ਸ਼ਮਸ਼ੇਰ ਸੰਧੂ ਦਾ ਸਮਾਂ, ਸੁਰਾਂ ਅਤੇ ਸਾਜ਼

ਸ਼ਮਸ਼ੇਰ ਸੰਧੂ ਨੂੰ ਬਹੁਤੇ ਲੋਕ, ਗੀਤਕਾਰ ਵਜੋਂ ਹੀ ਜਾਣਦੇ ਹਨ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਸ ਨੇ ਕਮਾਲ ਦੀਆਂ ਕਹਾਣੀਆਂ ਵੀ ਲਿਖੀਆਂ ਹਨ ਅਤੇ ਉਸ ਦਾ ਰੁਜ਼ਗਾਰ ਮੂਲ ਰੂਪ ਵਿਚ ਪੱਤਰਕਾਰੀ ਸੀ। ਸ਼ਮਸ਼ੇਰ ਸੰਧੂ ਦੇ ਕੁਲੀਗ ਅਤੇ ਯਾਰ ਗੁਰਦਿਆਲ ਸਿੰਘ ਬੱਲ ਨੇ ਆਪਣੇ ਇਸ ਲੰਮੇ ਲੇਖ ਵਿਚ ਉਸ ਬਾਰੇ ਜੋ ਕਥਾ ਸੁਣਾਈ ਹੈ, ਉਹ ਨਿਵੇਕਲੀ ਤਾਂ ਹੈ ਹੀ, ਇਸ ਵਿਚ ਜ਼ਿੰਦਗੀ ਨੂੰ ਸਮਝਣ-ਸਮਝਾਉਣ ਲਈ ਖੋਲ੍ਹੀਆਂ ਘੁੰਡੀਆਂ ਬੜਾ ਦਿਲਚਸਪ ਮੰਜ਼ਰ ਬੰਨ੍ਹਦੀਆਂ ਹਨ।

ਲੇਖ ਦੀ ਪਹਿਲੀ ਕਿਸ਼ਤ ਹਾਜ਼ਰ ਹੈ। -ਸੰਪਾਦਕ

ਗੁਰਦਿਆਲ ਸਿੰਘ ਬੱਲ

ਕੰਵਲਜੀਤ ਸਿੰਘ ਨਾਂ ਦੇ ਸੱਜਣ ਦਾ ਦੋ ਵਾਰੀ ਈ-ਮੇਲ ਸੁਨੇਹਾ ਮਿਲਿਆ। ਉਹ ਸਾਡੇ ਸਾਥੀ ਸ਼ਮਸ਼ੇਰ ਸੰਧੂ ਬਾਰੇ ਯਾਦਾਂ ਦੀ ਪੁਸਤਕ ਤਿਆਰ ਕਰ ਰਿਹਾ ਹੈ। ਉਸ ਦੀ ਚਾਹਤ ਹੈ ਕਿ ਸ਼ਮਸ਼ੇਰ ਨਾਲ ‘ਪੰਜਾਬੀ ਟ੍ਰਿਬਿਊਨ’ ਵਿਚ ਇਕੱਠਿਆਂ ਗੁਜ਼ਾਰੇ ਕਰੀਬ ਦੋ ਦਹਾਕਿਆਂ ਦੇ ਲੰਮੇ ਸਮੇਂ ਦੌਰਾਨ ਉਸ ਦੀ ਸ਼ਖਸੀਅਤ ਬਾਰੇ ਬਣੇ ਆਪਣੇ ਨਿੱਜੀ ਪ੍ਰਭਾਵਾਂ ਦੇ ਆਧਾਰ ‘ਤੇ ਉਸ ਬਾਰੇ ਲਿਖਾਂ। ਮੇਰੇ ਵਲੋਂ ਹਾਂ ਜਾਂ ਨਾਂਹ ਦਾ ਕੋਈ ਵੀ ਹੁੰਗਾਰਾ ਨਾ ਮਿਲਣ ‘ਤੇ ਤੀਸਰੀ ਵਾਰ ਉਸ ਨੇ ਈ-ਮੇਲ ‘ਤੇ ਆਪਣਾ ਫੋਨ ਨੰਬਰ ਵੀ ਲਿਖ ਭੇਜਿਆ। ਗੱਲ ਕੀਤੀ ਤਾਂ ਉਹ ਮੇਰੇ ਪਿੰਡ ਕੰਮੋਕੇ ਦੇ ਨੇੜੇ ਹੀ ਪਿੰਡ ਬਰਿਆਰਾਂ ਦਾ ਨਿਕਲ ਆਇਆ।
ਹੁਣ ਉਸ ਦੀ ਇੱਛਾ ਸਹਿਜੇ ਕੀਤਿਆਂ ਨਜ਼ਰਅੰਦਾਜ਼ ਕਰਨੀ ਔਖੀ ਸੀ, ਪਰ ਮੈਂ ਝਿਜਕ ਰਿਹਾ ਸਾਂ। ਝਿਜਕ ਇਸ ਕਾਰਨ ਕਿ ਸ਼ਮਸ਼ੇਰ ਵਧੀਆ ਇਨਸਾਨ ਹੈ; ਸਦਾ ਹੀ ਮੋਹ, ਪਿਆਰ, ਅਪਣੱਤ ਦਾ ਉਸ ਨਾਲ ਰਿਸ਼ਤਾ ਰਿਹਾ ਹੈ; ਸਾਡੀਆਂ ਅਨੇਕ ਦਿਲਚਸਪੀਆਂ ਸਾਂਝੀਆਂ ਹਨ। ਉਹ ਸ਼ਾਇਰ ਪਾਸ਼ ਦਾ ਚੜ੍ਹਦੀ ਉਮਰੇ ਨੇੜਲਾ ਮਿੱਤਰ ਰਿਹਾ ਹੈ। ਪਾਸ਼ ਦਾ ਮੈਂ ਵੀ ਸ਼ਰਧਾਲੂ ਹਾਂ। ਪੰਜਾਬ ਦੀ ਕੋਇਲ ਸੁਰਿੰਦਰ ਕੌਰ ਅਤੇ ਯਮਲਾ ਜੱਟ ਉਸ ਨੂੰ ਚੰਗੇ ਲਗਦੇ ਹਨ, ਮੇਰੀ ਇਨ੍ਹਾਂ ਦੋਹਾਂ ਵਿਚੋਂ ਕਿਸੇ ਇਕ ਦੇ ਬੋਲ ਸੁਣਦਿਆਂ ਅੱਜ ਵੀ ਜਾਨ ਨਿਕਲ ਜਾਂਦੀ ਹੈ। ‘ਇਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ।’ ਕੇਹੇ ਸਸ਼ਕਤ ਬੋਲ ਹਨ ਅਤੇ ਕੇਹੇ ਸ਼ਾਨਾਂਮਤੇ ਅੰਦਾਜ਼ ਵਿਚ ਸੁਰਿੰਦਰ ਕੌਰ ਨੇ ਇਹ ਗੀਤ ਗਾਇਆ ਹੈ। ਮੈਂ ਤੇ ਸ਼ਮਸ਼ੇਰ ਜਦੋਂ ਕਦੀ ਵੀ ਸ਼ਾਮ ਦੀ ਕਿਸੇ ਮਹਿਫਿਲ ਵਿਚ ਇਕੱਠੇ ਹੋਏ, ਆਪਸ ਵਿਚ ਇਸ ਗੀਤ ਦੀ ਜਾਦੂਮਈ ਲੈਅ ਦੀ ਚਰਚਾ ਹੁੰਦੀ ਰਹੀ ਹੈ।
ਸ਼ਮਸ਼ੇਰ ਨੂੰ ਪੰਜਾਬ ਦੇ ਕਰੀਬ ਹਰ ਕਬੱਡੀ ਖਿਡਾਰੀ ਦਾ ਪਤਾ ਹੈ। ਹਰਜੀਤ ਬਾਜਾਖਾਨਾ ਦੇ ਖੇਡਣ ਦੇ ਅੰਦਾਜ਼ ਦੀ ਉਹਨੇ ਜਦੋਂ ਕਦੀ ਵੀ ਗੱਲ ਛੇੜੀ, ਮਜ਼ਾ ਆ ਜਾਂਦਾ ਰਿਹਾ ਹੈ। ਬੇਗੋਵਾਲੀਏ ਪ੍ਰੀਤੇ ਸਮੇਤ ਮੈਂ ਵੀ ਬਹੁਤ ਪੁਰਾਣੇ ਕਬੱਡੀ ਖਿਡਾਰੀਆਂ ਦੇ ਜਲਵੇ ਤੱਕੇ ਹੋਏ ਹਨ। ਸੰਤ ਸਿੰਘ ਸੇਖੋਂ ਦੀਆਂ ਗੱਲਾਂ ਕਰਕੇ ਉਸ ਨੂੰ ਵੀ ਮਜ਼ਾ ਆਉਂਦਾ, ਬਾਬਾ ਬੋਹੜ ਦੀ ਸੰਗਤ ਮੈਂ ਵੀ ਅਨੇਕਾਂ ਵਾਰ ਮਾਣੀ ਹੋਈ ਹੈ। ਜ਼ਿੰਦਗੀ ਉਸ ਨੂੰ ਸੋਹਣੀ ਲਗਦੀ ਹੈ, ਮੈਨੂੰ ਵੀ ਬੇਹੱਦ ਹੁਸੀਨ ਲਗਦੀ ਹੈ। ਸਵੇਰੇ ਉਠਣ ਸਾਰ ਸੁਬਹ ਦਾ ਚਾਨਣ ਵਿੰਹਦਿਆਂ ਅੱਜ ਤੱਕ ਵੀ ਧੰਨ-ਧੰਨ ਹੋ ਜਾਂਦੀ ਹੈ। ਅਜਿਹੀਆਂ ਸਾਂਝਾਂ ਹੋਰ ਵੀ ਬਥੇਰੀਆਂ ਹਨ ਪਰ ਇਨ੍ਹਾਂ ਸਭ ਸਾਂਝਾਂ ਦੇ ਬਾਵਜੂਦ ਸਾਡੇ ਵਿਚਕਾਰ ਕੁਝ ਨੁਕਤਿਆਂ ‘ਤੇ ਵਖਰੇਵਾਂ ਵੀ ਹੈ।
ਇਹ ਵਖਰੇਵਾਂ ਬਹੁਤਾ ਬੁਨਿਆਦੀ ਨਹੀਂ ਹੈ ਪਰ ਲਿਖਣ ਤੋਂ ਮੈਨੂੰ ਥੋੜ੍ਹੀ ਝਿਜਕ ਜਿਹੀ ਮਹਿਸੂਸ ਹੋ ਰਹੀ ਸੀ, ਮਤਾਂ ‘ਸੰਗਦਿਲ’ ਸਾਥੀ ਸ਼ਮਸ਼ੇਰ ਨੂੰ ਕਿਧਰੇ ਸੰਗ ਜਿਹੀ ਨਾ ਆ ਜਾਵੇ। ਫਿਰ ਵੀ ਸ਼ਮਸ਼ੇਰ ਨੂੰ ਜਿਵੇਂ ਮੈਂ ਦੇਖਿਆ ਅਤੇ ਨਿਹਾਰਿਆ ਹੈ, ਉਹ ਦੱਸੇ ਬਿਨਾ ਗੱਲ ਬਣਦੀ ਵੀ ਨਹੀਂ ਸੀ ਲਗਦੀ। ਸ਼ਮਸ਼ੇਰ ਨੂੰ ਸਾਰੀ ਉਮਰ ਦੋਸਤਾਂ-ਮਿੱਤਰਾਂ ਦੀ ‘ਐਲਬਮ’ ਬਣਾਉਣ ਦਾ ਡਾਢਾ ਸ਼ੌਕ ਰਿਹਾ ਹੈ ਅਤੇ ਮੇਰੀ ਖੁਦ ਦੀ ਹਯਾਤੀ ਵੀ ਇਸੇ ਸ਼ੌਕ ਨੂੰ ਪੂਰੇ ਜੀਅ-ਜਾਨ ਨਾਲ ਮਨਾਉਣ ਦੀ ਕੋਸਿਸ਼ ਕਰਦਿਆਂ ਗੁਜ਼ਰੀ ਹੈ, ਪਰ ਵਖਰੇਵਾਂ ਇਹ ਹੈ ਕਿ ਕੋਈ ਵੀ ਇਨਸਾਨ ਚੰਗਾ ਲਗਦੇ ਸਾਰ ਘਰ ਦਰ ਦੇ ਦਰਵਾਜੇ ਚੌਪਟ ਖੋਲ੍ਹ ਕੇ ਮੈਂ ਉਸ ਨੂੰ ਧੁਰ ਅੰਦਰ ਤੱਕ ਚਲਿਆ ਆਉਣ ਲਈ ਕਹਿੰਦਾ ਰਿਹਾ ਹਾਂ ਜਦੋਂਕਿ ਧੁਰ ਅੰਦਰੋਂ ਜ਼ਰਾ ਕੁ ਸੰਗਾਊ ਹੋਣ ਕਾਰਨ ਸ਼ਾਇਦ ਸ਼ਮਸ਼ੇਰ ਦਾ ਅਜਿਹੇ ਕਿਸੇ ਵੀ ਮੌਕੇ ਅਕਸਰ ਤਕੀਆ ਕਲਾਮ ਇਹ ਰਿਹਾ ਹੈ: ਘਰੇ ਯਾਰ ਘੁਟਣ ਜਿਹੀ ਹੈ, ਚਲੋ ਖੁੱਲ੍ਹੀ ਫਿਜ਼ਾ ਅੰਦਰ, ਬਾਹਰ ਕਿਸੇ ਪਾਰਕ ਵਿਚ ਚੱਲ ਕੇ ਬੈਠਦੇ ਹਾਂ।
ਸੋ, ਆਪਸੀ ਸਾਂਝਾਂ ਅਤੇ ਵਖਰੇਵਿਆਂ ਨੂੰ ਸਮਝਣ ਦੀ ਅਸੀਂ ਕੋਸਿਸ਼ ਕਰਨੀ ਹੈ ਤਾਂ ਕਿ ਸਾਡੇ ਤਸੱਵੁਰ ਦੇ ਸ਼ਮਸ਼ੇਰ ਸੰਧੂ ਦੇ ਨਕਸ਼ ਉਜਾਗਰ ਹੋ ਸਕਣ।
‘ਪੰਜਾਬੀ ਟ੍ਰਿਬਿਊਨ’ 15 ਜੁਲਾਈ 1978 ਤੋਂ ਸ਼ੁਰੂ ਹੋਈ। ਸ਼ ਬਰਜਿੰਦਰ ਸਿੰਘ ਹਮਦਰਦ ਸੰਪਾਦਕ ਬਣੇ। ਉਨ੍ਹਾਂ ਦੀ ਮਿਹਰਬਾਨੀ ਸਦਕਾ ਵਰ੍ਹਿਆਂ ਦੀ ਗਰਦਿਸ਼ ਅਤੇ ਮੁਕੰਮਲ ਨਾਉਮੀਦੀ ਦੇ ਦੌਰ ਤੋਂ ਬਾਅਦ ਕਰਮਜੀਤ ਸਿੰਘ ਅਤੇ ਜਗਦੀਸ਼ ਬਾਂਸਲ ਵਰਗੇ ਹੋਣਹਾਰ ਸਾਥੀਆਂ ਨਾਲ ਮੁਢਲੇ ਸਟਾਫ ਮੈਂਬਰ ਵਜੋਂ ਭਰਤੀ ਹੋਣ ਦਾ ਮੇਰਾ ਵੀ ਤੁੱਕਾ ਲੱਗ ਗਿਆ। ਟ੍ਰਿਬਿਊਨ ਵਰਗਾ ਅਦਾਰਾ ਅਤੇ ਚੰਡੀਗੜ੍ਹ ਵਰਗਾ ਸੁੰਦਰ ਸ਼ਹਿਰ! ਬੱਸ ਧੰਨ-ਧੰਨ ਹੋ ਗਈ ਅਤੇ ਉਸ ਦੇ ਨਾਲ ਹੋਈ ਉਸ ਦੀਵਾਲੀ ਜਾਂ ਵਿਸਾਖੀ ਵਰਗੇ ਮੇਲੇ ਵਰਗੇ ਮਾਹੌਲ ਦੀ ਸ਼ੁਰੂਆਤ ਜੋ ਵਰ੍ਹਿਆਂ ਬੱਧੀ ਬਣਿਆ ਰਿਹਾ। ਸ਼ਮਸ਼ੇਰ ਸੰਧੂ ‘ਪੰਜਾਬੀ ਟ੍ਰਿਬਿਊਨ’ ਪਰਿਵਾਰ ਵਿਚ ਵਰ੍ਹਾ ਕੁ ਪਿਛੋਂ ਸ਼ਾਮਲ ਹੋਇਆ ਅਤੇ ਉਸ ਦੀ ਪਹਿਲੀ ਵਡਿਆਈ ਇਸ ਗੱਲ ਵਿਚ ਸੀ ਕਿ ਉਸ ਨੇ ਹੌਲੀ-ਹੌਲੀ ਜਾਂ ਅਛੋਪਲੇ ਜਿਹੇ ਹੀ ਆਪਣੀ ਅਜਿਹੀ ਜਗ੍ਹਾ ਬਣਾ ਲਈ ਕਿ ਉਸ ਦੇ ਜ਼ਿਕਰ ਬਿਨਾ ਇਸ ਕਾਫਲੇ ਦੀ ਕਥਾ ਕੋਈ ਵੀ ਲਿਖੇ, ਉਹ ਨਿਸਚੇ ਹੀ ਅਧੂਰੀ ਰਹੇਗੀ।
ਸ਼ਮਸ਼ੇਰ ਸੰਧੂ ਬਾਰੇ ਚਰਚਾ ਕਰਦਿਆਂ ਸਾਡੀ ਮਜਬੂਰੀ ਹੈ ਕਿ ਅਸੀਂ ਜ਼ਿਆਦਾਤਰ ‘ਪੰਜਾਬੀ ਟ੍ਰਿਬਿਊਨ’ ਦੇ ਸਮੇਂ ਅਤੇ ਉਸ ਦੌਰ ਨਾਲ ਜੁੜੀਆਂ ਯਾਦਾਂ, ਦੋਸਤੀਆਂ, ਤਲਖੀਆਂ ਦੇ ਜ਼ਿਕਰ ਤੱਕ ਹੀ ਸੀਮਤ ਰਹਾਂਗੇ। ਸ਼ਮਸ਼ੇਰ ਨੇ ਉਸ ਅਰਸੇ ਅਤੇ ਉਸ ਤੋਂ ਬਾਅਦ ਉਘੇ ਗਾਇਕ ਸੁਰਜੀਤ ਬਿੰਦਰਖੀਏ ਨਾਲ ਮਿਲ ਕੇ ਪੰਜਾਬੀ ਗਾਇਕੀ ਦੇ ਖੇਤਰ ਵਿਚ ਕੀ-ਕੀ ਅਤੇ ਕੈਸੇ ਕੈਸੇ ਕੌਤਕ ਕੀਤੇ, ਉਨ੍ਹਾਂ ਦਾ ਮੈਨੂੰ ਬਹੁਤਾ ਪਤਾ ਨਹੀਂ ਹੈ। ਉਸ ਬਾਰੇ ‘ਮਦਾਰਪੁਰੀਆ ਗੀਤਕਾਰ ਸ਼ਮਸ਼ੇਰ ਸੰਧੂ’ ਸਿਰਲੇਖ ਹੇਠਲਾ ਸ਼ਬਦ ਚਿੱਤਰ ਵੀ ਮੇਰੀਆਂ ਨਜ਼ਰਾਂ ਵਿਚ ਹੁਣੇ-ਹੁਣੇ ਆਇਆ ਹੈ, ਜਿਸ ਵਿਚ ਪ੍ਰਿੰਸੀਪਲ ਸਰਵਣ ਸਿੰਘ ਨੇ ਉਸ ਨੂੰ ‘ਪੰਜਾਬੀ ਗੀਤਕਾਰੀ ਦਾ ਮਿਲਖਾ ਸਿੰਘ’ ਦੱਸਿਆ ਹੈ। ਉਸ ਦੇ ਕਾਲਜ ਦੇ ਮੁਢਲੇ ਦਿਨਾਂ ਦੇ ਯਾਰ ਗੁਰਭਜਨ ਗਿੱਲ ਨੇ ਉਸ ਨੂੰ ‘ਸ਼ਬਦ, ਸੁਰ ਤੇ ਸਾਜ਼ਾਂ ਦਾ ਗੂੜ੍ਹ ਗਿਆਨੀ’ ਆਖ ਕੇ ਉਸ ਦੀ ਸਿਫਤ ਸਲਾਹ ਕੀਤੀ ਹੋਈ ਹੈ। ਗੁਰਭਜਨ ਦੇ ਲੇਖ ਤੋਂ ਹੀ ਮੈਨੂੰ ਪਤਾ ਲੱਗਾ ਕਿ ਬਿੰਦਰਖੀਏ ਨਾਲ ਉਸ ਦੀਆਂ ਇਕ-ਦੋ ਨਹੀਂ ਬਲਕਿ 32 ਕੈਸਿਟਾਂ ਆਈਆਂ। ਇਥੇ ਹੀ ਬਸ ਨਹੀਂ, ਸ਼ਮਸ਼ੇਰ ਦੇ ਗੀਤ ‘ਦੁਪੱਟਾ ਤੇਰਾ ਸੱਤ ਰੰਗ ਦਾ’ ਨੂੰ ‘ਟੌਪ ਟੈੱਨ’ ਵਜੋਂ ਜੇਤੂ ਰਹਿਣ ‘ਤੇ ਬਿੰਦਰਖੀਆ, ਅਤੁੱਲ ਸ਼ਰਮਾ ਅਤੇ ਸ਼ਮਸ਼ੇਰ ਨੂੰ ਬੀ.ਬੀ.ਸੀ. ਨੇ ਇੰਗਲੈਂਡ ਬੁਲਾ ਕੇ ਸਨਮਾਨਤ ਕੀਤਾ ਸੀ। ਮੇਰੇ ਲਈ ਇਹ ਦੋਵੇਂ ਹੀ ਹੈਰਤ ਵਾਲੀਆਂ ਗੱਲਾਂ ਹਨ ਹਾਲਾਂਕਿ ਸ਼ਮਸ਼ੇਰ ਦੀ ਸ਼ਖਸੀਅਤ ਦਾ ਜਿਨ੍ਹਾਂ ਗੱਲਾਂ ਕਰਕੇ ਮੇਰੇ ਲਈ ਮੁੱਲ ਹੈ, ਉਹ ਹੋਰ ਹਨ!
‘ਪੰਜਾਬੀ ਟ੍ਰਿਬਿਊਨ’ ਦੇ ਮੁਢਲੇ ਸਟਾਫ ਦੀ ਭਰਤੀ ਦੇ ਮਹੀਨਾ ਕੁ ਬਾਅਦ ਹੀ ਸ਼ ਬਰਜਿੰਦਰ ਸਿੰਘ ਨੇ ਅਸਿਸਟੈਂਟ ਐਡੀਟਰ ਵਜੋਂ ਹਰਭਜਨ ਹਲਵਾਰਵੀ ਨੂੰ ਲੈ ਆਂਦਾ ਅਤੇ ਸਾਡੇ ਜ਼ਹੀਨ ਤੇ ਤੇਜ਼-ਤਰਾਰ ਪੁਰਾਣੇ ਮਿੱਤਰ ਦੀ ‘ਪੂਛ’ ਨੂੰ ਹੱਥ ਪਵਾ ਕੇ ਅਛੋਪਲੇ ਜਿਹੇ ਸ਼ਾਮ ਸਿੰਘ ਨੂੰ ਵੀ ‘ਭਵਜਲ’ ਪਾਰ ਕਰਵਾ ਲਿਆ, ਜੋ ਨਿਸਚੇ ਹੀ ਪੁੰਨ ਵਾਲੀ ਗੱਲ ਸੀ। ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਦੇ ਅਹੁਦੇ ਤੱਕ ਅੱਪੜਿਆ ਸੁਰਿੰਦਰ ਸਿੰਘ ਤੇਜ ਕਲੈਰੀਕਲ ਵਿੰਗ ਵਿਚ ਇਸ਼ਤਿਹਾਰ ਅਨੁਵਾਦਕ ਸਾਡੇ ਨਾਲ ਹੀ ਆਇਆ ਸੀ। ਉਸ ਦਾ ਮੁੱਢ ਤੋਂ ਹੀ ਕਮਾਲ ਦਾ ਸਿਰੜੀ, ਇਮਾਨਦਾਰ, ਮਿਹਨਤੀ ਸੁਭਾਅ ਸੀ ਜਿਸ ਦਾ ਬਰਜਿੰਦਰ ਸਿੰਘ ਨੇ ਸਹੀ ਮੁੱਲ ਪਾਇਆ ਅਤੇ ਕੁਝ ਸਮੇਂ ਬਾਅਦ ਹੀ ਉਸ ਨੂੰ ਵੀ ਸੰਪਾਦਕੀ ਅਮਲੇ ਵਿਚ ਲੈ ਆਂਦਾ। ਇਸ ਦੌਰ ਵਿਚ ਨਿਊਜ਼ ਰੂਮ ਦਾ ਸਭ ਤੋਂ ਪ੍ਰਤਿਭਾਸ਼ੀਲ ਮੈਂਬਰ ਦਲਬੀਰ ਸਿੰਘ ਸੀ। ਉਸ ਨੂੰ ਬਰਜਿੰਦਰ ਸਿੰਘ ਮੁਢਲੇ ਸਟਾਫ ਦੇ ਇਕੋ-ਇਕ ਚੀਫ ਸਬ ਐਡੀਟਰ ਸੁਰਿੰਦਰ ਸਿੰਘ ਬਾਜਵਾ ਨੂੰ ‘ਛਾਂਗਣ’ ਤੋਂ ਬਾਅਦ ਉਸ ਦੀ ਜਗ੍ਹਾ ਲੈ ਕੇ ਆਏ। ਖਬਰਾਂ ਦੀ ਕਾਰੀਗਰੀ ਦੇ ਮਾਮਲੇ ਵਿਚ ਉਹ ਕਰਮਜੀਤ ਸਿੰਘ ਅਤੇ ਜਗਦੀਸ਼ ਬਾਂਸਲ ਨੂੰ ਛੱਡ ਕੇ ਬਾਕੀ ਸਾਰੇ ਸਟਾਫ ਤੋਂ ਕੋਹਾਂ ਅੱਗੇ ਸੀ। ਸੰਪਾਦਕ ਨੇ ਜਾਣੇ ਜਾਂ ਅਣਜਾਣੇ ‘ਕੋਤਾਹੀ’ ਇਹ ਕੀਤੀ ਕਿ ਉਸ ਨੂੰ ਇੰਕਰੀਮੈਂਟਾਂ ਤਾਂ ਸ਼ੁਰੂ ਵਿਚ ਹੀ 10 ਦਿਵਾ ਦਿਤੀਆਂ ਪਰ ਭਰਤੀ ਉਸ ਨੂੰ ਸਬ ਐਡੀਟਰ ਹੀ ਕੀਤਾ।
‘ਪੰਜਾਬੀ ਟ੍ਰਿਬਿਊਨ’ ਦਾ ਸਾਰਾ ਸਟਾਫ, ਜੋ ਕਿਸੇ ਪੁਰਾਣੇ ਵਿਛੜੇ ਤੇ ਮੁੜ ਮਿਲੇ ਟੱਬਰ ਦੇ ਹਾਰ ਸੀ, ਸਭ ਮੈਂਬਰਾਂ ਦਾ ਆਪਸ ਵਿਚ ਮੋਹ ਪਿਆਰ ਦਾ ਰਿਸ਼ਤਾ ਸੀ ਪਰ ਢਾਈ-ਤਿੰਨ ਵਰ੍ਹਿਆਂ ਪਿਛੋਂ ਅਹੁਦਿਆਂ ਦੀ ਖੋਹਾ-ਖਾਹੀ ਸਮੇਂ ਉਪਰ ਦੱਸੀ ਕੋਤਾਹੀ ਨੂੰ ਦੂਰ ਕਰਨ ਦਾ ਸੰਪਾਦਕ ਨੇ ਜਦੋਂ ਯਤਨ ਕੀਤਾ ਤਾਂ ‘ਪੰਜਾਬੀ ਟ੍ਰਿਬਿਊਨ’ ਦੇ ਵਿਹੜੇ ਵਿਚ ‘ਸੇਹ ਦਾ ਤੱਕਲਾ’ ਅਜਿਹਾ ਗੱਡਿਆ ਗਿਆ, ਜੋ ਅਗਲੇ ਵਰ੍ਹਿਆਂ ਦੌਰਾਨ ਹੋਰ ਹੋਰ ਡੂੰਘਾ ਹੁੰਦਾ ਗਿਆ।
ਖੈਰ! ਸ਼ਮਸ਼ੇਰ ਦੀ ‘ਪੰਜਾਬੀ ਟ੍ਰਿਬਿਊਨ’ ਵਿਚ ਆਮਦ ਅਤੇ ਅੰਦਰ ਦੇ ਉਨ੍ਹਾਂ ਦਿਨਾਂ ਦੇ ਕਲਚਰ ਬਾਰੇ ਦੱਸਣ ਲਈ ਇੰਨੀ ਕੁ ਚਰਚਾ ਜ਼ਰੂਰੀ ਸੀ। ਉਹ ਮਾਹੌਲ ਕਿਹੋ ਜਿਹਾ ਸੀ, ਉਸ ਬਾਰੇ ਪ੍ਰਭਾਵ ਸਾਡੇ ਸਾਥੀ ਅਮੋਲਕ ਸਿੰਘ ਨੇ ‘ਕਮਲਿਆਂ ਦਾ ਟੱਬਰ’ ਸਿਰਲੇਖ ਹੇਠ ਯਾਦਾਂ ਦੀ ਲੜੀ ਵਿਚ ਪਰੋਏ ਹਨ। ਇਨ੍ਹਾਂ ਯਾਦਾਂ ਬਾਰੇ ਟਿਪਣੀ ਪ੍ਰਿੰ. ਅਮਰਜੀਤ ਸਿੰਘ ਪਰਾਗ ਨੇ ਇਉਂ ਕੀਤੀ ਸੀ,
“ਅਮੋਲਕ ਸਿੰਘ ਦੀਆਂ ਯਾਦਾਂ ਦੀ ਲੜੀ ਪੜ੍ਹਦਿਆਂ ਇੰਜ ਲੱਗਾ ਜਿਵੇਂ ਨਾਵਲ ‘ਅੱਗ ਦਾ ਦਰਿਆ’ ਦਾ ਕੋਈ ਕਾਂਡ ਪੜ੍ਹ ਰਿਹਾ ਹੋਵਾਂ। ਇਸ ਨਾਵਲ ਵਿਚ ਲੇਖਕਾ ਕੁਰਤੁਲ-ਐਨ-ਹੈਦਰ ਨੇ ਸਮੇਂ ਨੂੰ ਅੱਗ ਦੇ ਦਰਿਆ ਵਜੋਂ ਚਿਤਵਿਆ ਹੈ। ਜੁਗਗਰਦੀਆਂ ਦਾ ਸਿਲਸਿਲਾ ਚਲਦਾ ਰਹਿੰਦਾ ਹੈ, ਨਿਜ਼ਾਮ ਬਦਲਦੇ ਰਹਿੰਦੇ ਹਨ, ਪਰ ਅੱਗ ਦੇ ਦਰਿਆ ਦਾ ਵਹਿਣ ਅਵਿਰਲ ਰਹਿੰਦਾ ਹੈ। ਹਰ ਯੁੱਗ ਵਿਚ ਹੋਣਹਾਰ, ਜ਼ਹੀਨ, ਮੁਹੱਬਤੀ, ਸੁਪਨਸਾਜ਼ ਨੌਜਵਾਨ ਜ਼ਿੰਦਗੀ ਦੇ ਮੰਚ ‘ਤੇ ਨਮੂਦਾਰ ਹੁੰਦੇ ਰਹਿੰਦੇ ਹਨ, ਪਰ ਦੇਖਦੇ ਹੀ ਦੇਖਦੇ ਇਨ੍ਹਾਂ ਦਿਲਦਾਰਾਂ ਦੀ ਪਹਿਲ-ਤਾਜ਼ਗੀ ਅੱਗ ਦੇ ਦਰਿਆ ਵਿਚ ਗਰਕ ਜਾਂਦੀ ਹੈ।… ‘ਪੰਜਾਬੀ ਟ੍ਰਿਬਿਊਨ’ ਦੇ ਕਲਾਧਾਰੀ ਪੁਰਖੇ ਮਹਿੰਦਰ ਸਿੰਘ ਰੰਧਾਵਾ ਦਾ ਚੰਡੀਗੜ੍ਹ ਵਿਚ ਲਾਇਆ ਦੂਜਾ ‘ਰੋਜ਼ ਗਾਰਡਨ’ ਹੈ। ਬਰਜਿੰਦਰ ਹਮਦਰਦ, ਹਰਭਜਨ ਹਲਵਾਰਵੀ, ਗੁਲਜ਼ਾਰ ਸਿੰਘ ਸੰਧੂ ਵਰਗੇ ਸੰਪਾਦਕ, ਦਲਬੀਰ ਸਿੰਘ, ਕਰਮਜੀਤ ਸਿੰਘ, ਸ਼ਾਮ ਸਿੰਘ, ਮੁਹਰਜੀਤ, ਪ੍ਰੇਮ ਗੋਰਖੀ, ਰਜਿੰਦਰ ਸੋਢੀ, ਦਲਜੀਤ ਸਰਾਂ, ਜਗਤਾਰ ਸਿੱਧੂ, ਸ਼ਮਸ਼ੇਰ ਸੰਧੂ, ਅਸ਼ੋਕ ਸ਼ਰਮਾ, ਅਮੋਲਕ ਸਿੰਘ, ਨਰਿੰਦਰ ਭੁੱਲਰ, ਤਰਲੋਚਨ ਸ਼ੇਰਗਿੱਲ, ਰਣਜੀਤ ਰਾਹੀ, ਗੁਰਦਿਆਲ ਬੱਲ ਵਰਗੇ ਕੁਲੀਗ ਜਿਸ ਥਾਂ ਇਕੱਠੇ ਹੋਣ, ਉਹ ‘ਲਾਲ ਫੁੱਲਾਂ ਦਾ ਖੇਤ’ ਹੀ ਤਾਂ ਹੁੰਦਾ ਹੈ, ਪਰ ਛੇਤੀ ਹੀ ਦਫਤਰੀ ਸਭਿਆਚਾਰ ਨਾਲ ਜੁੜੇ ਮਸਲੇ, ਤਰੱਕੀਆਂ, ਸੀਨੀਅਰਤਾ, ਪ੍ਰਬੰਧਕਾਂ ਦੇ ਹੱਥ-ਕੰਡੇ, ਯੂਨੀਅਨ ਆਗੂਆਂ ਦੇ ਆਪਣੇ ਨਿਜੀ ਮੁਫਾਦਾਂ ਨੂੰ ਪਹਿਲ ਆਦਿ ਗੱਲਾਂ ਨੇ ਇਸ ਹਰਿਆਵਲ ਨੂੰ ਝੁਲਸ ਕੇ ਰਖ ਦਿਤਾ।”
ਇਹ ਸੀ ਉਹ ‘ਕਰਾਊਡ’ ਅਤੇ ‘ਪਹਿਲ-ਤਾਜ਼ਗੀ’ ਭਰਿਆ ਮੁਢਲਾ ਮਾਹੌਲ, ਜਿਸ ਵਿਚ ਸ਼ਮਸ਼ੇਰ ਸੰਧੂ ਸਾਡੇ ਨਾਲ ਕੰਮ ਕਰਨ ਲਈ ਆਇਆ। ਇਸ ਤੋਂ ਪਹਿਲਾਂ ਪਿੰਡ ਦੀਆਂ ਮੌਜਾਂ, ਖਾਲਸਾ ਕਾਲਜ ਵਿਚ ਵਿਦਿਆਰਥੀ ਸਮਾਂ, ਫਿਰ ਬੰਗਾ ਕਾਲਜ ਵਿਚ ਅਧਿਆਪਨ ਸਮੇਂ ਦੀਆਂ ਖੁੱਲ੍ਹਾਂ ਅਤੇ ਪਾਸ਼ ਵਰਗੇ ਦਹਿਕਦੇ ਅੰਗਿਆਰ ਵਰਗੇ ਇਨਸਾਨ ਨਾਲ ਯਾਰੀ! ਯਾਨਿ ‘ਇਲਾਹੀ ਦੌਰ’ ਉਸ ਦਾ ਲੰਘ ਗਿਆ ਹੋਇਆ ਸੀ। ‘ਭੂਆ ਖਤਮ ਕੌਰ’ ਵਰਗੀ ਯਾਦਗਾਰੀ ਸ਼ਰਾਰਤੀ ਕਹਾਣੀ ਉਸ ਨੇ ਕਈ ਵਰ੍ਹੇ ਪਹਿਲਾਂ ਲਿਖੀ ਸੀ। ਉਸ ਦੇ ਲਿਖੇ ‘ਜਾਨੀ ਚੋਰ’ ਗੀਤ ਨੂੰ ਸੁਰਿੰਦਰ ਛਿੰਦੇ ਨੇ ਸਾਲ 1976 ਵਿਚ ਰਿਕਾਰਡ ਕਰਵਾ ਦਿਤਾ ਹੋਇਆ ਸੀ।
ਇਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ‘ਪੰਜਾਬੀ ਟ੍ਰਿਬਿਊਨ’ ਦਾ ਪਰਿਵਾਰਕ ਮਾਹੌਲ ਅਤੇ ਉਸ ਦਾ ਰੁਮਾਂਸ ਹੋਰ ਗੱਲ ਹੈ, ਨਿਊਜ਼ ਡੈਸਕ ‘ਤੇ ਦਿਨ ਭਰ ਸਟਿੰਗਰਾਂ ਦੀਆਂ ਅਕਸਰ ਹੀ ਬੇਸਿਰ-ਪੈਰ ਖਬਰਾਂ ਨੂੰ ਠੀਕ ਕਰਨਾ ਜਾਂ ਏਜੰਸੀਆਂ ਦੀਆਂ ਖਬਰਾਂ ਨੂੰ ਅੰਗਰੇਜ਼ੀ ਤੋਂ ਪੰਜਾਬੀ ਵਿਚ ਤਰਜਮਾਉਣਾ ਜਮਾਂ ਹੀ ਹੋਰ ਗੱਲ ਸੀ; ਸਿਰੇ ਦਾ ਨੀਰਸ ਧੰਦਾ। ਇਸ ਧੰਦੇ ਵਿਚ ਰਚਨਾਤਮਿਕਤਾ ਦਾ ਨਾਮੋ-ਨਿਸ਼ਾਨ ਵੀ ਨਹੀਂ ਸੀ।
ਫਿਰ ਸੰਪਾਦਕ ਦੀ ਕਿਸੇ ਵਿਉਂਤਬੰਦੀ ਤਹਿਤ ਜਾਂ ਸੰਪਾਦਕੀ ਅਮਲੇ ਦੇ ਮੈਂਬਰਾਂ ਦੇ ‘ਬੇਅਸੂਲੇ’ ਲਾਲਚ ਕਾਰਨ ਅਦਾਰੇ ਵਿਚ ‘ਘਰੋਗੀ ਯੁੱਧ’ ਜਦੋਂ ਸ਼ੁਰੂ ਹੋਇਆ ਤਾਂ ਗਲਤ ਹੁੰਦੀ ਜਾਂ ਠੀਕ, ਸ਼ਮਸ਼ੇਰ ਨੂੰ ਸੰਪਾਦਕ ਵਾਲੀ ਧਿਰ ਨਾਲ ਖੜ੍ਹਨਾ ਪੈਂਦਾ ਰਿਹਾ। ਇਸ ਬੇਲੋੜੀ ਕਸ਼ਮਕਸ਼ ਨੇ ਖਬਰਾਂ ਘੜਨ ਦਾ ਕੰਮ ਜੋ ਪਹਿਲਾਂ ਹੀ ਨੀਰਸ ਸੀ, ਉਸ ਨੂੰ ਹੋਰ ਨੀਰਸ ਬਣਾ ਦਿਤਾ। ਸਿਆਸਤ ਵਿਚ ਮੱਸ ਰਖਣ ਵਾਲਾ ਬੰਦਾ ਇਸ ਨੀਰਸਤਾ ‘ਚੋਂ ਵੀ ਮੈਜਿਕ ਪੈਦਾ ਕਰ ਸਕਦਾ ਸੀ, ਪਰ ਸ਼ਮਸ਼ੇਰ ਦੀ ਮਾੜੀ ਕਿਸਮਤ ਨੂੰ ਉਸ ਦੀ ਸਿਆਸਤ ਦੀਆਂ ਖੇਡਾਂ ਵਿਚ ਉਕਾ ਹੀ ਰੁਚੀ ਨਹੀਂ ਸੀ। ਪਿਛੇ ਜਿਹੇ ਪੀ. ਟੀ. ਸੀ. ਚੈਨਲ ਵਲੋਂ ਜੀਵਨ ਭਰ ਦੀ ਘਾਲ ਕਮਾਈ ਲਈ ਦਿਤੇ ਇਨਾਮ ਮੌਕੇ ਗੁਰਭਜਨ ਗਿੱਲ ਵਲੋਂ ਲਿਖੇ ਉਸ ਦੇ ਸ਼ਬਦ ਚਿਤਰ ਵਿਚ ਉਹ ਪੂਰੀ ਬੇਬਾਕੀ ਨਾਲ ਐਲਾਨ ਕਰਦਾ ਹੈ ਕਿ ਉਸ ਦਾ ਯਾਰ ‘ਅੱਜ ਵੀ ਅਖਬਾਰਾਂ ਵਿਚੋਂ ਸਿਆਸੀ ਖਬਰਾਂ ਨਹੀਂ ਪੜ੍ਹਦਾ, ਆਖਦਾ ਹੈ, ਕੌਣ ਵਕਤ ਖਰਾਬ ਕਰੇ?’
ਸਾਨੂੰ ਪਤਾ ਹੈ ਕਿ ‘ਪੰਜਾਬੀ ਟ੍ਰਿਬਿਊਨ’ ਸ਼ੁਰੂ ਹੋਣ ਤੋਂ ਅਜੇ ਮਹਿਜ ਕੁਝ ਮਹੀਨੇ ਪਹਿਲਾਂ ਅਪਰੈਲ 1978 ਦਾ ਚਰਚਿਤ ਨਿਰੰਕਾਰੀ ਕਾਂਡ ਵਾਪਰਿਆ ਸੀ ਅਤੇ ਫਿਰ ਸਾਲ 1982 ਵਿਚ ਅਕਾਲੀਆਂ ਦੇ ਧਰਮ ਯੁੱਧ ਮੋਰਚੇ ਤੋਂ ਪਿਛੋਂ ਅਗਲੇ ਪੂਰੇ ਦਹਾਕੇ ਦੌਰਾਨ ਪੰਜਾਬ ਦਾ ਸਿਆਸੀ ਮਾਹੌਲ ਲਗਾਤਾਰ ਪ੍ਰਚੰਡ ਰੂਪ ਵਿਚ ਭਖਿਆ ਰਿਹਾ। ਇਸ ਦੌਰ ਦੌਰਾਨ ਦਲਬੀਰ ਸਿੰਘ ਅਤੇ ਕਰਮਜੀਤ ਸਿੰਘ-ਦੋਵੇਂ ਨਿਊਜ਼ ਡੈਕਸ ਦੇ ਥੰਮ੍ਹ ਸਨ, ਭਾਵ ਚੀਫ ਸਬ ਐਡੀਟਰ ਸਨ। ਦਲਬੀਰ ਸਿੰਘ ਖਾੜਕੂ ਲਹਿਰ ਨੂੰ ਪੰਜਾਬ ਦੇ ਸ਼ਾਨਾਂਮੱਤੇ ਸਾਂਝੇ ਸੈਕੂਲਰ ਵਿਰਸੇ ਦਾ ਬਦਤਰੀਨ ਨਿਖੇਧ ਮੰਨਦਾ ਸੀ ਜਦੋਂਕਿ ਕਰਮਜੀਤ ਸਿੰਘ ਦੇ ਵਿਸ਼ਵਾਸ ਅਨੁਸਾਰ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸੁੱਤੀ ਪਈ ਸਿੱਖ ਕੌਮ ਨੂੰ ਜਗਾ ਦਿੱਤਾ ਸੀ ਅਤੇ 18ਵੀਂ ਸਦੀ ਦੇ ਮਹਾਨ ਸਿੱਖ ਇਤਿਹਾਸ ਦੀਆਂ ਰਵਾਇਤਾਂ ਨੂੰ ਮੁੜ ਉਜਾਗਰ ਕਰ ਦਿੱਤਾ ਸੀ। ਇੰਨਾ ਵੱਡਾ ਅੰਤਰ ਸੀ, ਦੋਹਾਂ ਸੱਜਣਾਂ ਦੀਆਂ ਜੀਵਨ ਦ੍ਰਿਸ਼ਟੀਆਂ ਅੰਦਰ! ਜਾਹਰ ਹੈ ਕਿ ਇਹ ਬੇਹੱਦ ਤਣਾਓ ਭਰਿਆ ਸਮਾਂ ਸੀ।
ਫਿਰ ਸਟਾਫ ਵਿਚ ਤਰੱਕੀਆਂ ਲਈ ਕਸ਼ਮਕਸ਼ ਖਤਮ ਹੋਣ ਤੋਂ ਦੋ ਕੁ ਵਰ੍ਹੇ ਬਾਅਦ ਜਗਤਾਰ ਸਿੰਘ ਸਿੱਧੂ ਅਤੇ ਦਲਜੀਤ ਸਰਾਂ ਵਿਚਾਲੇ ਸਟਾਫ ਰਿਪੋਰਟਰੀ ਦੀ ‘ਪ੍ਰਾਈਜ ਪੋਸਟ’ ਉਤੇ ਕਾਬਜ਼ ਹੋਣ ਲਈ ਰੱਸਾਕਸ਼ੀ ਸ਼ੁਰੂ ਹੋ ਗਈ, ਜਿਸ ਨੇ ਅਦਾਰੇ ਦੇ ਮਾਹੌਲ ਨੂੰ ਅਜਿਹੀ ਜ਼ਹਿਰੀਲੀ ਕੁੜਿੱਤਣ ਅਤੇ ਆਪਸੀ ਬੇਵਿਸ਼ਵਾਸੀ ਨਾਲ ਡੰਗ ਦਿੱਤਾ, ਜਿਸ ਦੇ ਮਾਰੂ ਅਸਰ ਤੋਂ ਫਿਰ ਅੱਗੇ ਜਾ ਕੇ ਸ਼ਾਇਦ ਕਦੀ ਵੀ ਨਿਜਾਤ ਨਾ ਪਾਈ ਜਾ ਸਕੀ। ਮੈਂ ਦਲਜੀਤ ਦੇ ਨਾਲ ਸਾਂ ਅਤੇ ਉਂਜ ਵੀ ਉਹ ਮੈਨੂੰ ਜਗਤਾਰ ਦੇ ਮੁਕਾਬਲੇ ਹਰ ਪੱਖ ਤੋਂ ਉਸ ਅਸਾਮੀ ਲਈ ਬਿਹਤਰ ਉਮੀਦਵਾਰ ਲਗਦਾ ਸੀ। ਫਿਰ ਦੋਹਾਂ ਉਮੀਦਵਾਰਾਂ ਨੂੰ ਵੀ ਬੜੀ ਅਸਾਨੀ ਨਾਲ ਐਡਜਸਟ ਵੀ ਕੀਤਾ ਜਾ ਸਕਦਾ ਸੀ।
‘ਪੰਜਾਬੀ ਟ੍ਰਿਬਿਊਨ’ ਦੇ ਇਤਿਹਾਸ ਦੇ ਉਸ ਮੋੜ ‘ਤੇ ਸੰਪਾਦਕ ਗੁਲਜ਼ਾਰ ਸਿੰਘ ਸੰਧੂ ਕਲਾਸੀਕਲ ਅੰਦਾਜ਼ ਵਿਚ ਸਹਿਜ ਮਤੇ ਵਾਲਾ ਬੇਹੱਦ ਸ਼ਾਇਸਤਾ ਇਨਸਾਨ ਸੀ। ਸਟਾਫ ਵਿਚ ਉਸ ਵਕਤ ਇਕ ਨਹੀਂ ਸਗੋਂ ਦੋ ਸਬ ਐਡੀਟਰਾਂ ਦੀਆਂ ਅਸਾਮੀਆਂ ਖਾਲੀ ਸਨ। ਉਹ ਪੂਰਾ ਵਰ੍ਹਾ ਇਸ ਦਲੀਲ ‘ਤੇ ਪੂਰਨ ਸੁਹਿਰਦਤਾ ਨਾਲ ਜੂਝਦਾ ਰਿਹਾ ਕਿ ਸਬ ਐਡੀਟਰ ਦੀ ਇਕ ਅਸਾਮੀ ਨੂੰ ਸਟਾਫ ਰਿਪੋਰਟਰ ਵਜੋਂ ਪੁਰ ਕਰ ਲਿਆ ਜਾਵੇ। ਅਜਿਹਾ ਨਾ ਕਰਨ ਦੀ ਉਕਾ ਹੀ ਕੋਈ ਵਜ੍ਹਾ ਨਹੀਂ ਸੀ, ਪਰ ਯੂਨੀਅਨ ਦੇ ਦਾਸਤੋਵਸਕੀਅਨ ਬਦੀ ਦੇ ਪ੍ਰਤੀਕ, ਸਕੱਤਰ ਪੰਡਿਤ ਮੋਹਣ ਲਾਲ ਨੇ ਜਨਰਲ ਮੈਨੇਜਰ ਦੀ ਗਰਦਨ ‘ਤੇ ਗੋਡਾ ਰੱਖਿਆ ਹੋਇਆ ਸੀ। ਮੈਂ ਇਸ ਪਰਿਵਾਰਕ ਘਮਾਸਾਣ ਦੌਰਾਨ ਦਲਜੀਤ ਦੇ ਹੱਕ ਵਿਚ ਅਜਿਹੇ ਨਾਜ਼ਕ ਅੰਦਾਜ਼ ਵਿਚ, ਜ਼ਿੰਦਗੀ-ਮੌਤ ਦਾ ਸਵਾਲ ਬਣਾ ਕੇ ਅਜਿਹੀ ਪੁਜੀਸ਼ਨ ਲਈ ਹੋਈ ਸੀ ਕਿ ਸੋਚਿਆਂ ਹੁਣ ਵੀ ਤ੍ਰਾਹ ਨਿਕਲ ਜਾਂਦਾ ਹੈ। ਉਸ ਬਾਰੇ ‘ਡਰਾਮੇ’ ਦੇ ਕਿਸੇ ਵੀ ਮੋੜ ‘ਤੇ ਪ੍ਰੈਸ਼ਰ ਕਾਰਨ ਸਹਿਜੇ ਹੀ ਦਿਮਾਗ ਦੀ ਨਸ ਵੀ ਫਟ ਸਕਦੀ ਸੀ। ਫਿਰ ‘ਪੰਜਾਬੀ ਟ੍ਰਿਬਿਊਨ’ ਪਰਿਵਾਰ ਅੰਦਰ ਜਦੋਂ ਇਹ ‘ਘਰੋਗੀ ਜੰਗ’ ਚਲ ਰਹੀ ਸੀ ਤਾਂ ਬਾਹਰ ਪੂਰੇ ਪੰਜਾਬ ਅੰਦਰ ਭਰਾ-ਮਾਰੂ ਜੰਗ ਦਾ ਮਾਹੌਲ ਉਸ ਤੋਂ ਵੀ ਕਿਤੇ ਵੱਧ ਪ੍ਰਚੰਡ ਰੂਪ ਵਿਚ ਭਖਿਆ ਹੋਇਆ ਸੀ।
ਆਪਣੀ ਕੁਦਰਤੀ ਸੰਵੇਦਨਾ ਅਤੇ ਸਮਝ ਅਨੁਸਾਰ ਹੋਣਾ ਤਾਂ ਮੈਨੂੰ ਉਸ ਰਾਮ-ਰੌਲੇ ਤੋਂ ਬੇਨਿਆਜ਼ ਚਾਹੀਦਾ ਸੀ; ਪਰ ਮੇਰੀ ਅਕਲ ਕਿਸੇ ਕੰਮ ਨਹੀਂ ਸੀ ਆ ਰਹੀ। ਕਰਮਜੀਤ ਸਿੰਘ ਨਾਲ ਮੇਰੀ ਭਰਾਵਾਂ ਵਰਗੀ ਯਾਰੀ ਪਹਿਲੇ ਦਿਨ ਤੋਂ ਹੀ ਪੈ ਗਈ ਸੀ ਅਤੇ ਖਬਰਾਂ ਦੇ ਮਾਮਲੇ ਵਿਚ ਉਸ ਦੀ ਪੁਜੀਸ਼ਨ ਹੀ ਮੇਰੀ ਪੁਜੀਸ਼ਨ ਸੀ। ਸਾਲ 1985 ਦੇ ਆਰ-ਪਾਰ ਦੇ ਸਮੇਂ ਤੋਂ ਹੋਰ ਵੀ ਕੁਝ ਕਾਰਨ ਸਨ ਕਿ ਖੁਦ ਸੋਚਣ ਦਾ ਕਾਰੋਬਾਰ ਮੈਂ ਛੱਡਿਆ ਹੋਇਆ ਸੀ। ਫਿਰ ਵੀ ਡਿਊਟੀ ਦਾ ਸਾਰਾ ਸਮਾਂ ਖਾਹ-ਮਖਾਹ ਹੀ ਮੇਰੇ ਭਾਅ ਦੀਆਂ ਬਣੀਆਂ ਰਹਿੰਦੀਆਂ ਸਨ।
ਇਹ ਸਾਰੀ ਕਹਾਣੀ ਮੈਂ ਸੁਣਾ ਇਸ ਕਰਕੇ ਰਿਹਾ ਹਾਂ ਕਿਉਂਕਿ ਸ਼ਮਸ਼ੇਰ ਨਾਲ ਸ਼ੁਰੂ ਤੋਂ ਹੀ ਮੈਨੂੰ ਸੰਵੇਦਨਾ ਦੇ ਕਈ ਅਹਿਮ ਨੁਕਤਿਆਂ ‘ਤੇ ਗਹਿਰੀ ਸਾਂਝ ਮਹਿਸੂਸ ਹੋਣ ਲੱਗ ਪਈ ਸੀ। ਮੈਨੂੰ ਸ਼ਮਸ਼ੇਰ ‘ਤੇ ਅੰਦਰੇ-ਅੰਦਰ ਸਦਾ, ਖਾਹ-ਮਖਾਹ ਖਿੱਝ ਚੜ੍ਹੀ ਰਹਿੰਦੀ ਸੀ ਕਿ ਉਹ ਉਸ ਸਾਰੇ ਹਲਚਲ ਭਰੇ ਮਾਹੌਲ ਵਿਚ ਨਿਰਲੇਪ ਕਿਉਂ ਸੀ; ਹਰ ਵਕਤ ਬਰਫ ਵਾਂਗ ਠੰਢਾ ਯੱਖ ਕਿਉਂ ਸੀ! ਫਿਰ ਯੂਨੀਅਨ ਅਤੇ ਅਦਾਰੇ ਦੀ ਸਥਾਪਤੀ ਆਪਸ ਵਿਚ ਮਿਲੀ ਹੋਈ ਸੀ ਅਤੇ ਉਨ੍ਹਾਂ ਸਮਿਆਂ ਦੀ ਮੇਰੀ ਮੱਤ ਅਨੁਸਾਰ, ਉਤੋਂ ਕਹਿਰ ਇਹ ਸੀ ਕਿ ਸ਼ਮਸ਼ੇਰ ਉਨ੍ਹਾਂ ਦੇ ਨਾਲ ਡਟ ਕੇ ਖੜ੍ਹਾ ਤਾਂ ਨਹੀਂ ਸੀ, ਪਰ ਸ਼ਾਂਤ ਚਿਤ ਬੈਠਾ ਉਨ੍ਹਾਂ ਦੇ ਪਾਲੇ ਅੰਦਰ ਹੀ ਸੀ। ਵਕਤ-ਵਕਤ ਦੀਆਂ ਗੱਲਾਂ ਹਨ; ਕਰਮਜੀਤ ਤੇ ਦਲਜੀਤ ਦੇ ਨਾਲ ਆਪਣਾ ਪੱਖ ਮੈਨੂੰ ਪਾਂਡੋਆਂ ਦੀ ਧਿਰ ਲਗਦੀ ਸੀ ਅਤੇ ਸ਼ਮਸ਼ੇਰ ਨਾਲ ਲਗਾਤਾਰ ‘ਤਣਾਓ’ ਦਾ ਮਸਲਾ ਇਹ ਸੀ ਕਿ ਉਹ ਸਾਊ ਸੀ ਅਤੇ ਮੇਰੇ ਵਾਲੀ ‘ਧਰਮੀ’ ਧਿਰ ਨਾਲ ਖੜ੍ਹਦਾ ਕਿਉਂ ਨਹੀਂ ਸੀ!
ਸ਼ਮਸ਼ੇਰ ਦੇਖਣ ਨੂੰ ਜਿੰਨਾ ਸਿਰੇ ਦਾ ਸਾਊ ਅਤੇ ਧੀਮੇ ਬੋਲਾਂ ਵਾਲਾ ਸ਼ਖਸ ਸੀ, ਉਸ ਨਾਲ ਖਾਹ-ਮਖਾਹ ਛੇੜ-ਛਾੜ ਕਰਨੀ ਓਨੀ ਹੀ ਖਤਰਨਾਕ ਸੀ, ਪਰ ਇਕ ਤਰਫਾ ਰਿਸ਼ਤੇ ਦੇ ਮੇਰੇ ਉਪਰ ਦੱਸੇ ਸਵੈ-ਸਿਰਜੇ ਦਾਅਵੇ ਤਹਿਤ ਮੈਥੋਂ ਅਕਸਰ ਹੀ ਦਾਅ-ਦਾਅ ਨਾਲ ਉਸ ਦੀ ਅੰਤਰ-ਆਤਮਾ ਨੂੰ ਪੋਲੀਆਂ-ਪੋਲੀਆਂ ਹੁੱਝਾਂ ਮਾਰੀ ਜਾਣ ਤੋਂ ਰਹਿ ਨਹੀਂ ਸੀ ਹੁੰਦਾ। ਸਾਫ ਜਾਹਰ ਹੈ ਕਿ ਮੈਨੂੰ ਮੂੰਹ ਦੀ ਖਾਣੀ ਪੈਣੀ ਸੀ। ਸੋ, ਸ਼ਮਸ਼ੇਰ ਨੇ ਉਸ ਸਾਰੇ ਸਮੇਂ ਦੌਰਾਨ ਇਕ ਵਾਰ ਨਹੀਂ ਸਗੋਂ ਦੋ ਵਾਰੀ ਮੈਨੂੰ ਇਹ ਕਹਿ ਕੇ ਟੋਕਿਆ ਕਿ ਮੈਂ ਉਸ ਨਾਲ ‘ਇਲਹਾਮੀ ਸੁਰ’ ਵਿਚ ਗੱਲ ਨਾ ਕਰਿਆ ਕਰਾਂ। ਉਸ ਦੇ ਇਸ ਕੋਰੇ ਸੰਕੇਤ ਨਾਲ ਮੈਨੂੰ ਕਿਸ ਕਿਸਮ ਦੀ ਪ੍ਰੇਸ਼ਾਨੀ ਹੋਈ ਹੋਵੇਗੀ, ਪਾਠਕਾਂ ਨੂੰ ਇਹ ਅੰਦਾਜ਼ਾ ਖੁਦ ਹੀ ਲਾਉਣਾ ਪੈਣਾ ਹੈ।
ਸ਼ਮਸ਼ੇਰ ਨਾਲ ਆਪਣੇ ਵਖਰੇਵੇਂ ਦੀ ਗੱਲ ਕਰਦਿਆਂ ਮੈਨੂੰ 1987 ਦੇ ਅੰਤ ਜਾਂ 1988 ਦੇ ਅਰੰਭਲੇ ਮਹੀਨਿਆਂ ਦੌਰਾਨ ਵਾਪਰੀ ਘਟਨਾ ਯਾਦ ਆ ਗਈ ਹੈ। ਅੰਮ੍ਰਿਤਸਰ ਦੇ ਉਰਵਾਰ ਵਾਲੀ ਸਾਈਡ ‘ਤੇ ਸਾਰੇ ਇਲਾਕੇ ਵਿਚ ਬਾਬਾ ਮਾਨੋਚਾਹਲ ਦੀ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ’ ਦਾ ‘ਲੈਫਟੀਨੈਂਟ ਜਨਰਲ’ ਸੁਰਜੀਤ ਸਿੰਘ ਪੈਂਟਾ ਉਨ੍ਹੀਂ ਦਿਨੀਂ ਦਹਿਸ਼ਤ ਦਾ ਰੂਪ ਬਣਿਆ ਹੋਇਆ ਸੀ। ਉਸ ਨੇ ਆਪਣਾ ਹੈਡਕੁਆਰਟਰ ਰਈਆ ਮੰਡੀ ਕੋਲ ਨਗਰ ਬੁਟਾਰੀ ਵਿਚ ਸਾਡੇ ਕਰੀਬੀ ਰਿਸ਼ਤੇਦਾਰਾਂ ਦੇ ਫਾਰਮ ਹਾਊਸ ਨੂੰ ਬਣਾਇਆ ਹੋਇਆ ਸੀ। ਉਥੋਂ ਹੀ ਇਕ ਰਾਤ ਕੂਚ ਕਰਕੇ ਉਸ ਨੇ ਨੇੜੇ ਹੀ ਨਗਰ ਜਮਸ਼ੇਰ ਵਿਚ ਕਾਲਜ ਦੇ ਦਿਨਾਂ ਦੇ ਸਾਡੇ ਮਾਸਟਰ ਚਰਨ ਨਾਂ ਦੇ ਬੇਹੱਦ ਜ਼ਹੀਨ ਸਾਥੀ ਨੂੰ ਮਾਰ-ਮੁਕਾਇਆ। ਚਰਨ ਸਾਇੰਸ ਟੀਚਰ ਸੀ ਅਤੇ ਪਿੰਡ ਵਿਚ ਹੀ ਮਿਡਲ ਸਕੂਲ ਦਾ ਹੈੱਡਮਾਸਟਰ ਸੀ। ਪਿੰਡ ਵਿਚ ਲਾਗ-ਡਾਟ ਸੀ। ਕਿਹਾ ਇਹ ਗਿਆ ਕਿ ਮਾਸਟਰ ਕਾਮਰੇਡ ਸੀ, ਨਾਸਤਕ ਸੀ ਅਤੇ ਬੱਚਿਆਂ ਨੂੰ ਸਕੂਲ ਵਿਚ ਪਾਠ ਕਰਵਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰੀ ਸੀ। ਵਿਆਹ ਤੋਂ 10-12 ਸਾਲ ਬਾਅਦ ਤੱਕ ਚਰਨ ਦੇ ਘਰੇ ਕੋਈ ਬੱਚਾ ਨਹੀਂ ਸੀ ਹੋਇਆ ਅਤੇ ਉਸ ਦੀ ਪਤਨੀ ਪਰਿਵਾਰ ਦੀ ਰਜ਼ਾਮੰਦੀ ਨਾਲ ਆਪਣੀ ਇਕ ਭਾਣਜੀ ਜੋ ਮਾਨਸਿਕ ਤੌਰ ‘ਤੇ ਥੋੜ੍ਹੀ ਸਿਧਰੀ ਸੀ, ਨੂੰ ਉਸ ਦੀ ਦੂਸਰੀ ਪਤਨੀ ਵਜੋਂ ਘਰੇ ਲੈ ਆਈ ਹੋਈ ਸੀ। ਘਟਨਾ ਵਾਲੀ ਰਾਤ ਪੈਂਟੇ ਅਤੇ ਉਸ ਦੇ ਸਾਥੀਆਂ ਨੇ ਚਰਨ ਨੂੰ ਉਸ ਦੀ ਬੁਢੜੀ ਮਾਂ ਅਤੇ ਦੋਹਾਂ ਪਤਨੀਆਂ ਦੇ ਸਾਹਮਣੇ ਹੱਥ-ਪੈਰ ਬੰਨ੍ਹ ਕੇ ਰੋਹੀ ‘ਤੇ ਪੈਂਦੇ ਫਾਰਮ ਹਾਊਸ ‘ਤੇ ਧਰੇਕ ਦੇ ਦਰੱਖਤ ‘ਤੇ ਟੰਗਿਆ। ਹੇਠਾਂ ਦੋ ਰਜਾਈਆਂ ਰੱਖੀਆਂ ਅਤੇ ਇੰਜਣ ਵਿਚੋਂ ਮੋਬਿਲ-ਆਇਲ ਲੈ ਕੇ ਰੂੰ ਉਪਰ ਛਿੜਕਾਉ ਕਰਕੇ ਤੀਲੀ ਬਾਲ ਦਿਤੀ। ਸੇਕ ਲੱਗਣ ਨਾਲ ਮਾਸਟਰ ਚਰਨ ਜਦੋਂ ਚੀਕਿਆ ਤਾਂ ਉਨ੍ਹਾਂ ਨੇ ਏ.ਕੇ. 47 ਦਾ ਬਰਸਟ ਮਾਰ ਕੇ ਉਸ ਨੂੰ ਸ਼ਾਂਤ ਕਰ ਦਿਤਾ।
ਸਾਡੇ ਇਕ ਸਾਥੀ ਸਬ ਐਡੀਟਰ ਨੇ ਚੁਟਕੀ ਪਾਠ ਕਰਦਿਆਂ ਛੋਟੀ ਜਿਹੀ ਖਬਰ ਬਣਾ ਦਿਤੀ। ਮੈਨੂੰ ਸਾਰਾ ਜ਼ੋਰ ਲਾਉਣ ਦੇ ਬਾਵਜੂਦ ਖਬਰ ਨੂੰ ਨਵੇਂ ਸਿਰਿਓਂ ਲਿਖਣ ਦੀ ਇਜਾਜ਼ਤ ਤਾਂ ਕੀ ਮਿਲਣੀ ਸੀ, ਨਿਊਜ਼ ਰੂਮ ਵਿਚ ਘੜੀ-ਪਲ ਲਈ ਰੱਫੜ ਜ਼ਰੂਰ ਪਿਆ ਰਿਹਾ। ਸ਼ਮਸ਼ੇਰ ਮੇਰੇ ਨਾਲ ਬੈਠਾ ਸੀ। ਮੈਂ ਉਸ ਨੂੰ ਹੁੱਝਾਂ ਮਾਰਾਂ ਕਿ ਉਹ ਮੇਰੀ ਪਿੱਠ ‘ਤੇ ਆਵੇ ਪਰ ਬਾਈ ਜੀ ਤਾਂ ਉਸ ਪਲ ਮਾਨੋ ਕਿਸੇ ਬੋਧ ਭਿਕਸ਼ੂ ਦੀ ਮਨੋ-ਅਵਸਥਾ ਵਿਚ ਸੀ। ਘੰਟੇ ਕੁ ਬਾਅਦ ਚਰਨ ਦੀ ਹੱਤਿਆ ਜਿੰਨੀਆਂ ਹੀ ਮਨਹੂਸ ਕੁਝ ਹੋਰ ਖਬਰਾਂ ਆ ਗਈਆਂ ਅਤੇ ਸਾਰੇ ਮੈਂਬਰ ਚਰਨ ਵਾਲੀ ਗੱਲ ਭੁੱਲ-ਭੁਲਾ ਗਏ। ਰਾਤ ਦੇ 8 ਕੁ ਵਜੇ ਖਬਰਾਂ ਦਾ ਕੰਮ ਮੁੱਕ ਗਿਆ ਅਤੇ ਸ਼ਮਸ਼ੇਰ ਨੇ ਫੁਰਸਤ ਦੇ ਪਲਾਂ ਦਾ ਲਾਹਾ ਲੈਂਦਿਆਂ ਬੜੇ ਸਹਿਜ ਮਤੇ ਨਾਲ ਕੋਈ ਕਥਾ ਸੁਣਾਉਣੀ ਸ਼ੁਰੂ ਕਰ ਦਿਤੀ।
ਅਫਸੋਸ, ਮੈਨੂੰ ਉਹ ਕਥਾ ਤਾਂ ਯਾਦ ਰਹੀ ਨਹੀਂ ਪਰ ਉਸ ਪਰਥਾਏ ਮੈਂ ਉਸੇ ਭਾਵਨਾ ਵਾਲੀ ਕੋਈ ਹੋਰ ਕਥਾ ਜੋ ਬਿਲਕੁਲ ਉਸ ਦੇ ‘ਵੱਡੇ ਭਾਈ’ ਗੁਲਜ਼ਾਰ ਸਿੰਘ ਸੰਧੂ ਨੇ ਦੋ ਕੁ ਵਰ੍ਹੇ ਪਹਿਲਾਂ ‘ਸਿਰਜਣਾ’ ਮੈਗਜ਼ੀਨ ਵਿਚ ਛਪੇ ‘ਮੈਂ ਤੇ ਮੇਰੀ ਰਚਨਾਕਾਰੀ’ ਵਾਲੇ ਲੰਮੇ ਲੇਖ ਵਿਚ ਸੁਣਾਈ ਹੋਈ ਹੈ, ਜ਼ਰੂਰ ਸ਼ਮਸ਼ੇਰ ਦੀ ਸਹਿਜ ਸ਼ਖਸੀਅਤ ਨੂੰ ਜਾਣਨ ਲਈ ਉਤਸੁਕ ਸੱਜਣਾਂ ਨੂੰ ਸੁਣਾਉਣੀ ਚਾਹਾਂਗਾ। ਸੰਧੂ ਸਾਹਿਬ ਦੱਸਦੇ ਹਨ:
(ਅਖੇ) ਇਕ ਵਾਰੀ ਸਾਹਮਣੇ ਘਰ ਵਿਚੋਂ ਉਚੀ ਅਵਾਜ਼ ਨੇ ਮੈਨੂੰ ਜਗਾ ਦਿਤਾ। ਪਤਾ ਲੱਗਿਆ ਕਿ ਉਸ ਘਰ ਦੇ ਮੁਖੀ ਦੀ ਅਚਾਨਕ ਮੌਤ ਹੋ ਗਈ ਸੀ। ਮੈਂ ਇਕੱਲਾ ਸਾਂ। ਮੇਰੀ ਬੀਵੀ ਸਰਕਾਰੀ ਕੰਮ ਦਿੱਲੀ ਦੌਰੇ ‘ਤੇ ਗਈ ਹੋਈ ਸੀ। ਘਰ ਦੇ ਮੁਖੀ ਦੀ ਮੌਤ ਤੋਂ ਪਿੱਛੋਂ ਉਸ ਘਰ ਵਿਚ ਛੋਟੇ ਬੱਚਿਆਂ ਤੋਂ ਬਿਨਾ ਮਰਨ ਵਾਲੇ ਦੀ ਵਿਧਵਾ ਸੀ, ਜਿਸ ਨੂੰ ਮੈਂ ਕਦੀ ਹੈਲੋ ਤਕ ਨਹੀਂ ਸੀ ਕੀਤੀ। ਮੈਂ ਫੈਸਲਾ ਕੀਤਾ ਕਿ ਮੈਨੂੰ ਉਸ ਘਰ ਜਾਣ ਦੀ ਲੋੜ ਨਹੀਂ।
ਮੈਂ ਦਫਤਰ ਜਾਣ ਲਈ ਤਿਆਰ ਹੋ ਰਿਹਾ ਸਾਂ ਕਿ ਮੇਰੇ ਪੈਰਾਂ ਉਤੇ ਸਾਡਾ ਪਾਲਿਆ ਹੋਇਆ ਬਲੂੰਗੜਾ ਆ ਕੇ ਬਹਿ ਗਿਆ। ਉਹ ਬਿਮਾਰ ਤੇ ਥੱਕਿਆ ਹੋਇਆ ਜਾਪਦਾ ਸੀ, ਜਿਵੇਂ ਮਰਨ ਕਿਨਾਰੇ ਹੋਵੇ। ਮੈਂ ਉਸ ਨੂੰ ਚੁੱਕ ਕੇ ਦੇਖਣ ਲਗਿਆ ਤਾਂ ਉਸ ਦੀ ਗਰਦਨ ਲੁੜਕ ਗਈ। ਮੈਨੂੰ ਇਹ ਨਤੀਜਾ ਕੱਢਦਿਆਂ ਦੇਰ ਨਹੀਂ ਲਗੀ ਕਿ ਉਸ ਨੂੰ ਸਾਡੀ ਸਾਂਝੀ ਛੱਤ ਵਾਲਿਆਂ ਨੇ ਮਰਨ ਦੀ ਗੋਲੀ ਖਵਾ ਛੱਡੀ ਸੀ। ਉਨ੍ਹਾਂ ਦੇ ਘਰ ਬੱਚੇ ਨੇ ਜਨਮ ਲਿਆ ਸੀ। ਇਹ ਬੱਚਾ ਦੋ ਭਰੂਣਾਂ ਤੋਂ ਪਿਛੋਂ ਹੋਇਆ ਸੀ। ਉਨ੍ਹਾਂ ਨੂੰ ਸਾਡੇ ਬਲੂੰਗੜੇ ਤੋਂ ਬੜਾ ਡਰ ਲਗਦਾ ਸੀ। ਉਨ੍ਹਾਂ ਨੇ ਕਈ ਵਾਰ ਕਿਹਾ ਵੀ ਸੀ ਕਿ ਅਸੀਂ ਬਲੂੰਗੜੇ ਨੂੰ ਬੰਨ੍ਹ ਕੇ ਰਖਿਆ ਕਰੀਏ। ਸਾਨੂੰ ਬਲੂੰਗੜਾ ਬੰਨ੍ਹਣ ਦੀ ਜਾਚ ਨਹੀਂ ਸੀ। ਮੇਰੇ ਮਨ ਅੰਦਰ ਮਰੇ ਹੋਏ ਬਲੂੰਗੜੇ ਲਈ ਮੋਹ ਜਾਗ ਪਿਆ। ਮੈਂ ਆਪਣੇ ਦਫਤਰ ਜਾਣ ਦੀ ਥਾਂ ਬਲੂੰਗੜੇ ਦੀ ਲਾਸ਼ ਨੂੰ ਕਿਸੇ ਚੱਜ ਦੇ ਥਾਂ ਲਿਜਾ ਕੇ ਦਫਨਾਉਣ ਬਾਰੇ ਸੋਚਣ ਲਗ ਪਿਆ।”
ਮੈਨੂੰ ਅੱਜ ਤੱਕ ਯਾਦ ਹੈ ਕਿ ਸ਼ਮਸ਼ੇਰ ਜਦੋਂ ਪੂਰੀ ਬੇਨਿਆਜ਼ੀ ਨਾਲ ਇਸੇ ਤਰ੍ਹਾਂ ਦੀ ਕੋਈ ਕਥਾ ਸੁਣਾ ਰਿਹਾ ਸੀ ਤਾਂ ਮੈਂ ਉਸ ਨੂੰ ਸੁਣਦਿਆਂ ਲਗਾਤਾਰ ਨਾਲ ਦੀ ਨਾਲ ਮਾਸਟਰ ਚਰਨ ਦੀ ਪੈਂਟੇ ਅਤੇ ਉਸ ਦੇ ਸਾਥੀਆਂ ਹੱਥੋਂ ਬੇਰਹਿਮ ਹੱਤਿਆ ਬਾਰੇ ਸੋਚ ਰਿਹਾ ਸਾਂ।
ਸ਼ਮਸ਼ੇਰ ਨਾਲ ਆਪਣੀ ‘ਛੇੜ-ਛਾੜ’ ਦੀ ਇਕ ਹੋਰ ਗੱਲ ਸਾਂਝੀ ਕਰਨ ਨੂੰ ਜੀਅ ਕਰਦਾ ਹੈ। ਉਸ ਦੀ ‘ਸਹਿਜ ਪੱਕੇ ਸੋ ਮੀਠਾ ਹੋਇ’ ਵਾਲੀ ਮਨੋ-ਅਵਸਥਾ ਨੂੰ ‘ਆਤੰਕਤ’ ਕਰਨ ਲਈ ਅੰਤਿਮ ਹੱਥਕੰਡਾ ਵਰਤਦਿਆਂ ਇਕ ਦਿਨ ਮੈਂ ਉਸ ਨੂੰ ਸਿੱਧਾ ਹੀ ਸਵਾਲ ਕਰ ਦਿਤਾ ਕਿ ਉਹ ਘਰੋਂ ਸੌਖੇ ਪੇਂਡੂ ਪਰਿਵਾਰ ਵਿਚੋਂ ਹੈ ਅਤੇ ਫਿਰ ਸੁਣਿਐ, ਸਹੁਰੇ ਪਰਿਵਾਰ ਵਲੋਂ ਵੀ ਉਸ ਨੂੰ ਤਕੜੀ ਢਾਰਸ ਹੈ। ਉਹ ‘ਪੰਜਾਬੀ ਟ੍ਰਿਬਿਊਨ’ ਦੀ ਟਕਸਾਲ ਵਿਚ ਨੀਰਸ ਖਬਰਾਂ ਦੀ ਘਾੜਤ ਦੇ ਬੇਰਸ ਧੰਦੇ ਨੂੰ ਛੱਡ ਕੇ ਪਿੰਡ ਆਪਣੇ ਖੇਤਾਂ ਦੀ ਸੁਤੰਤਰ ਆਬੋ-ਹਵਾ ਵਿਚ ਕਿਉਂ ਨਹੀਂ ਚਲਿਆ ਜਾਂਦਾ! ਜਵਾਬ ਬੜਾ ਸੰਖੇਪ ਸੀ: ‘ਬੱਲ, ਮੈਥੋਂ ਕਿਸੇ ਸੀਰੀ ਨੂੰ ਨੱਕਾ ਮੋੜਨ ਲਈ ਨਹੀਂ ਕਹਿ ਹੋਣਾ ਅਤੇ ਖੁਦ ਆਪ ਮੈਥੋਂ ਰਾਤ-ਬਰਾਤੇ ਐਦਾਂ ਦਾ ਔਖਾ ਕੰਮ ਹੋਣਾ ਨਹੀਂ।’ ਇਹ ਕਹਿ ਕੇ ਮੇਰੇ ਸਭ ਗਿਲੇ-ਸ਼ਿਕਵੇ ਉਹਨੇ ਇਕ ਤਰ੍ਹਾਂ ਨਾਲ ਸਦਾ ਵਾਸਤੇ ਦੂਰ ਕਰ ਦਿਤੇ।
ਸ਼ਮਸ਼ੇਰ ਦੇ ਸਬਰ-ਸੰਤੋਖ ਨੂੰ ਬੂਰ ਪਿਆ। ਸਾਲ 1990 ਜਾਂ 91 ਦੀ ਗੱਲ ਹੈ। ਅਦਾਰੇ ਨੇ ‘ਪੰਜਾਬੀ ਟ੍ਰਿਬਿਊਨ’ ਦੇ ਪੰਨੇ ਵਧਾਏ ਅਤੇ ‘ਫਿਲਮ ਅੰਕ’, ‘ਖੇਤੀ ਅੰਕ’ ਅਤੇ ਹੋਰ ਯਾਦ ਨਹੀਂ, ਕਿਹੜੇ-ਕਿਹੜੇ ਨਵੇਂ ਅੰਕ ਸ਼ੁਰੂ ਕਰ ਦਿਤੇ। ਸਾਡੇ ਸਾਥੀ ਨੂੰ ਆਪਣੀਆਂ ਦਿਲਚਸਪੀਆਂ ਅਨੁਸਾਰ ਮਨਭਾਉਂਦਾ ਕੰਮ ਅਤੇ ਵੱਖਰਾ ਕੈਬਿਨ ਮਿਲ ਗਿਆ। ਨੀਰਸ ਖਬਰਾਂ ਦੀ ਘੈਂਸ-ਘੈਂਸ ਤੋਂ ਮੁਕਤੀ ਮਿਲਦਿਆਂ ਹੀ ਸ਼ਮਸ਼ੇਰ ਦੀ ਸ਼ਖਸੀਅਤ ਵਿਚ ਤੇਜੀ ਨਾਲ ਨਵਾਂ ਤੇ ਅਨੋਖਾ ਨਿਖਾਰ ਆਉਣਾ ਸ਼ੁਰੂ ਹੋ ਗਿਆ। ਸਾਲ 1992 ਦੇ ਅਰੰਭ ਵਿਚ ਹੀ ਖਾੜਕੂ ਧਿਰਾਂ ਨੇ ਚੋਣਾਂ ਦਾ ਬਾਈਕਾਟ ਕਰ ਦਿਤਾ। ਬਾਈਕਾਟ ਵਿਚੋਂ ਸ਼ ਬੇਅੰਤ ਸਿੰਘ ਨਿਕਲ ਆਇਆ ਅਤੇ ਉਸ ਨੇ ਕੇ. ਪੀ. ਐਸ਼ ਗਿੱਲ ਨੂੰ ਖੁੱਲ੍ਹੀ ਛੁੱਟੀ ਦੇ ਕੇ ‘ਅਮਨ’ ਦੀ ਬਹਾਲੀ ਤਾਂ ਕਰਵਾਈ ਹੀ ਕਰਵਾਈ, ਨਾਲ ਹੀ ਅਮਨ-ਸ਼ਾਂਤੀ ਦੇ ਮਾਹੌਲ ਦੀ ਬਹਾਲੀ ਦੇ ਆਪਣੇ ਦਾਅਵੇ ਦੀ ਤਸਦੀਕ ਵਜੋਂ ਪੂਰੇ ਪੰਜਾਬ ਅੰਦਰ ਗਾਇਕੀ ਦੇ ਫਲੱਡ-ਗੇਟ ਖੋਲ੍ਹ ਦਿੱਤੇ।
1990 ਤੋਂ ਬਾਅਦ ਅਗਲੇ ਕਈ ਵਰ੍ਹੇ ਮੇਰਾ ਸਾਰਾ ਧਿਆਨ ਪੰਜਾਬ ਅੰਦਰ ਖਾੜਕੂ ਲਹਿਰ ਦੌਰਾਨ ਆਮ ਲੋਕਾਂ ਵਲੋਂ ਝੱਲੇ ਸੰਤਾਪ ਦੀਆਂ ਕਹਾਣੀਆਂ ਇਕੱਠੀਆਂ ਕਰਨ ‘ਤੇ ਲਗਿਆ ਰਿਹਾ। ਸ਼ਮਸ਼ੇਰ ਨੇ ਕੀ ਕੀਤਾ ਤੇ ਕੀ ਨਾ ਕੀਤਾ, ਮੈਨੂੰ ਉਨ੍ਹਾਂ ਸਾਲਾਂ ਦੌਰਾਨ ਕੱਖ ਵੀ ਪਤਾ ਨਾ ਲੱਗਾ। ਦਿਨ-ਰਾਤ ਮਾਰੋ-ਮਾਰ ਕਰਦਿਆਂ ਇਹ ‘ਮੁਹਿੰਮ’ ਮੈਂ ਸ਼ੁਰੂ ਤਾਂ ਕੀਤੀ ਸੀ ਪੁਲਿਸ ਵਧੀਕੀਆਂ ਅਤੇ ਸਾਧਾਰਨ/ਬੇਵਸ ਲੋਕਾਂ ਦੇ ਸੁਰੱਖਿਆ ਬਲਾਂ ਵਲੋਂ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵੇਰਵੇ ਇਕੱਠੇ ਕਰਨ ਖਾਤਰ; ਪਰ ਸਮੁੱਚੇ ਪੰਜਾਬ ਹੀ ਨਹੀਂ ਬਲਕਿ ਦਿੱਲੀ, ਮੁੰਬਈ ਅਤੇ ਤਰਾਈ ਵਿਚ ਵਸੇ ਸਿੱਖ ਕਿਸਾਨਾਂ ਦੇ ਡੇਰਿਆਂ ‘ਤੇ ਜਾ ਕੇ ਜੋ ਹਕੀਕਤ ਮੇਰੇ ਸਾਹਮਣੇ ਆਈ, ਉਹ ਇੰਨੀ ਵਿਕਰਾਲ ਤੇ ਗੁੰਝਲਦਾਰ ਸੀ ਕਿ ਮੇਰੀ ਆਤਮਾ ਇਕ ਤਰ੍ਹਾਂ ਨਾਲ ਸੁੰਨ ਹੋ ਕੇ ਰਹਿ ਗਈ। ਕੁਝ ਵੀ ਲਿਖਣ/ਲਿਖਾਉਣ ਦੀ ਹਿੰਮਤ ਜਾਂ ਜੁਰਅਤ ਹੀ ਨਾ ਪਈ। ਇਕੱਠੇ ਕੀਤੇ ਪੰਡਾਂ ਦੀਆਂ ਪੰਡਾਂ ਕਾਗਜ਼ ਪਏ ਹੀ ਰਹਿ ਗਏ।
‘ਪੰਜਾਬੀ ਟ੍ਰਿਬਿਊਨ’ ਦਾ ਮਾਹੌਲ ਖੁਲ੍ਹ ਗਿਆ ਸੀ। ਸ਼ਮਸ਼ੇਰ ਹੁਣ ‘ਨਿਊਜ਼ ਰੂਮ’ ਦੇ ਘੁਟਣ ਭਰੇ ਮਾਹੌਲ ਤੋਂ ਪੂਰਨ ਰੂਪ ਵਿਚ ਆਜ਼ਾਦ ਸੀ। ਇਹੀ ਉਹ ਸਮਾਂ ਸੀ, ਜਦੋਂ ਉਸ ਨੂੰ ਸੁਰਜੀਤ ਬਿੰਦਰਖੀਏ ਵਰਗਾ ‘ਨਿੱਕਾ ਭਰਾ’ ਮਿਲਿਆ ਅਤੇ ਉਸ ਦੇ ਯਾਰ ਗੁਰਭਜਨ ਗਿੱਲ ਦੇ ਕਥਨ ਅਨੁਸਾਰ, “ਬਿੰਦਰਖੀਏ ਨਾਲ ਉਸ ਦੀ ਜੋੜੀ ਵਿਚ ਜਦੋਂ ਅਤੁੱਲ ਸ਼ਰਮਾ ਆਣ ਮਿਲਿਆ ਤਾਂ ਖੂਬਸੂਰਤੀ ਦੀ ਇਸ ਤ੍ਰਿਕੜੀ ਨੇ ਹਰ ਮੈਦਾਨ ਫਤਿਹ ਕੀਤਾ।”
(ਚਲਦਾ)