ਅਫਕਾਰ

ਅਵਤਾਰ ਸਿੰਘ (ਪ੍ਰੋ.)
ਫੋਨ: 91-94175-18384
ਸ਼ਬਦ ਅਫਕਾਰ ਪੜ੍ਹ ਕੇ ਹੀ ਫਿਕਰ ‘ਚ ਨਾ ਪੈ ਜਾਣਾ ਕਿ ਕਿਸ ਬਲਾ ਦਾ ਨਾਂ ਹੈ; ਅਫਕਾਰ ਸ਼ਬਦ ਫਿਕਰ ਦਾ ਹੀ ਬਹੁਵਚਨ ਹੈ।
ਚੋਣਾਂ ਹੋਈਆਂ ਤੇ ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ‘ਚ ਬੰਦ ਹੋ ਗਈ। ਅਸੀਂ ਉਡੀਕਣ ਲੱਗੇ ਕਿ ਕਦੋਂ 23 ਮਈ ਆਵੇ, ਦਸ ਗਿਆਰਾਂ ਵੱਜਣ ਤੇ ਬਿੱਲੀ ਥੈਲਿਓਂ ਬਾਹਰ ਆਵੇ। ਕੀ ਹੋਇਆ, ਕੌਣ ਜਿੱਤਿਆ ਤੇ ਕੌਣ ਹਾਰਿਆ ਪਤਾ ਲੱਗੇ। ਵੋਟਾਂ ਪਾਉਣ ਵਾਲਿਆਂ ਨੂੰ, ਵੋਟਾਂ ਬਟੋਰਨ ਵਾਲਿਆਂ ਤੋਂ ਕਿਤੇ ਵੱਧ ਧੁੜਕੂ ਲੱਗ ਜਾਂਦਾ ਹੈ। ਚੋਣਾਂ ਦਾ ਮਾਮਲਾ ਹੀ ਕੁਝ ਐਸਾ ਹੈ।

ਇਸ ਵਿਚ ਕੁਝ ਗਲਤ ਵੀ ਨਹੀਂ। ਜਿਸ ਦੇ ਹੱਕ ਵਿਚ ਅਸੀਂ ਸੋਚਦੇ ਰਹੇ ਹੁੰਦੇ ਹਾਂ ਤੇ ਜਿਸ ਨੂੰ ਅਸੀਂ ਗੱਜ ਵੱਜ ਕੇ ਵੋਟ ਪਾਈ ਹੁੰਦੀ ਹੈ, ਉਸ ਦੇ ਨਤੀਜੇ ਦਾ ਫਿਕਰ ਕਰਨਾ ਗਲਤ ਨਹੀਂ। ਪਰ, ਅਜਿਹਾ ਫਿਕਰ ਜੇ ਧੁੜਕੂ ਵਿਚ ਪਲਟ ਜਾਵੇ ਅਤੇ ਬਹੁਵਚਨ ਹੋ ਜਾਵੇ ਤਾਂ ਉਰਦੂ ਵਾਲੇ ਉਸ ਨੂੰ ਅਫਕਾਰ ਬੋਲਦੇ ਹਨ। ਡਾ. ਇਕਬਾਲ ਨੇ ਲਿਖਿਆ, “ਅਫਕਾਰ ਜਵਾਨੋ ਕੇ ਖਫੀ ਹੋਂ ਕਿ ਜਲੀ ਹੋਂ, ਪੋਸ਼ੀਦਾ ਨਹੀਂ ਮਰਦ-ਏ-ਕਲੰਦਰ ਕੀ ਨਿਗਾਹ ਸੇ।”
ਚੋਣਾਂ ਦੇ ਨਤੀਜਿਆਂ ਬਾਰੇ ਸਾਡੇ ਅਫਕਾਰ ਇਸ ਕਰਕੇ ਜਾਇਜ਼ ਸਨ, ਕਿਉਂਕਿ ਕਿਸੇ ਦੀ ਵੀ ਜਿੱਤ ਅਤੇ ਹਾਰ ਦਾ ਸਾਡੇ ‘ਤੇ ਅਸਰ ਹੋਣਾ ਹੁੰਦਾ ਹੈ। ਅਸੀਂ ਕਿਸੇ ਦੀ ਜਿੱਤ ਵੀ ਭੁਗਤਦੇ ਹਾਂ ਤੇ ਹਾਰ ਵੀ। ਇਸ ਲਈ ਸਾਡੇ ਲਈ ਕਿਸੇ ਦਾ ਹਾਰਨਾ ਵੀ ਓਨਾ ਹੀ ਅਹਿਮ ਹੈ, ਜਿੰਨਾ ਜਿੱਤਣਾ।
ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਵੋਟਾਂ ਕਿਉਂ ਪਾਉਂਦੇ ਹਾਂ ਤੇ ਵੋਟਾਂ ਲੈਣ ਵਾਲੇ ਕਿਉਂ ਖੜ੍ਹਦੇ ਹਨ, ਕੀ ਮਿਲਦਾ ਹੈ ਉਨ੍ਹਾਂ ਨੂੰ, ਕਿਉਂ ਅੜਿੰਗ ਅੜਿੰਗ ਕੇ ਆਪਣੇ ਗਲੇ ਦੀਆਂ ਖੁੱਚਾਂ ਮਾਰ ਲੈਂਦੇ ਹਨ ਉਹ?
ਇਸ ਸਾਰੇ ਕਾਸੇ ਪਿੱਛੇ ਵੱਡਾ ਕਾਰਨ ਪਾਪੀ ਪੇਟ ਦਾ ਸਵਾਲ ਹੈ, ਜਿਸ ਖਾਤਰ ਚੋਣਾਂ ਵਾਲੇ ਲੋਕ ਆਪਣਾ ਦੀਨ, ਇਮਾਨ, ਚੈਨ ਅਤੇ ਆਪਣੀ ਇੱਜਤ ਆਬਰੂ ਤੱਕ ਦਾਅ ‘ਤੇ ਲਾ ਦਿੰਦੇ ਹਨ; ਕਾਸੇ ਦੀ ਵੀ ਪ੍ਰਵਾਹ ਨਹੀਂ ਕਰਦੇ; ਆਪਣੀਆਂ ਧੀਆਂ-ਭੈਣਾਂ ਤੇ ਪਤਨੀਆਂ ਨੂੰ ਚੋਣ ਅਖਾੜੇ ਵਿਚ ਝੋਕ ਦਿੰਦੇ ਹਨ। ਕਈ ਤਾਂ ਆਪਣੇ ਬੋਟਾਂ ਜਿਹੇ ਨਿਆਣਿਆਂ ਨੂੰ ਵੀ ਨਹੀਂ ਬਖਸ਼ਦੇ। ਦਰਅਸਲ ਇਨ੍ਹਾਂ ਦੇ ਪਾਪੀ ਪੇਟ ਦਾ ਸਵਾਲ ਹੀ ਕੁਝ ਅਜਿਹਾ ਹੈ ਕਿ ਭਰਦਾ ਹੀ ਨਹੀਂ; ਸਭ ਕੁਝ ਡੱਕਾਰ ਕੇ ਵੀ ਫਿਰ ਭੁੱਖੇ ਦਾ ਭੁੱਖਾ! ਅੰਨ੍ਹੀ ਭੁੱਖ ਇਨ੍ਹਾਂ ਨੂੰ ਅੰਨ੍ਹੇ ਕਰੀ ਰੱਖਦੀ ਹੈ ਤੇ ਇਨ੍ਹਾਂ ਨੂੰ ਅੱਛੇ, ਬੁਰੇ ਅਤੇ ਬੋਲ ਕੁਬੋਲ ਦੀ ਵੀ ਪਛਾਣ ਨਹੀਂ ਰਹਿੰਦੀ। ਇਹ ਲੋਕ ਆਪਣੇ ਮਤਲਬ ਲਈ ਗਧੇ ਨੂੰ ਬਾਪ ਆਖ ਦਿੰਦੇ ਹਨ ਤੇ ਬਾਪ ਨੂੰ ਗਧਾ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦੇ।
ਅਸੀਂ ਸਾਰੇ ਹੀ ਜਬਰਨ ਅਤੇ ਬੇਤਹਾਸ਼ਾ ਟੈਕਸ ਦਿੰਦੇ ਹਾਂ। ਇੱਕ ਮੋਮਬੱਤੀ ਵੀ ਲਈਏ ਤਾਂ ਉਸ ਦਾ ਟੈਕਸ ਦੇਣਾ ਪੈਂਦਾ ਹੈ। ਘਰੇ ਬਿਜਲੀ ਬਾਲਦੇ ਹਾਂ ਤਾਂ ਉਸ ਦੀ ਕੀਮਤ ਦੇ ਨਾਲ ਟੈਕਸ ਵੀ ਦਿੰਦੇ ਹਾਂ। ਬਹੁਤੇ ਲੋਕਾਂ ਨੂੰ ਸ਼ਾਇਦ ਪਤਾ ਹੀ ਨਾ ਹੋਵੇ ਕਿ ਕੀਮਤ ਅਤੇ ਟੈਕਸ ਦੋ ਗੱਲਾਂ ਹਨ, ਇੱਕ ਨਹੀਂ।
ਜਿਹੜਾ ਵੀ ਕੋਈ ਮੋਮਬੱਤੀ ਬਣਾਉਂਦਾ ਹੋਵੇਗਾ, ਉਹ ਧਾਗਾ ਵੀ ਖਰੀਦਦਾ ਹੋਵੇਗਾ, ਮੋਮ ਵੀ, ਮੋਮਬੱਤੀ ਬਣਾਉਣ ਵਾਲੀ ਮਸ਼ੀਨ ਵੀ ਤੇ ਪੈਕਿੰਗ ਦਾ ਸਮਾਨ ਵੀ। ਇਨ੍ਹਾਂ ਤਿੰਨਾਂ-ਚਾਰਾਂ ਚੀਜ਼ਾਂ ਦੀ ਕੀਮਤ ਦੇ ਇਲਾਵਾ ਉਹ ਟੈਕਸ ਵੀ ਦਿੰਦਾ ਹੈ।
ਜੇ ਇਨ੍ਹਾਂ ਸਭ ਚੀਜਾਂ ਦੀ ਕੀਮਤ ਸੌ ਰੁਪਿਆ ਹੋਵੇ ਤਾਂ ਉਸ ਨੂੰ ਸਵਾ ਸੌ ਰੁਪਏ ਦੇਣੇ ਪੈਂਦੇ ਹਨ। ਸਵਾ ਸੌ ਰੁਪਏ ‘ਚ ਬਣੀਆਂ ਮੋਮਬੱਤੀਆਂ ਜੇ ਉਹ ਡੇਢ ਸੌ ਰੁਪਏ ਦੀਆਂ ਵੀ ਵੇਚੇ ਤਾਂ ਉਸ ਨੂੰ ਸਿਰਫ 25 ਰੁਪਏ ਹੀ ਬਚਦੇ ਹਨ। ਉਸ ਨੂੰ ਇਸ 25 ਰੁਪਏ ‘ਤੇ ਫਿਰ ਆਮਦਨ ਟੈਕਸ ਦੇਣਾ ਪੈਂਦਾ ਹੈ।
ਮੋਮਬੱਤੀਆਂ ਬਣਾਉਣ ਵਾਲੇ ਤੋਂ ਜਦ ਕੋਈ ਦੁਕਾਨਦਾਰ ਖਰੀਦਦਾ ਹੈ ਤਾਂ ਉਸ ਨੂੰ ਵੀ ਟੈਕਸ ਦੇਣਾ ਪੈਂਦਾ ਹੈ। ਸਵਾ ਸੌ ਦਾ ਡੇਢ ਸੌ ਹੋ ਜਾਂਦਾ ਹੈ। ਦੁਕਾਨਦਾਰ ਇਹ ਪੱਚੀ ਰੁਪਏ ਵੀ ਤੇ ਆਪਣੀ ਆਮਦਨ ਦੇ ਪੰਜਾਹ ਰੁਪਏ ਹੋਰ ਵਧਾ ਕੇ ਗਾਹਕ ਨੂੰ ਦੋ ਸੌ ਰੁਪਏ ਦੀ ਵੇਚਦਾ ਹੈ।
ਜੇ ਇਸ ਵਿਚ ਢੋ ਢੁਆਈ ਤੇ ਚੜ੍ਹਾਈ-ਲਹਾਈ ਵੀ ਸ਼ਾਮਲ ਹੋ ਜਾਵੇ ਤਾਂ ਸੌ ਰੁਪਏ ਵਾਲੀ ਚੀਜ਼ ਢਾਈ-ਤਿੰਨ ਸੌ ਰੁਪਏ ਤੱਕ ਪੁੱਜ ਜਾਂਦੀ ਹੈ। ਇਸ ਨੂੰ ਕਹਿੰਦੇ ਹਨ, ਦਾਹੜੀ ਨਾਲੋਂ ਮੁੱਛਾਂ ਵਧਣੀਆਂ। ਇਸੇ ਨੂੰ ਹੀ (ਸ਼ਾਇਦ) ਸਰਪਲੱਸ ਵੈਲਿਊ ਕਹਿੰਦੇ ਹਨ, ਜਿਸ ਦਾ ਸਾਰੇ ਦਾ ਸਾਰਾ ਬੋਝ ਸਿਰਫ ਖਰੀਦਦਾਰ ਦੇ ਸਿਰ ਪੈ ਜਾਂਦਾ ਹੈ।
ਇੱਕੋ ਸ਼ੈਅ ਨੂੰ ਵੱਖ ਵੱਖ ਢੰਗ ਤਰੀਕਿਆਂ ਨਾਲ ਲੱਗਾ ਟੈਕਸ ਸਰਕਾਰੀ ਖਜਾਨੇ ‘ਚ ਜਮਾਂ ਹੋ ਜਾਂਦਾ ਹੈ। ਖਜਾਨੇ ‘ਚ ਪਈਆਂ ਜਨਤਾ ਦੀਆਂ ਦਾੜ੍ਹੀ ਨਾਲੋਂ ਵਧੀਆਂ ਹੋਈਆਂ ਮੁੱਛਾਂ ਅਰਥਾਤ ਟੈਕਸ ਵਾਲਾ ਪੈਸਾ ਕਿੱਥੇ ਖਰਚ ਹੋਣਾ ਹੈ ਤੇ ਕਿੱਥੇ ਨਹੀਂ, ਇਸ ਦਾ ਫੈਸਲਾ ਚੋਣਾਂ ‘ਚ ਜਿੱਤਣ ਵਾਲਿਆਂ ਨੇ ਕਰਨਾ ਹੁੰਦਾ ਹੈ।
ਰਾਜੀਵ ਗਾਂਧੀ ਨੇ ਇਕ ਵਾਰੀ ਬਿਆਨ ਦਿੱਤਾ ਸੀ ਕਿ ਖਜਾਨੇ ‘ਚ ਪਈਆਂ ਲੋਕਾਂ ਦੀਆਂ ਮੁੱਛਾਂ, ਨਾ ਸੱਚ ਪੈਸੇ ਵਿਚੋਂ ਜਦ ਕਿਤੇ ਲੋਕਾਂ ਦੀ ਭਲਾਈ ਲਈ ਵਾਪਸ ਭੇਜਿਆ ਜਾਂਦਾ ਹੈ ਤਾਂ ਖਜਾਨੇ ‘ਚੋਂ ਨਿਕਲਿਆ ਇੱਕ ਰੁਪਈਆ ਲੋਕਾਂ ਤੱਕ ਪੁੱਜਦਾ ਪੁੱਜਦਾ ਚਾਰ ਆਨੇ ਰਹਿ ਜਾਂਦਾ ਹੈ। ਇਹ ਤਾਂ ਰਾਜੀਵ ਗਾਂਧੀ ਦੇ ਸਮੇਂ ਦੀ ਗੱਲ ਸੀ। ਅੱਜ ਤਾਂ ਦਸ ਪੈਸੇ ਵੀ ਮਸਾਂ ਪੁੱਜਦੇ ਹੋਣਗੇ। ਅਸੀਂ ਸੋਚਦੇ ਹਾਂ ਕਿ ਬਾਕੀ ਨੱਬੇ ਪੈਸੇ ਕਿੱਥੇ ਜਾਂਦੇ ਹੋਣਗੇ?
ਪਿਛਲੇ ਦਿਨੀਂ ਚੋਣਾਂ ‘ਚ ਆਪਣੇ ਕਾਗਜ਼ ਭਰਨ ਲੱਗਿਆਂ ਪੰਜਾਬ ਦੀ ਇੱਕ ਨੱਕ ਚੜ੍ਹੋ ਨੇ ਦੱਸਿਆ ਕਿ ਉਸ ਕੋਲ ਚਾਲੀ ਕਿੱਲੋ ਸੋਨਾ ਹੈ। ਮੁਲਕ ਦੇ ਬਹੁਤੇ ਘਰਾਂ ਵਿਚ ਕਦੀ ਚਾਲੀ ਕਿੱਲੋ ਆਟਾ ਨਹੀਂ ਹੁੰਦਾ। ਭਲਾ ਬੁੱਝੋ ਖਾਂ ਚਾਲੀ ਕਿੱਲੋ ਸੋਨਾ ਕਿੱਥੋਂ ਆਇਆ?
ਸਧਾਰਨ ਘਰ ‘ਚੋਂ ਉਠ ਕੇ ਤੱਕੜੀ ਤਿੱਕੜੀ ਦੇ ਰਹਿਮੋ ਕਰਮ ਨਾਲ ਪਲਿਆ, ਦਿੱਲੀ ਦੇ ਗੁਰਦੁਆਰਿਆਂ ਦਾ ਵੱਡਾ ਸੇਵਾਦਾਰ ਸਭ ਤੋਂ ਵੱਧ ਜਾਇਦਾਦ ਵਾਲਾ ਐਮ. ਐਲ਼ ਏ. ਬਣ ਗਿਆ ਹੈ। ਕਿੱਦਾਂ ਬਣਿਆਂ, ਜ਼ਰਾ ਸੋਚੋ!
ਹੋਰ ਤਾਂ ਹੋਰ, ਹਾਰੀ ਹੋਈ ਪਾਰਟੀ ਦੇ ਜਿੱਤੇ ਹੋਏ ਐਮ. ਐਲ਼ ਏ. ਦੀ ਵੀ ਨਿੱਜੀ ਜਾਇਦਾਦ, ਪੰਜਾਂ ਸਾਲਾਂ ਵਿਚ ਦੋ ਕਰੋੜ ਤੋਂ ਛੜੱਪਾ ਮਾਰ ਕੇ ਬਵੰਜਾ ਕਰੋੜ ਤੱਕ ਪੁੱਜ ਜਾਂਦੀ ਹੈ। ਕਿੱਦਾਂ ਪੁੱਜੀ?
‘ਰਾਜ ਨਹੀਂ ਸੇਵਾ’ ਦਾ ਇਹੀ ਰਾਜ਼ ਹੈ। ਜੇ ਸੇਵਾ ਹੀ ਕਰਨੀ ਹੈ ਤਾਂ ਵੋਟਾਂ ਖਰੀਦਣ ਦੀ ਕੀ ਲੋੜ ਹੈ? ਵੋਟਾਂ ਤੋਂ ਪਹਿਲਾਂ ਸਾਡੇ ਨੇਤਾ ਲੋਕਾਂ ਨੂੰ ਰੱਬ ਸਮਝਦੇ ਹਨ, ਮੱਥੇ ਟੇਕਦੇ ਹਨ, ਚੁੰਨੀਆਂ ਵੰਡਦੇ ਹਨ, ਪੱਗਾਂ ਦੇ ਲੜ ਦੱਸਦੇ ਹਨ ਤੇ ਖੂਬ ਦਾਰੂ ਸਿੱਕਾ ਵੰਡਦੇ ਹਨ, ਪਰ ਨਿੱਜੀ ਗੱਲਬਾਤ ਵਿਚ ਉਨ੍ਹਾਂ ਨੂੰ ਭੇਡਾਂ ਤੋਂ ਵੀ ਘਟੀਆ ਸਮਝਦੇ ਹਨ ਅਤੇ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦੇ।
ਕਿਸੇ ਅੜਿੰਗ ਵੜਿੰਗ ਜਿਹੇ ਦੀ ਟੈਲੀਫੋਨਿਕ ਗੱਲਬਾਤ ਨਸ਼ਰ ਹੋਈ ਹੈ, ਜਿਸ ਵਿਚ ਉਹ ਆਪਣੇ ਕਿਸੇ ਵਰਕਰ ਨੂੰ ਵੋਟਾਂ ਖਰੀਦਣ ਦਾ ਨਿਰਦੇਸ਼ ਦਿੰਦਾ ਹੈ ਤੇ ਨਾਲ ਆਖਦਾ ਹੈ: ਦੋ ਹਜ਼ਾਰ ਦੀ ਭੇਡ ਤੇ ਹਜ਼ਾਰ ਦੀ ਢੇਡ ਜਿੰਨੀਆਂ ਮਰਜ਼ੀ ਲੈ ਲਉ।
ਢੇਡ ਸ਼ਬਦ ਦਾ ਅਰਥ ਜਾਣਨ ਲਈ ਗੁਰੂ ਗ੍ਰੰਥ ਸਾਹਿਬ ਵਿਚ ਭਗਤ ਨਾਮ ਦੇਵ ਜੀ ਦੀ ਬਾਣੀ ਪੜ੍ਹੀ ਜਾ ਸਕਦੀ ਹੈ, ਜਿੱਥੇ ਉਨ੍ਹਾਂ ਨੇ ਇਸ ਤਰ੍ਹਾਂ ਢੇਡ ਸ਼ਬਦ ਇਸਤੇਮਾਲ ਕੀਤਾ, “ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ॥”
ਹਿੰਦੂ ਧਰਮ ਵਿਚ ਚਾਰ ਵਰਣ ਹਨ-ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਭਗਤ ਨਾਮ ਦੇਵ ਜੀ ਸ਼ੂਦਰ ਸਨ, ਇਸ ਲਈ ਬ੍ਰਾਹਮਣ ਉਨ੍ਹਾਂ ਨੂੰ ਢੇਡ ਕਹਿੰਦੇ ਹੋਣਗੇ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਆਪਣੇ ਪਿਆਰੇ ਪਰਮਾਤਮਾ ਕੋਲ ਕੀਤੀ।
ਬ੍ਰਾਹਮਣ, ਖੱਤਰੀ ਅਤੇ ਵੈਸ਼ ਵਲੋਂ ਕਿਸੇ ਸ਼ੂਦਰ ਨੂੰ ਢੇਡ ਆਖਣਾ ਤਾਂ ਸਮਝ ਆਉਂਦਾ ਹੈ, ਪਰ ਇੱਥੇ ਇੱਕ ਢੇਡ ਦੂਸਰੇ ਢੇਡ ਨੂੰ ਹੀ ਢੇਡ ਕਹੀ ਜਾਂਦਾ ਹੈ, ਇਹ ਸਮਝ ਤੋਂ ਬਾਹਰ ਹੈ। ਢੇਡ ਨੂੰ ਢੇਡ ਕਹਿਣ ਵਾਲੇ ਢੇਡ ਨੂੰ ਕੋਈ ਕਿਸ ਤਰ੍ਹਾਂ ਦੱਸੇ ਕਿ ਉਹ ਖੁਦ ਵੀ ਇੱਕ ਵੱਡੀ ਅਤੇ ਅਸਲੀ ਢੇਡ ਹੈ।
ਜਿਸ ਢੇਡ ਦੀ ਆਪਣੀ ਭੇਡ, ਢੇਡਾਂ ਦੇ ਦਰੋਂ ਘਰੋਂ, ਆਪਣੇ ਭੇਡੂ ਲਈ ਸੱਤੇ ਖੈਰਾਂ ਮੰਗਦੀ ਫਿਰੀ ਹੋਵੇ, ਉਹ ਭੇਡੂ ਹੁਣ ਉਨ੍ਹਾਂ ਜੀਵਨ ਦਾਨੀਆਂ ਨੂੰ ਢੇਡ ਦੱਸ ਰਿਹਾ ਹੈ। ਇਹ ਪੰਜਾਬ ਦਾ ਅਸਲ ਦੁਖਾਂਤ ਹੈ।
ਵਰਣਾਸ਼ਰਮ ਅਜਿਹਾ ਨਿਜ਼ਾਮ ਹੈ, ਜਿਸ ਅਨੁਸਾਰ ਕੋਈ ਭੇਡ ਹੋਵੇ ਜਾਂ ਢੇਡ, ਮਣਾਂ ਮੂੰਹੀ ਸੋਨੇ ਨਾਲ ਲੱਦੀ ਹੋਣ ਦੇ ਬਾਵਜੂਦ ਢੇਡ ਹੀ ਰਹਿੰਦੀ ਹੈ; ਅਰਬਾਂ-ਖਰਬਾਂ ਦੀ ਜਾਇਦਾਦ ਵੀ ਢੇਡ ਨੂੰ ਮਨੁੱਖ ਨਹੀਂ ਬਣਾ ਸਕਦੀ।
ਗਿਆਨ ਅਤੇ ਅਗਿਆਨ ਦੋ ਚੀਜ਼ਾਂ ਹਨ। ਅਗਿਆਨ ਅਜਿਹੀ ਅਣਹੋਂਦ ਹੈ, ਜਿਸ ਨਾਲ ਮਨੁੱਖ ਢੇਡ ਬਣ ਜਾਂਦਾ ਹੈ ਤੇ ਗਿਆਨ ਅਜਿਹੀ ਬਰਕਤ ਹੈ, ਜਿਸ ਨਾਲ ਢੇਡ ਨੂੰ ਵੀ ਮਨੁੱਖ ਹੋਣ ਦਾ ਮਾਣ ਹਾਸਲ ਹੋ ਸਕਦਾ ਹੈ।
ਸਾਡੇ ਨੇਤਾ ਸਾਡੇ ਸਕੂਲਾਂ ਦੀ ਹਾਲਤ ਨਹੀਂ ਸੁਧਾਰਨੀ ਚਾਹੁੰਦੇ। ਇਸ ਦਾ ਕੀ ਕਾਰਨ ਹੋ ਸਕਦਾ ਹੈ? ਸਾਡੇ ਟੈਕਸ ਵਾਲੇ ਪੈਸੇ ਨਾਲ ਇਨ੍ਹਾਂ ਦੇ ਬੱਚੇ ਬਾਹਰਲੇ ਮੁਲਕਾਂ ‘ਚ ਢੇਡ ਤੋਂ ਮਨੁੱਖ ਬਣਨ ਲਈ ਜਾਂਦੇ ਹਨ, ਜਦਕਿ ਇੱਥੋਂ ਦੇ ਲੋਕਲ ਸਕੂਲਾਂ ਵਿਚ ਪੜ੍ਹਦੇ ਗਰੀਬ ਬੱਚੇ ਹਜ਼ਾਰ ਰੁਪਏ ਦੀ ਢੇਡ ਤੋਂ ਦੋ ਹਜ਼ਾਰ ਰੁਪਏ ਦੀ ਭੇਡ ਵੀ ਨਹੀਂ ਬਣ ਸਕਦੇ।
ਇਨ੍ਹਾਂ ਦੀਆਂ ਦਰਸ਼ਨੀ ਭੇਡਾਂ ਬਾਹਰਲੇ ਮੁਲਕਾਂ ‘ਚ ਮਰਨ ਗਈਆਂ ਵੀ ਸਾਡੇ ਟੈਕਸਾਂ ਨਾਲ ਭਰੇ ਖਜਾਨੇ ਨੂੰ ਚਾਰ ਚਾਰ ਕਰੋੜ ਦਾ ਚੂਨਾ ਲਾ ਦਿੰਦੀਆਂ ਹਨ। ਇਥੋਂ ਤੱਕ ਕਿ ਬਿਮਾਰ ਪਈ ਦੀਆਂ ਲਈਆਂ ਖਬਰਸਾਰਾਂ ਵੀ ਖਜਾਨਾ ਚੂਸ ਲੈਂਦੀਆਂ ਹਨ। ਸੁਣਿਆ ਹੈ ਕਿ ਇਹ ਭੇਡਾਂ ਕਿ ਢੇਡਾਂ ਚੰਡੀਗੜ੍ਹੋਂ ਦਿੱਲੀ ਨੂੰ ਹੈਲੀਕਾਪਟਰ ਵਿਚ ਸਿਰਫ ਨਹਾਉਣ ਲਈ ਵੀ ਚਲੀਆਂ ਜਾਂਦੀਆਂ ਹਨ। ਪਤਾ ਨਹੀਂ ਦਿੱਲੀ ਦੀਆਂ ਟੂਟੀਆਂ ਕਿਹੋ ਜਿਹੀਆਂ ਹੋਣਗੀਆਂ?
ਮੁੱਕਦੀ ਗੱਲ, ਚੋਣ ਨਤੀਜਿਆਂ ਦੇ ਅਫਕਾਰ ਦੀ ਥਾਂ ਸਾਨੂੰ ਜਾਗਣਾ ਚਾਹੀਦਾ ਹੈ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਵਿਕਾਊ ਮਾਲ ਨਾ ਬਣੀਏ; ਤਾਂ ਜੋ ਕੋਈ ਰੱਜੀ ਹੋਈ ਅੜਿੰਗ ਵੜਿੰਗ ਭੇਡ ਕਿਸੇ ਨੂੰ ਵੀ ਢੇਡ ਨਾ ਕਹਿ ਸਕੇ।
ਅਸੀਂ ਅਮਿਤੋਜ ਹੋਈਏ ਕਿ ਸਾਡੀ ਤਾਕਤ ਨੂੰ ਕੋਈ ਤੋਲ ਨਾ ਸਕੇ; ਅਸੀਂ ਅਨਮੋਲ ਹੋਈਏ ਕਿ ਸਾਡੀ ਕੀਮਤ ਦਾ ਕੋਈ ਹਿਸਾਬ ਨਾ ਰਹੇ। ਇਹ ਕ੍ਰਿਸ਼ਮਾ ਸਿਰਫ ਪੜ੍ਹਨ ਲਿਖਣ ਨਾਲ ਵਾਪਰ ਸਕਦਾ ਹੈ ਕਿ ਢੇਡਾਂ ਦੇ ਟੈਕਸ ‘ਤੇ ਪਲਣ ਵਾਲਾ ਕੋਈ ਭੇਡੂ ਕਿਸੇ ਨਾਮ ਦੇਵ ਨੂੰ ਮੁੜ ਨਾ ਸਤਾ ਸਕੇ।
ਦਸਮੇਸ਼ ਪਿਤਾ ਦਾ ਵੱਡਾ ਫਿਕਰ ਸੀ, “ਅਣਪੜ੍ਹ ਕੋਊ ਰਹਿਣ ਨਾ ਪਾਵਾ, ਬਾਲ ਬਿਰਧ ਸਭ ਕੋਊ ਪਠਾਵਾ।” ਇਹ ਦੋ ਦੋ ਹਜ਼ਾਰੀ ਭੇਡਾਂ ਨਹੀਂ ਚਾਹੁੰਦੀਆਂ ਕਿ ਕੋਈ ਇੱਕ ਹਜ਼ਾਰੀ ਢੇਡ ਪੜ੍ਹ ਲਿਖ ਕੇ ਕਿਸੇ ਦੋ ਹਜ਼ਾਰੀ ਭੇਡ ਦੇ ਵਿੰਗ ਵਲ ਕੱਢ ਸਕੇ।