ਗੁਰੂ ਨਾਨਕ ਵੱਲ ਖਤ

ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਵਸ ਮਨਾਉਣ ਦੀਆਂ ਤਿਆਰੀਆਂ ਥਾਂ-ਥਾਂ ਅਰੰਭ ਹਨ। ਹਰ ਸ਼ਰਧਾਲੂ ਉਨ੍ਹਾਂ ਦੀਆਂ ਸਿਖਿਆਵਾਂ ਨੂੰ ਆਪੋ-ਆਪਣੇ ਢੰਗ ਨਾਲ ਵਿਚਾਰ ਰਿਹਾ ਹੈ। ਪੰਜਾਬੀ ਸਾਹਿਤ ਦੇ ਵਿਦਵਾਨ ਲੇਖਕ ਡਾ. ਹਰਿਭਜਨ ਸਿੰਘ ਨੇ ਕਈ ਦਹਾਕੇ ਪਹਿਲਾਂ ਆਪਣੇ ਉਨ੍ਹਾਂ ਲੋਕਾਂ ਨੂੰ ਜਗਾਉਣ ਲਈ ਇਕ ਖਤ ਰਾਹੀਂ ਬਾਬੇ ਨਾਨਕ ਨਾਲ ਸੰਵਾਦ ਰਚਾਉਣ ਦਾ ਤਰੱਦਦ ਕੀਤਾ ਹੈ, ਜੋ ਬਾਬੇ ਨਾਨਕ ਦੀਆਂ ਸਿਖਿਆਵਾਂ ਤੋਂ ਭਟਕ ਗਏ ਸਨ। ਖਤ ਦੇ ਰੂਪ ਵਿਚ ਲਿਖਿਆ ਇਹ ਲੇਖ ਅੱਜ ਵੀ ਓਨਾ ਹੀ ਸਾਰਥਕ ਹੈ ਅਤੇ ਸਾਨੂੰ ਵਿਚਾਰਨ ਲਈ ਪ੍ਰੇਰਦਾ ਹੈ।

-ਸੰਪਾਦਕ

ਡਾ. ਹਰਿਭਜਨ ਸਿੰਘ

ਬਾਬਾ ਜੀ,
ਤੁਸੀਂ ਸਾਡੇ ਸਭਿਆਚਾਰ ਦੇ ਆਦਿ ਬਾਬਾ ਜੀ ਹੋ। ਸਮੇਂ ਦੀ ਲੜੀ ਵਿਚ ਤੁਹਾਥੋਂ ਵੀ ਪਹਿਲਾਂ ਸ਼ੇਖ ਫਰੀਦ ਹੋਏ, ਪਰ ਉਨ੍ਹਾਂ ਨੂੰ ਬਾਬਾ ਕਹਿਣ ਦੀ ਜਾਚ ਅਸਾਂ ਤੁਹਾਨੂੰ ਬਾਬਾ ਜੀ ਕਹਿਣ ਤੋਂ ਬਾਅਦ ਹੀ ਸਿੱਖੀ। ਜਦੋਂ ਕੋਈ ‘ਬਾਬਾ ਜੀ’ ਉਚਾਰਦਾ ਹੈ ਤਾਂ ਸਹਿਵਨ ਹੀ ਤੁਹਾਡਾ ਮੂੰਹ-ਮੁਹਾਂਦਰਾ ਅੱਖਾਂ ਸਾਹਮਣੇ ਆ ਖਲੋਂਦਾ ਹੈ। ਦੂਜੇ ਬਾਬਿਆਂ ਨੂੰ ਯਾਦ ਕਰਨ ਲਈ ਉਨ੍ਹਾਂ ਦੇ ਨਾਂ ਲੈਣ ਦੀ ਲੋੜ ਪੈਂਦੀ ਹੈ ਪਰ ਨਿਰੋਲ ਬਾਬਾ ਜੀ ਤੁਹਾਡਾ ਹੀ ਸਭਿਆਚਾਰ-ਨਾਂ ਹੈ। ਤੁਸੀਂ ਸਾਡੇ ਮੂਲ ਆਦਰਸ਼ ਹੋ।
ਅੱਜ ਤੁਹਾਡੇ ਨਾਲ ਗੱਲਾਂ ਕਰਨ ਨੂੰ ਜੀ ਕਰ ਆਇਆ। ਇਸ ਮਹੀਨੇ ਤੁਹਾਡਾ ਪੁਰਬ-ਦਿਹਾੜਾ ਹੈ ਤੇ ਮੈਂ ਆਪਣੇ ਜ਼ਾਤੀ ਸੁਭਾਉ ਮੁਤਾਬਕ, ਕਦੀ-ਕਦੀ ਤੁਹਾਡੀ ਬਾਣੀ ਦੇ ਕੁਝ-ਕੁਝ ਹਿੱਸਿਆਂ ਨੂੰ ਚਿਤਾਰਨ ਲੱਗ ਪਿਆ ਹਾਂ। ਤੁਸੀਂ ਤਾਂ ਟੁਕੜੇ ਟੋਟਿਆਂ ਵਿਚ ਵੀ ਪੂਰਨ-ਸੰਪੂਰਨ ਹੋ ਕੇ ਬੋਲਦੇ ਹੋ। ਅਸੀਂ ਆਪਣੀਆਂ ਵਕਤੀ ਲੋੜਾਂ ਸਾਰਨ ਲਈ ਕਦੀ ਕੁਝ ਬੋਲਦੇ ਹਾਂ ਤੇ ਕਦੀ ਕੁਝ। ਸਾਡੇ ਬੋਲ ਇਕ ਦੂਜੇ ਨੂੰ ਕੱਟਦੇ, ਰੱਦ ਕਰਦੇ ਤੁਰੇ ਜਾਂਦੇ ਹਨ। ਇਸੇ ਲਈ ਸਾਡੇ ਬੋਲਾਂ ਵਿਚ ਪਕਿਆਈ ਨਹੀਂ, ਕਦੀ ਕੋਈ ਸਾਡੀ ਕਹੀ-ਸੁਣੀ ਗੱਲ ਨੂੰ ਮੰਨ ਲੈਂਦਾ ਹੈ, ਕਦੀ ਨਹੀਂ ਵੀ ਮੰਨਦਾ ਪਰ ਤੁਹਾਡੀ ਸਾਰੀ ਬਾਣੀ ਤਾਂ ਇਕ ਵੱਡਾ ਸਮੁੰਦਰ ਹੈ, ਹਰ ਥਾਂ ਇਕੋ ਜਿਹੀ। ਕਿਤੋਂ ਵੀ ਚੂਲੀ ਭਰ ਲਵੋ, ਹੱਥ ਵਿਚ ਨਿਰਮਲ ਤੇ ਸਵੱਛ ਜਲ ਹੀ ਆਉਂਦਾ ਹੈ। ਤੁਹਾਡੀ ਕਹੀ ਗੱਲ ਦੇ ਨਿੱਕੇ ਜਿਹੇ ਟੋਟੇ ਵਿਚ ਵੀ ਪੂਰੀ ਗੱਲ ਦਾ ਜ਼ੋਰ ਹੈ। ਤੁਸੀਂ ਧੁਰ ਮੂਲ ਵਿਚੋਂ ਬੋਲਦੇ ਹੋ। ਸਤਹ ਤੋਂ ਬੋਲਣ ਵਾਲੇ ਅਸੀਂ ਤੁਹਾਡੇ ਬੋਲ ਸਾਹਮਣੇ ਸ਼ਰਮਸਾਰ ਹਾਂ।
ਅੱਜ ਵੀ ਮੈਂ ਆਪਣੀ ਗੱਲ ਸਤਹ ਤੋਂ ਹੀ ਸ਼ੁਰੂ ਕਰ ਰਿਹਾ ਹਾਂ। ਤੁਸੀਂ ਹੱਸੋਗੇ ਕਿ ਸਤਹ ਤੇ ਧੁਰ ਦੇ ਅੰਤਰ ਨੂੰ ਜਾਣਨ ਦਾ ਦਾਅਵਾ ਕਰਨ ਵਾਲਾ ‘ਏਕ ਘੜੀ ਆਧੀ ਘੜੀ’ ਮੇਰੇ ਨਾਲ ਗੋਸ਼ਟ ਕਰਨ ਦੀ ਚਾਹ ਪ੍ਰਗਟਾ ਰਿਹਾ ਹੈ ਤੇ ਇਹ ਥੋੜ੍ਹਾ ਜਿਹਾ ਸਮਾਂ ਵੀ ਸਤਹ ਦੇ ਲੇਖੇ ਲਾ ਦੇਣਾ ਚਾਹੁੰਦਾ ਹੈ। ਬਾਬਾ ਜੀ, ਤੁਸੀਂ ਤਾਂ ਜਾਣਦੇ ਹੋ ਜਿਸ ਦੁਨੀਆਂ ਵਿਚ ਮੈਂ ਰਹਿੰਦਾ ਹਾਂ, ਉਸ ਦੇ ਦੁਖ ਤੇ ਸੁਖ ਸਾਰੇ ਤੇ ਸਮੁੱਚੇ ਸਤਹੀ ਹਨ। ਮੇਰੀ ਤਾਂ ਬੋਲੀ ਵੀ ਸਤਹੀ ਹੈ। ਮੈਂ ਆਪਣੇ ਸਤਹੀ ਵਸੀਲਿਆਂ ਨਾਲ ਹੀ ਧੁਰ ਡੂੰਘ ਬਾਰੇ ਕੁਝ ਪੁੱਛਾਂ ਪੁੱਛਾਂਗਾ। ਆਪਣੇ ਸਤਹ-ਦੇਸ ਨੂੰ ਛੱਡ ਕੇ ਮੈਂ ਕਦੀ ਤੁਹਾਡੇ ਧੁਰ-ਦੇਸ ਪਹੁੰਚਣ ਦੇ ਯੋਗ ਹੋ ਵੀ ਸਕਾਂਗਾ ਕਿ ਨਹੀਂ? ਅਜੇ ਤਾਂ ਮੈਂ ਸਤਹ ਉਪਰ ਵਿਚਰ ਰਿਹਾ ਹਾਂ, ਇਸ ਲਈ ਏਥੋਂ ਹੀ ਤੁਹਾਨੂੰ ਅਵਾਜ਼ ਦੇ ਰਿਹਾ ਹਾਂ।
ਮੇਰੀ ਪਹਿਲੀ ਬੇਨਤੀ ਤਾਂ ਤੁਹਾਡੇ ਨਾਲ ਆਪਣੇ ਸਬੰਧਾਂ ਬਾਰੇ ਹੀ ਹੈ। ਮੇਰੀ ਦੁਨੀਆਂ ਨੇ ਤੁਹਾਡੇ ਨਾਲ ਮੇਰਾ ਸਬੰਧ ‘ਡਰ’ ਵਾਲਾ ਬਣਾ ਦਿੱਤਾ ਹੈ। ਤੁਹਾਡੇ ਨਾਲ ਆਪਣੀ ਗੱਲ ਕਰਦਿਆਂ ਮੈਂ ਡਰਦਾ ਹਾਂ। ਡਰ ਮੈਨੂੰ ਤੁਹਾਡਾ ਨਹੀਂ ਸਗੋਂ ਆਪਣੇ ਆਲੇ-ਦੁਆਲੇ ਦਾ ਹੈ, ਜੋ ਤੁਹਾਡਾ ਪ੍ਰਮਾਣਿਕ ਬੁਲਾਰਾ ਹੋਣ ਦੇ ਸ਼ੌਕ ਵਿਚ ਕਿਸੇ ਵੀ ਹੋਰ ਦਾ ਸਿਰ ਭੰਨਣਾ ਜ਼ਰੂਰੀ ਸਮਝਦੇ ਹਨ। ਹੁਣ ਤੁਹਾਡੇ ਬੋਲਾਂ ਤੋਂ ਵਧੀਕ ਉਨ੍ਹਾਂ ਦੀ ਵਿਆਖਿਆ ਦਾ ਵਾਰਾ-ਪਹਿਰਾ ਹੈ। ਤੁਹਾਡੇ ਰੂਹਾਨੀ ਬੋਲਾਂ ਦੀ ਲੋਕਾਂ ਨੇ ਫਿਰਕੂ ਵਿਆਖਿਆ ਕਰ ਦਿੱਤੀ ਹੈ ਤੇ ਹੁਣ ਉਹ ਆਪਣੇ ਆਲੇ-ਦੁਆਲੇ ਤੋਂ ਇਹੋ ਉਮੀਦ ਰੱਖਦੇ ਹਨ ਕਿ ਇਸੇ ਵਿਆਖਿਆ ਨੂੰ ਹੀ, ਤੁਹਾਡੇ ਬੋਲਾਂ ਦਾ ਅਸਲੀ ਅਰਥ ਮੰਨਿਆ ਜਾਏ।
ਸਭਿਆਚਾਰਕ ਬੰਦਿਸ਼ਾਂ ਵਿਚ ਜਿਉਣ ਵਾਲੇ ਅਸੀਂ ਦੁਜੈਲੀਆਂ ਤਿਜੈਲੀਆਂ ਵਿਆਖਿਆਵਾਂ ਵਿਚ ਜਿਉਂਦੇ ਹਾਂ। ਸਭਿਆਚਾਰ ਦੇ ਮੂਲ ਸੋਮਿਆਂ ਤਕ ਸਾਡੀ ਪਹੁੰਚ ਦੇ ਰਾਹ ਵਿਚ ਕਈ ਰੋਕਾਂ, ਕਈ ਅੜਿੱਚਣਾਂ ਹਨ। ਕਈ ਵਾਰ ਇਉਂ ਜਾਪਦਾ ਹੈ ਕਿ ਤੁਹਾਡੇ ਸ਼ਰਧਾਲੂਆਂ ਨੇ ਤੁਹਾਨੂੰ ਆਪਣੇ ਹਾਣ ਦੇ ਪਿੰਜਰੇ ਵਿਚ ਬੰਦ ਕਰ ਰਖਿਆ ਹੈ। ਉਨ੍ਹਾਂ ਤੁਹਾਨੂੰ ਇਸ ਹੱਦ ਤਕ ਆਪਣੇ ਮੇਚ ਦਾ ਬਣਾ ਲਿਆ ਹੈ ਕਿ ਤੁਹਾਡੇ ਫੈਲਣ ਵਿਗਸਣ ਦੀ ਸੰਭਾਵਨਾ ਨੂੰ ਵੀ ਖਤਮ ਕਰਦੇ ਜਾਪਦੇ ਹਨ। ਤੁਸਾਂ ਆਪਣੇ ਸਮੇਂ ਵਿਚ ਪ੍ਰਚਲਤ ਸਭਿਆਚਾਰਕ ਦੰਭ ਤੋਂ ਮੁਕਤ ਹੋਣ ਦਾ ਰਾਹ ਸੁਝਾਇਆ ਸੀ, ਪਰ ਸਾਡੇ ਆਪਣੇ ਸਮੇਂ ਦੇ ਦੰਭੀਆਂ ਨੇ ਤੁਹਾਨੂੰ ਆਪਣੀਆਂ ਲੋੜਾਂ ਮੁਤਾਬਕ ਢਾਲਣ ਦਾ ਸੁਚੇਤ ਜਾਂ ਅਚੇਤ ਨਿਰਣਾ ਕਰ ਰੱਖਿਆ ਹੈ ਤੇ ਉਨ੍ਹਾਂ ਦੇ ਵਸੀਲੇ ਏਨੇ ਜ਼ੋਰਾਵਰ ਹਨ ਕਿ ਹਰ ਕਿਸੇ ਨੂੰ ਉਨ੍ਹਾਂ ਦੇ ਨਿਰਣੇ ਮੁਤਾਬਕ ਤੁਰਨਾ ਪੈਂਦਾ ਹੈ। ਤੁਹਾਡੀ ਬਾਣੀ ਸੰਪਰਦਾਇਕ ਦਾਇਰੇ ਤੋਂ ਪਾਰ ਹੈ, ਪਰ ਅਫਸੋਸ ਹੈ ਕਿ ਸ਼ਰਧਾਲੂਆਂ ਨੇ ਤੁਹਾਨੂੰ ਵੀ ਸੰਪਰਦਾਇ ਵਿਚ ਸ਼ਾਮਲ ਕਰ ਲਿਆ ਹੈ।
ਹਰ ਖੂਬਸੂਰਤ ਫੁੱਲ ਦੀ ਇਹੋ ਹੋਣੀ ਹੈ ਕਿ ਉਸ ਨੂੰ ਆਪਣੀ ਡਾਲੀ ਤੋਂ ਤੋੜ ਕੇ ਬਦਸੂਰਤ ਬੰਦਾ ਆਪਣੇ ਗਲ ਦਾ ਸ਼ਿੰਗਾਰ ਬਣਾ ਲੈਂਦਾ ਹੈ। ਤੁਹਾਡੇ ਤਕ ਪਹੁੰਚਣ ਵਾਲਾ ਰਾਹ ਸੰਪਰਦਾਇ ਦੀ ਸੰਘਣੀ ਭੀੜ ਥਾਣੀਂ ਲੰਘਦਾ ਹੈ। ਅਸੀਂ ਸ਼ੋਰ ਨੂੰ ਸੱਚ ਮੰਨਣ ਵਾਸਤੇ ਮਜਬੂਰ ਕਰ ਦਿੱਤੇ ਗਏ ਹਾਂ। ਸੱਚ ਦੀ ਆਜ਼ਾਦੀ ਤਕ ਪਹੁੰਚਣ ਦਾ ਚਾਹਵਾਨ ਸ਼ੋਰ ਦੀ ਗੁਲਾਮੀ ਵਿਚ ਕੈਦ ਹੈ। ਬਾਬਾ ਜੀ, ਤੁਸੀਂ ਯਥਾਰਥ ਨੂੰ ਬੰਧਨ ਸਮਝਿਆ ਸੀ ਤੇ ਇਸ ਤੋਂ ਛੁਟਕਾਰੇ ਲਈ ਮੁਕਤੀ ਦਾ ਸੰਕਲਪ ਪੇਸ਼ ਕੀਤਾ ਸੀ। ਅਸੀਂ ਬੰਧਨ ਵਿਚ ਹਾਂ ਤੇ ਮੁਕਤੀ ਦਾ ਰਾਹ ਅਜੇ ਪੂਰੀ ਤਰ੍ਹਾਂ ਸਾਡੇ ਵਸ ਵਿਚ ਨਹੀਂ।
ਨਾਲੇ ਮੁਕਤੀ ਨਿਰਾ ਰਾਹ ਤਾਂ ਨਹੀਂ, ਉਸ ਰਾਹ ਦਾ ਸਫਰ ਵੀ ਤਾਂ ਹੈ। ਅਣਤੁਰੇ ਰਾਹਾਂ ਦੀ ਦੌਲਤ ਕਿਸ ਕੰਮ? ਸਾਡੇ ਸਮਿਆਂ ਵਿਚ ‘ਕਲਿ ਕਾਤੀ’ ਚਲਾਉਣ ਵਾਲੇ ‘ਰਾਜੇ ਕਸਾਈ’ ਤਾਂ ਨਹੀਂ ਰਹੇ, ਪਰ ਨਵੀਂ ਕਿਸਮ ਦੇ ਸੰਪਰਦਾਇਕ ਜਾਬਰ ਪੈਦਾ ਹੋ ਗਏ ਹਨ ਜਿਨ੍ਹਾਂ ਦੇ ਪਰਚਾਰੇ ‘ਕੂੜੁ’ ਦੀ ਮੱਸਿਆ ਵਿਚ ‘ਸਚੁ ਚੰਦ੍ਰਮਾ’ ਕਿਤੇ ਨਜ਼ਰ ਨਹੀਂ ਆਉਂਦਾ। ਆਪਣੀ ਵਿਥਿਆ ਤੁਹਾਡੇ ਹੀ ਬੋਲ ਰਾਹੀਂ ਤੁਹਾਨੂੰ ਸੁਣਾ ਰਿਹਾ ਹਾਂ,
ਕੂੜੁ ਅਮਾਵਸ ਸਚੁ ਚੰਦ੍ਰਮਾ
ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥
ਆਧੇਰੈ ਰਾਹੁ ਨ ਕੋਇ॥
ਵਿਚ ਹਉਮੈ ਕਰਿ ਦੁਖੁ ਰੋਈ॥
ਕਹੁ ਨਾਨਕ ਕਿਨ ਬਿਧਿ ਗਤਿ ਹੋਈ॥
ਤੁਸੀਂ ਆਪਣਾ ਬੋਲ ਪ੍ਰਸ਼ਨ ਉਪਰ ਖਤਮ ਕਰ ਦਿੱਤਾ ਸੀ। ਇਹ ਪ੍ਰਸ਼ਨ ਅੱਜ ਵੀ ਆਪਣੇ ਉਤਰ ਦੀ ਉਡੀਕ ਵਿਚ ਹੈ। ਕਦੀ-ਕਦੀ ਜਾਪਦਾ ਹੈ, ਮਨੁੱਖ ਜਾਤੀ ਦੇ ਦੁੱਖ ਦਾ ਅੰਤਿਮ ਦਾਰੂ ਕੋਈ ਨਹੀਂ। ਇਸ ਨੇ ਦੁਖ ਦੇ ਸੰਗ-ਸਾਥ ਵਿਚ ਜੀਣਾ-ਥੀਣਾ ਹੈ। ਮਨੁੱਖ ਜਾਤੀ ਆਪਣੇ ਦੁੱਖ ਤੋਂ ਛੁਟਕਾਰਾ ਪਾਉਣ ਲਈ ਵੱਧ ਤੋਂ ਵੱਧ ਇਕ ਪ੍ਰਸ਼ਨ ਹੀ ਕਰ ਸਕਦੀ ਹੈ ਤੇ ਏਦਾਂ ਦੁੱਖ ਦੇ ਵਿਰੁਧ ਸੰਗਰਾਮ ਹੀ ਰਚ ਸਕਦੀ ਹੈ। ਮੈਂ ਵੀ ਸੱਚ-ਵਿਰੋਧੀ, ਕੂੜ-ਪੱਖੀ ਸੰਪਰਦਾਇਕਤਾ ਦੇ ਵਿਰੁਧ ਤੁਹਾਡੇ ਬੋਲਾਂ ਵਿਚੋਂ ਪ੍ਰਾਪਤ ਪ੍ਰਸ਼ਨ ਖੜ੍ਹਾ ਕਰ ਰਿਹਾ ਹਾਂ।
ਤੁਸੀਂ ਮੇਰੀ ਮੂਰਖਤਾ ‘ਤੇ ਹੱਸੋਗੇ। ਕਹੋਗੇ, ਮੈਨੂੰ ਸ਼ੁਦਾਅ ਹੋ ਗਿਐ। ਸੰਪਰਦਾਇਕਤਾ ਕੋਈ ਨਵੀਂ ਸ਼ੈ ਥੋੜ੍ਹੀ ਹੈ। ਇਹ ਤਾਂ ਆਦਿ-ਜੁਗਾਦਿ ਸਮਿਆਂ ਤੋਂ ਚਲੀ ਆ ਰਹੀ ਹੈ। ਮਨੁੱਖ ਤਾਂ ਰਹਿ ਹੀ ਸੰਪਰਦਾਇ ਵਿਚ ਸਕਦਾ ਹੈ। ਸੰਪਰਦਾਇਕਤਾ ਮਨੁੱਖੀ ਜੀਵਨ ਦੀ ਬੁਨਿਆਦੀ ਸ਼ਰਤ ਹੈ, ਪਰ ਤੁਸੀਂ ਲੋਕ ਵਿਚ ਰਹਿੰਦੇ ਉਸ ਤੋਂ ਪਾਰ ਜਾਣ ਦੇ ਰਾਹ ਵੱਲ ਸੰਕੇਤ ਕੀਤਾ ਸੀ। ਪੰਕ ਵਿਚ ਪੰਕਜ ‘ਜਲ ਮਹਿ ਕਮਲੁ ਨਿਰਾਲਮੁ’ ਤੁਹਾਡੀ ਜੀਵਨ-ਜਾਚ ਦਾ ਕੇਂਦਰੀ ਨੁਕਤਾ ਸੀ। ਤੁਹਾਡੀ ਪਹੁੰਚ ਆਪਣਿਆਂ-ਬੇਗਾਨਿਆਂ ਤੋਂ ਪਾਰ ਸਭਨਾਂ ਤਕ ਸੀ ਪਰ ਤੁਹਾਡੇ ਮੁੱਦਈ ਤਾਂ ਉਹ ਬਣ ਬੈਠੇ ਹਨ, ਜੋ ਆਪਣਿਆਂ ਤੋਂ ਵੀ ਉਰ੍ਹਾਂ ਸਵੈ ਤਕ ਸੁੰਗੜੇ ਹੋਏ ਹਨ। ਸਵੈ ਨੂੰ ਪਰਪੱਕ ਕਰਨ ਲਈ ਉਹ ‘ਆਪਣਿਆਂ’ ਉਤੇ ਵਾਰ ਕਰਨ ਤੋਂ ਸੰਕੋਚ ਨਹੀਂ ਕਰਦੇ। ਰਾਜਨੀਤਕ ਸ਼ਕਤੀਵਰਾਂ ਦੇ ਸਦਾ ਸੰਗ-ਸਾਥ ਵਿਚਰਨ ਵਾਲੇ ਤੁਹਾਡੇ ਵਿਆਖਿਆਕਾਰ ਬਣ ਗਏ ਹਨ। ਰਾਜਿਆਂ, ਮੁਕੱਦਮ ਦੀ ਨਿਖੇਧੀ ਕਰਨ ਵਾਲੇ ਤੁਸੀਂ ਬਾਬਾ ਜੀ, ਅੱਜ ਰਾਜਿਆਂ, ਮੁਕੱਦਮਾਂ ਤੱਕ ਪਹੁੰਚਣ ਦੇ ਵਸੀਲੇ ਬਣਾ ਦਿੱਤੇ ਗਏ ਹੋ। ਇਸੇ ਧੁੰਦੂਕਾਰ ਥਾਣੀਂ ਮੈਂ ਆਪਣੀ ਅਵਾਜ਼ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ।
ਮੈਂ ਆਪ ਨਵੀਂ ਤਾਲੀਮ ਦਾ ਇਕ ਪੁਰਜ਼ਾ ਹਾਂ ਤੇ ਜਾਣਦਾ ਹਾਂ ਕਿ ਇਸ ਤਾਲੀਮ ਨੇ ਤੁਹਾਡੇ ਸਬੰਧੀ ਕਿਸ ਤਰ੍ਹਾਂ ਦੀ ਜਾਚ ਪ੍ਰਸਾਰ ਦਿੱਤੀ ਹੈ। ਯੂਨੀਵਰਸਿਟੀਆਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਨਜ਼ਰ ਵਿਚ ‘ਸੱਚ’ ਤੋਂ ਕਿਤੇ ਵਧੀਕ ‘ਪ੍ਰਵਚਨ’ ਦਾ ਮੁੱਲ ਹੈ। ਤੁਸੀਂ ਸਾਡੇ ਪਾਠ-ਕ੍ਰਮ ਦਾ ਅੰਗ ਹੋ, ਪਰ ਤੁਹਾਡੇ ਸਦਾ-ਫੈਲਦੇ ਸੱਚ ਨੂੰ ਉਘਾੜਨ ਦੀ ਥਾਂ ਅਸੀਂ ਆਪਣਾ ਉਦਮ ਆਪਣੇ ਹਾਣ-ਮੇਚਦੇ ਸਦਾ-ਸੁੰਗੜੇ ਪ੍ਰਵਚਨ ਨੂੰ ਪਰਪੱਕ ਕਰਨ ਦੇ ਲੇਖੇ ਲਾ ਰਖਿਆ ਹੈ। ਇਹ ਜਾਚ ਸਾਡੇ ਚਾਲੀ-ਪੰਜਾਹ ਮਿੰਟ ਫੀ ਲੈਕਚਰ ਦੀ ਮਜਬੂਰੀ ਅਧੀਨ ਹੋਂਦ ਵਿਚ ਆਈ ਅਤੇ ਤੀਹ-ਪੈਂਤੀ ਮਿੰਟ ਫੀ ਪ੍ਰਸ਼ਨੋਤਰ ਦੀ ਇਮਤਿਹਾਨੀ ਲੋੜ ਅਧੀਨ ਪਰਵਾਨ ਚੜ੍ਹੀ। ਅਧਿਆਪਕ ਜਾਂ ਵਿਦਿਆਰਥੀ, ਕਿਸੇ ਪਾਸ ਤੁਹਾਡੇ ਬੋਲ ਦਾ ਸੰਪੂਰਨ ਦੀਦਾਰ ਕਰਨ ਦੀ ਵਿਹਲ ਨਹੀਂ। ਜੇ ਕਿਸੇ-ਕਿਸੇ ਮੌਖਿਕ ਪ੍ਰੀਖਿਆ ਸਮੇਂ ਅਧਿਆਪਕ ਜਾਂ ਵਿਦਿਆਰਥੀ ਨੂੰ ਤੁਹਾਡਾ ਕੋਈ ਬੋਲ ਹਵਾਲੇ ਵਜੋਂ ਪੇਸ਼ ਕਰਨ ਲਈ ਕਿਹਾ ਜਾਏ ਤਾਂ ਉਹ ਅਜਿਹੀ ਮੰਗ ਕਰਨ ਵਾਲੇ ਨਾਲ ਛਿੱਥੇ ਪੈਣ ਵਿਚ ਹੀ ਆਪਣੀ ਜਿੱਤ ਸਮਝਦਾ ਹੈ।
ਇਹ ਜੀਵਨ-ਜਾਚ ਆਧੁਨਿਕ ਕਹਾਉਣ ਵਾਲੀ ਲੁਕਾਈ ਵਿਚਕਾਰ ਚਲਦਾ ਸਿੱਕਾ ਹੈ। ਤੁਹਾਡੇ ਬੋਲ ਵਿਸਮ੍ਰਿਤੀ ਦਾ ਅੰਗ ਬਣਦੇ ਜਾ ਰਹੇ ਹਨ ਤੇ ਉਨ੍ਹਾਂ ਦੀ ਥਾਂ ਕੁਝ ਪ੍ਰਵਚਨਾਂ, ਕੁਝ ਰਾਵਾਂ ਨੂੰ ਥਾਪ ਦਿੱਤਾ ਗਿਆ ਹੈ। ਕੁਝ ਅਜਿਹੇ ਵੀ ਹਨ, ਜਿਨ੍ਹਾਂ ਪਾਸ ਪ੍ਰਸੰਗ ਤੋਂ ਟੁੱਟੀਆਂ ਤੁਹਾਡੀਆਂ ਪੰਗਤੀਆਂ ਦੀ ਭੀੜ ਹੈ। ਖੰਡਣ ਜੋਗ ਜਾਂ ਮੰਡਣ ਜੋਗ ਕੋਈ ਵੀ ਮੌਕਾ ਹੋਵੇ, ਇਹ ਲੋਕ ਤੁਹਾਡੇ ਕਥਨ ‘ਜੇ ਕੋ ਪੁਛੈ ਤਾ ਪੜਿ ਸੁਣਾਏ’ ਨੂੰ ਸੱਚ ਕਰ ਵਿਖਾਉਂਦੇ ਹਨ। ਵਿਆਖਿਆਕਾਰਾਂ, ਪ੍ਰਵਚਨਕਾਰਾਂ ਤੇ ਪੰਗਤੀ-ਪੇਸ਼ਕਾਰਾਂ ਦੀ ਭੀੜ ਵਿਚ ‘ਹੈ ਭੀ, ਹੋਸੀ ਸਚੁ’ ਕਿਤੇ ਗੁੰਮ-ਗੁਆਚ ਗਿਆ ਹੈ।
ਅਪ੍ਰਗਟ ਨੂੰ ਪ੍ਰਗਟਾਉਣਾ, ਨਿਰਾਕਾਰ ਨੂੰ ਪਛਾਣਨਾ ਤੁਹਾਡੇ ਜੀਵਨ ਕਾਰਜ ਦਾ ਪ੍ਰਥਮ ਆਧਾਰ ਸੀ ਤੇ ਅੰਤਿਮ ਪ੍ਰਯੋਜਨ ਵੀ। ਮਾਇਆ ਦੇ ਪਿੱਛੇ ਲੁਕੇ ਨਾਮ, ਰਚਨਾ-ਵਸਤੂ ਦੇ ਪਿੱਛੇ ਕਾਰਜਸ਼ੀਲ ਨੇਮ ਵੀ ਨਿਰੰਤਰ ਸੰਕੇਤ ਕਰਦੇ ਰਹੇ। ਇਹੋ ਤੁਹਾਡੀ ਵਿਗਿਆਨ-ਚੇਤਨਾ ਦਾ ਆਧਾਰ ਹੈ। ਤੁਸੀਂ ਸਾਡੇ ਸਭਿਆਚਾਰ ਦੇ ਪਹਿਲੇ ਸਿਧਾਂਤਕਾਰ ਹੋ। ਵਾਸਤਵਿਕਤਾ ਦੇ ਛੋਟੇ ਤੋਂ ਛੋਟੇ ਖੰਡ ਨੂੰ ਤੁਸੀਂ ਪਰਮ-ਸਿਧਾਂਤ ਨਾਲ ਜੋੜ ਕੇ ਵਿਚਾਰਿਆ। ਜੀਵਨ-ਵਿਹਾਰ ਨੂੰ ਤੁਸੀਂ ਗਿਆਨ ਦਾ ਆਧਾਰ ਦੇਣਾ ਚਾਹਿਆ। ਤੁਸੀਂ ਗਿਆਨ-ਵਿਹੂਣੇ ਗੀਤ ਦੀ ਕਮਜ਼ੋਰੀ ਉਜਾਗਰ ਕੀਤੀ।
ਕਈ ਵਾਰ ਪ੍ਰਤੀਤ ਹੋਇਆ ਹੈ, ਤੁਸੀਂ ਸਾਡੇ ਪਹਿਲੇ ਵਿਦਿਆ-ਵਿਸ਼ੇਸ਼ੱਗ ਹੋ ਤੇ ਤੁਸੀਂ ਸਾਡੇ ਸਭਿਆਚਾਰ ਨੂੰ ਬੋਲ-ਖੇਤਰ ਦੀ ਥਾਂ ਲਿਖਤ ਖੇਤਰ ਵਿਚ ਸਥਾਪਤ ਕਰਨਾ ਚਾਹਿਆ। ਤੁਸੀਂ ਪੜ੍ਹੇ ਹੋਣ ਦੇ ਦੰਭ ਦਾ ਹਮੇਸ਼ਾ ਖੰਡਨ ਕਰਦੇ ਰਹੇ, ਪੜ੍ਹਾਈ-ਲਿਖਾਈ ਦੇ ਮੁੱਲ ਨੂੰ ਵੀ ਲਗਾਤਾਰ ਉਜਾਗਰ ਕਰਦੇ ਰਹੇ। ‘ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥’ ਜਿਹੇ ਸਪਸ਼ਟ ਸੰਕੇਤਾਂ ਨਾਲ ਤੁਸੀਂ ਪਾਪ-ਪੁੰਨ, ਸਚ-ਕੂੜ, ਦੁਖ-ਸੁਖ, ਖਰੇ-ਖੋਟੇ ਨੂੰ ਤਾਲੀਮ ਨਾਲ, ਵਿਚਾਰ ਨਾਲ ਸਬੰਧਤ ਕੀਤਾ। ਮੈਨੂੰ ਇਉਂ ਜਾਪਦਾ ਹੈ, ਤੁਹਾਡੇ ਮਨ ਵਿਚ ਸਿਖਿਆ ਦਾ ਨਿਸ਼ਚਿਤ ਸੰਕਲਪ ਸੀ, ਜਿਸ ਪ੍ਰਤੀ ਤੁਹਾਡੇ ‘ਸਿੱਖਾਂ’ ਦਾ ਧਿਆਨ ਅਜੇ ਵੀ ਪੂਰੀ ਤਰ੍ਹਾਂ ਨਹੀਂ ਗਿਆ। ਜਿਸ ਸਿੱਖਿਆ ਨੂੰ ਤੁਸੀਂ ਜੀਵਨ ਦੇ ਕੇਂਦਰ-ਬਿੰਦੂ ਵਾਂਗ ਸਥਾਪਤ ਕਰਨਾ ਚਾਹਿਆ, ਉਹ ‘ਨਿਰਾਕਾਰ’ ਨਾਲ ਸਬੰਧਿਤ ਹੈ ਅਤੇ ਨਿਰਾਕਾਰ ਵਾਸਤਵਿਕਤਾ ਨਹੀਂ, ਵਾਸਤਵਿਕਤਾ ਦਾ ਨੇਮ ਹੈ। ਮਨੁੱਖ ਜਿੰਨੀ ਵੀ ਸਾਕਾਰ ਰਚਨਾ ਕਰਦਾ ਹੈ, ਉਸ ਦੇ ਪਿੱਛੇ ਕੋਈ ਨਾ ਕੋਈ ਨਿਰਾਕਾਰ ਗਰਾਮਰ ਕੰਮ ਕਰਦੀ ਹੈ। ਭਾਸ਼ਾ ਹੋਵੇ ਜਾਂ ਕੋਈ ਕਾਰ-ਵਿਹਾਰ, ਉਹ ਗਰਾਮਰ ਦੇ ਬਗੈਰ ਅਰਥਵਾਨ ਨਹੀਂ ਹੋ ਸਕਦਾ। ਪੜ੍ਹੇ ਅਤੇ ਅਨਪੜ੍ਹ ਵਿਚ ਇਹੋ ਅੰਤਰ ਹੈ ਕਿ ਅਨਪੜ੍ਹ ਵੀ ‘ਬੋਲਦਾ’ ਹੈ, ‘ਕਾਰ-ਵਿਹਾਰ’ ਕਰਦਾ ਹੈ, ਪਰ ਉਹ ਆਪਣੇ ਬੋਲ ਅਤੇ ‘ਕਾਰ-ਵਿਹਾਰ’ ਦੀ ਗਰਾਮਰ ਤੋਂ ਵਾਕਫ ਨਹੀਂ। ਇਸ ਲਈ ਉਸ ਦਾ ਉਹ ਹਰ ਬੋਲ, ਹਰ ਕਾਰਜ ਕੋਈ ਵਕਤੀ ਲੋੜ ਸਾਰਦਾ ਹੈ ਅਤੇ ਸਦਾ ਹੈ ਭੀ, ਸਦਾ ਹੋਸੀ ਭੀ ਨੇਮ-ਪ੍ਰਬੰਧ ਦੀ ਚੇਤਨਾ ਤੋਂ ਵਿਛੁੰਨਿਆ ਰਹਿੰਦਾ ਹੈ।
ਅਜਿਹਾ ਵਿਅਕਤੀ ਆਪਣੇ ਆਪ ਨੂੰ ਭਾਵੇਂ ਕਿੰਨਾ ਵੀ ਸਫਲ-ਕਰਮ ਸਮਝੇ, ਉਹ ‘ਗਿਆਨ ਵਿਹੂਣਾ ਗਾਵੇ ਗੀਤ’ ਦੀ ਅਵਸਥਾ ਵਿਚ ਹੈ। ਅਧਿਆਤਮਕ-ਸਾਧਨਾ ਵਿਚ ਲੀਨ ਤੁਸੀਂ ਜਿਸ ਨਤੀਜੇ ‘ਤੇ ਪਹੁੰਚੇ, ਵਿਗਿਆਨ-ਸਾਧਨਾ ਦੀ ਰਾਹੇ ਪਏ ਵਿਕਅਤੀ ਵੀ ਆਪਣੇ ਢੰਗ ਨਾਲ ਉਸੇ ਨਤੀਜੇ ‘ਤੇ ਪਹੁੰਚਦੇ ਹਨ। ਵਿਗਿਆਨ ਦੀ ਆਪਣੀ ਕਿਸਮ ਦੀ ਅਧਿਆਤਮਕਤਾ ਹੈ। ਉਹ ਵੀ ਅਨੇਕ ਰੰਗ ਵਾਸਤਵਿਕਤਾ ਦੇ ਨੇਮ ਵੱਲ ਰੁਚਿਤ ਹੈ। ਉਹ ਵੀ ਸਾਕਾਰ ਵੇਰਵਿਆਂ ਨੂੰ ਛਾਂਗਦਾ ਉਸ ਨਿਰਾਕਾਰ ਸ਼ਕਤੀ ਤੱਕ ਪਹੁੰਚਦਾ ਹੈ, ਜਿਸ ਦੀ ਹੋਂਦ ਕਾਰਨ ਸਭ ਕੁਝ ਸਾਕਾਰ ਪ੍ਰਗਟ ਹੈ। ਬਾਬਾ ਜੀ, ਮੈਨੂੰ ਹਰ ਪ੍ਰਕਾਰ ਦੀ ਸਿਖਿਆ ਆਸਤਕ ਧਰਮ ਜਾਪਦਾ ਹੈ। ਭਾਵੇਂ ਧਰਮ ਵਾਲੇ ਪਾਸਿਉਂ ਵੇਖੀਏ, ਭਾਵੇਂ ਸਾਇੰਸ ਵਾਲੇ ਪਾਸਿਉਂ, ‘ਹੁਕਮ’ ਤੋਂ ਬਿਨਾ ‘ਸਰਬ-ਨੇਮ’ ਤੋਂ ਬਿਨਾ ਕਿਤੇ ਕੋਈ ਪੱਤਾ ਵੀ ਝੂਲਦਾ ਨਜ਼ਰ ਨਹੀਂ ਆਉਂਦਾ।
ਬਾਬਾ ਜੀ, ਤੁਸੀਂ ਮੈਨੂੰ ਵਾਰ ਵਾਰ ਯਾਦ ਆਉਂਦੇ ਹੋ, ਖਾਸ ਤੌਰ ‘ਤੇ ਉਦੋਂ, ਜਦੋਂ ਕੋਈ ਕੱਟੜ ਕਾਰਜ ਕਰਦਾ ਹੈ ਅਤੇ ਆਪਣੀ ਕੱਟੜਤਾ ਦੇ ਸਮਰਥਨ ਵਜੋਂ ਤੁਹਾਡਾ ਨਾਂ ਵਰਤਦਾ ਹੈ। ਤੁਹਾਡਾ ਜੀਵਨ-ਕਾਲ, ਭਾਰਤੀ ਇਤਿਹਾਸ ਦਾ ਮੱਧਕਾਲ, ਬੜਾ ਕੱਟੜ ਕਾਲ ਸੀ, ਪਰ ਤੁਹਾਡੀ ਸੰਚਾਰ-ਵਿਧੀ ਵਿਚ ਕੱਟੜਤਾ ਲਈ ਕੋਈ ਦਖਲ ਨਹੀਂ ਸੀ। ਤੁਹਾਡੀ ਬੋਲੀ ਦੀ ਚੋਣ ਹਮੇਸ਼ਾ ਸਰੋਤੇ ਦੇ ਪੱਖੋਂ ਹੁੰਦੀ ਰਹੀ, ਤੁਸੀਂ ਆਪਣੀ ਗੱਲ ਵੀ ਦੂਜੇ ਦੀ ਜ਼ਬਾਨ ਵਿਚ ਕਹਿਣ ਦਾ ਯਤਨ ਕੀਤਾ। ਅੱਜ ਕਦੀ-ਕਦੀ ਪੜ੍ਹਦਾ ਹਾਂ ਕਿ ਸਾਹਿਤ ਭਾਸ਼ਾ ਤੋਂ ਪਾਰ ਖਾਮੋਸ਼ੀ ਵਿਚ ਵਾਸ ਕਰਦਾ ਹੈ ਜਾਂ ਸਾਹਿਤ ਉਹ ਨਹੀਂ, ਜੋ ਲੇਖਕ ਲਿਖਦਾ ਹੈ ਸਗੋਂ ਸਾਹਿਤ ਉਹ ਹੈ, ਜੋ ਪਾਠਕ ਪੜ੍ਹਨ ਸਮੇਂ ਆਪਣੇ ਮਨ ਵਿਚ ਰਚਦਾ ਹੈ, ਤਾਂ ਤੁਹਾਡੀ ਯਾਦ ਆਉਂਦੀ ਹੈ। ਤੁਸੀਂ ਬਾਹਰਲੇ ਬੋਲ ਨੂੰ ਅੰਦਰਲੀ ਖਾਮੋਸ਼ੀ ਤਕ ਪਹੁੰਚਾਉਣ ਦਾ ਜਤਨ ਕੀਤਾ।
ਇਹ ਚਮਤਕਾਰ ਉਦੋਂ ਹੀ ਸੰਭਵ ਹੈ ਜਦੋਂ ਸਾਹਿਤਕਾਰ ਆਪਣੇ ਆਪ ਨੂੰ ਹੀ ਨਹੀਂ ਸਗੋਂ ਆਪਣੇ ਸਰੋਤਿਆਂ ਨੂੰ ਵੀ ਦਰੋਂ-ਘਰੋਂ ਵਰੋਸਾਇਆ ਸਮਝਦਾ ਹੈ। ‘ਧੁਰ’ ਉਪਰ ਕਿਸੇ ਖਾਸ ਵਿਅਕਤੀ ਦਾ ਵਿਸ਼ੇਸ਼ ਅਧਿਕਾਰ ਨਹੀਂ। ਧੁਰ ਸਭਨਾਂ ਦਾ ਸਾਂਝਾ ਸਰਮਾਇਆ ਹੈ। ਇਹੋ ਚੇਤਨਾ ਹਉਮੈ ਤੋਂ, ਨਿੱਜੀ ਕੱਟੜਤਾ ਤੋਂ, ਪਾਰ ਜਾਣ ਦਾ ਵਸੀਲਾ ਹੈ। ‘ਧੁਰ’ ਹੀ ਐਸਾ ਦੇਸ ਹੈ ਜਿਥੇ ‘ਮੈਂ’ ਨਹੀਂ, ਭਾਸ਼ਾ ਬੋਲਦੀ ਹੈ, ਜਿਥੇ ਸਾਹਿਤ ਕਿਸੇ ਖਾਸ ਸਾਹਿਤਕਾਰ ਦੀ ਜ਼ਾਤੀ ਵਿਲੱਖਣਤਾ ਨਹੀਂ ਪ੍ਰਗਟਾਉਂਦਾ, ਸਮੁੱਚੀ ਲੋਕਾਈ ਦੀ ਸਾਂਝ ਪੇਸ਼ ਕਰਦਾ ਹੈ। ਏਸ ਥਾਂ ਸੁਣਨ ਵਾਲੇ ਨੂੰ ਜਾਪਦਾ ਹੈ, ਜਿਵੇਂ ਉਹ ਆਪ ਹੀ ਬੋਲ ਰਿਹਾ ਹੈ।
ਤੁਹਾਡੀ ਧੁਰ ਕੀ ਬਾਣੀ ਨੂੰ ਪੜ੍ਹਦਿਆਂ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਤੁਹਾਡੇ ‘ਧੁਰ’ ਵਿਚ ਮੈਂ ਵੀ ਸ਼ਾਮਿਲ ਹਾਂ। ਹਰ ਵਿਅਕਤੀ ਦੇ ‘ਧੁਰ ਅਵਚੇਤਨ’ ਵਿਚ ਬਾਕੀ ਦੀ ਸਾਰੀ ਲੋਕਾਈ ਬੈਠੀ ਹੈ। ਜਦੋਂ ਬੰਦਾ ਆਪਣੇ ਵਿਚ ਦੂਜੇ ਨੂੰ ਸ਼ਾਮਲ ਕਰਕੇ ਬੋਲਦਾ ਹੈ, ਉਦੋਂ ਹੀ ਉਸ ਥਾਣੀਂ ਧੁਰ ਕੀ ਬਾਣੀ ਬੋਲਦੀ ਹੈ। ਤੁਹਾਡੀ ਬਾਣੀ ਵਿਚੋਂ ਮੈਨੂੰ ਇਹੋ ਜਿਹੇ ਸੱਚ ਦੀ ਹੀ ਪ੍ਰਤੀਤੀ ਹੋਈ ਹੈ। ਸਭਨਾਂ ਨੂੰ ਆਪਣੇ ਵਿਚ ਸ਼ਾਮਲ ਕਰਨ ਵਾਲੇ ਤੁਸੀਂ ਕਦੀ ਠੇਠ ਪੰਜਾਬੀ, ਕਦੀ ਫਾਰਸੀ, ਕਦੇ ਸੰਸਕ੍ਰਿਤ ਮਿਲੀ ਹਿੰਦੀ ਤੇ ਕਦੇ ਡੱਬ-ਖੜੱਬੀ ਸਾਧ ਭਾਸ਼ਾ ਵਿਚ ਬੋਲਦੇ ਰਹੇ। ਤੁਹਾਨੂੰ ਬੋਲੀ ਦੀ ਨਹੀਂ, ਬੋਲ ਦੀ ਚਿੰਤਾ ਸੀ। ਅੱਜ ਜਦੋਂ ਕੋਈ ਤੁਹਾਡਾ ਨਾਮ-ਲੇਵਾ ਆਪਣੀ ਪੰਜਾਬੀ ਤੋਂ ਵੱਖਰੇ ਸੁਭਾਅ ਵਾਲੀ ਪੰਜਾਬੀ ਨੂੰ ਹੀ ਬਰਦਾਸ਼ਤ ਨਹੀਂ ਕਰਦਾ ਤਾਂ ਤੁਹਾਡੇ ਹੀ ਘਰ ਵਿਚ ਤੁਹਾਡੀ ਅਵੱਗਿਆ ਹੁੰਦੀ ਜਾਪਦੀ ਹੈ। ਆਪਣੇ ਮੁਹਾਂਦਰੇ ਵਾਲੇ ਬੋਲ ਤੋਂ ਛੁੱਟ ਕਿਸੇ ਹੋਰ ਮੁਹਾਂਦਰੇ ਵਾਲੇ ਬੋਲ ਨੂੰ ਬਰਦਾਸ਼ਤ ਨਾ ਕਰ ਸਕਣਾ ਹਉਮੈ ਦੀ ਅੱਤ ਹੈ।
ਅਜਿਹਾ ਮਨੁੱਖ ਹਰ ਥਾਂ ਆਪਣੀ ‘ਮੈਂ’ ਦਾ ਪਸਾਰਾ ਵੇਖਣਾ ਚਾਹੁੰਦਾ ਹੈ। ਜੋ ‘ਤੂੰ’ ਤੇ ‘ਉਹ’ ਦੀ ਥਾਂ ਵੀ ‘ਮੈਂ’ ਦੀ ਵਰਤੋਂ ਕਰੀ ਜਾਂਦਾ ਹੈ, ਉਹਦੇ ਬੋਲ ਆਪਣੇ ਸਿਵਾ ਕਿਸੇ ਹੋਰ ਦੀ ਸਮਝ ਨਹੀਂ ਆਉਂਦੇ। ਕੁਝ ਇਸੇ ਤਰ੍ਹਾਂ ਦਾ ਭਾਣਾ ਅੱਜ ਕੱਲ੍ਹ ਸਾਡੇ ਸਭਿਆਚਾਰ ਵਿਚ ਵਰਤਿਆ ਹੋਇਆ ਹੈ। ਤੁਸੀਂ ਆਪਣੀ ‘ਬੋਲੀ’ ਨੂੰ ਸਹਿਜੇ ਪਿਆਰਦੇ ਹੋਏ ਵੀ ਆਪਣੇ ਬੋਲ ਦੂਜਿਆਂ ਦੀਆਂ ਬੋਲੀਆਂ ਥਾਣੀਂ ਪ੍ਰਸਾਰਨ ਤੋਂ ਸੰਕੋਚ ਨਾ ਕਰਦੇ ਰਹੇ, ਪਰ ਹੁਣ ਆਪਣੀ ‘ਬੋਲੀ’ ਨੂੰ ਪਿਆਰਨ ਦਾ ਦੰਭ ਸਾਡੀ ਮਜਬੂਰੀ ਬਣਦਾ ਜਾ ਰਿਹਾ ਹੈ ਅਤੇ ਅਸੀਂ ਆਪਣੀ ਬੋਲੀ ਦੇ ਨਾਂ ‘ਤੇ ਆਪਣਿਆਂ ਨੂੰ ਵੀ ਤ੍ਰਿਸਕਾਰਨ ਤੋਂ ਗੁਰੇਜ਼ ਨਹੀਂ ਕਰਦੇ। ਦੂਜਿਆਂ ਨੂੰ ਹਰ ਥਾਂਓਂ ਖਾਰਜ ਕਰਕੇ ਨਿਰੋਲ ਮੈਂ-ਮੇਰੀ ਨੂੰ ਸਥਾਪਤ ਕਰਨ ਦੀ ਲਾਲਸਾ ਨੂੰ ਨਕੇਲ ਕਦੋਂ ਪਏਗੀ? ਤੁਹਾਡੇ ਅੱਗੇ, ਆਪਣੇ ਸਭਿਆਚਾਰ ਦੇ ਆਦਿ ਬਾਬੇ ਅੱਗੇ ਤੁਹਾਡਾ ਹੀ ਸੁਆਲ ਮੁੜ ਪੇਸ਼ ਹੈ,
ਆਧੇਰੈ ਰਾਹੁ ਨ ਕੋਇ॥
ਵਿਚਿ ਹਉਮੈ ਕਰਿ ਦੁਖੁ ਰੋਈ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥