ਦਮਨ ਜੋੜੀ ਦੀ ਤਿਆਰ ਕੀਤੀ ਅੰਗਰੇਜ਼ੀ ਫਿਲਮ

ਗੁਲਜ਼ਾਰ ਸਿੰਘ ਸੰਧੂ
ਜਸਵੰਤ ਤੇ ਦਵਿੰਦਰ ਦਮਨ ਪੰਜਾਬੀ ਰੰਗਮੰਚ ਦੇ ਜਾਣੇ-ਪਛਾਣੇ ਹਸਤਾਖਰ ਹਨ। ਲੰਮੇ ਸਮੇਂ ਤੋਂ ਉਨ੍ਹਾਂ ਦੀ ਬੇਟੀ ਅਰਵਿੰਦ ਟੈਕਸਸ ਵਿਚ ਰਹਿੰਦੀ ਹੈ। ਉਸ ਨੇ ਖੁਦ ਤੋਂ ਬਿਨਾ ਆਪਣੀ ਬੇਟੀ ਮਹਿਕ ਨੂੰ ਅਦਾਕਾਰੀ ਵਿਚ ਪੂਰੀ ਤਰ੍ਹਾਂ ਢਾਲ ਲਿਆ ਹੈ। ਪਿਛਲੇ ਦਿਨੀਂ ਪੰਜਾਬ ਕਲਾ ਭਵਨ, ਚੰਡੀਗੜ੍ਹ ਦੇ ਰੰਧਾਵਾ ਆਡੀਟੋਰੀਅਮ ਵਿਚ ਪਰਿਵਾਰ ਵਲੋਂ ਰਲ ਕੇ ਤਿਆਰ ਕੀਤੀ ਗਈ ‘ਜਨਵਰੀ’ ਨਾਂ ਦੀ ਅੰਗਰੇਜ਼ੀ ਫਿਲਮ ਪੇਸ਼ ਕੀਤੀ ਗਈ, ਜਿਸ ਦੇ ਲਗਭਗ ਸਾਰੇ ਅਦਾਕਾਰ ਪਰਿਵਾਰ ਦੇ ਮੈਂਬਰ ਹੀ ਹਨ।

ਫਿਲਮ ਵਿਚ ਜਵਾਨ ਹੋ ਰਹੀ ਪੰਜਾਬੀ ਕੁੜੀ ਆਪਣੇ ਆਪ ਨੂੰ ਅਮਰੀਕਾ ਦੇ ਓਪਰੇ ਮਾਹੌਲ ਤੇ ਚੌਗਿਰਦੇ ਵਿਚ ਘਿਰਿਆ ਵੇਖ ਇੱਕ ਗੁੰਝਲਦਾਰ ਰੋਗ ਦਾ ਸ਼ਿਕਾਰ ਹੋ ਜਾਂਦੀ ਹੈ, ਜਿਸ ਦੇ ਮਾਪਿਆਂ ਨੂੰ ਸਮਝ ਨਹੀਂ ਪੈਂਦੀ ਤੇ ਉਹ ਪ੍ਰੇਸ਼ਾਨ ਹਨ। ਖਾਸ ਕਰਕੇ ਪਿਤਾ, ਜੋ ਉਹਨੂੰ ਵੀ ਕੁੱਟਦਾ ਮਾਰਦਾ ਹੈ ਤੇ ਉਹਦੇ ਨਾਲ ਹਮਦਰਦੀ ਕਰਨ ਵਾਲੀ ਆਪਣੀ ਪਤਨੀ ਨੂੰ ਵੀ। ਰੋਗੀ ਲੜਕੀ ਇਸ ਮਾਹੌਲ ਤੋਂ ਹੀ ਨਹੀਂ, ਦੁਨੀਆਂ ਤੋਂ ਉਚਾਟ ਹੋ ਜਾਂਦੀ ਹੈ। ਇਥੋਂ ਤੱਕ ਕਿ ਆਪਣੇ ਸਰੀਰ ਨੂੰ ਤਿੱਖੇ ਬਲੇਡ ਨਾਲ ਥਾਂ ਥਾਂ ‘ਤੇ ਕੱਟਣ ਲੱਗ ਜਾਂਦੀ ਹੈ। ਜਦੋਂ ਮਾਪਿਆਂ ਦੀ ਝਾੜਝੰਬ ਤੇ ਟੂਣਾ ਟਾਮਣ ਵੀ ਅਸਰ ਨਹੀਂ ਕਰਦੇ ਤਾਂ ਉਹ ਮਨੋਵਿਗਿਆਨ ਦੇ ਡਾਕਟਰ ਨੂੰ ਬੁਲਾਉਂਦੇ ਹਨ। ਡਾਕਟਰ ਸਮਝ ਜਾਂਦਾ ਹੈ ਕਿ ਲੜਕੀ ਕਟਰ ਰੋਗ ਦਾ ਸ਼ਿਕਾਰ ਹੋ ਚੁਕੀ ਹੈ, ਜਿਸ ਦੇ ਰੋਗੀ ਉਹ ਹਰਕਤਾਂ ਕਰਦੇ ਹਨ, ਜੋ ਉਹ ਲੜਕੀ ਕਰ ਰਹੀ ਹੈ।
ਡਾਕਟਰ ਨੇ ਰੋਗੀ ਕੁੜੀ ਦੇ ਨੇੜੇ ਤੇੜੇ ਅੰਗਰੇਜ਼ੀ ਬੋਲਣ ਉਤੇ ਪਾਬੰਦੀ ਲਾ ਕੇ ਉਸ ਨੂੰ ਪੰਜਾਬੀ ਗੀਤਾਂ ਤੇ ਗਾਣਿਆਂ ਦੀ ਦੁਨੀਆਂ ਵਿਚ ਲੈ ਜਾਣ ਦਾ ਯਤਨ ਕੀਤਾ। ਕਿਸੇ ਹੱਦ ਤੱਕ ਇਸ ਦਾ ਅਸਰ ਤਾਂ ਹੋਇਆ, ਪਰ ਰੋਗੀ ਕੁੜੀ ਨੂੰ ਉਸ ਦਾ ਅੰਦਰਲਾ ਵਲੂੰਧਰੀ ਜਾ ਰਿਹਾ ਸੀ। ਲੜਕੀ ਦਾ ਪਿਤਾ ਤੁਰੰਤ ਨਤੀਜੇ ਚਾਹੁੰਦਾ ਹੈ, ਜੋ ਸੰਭਵ ਨਹੀਂ। ਉਹ ਡਾਕਟਰ ਨੂੰ ਵੀ ਕੋਸਣ ਲਗਦਾ ਹੈ।
ਡਾਕਟਰ ਫੌਰੀ ਇਲਾਜ ਵਜੋਂ ਰੋਗੀ ਕੁੜੀ ਨੂੰ ਇਕ ਵੱਡੀ ਸਾਰੀ ਗੁੱਡੀ ਖਰੀਦ ਦਿੰਦਾ ਹੈ, ਜੋ ਨਾ ਬੋਲਦੀ ਹੈ ਤੇ ਨਾ ਹੀ ਅਮਰੀਕਨ ਕੁੜੀਆਂ ਵਾਂਗ ਗਿਟ ਮਿਟ ਕਰਦੀ ਹੈ। ਲੜਕੀ ਕਾਫੀ ਸੰਭਲ ਜਾਂਦੀ ਹੈ। ਰੋਗੀ ਕੁੜੀ ਉਸ ਗੁੱਡੀ ਦਾ ਨਾਂ ਜਨਵਰੀ ਰੱਖ ਦਿੰਦੀ ਹੈ-ਨਵਾਂ ਮਹੀਨਾ ਤੇ ਨਵਾਂ ਜੀਵਨ। ਗੁੰਝਲ ਪੂਰੀ ਤਰ੍ਹਾਂ ਹੱਲ ਨਹੀਂ ਹੁੰਦੀ। ਲੜਕੀ ਗੁੱਡੀ ਨਾਲ ਗੱਲਾਂ ਕਰਨਾ ਚਾਹੁੰਦੀ ਹੈ, ਪਰ ਉਹ ਬੋਲਦੀ ਨਹੀਂ। ਡਾਕਟਰ ਸਮਝ ਜਾਂਦਾ ਹੈ ਕਿ ਰੋਗੀ ਕੁੜੀ ਨੂੰ ਅਮਰੀਕਾ ਤੋਂ ਵਖਰੇ ਮਾਹੌਲ ਦੀ ਲੋੜ ਹੈ, ਜੋ ਉਸ ਦੇ ਜੀਨਜ਼ ਵਿਚ ਹੈ। ਉਹ ਮਾਪਿਆਂ ਨੂੰ ਸਲਾਹ ਦਿੰਦਾ ਹੈ ਕਿ ਕੁੜੀ ਨੂੰ ਪੰਜਾਬ ਭੇਜ ਦੇਣ। ਉਹ ਮੰਨ ਜਾਂਦੇ ਹਨ। ਇਥੇ ਫਿਲਮ ਦਾ ਅੰਤ ਹੋ ਜਾਂਦਾ ਹੈ।
ਫਿਲਮ ਵਿਚ ਦਵਿੰਦਰ ਦਮਨ ਮਨੋਵਿਗਿਆਨੀ ਨਰਿੰਦਰ ਨਾਥ ਦਾ ਰੋਲ ਕਰਦਾ ਹੈ। ਜਸਵੰਤ ਦਮਨ ਰੋਗੀ ਕੁੜੀ ਦੀ ਦਾਦੀ ਦਾ, ਦੋਹਾਂ ਦੀ ਬੇਟੀ ਅਰਵਿੰਦ ਰੋਗੀ ਦੀ ਮਾਂ ਸੁਨੀਤਾ ਦਾ ਤੇ ਪਰਿਵਾਰ ਦੀ ਦੋਹਤਰੀ ਮਹਿਕ ਰੋਗੀ ਕੁੜੀ ਜਾਨਕੀ ਦਾ। ਜਾਨਕੀ ਦਾ ਮਨ ਬਹਿਲਾਉਣ ਲਈ ਉਸ ਨੂੰ ਜਿਹੜੀ ਗੁੱਡੀ ਦਿੱਤੀ ਜਾਂਦੀ ਹੈ, ਉਸ ਨੂੰ ਰੋਗੀ ਕੁੜੀ ‘ਜਨਵਰੀ’ ਕਹਿੰਦੀ ਹੈ। ਇਹੀਓ ਫਿਲਮ ਦਾ ਨਾਂ ਹੈ। ਮੇਰੇ ਵਰਗਿਆਂ ਲਈ ਇੱਕ ਹੋਰ ਨਵੀਂ ਗੱਲ ਇਹ ਕਿ ਇਸ ਅੰਗਰੇਜ਼ੀ ਫਿਲਮ ਵਿਚ ਬੋਲੇ ਗਏ ਸ਼ਬਦ, ਵਾਰਤਾਲਾਪ ਤੇ ਗੀਤ ਅੰਗਰੇਜ਼ੀ ਵਿਚ ਡਬ ਕਰਕੇ ਦਿਖਾਏ ਗਏ ਹਨ।
ਵਿਸ਼ਾ ਮਨੋਵਿਗਿਆਨ ਹੋਣ ਕਾਰਨ ਸਮਝਣਾ ਸੌਖਾ ਤਾਂ ਨਹੀਂ, ਪਰ ਦਮਨ ਪਰਿਵਾਰ ਵਧਾਈ ਦਾ ਹੱਕਦਾਰ ਹੈ ਕਿ ਉਨ੍ਹਾਂ ਨੇ ਆਪਣੇ ਬਲਬੂਤੇ ਤੇ ਅੰਗਰੇਜ਼ੀ ਫਿਲਮ ਜਗਤ ਨੂੰ ਸੰਨ੍ਹ ਲਾਈ ਹੈ। ਇਹ ਫਿਲਮ ਫਰਾਂਸ ਦੀ ਕੈਨਸ ਨਗਰੀ ਵਿਚ ਹੋਣ ਵਾਲੇ ਫਿਲਮ ਫੈਸਟੀਵਲ ਲਈ ਤਿਆਰ ਕੀਤੀ ਗਈ ਹੈ, ਤੇ ਸਾਰੇ ਪੰਜਾਬੀਆਂ ਤੋਂ ਸ਼ੁਭ ਕਾਮਨਾਵਾਂ ਦੀ ਹੱਕਦਾਰ ਹੈ।
ਅੰਮ੍ਰਿਤਾ ਪ੍ਰੀਤਮ ਇਕ ਸਦਾ ਦਾ ਨਾਂ: ਪੀਪਲਜ਼ ਕਨਵੈਨਸ਼ਨ ਸੈਂਟਰ, ਚੰਡੀਗੜ੍ਹ ਦੇ ਵਿਹੜੇ ਪਿਛਲੇ ਦਿਨੀਂ ਚੰਡੀਗੜ੍ਹ ਸਾਹਿਤ ਅਕਾਡਮੀ ਨੇ ਪੰਜਾਬੀ ਦੀ ਜਗਤ ਪ੍ਰਸਿੱਧ ਕਵਿਤਰੀ ਅੰਮ੍ਰਿਤਾ ਪ੍ਰੀਤਮ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਇੱਕ ਯਾਦਗਾਰੀ ਪ੍ਰੋਗਰਾਮ ਕਰਵਾਇਆ। ਇਸ ਵਿਚ ਸਰਬਜੀਤ ਸਿੰਘ (ਚੰਡੀਗੜ੍ਹ), ਵਨੀਤਾ (ਦਿੱਲੀ) ਤੇ ਹਰਭਜਨ ਸਿੰਘ ਭਾਟੀਆ (ਅੰਮ੍ਰਿਤਸਰ) ਨੇ ਅੰਮ੍ਰਿਤਾ ਪ੍ਰੀਤਮ ਦੇ ਕਾਵਿਕ ਤੇ ਰਚਨਾਤਮਕ ਗੁਣਾਂ ਦਾ ਗੁਣਗਾਇਨ ਤੇ ਭਰਵਾਂ ਵਿਸ਼ਲੇਸ਼ਣ ਕੀਤਾ। ਉਸ ਦੀ ਸ਼ਖਸੀਅਤ ਤੇ ਕਲਾਕਾਰੀ ਦੀਆਂ ਅੰਦਰੂਨੀ ਪਰਤਾਂ ਨੂੰ ਉਘਾੜਦਿਆਂ ਸਰੋਤਿਆਂ ਵਿਚ ਅੰਮ੍ਰਿਤਾ ਪ੍ਰੀਤਮ ਨਾਲ ਵਾਹ ਵਾਸਤਾ ਰੱਖਣ ਵਾਲੇ ਅੱਧੀ ਦਰਜਨ ਰਚਨਾਕਾਰਾਂ ਨੇ ਲੇਖਿਕਾ ਨਾਲ ਬਿਤਾਏ ਨਿੱਜੀ ਪਲਾਂ ਦਾ ਜ਼ਿਕਰ ਕੀਤਾ।
ਪ੍ਰੋਗਰਾਮ ਦਾ ਅੰਤ ਅੰਮ੍ਰਿਤਾ ਪ੍ਰੀਤਮ ਦੀਆਂ ਚੋਣਵੀਆਂ ਕਵਿਤਾਵਾਂ ਦੀ ਪੇਸ਼ਕਾਰੀ ਨਾਲ ਹੋਇਆ, ਜਿਸ ਵਿਚ ਐਸ਼ ਡੀ. ਸ਼ਰਮਾ (ਚੰਡੀਗੜ੍ਹ), ਜਸਬੀਰ ਕੌਰ (ਪਟਿਆਲਾ) ਤੇ ਅਜੀਤ (ਲੰਗੇਰੀ) ਨੇ ਅੱਧੀ ਦਰਜਨ ਅਜਿਹੀਆਂ ਕਵਿਤਾਵਾਂ ਗਾ ਕੇ ਸੁਰੀਲੀ ਅਵਾਜ਼ ਵਿਚ ਪੇਸ਼ ਕੀਤੀਆਂ, ਜੋ ਸਰੋਤਿਆਂ ਦੇ ਕਹਿਣ ਅਨੁਸਾਰ, ਉਨ੍ਹਾਂ ਨੇ ਪਹਿਲਾਂ ਨਹੀਂ ਸਨ ਪੜ੍ਹੀਆਂ। ਗਾ ਕੇ ਪੇਸ਼ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਅਤਿਅੰਤ ਭਾਵਪੂਰਤ ਬਣਾ ਦਿੱਤਾ। ਸਾਰਾ ਪ੍ਰੋਗਰਾਮ ਲਾਮਿਸਾਲ ਹੋ ਗੁਜ਼ਰਿਆ।
ਵਿਦੇਸ਼ੀ ਚਿੱਤਰਕਾਰਾਂ ਦੀ ਨਜ਼ਰ ਵਿਚ ਸਿੱਖ ਇਤਿਹਾਸ: ਮਈ ਮਹੀਨੇ ਦੇ ਅਖੀਰਲੇ ਹਫਤੇ ਚਾਰ ਰੋਜ਼ਾ ਚਿੱਤਰ ਪ੍ਰਦਰਸ਼ਨੀ ਸਮੇਂ ਪੰਜਾਬ ਕਲਾ ਭਵਨ ਦੀ ਆਰਟ ਗੈਲਰੀ ਵਿਚ ਸਿੱਖ ਇਤਿਹਾਸ ਨੂੰ ਪੇਸ਼ ਕਰਦੇ ਉਹ ਚਿੱਤਰ ਵੇਖਣ ਨੂੰ ਮਿਲੇ, ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਨੂੰ ਹੀ ਨਹੀਂ, ਪ੍ਰਸਿੱਧ ਸਿੰਘਾਂ-ਸਿੰਘਣੀਆਂ ਦੀ ਅੜਕ-ਮੜਕ ਦੀਆਂ ਬੁਲੰਦੀਆਂ ਛੁਹੰਦੇ ਹਨ। ਸਿੱਖਾਂ ਦੀ ਪਗੜੀ, ਦਾਹੜੀ ਤੇ ਦਿੱਖ ਵਿਦੇਸ਼ੀ ਕਲਾਕਾਰਾਂ ਲਈ ਏਨੀ ਪ੍ਰਭਾਵੀ ਸੀ ਕਿ ਬਰਤਾਨੀਆ, ਫਰਾਂਸ, ਆਸਟਰੀਆ, ਜਰਮਨੀ, ਜਪਾਨ ਤੇ ਪਰਸ਼ੀਆ ਦੇ ਕਲਾਕਾਰ ਉਨ੍ਹਾਂ ਦੀ ਆਨ ਤੇ ਸ਼ਾਨ ਨੂੰ ਚਿੱਤਰਾਂ ਰਾਹੀਂ ਪੇਸ਼ ਕਰਨ ਲਈ ਉਤਸ਼ਾਹਿਤ ਹੋ ਗਏ। ਚਿੱਤਰਕਾਰਾਂ ਨੇ ਆਪਣੇ ਰੰਗਾਂ ਤੇ ਬੁਰਸ਼ਾਂ ਨੂੰ ਸਿੱਖ ਰਾਜਿਆਂ ਤੇ ਰਾਣੀਆਂ ਤੱਕ ਹੀ ਸੀਮਤ ਨਹੀਂ ਰੱਖਿਆ, ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਵੀ ਚੋਣਵੇਂ ਰੰਗਾਂ ਵਿਚ ਪੇਸ਼ ਕੀਤਾ ਹੈ।
ਵੱਡੀ ਗੱਲ ਇਹ ਵੀ ਕਿ ਗਰੇਟਰ ਕੈਲਾਸ਼, ਨਵੀਂ ਦਿੱਲੀ ਰਹਿੰਦੇ ਗੌਤਮ ਸ੍ਰੀਵਾਸਤਵ ਨੇ ਇਹ ਕੀਮਤੀ ਚਿੱਤਰ ਵੀਹ ਵੱਖ-ਵੱਖ ਦੇਸ਼ਾਂ ਵਿਚੋਂ ਲਿਆ ਕੇ ਆਪਣੀ ਰਿਹਾਇਸ਼ ਵਿਚ ਸੰਭਾਲ ਰੱਖੇ ਹਨ, ਜਿਨ੍ਹਾਂ ਦੀ ਸਾਂਭ-ਸੰਭਾਲ ਲੈਲਾ ਸਿੰਘ ਮਜੀਠੀਆ ਪੂਰੀ ਲਗਨ ਤੇ ਪਿਆਰ ਨਾਲ ਕਰ ਰਹੀ ਹੈ। ਜਾਪਦਾ ਇਹ ਹੈ ਕਿ ਸਾਂਭ-ਸੰਭਾਲ ਲਈ ਮਾਇਕ ਮਦਦ ਜੁਟਾਉਣ ਵਿਚ ਵੀ ਮਜੀਠੀਆ ਦਾ ਕਾਫੀ ਹੱਥ ਹੈ।
ਨਰਿੰਦਰ ਮੋਦੀ ਦਾ ਕ੍ਰਿਸ਼ਮਾ: ਨਰਿੰਦਰ ਮੋਦੀ ਦੀ ਲੋਕ ਸਭਾ ਚੋਣਾਂ ਵਾਲੀ ਜਿੱਤ ਨੂੰ ਮੇਰੇ ਕੁਲੀਗ ਤੇ ਮਿੱਤਰ ਮਾਧਵ ਕੌਸ਼ਿਕ ਨੇ ਉਰਦੂ ਦੇ ਹੇਠ ਲਿਖੇ ਸ਼ਿਅਰ ਰਾਹੀਂ ਚੇਤੇ ਕੀਤਾ ਹੈ, ਖਾਸ ਕਰਕੇ ਮੋਦੀ ਦਾ ਜੇਤੂ ਭਾਸ਼ਣ ਸੁਣਨ ਤੋਂ ਪਿਛੋਂ,
ਜਾਦੂ ਹੈ ਯਾ ਤਲਿਸਮ ਤੁਮ੍ਹਾਰੀ ਜ਼ੁਬਾਨ ਮੇਂ
ਤੁਮ ਝੂਠ ਕਹਿ ਰਹੇ ਥੇ ਹਮੇਂ ਇਅਤਬਾਰ ਥਾ।
ਅੰਤਿਕਾ: ਅੰਮ੍ਰਿਤਾ ਪ੍ਰੀਤਮ
ਇਸ਼ਕ ਦੀ ਦਹਿਲੀਜ਼ ‘ਤੇ ਸਿਜਦਾ ਕਰੇਗਾ ਜਦ ਕੋਈ
ਯਾਦ ਫਿਰ ਦਹਿਲੀਜ਼ ਨੂੰ ਮੇਰਾ ਜ਼ਮਾਨਾ ਆਏਗਾ।