ਬਲਵਿੰਦਰ ਫਿੱਡਾ ਡਰੱਗ ਬਿਨਾ ਸਿਰੇ ਦੀ ਕਬੱਡੀ ਖੇਡਿਆ

ਪ੍ਰਿੰ. ਸਰਵਣ ਸਿੰਘ
ਅੱਜ ਕੱਲ੍ਹ ਬਹੁਤ ਸਾਰੇ ਖਿਡਾਰੀ ਡਰੱਗ ਦੇ ਸਹਾਰੇ ਕਬੱਡੀ ਖੇਡਣ ਲੱਗ ਪਏ ਹਨ। ਉਹੀ ਡਰੱਗ ਉਨ੍ਹਾਂ ਲਈ ਘਾਤਕ ਸਿੱਧ ਹੋ ਰਹੀ ਹੈ। ਡਰੱਗੀ ਖਿਡਾਰੀਆਂ ਦਾ ਖੇਡ-ਕਾਲ ਘਟ ਰਿਹੈ, ਕੁਝ ਅਪਾਹਜ ਤੇ ਨਿਪੁੰਸਕ ਹੋ ਰਹੇ ਹਨ ਤੇ ਕਈ ਮੌਤ ਦੇ ਮੂੰਹ ਵੀ ਜਾ ਪਏ ਹਨ। ਬਲਵਿੰਦਰ ਫਿੱਡਾ ਆਪਣੇ ਸਮੇਂ ਦਾ ਨਾਮੀ ਖਿਡਾਰੀ ਸੀ। ਉਹ ਪੱਚੀ ਵਰ੍ਹੇ ਉੱਚ ਪਾਏ ਦੀ ਕਬੱਡੀ ਖੇਡਿਆ। ਉਸ ਨੇ ਕਬੱਡੀ ਦੇ ਸਿਰੋਂ ਲੱਖਾਂ-ਕਰੋੜਾਂ ਕਮਾਏ ਤੇ ਨਾਮਣਾ ਉਸ ਤੋਂ ਵੀ ਵੱਧ। ਉਹਦਾ ਨਾਂ ਲੱਖਾਂ ਵਾਰ ਹਵਾ ‘ਚ ਗੂੰਜਿਆ ਤੇ ਹਜ਼ਾਰਾਂ ਵਾਰ ਲਿਖਿਆ ਗਿਆ। ਕਬੱਡੀ ਜਗਤ ਵਿਚ ਉਹਦੀ ਮਸ਼ਹੂਰੀ ਦਾ ਕੋਈ ਹੱਦ-ਬੰਨਾ ਨਾ ਰਿਹਾ।

ਉਸ ਨੇ ਧਨੰਤਰ ਧਾਵੀ ਦਾ ਮੁਕਾਮ ਹਾਸਲ ਕੀਤਾ ਹੋਇਆ ਸੀ। ਉਹ ਲੱਖਾਂ ਦਿਲਾਂ ਦੀ ਧੜਕਣ ਸੀ। ਉਹ ਪਹਿਲਾ ਖਿਡਾਰੀ ਸੀ, ਜਿਸ ਨੇ ਕਬੱਡੀ ਨੂੰ ਪੌਂਡਾਂ ਤੇ ਡਾਲਰਾਂ ਦੇ ਰਾਹ ਪਾਇਆ। ਅੱਜ ਜੋ ਵੱਡੇ ਵੱਡੇ ਇਨਾਮ ਕਬੱਡੀ ਖਿਡਾਰੀਆਂ ਨੂੰ ਮਿਲ ਰਹੇ ਹਨ, ਉਹਦਾ ਤੋਰਾ ਫਿੱਡੂ ਦੀ ਖੇਡ ਨੇ ਤੋਰਿਆ ਸੀ।
ਫਿੱਡੂ ਦਾ ਜਨਮ 23 ਮਾਰਚ 1956 ਨੂੰ ਪਿੰਡ ਟਾਂਡੀ ਜਿਲਾ ਕਪੂਰਥਲਾ ਵਿਚ ਸਾਧਾਰਨ ਕਿਸਾਨ ਬੰਤਾ ਸਿੰਘ ਦੇ ਘਰ ਮਾਤਾ ਚਰਨ ਕੌਰ ਦੀ ਕੁੱਖੋਂ ਹੋਇਆ। ਪਿੱਛੇ ਜਿਹੇ ਉਹ ਐਸ਼ ਪੀ. ਪੰਜਾਬ ਪੁਲਿਸ ਦੇ ਅਹੁਦੇ ਤੋਂ ਰਿਟਾਇਰ ਹੋਇਆ ਅਤੇ ਅੱਜ ਕੱਲ੍ਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਰਹਿੰਦਾ ਹੈ। ਸੈਰ ਕਰਦਿਆਂ ਸਾਡਾ ਅਕਸਰ ਮੇਲ ਹੋ ਜਾਂਦੈ। ਉਸ ਨੂੰ ਸੈਂਕੜੇ ਇਨਾਮਾਂ ਸਨਮਾਨਾਂ ਦੇ ਨਾਲ ਭਾਰਤ ਸਰਕਾਰ ਦਾ ਖੇਡ ਪੁਰਸਕਾਰ ਅਰਜਨ ਅਵਾਰਡ ਵੀ ਮਿਲ ਚੁਕੈ।
ਫਿੱਡੂ ਪੱਚੀ ਸਾਲ ਖੇਡ ਮੇਲਿਆਂ ‘ਤੇ ਜਾਂਦਾ ਰਿਹਾ। ਕਈ ਥਾਂਈਂ ਉਸ ਨੂੰ ਸਿੱਕਿਆਂ ਨਾਲ ਤੋਲਿਆ ਜਾਂਦਾ। ਗਲ ਵਿਚ ਫੁੱਲਾਂ ਤੇ ਨੋਟਾਂ ਦੇ ਹਾਰ ਪੈਂਦੇ। 2006 ‘ਚ ਕਪੂਰਥਲੇ ਦੇ ਕਬੱਡੀ ਟੂਰਨਾਮੈਂਟ ਵਿਚ ਉਸ ਨੂੰ ਮਹਿੰਗੀ ਕਾਰ ਨਾਲ ਸਨਮਾਨਿਆ ਗਿਆ। ਪੁਲਿਸ ਵਿਚ ਭਰਤੀ ਹੋਣ ਵੇਲੇ ਉਹ ਕਾਂਸਟੇਬਲ ਸੀ। ਕਬੱਡੀ ਦੇ ਸਿਰ ‘ਤੇ ਉਹ ਐਸ਼ ਪੀ. ਬਣ ਕੇ ਰਿਟਾਇਰ ਹੋਇਆ।
ਕਬੱਡੀ ਤੇ ਫਿੱਡਾ ਹੀਰ-ਰਾਂਝੇ ਵਾਂਗ ਜੁੜੇ ਨਾਂ ਹਨ। ਫਿੱਡੇ ਨੇ ਕਬੱਡੀ ਨੂੰ ਕੱਲਰਾਂ ਦੀ ਖੇਡ ਤੋਂ ਖੇਡ ਭਵਨਾ ਦੀ ਖੇਡ ਬਣਾਇਆ ਤੇ ਕਬੱਡੀ ਨੇ ਵੀ ਉਸ ਨੂੰ ਮਾਲਾ ਮਾਲ ਕੀਤਾ। ਉਹ ਲੰਮਾ ਸਮਾਂ ਉੱਚ ਪੱਧਰੀ ਕਬੱਡੀ ਖੇਡਣ ਦੇ ਬਾਵਜੂਦ ਇਕ ਵਾਰ ਵੀ ਡਰੱਗ ਦੇ ਨਸ਼ੇ ਵਿਚ ਨਹੀਂ ਸੀ ਖੇਡਿਆ। ਉਸ ਨੇ ਆਪਣੀ ਜ਼ੋਰਦਾਰ ਖੇਡ ਨਾਲ ਹੀ ਲੱਖਾਂ ਫੈਨ ਬਣਾਏ। ਇਹ ਸਤਰਾਂ ਲਿਖਦਿਆਂ ਮੈਨੂੰ ਉਹਦੀ ਖੇਡ ਤੇ ਉਹਦੇ ਵਿਹਾਰ ਦੇ ਅਨੇਕਾਂ ਦ੍ਰਿਸ਼ ਯਾਦ ਆ ਰਹੇ ਹਨ, ਜਿਨ੍ਹਾਂ ‘ਚੋਂ ਕੁਝ ਇਕਨਾਂ ਦਾ ਜ਼ਿਕਰ ਕਰਨਾ ਵਾਜਬ ਹੋਵੇਗਾ।
ਫਿੱਡੂ ਦੱਸਦਾ ਹੈ ਕਿ 1976-77 ‘ਚ ਉਹਦੀ ਟੀਮ ਨੂੰ ਪੰਜ ਹਜ਼ਾਰ ਰੁਪਏ ਦਾ ਪਹਿਲਾ ਵੱਡਾ ਇਨਾਮ ਮਹਿਦੀਆਣਾ ਸਾਹਿਬ ਤੋਂ ਮਿਲਿਆ ਸੀ। ਗੁਰਦੁਆਰਾ ਮਹਿਦੀਆਣਾ ਸਾਡੇ ਪਿੰਡ ਚਕਰ, ਲੱਖੇ, ਮਾਣੂੰਕੇ ਤੇ ਮੱਲ੍ਹੇ ਦੇ ਵਿਚਕਾਰ ਹੈ। ਉਥੇ ਮਾਈਕ ਮੇਰੇ ਹੱਥ ‘ਚ ਸੀ। ਇਕ ਪਾਸੇ ਕਪੂਰਥਲੇ ਦੀ ਟੀਮ ਸੀ ਤੇ ਦੂਜੇ ਪਾਸੇ ਲੁਧਿਆਣੇ ਦੀ। ਅਸੀਂ ਫਿੱਡੂ ਨੂੰ ਪੰਜ ਸੌ ਦੀ ਸਾਈ ਦੇ ਕੇ ਪੰਜ ਹਜ਼ਾਰੀ ਮੈਚ ਖੇਡਣ ਲਈ ਲਿਆਏ ਸਾਂ। ਫਿੱਡੂ ਤੇ ਉਹਦੇ ਸਾਥੀਆਂ ਨੂੰ ਸੱਚ ਨਹੀਂ ਸੀ ਆ ਰਿਹਾ ਕਿ ਕਬੱਡੀ ਖੇਡਣ ਦੇ ਸੱਚਮੁੱਚ ਪੰਜ ਹਜ਼ਾਰ ਮਿਲਣਗੇ! ਮਿਲੇ ਤਾਂ ਵੱਡੇ ਇਨਾਮਾਂ ਦਾ ਤੋਰਾ ਤੁਰ ਪਿਆ। ਇਉਂ ਕਬੱਡੀ ਮਹਿਦੀਆਣੇ ਦੇ ਮੈਚ ਤੋਂ ਪੇਸ਼ੇਵਰ ਖੇਡ ਬਣਨ ਦੇ ਰਾਹ ਪਈ। ਫਿੱਡੂ ਦਾ ਭਾਅ ਪੰਜ ਹਜ਼ਾਰ ਤੋਂ ਵਧਦਾ ਵਧਦਾ ਵੈਨਕੂਵਰ ਵਿਚ ਇਕ ਪੁਆਇੰਟ ਉਤੇ ਇਕ ਲੱਖ ਰੁਪਏ ਤਕ ਜਾ ਪੁੱਜਾ।
ਲੱਖ ਰੁਪਏ ਦੀ ਗੱਲ ਵੀ ਸੁਣ ਲਓ। 6 ਅਗਸਤ 1995 ਨੂੰ ਵੈਨਕੂਵਰ ਦੇ ਬੀ. ਸੀ. ਪਲੇਸ ਵਿਚ ਕਬੱਡੀ ਦਾ ਵਰਲਡ ਕੱਪ ਸੀ। ਪੰਦਰਾਂ ਹਜ਼ਾਰ ਦਰਸ਼ਕਾਂ ਦਾ ‘ਕੱਠ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਦਾ ਫਾਈਨਲ ਮੈਚ ਵੇਖਣ ਢੁੱਕਾ ਸੀ। ਜਦੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਜੁਆਨ ਮੈਦਾਨ ਵਿਚ ਨਿੱਤਰੇ ਤਾਂ ਮੈਂ ਮਾਈਕ ਤੋਂ ਭੂਮਿਕਾ ਬੰਨ੍ਹੀ, “ਲਓ ਆ ਗਏ ਪੰਜਾਬ ਦੇ ਬੱਬਰ ਸ਼ੇਰ। ਮਾਂਵਾਂ ਦੇ ਬਲੀ ਪੁੱਤਰ। ਬਾਘੀਆਂ ਪਾਉਂਦੇ ਤੇ ਥਾਪੀਆਂ ਮਾਰਦੇ। ਸੋਹਣੇ ਸਡੌਲ ਜੁੱਸੇ, ਮੇਹਲਦੇ ਤੇ ਮਚਲਦੇ। ਨਿਗਾਹਾਂ ਤਿਲ੍ਹਕ ਤਿਲ੍ਹਕ ਪੈਂਦੀਆਂ। ਇਨ੍ਹਾਂ ਦੀ ਚੜ੍ਹਤ ਵੇਖੋ ਤੇ ਵੇਖਿਓ ਇਨ੍ਹਾਂ ਦੀਆਂ ਪਕੜਾਂ। ਇਕ ਇਕ ਕਬੱਡੀ ਲੱਖ-ਲੱਖ ਦੀ ਪਊ, ਜੋ ਸੇਰ-ਸੇਰ ਲਹੂ ਵਧਾਊ। ਲਓ ਟੇਕ’ਤਾ ਧਰਤੀ ਮਾਂ ਨੂੰ ਮੱਥਾ ਤੇ ਹੋਣ ਲੱਗੇ ਆ ਨਿਤਾਰੇ…।”
ਮੈਚ ਸ਼ੁਰੂ ਹੋਇਆ ਤਾਂ ਇਕ ਪਾਕਿਸਤਾਨੀ ਸੱਜਣ ਨੇ ਮੈਨੂੰ ਕਿਹਾ, ਪਈ ਐਲਾਨ ਕਰ ਦਿਓ ਕਿ ਪਾਕਿਸਤਾਨ ਦਾ ਜਿਹੜਾ ਜਾਫੀ ਇੰਡੀਆ ਦੇ ਫਿੱਡੂ ਜਾਂ ਹਰਜੀਤ ਨੂੰ ਡੱਕ ਗਿਆ, ਉਹਨੂੰ ਪਾਕਿਸਤਾਨੀ ਕਰੰਸੀ ਵਿਚ ਇਕ ਲੱਖ ਰੁਪਿਆ ਇਨਾਮ ਦਿੱਤਾ ਜਾਵੇਗਾ, ਪਰ ਨਾ ਫਿੱਡੂ ਡੱਕਿਆ ਗਿਆ ਤੇ ਨਾ ਹੀ ਹਰਜੀਤ ਬਾਜਾਖਾਨਾ। ਟੋਰਾਂਟੋ ਵਿਚ ਫਿੱਡੂ ਦੀ ਇਕ ਰੇਡ ਉਤੇ ਤਿੰਨ ਹਜ਼ਾਰ ਡਾਲਰ ਇਨਾਮ ਲੱਗ ਗਿਆ ਸੀ। ਟੋਰਾਂਟੋ ਦੇ ਇਕ ਮੈਚ ਵਿਚ ਸਰੀਰ ਕਸਰਿਆ ਹੋਣ ਕਰਕੇ ਫਿੱਡੂ ਕਬੱਡੀ ਨਹੀਂ ਸੀ ਪਾ ਰਿਹਾ। ਇਕ ਸਰਦਾਰ ਨੇ ਪੰਜ ਸੌ ਡਾਲਰ ਫੜਾਉਂਦਿਆਂ ਮੈਨੂੰ ਕਿਹਾ ਕਿ ਫਿੱਡੂ ਤੋਂ ਕਬੱਡੀ ਪੁਆ ਦਿਓ ਤਾਂ ਇਹ ਇਨਾਮ ਉਹਦਾ। ਫਿੱਡੂ ਕੱਛਾਂ ‘ਚ ਹੱਥ ਦੇਈ ਖੜ੍ਹਾ ਸੀ। ਜਦੋਂ ਮੈਂ ਮਾਈਕ ਤੋਂ ਪੰਜ ਸੌ ਡਾਲਰਾਂ ਦਾ ਐਲਾਨ ਕੀਤਾ ਤਾਂ ਫਿੱਡੂ ਨੇ ਖੜ੍ਹੇ ਖੜੋਤੇ ਛਾਲ ਮਾਰੀ ਤੇ ਥਾਪੀ ਮਾਰ ਕੇ ਕਬੱਡੀ ਪਾਉਣ ਲੱਗਾ। ਫਿੱਡੂ ਪੈਸੇ ਦਾ ਪੀਰ ਸੀ ਅਤੇ ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਸੀ।
1990 ਦੀ ਗੱਲ ਹੈ। ਅਮਰੀਕਾ ਵਿਚ ਪੰਜਾਬੀਆਂ ਦੇ ਗੜ੍ਹ ਯੂਬਾ ਸਿਟੀ ‘ਚ ਦੀਦਾਰ ਸਿੰਘ ਬੈਂਸ ਹੋਰਾਂ ਨੇ ਮੈਨੂੰ ਮਾਈਕ ਦੀ ਥਾਂ ਵਿਸਲ ਫੜਾ ਦਿੱਤੀ। ਮੇਰੇ ਹੱਥ ਵਿਸਲ ਫੜੀ ਵੇਖ ਕੇ ਫਿੱਡੂ ਕਹਿਣ ਲੱਗਾ, “ਭਾਅ ਜੀ ਮੇਰੀ ਬਾਹਰ ਬੜੀ ਬਣੀ ਹੋਈ ਜੇ, ਮੇਰਾ ਖਿਆਲ ਰੱਖਣਾ।”
ਮੈਂ ਆਖਿਆ, “ਮੈਂ ਸਭ ਦਾ ਖਿਆਲ ਰੱਖਾਂਗਾ। ਜੇ ਤੈਂ ਕਿਸੇ ਦੇ ਮੂੰਹ ‘ਤੇ ਹੱਥੜ ਮਾਰਿਆ ਤਾਂ ਤੇਰੇ ਖਿਲਾਫ ਵੀ ‘ਪੈਂਟ’ ਦੇਵਾਂਗਾ।”
ਫਿੱਡੂ ਸਾਫ ਸੁਥਰੀ ਖੇਡ ਖੇਡਿਆ। ਜਦੋਂ ਉਹ ਕਬੱਡੀ ਪਾਉਣ ਜਾਂਦਾ ਤਾਂ ਦਰਸ਼ਕ ਕੂਕਦੇ, “ਫੜ-ਲੋ ਇਹਨੂੰ, ਪੈ-ਜੋ ਲੱਤੀਂ। ਜਾਵੇ ਨਾ ਐਤਕੀਂ, ਰੱਖ-ਲੋ ‘ਕੇਰਾਂ…।”
ਪਰ ਉਹ ਕਿਸੇ ਤੋਂ ਡੱਕਿਆ ਨਹੀਂ ਸੀ ਜਾ ਰਿਹਾ। ਮੈਚ ਦੇ ਅਖੀਰ ਵਿਚ ਉਹ ਇਕ ਵਾਰ ਡੱਕਿਆ ਗਿਆ ਤਾਂ ਦਰਸ਼ਕ ਬੇਹੱਦ ਖੁਸ਼ ਹੋਏ। ਉਨ੍ਹਾਂ ਨੇ ਬੀਅਰ ਦੀਆਂ ਡੱਬੀਆਂ ਹਵਾ ‘ਚ ਚਲਾ ਮਾਰੀਆਂ ਤੇ ਪਾਣੀ ਪਿਆਉਣ ਵਾਲਿਆਂ ਨੇ ਜੱਗ ਉਛਾਲ ਦਿੱਤੇ। ਹਾਤ-ਹੂਤ ਕਰਦੇ ਕਈ ਛੋਕਰੇ ਚੀਕਾਂ ਮਾਰਨ ਲੱਗੇ ਜਿਵੇਂ ਦੋਗਲੇ ਵਛੜੇ ਰੰਭਦੇ ਹੋਣ!
ਯੂਬਾ ਸਿਟੀ ਪਿੱਛੋਂ ਵੈਨਕੂਵਰ ਦਾ ਖੇਡ ਮੇਲਾ ਭਰਿਆ। ਉਥੇ ਫਿੱਡੂ ਇਕ ਵਾਰ ਵੀ ਨਾ ਡੱਕ ਹੋਇਆ। ਮੈਚ ਮੁੱਕੇ ਤਾਂ ਅਸੀਂ ਵੇਖਿਆ, ਇਕ ਸ਼ਰਾਬੀ ਬਾਬਾ ਰੁੱਖ ਨੂੰ ਜੱਫੇ ਮਾਰਦਾ ਆਖੀ ਜਾਵੇ, “ਮੈਂ ਮਣ ਘਿਓ ਖੁਆ ਦੇਣਾ ਆਵਦੇ ਮੁੰਡੇ ਨੂੰ, ਅਗਲੇ ਸਾਲ ਫਿੱਡੂ ਨੂੰ ਜੱਫਾ ਲੁਆਉਣਾ!”
ਫਿੱਡੂ ਨੂੰ ਲੋਕਾਂ ਨੇ ਪਿੰਡਾਂ ਦੇ ਟੂਰਨਾਮੈਂਟਾਂ ‘ਚ ਵੀ ਖੇਡਦੇ ਵੇਖਿਆ ਤੇ ਦੇਸਾਂ-ਪਰਦੇਸਾਂ ਦੇ ਵੱਡੇ ਖੇਡ ਮੇਲਿਆਂ ਵਿਚ ਵੀ। ਉਹ ਮੋਢਿਆਂ ‘ਤੇ ਚੁੱਕਿਆ ਜਾਂਦਾ ਤੇ ਉਹਦੇ ਬੋਝੇ ਡਾਲਰਾਂ-ਪੌਂਡਾਂ ਨਾਲ ਭਰ ਦਿੱਤੇ ਜਾਂਦੇ। ਕਬੱਡੀ ਪ੍ਰੇਮੀ ਉਹਦੇ ਨਾਲ ਹੱਥ ਮਿਲਾਉਣ ਤੇ ਫੋਟੋ ਖਿਚਾਉਣ ਨੂੰ ਧੰਨਭਾਗ ਸਮਝਦੇ। ਉਹਦੀ ਖੇਡ ਉਤੇ ਡਾਲਰਾਂ ਤੇ ਪੌਂਡਾਂ ਦਾ ਮੀਂਹ ਵਰ੍ਹਦਾ। ਕੋਈ ਉਹਨੂੰ ‘ਪੰਜਾਬ ਦਾ ਟਰੱਕ’ ਕਹਿੰਦਾ ਤੇ ਕੋਈ ‘ਹੀਰੋ ਆਫ ਫਾਈਵ ਰਿਵਰਜ਼।’ ਉਸ ਨੂੰ ‘ਕਬੱਡੀ ਦਾ ਰੁਸਤਮੇ ਹਿੰਦ’ ਵੀ ਕਿਹਾ ਜਾਂਦਾ। ਦਾਇਰੇ ਵਾਲੀ ਕਬੱਡੀ ਤੋਂ ਬਿਨਾ ਉਸ ਨੇ ਕਬੱਡੀ ਨੈਸ਼ਨਲ ਸਟਾਈਲ ਵਿਚ ਵੀ ਧੁੰਮਾਂ ਪਾਈਆਂ ਤੇ ਪੰਜਾਬ ਲਈ ਅਨੇਕਾਂ ਵਾਰ ਕਬੱਡੀ ਦੀ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ। ਪੁਲਿਸ ਖੇਡਾਂ ਵਿਚ ਤਾਂ ਉਹ ਹਮੇਸ਼ਾ ਹੀ ਨੈਸ਼ਨਲ ਕਬੱਡੀ ਦਾ ਸਰਵੋਤਮ ਖਿਡਾਰੀ ਸਿੱਧ ਹੁੰਦਾ ਸੀ।
ਉਹ ਜਦੋਂ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਲੱਗਾ ਤਾਂ ਸਭ ਤੋਂ ਨਿੱਕੇ ਕੱਦ ਵਾਲਾ ਬੱਚਾ ਸੀ। ਇਕ ਮਾਸਟਰ ਨੇ ਉਸ ਨੂੰ ਵੈਸੇ ਹੀ ‘ਮਿੱਡਾ ਜਿਹਾ’ ਕਹਿ ਦਿੱਤਾ। ਉਹਦੇ ਜਮਾਤੀ ਉਸ ਨੂੰ ਮਿੱਡੇ ਤੋਂ ਫਿੱਡਾ ਕਹਿਣ ਲੱਗ ਪਏ ਤੇ ਉਹਦਾ ਨਾਂ ਹੀ ਫਿੱਡਾ ਪੱਕ ਗਿਆ। ਕੋਈ ਫਿੱਡਾ ਕਹਿੰਦਾ, ਕੋਈ ਫਿੱਡੂ। ਜੇ ਬਲਵਿੰਦਰ ਫਿੱਡਾ ਡਰੱਗ ਲਏ ਬਿਨਾ ਪੱਚੀ ਸਾਲ ਸਿਰੇ ਦੀ ਕਬੱਡੀ ਖੇਡ ਗਿਆ ਤਾਂ ਅਜੋਕੇ ਖਿਡਾਰੀ ਡਰੱਗ ਦੇ ਟੀਕੇ ਲੁਆਉਣ ਤੋਂ ਬਿਨਾ ਲੰਮਾ ਸਮਾਂ ਕਿਉਂ ਨਹੀਂ ਖੇਡ ਸਕਦੇ?