ਆਦਿ ਬੀੜ ਕਿਵੇਂ ਬਣੀ-ਕਿਸ਼ਤ ਚੌਥੀ

ਕਸ਼ਮੀਰਾ ਸਿੰਘ
ਫੋਨ: 801-414-0171
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
(ਅ) ਬਾਬਾ ਫਰੀਦ ਜੀ ਦੀ ਬਾਣੀ ਨਾਲ ਸਾਂਝ
1. ਦੁਧਾਥਣੀ ਸ਼ਬਦ ਦੀ ਸਾਂਝ ਸ਼ੇਖ ਫਰੀਦ ਜੀ ਦੀ ਬਾਣੀ ਨਾਲ:
ਰਾਗੁ ਗਉੜੀ ਪੂਰਬੀ ਛੰਤ ਮਹਲਾ ਪਹਿਲਾ॥
ਮੈ ਮਤ ਜੋਬਨਿ ਗਰਬਿ ਗਾਲੀ ਦੁਧਾਥਣੀ ਨ ਆਵਏ॥ (ਗੁਰੂ ਗ੍ਰੰਥ ਸਾਹਿਬ, ਪੰਨਾ 242)

ਬਾਣੀ ਸ਼ੇਖ ਫਰੀਦ ਜੀ (ਸੰਨ 1173-1266, ਸੰਤਾਨ 6 ਲੜਕੇ ਅਤੇ 2 ਲੜਕੀਆਂ)
ਦੁਧਾਥਣੀ ਨ ਆਵਈ ਫਿਰਿ ਹੋਇ ਨ ਮੇਲਾ॥ (ਪੰਨਾ 794)
ਵਿਚਾਰ: ਦੁਧਾਥਣੀ-ਉਹ ਅਵਸਥਾ ਜਦੋਂ ਇਸਤਰੀ ਦੇ ਥਣਾਂ ਵਿਚ ਦੁੱਧ ਆਉਂਦਾ ਹੈ। ਸੁਹਾਗ-ਭਾਗ ਵਾਲੀ ਅਵਸਥਾ। ਦੁਧਾ ਅਤੇ ਥਣੀ ਦੋ ਸ਼ਬਦ ਵੱਖ-ਵੱਖ ਨਹੀਂ। ਪਦ-ਛੇਦ ਕਰਨ ਵਾਲਿਆਂ ਨੇ ਉਕਾਈ ਖਾ ਕੇ ‘ਦੁਧਾਥਣੀ’ ਸ਼ਬਦ ਨੂੰ ‘ਦੁਧਾ’ ਅਤੇ ‘ਥਣੀ’ ਲਿਖ ਦਿੱਤਾ ਹੋਇਆ ਹੈ। ਇਹ ਸ਼ਬਦ-ਸਾਂਝ ਕੇਵਲ ਗੁਰੂ ਨਾਨਕ ਸਾਹਿਬ ਅਤੇ ਬਾਬਾ ਫਰੀਦ ਜੀ ਦੀ ਬਾਣੀ ਵਿਚ ਹੀ ਹੈ, ਜਿਸ ਤੋਂ ਪ੍ਰਗਟ ਹੈ ਕਿ ਫਰੀਦ ਜੀ ਦੀ ਬਾਣੀ ਗੁਰੂ ਨਾਨਕ ਪਾਤਿਸ਼ਾਹ ਕੋਲ ਸੀ।
2. ਸ਼ੇਖ ਫਰੀਦ ਜੀ ਦੇ ਸ਼ਲੋਕਾਂ ਵਿਚ ਵਿਆਖਿਆ:
ਸ਼ਲੋਕ ਫਰੀਦ ਜੀ
ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ॥
ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ॥ (ਪੰਨਾ 1379)
ਗੁਰੂ ਨਾਨਕ ਸਾਹਿਬ
ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ॥
ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ॥ (ਪੰਨਾ 137)
ਵਿਚਾਰ: ਇਨ੍ਹਾਂ ਸ਼ਲੋਕਾਂ ਵਿਚ ਸੁਹਾਗਣੀ ਦੇ ਲੱਛਣਾਂ ਨੂੰ ਸਪੱਸ਼ਟ ਕੀਤਾ ਗਿਆ ਹੈ। ਪ੍ਰਭੂ ਨੂੰ ਭਾਅ ਜਾਣ ਵਾਲੀ ਜੀਵ ਇਸਤਰੀ ਹੀ ਸੁਹਾਗਣ ਕਹੀ ਜਾ ਸਕਦੀ ਹੈ।
3. ਸੂਹੀ ਰਾਗ ਦੇ ਸ਼ਬਦਾਂ ਵਿਚ ਸਾਂਝ:
ਫਰੀਦ ਜੀ ਦੀ ਬਾਣੀ
ਸੂਹੀ ਲਲਿਤ॥
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥1॥
ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ॥1॥ ਰਹਾਉ॥
ਇਕ ਆਪੀਨੈ ਪਤਲੀ ਸਹ ਕੇ ਰੇ ਬੋਲਾ॥
ਦੁਧਾਥਣੀ ਨ ਆਵਈ ਫਿਰਿ ਹੋਇ ਨ ਮੇਲਾ॥2॥
ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ॥
ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ॥3॥ (ਪੰਨਾ 794)
ਬਾਬੇ ਨਾਨਕ ਦੀ ਬਾਣੀ
ਸੂਹੀ ਮਹਲਾ ਪਹਿਲਾ॥
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥
ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ॥1॥
ਤੇਰਾ ਏਕੋ ਨਾਮੁ ਮੰਜੀਠੜਾ
ਰਤਾ ਮੇਰਾ ਚੋਲਾ ਸਦ ਰੰਗ ਢੋਲਾ॥1॥ ਰਹਾਉ॥
ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ॥
ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ॥2॥
ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ॥
ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ॥3॥
ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ॥
ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ॥4॥
ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ॥
ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ॥5॥ (ਪੰਨਾ 729)
ਵਿਚਾਰ: ਉਪਰੋਕਤ ਸ਼ਬਦਾਂ ਦਾ ਪਾਠ ਕੀਤਿਆਂ ਦੋਹਾਂ ਸ਼ਬਦਾਂ ਦੀ ਸ਼ਬਦ-ਸਾਂਝ ਦਾ ਪਤਾ ਲੱਗ ਜਾਂਦਾ ਹੈ, ਜਿਵੇਂ ਬੇੜਾ-ਬੇੜੁਲਾ, ਸਰਵਰੁ, ਊਛਲੈ, ਬੰਧੁ-ਬੰਧਨ, ਦੁਹੇਲਾ-ਵਹੇਲਾ-ਸੁਹੇਲਾ, ਕਹੈ ਫਰੀਦੁ ਸਹੇਲੀਓ-ਨਾਨਕੁ ਕਹੈ ਸਹੇਲੀਓ, ਸਹ ਕੇ ਰੇ ਬੋਲਾ-ਸਹ ਕੇ ਅੰਮ੍ਰਿਤ ਬੋਲਾ, ਸਹੁ ਆਦਿ। ਇਹ ਸਾਂਝ ਇਸ ਕਰਕੇ ਹੈ ਕਿ 12ਵੀਂ ਸਦੀ ‘ਚ ਲਿਖੀ ਫਰੀਦ ਜੀ ਦੀ ਬਾਣੀ ਗੁਰੂ ਨਾਨਕ ਪਾਤਿਸ਼ਾਹ ਕੋਲ ਮੌਜੂਦ ਸੀ, ਜੋ ਫਰੀਦ ਜੀ ਦੀ ਗੱਦੀ ਸੰਭਾਲਣ ਵਾਲੇ ਸ਼ੇਖ ਬ੍ਰਹਮ (ਸੰਨ 1510-1552) ਤੋਂ ਆਪਣੀ ਅਯੋਧਣ (ਹੁਣ ਪਾਕਪਟਨ) ਫੇਰੀ ਸਮੇਂ ਉਤਾਰਾ ਕਰ ਕੇ ਪ੍ਰਾਪਤ ਕੀਤੀ ਸੀ। ਕੇਰੇ ਸ਼ਬਦ ਦਾ ਪਦ-ਛੇਦ ਕੇ ਰੇ ਅਤੇ ਦੁਧਾ ਥਣੀ ਦਾ ਸ਼ੁੱਧ ਸ਼ਬਦ-ਜੋੜ ਦੁਧਾਥਣੀ ਹੈ। ‘ਦੁਧਾਥਣੀ’ ਸ਼ਬਦ ਦੀ ਵਰਤੋਂ ਇਸੇ ਸ਼ਬਦ ਵਿਚੋਂ ਲੈ ਕੇ ਹੀ ਗੁਰੂ ਨਾਨਕ ਨੇ ਆਪਣੀ ਬਾਣੀ ਵਿਚ ਕੀਤੀ ਹੈ।
(e) ਕੀ ਭਗਤ ਬੇਣੀ ਜੀ ਦੀ ਬਾਣੀ ਪ੍ਰਥਮ ਪਾਤਿਸ਼ਾਹ ਕੋਲ ਸੀ?
1. ਸ਼੍ਰੀ ਰਾਗ ਵਿਚ ਸ਼ਬਦਾਂ ਦੀ ਸਾਂਝ:
ਸ੍ਰੀ ਰਾਗ ਬਾਣੀ ਭਗਤ ਬੇਣੀ ਜੀਉ ਕੀ॥
ਪਹਰਿਆ ਕੈ ਘਰਿ ਗਾਵਣਾ॥
ਰੇ ਨਰ ਗਰਭ ਕੁੰਡਲ ਜਬ ਆਛਤ
ਉਰਧ ਧਿਆਨ ਲਿਵ ਲਾਗਾ॥
ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ
ਏਕੁ ਅਗਿਆਨ ਸੁ ਨਾਗਾ॥
ਤੇ ਦਿਨ ਸੰਮਲੁ ਕਸਟ ਮਹਾ ਦੁਖ
ਅਬ ਚਿਤੁ ਅਧਿਕ ਪਸਾਰਿਆ॥
ਗਰਭ ਛੋਡਿ ਮ੍ਰਿਤ ਮੰਡਲ ਆਇਆ
ਤਉ ਨਰਹਰਿ ਮਨਹੁ ਬਿਸਾਰਿਆ॥1॥ (ਪੰਨਾ 93)
ਵਿਚਾਰ: ਗੁਰੂ ਨਾਨਕ ਸਾਹਿਬ ਨੇ ਭਗਤ ਬੇਣੀ ਜੀ ਦੇ ਸ਼੍ਰੀ ਰਾਗ ਵਿਚ ਲਿਖੇ 5 ਬੰਦਾਂ ਦੇ ਸ਼ਬਦ ਨੂੰ ਪੜ੍ਹਿਆ ਅਤੇ ਉਸੇ ਲੈਅ ਵਿਚ ਸ਼੍ਰੀ ਰਾਗ ਵਿਚ ਹੀ ਪਹਰਿਆਂ ਦੀ ਬਾਣੀ ਘਰੁ ਪਹਿਲਾ ਵਿਚ ਰਚੀ। ਪਹਰਿਆਂ ਦੀ ਚਾਲ ਅਤੇ ਸ਼ਬਦ-ਜੋੜਾਂ ਦੀ ਸਾਂਝ ਦੇਖੋ,
ਸਿਰੀਰਾਗੁ ਮਹਲਾ ਪਹਿਲਾ ਪਹਰੇ ਘਰੁ 1॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ
ਹੁਕਮਿ ਪਇਆ ਗਰਭਾਸਿ॥
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ
ਖਸਮ ਸੇਤੀ ਅਰਦਾਸਿ॥
ਖਸਮ ਸੇਤੀ ਅਰਦਾਸਿ ਵਖਾਣੈ
ਉਰਧ ਧਿਆਨਿ ਲਿਵ ਲਾਗਾ॥
ਨਾ ਮਰਜਾਦੁ ਆਇਆ ਕਲਿ ਭੀਤਰਿ
ਬਾਹੁੜਿ ਜਾਸੀ ਨਾਗਾ॥
ਜੈਸੀ ਕਲਮ ਵੁੜੀ ਹੈ ਮਸਤਕਿ
ਤੈਸੀ ਜੀਅੜੇ ਪਾਸਿ॥
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ
ਹੁਕਮਿ ਪਇਆ ਗਰਭਾਸਿ॥1॥ (ਪੰਨਾ 74)
ਵਿਚਾਰ: ਦੋਹਾਂ ਮੁਕੰਮਲ ਸ਼ਬਦਾਂ ਵਿਚ ਰਾਗ ਅਤੇ ਘਰ ਦੀ, ਗਰਭ-ਗਰਭਾਸਿ ਦੀ, ਉਰਧ ਧਿਆਨ-ਉਰਧ ਤਪੁ ਦੀ, ਲਿਵ ਲਾਗਾ-ਲਿਵ ਲਾਗਾ ਦੀ, ਨਾਗਾ-ਨਾਗਾ ਦੀ, ਉਛਲਿਆ ਕਾਮੁ-ਕਾਮਿ ਵਿਆਪਿਆ ਦੀ, ਸੰਜਮ-ਸੰਜਮ ਦੀ, ਬਿਆਪੈ-ਵਿਆਪੈ ਦੀ, ਪਛੁਤਾਵਹਿਗਾ-ਪਛੁਤਾਸੀ ਦੀ, ਬੁਧਿ ਨਾਠੀ-ਬੁਧਿ ਵਿਸਰਜੀ ਦੀ, ਮਾਨ-ਮਾਣੁ ਦੀ, ਉਰਧ ਧਿਆਨ ਲਿਵ ਲਾਗਾ-ਉਰਧ ਧਿਆਨਿ ਲਿਵ ਲਾਗਾ ਦੀ ਅਤੇ ਭਾਵ ਅਰਥਾਂ ਦੀ ਪਿਆਰੀ ਸਾਂਝ ਹੈ।
2. ਪ੍ਰਭਾਤੀ ਰਾਗ ਵਿਚ ਸ਼ਬਦਾਂ ਦੀ ਸਾਂਝ:
ਪ੍ਰਭਾਤੀ ਭਗਤ ਬੇਣੀ ਜੀ ਕੀ
ਜਿਨਿ ਆਤਮ ਤਤੁ ਨ ਚੀਨ੍ਹਿਆ॥
ਸਭ ਫੋਕਟ ਧਰਮ ਅਬੀਨਿਆ॥
ਕਹੁ ਬੇਣੀ ਗੁਰਮੁਖਿ ਧਿਆਵੈ॥
ਬਿਨੁ ਸਤਿਗੁਰ ਬਾਟ ਨ ਪਾਵੈ॥5॥ (ਪੰਨਾ 1351)
ਪ੍ਰਭਾਤੀ ਮਹਲਾ ਪਹਿਲਾ॥
ਗੀਤ ਨਾਦ ਹਰਖ ਚਤੁਰਾਈ॥
ਰਹਸ ਰੰਗ ਫੁਰਮਾਇਸਿ ਕਾਈ॥
ਪੈਨ੍ਹਣੁ ਖਾਣਾ ਚੀਤਿ ਨ ਪਾਈ॥
ਸਾਚੁ ਸਹਜੁ ਸੁਖੁ ਨਾਮਿ ਵਸਾਈ॥1॥ (ਪੰਨਾ 1331)
ਵਿਚਾਰ: ਭਗਤ ਬੇਣੀ ਜੀ ਦੇ ਪ੍ਰਭਾਤੀ ਰਾਗ ਵਿਚ ਰਚੇ ਸ਼ਬਦ ਨੂੰ ਪੜ੍ਹ ਵਿਚਾਰ ਕੇ ਗੁਰੂ ਨਾਨਕ ਸਾਹਿਬ ਨੇ ਵੀ ਪ੍ਰਭਾਤੀ ਰਾਗ ਵਿਚ ਸ਼ਬਦ ਰਚਿਆ। ਦੋਹਾਂ ਸ਼ਬਦਾਂ ਵਿਚ ਇੱਕੋ ਚਾਲ, ਪੰਜ-ਪੰਜ ਬੰਦ ਅਤੇ ਹਰ ਬੰਦ ਦੀਆਂ ਚਾਰ-ਚਾਰ ਤੁਕਾਂ ਦੀ ਸਾਂਝ ਹੈ।
3. ਭਗਤ ਬੇਣੀ ਜੀ ਦੇ ਸ਼ਬਦ ਦੀਆਂ ਤੁਕਾਂ ਦੀ ਸਾਂਝ:
ਕਹੁ ਬੇਣੀ ਗੁਰਮੁਖਿ ਧਿਆਵੈ॥
ਬਿਨੁ ਸਤਿਗੁਰ ਬਾਟ ਨ ਪਾਵੈ॥5॥ (ਪੰਨਾ 1351)
ਕਹੁ ਨਾਨਕ ਨਿਹਚਉ ਧਿਆਵੈ॥
ਵਿਣੁ ਸਤਿਗੁਰ ਵਾਟ ਨ ਪਾਵੈ॥2॥ (ਪੰਨਾ 470)
ਉਪਰੋਕਤ ਤੁਕਾਂ ਦੀ ਸਾਂਝ ਦੇਖ ਕੇ ਇਹੀ ਸਿੱਧ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਕੋਲ ਭਗਤ ਬੇਣੀ ਦੀ ਬਾਣੀ ਮੌਜੂਦ ਸੀ।
4. ਰਾਮਕਲੀ ਰਾਗ ਵਿਚ ਸ਼ਬਦ ਸਾਂਝ:
ਰਾਮਕਲੀ ਬਾਣੀ ਬੇਣੀ ਜੀਉ ਕੀ॥
ਇੜਾ ਪਿੰਗੁਲਾ ਅਉਰ ਸੁਖਮਨਾ
ਤੀਨਿ ਬਸਹਿ ਇਕ ਠਾਈ॥
ਬੇਣੀ ਸੰਗਮੁ ਤਹ ਪਿਰਾਗੁ
ਮਨੁ ਮਜਨੁ ਕਰੇ ਤਿਥਾਈ॥1॥
ਸੰਤਹੁ ਤਹਾ ਨਿਰੰਜਨ ਰਾਮੁ ਹੈ॥
ਗੁਰ ਗਮਿ ਚੀਨੈ ਬਿਰਲਾ ਕੋਇ॥
ਤਹਾਂ ਨਿਰੰਜਨੁ ਰਮਈਆ ਹੋਇ॥1॥ ਰਹਾਉ॥ (ਪੰਨਾ 974)
ਰਾਮਕਲੀ ਮਹਲਾ ਪਹਿਲਾ॥
ਖਟੁ ਮਟੁ ਦੇਹੀ ਮਨੁ ਬੈਰਾਗੀ॥
ਸੁਰਤਿ ਸਬਦੁ ਧੁਨਿ ਅੰਤਰਿ ਜਾਗੀ॥
ਵਾਜੈ ਅਨਹਦੁ ਮੇਰਾ ਮਨੁ ਲੀਣਾ॥
ਗੁਰ ਬਚਨੀ ਸਚਿ ਨਾਮਿ ਪਤੀਣਾ॥1॥ (ਪੰਨਾ 903)
ਵਿਚਾਰ: ਭਗਤ ਬੇਣੀ ਜੀ ਨੇ ਆਪਣੇ ਸ਼ਬਦ ਵਿਚ ਅਲੰਕਾਰਾਂ ਦੀ ਬਹੁਤ ਵਰਤੋਂ ਕੀਤੀ ਹੈ, ਜਿਸ ਕਾਰਨ ਅਰਥ ਅਤੇ ਸ਼ਬਦ ਦਾ ਪਾਠ ਕੁਝ ਕਠਿਨ ਜਾਪਦੇ ਹਨ। ਗੁਰੂ ਨਾਨਕ ਪਾਤਿਸ਼ਾਹ ਨੇ ਇਸੇ ਰਾਗ ਰਾਮਕਲੀ ਵਿਚ ਆਪਣੀ ਇੱਕ ਅਸ਼ਟਪਦੀ ਰਾਹੀਂ ਭਗਤ ਬੇਣੀ ਜੀ ਦੇ ਸ਼ਬਦ ਦੀਆਂ ਘੁੰਡੀਆਂ ਖੋਲ੍ਹ ਕੇ ਉਸ ਨੂੰ ਸਮਝਣਾ ਸੌਖਾ ਜ਼ਰੂਰ ਕਰ ਦਿੱਤਾ ਹੈ। ਦੋਹਾਂ ਸ਼ਬਦਾਂ ਵਿਚ ਕਈ ਸ਼ਬਦ-ਜੋੜਾਂ ਦੀ ਸਾਂਝ ਵੀ ਹੈ, ਜਿਵੇਂ ਸੁੰਨ ਸਮਾਧਿ, ਅਨਾਹਦ, ਜਾਗਿ ਰਹੇ, ਦੁਰਮਤਿ, ਨਾਮੁ ਰਤਨੁ, ਪੰਚ ਤਸਕਰ ਆਦਿ।
(ਸ) ਭਗਤ ਕਬੀਰ ਜੀ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਵਿਚ ਸਾਂਝ:
ਭਗਤ ਕਬੀਰ ਜੀ
1. ਸਾਹਿਬੁ ਹੋਇ ਦਇਆਲੁ ਕਿਰਪਾ ਕਰੇ
ਅਪੁਨਾ ਕਾਰਜੁ ਸਵਾਰੇ॥ (ਪੰਨਾ 334)
ਗੁਰੂ ਨਾਨਕ ਸਾਹਿਬ
ਪਉੜੀ॥ ਸਾਹਿਬੁ ਹੋਇ ਦਇਆਲੁ ਕਿਰਪਾ ਕਰੇ
ਤਾ ਸਾਈ ਕਾਰ ਕਰਾਇਸੀ॥
ਵਿਚਾਰ: ਉਪਰੋਕਤ ਦੋ ਤੁਕਾਂ ਵਿਚ ਅੱਧਾ ਹਿੱਸਾ ਸਾਂਝਾ ਹੈ। ਭਗਤ ਕਬੀਰ ਜੀ ਦੀ ਬਾਣੀ ਪਹਿਲੇ ਗੁਰੂ ਜੀ ਕੋਲ ਮੌਜੂਦ ਸੀ।
2. ਸੂਤਕ ਬਾਰੇ ਵਿਚਾਰਾਂ ਦੀ ਸਾਂਝ
ਭਗਤ ਕਬੀਰ ਜੀ
ਜਲਿ ਹੈ ਸੂਤਕੁ ਥਲਿ ਹੈ ਸੂਤਕੁ
ਸੂਤਕ ਓਪਤਿ ਹੋਈ॥
ਜਨਮੇ ਸੂਤਕੁ ਮੂਏ ਫੁਨਿ ਸੂਤਕੁ
ਸੂਤਕ ਪਰਜ ਬਿਗੋਈ॥1॥
ਕਹੁ ਰੇ ਪੰਡੀਆ ਕਉਨ ਪਵੀਤਾ॥
ਐਸਾ ਗਿਆਨੁ ਜਪਹੁ ਮੇਰੇ ਮੀਤਾ॥1॥ ਰਹਾਉ॥
ਨੈਨਹੁ ਸੂਤਕੁ ਬੈਨਹੁ ਸੂਤਕੁ
ਸੂਤਕੁ ਸ੍ਰਵਨੀ ਹੋਈ॥
ਊਠਤ ਬੈਠਤ ਸੂਤਕੁ ਲਾਗੈ
ਸੂਤਕੁ ਪਰੈ ਰਸੋਈ॥2॥
ਫਾਸਨ ਕੀ ਬਿਧਿ ਸਭੁ ਕੋਊ ਜਾਨੈ
ਛੂਟਨ ਕੀ ਇਕੁ ਕੋਈ॥
ਕਹਿ ਕਬੀਰ ਰਾਮੁ ਰਿਦੈ ਬਿਚਾਰੈ
ਸੂਤਕੁ ਤਿਨੈ ਨ ਹੋਈ॥3॥41॥
ਗੁਰੂ ਨਾਨਕ ਸਾਹਿਬ
ਸੂਤਕੁ ਅਗਨਿ ਭਖੈ ਜਗੁ ਖਾਇ॥
ਸੂਤਕੁ ਜਲਿ ਥਲਿ ਸਭ ਹੀ ਥਾਇ॥ (ਪੰਨਾ 413)
ਸਲੋਕੁ ਮ: ਪਹਿਲਾ॥
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ॥
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ॥
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ॥
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥
ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ॥
ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ॥1॥
ਮਹਲਾ ਪਹਿਲਾ॥
ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ॥
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ॥
ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ॥
ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ॥2॥ (ਪੰਨਾ 472)
ਵਿਚਾਰ: ਗੁਰੂ ਨਾਨਕ ਸਾਹਿਬ ਕੋਲ ਭਗਤ ਕਬੀਰ ਜੀ ਦੀ ਬਾਣੀ ਸੀ। ਉਪਰੋਕਤ ਸ਼ਬਦਾਂ ਦੀ ਸਾਂਝ ਇਸ ਗੱਲ ਦੀ ਪੁਸ਼ਟੀ ਕਰਦੀ ਹੈ।
(ਹ) ਭਗਤ ਬਾਣੀ ਗੁਰੂ ਅਮਰਦਾਸ ਜੀ ਕੋਲ ਸੀ।
1. ਭਗਤ ਨਾਮਦੇਉ ਜੀ ਦੀ ਬਾਣੀ ਨਾਲ ਸਾਂਝ:
ਸਾਹਿਬੁ ਸੰਕਟਵੈ ਸੇਵਕੁ ਭਜੈ॥
ਚਿਰੰਕਾਲ ਨ ਜੀਵੈ ਦੋਊ ਕੁਲ ਲਜੈ॥1॥
ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ॥
ਚਰਨ ਕਮਲ ਮੇਰੇ ਹੀਅਰੇ ਬਸੈਂ॥1॥ ਰਹਾਉ॥
ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ॥
ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈਂ॥2॥
ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ॥
ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ॥3॥1
ਬਸੰਤੁ ਮਹਲਾ 3 ਇਕ ਤੁਕਾ॥
ਸਾਹਿਬ ਭਾਵੈ ਸੇਵਕੁ ਸੇਵਾ ਕਰੈ॥
ਜੀਵਤੁ ਮਰੈ ਸਭਿ ਕੁਲ ਉਧਰੈ॥1॥
ਤੇਰੀ ਭਗਤਿ ਨ ਛੋਡਉ ਕਿਆ ਕੋ ਹਸੈ॥
ਸਾਚੁ ਨਾਮੁ ਮੇਰੈ ਹਿਰਦੈ ਵਸੈ॥1॥ ਰਹਾਉ॥
ਜੈਸੇ ਮਾਇਆ ਮੋਹਿ ਪ੍ਰਾਣੀ ਗਲਤੁ ਰਹੈ॥
ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ॥2॥
ਮੈ ਮੂਰਖ ਮੁਗਧ ਊਪਰਿ ਕਰਹੁ ਦਇਆ॥
ਤਉ ਸਰਣਾਗਤਿ ਰਹਉ ਪਇਆ॥3॥
ਕਹਤੁ ਨਾਨਕੁ ਸੰਸਾਰ ਕੇ ਨਿਹਫਲ ਕਾਮਾ॥
ਗੁਰ ਪ੍ਰਸਾਦਿ ਕੋ ਪਾਵੈ ਅੰਮ੍ਰਿਤ ਨਾਮਾ॥4॥
ਵਿਚਾਰ: ਉਪਰ ਦਿੱਤੇ ਦੋਹਾਂ ਸ਼ਬਦਾਂ ਨੂੰ ਪੜ੍ਹ ਕੇ ਯਕੀਨ ਆ ਜਾਂਦਾ ਹੈ ਕਿ ਭਗਤ ਬਾਣੀ ਤੀਜੇ ਗੁਰੂ ਜੀ ਕੋਲ ਆ ਚੁਕੀ ਸੀ। ਤੀਜੇ ਗੁਰੂ ਜੀ ਨੇ ਭਗਤ ਨਾਮ ਦੇਵ ਦਾ ਬਸੰਤ ਰਾਗ ਵਿਚ ਰਚਿਆ ਸ਼ਬਦ ਪੜ੍ਹ ਕੇ ਆਪ ਵੀ ਉਸੇ ਰਾਗ ਵਿਚ ਸ਼ਬਦ ਰਚਿਆ ਅਤੇ ਦੋਹਾਂ ਵਿਚ ਸ਼ਬਦ-ਜੋੜਾਂ ਅਤੇ ਭਾਵਾਂ ਦੀ ਡੂੰਘੀ ਸਾਂਝ ਹੈ।
2. ਭਗਤ ਫਰੀਦ ਜੀ ਦੀ ਬਾਣੀ ਨਾਲ ਸਾਂਝ:
(A) ਭਗਤ ਫਰੀਦ ਜੀ
ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ॥
ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ॥12॥
ਤੀਜੇ ਸਤਿਗੁਰੂ ਜੀ 12ਵੇਂ ਸ਼ਲੋਕ ਦੀ ਵਿਆਖਿਆ ਕਰਦੇ ਹਨ,
ਮਹਲਾ ਤੀਜਾ॥
ਫਰੀਦਾ ਕਾਲੀ ਧਉਲੀ ਸਾਹਿਬੁ
ਸਦਾ ਹੈ ਜੇ ਕੋ ਚਿਤਿ ਕਰੇ॥
ਆਪਣਾ ਲਾਇਆ ਪਿਰਮੁ ਨ ਲਗਈ
ਜੇ ਲੋਚੈ ਸਭੁ ਕੋਇ॥
ਏਹੁ ਪਿਰਮੁ ਪਿਆਲਾ ਖਸਮ ਕਾ
ਜੈ ਭਾਵੈ ਤੈ ਦੇਇ॥ (ਪੰਨਾ 1378)
ਵਿਚਾਰ: ਤੀਜੇ ਗੁਰੂ ਜੀ ਨੇ ‘ਕਾਲੀ’ ਅਤੇ ‘ਧਉਲੀ’ ਅਵਸਥਾ ਦੀ ਸੁੰਦਰ ਵਿਆਖਿਆ ਕੀਤੀ ਹੈ ਕਿ ਜਵਾਨੀ ਅਤੇ ਬੁਢਾਪੇ ਦੀ ਅਵਸਥਾ ਵਿਚ ਜਪ ਉਹੀ ਸਕਦਾ ਹੈ, ਜਿਸ ਨੂੰ ਮਾਲਕ ਪਿਰਮ ਪਿਆਲਾ ਦੇ ਦੇਵੇ। ਇਹ ਵਿਆਖਿਆ ਇਸ ਗੱਲ ਦਾ ਸਬੂਤ ਹੈ ਕਿ ਤੀਜੇ ਗੁਰੂ ਜੀ ਕੋਲ ਭਗਤ ਬਾਣੀ ਮੌਜੂਦ ਸੀ, ਜੋ ਪਹਿਲੇ ਗੁਰੂ ਜੀ ਕੋਲੋਂ ਹੀ ਦੂਜੇ ਗੁਰੂ ਜੀ ਰਾਹੀਂ ਆਈ ਸੀ।
(ਅ) ਭਗਤ ਫਰੀਦ ਜੀ ਲਿਖਦੇ ਹਨ,
ਫਰੀਦਾ ਰਤੀ ਰਤੁ ਨ ਨਿਕਲੈ
ਜੇ ਤਨੁ ਚੀਰੈ ਕੋਇ॥
ਜੋ ਤਨ ਰਤੇ ਰਬ ਸਿਉ
ਤਿਨ ਤਨਿ ਰਤੁ ਨ ਹੋਇ॥51॥
ਗੁਰੂ ਅਮਰਦਾਸ ਜੀ,
ਮਹਲਾ ਤੀਜਾ॥
ਇਹੁ ਤਨੁ ਸਭੋ ਰਤੁ ਹੈ
ਰਤੁ ਬਿਨੁ ਤੰਨੁ ਨ ਹੋਇ॥
ਜੋ ਸਹ ਰਤੇ ਆਪਣੇ
ਤਿਤੁ ਤਨਿ ਲੋਭੁ ਰਤੁ ਨ ਹੋਇ॥
ਭੈ ਪਇਐ ਤਨੁ ਖੀਣੁ ਹੋਇ
ਲੋਭੁ ਰਤੁ ਵਿਚਹੁ ਜਾਇ॥
ਜਿਉ ਬੈਸੰਤਰਿ ਧਾਤੁ ਸੁਧੁ ਹੋਇ
ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ॥
ਨਾਨਕ ਤੇ ਜਨ ਸੋਹਣੇ
ਜਿ ਰਤੇ ਹਰਿ ਰੰਗੁ ਲਾਇ॥ (ਪੰਨਾ 1380)
ਵਿਚਾਰ: ਭਗਤ ਫਰੀਦ ਜੀ ਦੇ ਵਰਤੇ ਸ਼ਬਦ ‘ਰਤੀ ਤਰੁ ਨ ਨਿਕਲੈ’ ਦੀ ਸੁੰਦਰ ਵਿਆਖਿਆ ਰਾਹੀਂ ਤੀਜੇ ਪਾਤਿਸ਼ਾਹ ਨੇ ਦੱਸ ਦਿੱਤਾ ਹੈ ਕਿ ਇਹ ਰੱਤ ਲੋਭ ਦੀ ਰੱਤ ਹੈ ਅਤੇ ਇਹ ਖੂਨ ਨਹੀਂ, ਜੋ ਸਰੀਰ ਵਿਚ ਦੌੜ ਰਿਹਾ ਹੈ। ਸਪਸ਼ਟ ਹੈ ਕਿ ਇਹ ਵਿਆਖਿਆ ਤਾਂ ਹੀ ਸੰਭਵ ਸੀ, ਜੇ ਭਗਤ ਫਰੀਦ ਜੀ ਦੀ ਬਾਣੀ ਤੀਜੇ ਗੁਰੂ ਜੀ ਕੋਲ ਹੁੰਦੀ।
(e) ਭਗਤ ਫਰੀਦ ਜੀ ਲਿਖਦੇ ਹਨ,
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ॥
ਜਿਨ੍ਹੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ॥
ਅਗਲੇ ਸ਼ਲੋਕ ਵਿਚ ਤੀਜੇ ਗੁਰੂ ਜੀ ਵਿਆਖਿਆ ਕਰਦੇ ਹਨ,
ਮਹਲਾ ਤੀਜਾ॥
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ॥
ਨਾਨਕ ਘਰ ਹੀ ਬੈਠਿਆ
ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ॥ (ਪੰਨਾ 1383)
ਵਿਚਾਰ: ਤੀਜੇ ਸਤਿਗੁਰੂ ਕੋਲ ਭਗਤ ਫਰੀਦ ਜੀ ਦੀ ਬਾਣੀ ਦੂਜੇ ਗੁਰੂ ਜੀ ਤੋਂ ਆ ਚੁਕੀ ਸੀ।
(ਸ) ਭਗਤ ਕਬੀਰ ਜੀ ਦੀ ਬਾਣੀ ਨਾਲ ਚਉਥੇ ਗੁਰੂ ਜੀ ਦੀ ਸਾਂਝ:
1. ਕਬੀਰ ਬਾਣੀ
ਜੋਗੀ ਗੋਰਖੁ ਗੋਰਖੁ ਕਰੈ॥
ਹਿੰਦੂ ਰਾਮ ਨਾਮੁ ਉਚਰੈ॥
ਮੁਸਲਮਾਨ ਕਾ ਏਕੁ ਖੁਦਾਇ॥
ਕਬੀਰ ਕਾ ਸੁਆਮੀ ਰਹਿਆ ਸਮਾਇ॥4 (ਪੰਨਾ 1160)
ਗਉੜੀ ਗੁਆਰੇਰੀ ਮਹਲਾ 4 ਚਉਥਾ॥
ਪੰਡਿਤੁ ਸਾਸਤ ਸਿਮ੍ਰਿਤਿ ਪੜਿਆ॥
ਜੋਗੀ ਗੋਰਖੁ ਗੋਰਖੁ ਕਰਿਆ॥
ਮੈ ਮੂਰਖ ਹਰਿ ਹਰਿ ਜਪੁ ਪੜਿਆ॥1॥ (ਪੰਨਾ 163)
ਵਿਚਾਰ: ਦੋਹਾਂ ਰਚਨਾਵਾਂ ਵਿਚ ਸ਼ਬਦ-ਜੋੜਾਂ ਅਤੇ ਭਾਵ ਅਰਥਾਂ ਦੀ ਸਾਂਝ ਸਾਫ ਝਲਕ ਰਹੀ ਹੈ, ਜਿਸ ਤੋਂ ਸਿੱਧ ਹੈ ਕਿ ਭਗਤ ਬਾਣੀ ਗੁਰੂ ਰਾਮਦਾਸ ਜੀ ਕੋਲ ਮੌਜੂਦ ਸੀ, ਜੋ ਸਿਲਸਿਲੇਵਾਰ ਗੁਰਗੱਦੀ ਬਦਲਣ ਨਾਲ ਉਨ੍ਹਾਂ ਕੋਲ ਤੀਜੇ ਗੁਰੂ ਜੀ ਕੋਲੋਂ ਪਹੁੰਚੀ ਸੀ।
ਨੋਟ: ‘4 ਚਉਥਾ’ ਲਿਖਣ ਤੋਂ ਸੰਕੇਤ ‘4’ ਨੂੰ ‘ਚਉਥਾ’ ਬੋਲਣ ਤੋਂ ਹੈ। ਪਾਠ ਵਿਚ ‘4 ਚਉਥਾ’ ਨੂੰ ‘ਚਉਥਾ ਚਉਥਾ’ ਪੜ੍ਹਨਾ ਚਾਹੀਦਾ ਹੈ ਤਾਂ ਜੁ ਸਰੋਤਿਆਂ ਨੂੰ ਵੀ ਗੁਰੂ ਜੀ ਵਲੋਂ ਦਿੱਤੇ ਸੰਕੇਤ ਦਾ ਬੋਧ ਹੋ ਸਕੇ।
(ਚਲਦਾ)