ਅੱਧੀ ਸਦੀ ਪਹਿਲਾਂ: ਬਾਬਾ ਭਕਨਾ ਦਾ ਇਕ ਦੁਰਲੱਭ ਦਸਤਾਵੇਜ਼-3
ਯੁਵਕ ਕੇਂਦਰ, ਜਲੰਧਰ ਨੇ ਬਾਬਾ ਸੋਹਣ ਸਿੰਘ ਭਕਨਾ ਨੂੰ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਬੇਨਤੀ ਕੀਤੀ ਸੀ। ਬਾਬਾ ਜੀ ਨੇ ਇਨ੍ਹਾਂ ਸਵਾਲਾਂ ਦੇ ਨਾਲ ਨਾਲ ਕੁਝ ਹੋਰ ਸਵਾਲ ਜੋੜ ਕੇ ਉਨ੍ਹਾਂ ਦੇ ਉਰਦੂ ਵਿਚ ਜਵਾਬ ਲਿਖ ਦਿਤੇ। ਅਮਰੀਕਾ ਵਿਚ 4 ਅਪਰੈਲ 1968 ਨੂੰ ਮਾਰਟਿਨ ਲੂਥਰ ਕਿੰਗ ਦੇ ਕਤਲ ਤੋਂ ਪਿਛੋਂ ਦੇ ਹਾਲਾਤ ਵਿਚ ਬਾਬਾ ਜੀ ਨੇ ਸਮਾਜਵਾਦ, ਧਰਮ, ਦੇਸ਼ ਦੇ ਹਾਲਾਤ ਆਦਿ ਮਸਲਿਆਂ ਨੂੰ ਛੋਹਿਆ ਸੀ, ਜਿਸ ਤੋਂ ਉਨ੍ਹਾਂ ਅਤੇ ਉਨ੍ਹਾਂ ਦੇ ਗਦਰੀ ਸਾਥੀਆਂ ਦੇ ਵਿਚਾਰਾਂ ਦੀ ਸਪਸ਼ਟਤਾ ਮਿਲਦੀ ਹੈ।
ਇਸ ਦੇ ਕੁਝ ਹਿੱਸੇ ਪੈਂਫਲਿਟ ਦੀ ਸ਼ਕਲ ਵਿਚ ‘ਦੇਸ਼ ਅਤੇ ਕੌਮ’ ਸਵਾਲ-ਜਵਾਬ ਦੇ ਰੂਪ ਵਿਚ ਯੁਵਕ ਕੇਂਦਰ ਨੇ ਉਸ ਵਕਤ ਛਪਵਾਏ ਪਰ ਇਹ ਸੰਪੂਰਨ ਇਤਿਹਾਸਕ ਲਿਖਤ ਅਣਪ੍ਰਕਾਸ਼ਿਤ ਰਹਿ ਗਈ। ਯੁਵਕ ਕੇਂਦਰ ਨੇ ਉਦੋਂ ਬਾਬਾ ਜੀ ਦੇ ਲਿਖੇ ਕਈ ਹੋਰ ਪੈਂਫਲਿਟ ਜਿਵੇਂ ਦੁੱਖ, ਗਰੀਬੀ, ਇਸਤਰੀ ਜਾਤੀ ਦਾ ਸਵਾਲ ਵੀ ਛਪਵਾਏ ਸਨ। ਇਸ ਲਿਖਤ ਦੇ ਪੰਜਾਬੀ ਅਨੁਵਾਦ ਦੀ ਕਾਪੀ ਪ੍ਰੋ. ਜਗਮੋਹਨ ਸਿੰਘ (ਜਨਰਲ ਸਕੱਤਰ, ਜਮਹੂਰੀ ਸਭਾ, ਪੰਜਾਬ) ਪਾਸ ਬੀਬੀ ਅਮਰ ਕੌਰ ਮੈਮੋਰੀਅਲ ਲਾਇਬਰੇਰੀ ਵਿਚ ਪਈ ਹੈ। ਯੁਵਕ ਕੇਂਦਰ ‘ਚ ਮੁੱਖ ਤੌਰ ‘ਤੇ ਪ੍ਰੋਫੈਸਰ ਮਲਵਿੰਦਰ ਜੀਤ ਸਿੰਘ ਵੜੈਚ, ਜਗਮੋਹਨ ਸਿੰਘ ਅਤੇ ਰਾਜਿੰਦਰ ਸਿੰਘ ਚੀਮਾ ਛਪਾਈ ਦਾ ਕੰਮ ਦੇਖਦੇ ਸਨ। ਉਰਦੂ ਤੋਂ ਉਲਥਾ ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ ਕਰਦੇ ਸਨ। -ਸੰਪਾਦਕ
ਸੁਆਲ: ਅਮਰੀਕਾ ਵਾਲਿਆਂ ਦੀ ਆਮ ਖੁਰਾਕ ਕੀ ਹੈ?
ਜੁਆਬ: ਗੋਸ਼ਤ, ਆਂਡੇ, ਫਲ, ਮੱਖਣ, ਪਨੀਰ, ਵਗੈਰਾ। ਸੁਬ੍ਹਾ ਚਾਹ ਨਾਲ ਆਂਡੇ ਮੱਖਣ, ਡਬਲਰੋਟੀ, ਫਲ; ਦੁਪਹਿਰ ਤੇ ਸ਼ਾਮ ਚੌਲ ਮਿਲੇ ਹੋਏ ਤੇ ਕਾਗਜ਼ੀ ਬਦਾਮ, ਜਿਸ ਦੀ ਹੱਥ ਨਾਲ ਗਿਰੀ ਨਿਕਲ ਸਕਦੀ ਹੈ। ਕਾਰਖਾਨੇ ਨੂੰ ਕੰਮ ‘ਤੇ ਜਾਣ ਵੇਲੇ ਮਜ਼ਦੂਰ ਜੇਬਾਂ ਭਰ ਲੈਂਦੇ ਹਨ। ਜਦ ਕਾਰਖਾਨਾ 5 ਮਿੰਟ ਲਈ ਬੰਦ ਹੋ ਜਾਂਦਾ ਹੈ ਤਾਂ ਸਭ ਬਦਾਮ ਖਾ ਰਹੇ ਹੁੰਦੇ ਹਨ।
ਸੁਆਲ: ਇਤਨੀ ਚੰਗੀ ਖੁਰਾਕ, ਫਿਰ ਵੀ ਮਜ਼ਦੂਰ ਕਿਉਂ ਐਜੀਟੇਸ਼ਨ ਕਰਦੇ ਸਨ?
ਜੁਆਬ: ਅਮਰੀਕਨ ਮਜ਼ਦੂਰ ਦੀ ਮਿਆਰੀ ਜ਼ਿੰਦਗੀ ਉਤਨੀ ਹੀ ਉਚੀ ਹੈ, ਜਿੰਨੀ ਉਸ ਦੇ ਦੇਸ਼ ਦੀ। ਜਦ ਉਸ ਦੀ ਖੁਰਾਕ ਤੇ ਕੱਪੜੇ ਵਗੈਰਾ ਵਿਚ ਕਮੀ ਹੋ ਜਾਏ ਤੇ ਤਨਖਾਹ, ਖਰਚ (ਹੀ) ਪੂਰਾ ਨਾ ਕਰੇ ਤਾਂ ਉਸ ਦਾ ਹੱਕ ਹੀ ਹੈ ਕਿ ਉਹ ਐਜੀਟੇਸ਼ਨ ਕਰੇ ਅਤੇ ਸਰਮਾਏਦਾਰ ਤੋਂ ਪੂਰੀ ਤਨਖਾਹ ਲਏ।
ਸੁਆਲ: ਤੁਸਾਂ ਦੱਸਿਆ ਸੀ ਕਿ ਅਮਰੀਕੀ ਨੌਜਵਾਨ ਬੜਾ ਸਖਤਜਾਨ ਹੈ, ਕੀ ਸਖਤ ਮਿਹਨਤ ਦੇ ਇਲਾਵਾ ਸੈਰ ਸਪਾਟਾ ਤੇ ਸਿਨੇਮਾ ਦਾ ਸ਼ੌਕ ਨਹੀਂ?
ਜੁਆਬ: ਦੂਸਰੀ ਚੜ੍ਹੀ-ਗੜ੍ਹੀ ਦੁਨੀਆਂ ਤੋਂ ਉਹ ਘੱਟ ਸ਼ੁਕੀਨ ਨਹੀਂ। ਤੁਸੀਂ ਕਹੋਗੇ, ਪੈਰਿਸ ਤੋਂ ਵੀ? ਪੈਰਿਸ ਦੀ ਸ਼ੁਕੀਨੀ ਵਿਚ ਇਕ ਦੋਸ਼ ਹੈ ਕਿ ਉਹ ਨੌਜਵਾਨ ਲੜਕੇ-ਲੜਕੀਆਂ ਨੂੰ ਮਿਹਨਤ ਵਲ ਨਹੀਂ, ਸਗੋਂ ਆਰਾਮਪ੍ਰਸਤੀ ਤੇ ਬਨਾਵਟੀ ਖੂਬਸੂਰਤੀ ਵਲ ਲੈ ਜਾਂਦੀ ਹੈ, ਜਿਥੋਂ ਐਸ਼ਪ੍ਰਸਤੀ ਤੋਂ ਸਿਵਾਏ ਹੋਰ ਨਤੀਜਾ ਨਹੀਂ ਨਿਕਲਦਾ। ਲੇਕਿਨ ਅਮਰੀਕਾ ਦੇ ਨੌਜਵਾਨ ਕਿਸਾਨ ਮਜ਼ਦੂਰ ਮਿਹਨਤ ਦੀ ਕਦਰ ਕਰਦੇ ਹਨ। ਮਿਹਨਤ ਤੋਂ ਪੈਦਾ ਹੋਇਆ ਸੁਖ ਵੀ ਮਾਣਦੇ ਹਨ। ਨੌਜਵਾਨ ਹੀ ਨਹੀਂ, ਸਗੋਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਲੜਕੀਆਂ ਵੀ ਆਦਮੀ ਤੋਂ ਘੱਟ ਮਿਹਨਤ ਨਹੀਂ ਕਰਦੀਆਂ। ਇਹੀ ਜਵਾਬ ਹੈ ਕਿ ਅਮਰੀਕਾ ਪੈਦਾਵਾਰ ਦੇ ਲਿਹਾਜ਼ ਨਾਲ ਦੁਨੀਆਂ ਦੇ ਸਭ ਮੁਲਕਾਂ ਤੋਂ ਅੱਗੇ ਹੈ। ਸੁਣੋ, ਅਮਰੀਕਨ ਨੌਜਵਾਨ, ਕਿਸਾਨ ਕਿਸ ਤਰ੍ਹਾਂ ਆਪਣੀ ਫੁਰਸਤ ਦੀ ਝਾਕ ਉਤੇ ਵਿਹਲਾ ਨਹੀਂ ਬੈਠਾ ਰਹਿੰਦਾ। ਜਦ ਤੱਕ ਬੱਚਾ ਨਾਬਾਲਗ ਹੈ, ਉਸ ਦੀ ਪਰਵਰਿਸ਼ ਤੇ ਵਿਦਿਆ ਦੀ ਜ਼ਿੰਮੇਵਾਰੀ ਮਾਂ-ਬਾਪ ਦੀ ਹੈ, ਬਾਅਦ ਵਿਚ ਮਾਂ-ਬਾਪ ਫਾਰਗ।
ਸੁਆਲ: ਫਿਰ ਬਾਲਗ ਹੋ ਕੇ ਅਮਰੀਕਨ ਨੌਜਵਾਨ ਆਪਣਾ ਆਪ ਕਿਵੇਂ ਸੰਭਾਲਦੇ ਹਨ?
ਜੁਆਬ: ਇਹ ਅਮਰੀਕਨਾਂ ਦੇ ਪਾਲਣ ਪੋਸ਼ਣ ਤਰੀਕੇ ਦੀ ਸਿਫਤ ਹੈ, ਜੋ ਬਾਲਗ ਹੋਣ ‘ਤੇ ਬੱਚਾ ਆਪਣਾ ਆਪ ਸੰਭਾਲ ਲੈਂਦਾ ਹੈ, ਇਥੋਂ ਤੱਕ ਕਿ ਮਾਂ-ਬਾਪ ਦਾ ਵੀ ਮੁਥਾਜ ਨਹੀਂ ਰਹਿੰਦਾ।
ਸੁਆਲ: ਉਹ ਤਰੀਕਾ ਕੀ ਹੈ?
ਜੁਆਬ: ਸੁਣੀਏ, ਸੱਤ ਸਾਲ ਦੀ ਉਮਰ ਤੱਕ ਗੌਰਮਿੰਟ ਤੇ ਮਾਂ-ਬਾਪ ਬੱਚੇ ‘ਤੇ ਕੋਈ ਦਬਾਅ ਨਹੀਂ ਪਾਉਂਦੇ। ਇਸ ਪਿਛੋਂ ਆਵਾਰਾ ਨਹੀਂ ਫਿਰਨ ਦਿੰਦੇ। ਵਿਦਿਆ ਵਿਭਾਗ ਬੱਚਿਆਂ ਦੀ ਉਮਰ ਦੀ ਪੜਤਾਲ ਕਰਦਾ ਰਹਿੰਦਾ ਹੈ ਅਤੇ ਸੱਤ ਸਾਲ ਦੇ ਅੰਦਰ ਹੀ ਕਿਸੇ ਸਕੂਲ ਵਿਚ ਦਾਖਲ ਕੀਤਾ ਜਾਂਦਾ ਹੈ। ਜਦ ਬੱਚਾ ਪੜ੍ਹ ਕੇ ਆਉਂਦਾ ਹੈ, ਚਾਹੇ ਲੜਕਾ ਹੋਵੇ ਜਾਂ ਲੜਕੀ, ਮਾਂ-ਬਾਪ ਤਾਕਤ ਤੇ ਸਿਆਸਤ ਦੇ ਮੁਤਾਬਕ ਘਰ ਦਾ ਕੋਈ ਕੰਮ ਘੰਟਾ ਦੋ ਘੰਟੇ ਉਸ ਦੇ ਸਪੁਰਦ ਕਰ ਦਿੰਦੇ ਹਨ। ਜੇ ਮਾਂ-ਬਾਪ ਗਰੀਬ ਹੋਣ ਤਾਂ ਕਿਸੇ ਹੋਰ ਕੰਮ ‘ਤੇ ਲਾਉਂਦੇ ਹਨ। ਚਾਹੇ ਆਪਣੇ ਘਰ ਜਾਂ ਬਾਹਰ ਕੰਮ ਕਰੇ, ਮੁਫਤ ਨਹੀਂ ਕਰਾਇਆ ਜਾਂਦਾ। ਉਸ ਦੇ ਕੰਮ ਦੀ ਜੋ ਮਜ਼ਦੂਰੀ ਬਣੇਗੀ, ਉਸ ਦੇ ਅੱਗੇ ਰੱਖੀ ਜਾਵੇਗੀ ਤੇ ਬੱਚਾ, ਮਾਂ ਜਾਂ ਬਾਪ ਦੀ ਮਾਰਫਤ ਬੈਂਕ ਵਿਚ ਜਮਾਂ ਕਰਾਈ ਜਾਏਗਾ। ਬੈਂਕ ਵਿਚੋਂ ਬੱਚਾ ਰੁਪਿਆ ਖੁਦ ਨਹੀਂ ਕਢਾ ਸਕੇਗਾ ਕਿਉਂਕਿ ਮਾਂ-ਬਾਪ ਦੀ ਮਾਰਫਤ ਹੈ। ਜਦ ਤੱਕ ਉਹ ਇਜਾਜ਼ਤ ਨਾ ਦੇਣ, ਉਹ ਪੈਸੇ ਕਢਾ ਕੇ ਬਰਬਾਦ ਨਹੀਂ ਕਰ ਸਕਦਾ। ਜਦੋਂ ਬੱਚਾ ਬਾਲਗ ਹੋ ਜਾਵੇ, ਮਾਂ-ਬਾਪ ਜਿਸ ਦੀ ਮਾਰਫਤ ਬੈਂਕ ਦਾ ਹਿਸਾਬ ਹੈ, ਉਹ ਬੈਂਕ ਬੁੱਕ ਉਸ ਦੇ ਹਵਾਲੇ ਕਰ ਦੇਣਗੇ। ਉਸ ਦਿਨ ਤੋਂ ਹੀ ਰੋਟੀ ਦਾ ਖਰਚ ਬੱਚੇ ਨੂੰ ਕਰਨ ਦੇਣਾ ਪਵੇਗਾ। ਨਹੀਂ ਤਾਂ ਮੌਜ ਕਰੇ। ਮਾਂ-ਬਾਪ ਸੁਰਖਰੂ ਹਨ।
ਸੁਆਲ: ਫਿਰ ਬੱਚੇ ਅਗਲਾ ਜੀਵਨ ਚਲਾਉਣ ਲਈ ਕੀ ਕਰਦੇ ਹਨ?
ਜੁਆਬ: ਅਮੀਰਾਂ ਦੇ ਬੱਚੇ ਮਜ਼ਦੂਰਾਂ ਨਾਲ ਕੰਮ ‘ਤੇ ਲੱਗ ਜਾਂਦੇ ਹਨ ਤੇ ਮਜ਼ਦੂਰਾਂ ਦੇ ਦਾਓ ਪੇਚਾਂ ਦਾ ਮੁਤਾਲਿਆ ਕਰਦੇ ਰਹਿੰਦੇ ਹਨ, ਜਿਸ ਤੋਂ ਉਹ ਕਾਫੀ ਫਾਇਦਾ ਉਠਾਉਂਦੇ ਹਨ। ਗਰੀਬ ਮਜ਼ਦੂਰ ਦੇ ਬੱਚੇ ਲਈ ਔਖਾ ਹੁੰਦਾ ਹੈ, ਜਿਸ ਪਾਸ ਸਰਮਾਇਆ ਘਟ ਹੁੰਦਾ ਹੈ ਅਤੇ ਕੋਈ ਕੰਮ ਨਹੀਂ ਚਲਾ ਸਕਦਾ, ਸਿਰਫ ਮਜ਼ਦੂਰੀ ਕਰਦਾ ਹੈ। ਅਜਿਹਾ ਜਿਮੀਂਦਾਰ ਆਪਣੇ ਸਰਮਾਏ ਨਾਲ ਸਸਤਾ ਜੰਗਲ ਖਰੀਦ ਲੈਂਦਾ ਹੈ ਅਤੇ ਘੋੜੇ, ਗਾਈਆਂ, ਸੂਰਾਂ, ਮੁਰਗੀਆਂ ਦੇ ਬੱਚੇ ਖਰੀਦ ਕੇ ਆਪਣੇ ਫਾਰਮ ਵਿਚ ਜਾ ਤੰਬੂ ਗੱਡਦਾ ਹੈ। ਆਪ ਲੱਕੜੀ ਕੱਟਣੀ ਤੇ ਜਮੀਨ ਸਾਫ ਕਰਨ ਲੱਗ ਜਾਂਦਾ ਹੈ। ਬੱਚੇ ਮੁਫਤ ਪਲਦੇ ਰਹਿੰਦੇ ਹਨ ਅਤੇ ਮੁਰਗੀਆਂ ਦੋ ਤਿੰਨ ਮਹੀਨੇ ਪਿਛੋਂ ਆਂਡੇ ਦੇਣੇ ਸ਼ੁਰੂ ਕਰ ਦਿੰਦੀਆਂ ਹਨ, ਇਸ ਨਾਲ ਰੋਟੀ ਦਾ ਖਰਚ ਚੱਲ ਜਾਂਦਾ ਹੈ। ਪਿਛੋਂ ਸੂਰੀਆਂ ਤਿਆਰ ਹੋ ਜਾਂਦੀਆਂ ਹਨ, ਤੇ ਇਕ ਸਾਲ ਬਾਅਦ ਗਾਈਆਂ ਤੇ ਘੋੜੇ। ਲੱਕੜੀ ਕੱਟ ਕੇ ਕਿਸਾਨ ਠੇਕੀਆਂ ਲਾ ਦਿੰਦਾ ਹੈ। ਅੰਦਾਜ਼ਾ ਹੈ ਕਿ ਲੱਕੜੀ ਜਮੀਨ ਦਾ ਮੁੱਲ ਕੱਢ ਜਾਂਦੀ ਹੈ। ਜਮੀਨ ਨੂੰ 4 ਹਿੱਸਿਆਂ ਵਿਚ ਵੰਡੇਗਾ। 1/4 ਬਾਗ, 1/4 ਚਰਗਾਹ ਤੇ 1/2 ਖੇਤੀ ਵਾਸਤੇ। ਮਹਿਕਮਾ ਜਾਂ ਸਰਕਾਰ, ਲੋੜ ਹੋਵੇ ਤਾਂ ਕਰਜ਼ਾ ਵੀ ਦੇ ਦਿੰਦੇ ਹਨ। ਮਹਿਕਮਾ, ਪੈਦਾਵਾਰ ਕਰਨ ਵਿਚ ਪੂਰੀ ਮਦਦ ਕਰੇਗਾ। ਜਦ ਇਹ ਖੇਤੀ ਦੇ ਲਾਇਕ ਜਮੀਨ, ਬਾਗ ਵਗੈਰਾ ਕਰ ਲਏਗਾ ਤਾਂ ਰਹਿਣ ਲਈ ਮਕਾਨ ਵੀ ਬਣਾ ਲਵੇਗਾ। ਇਸ ਕੰਮ ਵਿਚ ਉਸ ਨੂੰ 5-6 ਸਾਲ ਲੱਗ ਜਾਣਗੇ। ਬਾਅਦ ਵਿਚ ਇਸ ਫਾਰਮ ਦੇ ਘਰਾਂ ਦੀ ਵਿਕਰੀ ਕਰ ਦਏਗਾ। ਹੁਣ ਇਸ ਦੇ ਪਾਸ ਅੱਛਾ ਸਰਮਾਇਆ ਹੋ ਗਿਆ ਹੈ ਤੇ ਵੱਡਾ ਫਾਰਮ ਏਸੇ ਤਰ੍ਹਾਂ ਹੋਰ ਤਿਆਰ ਕਰ ਲਏਗਾ। ਅਮਰੀਕਨਾਂ ਦਾ ਆਮ ਖਿਆਲ ਹੈ ਕਿ ਜਿਮੀਂਦਾਰ ਅਵਲ ਤਾਂ 3 ਵਾਰ ਨਹੀਂ ਤਾਂ ਦੋ ਵਾਰ ਤਾਂ ਜ਼ਰੂਰ ਉਜੜਦਾ ਹੈ ਤੇ ਉਜਾੜੇ ਹੀ ਇਸ ਨੂੰ ਲੱਖਾਂਪਤੀ ਕਰ ਦਿੰਦੇ ਹਨ। ਹੁਣ ਤੁਹਾਨੂੰ ਅਮਰੀਕਾ ਦੀ ਬੜੀ ਚੜ੍ਹੀ ਹੋਈ ਪੈਦਾਵਾਰ ਤੇ ਅਮੀਰ ਹੋਣ ਦੀ ਤਵਾਰੀਖ ਦਾ ਕੁਝ ਨਾ ਕੁਝ ਪਤਾ ਲੱਗ ਗਿਆ ਹੋਵੇਗਾ। ਅਮਰੀਕਾ ਦੀ ਸਰਮਾਏਦਾਰੀ, ਕਾਰਖਾਨਿਆਂ ਤੇ ਜਿਮੀਂਦਾਰੀ ਨੇ ਕਿਵੇਂ ਤਰੱਕੀ ਕੀਤੀ ਤੇ ਮਜ਼ਦੂਰ ਕਿਸ ਤਰ੍ਹਾਂ ਮਿਹਨਤ ਵੇਚਣ ਤੋਂ ਪਹਿਲਾਂ ਤੇ ਹੁਣ ਵੀ ਮਜਬੂਰ ਕੀਤਾ ਗਿਆ ਹੈ। ਸਰਮਾਏਦਾਰੀ ਜਾਂ ਜਿਮੀਂਦਾਰੀ ਨੇ ਜਮਹੂਰੀਅਤ ਦੇ ਨਾਅਰੇ ਹੇਠਾਂ ਕਿਵੇਂ ਮਜ਼ਦੂਰ ਜਮਾਤ ਨੂੰ ਧੋਖੇ ਵਿਚ ਰੱਖਿਆ ਤੇ ਹੁਣ ਤਾਈਂ ਤਾਕਤ ਦੇ ਜ਼ਰੀਏ ਕਿਵੇਂ ਕਮਜ਼ੋਰ ਮੁਲਕਾਂ ਨੂੰ ਗੁਲਾਮ ਬਣਾ ਕੇ ਜਾਂ ਜ਼ਰ ਦੀ ਤਾਕਤ ਨਾਲ ਗੁਲਾਮ ਰੱਖ ਕੇ ਸਾਮਰਾਜਵਾਦ ਅੱਗੇ ਉਚੀ ਦੀਵਾਰ ਖੜ੍ਹੀ ਕਰ ਦਿੱਤੀ, ਪਰ ਇਸ ਦੀ ਇਹ ਦੀਵਾਰ ਜਿਸ ‘ਤੇ ਅਮਰੀਕਾ ਨੂੰ ਫਖਰ ਹੈ ਕਿ ਢਹਿਣ ਵਾਲੀ ਨਹੀਂ, ਉਸ ਦੀ ਗਲਤਫਹਿਮੀ ਹੈ। ਕਿਉਂ? ਮਨੁੱਖ ਜਾਤੀ ਦਾ ਗਿਆਨ ਇਥੋਂ ਤੱਕ ਵਧ ਗਿਆ ਹੈ ਕਿ ਸਰਪ੍ਰਸਤੀ ਦੀ ਗੁਲਾਮ ਹੁਣ ਨਹੀਂ ਰਹਿ ਸਕਦੀ।
ਅਮਰੀਕਾ ਵਿਚ 4 ਅਪਰੈਲ 1968 ਨੂੰ ਚਾਰ ਜਣਿਆਂ, ਜੋ ਹਬਸ਼ੀਆਂ ਦੇ ਹੱਕਾਂ ਲਈ ਅਵਾਜ਼ ਉਠਾਉਂਦੇ ਸਨ, ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇਹ ਖਬਰ ਰੇਡੀਓ ਦੀ ਹੈ, ਜੋ ਅਮਰੀਕਾ ਦੀ ਜਮਹੂਰੀਅਤ ਦਾ ਪਾਜ ਤੇ ਦਾਅਵੇ ਦੀ ਕਲੀ ਖੋਲ੍ਹ ਦਿੰਦੀ ਹੈ ਕਿ ਅਮਰੀਕਾ, ਜੋ ਹਬਸ਼ੀਆਂ ਨੂੰ ਆਜ਼ਾਦ ਕਰਾਉਣ ਲਈ ਆਪਣੇ ਭਰਾਵਾਂ ਨਾਲ ਹੀ ਲੜਿਆ, ਜਿਸ ‘ਤੇ ਅੱਜ ਵੀ ਉਸ ਨੂੰ ਮਾਣ ਹੈ, ਇਸ ਵਿਚ ਕਿੰਨਾ ਕੁ ਸੱਚ ਹੈ ਜਦਕਿ ਇਸ ਰੌਸ਼ਨੀ ਦੇ ਸਮੇਂ ਵਿਚ ਵੀ ਉਸ ਦੇ ਅੰਦਰ ਏਨਾ ਰੰਗ ਤੇ ਨਸਲ ਦਾ ਤੁਅੱਸਬ ਹੈ।
ਇਸ ਖਬਰ ਨੇ ਮੇਰੇ ਕਹਿਣ ਦੀ ਹੋਰ ਵੀ ਤਸਦੀਕ ਕਰ ਦਿੱਤੀ ਹੈ ਕਿ ਅੱਜ ਹਰ ਉਠ ਰਹੇ ਮੁਲਕ ਤੇ ਨੀਮ ਆਜ਼ਾਦ ਮੁਲਕ ਨੂੰ ਅਮਰੀਕਾ ਤੋਂ ਖਬਰਦਾਰ ਹੋ ਜਾਣ ਦੀ ਲੋੜ ਹੈ। ਉਹ ਅੱਗੇ ਅੱਗੇ ਜ਼ਰ ਦਾ ਛੱਟਾ ਗਰੀਬ ਮੁਲਕਾਂ ਨੂੰ ਦੇ ਰਿਹਾ ਹੈ ਅਤੇ ਪਿੱਛੇ ਪਿੱਛੇ ਗੁਲਾਮੀ ਦੀਆਂ ਜ਼ੰਜੀਰਾਂ ਫੜੀ ਉਨ੍ਹਾਂ ਮੁਲਕਾਂ ਦੇ ਗਲ ਵਿਚ ਪਾਉਣ ਲਈ ਆ ਰਿਹਾ ਹੈ।
ਇਸ ਲਈ ਮੈਂ ਆਪਣੇ ਦੇਸ਼ ਦੀ ਜਨਤਾ ਤੇ ਨੌਜਵਾਨਾਂ ਅੱਗੇ ਅਪੀਲ ਕਰਦਾ ਹਾਂ ਕਿ ਅਜੇ ਵੇਲਾ ਹੈ, ਅਮਰੀਕਾ ਪਾਸੋਂ ਬਚੋ! ਪਰ ਤੁਸੀਂ ਤਦ ਹੀ ਬਚ ਸਕੋਂਗੇ ਜਦ ਇਸ ਸਾਮਰਾਜਸ਼ਾਹੀ ਨੂੰ ਤਿਲਾਂਜਲੀ ਦੇ ਕੇ ਸਮਾਜਵਾਦ ਦੀ ਸ਼ਰਨ ਲਓਗੇ।
ਸੁਆਲ: ਮੌਜੂਦਾ ਸਾਮਰਾਜਸ਼ਾਹੀ ਦੇ ਮੁਕਾਬਲੇ ਜਿਸ ਦੇ ਹੱਥ ਵਿਚ ਫੌਜ, ਪੁਲਿਸ ਤੇ ਪ੍ਰਾਪੇਗੰਡੇ ਦੇ ਸਭ ਸਾਧਨ ਹਨ, ਕਿਸ ਤਰ੍ਹਾਂ ਕਾਮਯਾਬ ਹੋ ਸਕਦੇ ਹਾਂ?
ਜੁਆਬ: ਜਨਤਾ ਤੇ ਨੌਜਵਾਨਾਂ ਨੂੰ ਆਪਣੇ ਉਤੇ ਭਰੋਸਾ ਹੋਣਾ ਚਾਹੀਦਾ ਹੈ। ਫੌਜ ਤੇ ਪੁਲਿਸ ਵਿਚ ਤੇ ਦੂਸਰੇ ਆਵਾਜਾਈ ਦੇ ਸਾਧਨਾਂ ‘ਤੇ ਕਿਸ ਦਾ ਕਬਜ਼ਾ ਹੈ? ਜਨਤਾ ਤੇ ਜਨਤਾ ਦੇ ਸਪੁਤਰਾਂ ਦਾ। ਕੀ ਕੋਈ ਹਿੰਦੀ ਇਹ ਗੱਦਾਰੀ ਦੇਸ਼ ਤੇ ਕੌਮ ਨਾਲ ਕਦੀ ਕਰ ਸਕਦਾ ਹੈ ਕਿ ਸਮਾਜਵਾਦ ਦੇ ਆਦਰਸ਼ ਦੇ ਮੁਕਾਬਲੇ ਉਸ ਸਾਮਰਾਜਵਾਦ ਦੀ ਮਦਦ ਕਰੇ? ਕਦੀ ਨਹੀਂ। ਮੈਨੂੰ ਭਰੋਸਾ ਹੈ।
ਸੁਆਲ: ਜੇ ਭਰੋਸਾ ਹੈ ਤਾਂ ਫਿਰ ਢਿੱਲ ਕਿਉਂ?
ਜੁਆਬ: ਕਸੂਰ ਤੇ ਢਿੱਲ, ਜਨਤਾ ਤੇ ਨੌਜਵਾਨਾਂ ਵਲੋਂ ਨਹੀਂ ਕਸੂਰ ਤੇ ਢਿੱਲ ਹੈ ਤਾਂ ਖੁਦਗਰਜ਼ ਰਾਜਸੀ ਲੀਡਰਾਂ ਵਲੋਂ ਜੋ ਅਮਲ ਤੋਂ ਖਾਲੀ ਤੇ ਲੀਡਰੀ ਦੇ ਭੁੱਖੇ ਹਨ। ਉਹ ਜਨਤਾ ਤੇ ਨੌਜਵਾਨਾਂ ਨੂੰ ਸਹੀ ਰਸਤੇ ਨਹੀਂ, ਸਗੋਂ ਔਝੜੇ ਪਾਈ ਰੱਖਦੇ ਹਨ ਅਤੇ ਸੌਦੇਬਾਜ਼ੀਆਂ ਨਾਲ ਆਪਣਾ ਉਲੂ ਸਿੱਧਾ ਕਰਦੇ ਹਨ। ਜੇ ਇਨ੍ਹਾਂ ਰਾਜਸੀ ਪਾਰਟੀਆਂ ਵਿਚ ਕੁਝ ਵੀ ਦੇਸ਼ ਤੇ ਕੌਮ ਭਗਤੀ ਬਾਕੀ ਹੈ ਤਾਂ ਇਨ੍ਹਾਂ ਨੂੰ ਸ਼ਹੀਦਾਂ ਦੇ ਬਰਾਬਰੀ ਤੇ ਆਜ਼ਾਦੀ ਦੇ ਆਦਰਸ਼ ਸਾਮਯਵਾਦ ਨੂੰ ਛੇਤੀ ਤੋਂ ਛੇਤੀ ਕਾਇਮ ਕਰਨ ਲਈ ਦ੍ਰਿੜ ਵਿਸ਼ਵਾਸ ਨਾਲ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ। ਨਹੀਂ ਤਾਂ ਦੇਸ਼ ਤੇ ਕੌਮ ਦਾ ਦਾਅਵੇਦਾਰ ਕਹਾਉਣ ਦੀ ਕੋਈ ਵੀ ਪਾਰਟੀ ਹੱਕਦਾਰ ਨਹੀਂ ਹੈ।
ਸੁਆਲ: ਸਮਾਜਵਾਦ ਦਾ ਨਾਅਰਾ ਤੇ ਪ੍ਰਾਪੇਗੰਡਾ ਤਾਂ ਮੌਜੂਦਾ ਹਕੂਮਤ ਕਰ ਰਹੀ ਹੈ, ਐਡਾ ਵੱਡਾ ਕੰਮ ਕਿਤੇ ਇਕ ਰਾਤ ਵਿਚ ਤਾਂ ਨਹੀਂ ਹੋ ਸਕਦਾ! ਉਸ ਨੂੰ ਸਮਾਂ ਚਾਹੀਦਾ ਹੈ।
ਜੁਆਬ: ਸਮਾਂ ਚਾਹੀਦਾ ਹੈ। ਠੀਕ ਹੈ, 22 ਸਾਲ ਦਾ ਸਮਾਂ ਤਾਂ ਦੇਸ਼ ਤੇ ਕੌਮ ਨੇ ਦਿੱਤਾ ਪਰ ਦੇਸ਼ ਦਿਨੋ-ਦਿਨ ਗਰੀਬੀ, ਜਹਾਲਤ, ਬਿਮਾਰੀਆਂ, ਰਿਸ਼ਵਤਖੋਰੀ ਜੈਸੀ ਬੁਰਾਈਆਂ ਦੀ ਗਾਰ ਵਿਚ ਡੂੰਘਾ ਜਾ ਫਸਿਆ ਹੈ। ਹੋਰ ਉਡੀਕ ਦਾ ਅਰਥ ਹੈ, ਖੁਦਕੁਸ਼ੀ। ਜੇ ਵਕਤ ਨਾ ਸੰਭਾਲਿਆ ਤਾਂ ਦੁਨੀਆਂ ਦੇ ਵਧ ਰਹੇ ਮੁਲਕਾਂ ਦੀ ਦੌੜ ਨਾਲ ਅਸੀਂ ਕਦੀ ਨਹੀਂ ਮਿਲ ਸਕਾਂਗੇ। ਨਤੀਜਾ ਬਰਬਾਦੀ ਦੇ ਸਿਵਾਏ ਹੋਰ ਨਹੀਂ ਨਿਕਲੇਗਾ। ਨਾ ਪੈਦਾਵਾਰ ਵਧੇਗੀ ਤੇ ਨਾ ਹੀ ਸਨਅਤੀ ਤਰੱਕੀ ਹੋਵੇਗੀ। ਤੇ ਮੁਲਕ ਜ਼ਰ ਦੀ ਗੁਲਾਮੀ ਹੇਠ ਦੱਬ ਜਾਏਗਾ। ਇਸ ਕਹਾਵਤ ਮੂਜਬ, ‘ਫਿਰ ਪਛਤਾਏ ਕਿਹਾ ਹੋਤ, ਜਬ ਚਿੜੀਆ ਚੁਗ ਗਈ ਖੇਤ।’
ਸੁਆਲ: ਚੌਥੀ ਪੰਜ ਸਾਲਾ ਪਲਾਨ ਤਾਂ ਹਕੂਮਤ ਨੇ ਤਿਆਰ ਕਰ ਲਈ ਹੈ, ਜਿਸ ਵਿਚ 3 ਅਰਬ ਰੁਪਏ ਦੀ ਲੋੜ ਹੋਵੇਗੀ। ਇਹ 3 ਅਰਬ ਰੁਪਏ ਲੋਕਾਂ ‘ਤੇ ਭਾਰ ਪਾਏ ਬਗੈਰ, ਹਕੂਮਤ ਨੇ ਪੂਰਾ ਕਰਨ ਦੀ ਵਿਉਂਤ ਕਰ ਲਈ ਹੈ?
ਜੁਆਬ: ਮੌਜੂਦਾ ਹਕੂਮਤੀ ਮੌਜੂਦਾ ਢਿਲਮੱਠ ਕਾਰਨ ਚੌਥੀ ਪਲਾਨ ਦਾ ਵੀ ਉਹੀ ਹਾਲ ਹੋਵੇਗਾ, ਜੋ ਪਹਿਲੀਆਂ ਪਲਾਨਾਂ ਦਾ ਹੋਇਆ ਹੈ।
ਸੁਆਲ: ਫਿਰ ਕੀ ਕੀਤਾ ਜਾਵੇ?
ਜੁਆਬ: ਉਹੀ ਇਲਾਜ, ਜੋ ਸਮਾਜਵਾਦੀ ਦੇਸ਼ਾਂ ਦੀ ਜਨਤਾ ਤੇ ਨੌਜਵਾਨਾਂ ਨੇ ਕੀਤਾ ਹੈ। ਉਹ ਇਲਾਜ ਤੇ ਸਾਮਰਾਜ ਦਾ ਖਾਤਮਾ ਤੇ ਸਮਾਜਵਾਦ ਦੀ ਸਥਾਪਨਾ। ਜਦ ਤੱਕ ਇਨਸਾਨ ਨੂੰ ਸੱਚੇ ਅਰਥਾਂ ਵਿਚ ਆਰਥਕ, ਰਾਜਨੀਤਿਕ, ਸਮਾਜਕ ਪੂਰੇ ਹੱਕ ਨਹੀਂ ਮਿਲਦੇ; ਜ਼ਬਾਨੀ ਕਾਗਜ਼ਾਂ ਵਿਚ ਹੀ ਨਹੀਂ ਸਗੋਂ ਅਮਲੀ ਤੌਰ ‘ਤੇ, ਉਹ ਉਸ ਦੇਸ਼ ਨੂੰ ਆਪਣਾ ਦੇਸ਼ ਤੇ ਦੇਸ਼ ਅੰਦਰ ਰਹਿਣ ਵਾਲੇ ਲੋਕਾਂ ਨੂੰ ਹਮ-ਕੌਮ ਨਹੀਂ ਕਹਿ ਸਕਦਾ। ਦੇਸ਼ ਉਹ ਹੈ, ਜਿਸ ਵਿਚ ਹਰ ਵਸਨੀਕ ਨੂੰ ਬਰਾਬਰ ਸ਼ਹਿਰੀ ਹੱਕ ਹੋਣ ਤੇ ਕੌਮ ਉਹ ਹੈ, ਜਿਸ ਵਿਚ ਸਮਾਜਕ ਵਿਤਕਰੇ ਨਾ ਹੋਣ। ਕੀ ਕਰੋੜਾਂ ਬੇਘਰ ਲੋਕ ਇਸ ਦੇਸ਼ ਨੂੰ ਆਪਣਾ ਦੇਸ਼ ਮੰਨਣ ਨੂੰ ਤਿਆਰ ਹੋਣਗੇ? ਕਦਾਚਿਤ ਨਹੀਂ। ਟਪਰੀਵਾਸ ਕਹੇਗਾ ਕਿ ਮੈਂ ਇਸ ਦੇਸ਼ ਦਾ ਵਸਨੀਕ ਹਾਂ ਤੇ ਇਸ ਦੇਸ਼ ਅੰਦਰ ਰਹਿਣ ਵਾਲੇ ਮੇਰੇ ਜਾਤ ਭਰਾ ਹਨ? ਕਦੀ ਨਹੀਂ। ਇਹ ਸਮਾਜਵਾਦ ਹੀ ਉਨ੍ਹਾਂ ਨੂੰ ਭਰੋਸਾ ਦਿਵਾ ਸਕਦਾ ਹੈ। ਸਾਮਰਾਜਵਾਦ ਨਹੀਂ।
ਸੁਆਲ: ਸਾਮਰਾਜਵਾਦ ਕਿਉਂ ਨਹੀਂ ਭਰੋਸਾ ਦਿਵਾ ਸਕਦਾ?
ਜੁਆਬ: ਜਿਥੇ ਨਿੱਜੀ ਮਾਲਕੀ ਦੀ ਬਿਮਾਰੀ ਹੈ, ਉਥੇ ਹਰ ਆਦਮੀ ਆਪਣੀ ਢਾਈ ਪਾ ਖਿਚੜੀ ਅੱਡ ਹੀ ਪਕਾਵੇਗਾ, ਤੇ ਕਹੇਗਾ ‘ਆਪ ਸੁਖੀ ਤਾਂ ਜਗ ਸੁਖੀ, ਆਪ ਦੁਖੀ ਤਾਂ ਜੱਗ ਦੁਖੀ।’ ਉਸ ਨੂੰ ਦੂਸਰੇ ਨੂੰ ਲੁੱਟਣ ਦਾ ਖਿਆਲ ਤਾਂ ਆ ਸਕਦਾ ਹੈ, ਪਰ ਸੁੱਖ ਦੇਣ ਦਾ ਨਹੀਂ। ਚਾਹੇ ਵੇਦ, ਪੋਥੀਆਂ, ਕੁਰਾਨ, ਅੰਜੀਲ ਤੇ ਮਜ਼ਹਬਾਂ ਦੇ ਬਾਨੀ ਹਜ਼ਾਰ ਸਿਰ ਖਪਾਣ, ਮਾਇਆਧਾਰੀ ਦੇ ਦਿਮਾਗ ‘ਤੇ ਕੋਈ ਅਸਰ ਨਹੀਂ ਹੋ ਸਕਦਾ। ਜੇ ਭਲਾ ਬਜੁਰਗਾਂ ਦੇ ਵਾਕ ਕਿਸੇ ਮਜਬੂਰੀ ਕਰਕੇ ਸੁਣ ਵੀ ਲਏ ਤਾਂ ਸੁਣਨ ਪਿਛੋਂ ਲੀੜੇ ਝਾੜ ਕੇ ਤੁਰ ਜਾਵੇਗਾ।
ਸੁਆਲ: ਇਹ ਕਿਸ ਦਾ ਦੋਸ਼ ਹੈ, ਉਸ ਆਦਮੀ ਦਾ ਜਾਂ ਬਜੁਰਗਾਂ ਤੇ ਗ੍ਰੰਥ ਪੋਥੀਆਂ ਦਾ?
ਜੁਆਬ: ਦੋਹਾਂ ਵਿਚੋਂ ਕਿਸੇ ਦਾ ਵੀ ਨਹੀਂ, ਨਾ ਉਸ ਆਦਮੀ ਦਾ ਤੇ ਨਾ ਹੀ ਗ੍ਰੰਥ ਪੋਥੀਆਂ ਦਾ। ਜੇ ਕਸੂਰ ਹੈ ਤਾਂ ਜ਼ਰਪ੍ਰਸਤੀ ਨਿਜ਼ਾਮ ਦਾ, ਜਿਸ ਨੇ ਆਦਮੀ ਦੇ ਦਿਮਾਗ ਨੂੰ ਗੰਦਾ ਅਤੇ ਬਿਮਾਰ ਕਰਕੇ ਉਸ ਵਿਚੋਂ ਮਨੁੱਖਤਾ ਦੇ ਪਿਆਰ ਨੂੰ ਖਤਮ ਕਰ ਦਿੱਤਾ ਹੈ। ਇਸ ਲਈ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜਦ ਤਾਈਂ ਅਸੀਂ ਇਸ ਕੋਹੜ ਦੇ, ਬਿਮਾਰੀ (ਜ਼ਰਪ੍ਰਸਤੀ) ਦੇ ਉਨ੍ਹਾਂ ਕਾਰਨਾਂ ਦਾ ਇਲਾਜ ਨਹੀਂ ਕਰਦੇ, ਜਿਨ੍ਹਾਂ ਕਾਰਨਾਂ ਨੇ ਇਸ ਕੋਹੜ ਨੂੰ ਪੈਦਾ ਕੀਤਾ, ਮਰੀਜ਼ ਰਾਜ਼ੀ ਨਹੀਂ ਹੋ ਸਕਦਾ। ਜਦ ਤਾਈਂ ਸਮਾਜ ਵਿਚ ਨਿੱਜੀ ਮਲਕੀਅਤ ਦੂਰ ਨਹੀਂ ਹੁੰਦੀ, ਤਦ ਤੱਕ ਮਨੁੱਖ ਜਾਤੀ ਵਿਚ ਸੱਚੀ ਏਕਤਾ ਤੇ ਪਿਆਰ ਪੈਦਾ ਨਹੀਂ ਹੋ ਸਕਦੇ। ਏਕਤਾ ਤੇ ਪਿਆਰ ਉਥੇ ਹੀ ਠੀਕ ਹੋ ਸਕਦੇ ਹਨ, ਜਿਥੇ ਸਮਾਜਵਾਦ ਦਾ ਗਿਆਨ ਤੇ ਅਮਲ ਹੋਵੇ। ਤੇ ਉਹੀ ਦੇਸ਼ ਤੇ ਕੌਮ ਸੱਚੇ ਅਰਥਾਂ ਵਿਚ ਸਮਾਜਵਾਦੀ ਕਹਾਉਣ ਦੇ ਹੱਕਦਾਰ ਹਨ, ਜਿਸ ਵਿਚ ਅਮਲ ਤੇ ਸੂਝ ਦੀ ਡਿਸਿਪਲਿਨ ਹੋਵੇ।
ਨੋਟ: 4 ਅਪਰੈਲ 1968 ਦਾ ਹੱਤਿਆ ਕਾਂਡ ਸਿਰਫ ਹਬਸ਼ੀ ਕੌਮ ਨੂੰ ਗੋਰੀ ਕੌਮ ਤੋਂ ਆਜ਼ਾਦ ਕਰਾਉਣ ਲਈ ਨਹੀਂ ਬਣੇਗਾ ਬਲਕਿ 6-4-68 ਦੀਆਂ ਖਬਰਾਂ ਦੱਸਦੀਆਂ ਹਨ ਕਿ ਵੀਅਤਨਾਮ ਵਿਚ ਵੀ ਅਮਰੀਕਾ ਦੀ ਹਾਰ ਲਾਜ਼ਮੀ ਹੈ ਅਤੇ ਸਮਾਜਵਾਦ ਦੇ ਸਾਹਮਣੇ ਜੋ ਸਾਮਰਾਜੀ ਦੀਵਾਰ ਖੜ੍ਹੀ ਕੀਤੀ ਹੋਈ ਹੈ, ਰੇਤ ਦੀ ਕੰਧ ਵਾਂਗ ਕਿਸੇ ਵੇਲੇ ਵੀ ਧੜ੍ਹੰਮ ਜਮੀਨ ‘ਤੇ ਡਿੱਗ ਸਕਦੀ ਹੈ। ਤੇ ਅਮਰੀਕਾ ਦਾ ਵੱਕਾਰ ਵੀ ਖਤਮ ਹੋ ਸਕਦਾ ਹੈ ਅਤੇ ਹੋਵੇਗਾ। ਡਾਲਰ ਵੀ ਹੁਣ ਅਮਰੀਕਾ ਨੂੰ ਨਹੀਂ ਬਚਾ ਸਕਦਾ। ਤੇ ਨਾ ਹੀ ਹਬਸ਼ੀ ਗੁਲਾਮ ਰਹਿ ਸਕਦੇ ਹਨ। ਇਹ ਸਮਾਜਵਾਦ ਦਾ ਯੁੱਗ ਹੈ, ਸਾਮਰਾਜਵਾਦ ਦਾ ਨਹੀਂ।
(ਸਮਾਪਤ)