ਬਚਿੰਤ ਕੌਰ
1975 ਵਿਚ ਐਮਰਜੈਂਸੀ ਵੇਲੇ ਆਮ ਗਰੀਬ ਲੋਕਾਂ ਅਤੇ ਬੇ-ਸਹਾਰਾ ਗਰੀਬ ਔਰਤਾਂ ਨੂੰ ਤਾਂ ਸੁੱਖ ਦਾ ਸਾਹ ਜ਼ਰੂਰ ਮਿਲਿਆ ਸੀ, ਕਿਉਂਕਿ ਕਿਸੇ ਨੂੰ ਵੀ ਕੁਝ ਗਲਤ ਕਰਨ ‘ਤੇ ਨਵੇਂ ਕਾਨੂੰਨ ਅਨੁਸਾਰ ਹਿਰਾਸਤ ਵਿਚ ਲਿਆ ਜਾ ਸਕਦਾ ਸੀ। ਵੱਡੇ-ਵੱਡੇ ਲੀਡਰਾਂ ਤੇ ਹੋਰ ਨਾਢੂਖਾਨਾਂ ਲਈ ਇਹ ਬਹੁਤ ਘੁਟਣ ਦਾ ਸਮਾਂ ਸੀ, ਜੋ ਉਹ ਬਰਦਾਸ਼ਤ ਨਹੀਂ ਸਨ ਕਰ ਸਕੇ। ਆਖਰ ਐਮਰਜੈਂਸੀ 6 ਮਹੀਨਿਆਂ ਦੇ ਵਿਚ-ਵਿਚ ਹੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵਾਪਸ ਲੈਣੀ ਪਈ ਸੀ।
ਉਧਰ ਸੰਜੇ ਗਾਂਧੀ ਨੇ ਭਾਵੇਂ ਆਪਣੇ ਵਲੋਂ ਦਿੱਲੀ ਦਾ ਬਹੁਤ ਸੁਧਾਰ ਕੀਤਾ, ਇਕ ਵਾਰੀ ਤਾਂ ਜਾਮਾ ਮਸਜਿਦ ਵਰਗਾ ਪ੍ਰਦੂਸ਼ਿਤ ਏਰੀਆ ਵੀ ਚਮ-ਚਮ ਕਰ ਉਠਿਆ ਸੀ, ਪਰ ਸੀ ਉਹ ਮਨ-ਮਤੀਆ ਹੀ। ਆਪਣੇ ਮਨ ਆਈ ਕਰਦਾ, ਜਿਸ ਕਰਕੇ ਜਨਤਾ ਉਸ ਦੇ ਵਿਰੋਧ ਵਿਚ ਬੋਲਣ ਲੱਗੀ।
ਇਉਂ ਭਾਰਤ ਸਰਕਾਰ ਦਾ ਢਾਂਚਾ ਜਵਾਹਰ ਲਾਲ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਸਮੇਂ ਵਾਲਾ ਨਹੀਂ ਸੀ ਰਿਹਾ।
ਇਨ੍ਹਾਂ ਦੋਹਾਂ ਦੇ ਜਾਣ ਤੋਂ ਪਿਛੋਂ ਸਿਆਸਤ ਵਿਚ ਬਹੁਤ ਉਥਲ-ਪੁਥਲ ਹੋਈ। ਕਈ ਵੱਡੇ-ਵੱਡੇ ਕਹਿੰਦੇ-ਕਹਾਉਂਦੇ ਲੀਡਰਾਂ ਨੂੰ ਮਿੰਟਾਂ ਵਿਚ ਇਧਰ-ਓਧਰ ਬਦਲਿਆ ਗਿਆ, ਜਿਸ ਨਾਲ ਸਿਰਫ ਰਾਜਨੀਤਕ ਢਾਂਚਾ ਹੀ ਨਹੀਂ ਸੀ ਬਦਲਿਆ, ਸਗੋਂ ਸਮਾਜਕ, ਆਰਥਕ ਅਤੇ ਸਭਿਆਚਾਰਕ ਤੌਰ ‘ਤੇ ਵੀ ਬਹੁਤ ਵੱਡੇ ਬਦਲਾਓ ਆਏ। ਇਸੇ ਕਰਕੇ ਅਗਾਂਹ ਲੋਕ ਸਭਾ ਚੋਣਾਂ ਵਿਚ ਇੰਦਰਾ ਗਾਂਧੀ ਨੂੰ ਭਾਰੀ ਹਾਰ ਦਾ ਮੂੰਹ ਦੇਖਣਾ ਪਿਆ।
ਇਉਂ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਬਣਾਏ ਗਏ ਸਾਰੇ ਮਨਸੂਬੇ ਧਰੇ-ਧਰਾਏ ਰਹਿ ਗਏ, ਤੇ ਪਾਕਿਸਤਾਨ ਨਾਲ ਵੀ ਸਾਡੇ ਸਬੰਧ ਚੰਗੇ ਨਾ ਰਹੇ।
1980-81 ਵਿਚ ਪਾਕਿਸਤਾਨ ਵਿਚ ਜਨਰਲ ਜ਼ਿਆ-ਉਲ-ਹੱਕ ਦਾ ਰਾਜ ਸੀ। ਉਹ ਵੀ ਆਪਣੀ ਫੌਜੀ ਕਮਾਂਡ ਦੀ ਤਾਕਤ ਨਾਲ ਪਾਕਿਸਤਾਨੀ ਸੱਤਾ ਉਤੇ ਜ਼ੁਲਫਿਕਾਰ ਭੁੱਟੋ ਦਾ ਤਖਤ ਉਲਟ ਕੇ ਕਾਬਜ਼ ਹੋਇਆ ਸੀ, ਪਰ ਉਹ ਪੰਜਾਬੀ ਪੁੱਤਰ ਸੀ। ਇਸੇ ਕਰਕੇ 1981 ਵਿਚ ਪਹਿਲੀ ਵਾਰ ਇਕ ਅਦਬੀ ਅਦਾਰੇ ਨੇ ਭਾਰਤ ਦੇ ਬਹੁਤ ਸਾਰੇ ਪੰਜਾਬੀ ਲੇਖਕਾਂ ਨੂੰ ਪਾਕਿਸਤਾਨ ਆਉਣ ਲਈ ਸੱਦਾ ਪੱਤਰ ਭੇਜੇ। ਪਾਕਿਸਤਾਨ ਦੇ ਵਿਦਵਾਨਾਂ ਨੇ ਸਾਹਿਤਕ ਪੀਰ, ਵਾਰਿਸ ਸ਼ਾਹ ਦਾ ਨਵਾਂ ਮਜ਼ਾਰ ਉਸ ਸਮੇਂ ਚਾਲੀ ਹਜ਼ਾਰ ਰੁਪਏ ਲਾ ਕੇ ਸ਼ੇਖੂਪੁਰਾ ਵਿਚ ਤਿਆਰ ਕਰਵਾਇਆ ਸੀ ਅਤੇ ਸਾਨੂੰ, ਭਾਰਤੀ ਪੰਜਾਬੀ ਲੇਖਕਾਂ ਨੂੰ ਉਸ ਮਜ਼ਾਰ ਉਤੇ ਹੋਣ ਵਾਲੇ ਜਸ਼ਨ ਵਿਚ ਸਤਿਕਾਰ ਸਹਿਤ ਲਾਹੌਰ ਬੁਲਾਇਆ।
ਦਿੱਲੀ ਤੋਂ ਡਾ. ਮਹੀਪ ਸਿੰਘ, ਗੁਰਮੁਖ ਸਿੰਘ ਜੀਤ, ਡਾ. ਸਵਿੰਦਰ ਸਿੰਘ ਉਪਲ, ਮੈਂ ਅਤੇ ਮਿਸਿਜ਼ ਮਹੀਪ ਸਿੰਘ, ਅਸੀਂ ਸਾਰੇ ਹੀ ਹੁੰਮ-ਹੁਮਾ ਕੇ ਦਿੱਲੀਓਂ, ਲਾਹੌਰ ਲਈ ਗੱਡੀ ਰਾਹੀਂ ਰਵਾਨਾ ਹੋਏ। ਉਦੋਂ ਸਮਝੌਤਾ ਟਰੇਨ ਨਹੀਂ ਸੀ ਚੱਲੀ। ਸੋ, ਅਸੀਂ ਪੰਜੇ ਜਣੇ ਪਹਿਲਾਂ ਦਿੱਲੀ ਤੋਂ ਅੰਮ੍ਰਿਤਸਰ ਪਹੁੰਚੇ, ਫਿਰ ਅੰਮ੍ਰਿਤਸਰ ਤੋਂ ਵਾਹਗਾ ਬਾਰਡਰ ਤਕ ਭਾਰਤੀ ਰੇਲ ਰਾਹੀਂ ਗਏ। ਉਥੋਂ ਰੇਲ ਖਾਲੀ ਹੋਣ ਪਿਛੋਂ ਪਾਕਿਸਤਾਨੀ ਰੇਲ ਵਿਚ ਜਾ ਬੈਠੇ।
ਡਾ. ਵਿਸ਼ਵ ਨਾਥ ਤਿਵਾੜੀ ਨੇ ਪਟਿਆਲਿਓਂ ਆਉਣਾ ਸੀ। ਡਾ. ਜਗਤਾਰ ਅਤੇ ਡਾ. ਹਰਨਾਮ ਸਿੰਘ ਸ਼ਾਨ ਪਹਿਲਾਂ ਹੀ ਉਥੇ ਪਹੁੰਚੇ ਹੋਏ ਸਨ। ਦਿੱਲੀ ਤੋਂ ਅਸੀਂ ਪੰਜ ਜਣੇ ਇਕੱਠੇ ਲਾਹੌਰ ਪਹੁੰਚੇ। ਇਸ ਸਾਹਿਤਕ ਗਰੁੱਪ ਦੇ ਲੀਡਰ ਡਾ. ਮਹੀਪ ਸਿੰਘ ਸਨ।
ਬੁੱਧਵਾਰ 22 ਜੁਲਾਈ 1981 ਵਾਲੇ ਦਿਨ ਸਾਡੇ ਪਾਕਿਸਤਾਨ ਪਹੁੰਚਣ ਦੀ ਖਬਰ ਮੋਟੇ-ਮੋਟੇ ਅੱਖਰਾਂ ਵਿਚ ਉਥੋਂ ਦੇ ਕਰੀਬ ਸਾਰੇ ਹੀ ਅਖਬਾਰਾਂ ਦੇ ਮੁੱਖ ਪੰਨੇ ਉਤੇ ਛਪੀ ਸੀ ਤੇ ਨਾਲ ਹੀ ਪਤਾ ਨਹੀਂ ਕਿਵੇਂ ਇਹ ਲਿਖਿਆ ਹੋਇਆ ਸੀ ਕਿ ਇਹ ਸਾਰੇ ਲੇਖਕ 15ਵੀਂ ਸ਼ਤਾਬਦੀ ਦੇ ਮਸ਼ਹੂਰ ਕਿੱਸਾਕਾਰ ਪੀਰ ਵਾਰਿਸ ਸ਼ਾਹ ਦੇ ਮਜ਼ਾਰ ਉਤੇ ਹੋਣ ਵਾਲੇ ਜਸ਼ਨ ਪਿਛੋਂ ਲਾਹੌਰ, ਮੁਲਤਾਨ, ਰਾਵਲਪਿੰੰਡੀ ਤੇ ਇਸਲਾਮਾਬਾਦ, ਜੋ ਪਾਕਿਸਤਾਨ ਬਣਨ ਪਿਛੋਂ ਉਥੇ ਨਵਾਂ ਸ਼ਹਿਰ ਬਣਿਆ ਸੀ, ਵੀ ਜਾਣਗੇ।
ਸਵੇਰੇ ਸਾਰੇ ਅਖਬਾਰਾਂ ਵਿਚ ਇਹ ਖਬਰ ਅਸੀਂ ਸਾਰਿਆਂ ਨੇ ਪੜ੍ਹੀ। ਜਦੋਂ ਸਾਡੀ ਵਾਹਗਾ ਬਾਰਡਰ ਤੋਂ ਬਦਲੀ ਹੋਈ ਪਾਕਿਸਤਾਨ ਗੱਡੀ ਲਾਹੌਰ ਸਟੇਸ਼ਨ ਉਤੇ ਪਹੁੰਚੀ ਤਾਂ ਉਥੋਂ ਦੀ ਗਹਿਮਾ-ਗਹਿਮੀ ਦੇਖ ਅਸੀਂ ਜਿਵੇਂ ਸਾਰੇ ਹੀ ਖੁਸ਼ੀ ਵਿਚ ਝੂਮ ਉਠੇ।
ਸਾਨੂੰ ਹਿੰਦੋਸਤਾਨੀ ਅਦੀਬਾਂ ਨੂੰ ਲੈਣ ਲਈ ਲਾਹੌਰ ਸਟੇਸ਼ਨ ਉਤੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ; ਖਾਸ ਕਰਕੇ ਉਸ ਵੇਲੇ ਦੇ ‘ਮਾਂਜੀ’ ਭਾਵ ਸਾਡੇ ‘ਹੋਸਟ’ ਜਨਾਬ ਸਿਤੁਬਲ ਜੈਗਮ ਸਾਹਿਬ, ਸ਼ਾਹੀਨ ਮਲਿਕ ਸਾਹਿਬ ਤੇ ਹੋਰ ਕਈ ਅਦੀਬ, ਸਾਨੂੰ ਸਟੇਸ਼ਨ ‘ਤੇ ਫੁੱਲਾਂ ਦੇ ਹਾਰ ਲੈ ਕੇ ‘ਜੀ ਆਇਆਂ’ ਕਹਿਣ ਆਏ। ਪਤਾ ਨਹੀਂ ਕਿਵੇਂ ਸਾਡੇ ਮੇਜ਼ਬਾਨਾਂ ਨੇ ਸਾਨੂੰ ਇਕ-ਇਕ ਨੂੰ ਸਹੀ-ਸਹੀ ਪਛਾਣ ਲਿਆ।
ਇਕਹਿਰੀ ਹੱਡੀ ਦੇ ਜਨਾਬ ਸਿਤੁਬਲ ਜੈਗਮ ਸਾਹਿਬ ਨੇ ਲਾਹੌਰ ਸਟੇਸ਼ਨ ਉਤੇ ਉਤਰਦਿਆਂ ਹੀ ਡਾ. ਮਹੀਪ ਸਿੰਘ ਨੂੰ ਆਪਣੀ ਛਾਤੀ ਨਾਲ ਇਉਂ ਘੁੱਟ ਲਿਆ, ਜਿਵੇਂ ਜਨਮਾਂ-ਜਨਮਾਂਤਰਾਂ ਤੋਂ ਵਿਛੜੇ ਮਾਂ ਜਾਏ ਮਿਲੇ ਹੋਣ!
ਤੀਜੀ ਵਾਰੀ ਸ਼ਾਹੀਨ ਮਲਿਕ ਸਾਹਿਬ, ਗੁਰਮੁਖ ਸਿੰਘ ਜੀਤ ਦੇ ਕੋਲ ਨੂੰ ਹੁੰਦੇ ਹੋਏ ਬੋਲੇ, “ਇਹ ਹਨ ਜਨਾਬ ਗੁਰਮੁਖ ਸਿੰਘ ਜੀਤ।”
ਸ਼ਾਹੀਨ ਮਲਿਕ ਦੇ ਮੂੰਹੋਂ ਇਹ ਸ਼ਬਦ ਐਨੇ ਫਖਰ ਅਤੇ ਵਿਸ਼ਵਾਸ ਨਾਲ ਨਿਕਲੇ ਸਨ, ਜਿਵੇਂ ਉਹ ਗੁਰਮੁਖ ਸਿੰਘ ਜੀਤ ਨੂੰ ਪਹਿਲਾਂ ਤੋਂ ਹੀ ਜਾਣਦੇ ਹੋਣ। ਪਿਛੋਂ ਸਿਤੁਬਲ ਜੈਗਮ ਸਾਹਿਬ ਮੇਰਾ ਸਿਰ ਪਲੋਸਦੇ ਬੋਲੇ, “ਇਹੀ ਹਨ ਮੋਹਤਰਮਾ ਬਚਿੰਤ ਕੌਰ ਜੀ, ‘ਭੁੱਬਲ ਦੀ ਅੱਗ’ ਵਾਲੀ ਲੇਖਿਕਾ।”
ਉਨ੍ਹਾਂ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਮਿਸਿਜ਼ ਮਹੀਪ ਸਿੰਘ ਤੇ ਮੈਂ, ਅਸੀਂ ਦੋਹਾਂ ਨੇ ਸਾੜ੍ਹੀਆਂ ਪਹਿਨੀਆਂ ਹੋਈਆਂ ਸਨ। ਅਸੀਂ ਦੋਵੇਂ ਹੀ ਸਿੱਖ ਪਰਿਵਾਰਾਂ ਤੋਂ ਸਾਂ। ਦੋਹਾਂ ਵਿਚੋਂ ਬਚਿੰਤ ਕੌਰ ਕੌਣ ਹੈ, ਇਹ ਗੱਲ ਜੈਗਮ ਸਾਹਿਬ ਨੇ ਕਿਵੇਂ ਬੁੱਝੀ, ਮੈਂ ਸਮਝ ਨਾ ਸਕੀ।
ਓਧਰ ਸਾਡੇ ਪੰਜਾਂ ਵਿਚੋਂ ਜੈਗਮ ਸਾਹਿਬ ਨੂੰ ਲਾਹੌਰ ਸਟੇਸ਼ਨ ਉਤੇ ਕੋਈ ਵੀ ਨਹੀਂ ਸੀ ਪਛਾਣ ਸਕਿਆ। ਅਸੀਂ ਤਾਂ ਅਜੇ ਵੀ ਆਪਣੇ ਮੇਜ਼ਬਾਨ ਸਿਤੁਬਲ ਜੈਗਮ ਨੂੰ ਲੱਭ ਰਹੇ ਸਾਂ ਤੇ ਸੋਚ ਰਹੇ ਸਾਂ ਜੈਗਮ ਸਾਹਿਬ ਕੋਈ ਸੂਟ-ਬੂਟ ਪਾਈ ਸ਼ੁਕੀਨ ਕਿਸਮ ਦੇ ਸੱਜਣ ਹੋਣਗੇ ਪਰ ਉਹ ਤਾਂ ਖੱਦਰ ਦੇ ਕੁੜਤੇ ਤੇ ਚਿੱਟੇ ਸ਼ਮਲੇ ਵਿਚ ਸਨ, ਜਿਨ੍ਹਾਂ ਨੇ ਸਾਨੂੰ ਲਾਹੌਰ ਆਉਣ ਲਈ ਸੱਦਾ ਪੱਤਰ ਭੇਜਿਆ ਸੀ।
ਜਦੋਂ ਸਟੇਸ਼ਨ ‘ਤੇ ਗੁਰਮੁਖ ਸਿੰਘ ਜੀਤ ਨੇ ਜੈਗਮ ਸਾਹਿਬ ਬਾਰੇ ਜੈਗਮ ਤੋਂ ਹੀ ਪੁੱਛਿਆ ਤਾਂ ਸ਼ਾਹੀਨ ਮਲਿਕ, ਜੋ ਪੈਂਟ ਕਮੀਜ਼ ਵਿਚ ਸਨ, ਖਿੜ-ਖਿੜ ਕੇ ਹੱਸੇ।
“ਇਹੀ ਸਿਤੁਬਲ ਜੈਗਮ ਹਨ, ਜੋ ਤੁਹਾਨੂੰ ਜੱਫੀਆਂ ਪਾ ਰਹੇ ਹਨ। ਮੇਰੀ ਵਾਰੀ ਆਉਣ ਹੀ ਨਹੀਂ ਦਿੰਦੇ।” ਸ਼ਾਹੀਨ ਮਲਿਕ ਦੇ ਇਹ ਮਿਠੜੇ ਬੋਲ ਸੁਣ ਕੇ ਅਸੀਂ ਖੁਸ਼ੀ ਵਿਚ ਹੋਰ ਵੀ ਮਹਿਕ ਉਠੇ।
ਮੈਂ ਬੜੀ ਹੈਰਾਨੀ ਨਾਲ ਜੈਗਮ ਸਾਹਿਬ ਦੇ ਸੰਧੂਰੀ ਮੁਖੜੇ ਨੂੰ ਨਿਹਾਰਨ ਲੱਗੀ। ਇਹੀ ਉਹ ਜੈਗਮ ਹਨ, ਜਿਨ੍ਹਾਂ ਨੇ ਮੈਨੂੰ ਲਗਾਤਾਰ ਚਾਰ ਚਿੱਠੀਆਂ ਵਾਰਿਸ ਸ਼ਾਹ ਉਰਸ ਉਤੇ ਆਉਣ ਲਈ ਉਰਦੂ ਅੱਖਰਾਂ ਵਰਗੀ ਪੰਜਾਬੀ ਵਿਚ ਲਿਖੀਆਂ ਸਨ। ਮੈਨੂੰ ਹੀ ਨਹੀਂ, ਸਾਨੂੰ ਸਾਰਿਆਂ ਨੂੰ ਜੈਗਮ ਸਾਹਿਬ ਨੇ ਆਪਣੀ ਕਲਮ ਨਾਲ ਇਹ ਚਿੱਠੀਆਂ ਲਿਖੀਆਂ ਸਨ।
ਅਸੀਂ ਚਾਰੇ ਅਦੀਬ (ਮਿਸਿਜ਼ ਮਹੀਪ ਸਿੰਘ ਲਿਖਦੇ ਨਹੀਂ ਸਨ) ਪੰਜਾਬੀ ਕੋਆਪਰੇਟਿਵ ਇੰਡਸਟਰੀਅਲ ਲਿਮਟਿਡ ਸੁਸਾਇਟੀ ਵਲੋਂ ਇਸ ਜਸ਼ਨ ਵਿਚ ਸ਼ਾਮਿਲ ਹੋਣ ਲਈ ਲਾਹੌਰ ਪੁੱਜੇ ਸੀ, ਜਿਥੋਂ ਅਗਾਂਹ ਅਸੀਂ ਵਾਰਿਸ ਸ਼ਾਹ ਉਰਸ ਲਈ ਪੀਰ ਵਾਰਿਸ਼ ਸ਼ਾਹ ਦੇ ਪਿੰਡ ਸ਼ੇਖੂਪੁਰੇ ਉਸ ਦੇ ਨਵੇਂ ਬਣੇ ਮਜ਼ਾਰ ਉਤੇ ਚਾਦਰ ਚੜ੍ਹਾਉਣੀ ਸੀ। ਉਰਸ ਵੀ ਉਥੇ ਹੀ ਦੋ ਰਾਤਾਂ ਤੇ ਤਿੰਨ ਦਿਨ ਹੋਣਾ ਸੀ।
ਹੁਣ ਲਾਹੌਰ ਸਟੇਸ਼ਨ ‘ਤੇ ਸਾਡੇ ਦੁਆਲੇ ਕਾਫੀ ਭੀੜ ਜਮ੍ਹਾਂ ਹੋ ਗਈ ਸੀ। ਕਾਰਨ ਇਹ ਕਿ ਸ਼ਾਇਦ 1947 ਤੋਂ ਪਿੱਛੋਂ ਇਥੋਂ ਦੇ ਆਮ ਲੋਕਾਂ ਨੇ ਪਹਿਲੀ ਵਾਰੀ ਪੇਚਵੀਆਂ ਪੱਗਾਂ ਵਾਲੇ ਸਰਦਾਰ ਦੇਖੇ ਸਨ, ਜਿਨ੍ਹਾਂ ਨਾਲ ਸਾੜ੍ਹੀਆਂ ਵਾਲੀ ਦੋ ਸਿੱਖ ਸ਼ੌਕੀਨ ਔਰਤਾਂ ਵੀ ਸਨ। 1981 ਵਿਚ ਅਸੀਂ ਕਿਸੇ ਵੀ ਪਾਕਿਸਤਾਨੀ ਔਰਤ ਨੂੰ ਉਥੇ ਸਾੜ੍ਹੀ ਵਿਚ ਨਹੀਂ ਸੀ ਤੱਕਿਆ।
ਖੈਰ, ਜੈਗਮ ਸਾਹਿਬ ਅਤੇ ਉਥੋਂ ਦੇ ਅਦੀਬਾਂ ਨੇ ਸਾਡਾ ਜੋ ਭਰਵਾਂ ਸੁਆਗਤ ਕੀਤਾ, ਉਸ ਦੀ ਮਿਸਾਲ ਸ਼ਾਇਦ ਹੀ ਪਿਛੋਂ ਕਦੇ ਸਾਹਮਣੇ ਆਈ ਹੋਵੇ। ਲਾਹੌਰ ਸਟੇਸ਼ਨ ਤੋਂ ਹੋਟਲ ਤਕ ਢੋਲ, ਮਜੀਰੇ ਤੇ ਵਾਜੇ ਸਾਡੇ ਅੱਗੇ-ਅੱਗੇ ਇਉਂ ਵੱਜ ਰਹੇ ਸਨ, ਜਿਵੇਂ ਕੋਈ ਦੁਲ੍ਹਾ ਬਰਾਤ ਚੜ੍ਹ ਰਿਹਾ ਹੋਵੇ; ਤੇ ਸਾਡੇ ਮੂਹਰੇ-ਮੂਹਰੇ ਲੋਕੀਂ ਖੁਸ਼ੀ ਵਿਚ ਨਚਦੇ ਗਾਉਂਦੇ ਜਾ ਰਹੇ ਸਨ।
ਮੈਂ ਆਪਣੇ ਮਨ ਨੂੰ ਕਾਬੂ ਵਿਚ ਨਾ ਰੱਖ ਸਕੀ ਤੇ ਭੱਜ ਕੇ ਸਵਾਗਤੀ ਟੋਲੀ ਵਿਚ ਜਾ ਸੜਕ ਉਤੇ ਉਨ੍ਹਾਂ ਨਾਲ ਹੀ ਨੱਚਣ ਲੱਗੀ। ਸਾਨੂੰ ਨੱਚਦਿਆਂ ਦੇਖ ਕੇ ਲੋਕਾਂ ਦੀ ਭੀੜ ਪਲੋ-ਪਲੀ ਵਧਦੀ ਗਈ। ਮੈਨੂੰ ਰੋਕਦੇ-ਰੋਕਦੇ ਡਾ. ਉਪਲ ਵੀ ਪੁੱਠੀਆਂ-ਸਿੱਧੀਆਂ ਛਾਲਾਂ ਮਾਰਦੇ ਸਾਡੇ ਵਿਚ ਸ਼ਾਮਿਲ ਹੋ ਗਏ। ਉਹ ਇਥੋਂ ਦੇ ਪਿੰਡ ਧਮਿਆਲ ਦੇ ਹੀ ਜੰਮਪਲ ਸਨ ਤੇ ਉਨ੍ਹਾਂ ਨੇ ਇਸ ਧਰਤੀ ਉਤੇ ਪੈਰ ਧਰਦਿਆਂ ਹੀ ਧਰਤੀ ਨੂੰ ਇਉਂ ਨਮਸਕਾਰਿਆ ਸੀ, ਜਿਵੇਂ ਅਸੀਂ ਗੁਰਦੁਆਰੇ ਦੀਆਂ ਪੌੜੀਆਂ ਚੜ੍ਹ ਰਹੇ ਹੋਈਏ।
ਗੁਰਮੁਖ ਸਿੰਘ ਜੀਤ ਵੀ ਪਿੱਛੋਂ ਪਾਕਿਸਤਾਨ ਦੇ ਹੀ ਜੰਮਪਲ ਸਨ ਤੇ ਮਿਸਿਜ਼ ਮਹੀਪ ਸਿੰਘ ਦਾ ਨਾਤਾ ਵੀ ਬਚਪਨ ਵਿਚ ਇਥੋਂ ਦੀ ਧਰਤੀ ਨਾਲ ਰਿਹਾ ਸੀ। ਬਸ ਮੈਂ ਹੀ ਸਾਂ, ਜੋ ਲਹਿੰਦੇ ਪੰਜਾਬ ਦੀ ਧਰਤੀ ਉਤੇ ਪਹਿਲੀ ਵਾਰੀ ਆਈ ਸਾਂ। ਅਸੀਂ ਸਾਰੇ ਖੁਸ਼ੀ ਵਿਚ ਝੂਮ ਉਠੇ। ਹੁਣ ਦੋਹਾਂ ਧਿਰਾਂ ਵਿਚੋਂ ਕਿਸੇ ਨੂੰ ਪਤਾ ਨਹੀਂ ਸੀ, ਕੌਣ ਮਹਿਮਾਨ ਹੈ ਤੇ ਕੌਣ ਮੇਜ਼ਬਾਨ। ਅਸੀਂ ਸਾਰੇ ਇਕੋ ਹੀ ਹੋ ਗਏ ਸਾਂ। ਏਨਾ ਮੋਹ! ਤੌਬਾ!
ਕਿੰਨੇ ਹੀ ਗਹਿਮਾ-ਗਹਿਮੀ ਨਾਲ ਭਰੇ ਬਾਜ਼ਾਰਾਂ ਤੇ ਮੁਹੱਲਿਆਂ ਵਿਚੋਂ ਲੰਘਦੇ ਅਸੀਂ ਪੰਜ ਤਾਰਾ ਹੋਟਲ ਪਹੁੰਚੇ, ਜਿਥੇ ਸਾਨੂੰ ਠਹਿਰਾਇਆ ਗਿਆ ਸੀ। ਸਾਡੇ ਮੇਜ਼ਬਾਨਾਂ ਵਿਚੋਂ ਹੁਣ ਕੋਈ ਵੀ ਸਾਡੇ ਨਾਲ ਨਹੀਂ ਸੀ, ਨਾ ਹੀ ਕਿਸੇ ਨੇ ਸਾਨੂੰ ਚਾਹ-ਪਾਣੀ ਹੀ ਪੁੱਛਿਆ। ਅਸੀਂ ਪੰਜੇ ਬਿਟਰ-ਬਿਟਰ ਇਕ ਦੂਜੇ ਵੱਲ ਝਾਕਣ ਲੱਗੇ। ਆਖਿਰ ਇਹ ਕੀ?
ਅਸੀਂ ਚੁਪਕੇ ਜਿਹੇ ਇਕੋ ਕਮਰੇ ਵਿਚ ਆ ਇਕੱਠੇ ਹੋਏ ਅਤੇ ਘੁਸਰ-ਮੁਸਰ ਹੋਣ ਲੱਗੀ। ਹੁਣ ਤਕ ਤਾਂ ਇਹ ਐਨੇ ਢੋਲ ਢਮੱਕੇ ਕਰ ਰਹੇ ਸਨ, ਹੁਣ ਕੀ ਹੋ ਗਿਆ? ਸਾਨੂੰ ਕਿਸੇ ਨੂੰ ਵੀ ਸਮਝ ਨਹੀਂ ਸੀ ਆ ਰਹੀ। ਉਧਰ ਸ਼ਾਮ ਦੇ ਅਸੀਂ ਦਿੱਲੀਓਂ ਚੱਲੇ ਹੋਏ ਸਾਂ, ਉਤੋਂ ਜੁਲਾਈ ਦੇ ਮਹੀਨੇ ਦੀ ਗਰਮੀ ਤੇ ਲੰਬੇ ਸਫਰ ਦੀ ਪ੍ਰੇਸ਼ਾਨੀ ਨੇ ਸਾਨੂੰ ਅੱਕਲਕਾਨ ਕਰ ਛੱਡਿਆ ਸੀ।
ਅਸੀਂ ਇਕ ਦੂਜੇ ਵੱਲ ਤਕ ਹੀ ਰਹੇ ਸੀ ਕਿ ਜੈਗਮ ਸਾਹਿਬ ਅਤੇ ਜ਼ਿਆ ਸਾਹਿਬ ਅਚਾਨਕ ਹੀ ਵੱਡੇ ਸਾਰੇ ਹਾਲ ਕਮਰੇ ਵਿਚੋਂ ਦੀ ਹੋ ਕੇ ਸਾਡੇ ਕੋਲ ਆਏ। ਜ਼ਿਆ ਸਾਹਿਬ ਲਾਹੌਰ ਸ਼ਹਿਰ ਦੇ ਬਹੁਤ ਵੱਡੇ ਧਨਾਢ ਸਨ। ਉਨ੍ਹਾਂ ਨਾਲ ਜੈਗਮ ਸਾਹਿਬ ਨੇ ਸਾਨੂੰ ਵਾਰੀ-ਵਾਰੀ ਪੰਜਾਂ ਨੂੰ ਮਿਲਾਇਆ, ਨਾਲ ਹੀ ਸਾਨੂੰ ਉਨ੍ਹਾਂ ਦੇ ਵੱਡੇ ਪੈਮਾਨੇ ਦੇ ਵਪਾਰ ਬਾਰੇ ਦੱਸਿਆ ਕਿ ਦੁਨੀਆਂ ਭਰ ਵਿਚ ਇਨ੍ਹਾਂ ਦੇ ਕਾਰਖਾਨੇ ਦੇ ਬਣੇ ਕਾਲੀਨ ਇਥੋਂ, ਲਾਹੌਰੋਂ ਹੀ ਜਾਂਦੇ ਹਨ। ਕਾਲੀਨਾਂ ਦੀਆਂ ਕਿੰਨੀਆਂ ਹੀ ਕਿਸਮਾਂ ਦੇ ਅਣਗਿਣਤ ਨਮੂਨਿਆਂ ਬਾਰੇ ਉਨ੍ਹਾਂ ਸਾਨੂੰ ਦੱਸਿਆ ਪਰ ਜਿਵੇਂ ਉਹ ਸਾਡੀਆਂ ਕਿਤਾਬਾਂ ਬਾਰੇ ਬਹੁਤ ਘੱਟ ਜਾਣਦੇ ਸਨ, ਉਵੇਂ ਹੀ ਉਨ੍ਹਾਂ ਦੇ ਕਾਲੀਨਾਂ ਦੇ ਵਪਾਰ ਬਾਰੇ ਸਾਨੂੰ ਮਾੜੀ-ਮੋਟੀ ਹੀ ਜਾਣਕਾਰੀ ਸੀ।
ਖੈਰ, ਜਲਦੀ ਹੀ ਹੋਟਲ ਦੇ ਦਰਾਂ ਮੂਹਰੇ ਵੱਡੀ ਸਾਰੀ ਜੀਪ ਆ ਖੜ੍ਹੀ ਹੋਈ, ਜਿਸ ਵੱਲ ਇਸ਼ਾਰਾ ਕਰਦਿਆਂ ਸ਼ਾਹੀਨ ਮਲਿਕ ਸਾਨੂੰ ਉਸ ਵਿਚ ਬੈਠਣ ਲਈ ਕਹਿ ਰਹੇ ਸਨ। ਅਸੀਂ ਚੁਪ-ਚਾਪ ਕਾਰ ਵਿਚ ਬੈਠ ਗਏ।
ਕੁਝ ਹੀ ਮਿੰਟਾਂ ਪਿਛੋਂ ਸਾਡੀ ਕਾਰ ਦੇ ਮੂਹਰੇ-ਮੂਹਰੇ ਚਲਦੀ, ਸਾਡੇ ਮੇਜ਼ਬਾਨਾਂ ਦੀ ਦੂਜੀ ਕਾਰ ਇਕ ਹੋਰ ਫਾਈਵ ਸਟਾਰ ਹੋਟਲ ਦੇ ਵੱਡੇ ਸਾਰੇ ਖੂਬਸੂਰਤ ਗੇਟ ਵਿਚੋਂ ਅੰਦਰ ਲੰਘ ਗਈ।
ਫਿਰ ਅਸੀਂ ਐਸੇ ਬੰਦ ਕਮਰੇ ਵਿਚ ਲੰਘ ਗਏ ਜਿਥੇ ਸਾਡੇ ਪੰਜਾਂ ਤੋਂ ਬਗੈਰ ਹੋਰ ਕੋਈ ਵੀ ਨਹੀਂ ਸੀ; ਨਾ ਸ਼ਾਹੀਨ, ਨਾ ਜੈਗਮ ਸਾਹਿਬ ਤੇ ਨਾ ਹੀ ਕੋਈ ਹੋਰ, ਜਿਵੇਂ ਕੋਈ ਕੈਦ ਖਾਨਾ ਹੋਵੇ। ਸਾਰੇ ਹੋਟਲ ਦਾ ਵਾਤਾਵਰਨ ਖਾਲੀ-ਖਾਲੀ, ਉਦਾਸ-ਉਦਾਸ, ਜਿਵੇਂ ਕਦੇ ਕੋਈ ਇਥੇ ਆਉਂਦਾ ਜਾਂਦਾ ਹੀ ਨਾ ਹੋਵੇ। ਸਫੇਦ ਵਰਦੀ ਉਤੇ ਸੁਨਹਿਰੀ ਪੱਟੀ ਵਾਲਾ ਬਹਿਰਾ ਸਾਡੇ ਲਈ ਸ਼ੀਸ਼ੇ ਦੇ ਵੱਡੇ-ਵੱਡੇ ਗਿਲਾਸਾਂ ਵਿਚ ਹਰੇ ਰੰਗ ਦਾ ਸ਼ਰਬਤ ਲੈ ਕੇ ਆ ਹਾਜ਼ਰ ਹੋਇਆ, “ਜਲਦੀ ਸੇ ਪੀ ਲੀਜੀਏ, ਔਰ ਬਤਾਈਏ ਕਿਆ ਖਾਏਂਗੇ? ਕਬਾਬ ਚਿਕਨ ਯਾ ਦਾਲ?”
ਅਸੀਂ ਸਭ ਹੈਰਾਨ ਸੀ ਕਿ ਮੇਜ਼ਬਾਨ ਤਾਂ ਨੇੜੇ-ਤੇੜੇ ਕੋਈ ਦਿਖਾਈ ਨਹੀਂ ਸੀ ਦਿੰਦਾ। ਬਹਿਰੇ ਨੇ ਦੁਬਾਰਾ ਸਾਨੂੰ ਹੌਲੀ ਜਿਹੀ ਪੁੱਛਿਆ, “ਜਨਾਬ ਖਾਨੇ ਕੇ ਲੀਏ ਕਿਆ ਲਾਊਂ, ਜਲਦੀ ਸੇ ਬਤਾਈਏ।”
“ਜਲਦੀ ਸੇ ਕਿਉਂ?” ਡਾ. ਮਹੀਪ ਸਿੰਘ ਬੋਲੇ। ਬਹਿਰੇ ਨੇ ਉਸ ਦੀ ਗੱਲ ‘ਤੇ ਕੋਈ ਗੌਰ ਨਾ ਕੀਤੀ। ਗੁਰਮੁਖ ਸਿੰਘ ਜੀਤ ਨੂੰ ਭੁੱਖ ਨੇ ਬੁਰੀ ਤਰ੍ਹਾਂ ਸਤਾਇਆ ਹੋਇਆ ਸੀ, ਉਹ ਝਟ ਬੋਲੇ, “ਬਈ ਦਾਲ ਹੀ ਲੈ ਆਓ, ਹਮਾਰੀ ਤੋਂ ਭੂਖ ਸੇ ਆਂਦਰੇ ਨਿਕਲੀ ਜਾ ਰਹੀ ਹੈਂ।”
“ਸਾਥ ਮੇਂ ਨਾਨ ਲੇ ਆਊਂ?” ਬਹਿਰੇ ਨੇ ਫਿਰ ਪੁੱਛਿਆ।
“ਲੈ ਆਓ ਜੋ ਹੈ ਤੁਮਾਰੇ ਪਾਸ।” ਡਾ. ਉਪਲ ਵੀ ਢਿੱਡ ਸੁੰਗੋੜਦੇ ਬੋਲ ਪਏ ਸਨ।
“ਚੋਰਾਂ ਵਾਂਗ ਸਾਨੂੰ ਇਥੇ ਲਿਆ ਕੇ ਬਿਠਾ ਦਿੱਤਾ। ਇਹ ਵੀ ਕੋਈ ਪ੍ਰਾਹੁਣਾਚਾਰੀ ਹੋਈ ਭਲਾ? ਮੈਂ ਪੁੱਛੂੰਗਾ ਜੈਗਮ ਸਾਹਿਬ ਨੂੰ, ਜ਼ਰਾ ਸਾਹਮਣੇ ਤਾਂ ਆਉਣ।” ਗੁਰਮੁਖ ਸਿੰਘ ਜੀਤ ਬਹੁਤ ਪ੍ਰੇਸ਼ਾਨ ਸਨ। ਮੈਂ ਅਤੇ ਮਿਸਿਜ਼ ਮਹੀਪ ਸਿੰਘ, ਦੋਵੇਂ ਗੁੰਮ-ਸੁੰਮ ਸਾਰੇ ਹਾਲਾਤ ਨੂੰ ਚੁਪ-ਚਾਪ ਭਾਂਪ ਰਹੀਆਂ ਸਾਂ।
ਝੱਟ, ਦੋ ਬਹਿਰੇ ਚੁਪਕੇ-ਚੁਪਕੇ ਨੰਗੇ ਪੈਰੀਂ ਨਾਨ ਅਤੇ ਮਹਾਂ ਦੀ ਦਾਲ ਦੇ ਵੱਡੇ-ਵੱਡੇ ਡੌਂਗੇ ਰੱਖ ਕੇ ਤੇ ਪਲਾਂ ਵਿਚ ਆਪ ਕਿਧਰੇ ਗਾਇਬ ਹੋ ਗਏ।
ਇਹ ਸਭ ਕੀ ਹੈ? ਅਸੀਂ ਅਜੇ ਵੀ ਨਹੀਂ ਸੀ ਸਮਝ ਸਕੇ। ਮੇਜ਼ਬਾਨ ਵੀ ਕੋਈ ਨੇੜੇ-ਤੇੜੇ ਨਜ਼ਰ ਨਹੀਂ ਸੀ ਆ ਰਿਹਾ। ਥੋੜ੍ਹਾ ਚਿਰ ਅਸੀਂ ਪੰਜੇ ਇਧਰ ਉਧਰ ਦੇਖਦੇ ਰਹੇ। ਜਦੋਂ ਕਿਤੇ ਕੋਈ ਨਾ ਦਿਸਿਆ, ਤਾਂ ਆਪੇ ਇਕ ਦੂਜੇ ਵੱਲ ਦੇਖਦੇ ਸਾਹਮਣੇ ਪਈ ਰੋਟੀ ਨੂੰ ਝਪਟ ਪਏ।
ਰੋਟੀ ਟੁਕ ਪਿੱਛੋਂ ਜਦੋਂ ਅਸੀਂ ਉਸ ਡਾਇਨਿੰਗ ਹਾਲ ਨੁਮਾ ਛੋਟੇ ਜਿਹੇ ਕਮਰੇ ਤੋਂ ਬਾਹਰ ਨਿਕਲੇ ਤਾਂ ਸਾਡੀ ਗੱਡੀ ਦੇ ਡਰਾਇਵਰ ਨੇ ਚੁਪਕੇ ਜਿਹੇ ਸਾਨੂੰ ਗੱਡੀ ਵਿਚ ਬੈਠਣ ਦਾ ਇਸ਼ਾਰਾ ਕੀਤਾ; ਤੇ ਅਸੀਂ ਗੱਡੀ ਵਿਚ ਬੈਠ, ਜ਼ਿਆ ਸਾਹਿਬ ਦੀ ਕੋਠੀ ਆ ਗਏ। ਕਹਿਣ ਨੂੰ ਇਹ ਭਾਵੇਂ ਕੋਠੀ ਸੀ ਪਰ ਸੀ ਪੂਰੇ ਦਾ ਪੂਰੇ ਮਹਿਲ। ਅਣਗਿਣਤ ਕਮਰੇ ਤੇ ਹਰ ਕਮਰੇ ਵਿਚ ਬਾਥਰੂਮ ਅਤੇ ਠੰਢੇ ਤੱਤੇ ਪਾਣੀ ਲਈ ਦੋ-ਦੋ ਟੂਟੀਆਂ। ਕਿਤੇ-ਕਿਤੇ ਤਾਂ ਇਕੋ ਟੂਟੀ ਵਿਚੋਂ ਵੀ ਠੰਢਾ ਤੇ ਤੱਤਾ ਪਾਣੀ ਆਉਂਦਾ ਸੀ, ਜਿਵੇਂ ਇਹ ਲਾਹੌਰ ਸ਼ਹਿਰ ਨਾ ਹੋ ਕੇ ਅਮਰੀਕਾ ਹੋਵੇ!
ਕਾਰ ਵਿਚੋਂ ਉਤਰਦਿਆਂ ਹੀ ਡਾ. ਮਹੀਪ ਸਿੰਘ ਜੈਗਮ ਸਾਹਿਬ ਦੇ ਪਿੱਛੇ-ਪਿੱਛੇ ਜ਼ਿਆ ਸਾਹਿਬ ਦੇ ਕਮਰੇ ਵਿਚ ਗਏ ਤੇ ਜਾਂਦਿਆਂ ਹੀ ਬੜੇ ਅਜੀਬ ਜਿਹੇ ਢੰਗ ਨਾਲ ਉਨ੍ਹਾਂ ਨੂੰ ਮੁਖਾਤਿਬ ਹੁੰਦੇ ਹੋਏ ਬੋਲੇ, “ਜੈਗਮ ਸਾਹਿਬ ਇਹ ਘੁਟਨ, ਸਾਨੂੰ ਤਾਂ ਕੈਦ ਜਿਹੀ ਮਹਿਸੂਸ ਹੋ ਰਹੀ ਹੈ। ਸਟੇਸ਼ਨ ਉਤੋਂ ਤਾਂ ਤੁਸੀਂ ਬੜੇ ਚਾਓ ਨਾਲ ਨੱਚਦਿਆਂ ਗਾਉਂਦਿਆਂ ਲਿਆਂਦਾ ਸੀ?”
“ਯਾਰ ਮਹੀਪ ਸਿੰਘ, ਬੁਰਾ ਨਾ ਮਨਾਉਣਾ। ਇਥੇ ਅੱਜ ਕੱਲ੍ਹ 17 ਜੁਲਾਈ ਤੋਂ ਰੋਜ਼ੇ ਚੱਲ ਰਹੇ ਹਨ ਤੇ ਤੁਸੀਂ ਨਹੀਂ ਜਾਣਦੇ, ਰੋਜ਼ਿਆਂ ਵਿਚ ਕਿਸੇ ਨੂੰ ਖਾਣਾ ਖਿਲਾਉਣਾ ਸਮਝ ਲਵੋ, ਸਿੱਧਾ 21-21 ਕੋਰੜੇ, ਭਰੇ ਬਾਜ਼ਾਰ ਖਾਣ ਲਈ ਤਿਆਰ ਰਹਿਣ ਵਾਲੀ ਗੱਲ ਹੈ। ਜਨਰਲ ਜ਼ਿਆ ਬੜੇ ਕੱਟੜ ਮੁਸਲਮਾਨ ਹਨ। ਉਹ ਇਹ ਕਦਾਚਿਤ ਬਰਦਾਸ਼ਤ ਨਹੀਂ ਕਰਦੇ ਕਿ ਰੋਜ਼ਿਆਂ ਵਿਚ ਕੋਈ ਮੂੰਹ ਵੀ ਜੂਠਾ ਕਰੇ, ਜਾਂ ਕਿਸੇ ਨੂੰ ਖਾਣ-ਪੀਣ ਨੂੰ ਕਹੇ। ਸਾਡੇ ਮਜ਼੍ਹਬ ਵਿਚ ਰੋਜ਼ਾ ਤੋੜਨ ਦੀ ਸਖਤ ਸਜ਼ਾ ਹੈ। ਇਸੇ ਡਰੋਂ ਅਸੀਂ ਇਹ ਸਭ ਚੋਰੀ-ਚੋਰੀ ਕੀਤਾ ਹੈ, ਜੋ ਵੀ ਹੋ ਸਕਿਆ। ਅਸੀਂ ਤੁਹਾਡੇ ਕੋਲ ਖੜ੍ਹੇ ਵੀ ਨਹੀਂ ਸੀ ਹੋ ਸਕਦੇ। ਨਹੀਂ ਤਾਂ ਸਾਨੂੰ ਭਰੇ ਬਾਜ਼ਾਰ ਵਿਚ ਕੋਰੜੇ ਖਾਣੇ ਪੈਣੇ ਸਨ।”
“ਐਨਾ ਸਖਤ ਕਾਨੂੰਨ, ਕੋਈ ਬਿਮਾਰ-ਠਿਮਾਰ ਹੋ ਜਾਏ ਰੋਜ਼ਿਆਂ ਵਿਚ, ਫਿਰ?”
“ਬੱਸ ਤੁਸੀਂ ਪੁੱਛੋ ਨਾ। ਐਨੀ ‘ਕੱਟੜਤਾ’ ਦੁਖਦਾਈ ਹੁੰਦੀ ਹੈ। ਰੋਜ਼ਾ ਤੋੜਨਾ ਤਾਂ ਸਾਡੇ ਇਥੇ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੀ ਗੱਲ ਹੈ।”
ਹੁਣ ਅਸੀਂ ਜੈਗਮ ਸਾਹਿਬ ਦੀ ਮਜਬੂਰੀ ਸਮਝ ਗਏ। ਇਸੇ ਲਈ ਉਨ੍ਹਾਂ ਦੀ ਖਿਦਮਤਗਾਰੀ ਦੀ ਦਾਦ ਦਿੱਤੇ ਬਿਨਾ ਨਾ ਰਹਿ ਸਕੇ।
“ਸਾਡੇ ਲਈ ਤੁਸੀਂ ਏਡਾ ਖਤਰਾ ਮੁੱਲ ਲਿਆ ਜੈਗਮ ਸਾਹਿਬ?” ਡਾ. ਮਹੀਪ ਸਿੰਘ ਬੋਲੇ।
“ਬਈ ਹੁਣ ਆਏ ਮਹਿਮਾਨਾਂ ਲਈ ਰੋਟੀ ਟੁਕਰ ਤਾਂ ਜ਼ਰੂਰੀ ਸੀ। ਥੋਨੂੰ ਕੀ ਪਤਾ ਰੋਜ਼ਿਆਂ ਦਾ, ਭਾਵੇਂ ਹਿੰਦੁਸਤਾਨ ਵਿਚ ਵੀ ਬਹੁਤ ਸਾਰੇ ਮੁਸਲਮਾਨ ਰਹਿੰਦੇ ਹਨ ਪਰ ਐਨੀ ਕੱਟੜਤਾ ਸ਼ਾਇਦ ਉਥੇ ਨਾ ਹੋਵੇ।” ਜੈਗਮ ਸਾਹਿਬ ਨੇ ਆਪਣੇ ਭੈਅ ਨੂੰ ਮੁੜ ਜਾਹਰ ਕੀਤਾ ਤੇ ਅਸੀਂ ਸੋਚਣ ਲਈ ਮਜਬੂਰ ਹੋ ਗਏ ਕਿ ਇਹੋ ਜਿਹੀ ਸਮੱਸਿਆ ਸੀ ਤਾਂ ਇਹ ਜਸ਼ਨ, ਰੋਜ਼ਿਆਂ ਤੋਂ ਪਿੱਛੋਂ ਰੱਖ ਲੈਂਦੇ।
“ਇਹ ਵੀ ਸਾਡੇ ਵੱਸ ਨਹੀਂ ਸੀ।” ਸ਼ਾਹੀਨ ਮਲਿਕ ਦੇ ਇਹ ਬੋਲ ਸੁਣ ਕੇ ਅਸੀਂ ਸਾਰੇ ਚੁੱਪ ਕਰ ਗਏ।
ਹੁਣ ਸ਼ਾਮਾਂ ਪੈ ਚੁਕੀਆਂ ਸਨ। ਬਾਜ਼ਾਰਾਂ ਵਿਚ ਕੁਝ ਰੌਣਕ ਨਜ਼ਰ ਆਉਣ ਲੱਗੀ ਸੀ। ਲਾਹੌਰ ਸ਼ਹਿਰ ਦੀਆਂ ਸੜਕਾਂ ਉਤੇ ਟਾਂਗਿਆਂ ਮੂਹਰੇ ਜੁੜੇ ਘੋੜੇ ਤੇ ਘੋੜੀਆਂ ਦੀਆਂ ਟਾਪਾਂ ਮਨ ਨੂੰ ਆਪਣੀ ਸੰਗੀਤਕ ਲੈਅ ਨਾਲ ਮੋਹ ਰਹੀਆਂ ਸਨ। ਲੋਕਾਂ ਦੇ ਰੋਜ਼ਾ ਖੋਲ੍ਹਣ ਦਾ ਸਮਾਂ ਵੀ ਨੇੜੇ ਆ ਗਿਆ ਸੀ।
ਬਾਜ਼ਾਰ ਵਿਚ ਵੀ ਵੰਨ-ਸੁਵੰਨੇ ਖਾਣਿਆਂ ਦੀ ਖੁਸ਼ਬੋਈ ਭਰੀ ਪਈ ਸੀ; ਖਾਸ ਕਰਕੇ ਬਾਸਮਤੀ ਚੌਲਾਂ ਅਤੇ ਬਰਿਆਨੀਆਂ ਨਾਲ ਭਰੀਆਂ ਪਰਾਤਾਂ। ਸਾਨੂੰ ਸਾਡੇ ਮੇਜ਼ਬਾਨ ਜ਼ਿਆ ਸਾਹਿਬ ਦੀ ਕੋਠੀ ਵਿਚ ਤਿੰਨ ਕਮਰੇ ਮਿਲੇ ਸਨ ਜਿਥੇ ਹਰ ਤਰ੍ਹਾਂ ਨਾਲ ਏਅਰ ਕੰਡੀਸ਼ਨਡ ਤੇ ਹੋਰ ਆਰਾਮ ਦਾਇਕ ਸਾਮਾਨ ਦੀ ਪੂਰੀ ਸਹੂਲਤ ਸੀ।
ਰੋਟੀ ਟੁਕ ਤੋਂ ਅਸੀਂ ਪਹਿਲਾਂ ਹੀ ਵਿਹਲੇ ਹੋ ਚੁਕੇ ਸਾਂ।
ਹੁਣ ਕਈ ਲੰਮੀਆਂ-ਲੰਮੀਆਂ ਕਾਰਾਂ ਜ਼ਿਆ ਸਾਹਿਬ ਦੀ ਕੋਠੀ ਆ-ਜਾ ਰਹੀਆਂ ਸਨ; ਤੇ ਉਧਰ ਮਲਿਕ ਸਾਹਿਬ ਸਾਨੂੰ ਸਭ ਨੂੰ ਜਲਦੀ-ਜਲਦੀ ਤਿਆਰ ਹੋਣ ਲਈ ਕਹਿ ਰਹੇ ਸਨ ਕਿਉਂਕਿ ਲਾਹੌਰ ਵਿਚ ਉਰਦੂ, ਪੰਜਾਬੀ ਸਾਰੇ ਹੀ ਅਦੀਬਾਂ ਨੇ ਸਾਡੇ ਲਈ ਪੰਜ ਤਾਰਾ ਹੋਟਲ ਵਿਚ ਸਾਹਿਤਕ ਮਿਲਣੀ ਦਾ ਪ੍ਰਬੰਧ ਕੀਤਾ ਹੋਇਆ ਸੀ।
ਜਦੋਂ ਅਸੀਂ ਉਥੇ ਪਹੁੰਚੇ, ਪੂਰਾ ਹਾਲ ਉਰਦੂ, ਅਰਬੀ, ਫਾਰਸੀ, ਪੰਜਾਬੀ, ਸਾਰੀਆਂ ਹੀ ਜ਼ੁਬਾਨਾਂ ਦੇ ਵਿਦਵਾਨਾਂ ਨਾਲ ਖਚਾ-ਖਚ ਭਰਿਆ ਹੋਇਆ ਸੀ। ਅਣਗਿਣਤ ਅਖਬਾਰਾਂ ਦੇ ਨੁਮਾਇੰਦੇ ਟੈਲੀਵਿਜ਼ਨ ਅਤੇ ਰੇਡੀਓ ਵਾਲਿਆਂ ਵਲੋਂ ਵੀ ਸਭ ਲੋਕ ਉਥੇ ਪਹੁੰਚੇ ਹੋਏ ਸਨ।
ਜਿਉਂ ਹੀ ਸਾਰੇ ਕਾਰਾਂ ਵਿਚੋਂ ਹੋਟਲ ਦੇ ਗੇਟ ਉਤੇ ਉਤਰੇ, ਉਥੋਂ ਹੀ ਅਖਬਾਰਾਂ ਅਤੇ ਟੀ. ਵੀ. ਵਾਲਿਆਂ ਨੇ ਸਾਨੂੰ ਘੇਰ ਲਿਆ। ਕਈ ਅਖਬਾਰਾਂ ਵਾਲਿਆਂ ਨੇ ਤਾਂ ਹਾਲ ਵਿਚ ਸਾਥੋਂ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, “ਤੁਸੀਂ ਕੀ ਸਮਝਦੇ ਹੋ ਕਿ ਹੁਣ ਹਿੰਦੁਸਤਾਨੀ ਤੇ ਪਾਕਿਸਤਾਨੀ ਅਦੀਬ, ਦੋਹਾਂ ਦੇਸ਼ਾਂ ਵਿਚ ਬਿਨਾ ਕਿਸੇ ਰੋਕ-ਟੋਕ ਦੇ ਆਉਣ-ਜਾਣ ਲੱਗਣਗੇ?”
ਡਾ. ਮਹੀਪ ਸਿੰਘ ਦਾ ਉਤਰ ਸੀ, “ਆਸ ਤਾਂ ਇਹੋ ਹੈ।”
ਕਮਲ ਇਮਤਿਆਜ਼, ਜੋ ਪੰਜਾਬੀ ਪੱਤਰਕਾਰ ਸੀ, ਵਾਰ-ਵਾਰ ਮੈਨੂੰ ਪ੍ਰਸ਼ਨ ਪੁੱਛ ਰਿਹਾ ਸੀ, “ਮੈਡਮ ਕੀ ਹਿੰਦੁਸਤਾਨ ਵਿਚ ਉਰਦੂ ਤੇ ਫਾਰਸੀ ਐਮ. ਏ. ਤੱਕ ਕਲਾਸਾਂ ਦੇ ਕੋਰਸਾਂ ਵਿਚ ਬਾਕੀ ਵਿਸ਼ਿਆਂ ਵਾਂਗ ਹੀ ਪੜ੍ਹਾਈ ਜਾਂਦੀ ਹੈ?”
“ਹਾਂ, ਹਾਂ! ਉਥੇ ਸਾਡੇ ਭਾਰਤ ਵਿਚ ਪੂਰੀਆਂ 22 ਭਾਸ਼ਾਵਾਂ ਨੂੰ ਸੰਵਿਧਾਨ ਅਨੁਸਾਰ ਇਕੋ ਜਿਹੇ ਹਕੂਕ ਹਾਸਲ ਸਨ।” ਮੈਂ ਕਿਹਾ।
ਇੰਨੇ ਨੂੰ ਸਭ ਵਿਦਵਾਨ ਅਤੇ ਹੋਰ ਕਲਾਕਾਰ ਆਪੋ-ਆਪਣੀਆਂ ਸੀਟਾਂ ਉਤੇ ਬੈਠ ਚੁਕੇ ਸਨ। ਸਟੇਜ ਬੜੀ ਚੰਗੀ ਤਰ੍ਹਾਂ ਸਜਾਈ ਹੋਈ ਸੀ ਤੇ ਉਰਦੂ, ਫਾਰਸੀ ਅਤੇ ਪੰਜਾਬੀ ਦੇ ਵੱਡੇ-ਵੱਡੇ ਲੇਖਕ ਸਾਡੀ ਉਡੀਕ ਵਿਚ ਜੁੜੇ ਹੋਏ ਸਨ।
ਡਾ. ਮਹੀਪ ਸਿੰਘ ਅਤੇ ਡਾ. ਉਪਲ ਸਮੇਤ ਸਾਨੂੰ ਪੰਜਾਂ ਨੂੰ ਸਟੇਜ ਉਤੇ ਬਿਰਾਜਮਾਨ ਹੋਣ ਲਈ ਕਿਹਾ ਗਿਆ ਤੇ ਸਾਡੀ ਜਾਣ-ਪਛਾਣ ਕਰਵਾਈ ਗਈ। ਪਿਛੋਂ ਟੀ. ਵੀ. ਅਤੇ ਰੇਡੀਓ ਵਾਲਿਆਂ ਨੇ ਸਾਥੋਂ ਬਹੁਤ ਸਾਰੇ ਸਵਾਲ ਪੁਛੇ। ਅਖਬਾਰਾਂ ਵਾਲੇ ਤਾਂ ਜਿਵੇਂ ਇਕ ਦੂਜੇ ਤੋਂ ਮੂਹਰੇ ਹੋ ਹੋ ਕੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਸਬੰਧਾਂ ਵਿਚ ਪਏ ਪਾੜੇ ਨੂੰ ਕੁਰੇਦ-ਕੁਰੇਦ ਕੇ ਪੁੱਛ ਰਹੇ ਸਨ।
ਗੁਰਮੁਖ ਸਿੰਘ ਜੀਤ, ਡਾ. ਉਪਲ ਅਤੇ ਡਾ. ਮਹੀਪ ਸਿੰਘ ਨੇ ਸਾਰੇ ਮੀਡੀਏ ਨਾਲ ਪੂਰਾ ਘੰਟਾ ਭਰ ਗੱਲਬਾਤ ਜਾਰੀ ਰੱਖੀ ਪਰ ਮੈਂ ਤਾਂ ਕਿਸੇ ਵੀ ਗੱਲ ਦਾ ਉਤਰ ਨਹੀਂ ਸੀ ਦੇ ਰਹੀ, ਕਿਉਂਕਿ ਮੇਰੇ ਲਈ ਇੰਨੇ ਵੱਡੇ ਪੈਮਾਨੇ ਉਤੇ ਮੀਡੀਏ ਨਾਲ ਗੱਲਬਾਤ ਕਰਨੀ ਉਸ ਵੇਲੇ ਬੜੀ ਔਖੀ ਸੀ। ਉਤੋਂ ਮੈਂ ਸਰਕਾਰੀ ਨੌਕਰੀ ਵਿਚ ਹੋਣ ਕਰਕੇ ਡਰਦੀ ਮਾਰੀ ਵੀ ਕੁਝ ਨਹੀਂ ਸੀ ਬੋਲ ਰਹੀ, ਪਰ ਪਿਛੋਂ ਇਕ ਲੇਡੀ ਪ੍ਰੋਫੈਸਰ ਦਿਲਸ਼ਾਦ ਟਿਵਾਣਾ ਨੇ ਮੈਨੂੰ ਕਾਲਜ ਵਿਚ ਪੜ੍ਹਾਈ ਜਾਂਦੀ ਪੰਜਾਬੀ ਭਾਸ਼ਾ ਬਾਰੇ ਪੁੱਛਿਆ ਤਾਂ ਮੈਂ ਉਸ ਦੇ ਸਵਾਲ ਦਾ ਉਤਰ ਦਿੱਤਾ। ਉਸ ਨੇ ਮੈਨੂੰ ਦਸਿਆ ਕਿ ਉਹ ਲਾਹੌਰ ਦੇ ਇਕ ਕਾਲਜ ਵਿਚ ਪੰਜਾਬੀ ਐਮ. ਏ. ਨੂੰ ਪੜ੍ਹਾਉਂਦੀ ਹੈ ਪਰ ਲਿਪੀ ਫਾਰਸੀ ਹੀ ਵਰਤੀ ਜਾਂਦੀ ਹੈ। ਮੀਡੀਏ ਨਾਲ ਹੋਈ ਇਹ ਗੱਲਬਾਤ ਉਸੇ ਰਾਤ ਖਬਰਾਂ ਵਿਚ ਟੀ. ਵੀ. ਉਤੇ ਦਿਖਾਈ ਗਈ, ਜੋ ਅਸੀਂ ਦੂਜੇ ਦਿਨ ਜ਼ਿਆ ਸਾਹਿਬ ਦੇ ਘਰ ਦੇਖੀ।
ਅਗਲੇ ਦਿਨ ਸ਼ੇਖੂਪੁਰਾ ਜਿਲੇ ਵਿਚ ਵਾਰਿਸ ਸ਼ਾਹ ਦੇ ਪਿੰਡ ਹੀ ‘ਵਾਰਿਸ ਸ਼ਾਹ ਉਰਸ’ ਬੜੀ ਧੂਮਧਾਮ ਨਾਲ ਸ਼ੁਰੂ ਹੋਇਆ। ਹੁਣ ਸਾਡੇ ਨਾਲ ਡਾ. ਹਰਨਾਮ ਸਿੰਘ ਸ਼ਾਨ, ਡਾ. ਜਗਤਾਰ ਅਤੇ ਡਾ. ਵਿਸ਼ਵ ਨਾਥ ਤਿਵਾੜੀ ਵੀ ਸਨ।
ਸਭ ਤੋਂ ਪਹਿਲਾਂ ਹਿੰਦੁਸਤਾਨ ਤੋਂ ਆਏ ਸਾਰੇ ਹੀ ਲੇਖਕਾਂ ਨੇ ਵਾਰਿਸ ਸ਼ਾਹ ਦੇ ਮਜ਼ਾਰ ‘ਤੇ ਚਾਦਰ ਚੜ੍ਹਾਈ। ਰਾਤ ਨੂੰ ਕੋਈ ਸੌ ਕੁ ਫਨਕਾਰਾਂ ਵਿਚਕਾਰ ਹੀਰ ਮੁਕਾਬਲਾ ਹੋਇਆ ਤੇ ਸਾਨੂੰ ਇਸ ਮੁਕਾਬਲੇ ਵਿਚ ਜੱਜਾਂ ਦੇ ਤੌਰ ‘ਤੇ ਸ਼ਾਮਿਲ ਕੀਤਾ ਗਿਆ। ਸਾਰੀ ਰਾਤ, ਹੀਰ ਗਾਉਣ ਅਤੇ ਸੁਣਨ ਵਾਲਿਆਂ ਦਾ ਮੇਲਾ ਭਰਿਆ ਰਿਹਾ। ਰਾਤ ਦੇ ਤੀਜੇ ਪਹਿਰ ਜਾ ਕੇ ਇਹ ਮੁਕਾਬਲਾ ਸਮਾਪਤ ਹੋਇਆ। ਪਹਿਲੇ, ਦੂਜੇ ਅਤੇ ਤੀਜੇ ਇਨਾਮਾਂ ਦੇ ਨਤੀਜੇ ਸੁਣਾਏ ਗਏ।
ਦੂਜੇ ਦਿਨ ਕਵਾਲੀਆਂ ਹੋਈਆਂ ਤੇ ਮੁੜ ਰਾਤ ਵੇਲੇ ਲੋਕ ਨਾਚ ਹੁੰਦੇ ਰਹੇ ਜੋ ਮਰਦਾਂ ਦੇ ਹੀ ਸਨ। ਔਰਤਾਂ ਦੇਖਣ ਵਾਸਤੇ ਜ਼ਰੂਰ ਆਈਆਂ ਪਰ ਨਾਚ ਗਾਣੇ ਵਿਚ ਹਿੱਸਾ ਮਰਦਾਂ ਨੇ ਹੀ ਲਿਆ। ਇਹ ਭਾਵੇਂ ਲੋਕ ਨਾਚ ਹੀ ਸਨ, ਪਰ ਹਰ ਇਕ ਅੰਗ ਦਾ ਵੱਖ-ਵੱਖ ਕਲਾਤਮਕ ਢੰਗ ਨਾਲ ਹਰਕਤ ਵਿਚ ਲਿਆਉਣਾ ਦੇਖਿਆਂ ਹੀ ਬਣਦਾ ਸੀ। ਤੀਜੇ ਦਿਨ ਸਮਾਪਤੀ ਸਮੇਂ ਭਾਰਤ ਤੋਂ ਆਏ ਸਾਰੇ ਅਦੀਬਾਂ ਨੂੰ ਸਰਕਾਰੀ ਸਾਹਿਤ ਅਦਾਰੇ ਨੇ ਸਨਮਾਨਿਤ ਕੀਤਾ।
ਡਾ. ਮਹੀਪ ਨੇ ਆਪਣੇ ਭਾਸ਼ਣ ਵਿਚ ਪੂਰੇ ਜ਼ੋਰ ਨਾਲ ਕਿਹਾ ਕਿ ਭਾਰਤ ਅਤੇ ਪਾਕਿਸਤਾਨ, ਦੋਵੇਂ ਸਕੇ ਭਰਾਵਾਂ ਵਾਂਗ ਹਨ। ਆਮ ਜਨਤਾ ਜਾਂ ਪੰਜਾਬੀ ਅਦਾਰਿਆਂ ਨਾਲ ਵੰਡ ਦੀ ਦੀਵਾਰ ਦਾ ਕੋਈ ਸਰੋਕਾਰ ਨਹੀਂ। ਦਰਅਸਲ ਦੋਵੇਂ ਪੰਜਾਬ ਇਕੋ ਹਨ। ਇਕੋ ਇਨ੍ਹਾਂ ਦੀ ਬੋਲੀ। ਇਕੋ ਇਨ੍ਹਾਂ ਦਾ ਖਾਣਾ-ਪੀਣਾ, ਨੱਚਣਾ-ਗਾਉਣਾ ਤੇ ਪਹਿਰਾਵਾ ਹੈ। ਗੁਰਮੁਖ ਸਿੰਘ ਜੀਤ ਨੇ ਵੀ ਪੱਛਮੀ ਪੰਜਾਬ ਨਾਲ ਆਪਣੀ ਅਪਣੱਤ ਬਾਰੇ ਮੋਹ ਭਰੇ ਸ਼ਬਦ ਕਹੇ। ਡਾ. ਉਪਲ ਜੋ ਇਥੋਂ ਦੇ ਪਿੰਡ ਧਮਿਆਲ ਦੇ ਜੰਮਪਲ ਸਨ, ਉਥੋਂ ਦੇ ਬਜੁਰਗਾਂ ਨਾਲ ਆਪਣੇ ਬਜੁਰਗਾਂ ਦੀ ਸਾਂਝ ਲੈ ਕੇ ਅਤੀਤ ਵਿਚ ਗੁਆਚ ਗਏ ਸਨ।
ਮੈਂ ਤਾਂ ਸਿਰਫ ਇਹੀ ਕਹਿ ਸਕੀ ਕਿ ਸਾਡੇ ਪਟਿਆਲੇ ਤੋਂ ਜੋ ਮੁਸਲਮਾਨ ਪਰਿਵਾਰ ਸਹੀ ਸਲਾਮਤ ਪਾਕਿਸਤਾਨ ਪਹੁੰਚ ਗਏ ਸਨ, ਉਨ੍ਹਾਂ ਦੀ ਸੁੱਖ-ਸਾਂਦ ਲਈ ਉਥੇ ਅਸੀਂ ਪਟਿਆਲੇ ਆਪਣੇ ਘਰ ਅਖੰਡ ਪਾਠ ਦਾ ਭੋਗ ਪਾ ਕੇ ਵਾਹਿਗੁਰੂ ਦਾ ਲੱਖ-ਲੱਖ ਸ਼ੁਕਰਾਨਾ ਕੀਤਾ ਸੀ। ਉਨ੍ਹਾਂ ਦੀ ਸਲਾਮਤੀ ਦੀ ਤਸਦੀਕ ਮੇਰੇ ਪਿਤਾ ਜੀ ਨੇ ਖੁਦ ਕੀਤੀ ਸੀ ਕਿਉਂਕਿ ਉਹ ਖੁਦ ਫੌਜੀ ਸਿਪਾਹੀ ਸਨ।
ਅਗਲੇ ਦਿਨ ਪਾਕਿਸਤਾਨੀ ਅਖਬਾਰਾਂ ਨੇ ਸਾਡੀਆਂ ਤਕਰੀਰਾਂ ਮੋਟੇ-ਮੋਟੇ ਅੱਖਰਾਂ ਵਿਚ ਛਾਪੀਆਂ। ਇਉਂ ਤਿੰਨ ਦਿਨ ਤੇ ਦੋ ਰਾਤਾਂ ਜਸ਼ਨ-ਏ-ਵਾਰਿਸ ਸ਼ਾਹ, ਸ਼ੇਖੂਪੁਰੇ ਵਿਚ ਬੜੀ ਧੂਮਧਾਮ ਨਾਲ ਹੁੰਦਾ ਰਿਹਾ। ਪਿਛੋਂ ਜਦੋਂ ਇਹ ਉਰਸ ਸਮਾਪਤੀ ‘ਤੇ ਆਇਆ ਤਾਂ ਸਾਡਾ ਭਾਰਤ ਤੋਂ ਆਏ ਸਾਰੇ ਹੀ ਲੇਖਕਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਸਾਨੂੰ ਆਪਣੇ ਮਨ ਦੀ ਗੱਲ ਕਹਿਣ ਦਾ ਵੀ ਪੂਰਾ ਮੌਕਾ ਮਿਲਿਆ।
ਜਸ਼ਨ ਸਮਾਪਤ ਹੋਣ ਪਿੱਛੋਂ ਦੋ ਦਿਨ ਸਾਨੂੰ ਸਾਡੇ ਮੇਜ਼ਬਾਨਾਂ ਨੇ ਰਾਵਲਪਿੰਡੀ, ਇਸਲਾਮਾਬਾਦ, ਲਾਹੌਰ ਦਾ ਕਿਲ੍ਹਾ, ਜਿਥੇ ਮਹਾਰਾਣੀ ਜਿੰਦਾਂ ਦੇ ਖੂਬਸੂਰਤ ਹੱਥਾਂ ਦੀਆਂ ਅਸਲ ਤਸਵੀਰਾਂ ਪਾਈਆਂ ਹੋਈਆਂ ਸਨ, ਦਿਖਾਈਆਂ। ਉਹ ਖੂਨੀ ਦਰਵਾਜਾ ਵੀ ਅਸੀਂ ਦੇਖਿਆ, ਜਿਸ ਦੇ ਹੇਠਾਂ ਡੋਗਰੇ ਭਾਈਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਾਨੋ-ਮਾਰ ਮੁਕਾਉਣ ਦੀ ਸਾਜ਼ਿਸ਼ ਬਣਾਈ ਸੀ।
ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਲੀ ਉਹ ਨਦੀ ਵੀ ਅਸੀਂ ਦੇਖੀ, ਜਿਸ ਵਿਚ ਉਨ੍ਹਾਂ ਨੂੰ ਤੱਤੇ ਤਵਿਆਂ ਉਤੇ ਬਿਠਾ ਕੇ ਡੋਬਿਆ ਜਾਂਦਾ ਸੀ। ਹੁਣ ਇਸ ਨਦੀ ਦਾ ਥੋੜ੍ਹੀ ਜਿਹਾ ਹਿੱਸਾ ਹੀ ਦੇਖਣ ਵਾਸਤੇ ਖੁੱਲ੍ਹਾ ਹੈ। ਸਰਕਾਰਾਂ, ਮਜ਼ਲੂਮਾਂ ਅਤੇ ਸੰਤਾਂ-ਮਹਾਤਮਾਵਾਂ ਉਤੇ ਜ਼ੁਲਮ ਕਰਦੀਆਂ ਆਈਆਂ ਹਨ ਤੇ ਆਪਣੀ ਸੁਆਰਥ ਪੂਰਤੀ ਲਈ ਕਰਦੀਆਂ ਰਹਿਣਗੀਆਂ, ਪਰ ਆਮ ਜਨਤਾ ਨਾ ਇਨ੍ਹਾਂ ਜ਼ੁਲਮੀ ਸਰਕਾਰਾਂ ਨਾਲ ਕਦੇ ਖੜ੍ਹੀ ਹੈ, ਨਾ ਹੀ ਕਦੇ ਖੜ੍ਹੀ ਹੋਵੇਗੀ। ਇਹ ਤਾਂ ਪਿਆਰ ਦੀ ਭੁੱਖੀ ਹੈ; ਤਾਹੀਓਂ ਪਿਆਰ ਹੀ ਵੰਡਦੀ ਹੈ ਤੇ ਪਿਆਰ ਹੀ ਲੈਂਦੀ ਹੈ।
ਇਉਂ ਹਫਤਾ ਭਰ ਪਾਕਿਸਤਾਨ ਦੀ ਧਰਤੀ ਉਤੇ ਵਿਚਰ ਕੇ ਅਸੀਂ ਮੋਟਰਾਂ ਰਾਹੀਂ ਵਾਹਗਾ ਬਾਰਡਰ ਉਤੇ ਆ ਪਹੁੰਚੇ ਜਿਥੋਂ ਅਸੀਂ ਹੁਣ ਆਪਣੇ ਮੇਜ਼ਬਾਨਾਂ ਤੋਂ ਅੱਡ ਹੋਣਾ ਸੀ। ਸਿਰਫ ਦੋ ਗਜ ਜਮੀਨ ਦਾ ਟੁਕੜਾ ਸੀ, ਜਿਸ ਦੇ ਦੋਹੀਂ ਪਾਸੀਂ ਲੋਹੇ ਦੇ ਮੋਟੇ-ਮੋਟੇ ਸੰਗਲ ਲੱਗੇ ਹੋਏ ਸਨ। ਦੋਹੀਂ ਪਾਸੀਂ ਭਾਰਤੀ ਅਤੇ ਪਾਕਿਸਤਾਨੀ ਸਿਪਾਹੀ ਬੰਦੂਕਾਂ ਤਾਣੀ ਖੜ੍ਹੇ ਸਾਨੂੰ ਦੋਹਾਂ ਪੰਜਾਬਾਂ ਦੇ ਧੀਆਂ-ਪੁੱਤਰਾਂ ਨੂੰ ਜੁਦਾ ਹੁੰਦੇ ਬੇਵਸੀ ਨਾਲ ਦੇਖ ਰਹੇ ਸਨ।
ਮੈਂ ਬਾਰਡਰ ਪਾਰ ਕਰਨ ਪਿਛੋਂ ਮੁੜ ਕੇ ਸ਼ਾਹ ਜੀ ਦੀ ਛਾਤੀ ਨਾਲ ਆ ਲੱਗੀ ਸੀ, ਜਿਵੇਂ ਉਥੇ ਮੈਂ ਆਪਣੀ ਕੋਈ ਕੀਮਤੀ ਚੀਜ਼ ਛੱਡ ਆਈ ਹੋਵਾਂ! ਦੋਹੀਂ ਪਾਸੀਂ ਨੈਣਾਂ ਵਿਚੋਂ ਵਿਛੋੜੇ ਦੇ ਹੰਝੂਆਂ ਦੀਆਂ ਧਾਰਾਂ ਜਾਰੋ-ਜਾਰ ਵਹਿ ਰਹੀਆਂ ਸਨ ਤੇ ਸਮਾਂ ਆਪਣੀ ਚਾਲੇ ਤੁਰਦਾ ਸਭ ਕੁਝ ਚੁਪ-ਚਾਪ ਦੇਖ ਰਿਹਾ ਸੀ:
ਲਾਲੀ ਅੱਖੀਆਂ ਦੀ ਪਈ ਦੱਸਦੀ ਏ
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।
ਇਉਂ 1981 ਵਿਚ ਹੋਈ ਇਹ ਪਾਕਿਸਤਾਨੀ ਸਾਹਿਤਕ ਕਾਨਫਰੰਸ ਮੈਂ ਕਦੇ ਨਹੀਂ ਭੁੱਲ ਸਕਦੀ। ਇਸ ਉਰਸ ਦੀ ਤਸਵੀਰ ਮੇਰੇ ਮਨ ਦੇ ਚਿਤਰਪਟ ਉਤੇ ਅੱਜ ਵੀ ਉਵੇਂ ਉਘੜੀ ਪਈ ਹੈ।