ। ਰੌਣਕੀ, ਨਾਨਕ ਅਤੇ ਨਸਬੋ ਬਹੁਤ ਮਸ਼ਹੂਰ ਨਕਲੀਏ ਸਨ। ਦੀਨੂੰ, ਭਗਤੂ ਪੁਰੀਏ, ਦੌਲਾ ਪੱਦੀ ਮੱਟ ਵਾਲੇ ਅਤੇ ਸ਼ਾਹਦੀਨ ਮੰਡੇਰਾਂ ਵਾਲੇ ਦੇ ਘਰਾਣੇ ਅਜੇ ਵੀ ਪੰਜਾਬ ਵਿਚ ਹਨ ਪਰ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਨੇ ਨਕਲਾਂ ਦੀ ਬਜਾਏ ਹੋਰ ਕਿੱਤੇ ਅਪਣਾ ਲਏ।
ਭੰਡਾਂ ਜਾਂ ਨਕਲੀਆਂ ਦੀ ਉਤਪਤੀ ਬਾਰੇ ਖੋਜੀਆਂ ਦੇ ਵਖੋ-ਵਖਰੇ ਵਿਚਾਰ ਹਨ। ਕਈ ਖੋਜੀ ਇਨ੍ਹਾਂ ਨੂੰ ਭੱਟਾਂ ਦਾ ਵਿਗੜਿਆ ਹੋਇਆ ਰੂਪ ਦੱਸਦੇ ਹਨ। ਕੁਝ ਖੋਜੀਆਂ ਨੇ ਇਨ੍ਹਾਂ ਨੂੰ ਆਰੀਆ ਨਾਲ ਸਬੰਧਿਤ ਦੱਸਿਆ ਹੈ। ਉਨ੍ਹਾਂ ਦੀ ਦਲੀਲ ਹੈ ਕਿ ਸਾਂਗ ਲਗਾਉਣ ਵਾਲੇ ਆਰੀਆ ਜਾਤੀ (ਭਾਰਤੀ) ਵਿਚੋਂ ਹੁੰਦੇ ਸਨ ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਨ ਉਨ੍ਹਾਂ ਦਾ ਕੰਮ ਭੰਡਾਂ ਨੇ ਸੰਭਾਲ ਲਿਆ ਤੇ ਕਲਾ ਦੇ ਬਲਬੂਤੇ ਜਦ ਇਨ੍ਹਾਂ ਭੰਡਾਂ ਦੀ ਤੂਤੀ ਬੋਲਣ ਲੱਗੀ ਤਾਂ ਆਰੀਆ ਜਾਤੀ ਵਾਲੇ ਪਿਛਾਂਹ ਹਟ ਗਏ। ਇਸ ਤਰ੍ਹਾਂ ਨਕਲਾਂ ‘ਤੇ ਮਰਾਸੀਆਂ ਤੇ ਭੰਡਾਂ ਦਾ ਕਬਜ਼ਾ ਹੋ ਗਿਆ ਤੇ ਮੁੜ ਕੋਈ ਵੀ ਬਿਰਾਦਰੀ ਇਨ੍ਹਾਂ ਦੇ ਇਸ ਕੰਮ ‘ਚ ਰੁਕਾਵਟ ਨਹੀਂ ਪਾ ਸਕੀ।
ਅਜੋਕੇ ਯੁੱਗ ਵਿਚ ਮਨੋਰੰਜਨ ਦੇ ਨਵੀਨ ਤੋਂ ਨਵੀਨ ਸਾਧਨ ਆ ਜਾਣ ਕਾਰਨ ਭੰਡਾਂ ਦਾ ਰਵਾਇਤੀ ਕਿੱਤਾ ‘ਨਕਲਾਂ’ ਦਮ ਤੋੜ ਗਿਆ ਹੈ। ਇਹ ਜਦੋਂ ਰੋਟੀ ਤੋਂ ਵੀ ਔਖੇ ਰਹਿਣ ਲੱਗੇ ਤਾਂ ਇਨ੍ਹਾਂ ਦੀਆਂ ਔਲਾਦਾਂ ਨੇ ਹੋਰ ਕੰਮ ਸ਼ੁਰੂ ਕਰ ਲਏ। ਟੀ.ਵੀ. ਵਿਚ ਭਾਵੇਂ ਕਾਮੇਡੀ ਕਲਾਕਾਰ ਲੋਕਾਂ ਨੂੰ ਹਸਾਉਣ ਲਈ ਇਨ੍ਹਾਂ ਭੰਡਾਂ ਦਾ ਹੀ ਰੂਪ ਧਾਰਦੇ ਹਨ ਪਰ ਉਹ ਗੱਲ ਨਹੀਂ ਬਣਦੀ। ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਨਕਲੀਆਂ ਨੂੰ ਮੁੜ ਤੋਂ ਮਾਣ-ਸਤਿਕਾਰ ਦੇ ਪਾਤਰ ਬਣਾਉਣ ਤੇ ਇਨ੍ਹਾਂ ਦੇ ਅਖਾੜਿਆਂ ਦੀ ਸ਼ੁਰੂਆਤ ਕਰਨ। ਜੇ ਉਹ ਲੋਪ ਹੋ ਚੁੱਕੇ ਮਨੋਰੰਜਨ ਦੇ ਇਸ ਸਸਤੇ ਤੇ ਸੌਖੇ ਸਾਧਨ ਨੂੰ ਮੁੜ ਸੁਰਜੀਤ ਕਰਨ ਲਈ ਹੰਭਲਾ ਮਾਰਨ ਤਾਂ ਆਪਣੀ ਜ਼ਿੰਦਗੀ ਨੂੰ ਸਹਿਜ ਤੇ ਤਣਾਅ ਰਹਿਤ ਬਣਾ ਸਕਦੇ ਹਨ।