ਅਗਵਾ ਹੋਈ ਭਾਰਤੀ ਰਾਜਨੀਤੀ

ਗੁਰਬਚਨ ਸਿੰਘ
ਫੋਨ: 91-98156-98451
ਭਾਰਤੀ ਚੋਣ ਨਤੀਜਿਆਂ ਨੇ ਬਹੁਗਿਣਤੀ ਲੋਕਾਂ ਨੂੰ ਹੈਰਾਨ-ਪ੍ਰੇਸ਼ਾਨ ਕੀਤਾ ਹੈ। ਆਪਣੇ ਦਿਮਾਗ ਉਤੇ ਪੂਰਾ ਜੋਰ ਪਾ ਕੇ ਵੀ ਉਹ ਇਨ੍ਹਾਂ ਨਤੀਜਿਆਂ ਦੀ ਕੋਈ ਤਰਕਸ਼ੀਲ ਵਿਆਖਿਆ ਨਹੀਂ ਕਰ ਪਾ ਰਹੇ। ਇਥੋਂ ਤਕ ਕਿ ਰਾਹੁਲ ਗਾਂਧੀ ਨੂੰ ਵੀ ਕਹਿਣਾ ਪਿਆ ਹੈ ਕਿ ਉਹ ਇਨ੍ਹਾਂ ਚੋਣ ਨਤੀਜਿਆਂ ਨੂੰ ਮੰਨਦਾ ਹੋਇਆ ਵੀ ਇਨ੍ਹਾਂ ਦੀ ਕੋਈ ਵਿਆਖਿਆ ਨਹੀਂ ਕਰ ਸਕਦਾ। ਉਸ ਦਾ ਇਹ ਕਥਨ ਹੀ ਇਸ ਅਜੀਬ ਹਾਲਤ ਨੂੰ ਬਿਆਨ ਕਰ ਦਿੰਦਾ ਹੈ ਕਿ ਲੋਕਤੰਤਰ ਹਾਰ ਗਿਆ ਹੈ ਅਤੇ ਚੋਰ ਜਿੱਤ ਗਿਆ ਹੈ। ਇਨ੍ਹਾਂ ਚੋਣ ਨਤੀਜਿਆਂ ਦੀ ਕੋਈ ਰਵਾਇਤੀ ਵਿਆਖਿਆ ਨਹੀਂ ਹੋ ਸਕਦੀ, ਕਿਉਂਕਿ ਇਹ ਇਕ ਅਣਕਿਆਸਿਆ ਵਰਤਾਰਾ ਵਾਪਰਿਆ ਹੈ।

ਇਹ ਵਰਤਾਰਾ ਕੀ ਹੈ, ਇਹ ਜਾਣਨ ਲਈ ਥੋੜ੍ਹਾ ਜਿਹਾ ਪਿਛੇ ਮੁੜਨ ਦੀ ਲੋੜ ਹੈ। ਇਸ ਵਰਤਾਰੇ ਦਾ ਮੁਢ 2014 ਦੀਆਂ ਚੋਣਾਂ ਤੋਂ ਪਹਿਲਾਂ ਬੱਝਾ। ਇਸ ਵਰਤਾਰੇ ਦਾ ਸੂਤਰਧਾਰ ਅਜੀਤ ਡੋਵਾਲ ਹੈ। ਇਸ ਦੀ ਪੁਸ਼ਟੀ ਇਸ ਤਥ ਤੋਂ ਵੀ ਹੁੰਦੀ ਹੈ ਕਿ ਜਿਵੇਂ ਮੋਦੀ ਦੇ ਸੁਰਖਿਆ ਸਲਾਹਕਾਰ ਹੁੰਦਿਆਂ ਉਸ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਚਲਾਇਆ ਹੈ ਤੇ ਜਿਵੇਂ ਉਸ ਨੇ ਸੀ. ਬੀ. ਆਈ., ਸੁਪਰੀਮ ਕੋਰਟ, ਰਿਜ਼ਰਵ ਬੈਂਕ, ਇਨਕਮ ਟੈਕਸ ਵਿਭਾਗ ਸਮੇਤ ਹੋਰਨਾਂ ਕਈ ਸਰਕਾਰੀ ਅਦਾਰਿਆਂ ਨੂੰ ਅਗਵਾ ਕੀਤਾ ਹੈ, ਇਹ ਕਿਸੇ ਤੋਂ ਛੁਪਿਆ ਹੋਇਆ ਨਹੀਂ। ਕੈਪਟਨ ਅਮਰਿੰਦਰ ਸਿੰਘ ਤੇ ਅਜੀਤ ਡੋਵਾਲ ਦੇ ਰਿਸ਼ਤਿਆਂ ਬਾਰੇ ਸਾਰੇ ਸੀਨੀਅਰ ਪੱਤਰਕਾਰ ਚੰਗੀ ਤਰ੍ਹਾਂ ਜਾਣੂ ਹਨ।
ਅਜੀਤ ਡੋਵਾਲ ਵਰਤਾਰੇ ਬਾਰੇ ਜਾਣਨਾ ਬੜਾ ਦਿਲਚਸਪ ਹੋਵੇਗਾ। ਭਾਵੇਂ ਦੇਸ਼ ਦੇ ਸਰਕਾਰੀ ਤਾਣੇ-ਬਾਣੇ ਵਿਚ ਇਹ ਵਰਤਾਰਾ ਕੋਈ ਨਿਵੇਕਲਾ ਨਹੀਂ, ਪਰ ਫਿਰ ਵੀ ਜਿਵੇਂ ਉਸ ਨੇ ਸਮੁੱਚੇ ਸਰਕਾਰੀ ਤੇ ਰਾਜਸੀ ਤੰਤਰ ਨੂੰ ਅਗਵਾ ਕੀਤਾ ਹੈ, ਇਹ ਆਪਣੀ ਮਿਸਾਲ ਆਪ ਹੈ। ਐਮਰਜੈਂਸੀ ਤੋਂ ਬਾਅਦ 1980ਵਿਆਂ ਵਿਚ ਜਦੋਂ ਇੰਦਰਾ ਗਾਂਧੀ ਮੁੜ ਤਾਕਤ ਵਿਚ ਆਈ ਤਾਂ ਉਸ ਨੇ ਦੇਸ਼ ਭਰ ਵਿਚ ਫੈਲੇ ਆਰਥਕ-ਸਿਆਸੀ-ਸਮਾਜੀ ਸੰਕਟ ਨਾਲ ਨਜਿਠਣ ਲਈ ਕਾਨੂੰਨੀ ਘੇਰਿਆਂ ਤੋਂ ਬਾਹਰ ਵਿਚਰਦੇ ਆਪਣੇ ਭਰੋਸੇਯੋਗ ਵਿਅਕਤੀਆਂ ਉਤੇ ਆਧਾਰਤ ਇਕ ਤੀਜੀ ਏਜੰਸੀ ਬਣਾਈ, ਜਿਸ ਨੂੰ ਬੇਪਨਾਹ ਤਾਕਤ ਤੇ ਪੈਸਾ ਦਿਤਾ ਗਿਆ। ਪੰਜਾਬ ਮਸਲੇ ਨਾਲ ਨਜਿਠਣ ਲਈ ਇਸ ਏਜੰਸੀ ਨੂੰ ਪੂਰੇ ਅਧਿਕਾਰ ਦਿਤੇ ਗਏ। ਇਸ ਏਜੰਸੀ ਨੇ ਪੰਜਾਬ ਮਸਲਾ ਕਿਵੇਂ ਹਲ ਕੀਤਾ ਜਾਂ ਕਿਵੇਂ ਹਲ ਨਹੀਂ ਹੋਣ ਦਿਤਾ, ਇਸ ਦੀ ਬੜੀ ਵਿਸਤ੍ਰਿਤ ਵਿਆਖਿਆ ਉਦੋਂ ਦੇ ਅੰਗਰੇਜੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼ ਦਲਬੀਰ ਸਿੰਘ ਨੇ ਆਪਣੀਆਂ ਅਨੇਕ ਲਿਖਤਾਂ ਵਿਚ ਕੀਤੀ ਹੈ। ਇਹ ਲਿਖਤਾਂ ਅਜੇ ਵੀ ਮੌਜੂਦ ਹਨ। ਇਸੇ ਤੀਜੀ ਏਜੰਸੀ ਦਾ ਵਿਸਥਾਰ ਇਹ ਅਜੀਤ ਡੋਵਾਲ ਵਰਤਾਰਾ ਹੈ। ਇਸ ਵਰਤਾਰੇ ਦੀ ਸ਼ੁਰੂਆਤ ਇਸ ਸਦੀ ਦੇ ਪਹਿਲੇ ਦਹਾਕੇ ਵਿਚ ਹੋਈ।
2009 ਵਿਚ ਅਜੀਤ ਡੋਵਾਲ ਨੇ ਆਰ. ਐਸ਼ ਐਸ਼ ਦੀਆਂ ਹਦਾਇਤਾਂ ਤੇ ਮਦਦ ਨਾਲ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਨਾਂ ਦਾ ਅਦਾਰਾ ਕਾਇਮ ਕੀਤਾ। ਇਸ ਅਦਾਰੇ ਵਿਚ ਆਰ. ਐਸ਼ ਐਸ਼ ਨਾਲ ਸਬੰਧਤ ਕੇਂਦਰੀ ਖੁਫੀਆ ਏਜੰਸੀਆਂ ਦੇ ਸਾਬਕਾ ਮੁਖੀ, ਸਾਬਕਾ ਫੌਜੀ ਜਰਨੈਲ, ਸਾਬਕਾ ਪੁਲਿਸ ਡੀ. ਜੀ. ਪੀ., ਪੁਲਿਸ ਅਫਸਰ, ਸਿਵਲ ਅਫਸਰ, ਮੀਡੀਆ ਮਾਲਕ, ਸੀਨੀਅਰ ਪੱਤਰਕਾਰ ਅਤੇ ਯੂਨੀਵਰਸਿਟੀਆਂ ਵਿਚ ਕੰਮ ਕਰਦੇ ਵਾਈਸ ਚਾਂਸਲਰ ਤੇ ਪ੍ਰੋਫੈਸਰ ਸ਼ਾਮਿਲ ਕੀਤੇ ਗਏ। ਇਸ ਅਦਾਰੇ ਕੋਲ ਕਿੰਨਾ ਕੁ ਪੈਸਾ ਹੋਵੇਗਾ, ਇਸ ਦਾ ਅੰਦਾਜ਼ਾ ਦਿੱਲੀ ਵਿਚ ਬਣੀ ਇਸ ਦੀ ਆਲੀਸ਼ਾਨ ਇਮਾਰਤ ਵੇਖ ਕੇ ਲਾਇਆ ਜਾ ਸਕਦਾ ਹੈ। ਇਨ੍ਹਾਂ ਪੰਜ-ਸੱਤ ਸੌ ਬੰਦਿਆਂ ਨੇ ਦੇਸ਼ ਦੀ ਰਾਜਸੱਤਾ ਹਥਿਆਉਣ ਲਈ ਇਕ ਖਾਕਾ (ਨੈਰੇਟਿਵ) ਤਿਆਰ ਕੀਤਾ। ਅੰਬਾਨੀ-ਅਡਾਨੀ-ਟਾਟਾ ਵਰਗੇ ਧਨਾਢਾਂ ਨਾਲ ਅਟੀ-ਸਟੀ ਲਾਈ। ਉਨ੍ਹਾਂ ਦੇ ਸਰਮਾਏ ਦੀ ਮਦਦ ਨਾਲ ਦੇਸ਼ ਦੇ ਲਗਪਗ ਸਮੁਚੇ ਮੀਡੀਏ ਉਤੇ ਕਬਜਾ ਕੀਤਾ। ਇਸ ਤਾਣੇ-ਬਾਣੇ ਤੇ ਆਰ. ਐਸ਼ ਐਸ਼ ਕਾਡਰ ਦੀ ਸਰਗਰਮ ਸ਼ਮੂਲੀਅਤ ਨਾਲ ਮੋਦੀ-ਸ਼ਾਹ ਜੋੜੀ ਨੂੰ ਲੀਡਰ ਵਜੋਂ ਉਭਾਰਿਆ ਗਿਆ ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿਚ ਦੇਸ਼ ਦੇ ਸਰਕਾਰੀ ਤੇ ਰਾਜਸੀ ਤੰਤਰ ਨੂੰ ਅਗਵਾ ਕਰਨ ਵਿਚ ਸਫਲਤਾ ਪ੍ਰਾਪਤ ਕਰ ਲਈ ਗਈ।
ਇਹ ਸਫਲਤਾ ਪ੍ਰਾਪਤ ਕਰਨ ਲਈ ਮਸ਼ੀਨਾਂ ਦੀ ਕਿੰਨੀ ਕੁ ਵਰਤੋਂ ਜਾਂ ਦੁਰਵਰਤੋਂ ਕੀਤੀ ਗਈ, ਇਹ ਇਕ ਖੁਲ੍ਹਾ ਭੇਦ ਬਣਿਆ ਰਿਹਾ। ਖੁਲ੍ਹਾ ਭੇਦ ਇਸ ਕਰਕੇ, ਕਿਉਂਕਿ ਬਾਮਸੇਫ ਦੀ ਇਕ ਧਿਰ ਦੇ ਮੁਖੀ ਵਾਮਨ ਮੇਸ਼ ਰਾਮ ਉਦੋਂ ਤੋਂ ਹੀ ਸੁਪਰੀਮ ਕੋਰਟ ਵਿਚ ਮਸ਼ੀਨਾਂ ਦੀ ਥਾਂ ਪਰਚੀਆਂ ਰਾਹੀਂ ਵੋਟ ਪਾਉਣ ਦੇ ਹੱਕ ਵਾਸਤੇ ਲੜ ਰਹੇ ਹਨ। ਉਨ੍ਹਾਂ ਦੀ ਇਸ ਲੜਾਈ ਕਰਕੇ ਹੀ ਸਾਰੀਆਂ ਵਿਰੋਧੀ ਪਾਰਟੀਆਂ ਦੇ ਮਨਾਂ ਵਿਚ ਮਸ਼ੀਨਾਂ ਪ੍ਰਤੀ ਸ਼ੰਕੇ ਪੈਦਾ ਹੋਏ।
ਦਿਲਚਸਪ ਗੱਲ ਇਹ ਹੈ ਕਿ ਚੋਣ ਮੁਹਿੰਮ ਅਰੰਭ ਹੋਣ ਤੋਂ ਪਹਿਲਾਂ ਤੋਂ ਲੈ ਕੇ ਅਖੀਰ ਤਕ ਲਗਪਗ ਸਾਰੀਆਂ ਵਿਰੋਧੀ ਪਾਰਟੀਆਂ ਚੋਣ ਕਮਿਸ਼ਨ ਨੂੰ ਮਿਲ ਕੇ ਪਰਚੀ ਰਾਹੀਂ ਵੋਟ ਪੁਆਉਣ ਦੀ ਮੰਗ ਕਰਦੀਆਂ ਰਹੀਆਂ ਹਨ। ਬੇਸ਼ਕ ਚੋਣ ਕਮਿਸ਼ਨ ਅਖੀਰ ਤਕ ਆਪਣੀ ਅੜੀ ਉਤੇ ਕਾਇਮ ਰਿਹਾ। ਇਸ ਤੋਂ ਵੀ ਦਿਲਚਸਪ ਗੱਲ ਇਹ ਹੈ ਕਿ ਵੋਟਾਂ ਦੀ ਗਿਣਤੀ ਹੋਣ ਤੋਂ ਸਿਰਫ ਇਕ ਦਿਨ ਪਹਿਲਾਂ ਸਾਰੀਆਂ ਵਿਰੋਧੀ ਪਾਰਟੀਆਂ ਦੀ, ਘੱਟੋ ਘੱਟ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਪੰਜ ਫੀਸਦੀ ਵੀ ਵੀ ਪੈਟ ਪਰਚੀਆਂ ਗਿਣਨ ਦੀ ਕੀਤੀ ਮੰਗ ਵੀ ਮੁਖ ਚੋਣ ਕਮਿਸ਼ਨਰ ਨੇ ਬੜੀ ਹਿਕਾਰਤ ਨਾਲ ਠੁਕਰਾ ਦਿਤੀ।
ਅਰੰਭ ਤੋਂ ਲੈ ਕੇ ਚੋਣ ਨਤੀਜਿਆਂ ਤਕ ਚਲੀ ਇਸ ਸਾਰੀ ਚੋਣ ਮੁਹਿੰਮ ਨੂੰ ਵੇਖ ਕੇ ਦੁਨੀਆਂ ਭਰ ਦੇ ਲੋਕ ਮਨਾਂ ਵਿਚ ਹੁਣ ਤਕ ਬੁਝਾਰਤ ਬਣਿਆ ਹੋਇਆ ਅਜਿਹਾ ਇਕ ਹੋਰ ਵਰਤਾਰਾ ਸਪਸ਼ਟ ਹੋ ਗਿਆ ਹੈ। ਲੋਕ ਮਨਾਂ ਵਿਚ ਅਜੇ ਤਕ ਇਹ ਇਕ ਬੁਝਾਰਤ ਬਣੀ ਹੋਈ ਹੈ ਕਿ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਹਿਟਲਰ ਵਰਗਾ ਵਿਅਕਤੀ ਚੋਣਾਂ ਜਿੱਤ ਕੇ ਜਰਮਨੀ ਦਾ ਚਾਂਸਲਰ ਕਿਵੇਂ ਬਣ ਗਿਆ? ਇਹ ਬਿਲਕੁਲ ਇਸੇ ਤਰ੍ਹਾਂ ਹੀ ਵਾਪਰਿਆ ਹੋਵੇਗਾ, ਜਿਵੇਂ ਹੁਣ ਮੋਦੀ-ਸ਼ਾਹ-ਡੋਵਾਲ ਜੁੰਡਲੀ ਚੋਣਾਂ ਜਿਤਣ ਦਾ ਫਰੇਬ ਕਰਕੇ ਦੇਸ਼ ਦੇ ਸਰਕਾਰੀ ਤੇ ਰਾਜਸੀ ਤੰਤਰ ਉਤੇ ਕਾਬਜ ਹੋ ਗਈ ਹੈ।
ਹਿਟਲਰ ਦੇ ਪ੍ਰਚਾਰ ਮੰਤਰੀ ਗੋਇਬਲਜ ਦਾ ਇਹ ਕਥਨ ਹੁਣ ਤਕ ਮਸ਼ਹੂਰ ਹੈ ਕਿ ਜੇ ਝੂਠ ਨੂੰ ਸੌ ਵਾਰ ਬੋਲਿਆ ਜਾਏ ਤਾਂ ਉਹ ਸੱਚ ਬਣ ਜਾਂਦਾ ਹੈ। ਇਸ ਚੋਣ ਮੁਹਿੰਮ ਵਿਚ ਇਹ ਵਰਤਾਰਾ ਵਾਪਰਦਾ ਹਰ ਇਕ ਦੇਸ਼ ਵਾਸੀ ਨੇ ਅਨੇਕ ਵਾਰ ਵੇਖਿਆ ਤੇ ਸੁਣਿਆ। ਹੁਣ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਸਾਡੇ ਦੇਸ਼ ਵਾਂਗ ਹੀ ਉਸ ਦੌਰ ਦਾ ਜਰਮਨੀ ਮੀਡੀਆ ਵੀ ਗੋਇਬਲਜ ਦਾ ਜਰਖਰੀਦ ਹੋਵੇਗਾ, ਜਿਹੜਾ ਭਾਰਤੀ ਮੀਡੀਏ ਵਾਂਗ ਹੀ ਉਸ ਦੇ ਝੂਠ ਨੂੰ ਸੱਚ ਬਣਾਉਣ ਲਈ ਸੌ-ਸੌ ਵਾਰ ਦੁਹਰਾਉਂਦਾ ਰਿਹਾ ਹੋਵੇਗਾ।
ਬੇਸ਼ਕ ਹਿਟਲਰ ਦਾ ਅੰਤ ਕਿਵੇਂ ਹੋਇਆ, ਜੇ ਉਸ ਵਲ ਨਿਗ੍ਹਾ ਮਾਰੀ ਜਾਵੇ ਤਾਂ ਬੰਦੇ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ; ਪਰ ਇਹ ਧਿਆਨ ਵਿਚ ਰੱਖਣ ਵਾਲੀ ਗੱਲ ਹੈ ਕਿ ਹਿਟਲਰ ਕਾਰਨ ਅਰੰਭ ਹੋਈ ਦੂਜੀ ਸੰਸਾਰ ਜੰਗ ਵਿਚ ਸੱਤ ਕਰੋੜ ਲੋਕ ਮਰੇ ਤੇ ਬਾਰ੍ਹਾਂ ਕਰੋੜ ਲੋਕ ਜਖਮੀ ਹੋਏ। ਹੋਰ ਸਾਧਨਾਂ ਦੀ ਜੋ ਤਬਾਹੀ ਹੋਈ, ਉਹ ਇਸ ਤੋਂ ਵਖਰੀ ਹੈ। ਇਹ ਤਥ ਧਿਆਨ ਵਿਚ ਰੱਖਣ ਵਾਲਾ ਹੈ ਕਿ ਜਦੋਂ ਹਿਟਲਰ ਨੇ ਰਾਜ ਸੱਤਾ ਹਥਿਆਈ ਸੀ ਤਾਂ ਸੰਸਾਰ ਸਾਮਰਾਜੀ ਪ੍ਰਬੰਧ ਬਿਲਕੁਲ ਅੱਜ ਵਾਂਗ ਹੀ ਬੜੇ ਗੰਭੀਰ ਆਰਥਕ-ਸਿਆਸੀ ਤੇ ਸਮਾਜੀ ਸੰਕਟ ਵਿਚੋਂ ਲੰਘ ਰਿਹਾ ਸੀ। ਅੱਜ ਵਾਂਗ ਹੀ ਸਾਰੇ ਸਾਮਰਾਜੀ ਤੇ ਸਮਾਜੀ ਵਿਰੋਧ ਆਪਣੇ ਸਿਖਰ ਵਲ ਵਧ ਰਹੇ ਸਨ, ਜਿਸ ਦਾ ਸਿਟਾ ਦੂਜੀ ਸੰਸਾਰ ਜੰਗ ਵਿਚ ਨਿਕਲਿਆ। ਹੁਣ ਵੀ ਬਿਲਕੁਲ ਓਹੀ ਹਾਲਾਤ ਹਨ। ਜੇ ਤੁਸੀਂ ਅਮਰੀਕਾ-ਚੀਨ, ਅਮਰੀਕਾ-ਰੂਸ ਤੇ ਅਮਰੀਕਾ-ਇਰਾਨ ਦੇ ਲਗਾਤਾਰ ਵਧ ਰਹੇ ਟਕਰਾਓ ਅਤੇ ਯੂਰਪੀਨ ਦੇਸ਼ਾਂ ਵਿਚ ਲਗਾਤਾਰ ਵਧ ਰਹੇ ਸਮਾਜੀ ਤਣਾਅ ਉਤੇ ਮੋਟੀ ਜਿਹੀ ਨਜ਼ਰ ਵੀ ਮਾਰੋ ਤਾਂ ਤੁਹਾਨੂੰ ਇਹ ਵਧ ਰਹੀਆਂ ਸਾਮਰਾਜੀ ਵਿਰੋਧਤਾਈਆਂ ਸਪਸ਼ਟ ਨਜ਼ਰ ਆ ਜਾਣਗੀਆਂ। ਨਿਰੰਤਰ ਵਧ ਰਹੇ ਆਰਥਕ ਸਮਾਜੀ-ਜਮਾਤੀ ਵਿਰੋਧ ਅੱਜ ਉਸ ਪੱਧਰ ਉਤੇ ਪਹੁੰਚ ਗਏ ਹਨ, ਜਿਥੇ ਸਮੁੱਚੀ ਮਨੁਖੀ ਸੋਚ ਤੇ ਰਾਜਪ੍ਰਬੰਧ ਵਿਚ ਵੱਡੀਆਂ ਤਬਦੀਲੀਆਂ ਲਿਆਂਦੇ ਬਿਨਾ ਇਨ੍ਹਾਂ ਟਕਰਾਵਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਸਕਦਾ। ਇਸ ਦਾ ਦੂਜਾ ਪੱਖ ਲਗਾਤਾਰ ਤੀਜੀ ਸਾਮਰਾਜੀ ਸੰਸਾਰ ਜੰਗ ਵਲ ਵਧ ਰਹੇ ਹਾਲਾਤ ਹਨ।
ਸੱਚਾਈ ਇਹ ਹੈ ਕਿ ਮਨੋ-ਕਲਪਿਤ ਬ੍ਰਹਮਾ ਵਿਚ ਯਕੀਨ ਕਰਨ ਵਾਲੇ ਉਚ ਜਾਤੀ ਬ੍ਰਾਹਮਣ-ਬਾਣੀਆ ਵਰਗ ਲਈ ਇਹ ਦੇਸ਼ ਅਡ-ਅਡ ਸੈਂਕੜੇ ਕੌਮੀਅਤਾਂ, ਭਾਈਚਾਰਿਆਂ ਜਾਂ ਅਨੇਕ ਮਤਾਂ ਨੂੰ ਮੰਨਣ ਵਾਲੇ ਕਰੋੜਾਂ ਲੋਕਾਂ ਦੀ ਵਸੇਬ ਨਹੀਂ, ਸਗੋਂ ਇਕ ਇੰਡੀਅਨ ਪ੍ਰਾਜੈਕਟ ਹੈ, ਜਿਸ ਨੂੰ ਉਨ੍ਹਾਂ ਨੇ ਕੁਦਰਤੀ ਨੇਮਾਂ ਅਨੁਸਾਰ ਨਹੀਂ, ਸਗੋਂ ਆਪਣੀ ਮਨਮਰਜੀ ਨਾਲ ਚਲਾਉਣ ਦਾ ਇਰਾਦਾ ਕੀਤਾ ਹੋਇਆ ਹੈ। ਇਸ ਵਾਸਤੇ ਉਨ੍ਹਾਂ ਕੋਲ ਸਦੀਆਂ ਦੇ ਅਜਮਾਏ ਨੇਮ ਸਾਮ-ਦਾਮ-ਦੰਡ-ਭੇਦ ਮੌਜੂਦ ਹਨ। ਇਨ੍ਹਾਂ ਨੇਮਾਂ ਦੀ ਇਸ ਚੋਣ ਮੁਹਿੰਮ ਵਿਚ ਉਨ੍ਹਾਂ ਨੇ ਰੱਜ ਕੇ ਵਰਤੋਂ ਕੀਤੀ ਹੈ। ਕਸ਼ਮੀਰੀ, ਸਿੱਖ, ਦਲਿਤ ਤੇ ਆਦਿਵਾਸੀ ਇਸ ਕਲਪਿਤ ਪ੍ਰਾਜੈਕਟ ਦੀਆਂ ਸ਼ਿਕਾਰ ਹੋਈਆਂ ਸਪਸ਼ਟ ਮਿਸਾਲਾਂ ਸਾਡੇ ਸਾਹਮਣੇ ਹਨ, ਪਰ ਸਮਸਿਆ ਇਹ ਹੈ ਕਿ ਹੁਣ ਕੁਦਰਤ ਨੇ ਮਨੁਖ ਜਾਤੀ ਦੇ ਬਾਕੀ ਸਾਰੇ ਰਾਹ ਬੰਦ ਕਰ ਦਿਤੇ ਹਨ।
ਹੁਣ ਮਨੁਖ ਜਾਤੀ ਕੋਲ ਸਿਰਫ ਇਕੋ-ਇਕ ਰਾਹ ਬਚਿਆ ਹੈ ਕਿ ਉਹ ਕੁਦਰਤੀ ਨੇਮਾਂ ਅਨੁਸਾਰ ਜ਼ਿੰਦਗੀ ਜਿਉਂਦਿਆਂ ਹੀ ਦਰਪੇਸ਼ ਮੌਜੂਦਾ ਸਮੱਸਿਆਵਾਂ ਦਾ ਹਲ ਕਰ ਸਕਦਾ ਹੈ। ਪੱਛਮੀ ਦੇਸ਼ਾਂ ਵਿਚ ਗਰੀਨ ਪਾਰਟੀਆਂ ਨੂੰ ਮਿਲ ਰਿਹਾ ਹੁੰਗਾਰਾ ਇਧਰ ਹੀ ਇਸ਼ਾਰਾ ਕਰਦਾ ਹੈ, ਅਰਥਾਤ ਆਪਣੀਆਂ ਕੁਦਰਤੀ ਲੋੜਾਂ ਪਛਾਣੋ ਤੇ ਰਲ-ਮਿਲ ਕੇ ਜ਼ਿੰਦਗੀ ਦਾ ਅਨੰਦ ਮਾਣੋ। ਰਲ-ਮਿਲ ਕੇ ਕਿਰਤ ਕਰੋ-ਆਪਣੀਆਂ ਸੀਮਤ ਲੋੜਾਂ ਦੀ ਪੂਰਤੀ ਕਰਦਿਆਂ ਵੰਡ ਛਕੋ ਤੇ ਮਨੁਖੀ-ਪਰਿਵਾਰਕ ਤੇ ਸਮਾਜੀ ਰਿਸ਼ਤਿਆਂ ਨੂੰ ਅਮੀਰ ਬਣਾਉਂਦਿਆਂ ਕੁਦਰਤ ਦੇ ਕਣ-ਕਣ ਵਿਚੋਂ ਪ੍ਰਗਟ ਹੋਣ ਵਾਲੇ ਏਕੋ ਕਰਤਾ ਦੇ ਗੁਣ ਗਾਓ, ਜਿਸ ਦੀ ਸ਼ਨਾਖਤ ਕੁਦਰਤ ਵਿਚੋਂ ਹੁੰਦੀ ਹੈ। ਜਿਵੇਂ-ਜਿਵੇਂ ਇਸ ਦੇਸ਼ ਦੇ ਲੋਕ ਆਪਣੀ ਅਸਲੀ ਹੋਂਦ ਪਛਾਣਨਗੇ, ਤਿਵੇਂ-ਤਿਵੇਂ ਉਹ ਇਸ ਕਲਪਿਤ ਪ੍ਰਾਜੈਕਟ ਦਾ ਵਿਰੋਧ ਕਰਨਗੇ। ਆਲਮੀ ਰਾਜਨੀਤੀ ਇਨ੍ਹਾਂ ਵਿਰੋਧਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਇਹ ਆਉਣ ਵਾਲਾ ਸਮਾਂ ਦਸੇਗਾ।