ਪੰਜਾਬ ਵਿਚ ਤੀਜੇ ਬਦਲ ਦਾ ਸੁਪਨਾ ਟੁੱਟਿਆ

ਬਾਜ਼ੀ ਮੁੜ ਰਵਾਇਤੀ ਧਿਰਾਂ ਹੱਥ
ਚੰਡੀਗੜ੍ਹ: ਪੰਜਾਬ ਦੇ ਲੋਕ ਸਭਾ ਚੋਣਾਂ ਦੇ ਨਤੀਜੇ ਭਾਵੇਂ ਇਸ ਵਾਰ ਪੂਰੇ ਦੇਸ਼ ਤੋਂ ਵੱਖਰੇ ਆਏ ਹਨ ਪਰ ਸੂਬੇ ਵਿਚ ਤੀਜੇ ਬਦਲ ਦਾ ਹੋਕਾ ਸੁਪਨਾ ਬਣ ਕੇ ਰਹਿ ਗਿਆ ਤੇ ਬਾਜ਼ੀ ਮੁੜ ਰਵਾਇਤੀ ਧਿਰਾਂ ਹੱਥ ਰਹੀ। ਇਸ ਵਾਰ ਕਾਂਗਰਸ 13 ਵਿਚੋਂ 8 ਸੀਟਾਂ ਲੈ ਕੇ ਵੱਡੀ ਧਿਰ ਵਜੋਂ ਉਭਰੀ ਜਦ ਕਿ ਅਕਾਲੀ ਦਲ ਬਾਦਲ ਤੇ ਭਾਈਵਾਲ ਭਾਜਪਾ ਨੂੰ ਦੋ-ਦੋ ਸੀਟਾਂ ਮਿਲੀਆਂ। 2014 ਦੀਆਂ ਲੋਕ ਸਭਾ ਚੋਣਾਂ ਵਿਚ ਸੂਬੇ ਵਿਚੋਂ 4 ਸੀਟਾਂ ਲੈਣ ਵਾਲੀ ਆਮ ਆਦਮੀ ਪਾਰਟੀ ਇਸ ਵਾਰ ਸਿਰਫ ਸੰਗਰੂਰ ਦੀ ਸੀਟ ਹੀ ਜਿੱਤ ਸਕੀ।

ਲੋਕ ਸਭ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਤੀਜੇ ਬਦਲ ਦੀ ਗੱਲ ਜ਼ੋਰ ਸ਼ੋਰ ਨਾਲ ਤੁਰੀ ਸੀ। ਨਵੀਆਂ ਉਠੀਆਂ ਸਿਆਸੀ ਧਿਰਾਂ ਇਸ ਪੱਖ ਵਿਚ ਸਨ ਕਿ ਰਵਾਇਤੀ ਧਿਰਾਂ ਕਾਂਗਰਸ ਤੇ ਅਕਾਲੀ-ਭਾਜਪਾ ਦਾ ਬਦਲ ਦਿੱਤਾ ਜਾਵੇ। ਆਮ ਆਦਮੀ ਪਾਰਟੀ, ਸੁਖਪਾਲ ਖਹਿਰਾ ਦੀ ਅਗਵਾਈ ਵਾਲਾ ਪੰਜਾਬ ਡੈਮੋਕ੍ਰੇਟਿਕ ਗੱਠਜੋੜ, ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਅਤੇ ਧਰਮਵੀਰ ਗਾਂਧੀ ਸਮੇਤ ਖੱਬੀਆਂ ਧਿਰਾਂ ਨੇ ਇਸ ਬਦਲ ਦੀ ਗੱਲ ਜ਼ੋਰ-ਸ਼ੋਰ ਨਾਲ ਤੋਰੀ ਪਰ ਜਦੋਂ ਸੀਟਾਂ ਦੀ ਵੰਡ ਦੀ ਗੱਲ ਆਈ ਤਾਂ ਸਾਰੇ ਦਾਅਵੇ ਧਰੇ ਧਰਾਏ ਰਹਿ ਗਏ। ਸਾਰੀਆਂ ਧਿਰਾਂ ਵੰਡੀਆਂ ਗਈਆਂ ਤੇ ਬਾਜ਼ੀ ਮੁੜ ਰਵਾਇਤੀ ਧਿਰਾਂ ਹੱਥ ਆ ਗਈ।
ਯਾਦ ਰਹੇ, ਇਸ ਵਾਰ ਸਿਆਸੀ ਮਾਹੌਲ ਰਵਾਇਤੀ ਧਿਰਾਂ ਦੇ ਹੱਕ ਵਿਚ ਨਹੀਂ ਸੀ। ਅਕਾਲੀ ਦਲ (ਬਾਦਲ) ਬੇਅਦਬੀ, ਨਸ਼ਿਆਂ ਸਮੇਤ ਹੋਰ ਮਸਲਿਆਂ ਉਤੇ ਘਿਰਿਆ ਹੋਇਆ ਸੀ। ਕਾਂਗਰਸ ਦੀ ਪਿਛਲੇ ਦੋ ਵਰ੍ਹਿਆਂ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਇਹੀ ਇਸ਼ਾਰਾ ਕਰ ਰਹੀ ਸੀ ਕਿ ਇਸ ਵਾਰ ਪੰਜਾਬ ਦੇ ਸਿਆਸੀ ਸਮੀਕਰਨ ਕੁਝ ਵੱਖਰੇ ਹੋਣਗੇ ਪਰ ਤੀਜੇ ਬਦਲ ਦੇ ਦਾਅਵੇ ਨਾਲ ਉਠੀ ਕੋਈ ਵੀ ਧਿਰ ਕਾਂਗਰਸ ਤੇ ਅਕਾਲੀ ਅੱਗੇ ਟਿਕ ਨਾ ਸਕੀ। ਪੰਜਾਬ ਵਿਚ ਕਾਂਗਰਸ ਨੂੰ 40æ12, ਅਕਾਲੀ ਦਲ ਨੂੰ 27æ45 ਅਤੇ ਭਾਰਤੀ ਜਨਤਾ ਪਾਰਟੀ ਨੂੰ 9æ63 ਫੀਸਦੀ ਵੋਟਾਂ ਪਈਆਂ। ਇਸ ਤਰ੍ਹਾਂ ਅਕਾਲੀ-ਭਾਜਪਾ ਗੱਠਜੋੜ ਨੂੰ 37æ08 ਫੀਸਦੀ ਵੋਟਾਂ ਭੁਗਤੀਆਂ ਜਿਹੜੀਆਂ ਕਾਂਗਰਸ ਤੋਂ ਸਿਰਫ 3æ04 ਫੀਸਦੀ ਘੱਟ ਹਨ ਅਤੇ ਵੋਟਾਂ ਦੀ ਗਿਣਤੀ ਦੇ ਹਿਸਾਬ ਨਾਲ ਅਕਾਲੀ-ਭਾਜਪਾ ਗੱਠਜੋੜ ਦੂਜੇ ਨੰਬਰ ਦੀ ਪਾਰਟੀ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ 23æ7 ਫੀਸਦੀ ਵੋਟਾਂ ਲੈ ਕੇ ਮੁੱਖ ਵਿਰੋਧੀ ਪਾਰਟੀ ਬਣਨ ਵਾਲੀ ਆਮ ਆਦਮੀ ਪਾਰਟੀ ਇਸ ਵਾਰ 7æ38 ਫੀਸਦੀ ਵੋਟਾਂ ਨਾਲ ਸਿਰਫ ਇਕ ਸੀਟ ਹੀ ਜਿੱਤ ਸਕੀ। ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ‘ਤੇ ਇਸ ਦਾ ਉਮੀਦਵਾਰ ਭਗਵੰਤ ਮਾਨ ਹੀ ਜੇਤੂ ਰਿਹਾ ਹੈ। ਸਿਆਸੀ ਮਾਹਿਰ ਦਾ ਦਾਅਵਾ ਹੈ ਕਿ ਇਹ ਜਿੱਤ ਆਪ ਦੀ ਨਹੀਂ, ਸਗੋਂ ਭਗਵੰਤ ਮਾਨ ਨੇ ਇਹ ਚੋਣ ਆਪਣੇ ਦਮ ਉਤੇ ਜਿੱਤੀ ਹੈ। ਤਲਵੰਡੀ ਸਾਬੋ ਤੋਂ ਆਪ ਦੇ ਉਮੀਦਵਾਰ ਪ੍ਰੋæ ਬਲਜਿੰਦਰ ਕੌਰ ਅਤੇ ਫਰੀਦਕੋਟ ਤੋਂ ਪ੍ਰੋæ ਸਾਧੂ ਸਿੰਘ ਨੂੰ ਹੀ ਇਕ ਲੱਖ ਤੋਂ ਵਧੇਰੇ ਵੋਟ ਪਏ ਹਨ। ਬਾਕੀ ਸਾਰੀਆਂ ਹੀ ਸੀਟਾਂ ‘ਤੇ ਇਸ ਦੇ ਉਮੀਦਵਾਰ ਵੋਟ ਫੀਸਦੀ ਪੱਖੋਂ ਮਾਰ ਖਾ ਗਏ, ਜਦੋਂ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਇਹ ਪਾਰਟੀ ਪੰਜਾਬ ਵਿਚੋਂ 4 ਸੀਟਾਂ ਜਿੱਤੀ ਸੀ ਤੇ ਇਸ ਦਾ ਵੋਟ 25 ਫੀਸਦੀ ਸੀ ਜੋ ਹੁਣ ਘਟ ਕੇ 7æ36 ਫੀਸਦੀ ਰਹਿ ਗਿਆ ਹੈ। ਸੂਬੇ ਵਿਚ ਇਸ ਪਾਰਟੀ ਦੇ ਖੜ੍ਹੇ 13 ਹਲਕਿਆਂ ਦੇ ਉਮੀਦਵਾਰਾਂ ਵਿਚੋਂ 8 ਨੂੰ ਤਾਂ 5 ਫੀਸਦੀ ਤੋਂ ਵੀ ਘੱਟ ਵੋਟ ਪ੍ਰਾਪਤ ਹੋਏ ਹਨ। ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਪਾਰਟੀ ਦੇ 20 ਉਮੀਦਵਾਰ ਜੇਤੂ ਰਹੇ ਸਨ ਅਤੇ ਇਹ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਵਜੋਂ ਉਭਰੀ ਸੀ ਪਰ ਦਿੱਲੀ ਬੈਠੇ ਇਸ ਦੇ ਆਗੂਆਂ ਦੀ ਤਾਨਾਸ਼ਾਹੀ ਅਤੇ ਬੇਸਮਝ ਨੀਤੀਆਂ ਨੇ ਪੰਜਾਬ ਦੀ ਪਾਰਟੀ ਅੰਦਰ ਖਲਬਲੀ ਪੈਦਾ ਕਰ ਦਿੱਤੀ। ਸੂਬੇ ਵਿਚ ਇਸ ਦਾ ਉਭਾਰ ਠੱਪ ਹੋ ਗਿਆ।
ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿਚ ਪੰਜਾਬ ਡੈਮੋਕ੍ਰੇਟਿਕ ਗੱਠਜੋੜ ਤੀਜੀ ਧਿਰ ਦੇ ਰੂਪ ਵਿਚ ਸਾਹਮਣੇ ਜ਼ਰੂਰ ਆਇਆ, ਉਹ ਚੋਣਾਂ ਤੋਂ ਪਹਿਲਾਂ ਆਪਣਾ ਜਥੇਬੰਦਕ ਢਾਂਚਾ ਚੰਗੀ ਤਰ੍ਹਾਂ ਖੜ੍ਹਾ ਨਹੀਂ ਕਰ ਸਕਿਆ। ਚੋਣ ਨਤੀਜੇ ਇਹੀ ਇਸ਼ਾਰਾ ਕਰਦੇ ਹਨ ਕਿ ਪੰਜਾਬ ਦੇ ਲੋਕ ਇਸ ਵਾਰ ਰਵਾਇਤੀ ਧਿਰਾਂ ਤੋਂ ਖਹਿੜਾ ਛੁਡਾਉਣ ਦੇ ਮੂਡ ਵਿਚ ਸਨ ਪਰ ਤੀਜੇ ਬਦਲ ਲਈ ਉਤਾਵਲੀਆਂ ਧਿਰਾਂ ਨੇ ਐਨ ਮੌਕੇ ਉਤੇ ਆਪੋ ਆਪਣੇ ਉਮੀਦਵਾਰ ਖੜ੍ਹੇ ਕਰ ਕੇ ਬਾਜ਼ੀ ਰਵਾਇਤੀ ਧਿਰਾਂ ਵੱਲ ਮੋੜ ਦਿੱਤੀ। ਸਿਆਸੀ ਮਾਹਿਰ ਇਹੀ ਦਾਅਵਾ ਕਰਕੇ ਹਨ ਕਿ ਜੇਕਰ ਇਹ ਧਿਰਾਂ ਸੂਬੇ ਦੇ ਵੋਟ ਬੈਂਕ ਨੂੰ ਨਾ ਵੰਡਦੀਆਂ ਤਾਂ ਨਤੀਜੇ ਕੁਝ ਹੋਰ ਹੋਣੇ ਸਨ। ਪੰਜਾਬ ਵਿਚ ਬਹੁਜਨ ਸਮਾਜ ਪਾਰਟੀ ਨੂੰ ਮਿਲਿਆ ਹੁੰਗਾਰਾ ਵੀ ਇਹੀ ਇਸ਼ਾਰਾ ਕਰ ਰਿਹਾ ਹੈ। ਪਾਰਟੀ ਨੂੰ ਕੋਈ ਜਿੱਤ ਪ੍ਰਾਪਤ ਤਾਂ ਨਹੀਂ ਹੋਈ ਪਰ ਅਨੰਦਪੁਰ ਸਾਹਿਬ, ਹੁਸ਼ਿਆਰਪੁਰ ਤੇ ਜਲੰਧਰ ਸੀਟਾਂ ਉਤੇ ਜਿਥੇ ਪੰਜਾਬ ਜਮਹੂਰੀ ਗਠਜੋੜ ਦੀ ਸੀਟ ਵੰਡ ਮੁਤਾਬਕ ਇਸ ਪਾਰਟੀ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ, ਉਥੇ ਇਸ ਦੇ ਉਮੀਦਵਾਰਾਂ ਨੂੰ ਵੋਟਰਾਂ ਨੇ ਚੰਗਾ ਹੁੰਗਾਰਾ ਦਿੱਤਾ ਹੈ। ਅਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ ਵਿਚ ਇਸ ਦੇ ਉਮੀਦਵਾਰਾਂ ਨੇ ਇਕ ਲੱਖ ਤੋਂ ਉਪਰ ਤੇ ਜਲੰਧਰ ਵਿਚ ਇਸ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੇ 2 ਲੱਖ ਤੋਂ ਵੀ ਉਪਰ ਵੋਟਾਂ ਲੈ ਕੇ ਪਾਰਟੀ ਦੇ ਮਜ਼ਬੂਤ ਵੋਟ ਆਧਾਰ ਦਾ ਸਬੂਤ ਦਿੱਤਾ ਹੈ।