ਮੋਦੀ ਦੀ ਜਿੱਤ ਦੇ ਅਰਥ

ਭਾਰਤ ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਬਣਨੀ ਤਾਂ ਤਕਰੀਬਨ ਤੈਅ ਹੀ ਸੀ ਕਿਉਂਕਿ ਜਿਸ ਤਰ੍ਹਾਂ ਦੀ ਇਕਮੁੱਠ ਲੜਾਈ ਦੀ ਵਿਰੋਧੀ ਧਿਰ ਤੋਂ ਆਸ ਕੀਤੀ ਜਾ ਰਹੀ ਸੀ, ਉਹ ਸੰਭਵ ਹੀ ਨਹੀਂ ਹੋ ਸਕੀ। ਉਂਜ ਭਾਜਪਾ ਦਾ ਇਕੱਲਿਆਂ 303 ਸੀਟਾਂ ਉਤੇ ਜਿੱਤ ਹਾਸਲ ਕਰਨਾ ਬਹੁਤਿਆਂ ਲਈ ਹੈਰਾਨੀ ਅਤੇ ਅਚੰਭੇ ਦਾ ਕਾਰਨ ਬਣਿਆ ਹੈ। ਭਾਜਪਾ ਦੀ ਇਸ ਜਿੱਤ ਲਈ ਹਰ ਸ਼ਖਸ ਅਤੇ ਸੰਸਥਾ ਆਪੋ-ਆਪਣੇ ਅਧਿਐਨ ਤੇ ਵਿਸ਼ਲੇਸ਼ਣ ਪੇਸ਼ ਕਰ ਰਹੇ ਹਨ ਤੇ ਇਨ੍ਹਾਂ ਅਧਿਐਨਾਂ ਤੇ ਵਿਸ਼ਲੇਸ਼ਣਾਂ ਦੇ ਹੱਕ ਵਿਚ ਦਲੀਲਾਂ ਘੜੀਆਂ ਜਾ ਰਹੀਆਂ ਹਨ।

ਫਿਲਹਾਲ, ਭਾਜਪਾ ਦੀ ਸਰਪ੍ਰਸਤ ਜਥੇਬੰਦੀ, ਰਾਸ਼ਟਰੀ ਸਵੈਮਸੇਵਕ ਸੰਘ (ਆਰæ ਐਸ਼ ਐਸ਼) ਦੀ ਉਸ ਸੋਚ ਅਤੇ ਖਿਆਲ ਵੱਲ ਬੁੱਧੀਜੀਵੀਆਂ ਨੇ ਬਹੁਤਾ ਧਿਆਨ ਨਹੀਂ ਧਰਿਆ ਹੈ, ਜਿਸ ਕਾਰਨ ਇਸ ਜਿੱਤ ਲਈ ਰਾਹ ਖੁੱਲ੍ਹੇ ਹਨ। ਆਰæ ਐਸ਼ ਐਸ਼ ਦਾ ਦਾਈਆ ਸੀ ਕਿ ਜੇ ਭਾਰਤ ਦੀ ਬਹੁਗਿਣਤੀ ਹਿੰਦੂ ਵਸੋਂ ਨੂੰ ਆਪਣੇ ਨਾਲ ਤੋਰ ਲਿਆ ਜਾਵੇ ਤਾਂ ਹਿੰਦੂ ਰਾਸ਼ਟਰ ਦੀ ਕਾਇਮੀ ਲਈ ਰਾਹ ਮੋਕਲਾ ਕੀਤਾ ਜਾ ਸਕਦਾ ਹੈ। ਪਿਛਲੇ ਨੌਂ ਦਹਾਕਿਆਂ ਤੋਂ ਇਹ ਜਥੇਬੰਦੀ ਲਗਾਤਾਰ ਆਪਣੀਆਂ ਸਾਖਾਵਾਂ ਰਾਹੀਂ ਹਿੰਦੂ ਵਸੋਂ ਨੂੰ ਆਪਣੇ ਗੌਰਵ ਬਾਰੇ ਚੇਤੰਨ ਕਰ ਰਹੀ ਹੈ ਅਤੇ ਹੁਣ ਜਦੋਂ ਇਸ ਨੂੰ ਨਰਿੰਦਰ ਮੋਦੀ ਦੇ ਰੂਪ ਵਿਚ ਮਾਰਖੋਰਾ ਲੀਡਰ ਮਿਲਿਆ ਤਾਂ ਇਸ ਨੇ ਬੜੀ ਆਸਾਨੀ ਨਾਲ ਆਪਣਾ ਟੀਚਾ ਪਾਰ ਕਰ ਲਿਆ। ਮੋਦੀ ਨੇ ਆਪਣੀ ਵਿਸ਼ੇਸ਼ ਭਾਸ਼ਨ ਕਲਾ ਰਾਹੀਂ ਇਸ ਵਸੋਂ ਨੂੰ ਜਚਾ ਦਿੱਤਾ ਕਿ ਉਹ ਉਨ੍ਹਾਂ ਅਤੇ ਦੇਸ਼ ਦੀ ਗੌਰਵ ਬਹਾਲੀ ਲਈ ਦਿਨ-ਰਾਤ ਇਕ ਕਰ ਰਿਹਾ ਹੈ।
ਐਤਕੀਂ ਭਾਜਪਾ ਨੂੰ ਆਪਣੀ ਪੰਜ ਸਾਲਾਂ ਦੀ ਕਾਰਗੁਜ਼ਾਰੀ ਦੇ ਆਧਾਰ ਉਤੇ ਚੋਣਾਂ ਜਿੱਤਣੀਆਂ ਮੁਸ਼ਕਿਲ ਲਗਦੀਆਂ ਸਨ। ਵਿਰੋਧੀ ਧਿਰ ਦੇ ਵੱਖ-ਵੱਖ ਧੜੇ ਵੱਖ-ਵੱਖ ਮੁੱਦਿਆਂ ਨੂੰ ਚੋਣ ਏਜੰਡੇ ਵਿਚ ਸ਼ਾਮਲ ਕਰ ਰਹੇ ਸਨ, ਪਰ ਫਰਵਰੀ ਵਿਚ ਜੰਮੂ ਕਸ਼ਮੀਰ ਅੰਦਰ ਪੁਲਵਾਮਾ ਵਿਚ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਦੇਸ਼ ਵਿਚ ਚੋਣ ਪ੍ਰਚਾਰ ਦਾ ਮੁਹਾਣ ਹੀ ਬਦਲ ਗਿਆ। ਰਾਤੋ-ਰਾਤ ਰਾਸ਼ਟਰੀ ਸੁਰੱਖਿਆ ਦਾ ਮਸਲਾ ਮੁੱਖ ਮੁੱਦਾ ਬਣ ਗਿਆ ਅਤੇ ਮੋਦੀ ਨੇ ਇਸ ਇਕ ਮਸਲੇ ਨੂੰ ਜਿਸ ਤਰ੍ਹਾਂ ਦੇਸ਼ ਭਰ ਵਿਚ ਪ੍ਰਚਾਰਿਆ, ਉਸ ਨੇ ਉਹ ਮਿਸਾਲੀ ਧਰੁਵੀਕਰਨ ਕਰ ਦਿੱਤਾ ਜਿਸ ਲਈ ਆਰæ ਐਸ਼ ਐਸ਼ ਮੁੱਢ ਤੋਂ ਹੀ ਘਾਤ ਲਾ ਕੇ ਬੈਠੀ ਹੋਈ ਸੀ। ਇਸ ਧਰੁਵੀਕਰਨ ਨਾਲ ਭਾਜਪਾ ਨੇ ਉਤਰੀ ਸੂਬਿਆਂ ਵਿਚ ਬਹੁਤੇ ਹਲਕਿਆਂ ਤੋਂ ਤਾਂ ਸੀਟਾਂ ਜਿੱਤੀਆਂ ਹੀ, ਪੱਛਮੀ ਬੰਗਾਲ ਵਰਗੇ ਸੂਬਿਆਂ ਵਿਚ ਵੀ ਤਕੜੀ ਹਾਜ਼ਰੀ ਲੁਆਈ। ਪਿਛੇ ਜਿਹੇ ਜਿਨ੍ਹਾਂ ਤਿੰਨ ਸੂਬਿਆਂ-ਮੱਧ ਪ੍ਰਦੇਸ਼, ਰਾਜਸਥਾਨ ਤੇ ਛਤੀਸਗੜ੍ਹ, ਜਿਥੇ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ, ਤੋਂ ਕਾਂਗਰਸ ਨੂੰ ਵੱਡੀਆਂ ਆਸਾਂ ਸਨ, ਉਥੇ ਇਸ ਧਰੁਵੀਕਰਨ ਨੇ ਕਾਂਗਰਸ ਨੂੰ ਬੁਰੀ ਤਰ੍ਹਾਂ ਮਧੋਲ ਕੇ ਰੱਖ ਦਿੱਤਾ। ਇਸ ਧਰੁਵੀਕਰਨ ਦੀ ਮਾਰ ਇੰਨੀ ਤਿੱਖੀ ਤੇ ਜ਼ੋਰਦਾਰ ਸੀ ਕਿ ਉਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀ ਲੋਕ ਦਲ ਦਾ ਗਠਜੋੜ ਵੀ ਬੇਅਸਰ ਹੋ ਕੇ ਰਹਿ ਗਿਆ।
ਪੰਜਾਬ ਬਾਰੇ ਇਹ ਵਿਸ਼ਲੇਸ਼ਣ ਸਾਹਮਣੇ ਆਇਆ ਕਿ ਇਸ ਨੇ ਹਰ ਵਾਰ ਵਾਂਗ ਵੱਖਰਾ ਰਾਹ ਅਪਨਾਇਆ ਅਤੇ ਮੋਦੀ ਦਾ ਅਸਰ ਨਹੀਂ ਕਬੂਲਿਆ ਪਰ ਰਤਾ ਕੁ ਗਹੁ ਨਾਲ ਘੋਖੀਏ ਤਾਂ ਇਹ ਵਿਸ਼ਲੇਸ਼ਣ ਵੀ ਅੱਧਾ-ਅਧੂਰਾ ਜਾਪਦਾ ਹੈ। ਪੰਜਾਬ ਵਿਚ ਭਾਜਪਾ ਨੇ ਤਿੰਨ ਹਲਕਿਆਂ-ਗੁਰਦਾਸਪੁਰ, ਹੁਸ਼ਿਆਰਪਰ ਤੇ ਅੰਮ੍ਰਿਤਸਰ ਵਿਚ ਚੋਣ ਲੜੀ। ਦੋ ਹਲਕਿਆਂ ਗੁਰਦਾਸਪੁਰ ਅਤੇ ਹੁਸ਼ਿਆਰਪਰ ਤੋਂ ਇਸ ਨੇ ਜਿੱਤ ਦਰਜ ਕੀਤੀ। ਇਨ੍ਹਾਂ ਹਲਕਿਆਂ ਦਾ ਵਿਸ਼ਲੇਸ਼ਣ ਦੱਸਦਾ ਹੈ ਕਿ ਬਹੁਗਿਣਤੀ ਹਿੰਦੂ ਵੋਟਰ ਪਾਰਟੀ ਦੇ ਹੱਕ ਵਿਚ ਭੁਗਤਿਆ ਹੈ। ਇਸ ਤੱਥ ਨੇ ਪੰਜਾਬ ਦੀ ਸਿਆਸਤ ਉਤੇ ਆਉਣ ਵਾਲੇ ਸਮੇਂ ਵਿਚ ਜ਼ਰੂਰ ਅਸਰਅੰਦਾਜ਼ ਹੋਣਾ ਹੈ। ਪੰਜਾਬ ਦੀ ਨਾਬਰੀ ਜੱਗ ਜਾਹਰ ਹੈ ਅਤੇ ਆਰæ ਐਸ਼ ਐਸ਼ ਇਸ ਨਾਬਰੀ ਉਤੇ ਕਾਠੀ ਪਾਉਣ ਲਈ ਆਪਣੇ ਢੰਗ ਨਾਲ ਲੱਗੀ ਹੋਈ ਹੈ। ਇਸ ਦਾ ਕੰਮ ਕਰਨ ਦਾ ਢੰਗ ਉਹੀ ਹੈ, ਚੁੱਪ-ਚੁਪੀਤੇ ਹਰ ਖੇਤਰ ਵਿਚ ਹੇਠਲੇ ਪੱਧਰ ਉਤੇ ਜਾ ਕੇ ਲਾਮਬੰਦੀ। ਇਉਂ ਪੰਜਾਬ ਵਿਚ ਵੀ ਧਰੁਵੀਕਰਨ ਹੋਇਆ ਹੈ, ਪਰ ਅਜੇ ਉਭਰ ਕੇ ਸਾਹਮਣੇ ਨਹੀਂ ਆਇਆ ਹੈ। ਨਾਲੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਅਤੇ ਕਾਂਗਰਸ ਦੀ ਜਿੱਤ ਦੇ ਕਾਰਨ ਹੋਰ ਹਨ। ਵਧੇਰੇ ਧਿਆਨ ਮੰਗਦਾ ਨੁਕਤਾ ਇਹ ਹੈ ਕਿ ਜਿਹੜਾ ਪੰਜਾਬ ਕਿਸੇ ਵੀ ਪਾਰਟੀ ਦੇ ਏਜੰਡੇ ਉਤੇ ਨਹੀਂ ਹੈ, ਉਹ ਆਰæ ਐਸ਼ ਐਸ਼ ਦੇ ਏਜੰਡੇ ਵਿਚ ਸ਼ਾਮਿਲ ਹੋ ਚੁਕਾ ਹੈ ਅਤੇ ਇਸ ਦੀਆਂ ਅੰਦਰੋਗਤੀ ਹੋ ਰਹੀਆਂ ਸਰਗਰਮੀਆਂ ਇਸ ਤੱਥ ਦਾ ਸਬੂਤ ਹਨ।
ਜਾਹਰ ਹੈ ਕਿ ਇੰਨੀ ਵੱਡੀ ਜਿੱਤ ਤੋਂ ਬਾਅਦ ਆਉਂਦੇ ਪੰਜ ਸਾਲਾਂ ਦੌਰਾਨ ਦੇਸ਼ ਦਾ ਸਰੂਪ ਉਹ ਨਹੀਂ ਰਹਿਣਾ, ਜੋ ਅੱਜ ਹੈ। ਇਹ ਅੱਜ ਦਾ ਕੌੜਾ ਸੱਚ ਹੈ। ਪਿਛਲੇ ਪੰਜ ਸਾਲਾਂ ਦੌਰਾਨ ਹੀ ਬਹੁਤ ਕੁਝ ਬਦਲ ਚੁਕਾ ਹੈ। ਮੋਦੀ ਦੀ ਜਿੱਤ ਤੋਂ ਬਾਅਦ ਘੱਟ ਗਿਣਤੀ ਫਿਰਕੇ ਨਾਲ ਸਬੰਧਤ ਲੋਕਾਂ ਉਤੇ ਹਮਲੇ ਸ਼ੁਰੂ ਵੀ ਹੋ ਗਏ ਹਨ ਅਤੇ ਖੌਫ ਵਾਲਾ ਮਾਹੌਲ ਬਣ ਰਿਹਾ ਹੈ। ਸਿਆਸਤ ਦਾ ਮੁਹਾਵਰਾ ਮੁੱਢੋਂ-ਸੁੱਢੋਂ ਬਦਲ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਵਰਗੇ ਲੀਡਰ ਪਹਿਲਾਂ ਹੀ ਬਿਨਾ ਸ਼ਰਤ ਇਸ ਪਾਲੇ ਅੰਦਰ ਖੜ੍ਹੇ ਹਨ। ਬਾਕੀ ਕਿਲ੍ਹੇ ਢਹਿਣ ਦੀ ਮਿਸਾਲ ਪੱਛਮੀ ਬੰਗਾਲ ਪੇਸ਼ ਕਰ ਰਿਹਾ ਹੈ। ਇਸ ਸੂਬੇ ਨੇ ਕਦੀ ਫਿਰਕਾਪ੍ਰਸਤੀ ਨੂੰ ਮੂੰਹ ਨਹੀਂ ਲਾਇਆ ਸੀ, ਪਰ ਹੁਣ ਕਮਿਊਨਿਸਟ ਪਾਰਟੀਆਂ ਅਤੇ ਤ੍ਰਿਣਮੂਲ ਕਾਂਗਰਸ ਨਾਲ ਜੁੜੇ ਕਾਰਕੁਨ ਤੇ ਆਗੂ ਭਾਜਪਾ ਨਾਲ ਰਲ ਰਹੇ ਹਨ। ਇਹੀ ਅਸਲ ਵਿਚ ਭਾਰਤ ਦੀ ਸਿਆਸਤ ਵਿਚ ਹੋ ਰਹੀ ਤਬਦੀਲੀ ਹੈ, ਜਿਸ ਬਾਰੇ ਸੁਚੇਤ ਹੋਣ ਦੀ ਲੋੜ ਹੈ। ਇਸ ਸਿਆਸਤ ਦੀ ਪੈੜਚਾਲ ਕਿਤੇ ਬਹੁਤ ਤਿੱਖੀ, ਕਿਤੇ ਥੋੜ੍ਹੀ ਮੱਧਮ ਅਤੇ ਕਿਤੇ ਬਿਲਕੁਲ ਚੁਪ-ਚੁਪੀਤੀ ਹੈ। ਫਿਲਹਾਲ ਇਸ ਪੈੜਚਾਲ ਦਾ ਕੋਈ ਤੋੜ ਕਿਤੇ ਨਜ਼ਰੀਂ ਨਹੀਂ ਪੈ ਰਿਹਾ, ਪਰ ਇਤਿਹਾਸ ਗਵਾਹ ਹੈ ਕਿ ਅਜਿਹੇ ਔਖੇ ਵਕਤਾਂ ਵਿਚ ਹੀ ਮਰਜੀਵੜੇ ਉਠਦੇ ਹਨ ਅਤੇ ਸਹੀ ਦਿਸ਼ਾ ਵੱਲ ਰਾਹ ਮੋਕਲੇ ਕਰਦੇ ਹਨ।