ਜੇ. ਬੀ. ਸਿੰਘ, ਕੈਂਟ (ਵਾਸ਼ਿੰਗਟਨ)
“ਅੰਜੂ, ਚੂੜੀਆਂ ਨਹੀਂ ਲਵੇਂਗੀ?” ਰਵੀ ਨੇ ਅਵਾਜ਼ ਦਿਤੀ।
ਦੁਕਾਨ ਸਾਹਮਣਿਓਂ ਲੰਘਦੀ ਸਕੂਲ ਨੂੰ ਜਾਂਦੀ ਅੰਜੂ ਰੁਕ ਗਈ। ਫਿਰ ਦੁਕਾਨ ਵਲ ਮੁੜ, ਦੋ ਕਦਮ ਅੱਗੇ ਵਧ ਬੋਲੀ, “ਤੁਹਾਡੀ ਦੁਕਾਨ ਤੋਂ ਚੂੜੀਆਂ ਕੌਣ ਲਵੇ? ਇੰਨਾ ਮਹਿੰਗਾ ਭਾਅ ਤੇ ਘਟੀਆ ਚੂੜੀਆਂ।”
“ਪਰ ਤੈਨੂੰ ਭਾਅ ਨਾਲ ਕੀ? ਤੇਰੇ ਕੋਲੋਂ ਪੈਸੇ ਮੰਗੇ ਹੀ ਕੀਹਨੇ ਨੇ? ਕੱਲ ਤਾਂ ਤੂੰ ਮੇਰੇ ਬਾਪੂ ਦੇ ਹੁੰਦਿਆਂ ਮੇਰੀ ਦੁਕਾਨ ‘ਤੇ ਆ ਗਈ। ਭਲਾ ਬਾਪੂ ਸਾਹਮਣੇ ਮੈਂ ਕਿਸੇ ਨੂੰ ਘੱਟ ਭਾਅ ‘ਤੇ ਕੋਈ ਚੀਜ਼ ਕਿਵੇਂ ਦੇ ਸਕਦਾ ਹਾਂ? ਅੱਜ ਬਾਪੂ ਨਹੀਂ ਹੈ। ਸਾਰੀ ਦੁਕਾਨ ਚੁੱਕ ਲੈ ਭਾਵੇਂ, ਮੁਫਤ ਵਿਚ ਹੀ।”
ਇਕ ਪਲ ਅੰਜੂ ਸ਼ਰਮਾ ਗਈ। ਕੁਝ ਨਾ ਬੋਲੀ। ਰਵੀ ਨੇ ਕੁਝ ਚੂੜੀਆਂ ਹੱਥ ਵਿਚ ਚੁੱਕੀਆਂ ਤੇ ਅੰਜੂ ਦੀ ਬਾਂਹ ਫੜਨ ਲਈ ਹੱਥ ਅੱਗੇ ਵਧਾਇਆ।
“ਨਹੀਂ ਨਹੀਂ, ਹੁਣ ਨਹੀਂ। ਹੁਣ ਮੇਰੇ ਕੋਲ ਪੈਸੇ ਨਹੀਂ ਹਨ।”
“ਫਿਰ ਉਹੀ ਗੱਲ ਪੈਸਿਆਂ ਦੀ! ਤੈਨੂੰ ਕਿਹਾ ਨਾ, ਬਾਪੂ ਦੀ ਗੈਰ ਹਾਜ਼ਰੀ ਵਿਚ ਤੂੰ ਭਾਵੇਂ ਸਾਰੀ ਦੁਕਾਨ ਵੀ ਚੁੱਕ ਲੈ, ਮੁਫਤ ਵਿਚ ਹੀ। ਤੇ ਹੁਣ ਬਾਪੂ ਨਹੀਂ ਹੈ।”
“ਪਰ ਮੇਰੀ ਮਾਂ ਤਾਂ ਹੈ ਘਰ ਵਿਚ। ਜਾਂਦਿਆਂ ਪੁੱਛੇਗੀ, “ਪੈਸੇ ਕਿਥੋਂ ਲਏ?”
“ਮੈਂ ਕੱਲ ਨੂੰ ਚੂੜੀਆਂ ਲੈਣ ਆਵਾਂਗੀ।”
“ਪਰ ਧਿਆਨ ਰੱਖੀਂ, ਬਾਪੂ ਨਾ ਹੋਵੇ ਦੁਕਾਨ ‘ਤੇ।” ਤੇ ਅੰਜੂ ਚਲੀ ਗਈ। ਕਲਾਸ ਵਿਚ ਉਹ ਚੁੱਪ ਚਾਪ ਬੈਠੀ ਰਹੀ। ਕਿਸੇ ਅਲੌਕਿਕ ਸੁਆਦ ਵਿਚ ਗੁੰਮ ਸੁੰਮ। ਰਵੀ ਦਾ ਚਿਹਰਾ ਵਾਰ ਵਾਰ ਉਹਦੇ ਸਾਹਮਣੇ ਆਉਂਦਾ। ਬਾਕੀਆਂ ਨੂੰ ਪੂਰੇ ਭਾਅ ‘ਤੇ, ਮੈਨੂੰ ਮੁਫਤ ਵਿਚ ਹੀ। ਇਹ ਸੋਚ ਕੇ ਉਹਦੇ ਮਨ ਵਿਚੋਂ ਖੁਸ਼ੀ ਦੀ ਇਕ ਲਹਿਰ ਉਠਦੀ ਤੇ ਸਾਰੇ ਸਰੀਰ ਨੂੰ ਇਕ ਝਰਨਾਹਟ ਜਿਹੀ ਦੇ ਜਾਂਦੀ। ਸਕੂਲੋਂ ਘਰ ਜਾਂਦਿਆਂ ਉਹਨੇ ਆਪਣੀ ਖਾਸ ਸਹੇਲੀ ਸਵੀਟੀ ਨੂੰ ਦਸਿਆ।
ਅਗਲੇ ਦਿਨ ਉਹ ਦੁਕਾਨ ਸਾਹਮਣਿਓਂ ਲੰਘੀ। ਰਵੀ ਦਾ ਬਾਪੂ ਵੀ ਉਥੇ ਸੀ। ਰਵੀ ਨੇ ਚੋਰ ਨਜ਼ਰਾਂ ਨਾਲ ਅੰਜੂ ਵਲ ਦੇਖਿਆ। ਜਿਵੇਂ ਸਾਰੇ ਦਾ ਸਾਰਾ ਦੁੱਖ ਵਿਚ ਪਿਘਲ ਗਿਆ ਹੋਵੇ। ਸ਼ਾਮ ਨੂੰ ਵੀ ਰਵੀ ਇੱਕਲਾ ਨਹੀਂ ਸੀ, ਤੇ ਅਗਲੇ ਕਈ ਦਿਨ ਵੀ।
ਇਕ ਦਿਨ ਸਵੀਟੀ ਦੁਕਾਨ ‘ਤੇ ਆਈ। ਰਵੀ ਵੀ ਸੀ, ਬਾਪੂ ਵੀ। ਸਵੀਟੀ ਨੇ ਸ਼ਰਾਰਤ ਕੀਤੀ। ਰਵੀ ਤੋਂ ਚੂੜੀਆਂ ਦਾ ਭਾਅ ਪੱਛਿਆ।
“ਰੁਪਏ ਦੀਆਂ ਚਾਰ।” ਰਵੀ ਨੇ ਜਵਾਬ ਦਿਤਾ।
ਭਾਅ ਸੁਣ ਕੇ ਸਵੀਟੀ ਨੂੰ ਅੱਗ ਜਿਹੀ ਲੱਗ ਗਈ, “ਘੱਟ ਤੋਂ ਘੱਟ ਛੇ ਤਾਂ ਇਹ ਹਰ ਗਾਹਕ ਨੂੰ ਦਿੰਦਾ ਹੈ। ਮੈਨੂੰ ਚਾਰ ਕਿਉਂ? ਅੰਜੂ ਨੂੰ ਮੁਫਤ ਤੇ ਮੈਨੂੰ ਠੀਕ ਭਾਅ ‘ਤੇ ਵੀ ਨਹੀਂ।”
ਪਤਾ ਨਹੀਂ ਸਵੀਟੀ ਨੂੰ ਕੀ ਹੋਇਆ, ਉਹਨੂੰ ਲੱਗਾ ਜਿਵੇਂ ਅੰਜੂ ਦਾ ਜੇਤੂ ਚਿਹਰਾ, ਉਸ ਦੀਆਂ ਅੱਖਾਂ ਸਾਹਮਣੇ ਆ ਕੇ ਹੱਸ ਰਿਹਾ ਹੋਵੇ ਤੇ ਆਖ ਰਿਹਾ ਹੋਵੇ, “ਮੈਨੂੰ ਮੁਫਤ ਤੇ ਤੈਨੂੰ ਸਭ ਤੋਂ ਮਹਿੰਗੀਆਂ-ਮੈਨੂੰ ਮੁਫਤ ਤੇ ਤੈਨੂੰ ਰੁਪਏ ਦੀਆਂ ਸਿਰਫ ਚਾਰ!”
“ਕੁੜੀਏ ਦਸ ਕਿੰਨੀਆਂ ਲੈਣੀਆਂ ਈ?” ਰਵੀ ਨੇ ਪੁੱਛਿਆ।
“ਭਲਾ ਕੀ ਭਾਅ ਦੱਸਿਆ ਜੇ?” ਸਵੀਟੀ ਨੇ ਫਿਰ ਪੁੱਛਿਆ। ਜਿਵੇਂ ਪਹਿਲੇ ਦੱਸੇ ਭਾਅ ‘ਤੇ ਉਹਨੂੰ ਯਕੀਨ ਨਾ ਆਇਆ ਹੋਵੇ।
“ਰੁਪਏ ਦੀਆਂ ਚਾਰ।” ਰਵੀ ਨੇ ਦੁਹਰਾਇਆ।
“ਰੁਪਏ ਦੀਆਂ ਚਾਰ? ਤੁਹਾਡੇ ਕੋਈ ਭਾਅ ਨੇ? ਕਿਸੇ ਨੂੰ ਰੁਪਏ ਦੀਆਂ ਦਸ, ਕਿਸੇ ਨੂੰ ਛੇ ਤੇ ਕਿਸੇ ਨੂੰ ਮੁਫਤ। ਇਹ ਕਿਹੋ ਜਿਹੀ ਦੁਕਾਨਦਾਰੀ ਹੈ?”
“ਮੁਫਤ? ਇਹ ਦੁਕਾਨ ਹੈ, ਕੋਈ ਧਰਮਸ਼ਾਲਾ ਨਹੀਂ।”
“ਹਾਂ ਹਾਂ, ਦੁਕਾਨ ਹੈ। ਅੰਜੂ ਆਵੇ ਤਾਂ ਆਖਦਾ ਏਂ, ਮੁਫਤ ਲੈ ਜਾਵੀਂ, ਪਰ ਬਾਪੂ ਸਾਹਮਣੇ ਨਹੀਂ। ਇੰਦੂ ਆਵੇ ਤਾਂ ਰੁਪਏ ਦੀਆਂ ਛੇ, ਤੇ ਮੈਂ ਆਵਾਂ ਤਾਂ ਰੁਪਏ ਦੀਆਂ ਚਾਰ।”
ਬੋਲਦੀ ਬੋਲਦੀ ਸਵੀਟੀ ਦੁਕਾਨ ਤੋਂ ਉਤਰ ਗਈ। ਇਕ ਕਦਮ ਵੀ ਉਹਨੇ ਮੁੜ ਕੇ ਨਾ ਵੇਖਿਆ।
ਪਰ ਜਿਉਂ ਹੀ ਉਹ ਦੁਕਾਨ ਤੋਂ ਉਤਰੀ, ਰਵੀ ਦੀ ਸ਼ਾਮਤ ਆ ਗਈ। ਉਹਦੀਆਂ ਅੱਖਾਂ ਬਾਪੂ ਸਾਹਮਣੇ ਉਚੀਆਂ ਨਾ ਹੋਣ। ਗੁੱਸੇ ਵਿਚ ਲਾਲ ਪੀਲਾ ਹੁੰਦਾ ਬਾਪੂ ਬੋਲਿਆ, “ਤੂੰ ਜਰੂਰ ਹੱਟੀ ਚਲਾ ਲਵੇਂਗਾ ਪੁੱਤਰਾ! ਜੇ ਪੜ੍ਹਨੇ ਪਾਇਆ ਤਾਂ ਨਾਲਾਇਕ ਪੜ੍ਹਾਈ ਨਾ ਕਰ ਸਕਿਆ, ਜੇ ਦੁਕਾਨ ‘ਤੇ ਬਿਠਾਇਆ ਤਾਂ ਇਸ਼ਕ ਭੋਰਨ ਲਗ ਪਿਐਂ। ਜਾ ਦਫਾ ਹੋ ਜਾ ਦੁਕਾਨ ਤੋਂ! ਘਰ ਬੈਠ ਕੇ ਵਿਹਲਾ ਮੰਨੇ ਛਕ। ਖਬਰਦਾਰ ਜੇ ਦੁਕਾਨ ਵਿਚ ਪੈਰ ਪਾਇਆ ਤਾਂ!”
ਨੀਵੀਂ ਪਾਈ ਰਵੀ ਘਰ ਵੱਲ ਤੁਰ ਪਿਆ ਤੇ ਫਿਰ ਕਦੇ ਦੁਕਾਨ ‘ਤੇ ਨਾ ਗਿਆ। ਅੰਜੂ ਫਿਰ ਉਹਨੂੰ ਹੋਰ ਯਾਦ ਆਉਣ ਲੱਗ ਪਈ। ਉਹਦੀਆਂ ਬਾਹਾਂ, ਲਾਲ ਚੂੜੇ ਨਾਲ ਲੱਦੀਆਂ, ਉਹਨੂੰ ਵਾਰ ਵਾਰ ਨਜ਼ਰ ਆਉਣ। ਕਦੇ ਕਦੇ ਉਹਨੂੰ ਅੰਜੂ ‘ਤੇ ਗੁੱਸਾ ਆਉਂਦਾ, “ਭਲਾ ਸਵੀਟੀ ਨੂੰ ਦੱਸਣ ਦੀ ਕੀ ਲੋੜ ਸੀ? ਪਰ ਇਹ ਛਿਣ ਪਲ ਦਾ ਗੁੱਸਾ ਹੁੰਦਾ, ਤੇ ਉਹ ਫਿਰ ਅੰਜੂ ਦੇ ਹੁਸੀਨ ਸੁਪਨਿਆਂ ਵਿਚ ਖੋ ਜਾਂਦਾ।
ਕੁਝ ਦਿਨ ਬੀਤ ਗਏ। ਇਕ ਦਿਨ ਉਹਦੇ ਬਾਪੂ ਨੇ ਸ਼ਹਿਰ ਜਾਣਾ ਸੀ। ਬਾਪੂ ਦੇ ਜਾਣ ਬਾਅਦ ਉਹਨੇ ਦੁਕਾਨ ਖੋਲ੍ਹੀ ਤੇ ਬੈਠ ਗਿਆ। ਕਿੰਨਾ ਚਿਰ ਉਹ ਬਾਹਰ ਸਕੂਲ ਨੂੰ ਜਾਂਦੇ ਰਸਤੇ ਵਲ ਇਕ ਟੱਕ ਦੇਖਦਾ ਰਿਹਾ, ਅੰਜੂ ਨੂੰ ਉਡੀਕਦਾ ਰਿਹਾ, ਪਰ ਅਜੇ ਸਵੇਰ ਸੀ ਤੇ ਸਕੂਲ ਜਾਣ ਵਾਲੀਆਂ ਕੁੜੀਆਂ ਘਰੋਂ ਨਹੀਂ ਸਨ ਨਿਕਲੀਆਂ। ਫਿਰ ਹੋਰ ਕੁੜੀਆਂ ਨੇ ਲੰਘਣਾ ਸ਼ੁਰੂ ਕਰ ਦਿਤਾ, ਪਰ ਅੰਜੂ ਨਾ ਦਿਸੀ।
“ਸ਼ਾਇਦ ਅੱਜ ਅੰਜੂ ਲੰਘੇ ਈ ਨਾ।” ਇਹ ਸੋਚ ਕੇ ਉਹਨੂੰ ਡੋਬੇ ਜਿਹੇ ਪੈਣ। ਅੱਜ ਦਾ ਮੌਕਾ ਉਹ ਅਜਾਈਂ ਨਹੀਂ ਸੀ ਗੁਆਉਣਾ ਚਾਹੁੰਦਾ। ਫਿਰ ਉਹਨੇ ਵੇਖਿਆ, ਦੂਰ ਸਵੀਟੀ ਆ ਰਹੀ ਸੀ। ਉਹੋ ਹੀ ਸਵੀਟੀ, ਜਿਹਨੇ ਬਾਪੂ ਕੋਲੋਂ ਝਿੜਕਾਂ ਪਵਾਈਆਂ ਸਨ। ਬਾਪੂ ਸਾਹਮਣੇ ਅੰਜੂ ਦਾ ਰਾਜ਼ ਖੋਲ੍ਹਿਆ ਸੀ, ਪਰ ਅੱਜ ਉਹਨੂੰ ਸਵੀਟੀ ‘ਤੇ ਗੁੱਸਾ ਨਾ ਆਇਆ। ਜਿਉਂ ਹੀ ਉਹ ਨੇੜੇ ਆਈ, ਰਵੀ ਉਹਦੇ ਵਲ ਵਧਿਆ। ਨਿਝੱਕ ਹੋ ਕੇ ਉਹਦਾ ਰਾਹ ਰੋਕ ਲਿਆ।
“ਸਵੀਟੀ, ਚੂੜੀਆਂ ਲੈ ਜਾਹ, ਬਿਲਕੁਲ ਮੁਫਤ।”
“ਮੈਂ ਨਹੀਂ ਲੈਣੀਆਂ ਚੂੜੀਆਂ, ਮੈਂ ਸਕੂਲ ਜਾਣਾ ਏ।” ਸਵੀਟੀ ਬੋਲੀ।
“ਚਲੀ ਜਾਈਂ ਸਕੂਲ ਵੀ। ਉਸ ਦਿਨ ਤੂੰ ਬਾਪੂ ਸਾਹਮਣੇ ਜੋ ਆਈ ਸੀ, ਮੈਨੂੰ ਵੱਧ ਭਾਅ ਦਸਣਾ ਪਿਆ। ਤੂੰ ਤਾਂ ਬੋਲ ਕੇ ਚਲੀ ਗਈ, ਪਰ ਬਾਪੂ ਨੇ ਮੇਰਾ ਦੁਕਾਨ ‘ਤੇ ਆਉਣਾ ਬੰਦ ਕਰ ਦਿੱਤਾ। ਅੱਜ ਬਾਪੂ ਸ਼ਹਿਰ ਗਿਆ ਹੈ, ਮੈ ਦੁਕਾਨ ਖੋਲ੍ਹੀ ਹੈ।”
ਸਵੀਟੀ ਨੂੰ ਪਤਾ ਨਹੀਂ ਕਿਹੜਾ ਜ਼ੋਰ, ਦੁਕਾਨ ਵਲ ਮੋੜ ਕੇ ਲੈ ਗਿਆ। ਉਹ ਦੁਕਾਨ ਦੇ ਅੰਦਰ ਵੜੀ ਤੇ ਰਵੀ ਨੇ ਚੂੜੀਆਂ ਦਾ ਬਕਸਾ ਖੋਲ੍ਹਿਆ। ਬਾਂਹ ਫੜ ਕੇ ਭਾਂਤ ਭਾਂਤ ਦੇ ਸਾਈਜ਼ ਦੀਆਂ ਚੂੜੀਆਂ ਮੇਚਣ ਲੱਗਾ। ਕੋਈ ਮੇਚੇ ਨਾ ਆਵੇ। ਕੋਈ ਵੱਡੀ, ਕੋਈ ਛੋਟੀ। ਸਵੀਟੀ ਨੇ ਦੇਖਿਆ, ਰਵੀ ਦਾ ਧਿਆਨ ਤਾਂ ਸੜਕ ਵਲ ਸੀ।
“ਵੇ ਧਿਆਨ ਤਾਂ ਤੇਰਾ ਬਾਹਰ ਏ। ਚੂੜੀਆਂ ਕਿਵੇਂ ਚੜ੍ਹਨਗੀਆਂ?”
ਰਵੀ ਕਾਫੀ ਵੱਡੇ ਸਾਈਜ਼ ਦੀਆਂ ਚੂੜੀਆਂ ਉਹਦੀ ਬਾਂਹ ਵਿਚ ਪਾਉਂਦਿਆਂ ਬੋਲਿਆ, “ਹਾਂ, ਇਹ ਸ਼ਾਇਦ ਪੂਰੀਆਂ ਨੇ!”
ਸਵੀਟੀ ਹੈਰਾਨ ਸੀ। “ਇੰਨੀਆਂ ਖੁਲ੍ਹੀਆਂ ਚੂੜੀਆਂ ਤੇ ਇਹ ਕਹਿੰਦਾ ਏ, ਪੂਰੀਆਂ ਨੇ।”
“ਹਾਂ ਸਵੀਟੀ ਦਸ, ਅੱਜ ਅੰਜੂ ਕਿਉਂ ਨਹੀਂ ਲੰਘੀ?” ਰਵੀ ਨੇ ਪੁੱਛਿਆ।
ਅੰਜੂ ਦਾ ਨਾਂ ਸੁਣ ਕੇ ਸਵੀਟੀ ਪੱਥਰ ਬਣ ਗਈ।
“ਅੰਜੂ! ਹਾਂ, ਹੁਣ ਸਮਝੀ ਕਿ ਤੂੰ ਮੈਨੂੰ ਮੁਫਤ ਚੂੜੀਆਂ ਕਿਉਂ ਦੇ ਰਿਹਾ ਹੈਂ? ਹੁਣ ਸਮਝੀ ਕਿ ਮੇਰੇ ਮੇਚੇ ਦੀਆਂ ਚੂੜੀਆਂ ਤੈਨੂੰ ਕਿਉਂ ਨਹੀਂ ਸੀ ਲੱਭ ਰਹੀਆਂ? ਧਿਆਨ ਤਾਂ ਤੇਰਾ ਸੜਕ ਵਲ ਹੈ। ਉਡੀਕਦਾ ਏਂ ਤੂੰ ਅੰਜੂ ਨੂੰ, ਤੇ ਖੇਡਦਾ ਹੈਂ ਮੇਰੀਆਂ ਵੀਣੀਆਂ ਨਾਲ।”
ਸਵੀਟੀ ਉਥੋਂ ਜਾਣ ਲੱਗੀ, ਪਰ ਰਵੀ ਨੇ ਉਹਦੀ ਬਾਂਹ ਫੜ ਰੋਕ ਲਿਆ, “ਨਰਾਜ਼ ਨਾ ਹੋ ਸਵੀਟੀ, ਮੈਂ ਅੰਜੂ ਬਿਨਾ ਨਹੀਂ ਰਹਿ ਸਕਦਾ।”
“ਤੈਨੂੰ ਅੰਜੂ ਚਾਹੀਦੀ ਏ ਨਾ, ਮੈਂ ਤਾਂ ਨਹੀਂ?” ਇੰਨਾ ਕਹਿੰਦਿਆਂ ਉਹ ਝਟਕਾ ਮਾਰ ਕੇ, ਬਾਂਹ ਛੁਡਾ ਕੇ ਨੱਠ ਗਈ।
ਰਵੀ ਸਟੂਲ ‘ਤੇ ਬਹਿ ਗਿਆ। ਅੱਗੇ ਪਏ ਸ਼ੋਅ-ਕੇਸ ‘ਤੇ ਉਹਨੇ ਸਿਰ ਸੁੱਟ ਲਿਆ। ਹੰਝੂ ਉਹਦੀਆਂ ਅੱਖਾਂ ‘ਚੋਂ ਵਹਿ ਤੁਰੇ।
ਕੋਈ ਅੱਧੇ ਘੰਟੇ ਬਾਅਦ ਉਹਨੂੰ ਕਿਸੇ ਨੇ ਝੰਜੋੜਿਆ। ਉਹਨੇ ਮੁਰਦਿਆਂ ਵਾਂਗ ਗਰਦਨ ਉਤੇ ਚੁੱਕੀ।
“ਤੈਨੂੰ ਅੰਜੂ ਚਾਹੀਦੀ ਏ ਨਾ? ਇਹ ਲੈ ਅੰਜੂ।” ਅੰਜੂ ਦੀ ਬਾਂਹ ਅੱਗੇ ਵਧਾਉਂਦਿਆਂ ਸਵੀਟੀ ਬੋਲੀ।
“ਪਾ ਲੈ ਇਹਨੂੰ ਲਾਲ ਚੂੜੀਆਂ, ਭਰ ਦੇ ਇਹਦੀਆਂ ਬਾਂਹਾਂ! ਪਰ ਯਾਦ ਰੱਖ, ਧਿਆਨ ਨਾਲ ਸੁਣ, ਜੇ ਤੂੰ ਅੱਜ ਮੈਨੂੰ ਮੁਫਤ ਚੂੜੀਆਂ ਪਾ ਦਿੰਦਾ ਤਾਂ, ਮੈਂ ਤੇਰੀ ਜਾਨ ਕੱਢ ਦੇਣੀ ਸੀ।” ਇੰਨਾ ਕਹਿ ਕੇ ਸਵੀਟੀ ਉਥੋਂ ਹਨੇਰੀ ਵਾਂਗ ਤੁਰ ਗਈ।