ਮੋਦੀ ਲਹਿਰ ਦੇ ਸਿਰ ‘ਤੇ ਭਾਜਪਾ ਦੀ ਮੁੜ ਸੱਤਾ ਵਿਚ ਵਾਪਸੀ

ਨਵੀਂ ਦਿੱਲੀ: ਭਾਜਪਾ ਨੇ ਦੇਸ਼ ਦੇ ਬਹੁਤੇ ਹਿੱਸਿਆਂ ਵਿਚ ਮੋਦੀ ਲਹਿਰ ਦੇ ਸਿਰ ‘ਤੇ ਮੁੜ ਸੱਤਾ ਵਿਚ ਵਾਪਸੀ ਕੀਤੀ ਹੈ। ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰਵਾਦ, ਸੁਰੱਖਿਆ, ਹਿੰਦੂਆਂ ਦੇ ਗੌਰਵ ਤੇ ਨਵੇਂ ਭਾਰਤ ਦੇ ਦਿੱਤੇ ਸੁਨੇਹੇ ਨੂੰ ਖਿੜੇ ਮੱਥੇ ਸਵੀਕਾਰ ਕਰਦਿਆਂ ਕਾਂਗਰਸ ਦੇ Ḕਨਿਆਂ’ ਨਾਲੋਂ ਦੇਸ਼ ਦੇ ਚੌਕੀਦਾਰ ਨੂੰ ਤਰਜੀਹ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਸੰਸਦੀ ਸੀਟ 4.79 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਲਈ।

ਉਧਰ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਸੰਸਦੀ ਸੀਟ ਤੋਂ ਹਾਰ ਗਏ ਜਦੋਂਕਿ ਕੇਰਲਾ ਦੀ ਵਾਇਨਾਡ ਸੰਸਦੀ ਸੀਟ ਤੋਂ ਉਨ੍ਹਾਂ ਸਾਢੇ ਛੇ ਲੱਖ ਦੀ ਵੱਡੀ ਲੀਡ ਨਾਲ ਜਿੱਤ ਦਰਜ ਕੀਤੀ। ਕਾਂਗਰਸ ਆਗੂ ਸੋਨੀਆ ਗਾਂਧੀ ਨੇ ਰਾਏਬਰੇਲੀ ਸੀਟ 1,67,170 ਵੋਟਾਂ ਨਾਲ ਜਿੱਤ ਲਈ ਹੈ। ਕਾਂਗਰਸ ਨੂੰ ਪੰਜਾਬ ਤੇ ਕੇਰਲ ਤੋਂ ਛੁੱਟ ਬਾਕੀ ਰਾਜਾਂ ਵਿਚ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਨੇ 302 ਸੀਟਾਂ ਇਕੱਲਿਆਂ ਜਿੱਤੀਆਂ ਤੇ ਇਸ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਨੇ 352 ਸੀਟਾਂ। ਇਹੀ ਨਹੀਂ; ਗੁਜਰਾਤ, ਰਾਜਸਥਾਨ, ਝਾਰਖੰਡ, ਛੱਤੀਸਗੜ੍ਹ, ਮੱਧ ਪ੍ਰਦੇਸ਼, ਗੋਆ, ਹਰਿਆਣਾ, ਕਰਨਾਟਕ, ਦਿੱਲੀ, ਚੰਡੀਗੜ੍ਹ ਤੇ ਉਤਰਾਖੰਡ ਵਿਚ ਪਾਰਟੀ ਨੂੰ 50 ਫੀਸਦੀ ਤੋਂ ਵੱਧ ਵੋਟਾਂ ਪਈਆਂ। ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਦੇ ਪੱਖ ਵਿਚ ਚੱਲੀ ਮੋਦੀ ਲਹਿਰ ਇੰਨੀ ਸ਼ਕਤੀਸ਼ਾਲੀ ਸੀ ਕਿ ਪਾਰਟੀ ਨੇ 69.1 ਫੀਸਦੀ ਵੋਟਾਂ ਹਾਸਲ ਕੀਤੀਆਂ।
ਪਾਰਟੀ ਨੇ ਉਤਰ ਪ੍ਰਦੇਸ਼, ਬਿਹਾਰ ਤੇ ਮਹਾਰਾਸ਼ਟਰ ਵਿਚ ਦੂਸਰੀਆਂ ਪਾਰਟੀਆਂ ਨਾਲ ਗੱਠਜੋੜ ਕੀਤਾ ਅਤੇ ਇਨ੍ਹਾਂ ਗੱਠਜੋੜਾਂ ਨੂੰ ਵੀ 50 ਫੀਸਦੀ ਤੋਂ ਵੱਧ ਵੋਟਾਂ ਪਈਆਂ। ਸਭ ਤੋਂ ਹੈਰਾਨ ਕਰਨ ਵਾਲਾ ਸੂਬਾ ਪੱਛਮੀ ਬੰਗਾਲ ਸੀ ਜਿਥੇ ਭਾਜਪਾ ਨੂੰ 40 ਫੀਸਦੀ ਵੋਟਾਂ ਪਈਆਂ ਅਤੇ 18 ਸੀਟਾਂ ਮਿਲੀਆਂ। ਉਤਰ ਪ੍ਰਦੇਸ਼ ਵਿਚ ਵੀ ਪਾਰਟੀ ਨੂੰ ਇਕੱਲਿਆਂ ਹੀ 49 ਫੀਸਦੀ ਤੋਂ ਵੱਧ ਵੋਟਾਂ ਪਈਆਂ ਅਤੇ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਵਿਚ ਗੱਠਬੰਧਨ ਦੇ ਵਿਰੋਧ ਦੇ ਬਾਵਜੂਦ ਪਾਰਟੀ 62 ਸੀਟਾਂ ਜਿੱਤੀਆਂ। ਗੁਜਰਾਤ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ, ਹਰਿਆਣਾ ਤੇ ਰਾਜਸਥਾਨ ਵਿਚ ਭਾਜਪਾ ਨੇ 100 ਫੀਸਦੀ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਤੇ ਵਿਰੋਧੀ ਪਾਰਟੀਆਂ ਆਪਣਾ ਖਾਤਾ ਵੀ ਨਾ ਖੋਲ੍ਹ ਸਕੀਆਂ। ਮੋਦੀ ਦੀ ਸ਼ਖਸੀਅਤ ਦੁਆਲੇ ਕੇਂਦਰਿਤ ਇਸ ਲਹਿਰ ਕਾਰਨ ਵਿਰੋਧੀ ਪਾਰਟੀਆਂ ਸੁਨਿਸ਼ਚਿਤ ਲਾਮਬੰਦੀ ਨਾ ਕਰ ਸਕੀਆਂ ਤੇ ਉਨ੍ਹਾਂ ਦੇ ਬਿਖਰੇ ਹੋਣ ਕਰਕੇ ਉਨ੍ਹਾਂ ਦਾ ਵੋਟਾਂ ਵਿਚ ਹਿੱਸਾ ਤੇ ਸੀਟਾਂ ਉਨ੍ਹਾਂ ਦੀਆਂ ਆਸਾਂ ਤੋਂ ਬਹੁਤ ਘੱਟ ਮਿਲੀਆਂ। ਭਾਰਤੀ ਜਨਤਾ ਪਾਰਟੀ ਦੁਆਰਾ ਮੋਦੀ ਸ਼ਖ਼ਸੀਅਤ, ਕੌਮੀ ਸੁਰੱਖਿਆ ਮਾਮਲਿਆਂ ਤੇ ਰਾਸ਼ਟਰਵਾਦ ਬਾਰੇ ਉਸਾਰਿਆ ਬਿਰਤਾਂਤ ਏਨਾ ਮਜ਼ਬੂਤ ਸੀ ਕਿ ਬੇਰੁਜ਼ਗਾਰੀ, ਕਿਸਾਨੀ ਸੰਕਟ ਜਿਹੇ ਮੁੱਦੇ ਚੋਣਾਂ ਵਿਚ ਕੇਂਦਰੀ ਸਥਾਨ ਨਾ ਪਾ ਸਕੇ ਅਤੇ ਚੋਣਾਂ ਦੇ ਨਤੀਜੇ ਇਕਪਾਸੜ ਨਿਕਲੇ।
ਮੋਦੀ ਦੀ ਪਹਿਲੀ ਪਾਰੀ ਵਿਚ ਦੇਸ਼ ਵਿਚ ਧਾਰਮਿਕ ਸੰਕੀਰਨਤਾ ਵਧੀ ਅਤੇ ਥਾਂ-ਥਾਂ ‘ਤੇ ਹਜੂਮੀ ਹਿੰਸਾ ਹੋਈ। ਵਿਰੋਧੀ ਪਾਰਟੀਆਂ ਨੇ ਇਨ੍ਹਾਂ ਰੁਝਾਨਾਂ ਦਾ ਵਿਰੋਧ ਤਾਂ ਕੀਤਾ ਪਰ ਕਿਸੇ ਵੀ ਪਾਰਟੀ ਨੇ ਇਸ ਸਬੰਧੀ ਵੱਡਾ ਅੰਦੋਲਨ ਨਾ ਚਲਾਇਆ। ਕਿਸਾਨੀ ਸੰਕਟ ਬਾਰੇ ਕੁਝ ਅੰਦੋਲਨ ਜ਼ਰੂਰ ਹੋਏ ਪਰ ਉਨ੍ਹਾਂ ਦੇ ਪਾਸਾਰ ਬੜੇ ਸੀਮਤ ਰਹੇ ਅਤੇ ਜਿਨ੍ਹਾਂ ਪਾਰਟੀਆਂ ਨੇ ਅੰਦੋਲਨ ਕੀਤੇ ਸਨ, ਉਹ ਅੰਦੋਲਨਾਂ ਤੋਂ ਬਾਅਦ ਇਨ੍ਹਾਂ ਤੋਂ ਰਾਜਸੀ ਲਾਭ ਨਾ ਲੈ ਸਕੀਆਂ। ਮੋਦੀ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਕਰਨ ਦੀ ਯੋਗਤਾ ਕਾਰਨ ਇਹ ਚੋਣਾਂ ਸ਼ਖਸੀਅਤ ਕੇਂਦਰਿਤ ਹੋ ਨਿਬੜੀਆਂ ਕਿ ਸਿਰਫ ਮੋਦੀ ਹੀ ਦੇਸ਼ ਦੀ ਅਗਵਾਈ ਕਰਨ ਵਾਲਾ ਸ਼ਕਤੀਸ਼ਾਲੀ ਆਗੂ ਹੈ ਅਤੇ ਵਿਰੋਧੀ ਧਿਰ ਇਕ ਪਾਸੇ ਤਾਂ ਬਿਖਰੀ ਪਈ ਹੈ ਅਤੇ ਦੂਸਰੇ ਪਾਸੇ ਉਸ ਕੋਲ ਕੋਈ ਯੋਗ ਨੇਤਾ ਵੀ ਨਹੀਂ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਟੀ.ਡੀ.ਪੀ. ਆਗੂ ਚੰਦਰਬਾਬੂ ਨਾਇਡੂ ਨੇ ਸੰਸਦੀ ਤੇ ਵਿਧਾਨ ਸਭਾ ਦੀਆਂ ਚੋਣਾਂ ਵਿਚ ਮਿਲੀ ਜ਼ਬਰਦਸਤ ਹਾਰ ਮਗਰੋਂ ਅਸਤੀਫਾ ਦੇ ਦਿੱਤਾ ਹੈ। ਜਗਨਮੋਹਨ ਰੈੱਡੀ ਦੀ ਅਗਵਾਈ ਵਾਲੀ ਵਾਈ.ਐਸ਼ਆਰ. ਕਾਂਗਰਸ ਨੇ ਸੂਬੇ ਵਿਚ ਸੰਸਦੀ ਤੇ ਅਸੈਂਬਲੀ ਚੋਣ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਾ ਮੁਜ਼ਾਹਰਾ ਕੀਤਾ ਹੈ। ਭਾਜਪਾ ਪੱਛਮੀ ਬੰਗਾਲ ਤੇ ਉੜੀਸਾ ਵਿਚ ਕ੍ਰਮਵਾਰ 19 ਤੇ 5 ਸੀਟਾਂ ‘ਤੇ ਲੀਡ ਲੈਣ ਵਿਚ ਸਫਲ ਰਹੀ ਹੈ।
ਭਾਜਪਾ ਨੇ 2014 ਦੀਆਂ ਸੰਸਦੀ ਚੋਣਾਂ ਵਿਚ ਵਿਖਾਈ ਕਾਰਗੁਜ਼ਾਰੀ ਵਿਚ ਸੁਧਾਰ ਕੀਤਾ ਹੈ। ਭਾਜਪਾ ਨੇ ਉਦੋਂ 282 ਸੀਟਾਂ ‘ਤੇ ਆਪਣੇ ਦਮ ‘ਤੇ ਸਫਲਤਾ ਹਾਸਲ ਕੀਤੀ ਸੀ। ਐਨ.ਡੀ.ਏ. ਨੇ ਪੰਜ ਸਾਲ ਪਹਿਲਾਂ 336 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ ਤੇ ਐਤਕੀਂ ਇਹ ਅੰਕੜਾ 353 ਨੂੰ ਪੁੱਜ ਗਿਆ। ਦੇਸ਼ ਦੇ ਬਹੁਤੇ ਹਿੱਸਿਆਂ ਵਿਚ ਆਈ ਮੋਦੀ ਨਾਂ ਦੀ ਸੁਨਾਮੀ ਵਿਚ ਉਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ, ਕਰਨਾਟਕ, ਮੱਧ ਪ੍ਰਦੇਸ਼, ਹਰਿਆਣਾ, ਹਿਮਾਚਲ, ਬਿਹਾਰ, ਉਤਰਾਖੰਡ, ਝਾਰਖੰਡ ਜਿਹੇ ਰਾਜਾਂ ਨੇ ਅਹਿਮ ਯੋਗਦਾਨ ਪਾਇਆ। ਪੱਛਮੀ ਬੰਗਾਲ ਤੇ ਉੜੀਸਾ ਵਿਚ ਦਾਖਲੇ ਨਾਲ ਭਾਜਪਾ ਨੂੰ ਪਹਿਲਾਂ ਨਾਲੋਂ ਮਜ਼ਬੂਤ ਮਿਲੀ ਹੈ।
______________________
ਭਾਰਤ ਦੀ ਮੁੜ ਜਿੱਤ ਹੋਈ ਹੈ: ਮੋਦੀ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਮੁੜ ਹੋਈ ਵੱਡੀ ਜਿੱਤ ਤੋਂ ਬਾਗੋਬਾਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀ ਮੁੜ ਜਿੱਤ ਹੋਈ ਹੈ ਅਤੇ ਹੁਣ ਸਭ ਨਾਲ ਮਿਲ ਕੇ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ (ਐਨ.ਡੀ.ਏ.) ‘ਤੇ ਮੁੜ ਭਰੋਸਾ ਕਰਨ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਟਵੀਟ ਕੀਤਾ, ḔḔਸ਼ੁਕਰੀਆ ਭਾਰਤ! ਸਾਡੇ ਗਠਜੋੜ ਵਿਚ ਭਰੋਸਾ ਪ੍ਰਗਟਾਉਣ ਲਈ ਧੰਨਵਾਦ। ਇਸ ਨਾਲ ਸਾਨੂੰ ਲੋਕਾਂ ਦੀਆਂ ਆਸਾਂ ‘ਤੇ ਖਰੇ ਉਤਰਨ ਲਈ ਹੋਰ ਮਿਹਨਤ ਕਰਨ ਦੀ ਸਮਰੱਥਾ ਮਿਲੀ ਹੈ।”
______________________
18 ਸੂਬਿਆਂ ਵਿਚ ਖਾਤਾ ਵੀ ਨਾ ਖੋਲ ਸਕੀ ਕਾਂਗਰਸ
ਨਵੀਂ ਦਿੱਲੀ: ਕਾਂਗਰਸ ਦਾ 18 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਖਾਤਾ ਤੱਕ ਨਹੀਂ ਖੁੱਲ੍ਹ ਸਕਿਆ ਹੈ ਜੋ ਕਿ ਲੋਕ ਸਭਾ ਚੋਣਾਂ ਵਿਚ ਇਸ ਦੇ ਡਿੱਗਦੇ ਆਧਾਰ ਦਾ ਸੰਕੇਤ ਹੈ। ਅਜਿਹਾ ਲਗਾਤਾਰ ਦੂਜੀ ਵਾਰ ਵਾਪਰਿਆ ਹੈ। 2014 ‘ਚ ਵੀ ਕਾਂਗਰਸ 44 ਸੀਟਾਂ ‘ਤੇ ਸਿਮਟ ਗਈ ਸੀ। ਕਾਂਗਰਸ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ, ਦਾਦਰ ਤੇ ਨਗਰ ਹਵੇਲੀ, ਦਮਨ ਤੇ ਦਿਊ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲਕਸ਼ਦੀਪ, ਮਨੀਪੁਰ, ਮਿਜ਼ੋਰਮ, ਨਾਗਾਲੈਂਡ, ਦਿੱਲੀ, ਰਾਜਸਥਾਨ, ਸਿੱਕਿਮ, ਤ੍ਰਿਪੁਰਾ ਤੇ ਉਤਰਾਖੰਡ ਦੇ ਸਿਆਸੀ ਨਕਸ਼ੇ ਤੋਂ ਪੂਰੀ ਤਰ੍ਹਾਂ ਮਿਟ ਗਈ ਹੈ।
ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਸੀ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ 17 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ Ḕਵੱਡਾ ਜ਼ੀਰੋ’ ਮਿਲਿਆ ਹੈ ਜਦਕਿ ਭਾਜਪਾ ਨੂੰ ਸਤਾਰਾਂ ਰਾਜਾਂ ਵਿਚ 50 ਫੀਸਦ ਵੋਟ ਮਿਲੇ ਹਨ।
______________________
ਹਰਿਆਣਾ ਵਿਚ ਭਾਜਪਾ ਦੀ ਬੱਲੇ-ਬੱਲੇ
ਚੰਡੀਗੜ੍ਹ: ਭਾਜਪਾ ਨੇ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਰੋਹਤਕ ਤੋਂ ਭਾਜਪਾ ਉਮੀਦਵਾਰ ਅਰਵਿੰਦ ਕੁਮਾਰ ਸ਼ਰਮਾ ਤੋਂ ਹਾਰ ਗਏ ਹਨ। ਹਰਿਆਣਾ ਵਿਚ ਭਾਜਪਾ ਉਮੀਦਵਾਰਾਂ ਨੇ ਵਿਰੋਧੀਆਂ ਨੂੰ 60 ਹਜ਼ਾਰ ਤੋਂ ਲੈ ਕੇ ਦੋ ਲੱਖ ਵੋਟਾਂ ਤੱਕ ਦੇ ਫਰਕ ਨਾਲ ਹਰਾਇਆ ਹੈ। ਹੁੱਡਾ ਸਣੇ ਹਰਿਆਣਾ ਦੇ ਮਸ਼ਹੂਰ ਸਿਆਸੀ ਪਰਿਵਾਰ ਚੌਟਾਲਾ, ਭਜਨ ਲਾਲ ਤੇ ਬੰਸੀ ਲਾਲ ਹਾਰ ਗਏ। ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਨੇ ਗੁੜਗਾਉ ਤੇ ਕ੍ਰਿਸ਼ਨ ਪਾਲ ਗੁੱਜਰ ਨੇ ਫਰੀਦਾਬਾਦ ਸੀਟ ਤੋਂ ਸਫਲਤਾ ਹਾਸਲ ਕੀਤੀ ਹੈ। ਕਰਨਾਲ ਤੋਂ ਭਾਜਪਾ ਉਮੀਦਵਾਰ ਸੰਜੈ ਭਾਟੀਆ ਨੇ ਕਾਂਗਰਸੀ ਆਗੂ ਕੁਲਦੀਪ ਸ਼ਰਮਾ ਨੂੰ ਹਰਾਇਆ ਹੈ। ਕਾਂਗਰਸ ਦੇ ਕਈ ਧੁਨੰਤਰ ਜਿਨ੍ਹਾਂ ਵਿਚ ਭੁਪਿੰਦਰ ਸਿੰਘ ਹੁੱਡਾ (ਸੋਨੀਪਤ), ਕੁਮਾਰੀ ਸ਼ੈਲਜਾ (ਅੰਬਾਲਾ), ਸੂਬਾਈ ਕਾਂਗਰਸ ਮੁਖੀ ਅਸ਼ੋਕ ਤੰਵਰ (ਸਿਰਸਾ), ਅਵਤਾਰ ਸਿੰਘ ਭਡਾਨਾ (ਫਰੀਦਾਬਾਦ) ਤੇ ਅਜੈ ਸਿੰਘ ਯਾਦਵ (ਗੁੜਗਾਉ) ਸ਼ਾਮਲ ਹਨ, ਹਾਰ ਗਏ ਹਨ।
______________________
ਰਾਹੁਲ ਦੇ ਅਸਤੀਫੇ ਦੀ ਪੇਸ਼ਕਸ਼ ਰੱਦ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਮਿਲੀ ਜਬਰਦਸਤ ਹਾਰ ਦੇ ਕਾਰਨਾਂ ਦਾ ਮੰਥਨ ਕਰਨ ਲਈ ਸੱਦੀ ਕਾਂਗਰਸ ਕਾਰਜਕਾਰਨੀ ਦੀ ਅਹਿਮ ਮੀਟਿੰਗ ਵਿਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੀਤੀ ਅਸਤੀਫੇ ਦੀ ਪੇਸ਼ਕਸ਼ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਗਿਆ। ਇਹੀ ਨਹੀਂ ਵਰਕਿੰਗ ਕਮੇਟੀ ਨੇ ਪਾਰਟੀ ਦੇ ਬੁਨਿਆਦੀ ਢਾਂਚੇ ਨੂੰ ਸਾਰੇ ਪੱਧਰਾਂ ‘ਤੇ ਨਵੇਂ ਸਿਰੇ ਤੋਂ ਵਿਉਂਤਣ ਦੇ ਅਧਿਕਾਰ ਵੀ ਰਾਹੁਲ ਗਾਂਧੀ ਨੂੰ ਸੌਂਪ ਦਿੱਤੇ। ਮੀਟਿੰਗ ਦੌਰਾਨ ਕਾਂਗਰਸ ਦੀ ਹਾਰ ਦੇ ਕਾਰਨਾਂ ‘ਤੇ ਲਗਭਗ ਚਾਰ ਘੰਟਿਆਂ ਤਕ ਮੰਥਨ ਕਰਨ ਮਗਰੋਂ ਕਈ ਆਗੂਆਂ ਨੇ ਪਾਰਟੀ ਦੀ ਕਮਾਨ ਰਾਹੁਲ ਗਾਂਧੀ ਹੱਥ ਰੱਖਣ ਦੀ ਅਪੀਲ ਕੀਤੀ।
______________________
ਨਹਿਰੂ ਤੇ ਇੰਦਰਾ ਮਗਰੋਂ ਮੋਦੀ ਨੇ ਸਿਰਜਿਆ ਇਤਿਹਾਸ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਮਗਰੋਂ ਦੇਸ਼ ਦੇ ਜਮਹੂਰੀ ਇਤਿਹਾਸ ਵਿਚ ਇਕ ਨਵਾਂ ਅਧਿਆਏ ਜੋੜ ਦਿੱਤਾ ਹੈ। ਸ੍ਰੀ ਮੋਦੀ, ਨਹਿਰੂ ਤੇ ਇੰਦਰਾ ਤੋਂ ਬਾਅਦ ਸਪਸ਼ਟ ਬਹੁਮਤ ਦੇ ਨਾਲ ਲਗਾਤਾਰ ਦੂਜੀ ਵਾਰ ਸੱਤਾ ਦੇ ਸਿਖਰ ਉਤੇ ਪੁੱਜਣ ਵਾਲੇ ਤੀਜੇ ਪ੍ਰਧਾਨ ਮੰਤਰੀ ਬਣ ਗਏ ਹਨ। ਮੋਦੀ ਦੀ ਅਗਵਾਈ ਵਿਚ ਭਗਵਾਂ ਪਾਰਟੀ ਨੇ 17ਵੀਂ ਲੋਕ ਸਭਾ ਵਿਚ ਸਪਸ਼ਟ ਬਹੁਮਤ ਲਈ ਲੋੜੀਂਦੇ 272 ਸੀਟਾਂ ਦੇ ਟੀਚੇ ਤਕ ਸੌਖਿਆਂ ਰਸਾਈ ਕਰ ਲਈ ਹੈ। 2014 ਦੀਆਂ ਆਮ ਚੋਣਾਂ ਵਿਚ ਭਾਜਪਾ ਨੇ ਲੋਕ ਸਭਾ ਦੀਆਂ ਕੱਲ 543 ਸੀਟਾਂ Ḕਚੋਂ 282 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ।
ਦੇਸ਼ ਦੀ ਆਜ਼ਾਦੀ ਮਗਰੋਂ 1951-52 ਵਿਚ ਹੋਈ ਪਹਿਲੀ ਲੋਕ ਸਭਾ ਚੋਣ ਵਿਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਤਕਰੀਬਨ ਤਿੰਨ ਚੌਥਾਈ ਸੀਟਾਂ ਜਿੱਤੀਆਂ ਸਨ। ਇਸ ਮਗਰੋਂ 1957 ਤੇ 1962 ਦੀਆਂ ਚੋਣਾਂ ਵਿਚ ਵੀ ਉਨ੍ਹਾਂ ਨੇ ਸਪਸ਼ਟ ਬਹੁਮਤ ਨਾਲ ਜਿੱਤ ਦਰਜ ਕੀਤੀ। 1951-52 ਦੀ ਚੋਣ ਵਿਚ ਕਾਂਗਰਸ ਨੇ 489 ਸੀਟਾਂ ਵਿਚੋਂ 364 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ ਤੇ ਉਦੋਂ ਪਾਰਟੀ ਦੇ ਹੱਕ ਵਿਚ ਕਰੀਬ 45 ਫੀਸਦ ਵੋਟ ਪਏ ਸਨ। 1957 ਵਿਚ ਉਲਟ ਹਾਲਾਤ ਦੇ ਬਾਵਜੂਦ ਨਹਿਰੂ 371 ਸੀਟਾਂ ‘ਤੇ ਜਿੱਤ ਦਾ ਝੰਡਾ ਗੱਡਣ ਵਿਚ ਸਫਲ ਰਹੇ। ਕਾਂਗਰਸ ਦੀ ਵੋਟ ਫੀਸਦੀ ਹਾਲਾਂਕਿ ਵਧ ਕੇ 47.78 ਫੀਸਦੀ ਹੋ ਗਈ। 1962 ਦੀਆਂ ਆਮ ਚੋਣਾਂ ਵਿਚ ਨਹਿਰੂ ਦੀ ਅਗਵਾਈ ਵਿਚ ਪਾਰਟੀ ਨੇ 361 ਸੀਟਾਂ ਜਿੱਤੀਆਂ। 1967 ਵਿਚ ਨਹਿਰੂ ਦੀ ਧੀ ਇੰਦਰਾ ਗਾਂਧੀ ਕੁੱਲ 520 ਸੀਟਾਂ ਵਿਚੋਂ 283 ਸੀਟਾਂ ਜਿੱਤਣ ਵਿਚ ਸਫਲ ਰਹੀ। 1971 ਦੀਆਂ ਚੋਣਾਂ ਵਿਚ ਇੰਦਰਾ ਨੇ Ḕਗਰੀਬੀ ਹਟਾਓ’ ਦਾ ਨਾਅਰਾ ਦਿੰਦਿਆਂ 352 ਸੀਟਾਂ ਜਿੱਤੀਆਂ।
______________________
ਯੂਪੀ ‘ਚ ਭਾਜਪਾ ਨੂੰ ਹਲਕਾ ਨੁਕਸਾਨ, ਬਸਪਾ ਦਾ ਖਾਤਾ ਖੁੱਲ੍ਹਿਆ
ਲਖਨਊ: ਉਤਰ ਪ੍ਰਦੇਸ਼ ਵਿਚ ਭਾਜਪਾ ਨੂੰ ਹਲਕਾ ਨੁਕਸਾਨ ਹੋਇਆ ਹੈ ਤੇ ਪਾਰਟੀ ਨੇ 61 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ 71 ਸੀਟਾਂ ‘ਤੇ ਜਿੱਤ ਨਸੀਬ ਹੋਈ ਸੀ। ਬਹੁਜਨ ਸਮਾਜ ਪਾਰਟੀ ਤੇ ਸਮਾਜਵਾਦੀ ਪਾਰਟੀ ਦੇ ਗੱਠਜੋੜ ਨੇ ਇਸ ਵਾਰ 18 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਇਕ ਸੀਟ ਕਾਂਗਰਸ ਦੇ ਖਾਤੇ ਵਿਚ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਲੋਕ ਸਭਾ ਸੀਟ ‘ਤੋਂ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਮੇਨਕਾ ਗਾਂਧੀ ਜਿੱਤ ਗਏ ਹਨ। ਰਾਏ ਬਰੇਲੀ ਤੋਂ ਕਾਂਗਰਸੀ ਉਮੀਦਵਾਰ ਸੋਨੀਆ ਗਾਂਧੀ ਭਾਜਪਾ ਉਮੀਦਵਾਰ ਦਿਨੇਸ਼ ਸਿੰਘ ਨੂੰ ਹਰਾਉਣ ਵਿਚ ਕਾਮਯਾਬ ਰਹੀ ਹੈ। ਜਦਕਿ ਅਖਿਲੇਸ਼ ਦੀ ਪਤਨੀ ਕਨੌਜ ਤੋਂ ਸਪਾ ਉਮੀਦਵਾਰ ਡਿੰਪਲ ਯਾਦਵ ਭਾਜਪਾ ਦੇ ਸੁਬਰਤ ਪਾਠਕ ਤੋਂ ਚੋਣ ਹਾਰ ਗਈ ਹੈ।