ਸੰਜਮਪ੍ਰੀਤ ਸਿੰਘ
ਫੋਨ: 91-98720-21979
ਬਾਬਾ ਹਾਜੀ ਰਤਨæææਡੋਗਰ ਛਪਾਰਵਾਲਾæææਕਿੱਕਰ ਸਿੰਘæææਗੁਲਾਮæææ
ਇਹ ਸਾਰੇ ਨਾਂ ਹੁਣ ਜ਼ਿਹਨ ਵਿਚ ਕੋਈ ਤੁਣਕਾ ਜਿਹਾ ਨਹੀਂ ਮਾਰਦੇ। ਇੱਦਾਂ ਕਿਉਂ? ਹਿੰਦੋਸਤਾਨ ਦੀ ਵੰਡ, ਜਾਂ ਜਿਸ ਤਰ੍ਹਾਂ ਕੁਝ ਲੋਕ ਕਹਿੰਦੇ ਹਨ, ਪੰਜਾਬ ਦੀ ਵੰਡ ਨੇ ਇਨ੍ਹਾਂ ਸਭ ਨੂੰ ਭੂਤਕਾਲ ਵਿਚ ਦਫਨ ਕਰ ਦਿੱਤਾ ਹੈ।
ਇਨ੍ਹਾਂ ਸਾਰੇ ਗੁਆਚ ਗਏ ਨਾਵਾਂ ਨੂੰ ਫਿਲਮਸਾਜ਼ ਅਜੈ ਭਾਰਦਵਾਜ ਨੇ ਆਪਣੀ ਦਸਤਾਵੇਜ਼ੀ ਫਿਲਮ ‘ਮਿਲਾਂਗੇ ਬਾਬੇ ਰਤਨ ਦੇ ਮੇਲੇ’ ਵਿਚ ਨਵੇਂ ਸਿਰਿਉਂ ਪਛਾਣ ਦਿੱਤੀ ਹੈ। 48 ਵਰ੍ਹਿਆਂ ਨੂੰ ਢੁੱਕਿਆ ਅਤੇ ਦਿੱਲੀ ਵੱਸਦਾ ਅਜੈ ਭਾਰਦਵਾਜ ਪੰਜਾਬ ਬਾਰੇ ਬਣਾਈ ਆਪਣੀ ਇਸ ਫਿਲਮ ਵਿਚ ਪੰਜਾਬ ਦੀਆਂ ਗੱਲਾਂ ਕਰਦਾ/ਸੁਣਾਉਂਦਾ ਹੈ; ਉਹ ਪੰਜਾਬ ਜਿਸ ਉਤੇ ਇਸਲਾਮ ਆਪਣੇ ਪੂਰੇ ਰੰਗ ਨਾਲ ਅਸਰ ਪਾਉਂਦਾ ਹੈ; ਜਿੱਥੇ ਜੀਣ-ਥੀਣ ਦੀਆਂ ਨਿੱਤ ਨਵੀਂਆਂ ਲਗਰਾਂ ਫੁੱਟਦੀਆਂ ਹਨ। ਪੁੱਛਣ ‘ਤੇ ਉਹ ਆਖਦਾ ਹੈ: “ਪੰਜਾਬ ਅਤੇ ਇਸਲਾਮ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਸਾਡੀਆਂ ਬਾਤਾਂ, ਕਿੱਸੇ ਅਤੇ ਭਾਸ਼ਾ ਦੀਆਂ ਜੜ੍ਹਾਂ ਇਸਲਾਮ ਵਿਚ ਲੱਗੀਆਂ ਹੋਈਆਂ ਹਨ। ਅਣਵੰਡੇ ਪੰਜਾਬ ਦਾ ਇਕ ਵਾਰ ਤੁਸੀਂ ਰੰਗ ਤਾਂ ਦੇਖੋæææਸਾਂਝ ਦੀਆਂ ਕਿਆ ਬਾਤਾਂ ਨੇæææ!”
ਪੰਜਾਬ ਬਾਰੇ ਹੀ ਅਜੈ ਦੀਆਂ ਦੋ ਹੋਰ ਫਿਲਮਾਂ ਹਨ: ‘ਰੱਬਾ ਹੁਣ ਕੀ ਕਰੀਏ’ ਅਤੇ ‘ਕਿਤੇ ਮਿਲ ਵੇ ਮਾਹੀ’। ਇਨ੍ਹਾਂ ਫਿਲਮਾਂ ਵਿਚ ਵੀ ਪੰਜਾਬ ਦੀ ਸਾਂਝ ਦੀਆਂ ਤੰਦਾਂ ਦੀ ਤਾਣੀ ਤਣੀ ਹੋਈ ਹੈ।
ਬਾਬੇ ਰਤਨ ਦਾ ਮੇਲਾ ਬਠਿੰਡਾ ਜ਼ਿਲ੍ਹੇ ਵਿਚ ਬਾਬਾ ਹਾਜੀ ਰਤਨ ਦੀ ਦਰਗਾਹ ‘ਤੇ ਭਰਦਾ ਹੁੰਦਾ ਸੀ। ਵੰਡ ਤੋਂ ਪਹਿਲਾਂ ਦੀਆਂ ਗੱਲਾਂ ਹਨ, ਇਸ ਮੇਲੇ ਉਤੇ ਹਰ ਧਰਮ ਅਤੇ ਜਾਤ ਦੇ ਲੋਕ ਪੁੱਜਦੇ ਸਨ। ਕੱਵਾਲ, ਫਕੀਰ ਤੇ ਹੋਰ ਗਾਉਣ ਵਾਲੇ ਪੂਰਾਂ ਸਮਾਂ ਬੰਨ੍ਹਦੇ। ਮੇਲੇ ਵਿਚ ਆਏ ਮੇਲੀ, ਵਿਛੜਨ ਵੇਲੇ ਆਖਦੇ ਹੁੰਦੇ ਸਨ: “ਮਿਲਾਂਗੇ ਬਾਬੇ ਰਤਨ ਦੇ ਮੇਲੇæææ।” 1947 ਵਿਚ ਹੋਈ ਵਤਨ ਦੀ ਵੰਡ ਨੇ ਇਹ ਰੰਗ ਫਿੱਕੇ ਪਾ ਦਿੱਤੇ। ਵੰਡ ਸਮਝੋ ਇਸ ਮੇਲੇ ਦੀਆਂ ਜੜ੍ਹਾਂ ਵਿਚ ਬੈਠ ਗਈ। ਜੜ੍ਹਾਂ ‘ਚ ਵੀ ਕਿੱਥੇ ਬੈਠੀ; ਸਮਝੋ ਜੜ੍ਹਾਂ ਵਿਚ ਦਾਤੀ ਹੀ ਫੇਰ ਗਈ!
ਅਜੈ ਭਾਰਦਵਾਜ ਜਿਹੜਾ ਵੰਡ ਵੇਲੇ ਜੰਮਿਆ ਵੀ ਨਹੀਂ ਸੀ, ਵੰਡ ਦਾ ਉਹ ਦਰਦ ਹੰਢਾਅ ਰਿਹਾਅ ਪ੍ਰਤੀਤ ਹੁੰਦਾ ਹੈ। ਉਹ ਸਿੰਮਦੇ ਦਰਦ ਨਾਲ ਕਹਿੰਦਾ ਹੈ: “ਵੰਡ ਨੇ ਲੋਕਾਂ ਨੂੰ ਆਪੋ-ਆਪਣੀਆਂ ਪਛਾਣਾਂ ਵੱਲ ਧੱਕ ਦਿੱਤਾ। ਤੇਰ-ਮੇਰ ਦਿਲਾਂ ਵਿਚ ਮੱਲੋ-ਮੱਲੀ ਘੁਸੜ ਗਈ। ਮੁਸਲਮਾਨ, ਸਿੱਖ ਅਤੇ ਹਿੰਦੂ ਵੰਡੇ ਗਏ। ਇਨ੍ਹਾਂ ਵਿਚ ਪਾੜਾ ਪੈ ਗਿਆ ਅਤੇ ਫਿਰ ਵਧੀ ਗਿਆ। ਅਚਾਨਕ ਸਾਂਝਾਂ ਗੈਰ-ਹਾਜ਼ਰ ਹੋ ਗਈਆਂ। ਪੰਜਾਬ ਬਾਰੇ ਮੇਰੀਆਂ ਤਿੰਨੇ ਫਿਲਮਾਂ ਇਸੇ ਗੈਰ-ਹਾਜ਼ਰੀ ਦੀਆਂ ਬਾਤਾਂ ਹਨ।”
ਅਸਲ ਵਿਚ ਅਜੈ ਭਾਰਦਵਾਜ ਹੁਣ ਇੰਨੇ ਵਰ੍ਹਿਆਂ ਬਾਅਦ, ਇਸ ਗੈਰ-ਹਾਜ਼ਰੀ ਵਿਚੋਂ ਕੋਈ ਹਾਜ਼ਰੀ ਭਾਲ ਰਿਹਾ ਹੈ। ਉਹ ਬੋਲੀ ਜਾ ਰਿਹਾ ਹੈ: “ਲੁਧਿਆਣੇ ਪਿੰਡ ਅਕਾਲਗੜ੍ਹ ਵਿਚ ਮੇਰੇ ਦਾਦਕਿਆਂ ਦੇ ਘਰ ਦੇ ਪਿਛਵਾੜੇ ਭੀੜੀ ਜਿਹੀ ਗਲੀ ਸੀ। ਲੋਕ ਇਹਨੂੰ ਰਾਜਪੂਤਾਂ ਦੀ ਗਲੀ ਆਂਹਦੇ ਸਨ। ਹੁਣ ਵੀ ਇਸ ਦਾ ਇਹੀ ਨਾਂ ਹੈ। ਵੰਡ ਤੋਂ ਪਹਿਲਾਂ ਇਸ ਗਲੀ ਵਿਚ ਰਾਜਪੂਤ ਮੁਸਲਮਾਨ ਵੱਸਦੇ ਸਨ। ਅਕਾਲਗੜ੍ਹ ਵਿਚ ਇਕ ਗੁਰਦੁਆਰਾ ਹੈ। ਇਹਦਾ ਨਾਂ ਮਸੀਤ ਵਾਲਾ ਗੁਰਦੁਆਰਾ ਪਿਆ ਹੋਇਆ ਹੈ।” ਇਹ ਆਖਦਾ ਆਖਦਾ ਅਜੈ ਸਿੱਧਾ ਅੱਖਾ ਵਿਚ ਝਾਕਦਾ ਹੈ। ਤਰਲ ਅੱਖਾਂ ਵਿਚੋਂ ਕੋਈ ਦਰਦ ਸਿੰਮਦਾ ਜਾਪਦਾ ਹੈ। ਟੁੱਟਦੀਆਂ ਸਾਂਝਾਂ ਦੀ ਦਗੜ-ਦਗੜ ਮਹਿਸੂਸ ਹੋਣ ਲਗਦੀ ਹੈ। ਇਹ ਦਰਦ ਉਸ ਦੀਆਂ ਫਿਲਮਾਂ ਦੀ ਜਿੰਦ-ਜਾਨ ਹੈ।
ਪਿਛਲੀ, ਬਹੁਤ ਮੂੰਹ-ਜ਼ੋਰ 20ਵੀ ਸਦੀ ਦੇ ਅਜੇ ਤਿੰਨ ਕੁ ਸਾਲ ਬਚਦੇ ਸਨ ਜਦੋਂ ਅਜੈ ਨੇ ਫਿਲਮਾਂ ਬਣਾਉਣੀਆਂ ਆਰੰਭ ਕੀਤੀਆਂ। ਉਹ ਪੰਜਾਬ ਦੇ ਲਗਾਤਾਰ ਸੁੰਗੜ ਰਹੇ ਸਭਿਆਚਾਰਕ ਪਿੜ ਬਾਰੇ ਬੜਾ ਫਿਕਰਮੰਦ ਹੈ। ਉਹਦਾ ਝੋਰਾ ਹੈ: “ਮੰਡੀ ਨੇ ਸਭਿਆਚਾਰ ਦੇ ਮਾਪਦੰਡ ਹੀ ਬਦਲ ਦਿੱਤੇ ਹਨ।” ਉਹਦਾ ਇਹ ਝੋਰਾ ਸੱਚਾ ਹੀ ਤਾਂ ਹੈ। ਡੋਗਰ ਛਪਾਰਵਾਲਾ ਵਰਗੇ ਗਾਇਕ ਤੇ ਕਿੱਕਰ ਸਿੰਘ ਤੇ ਗੁਲਾਮ ਵਰਗੇ ਭਲਵਾਨ ਹੁਣ ਕਿੱਥੇ ਨੇ ਭਲਾ? ਇਹ ਪੰਜਾਬ ਦੇ ਮੁਹਾਵਰੇ ‘ਚੋਂ ਹੌਲੀ ਹੌਲੀ ਕਰ ਕੇ ਗਾਇਬ ਹੋ ਗਏ ਹਨ। ਇਨ੍ਹਾਂ ਦੇ ਚਿੱਤਰ ਛਪਾਰ ਵਿਚ ਗੁੱਗਾ ਮਾੜੀ ਪੀਰ ਦੀ ਦਰਗਾਹ ਦੀਆਂ ਕੰਧਾਂ ਉਤੇ ਹੀ ਰਹਿ ਗਏ ਹਨ। ਉਥੇ ਵੀ ਇਹ ਕਦੋਂ ਤੱਕ ਰਹਿਣਗੇ? ਉਹ ਚਾਹੁੰਦਾ ਹੈ ਕਿ ਅਣਵੰਡੇ ਪੰਜਾਬ ਦਾ ਖਜ਼ਾਨਾ ਅਤੇ ਉਹਦੀ ਫਿਲਮ ‘ਮਿਲਾਂਗੇ ਬਾਬੇ ਰਤਨ ਦੇ ਮੇਲੇ’ ਦਾ ‘ਹੀਰੋ’ ਮਛੰਦਰ ਖਾਨ ਮਸਕੀਨ ਇਸ ਖਿੱਤੇ ਦੇ ਸਭਿਆਚਾਰ ਦਾ ਅੰਗ ਬਣੇ!
ਆਪਣੇ ਅਗਲੇ ਪ੍ਰੋਜੈਕਟਾਂ ਬਾਰੇ ਅਜੈ ਨੇ ਅਜੇ ਕੁਝ ਨਹੀਂ ਸੋਚਿਆ। ਉਹਦੇ ਜ਼ਿਹਨ ਵਿਚ ਕਈ ਕਹਾਣੀਆਂ ਚੱਲ ਰਹੀਆਂ ਹਨ। ਉਂਜ, ਉਹ ਭਾਵੇਂ ਕੁਝ ਵੀ ਬਣਾਵੇ, ਪਰ ਉਹਦੀਆਂ ਤਿੰਨੇ ਫਿਲਮਾਂ ਦੇਖ ਕੇ ਪੱਕੀ ਗੱਲ ਇਹੀ ਹੈ ਕਿ ਉਹਦੀ ਅਗਲੀ ਰਚਨਾ ਵਿਚ ਵੀ ਪੰਜਾਬ ਬੋਲੇਗਾ। ਉਦੋਂ ਤੱਕ ਇਸ ‘ਫਿਲਮਸਾਜ਼, ਕਲਾਕਾਰ, ਆਜ਼ਾਦ ਪੰਛੀ’ ਜਿਸ ਤਰ੍ਹਾਂ ਉਸ ਨੇ ਆਪਣੀ ਵੈੱਬਸਾਈਟ ਉਤੇ ਆਪਣੀ ਪਛਾਣ ਦਿੱਤੀ ਹੋਈ ਹੈ, ਨੂੰ ਅਲਵਿਦਾ! ਉਦੋਂ ਫਿਰ ਮਿਲਾਂਗੇ ਜਿੱਦਾਂ ਵੰਡ ਤੋਂ ਪਹਿਲਾਂ ਪੰਜਾਬ ਦੇ ਲੋਕ ਬਾਬੇ ਰਤਨ ਦੇ ਮੇਲੇ ‘ਤੇ ਮਿਲਦੇ ਹੁੰਦੇ ਸਨ।
Leave a Reply