ਪੰਜਾਬ ਵਿਚ ਨਾ ਚੱਲਿਆ ਮੋਦੀ ਲਹਿਰ ਦਾ ਜਾਦੂ

ਚੰਡੀਗੜ੍ਹ: ਪੰਜਾਬ ਦੇ ਲੋਕਾਂ ਦਾ ਫਤਵਾ ਪਹਿਲਾਂ ਵਾਂਗ ਹੀ ਦੇਸ਼ ਦੇ ਹੋਰਨਾਂ ਸੂਬਿਆਂ ਨਾਲ ਸਬੰਧਤ ਵੋਟਰਾਂ ਨਾਲੋਂ ਵੱਖਰਾ ਹੈ। ਕੇਰਲ ਵਰਗੇ ਇਕ-ਅੱਧ ਸੂਬੇ ਨੂੰ ਛੱਡ ਕੇ ਸਮੁੱਚੇ ਦੇਸ਼ ਵਿਚ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਲਵਾ ਦਿਖਾਈ ਦਿੰਦਾ ਹੈ, ਉਥੇ ਪੰਜਾਬ ਦੇ ਵੋਟਰਾਂ ਨੇ ਨਾ ਸਿਰਫ ਕਾਂਗਰਸ ਪਾਰਟੀ ਨੂੰ ਅੱਠ ਸੀਟਾਂ ‘ਤੇ ਜਿੱਤ ਦਰਜ ਦਿਵਾਈ ਬਲਕਿ ਦੇਸ਼ ਦੇ ਹੋਰਨਾਂ ਸੂਬਿਆਂ ‘ਚ ਨੁੱਕਰੇ ਲੱਗੀ ਆਮ ਆਦਮੀ ਪਾਰਟੀ (ਆਪ) ਨੂੰ ਸਿਰਫ ਪੰਜਾਬ ਵਿਚੋਂ ਇਕ ਸੀਟ ਹਾਸਲ ਹੋਈ ਹੈ।

ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਹਲਕੇ ਤੋਂ ਫਿਲਮ ਅਦਾਕਾਰ ਸਨੀ ਦਿਓਲ ਤੋਂ 7,709 ਵੋਟਾਂ ਦੇ ਫਰਕ ਨਾਲ ਹਾਰ ਗਏ। ਚੋਣ ਕਮਿਸ਼ਨ ਵੱਲੋਂ ਜਾਰੀ ਪੰਜਾਬ ਦੇ ਚੋਣ ਨਤੀਜਿਆਂ ਮੁਤਾਬਕ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਨੂੰ 1,62,718 ਵੋਟਾਂ ਦੇ ਫਰਕ ਨਾਲ ਹਰਾਇਆ। ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨੇ ਸਿਮਰਜੀਤ ਸਿੰਘ ਬੈਂਸ ਨੂੰ 76,372 ਵੋਟਾਂ ਨਾਲ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ 1,00,003 ਵੋਟਾਂ ਨਾਲ, ਜਲੰਧਰ ਤੋਂ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਨੇ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਨੂੰ 19,491 ਵੋਟਾਂ ਨਾਲ, ਫਰੀਦਕੋਟ ਤੋਂ ਪੰਜਾਬੀ ਗਾਇਕ ਮੁਹੰਮਦ ਸਦੀਕ ਨੇ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਨੂੰ 83,362 ਵੋਟਾਂ ਨਾਲ, ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਨੇ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ 46,884 ਵੋਟਾਂ ਨਾਲ ਅਤੇ ਖਡੂਰ ਸਾਹਿਬ ਤੋਂ ਜਸਵੀਰ ਸਿੰਘ ਡਿੰਪਾ ਨੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ 1,40,300 ਵੋਟਾਂ ਨਾਲ ਹਰਾਇਆ।
ਫਤਿਹਗੜ੍ਹ ਸਾਹਿਬ ਤੋਂ ਸੇਵਾ ਮੁਕਤ ਆਈ.ਏ.ਐਸ਼ ਅਧਿਕਾਰੀ ਡਾ. ਅਮਰ ਸਿੰਘ ਨੇ ਸੇਵਾ ਮੁਕਤ ਆਈ.ਏ.ਐਸ਼ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ 93,681 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਿਰੋਜ਼ਪੁਰ ਸੰਸਦੀ ਹਲਕੇ ਤੋਂ ਸਭ ਤੋਂ ਵੱਡੀ ਲੀਡ 1,98,850 ਵੋਟਾਂ ਨਾਲ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ ਮਾਤ ਦਿੱਤੀ। ਇਸੇ ਤਰ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਠਿੰਡਾ ਸੰਸਦੀ ਹਲਕੇ ਤੋਂ ਲਗਾਤਾਰ ਤੀਜੀ ਵਾਰੀ ਜਿੱਤਣ ਵਿੱਚ ਕਾਮਯਾਬ ਹੋ ਗਏ ਅਤੇ ਉਨ੍ਹਾਂ ਨੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21,399 ਵੋਟਾਂ ਨਾਲ ਹਰਾਇਆ। ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਨੇ ਵੀ ਇਤਿਹਾਸ ਸਿਰਜਦਿਆਂ ਸੰਗਰੂਰ ਸੰਸਦੀ ਹਲਕੇ ਤੋਂ ਲਗਾਤਾਰ ਦੂਜੀ ਵਾਰੀ ਜਿੱਤ ਹਾਸਲ ਕੀਤੀ ਹੈ ਅਤੇ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਨੂੰ 1,09,642 ਵੋਟਾਂ ਦੇ ਫਰਕ ਨਾਲ ਹਰਾਇਆ, ਜਦੋਂ ਕਿ Ḕਆਪ’ ਦਾ ਹੋਰ ਕੋਈ ਵੀ ਉਮੀਦਵਾਰ ਜਿੱਤ ਦੇ ਨੇੜੇ ਵੀ ਨਹੀਂ ਪਹੁੰਚ ਸਕਿਆ। ਭਾਰਤੀ ਜਨਤਾ ਪਾਰਟੀ ਦੇ ਦੋ ਉਮੀਦਵਾਰਾਂ ਨੇ ਜਿੱਤ ਦਰਜ ਕਰਾ ਕੇ 2014 ਵਾਲਾ ਰੁਤਬਾ ਕਾਇਮ ਰੱਖਿਆ ਹੈ। ਗੁਰਦਾਸਪੁਰ ਸੰਸਦੀ ਹਲਕੇ ਤੋਂ ਫਿਲਮ ਅਦਾਕਾਰ ਸਨੀ ਦਿਓਲ ਨੇ ਜਿੱਤ ਹਾਸਲ ਕੀਤੀ ਹੈ ਜਦੋਂਕਿ ਹੁਸ਼ਿਆਰਪੁਰ ਤੋਂ ਸਾਬਕਾ ਨੌਕਰਸ਼ਾਹ ਅਤੇ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਨੇ ਜਿੱਤ ਪ੍ਰਾਪਤ ਕੀਤੀ।
ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਬਠਿੰਡਾ ਸੰਸਦੀ ਹਲਕੇ ਤੋਂ ਨਮੋਸ਼ੀ ਭਰੀ ਹਾਰ ਮਿਲੀ ਹੈ ਤੇ ਉਹ ਚੌਥੇ ਨੰਬਰ ‘ਤੇ ਰਹੇ। ਇਸੇ ਤਰ੍ਹਾਂ ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਧਰਮਵੀਰ ਗਾਂਧੀ ਨੂੰ ਵੀ ਪਟਿਆਲਾ ਹਲਕੇ ਦੇ ਵੋਟਰਾਂ ਨੇ ਤੀਜੀ ਥਾਂ ‘ਤੇ ਰੱਖਿਆ ਹੈ। ਇਨ੍ਹਾਂ ਚੋਣਾਂ ਦੌਰਾਨ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਬੀਬੀ ਪਰਮਜੀਤ ਕੌਰ ਖਾਲੜਾ, ਅਕਾਲੀ ਦਲ (ਟਕਸਾਲੀ) ਦੇ ਬੀਰਦਵਿੰਦਰ ਸਿੰਘ ਹਾਰ ਗਏ ਹਨ।
______________________
ਨਵੇਂ ਚੁਣੇ 43 ਫੀਸਦੀ ਸੰਸਦ ਮੈਂਬਰ ਦਾਗੀ
ਨਵੀਂ ਦਿੱਲੀ: ਲੋਕ ਸਭਾ ਲਈ ਚੁਣੇ ਗਏ ਨਵੇਂ ਸੰਸਦ ਮੈਂਬਰਾਂ ‘ਚੋਂ 43 ਫੀਸਦੀ ਤੋਂ ਵੱਧ ਸੰਸਦ ਮੈਂਬਰਾਂ ਖਿਲਾਫ ਅਪਰਾਧਕ ਦੋਸ਼ ਲੱਗੇ ਹਨ ਤੇ ਅਜਿਹੇ ਸੰਸਦ ਮੈਂਬਰਾਂ ਦੀ ਗਿਣਤੀ 2014 ਮੁਕਾਬਲੇ 26 ਫੀਸਦੀ ਵਧੀ ਹੈ। ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮਜ਼ (ਏ.ਡੀ.ਆਰ.) ਨੇ ਆਪਣੀ ਰਿਪੋਰਟ ‘ਚ ਇਹ ਦਾਅਵਾ ਕੀਤਾ ਹੈ।
ਏਡੀਆਰ ਦੀ ਰਿਪੋਰਟ ਅਨੁਸਾਰ ਲੋਕ ਸਭਾ ਚੋਣਾਂ ਜਿੱਤਣ ਵਾਲੇ 539 ਲੋਕ ਸਭਾ ਮੈਂਬਰਾਂ ‘ਚੋਂ 233 ਖਿਲਾਫ ਅਪਰਾਧਕ ਦੋਸ਼ ਲੱਗੇ ਹੋਏ ਹਨ। ਇਨ੍ਹਾਂ ‘ਚੋਂ ਸਭ ਤੋਂ ਜ਼ਿਆਦਾ ਭਾਜਪਾ ਦੇ 116 ਮੈਂਬਰ ਹਨ ਜਿਨ੍ਹਾਂ ਦੀ ਗਿਣਤੀ 39 ਫੀਸਦੀ ਬਣਦੀ ਹੈ। ਇਸ ਤੋਂ ਬਾਅਦ ਕਾਂਗਰਸ ਦੇ 29, ਜਨਤਾ ਦਲ ਯੂਨਾਈਟਿਡ ਦੇ 13, ਡੀ.ਐਮ.ਕੇ. ਦੇ 10 ਅਤੇ ਤ੍ਰਿਣਾਮੂਲ ਕਾਂਗਰਸ ਦੇ 9 ਸੰਸਦ ਮੈਂਬਰਾਂ ਦਾ ਸਥਾਨ ਆਉਂਦਾ ਹੈ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ 185 ਸੰਸਦ ਮੈਂਬਰਾਂ (34 ਫੀਸਦੀ) ਖਿਲਾਫ ਅਪਰਾਧਕ ਦੋਸ਼ ਲੱਗੇ ਹੋਏ ਸਨ ਅਤੇ ਇਨ੍ਹਾਂ ‘ਚੋਂ 112 ਉਤੇ ਗੰਭੀਰ ਅਪਰਾਧਿਕ ਕੇਸ ਦਰਜ ਸਨ। 2009 ਦੀਆਂ ਲੋਕ ਸਭਾ ਚੋਣਾਂ ‘ਚ ਅਜਿਹੇ ਸੰਸਦ ਮੈਂਬਰਾਂ ਦੀ ਗਿਣਤੀ 162 (30 ਫੀਸਦੀ) ਸੀ ਅਤੇ ਇਨ੍ਹਾਂ ‘ਚੋਂ 14 ਫੀਸਦ ‘ਤੇ ਗੰਭੀਰ ਅਪਰਾਧਿਕ ਦੋਸ਼ ਸਨ।
ਨਵੀਂ ਲੋਕ ਸਭਾ ‘ਚ ਤਕਰੀਬਨ 29 ਫੀਸਦੀ ਸੰਸਦ ਮੈਂਬਰ ਹਨ ਅਜਿਹੇ ਹਨ ਜਿਨ੍ਹਾਂ ‘ਤੇ ਜਬਰ ਜਨਾਹ, ਹੱਤਿਆ, ਹੱਤਿਆ ਦੀ ਕੋਸ਼ਿਸ਼ ਅਤੇ ਮਹਿਲਾਵਾਂ ‘ਤੇ ਜ਼ੁਲਮ ਕਰਨ ਨਾਲ ਸਬੰਧਤ ਦੋਸ਼ ਲੱਗੇ ਹੋਏ ਹਨ। ਏਡੀਆਰ ਨੇ ਕਿਹਾ, Ḕ2009 ਤੋਂ ਲੈ ਕੇ 2019 ਤੱਕ ਅਪਰਾਧਿਕ ਪਿਛੋਕੜ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ 109 ਫੀਸਦੀ ਵਧੀ ਹੈ।’ ਭਾਜਪਾ ਦੇ ਪੰਜ, ਬਸਪਾ ਦੇ ਦੋ ਅਤੇ ਕਾਂਗਰਸ, ਐਨ.ਸੀ.ਪੀ. ਤੇ ਵਾਈ.ਐਸ਼ਆਰ. ਕਾਂਗਰਸ ਦੇ ਇਕ-ਇਕ ਸੰਸਦ ਮੈਂਬਰ ਖਿਲਾਫ ਕਤਲ ਦੇ ਦੋਸ਼ ਲੱਗੇ ਹੋਏ ਹਨ। ਨਵੀਂ ਚੁਣੀ ਗਈ ਭਾਜਪਾ ਦੀ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਠਾਕੁਰ ਖਿਲਾਫ 2008 ਮਾਲੇਗਾਓਂ ਧਮਾਕੇ ਦੇ ਦੋਸ਼ ਹਨ।
______________________
78 ਔਰਤਾਂ ਨੇ ਜਿੱਤੀ ਲੋਕ ਸਭਾ ਚੋਣ
ਨਵੀਂ ਦਿੱਲੀ: 17ਵੀਂ ਲੋਕ ਸਭਾ ਦੇ ਜੇਤੂ ਉਮੀਦਵਾਰਾਂ ‘ਚ ਔਰਤਾਂ ਦੀ ਕੁੱਲ ਗਿਣਤੀ 78 ਹੈ। ਮਹਿਲਾ ਸੰਸਦ ਮੈਂਬਰਾਂ ਦੀ ਹੁਣ ਤੱਕ ਦੀ ਇਸ ਸਭ ਤੋਂ ਵੱਧ ਭਾਗੀਦਾਰੀ ਦੇ ਨਾਲ ਹੀ ਨਵੀਂ ਲੋਕ ਸਭਾ ‘ਚ ਮਹਿਲਾ ਸੰਸਦ ਮੈਂਬਰਾਂ ਦੀ ਗਿਣਤੀ ਕੁੱਲ ਸੰਸਦ ਮੈਂਬਰਾਂ ਦੀ ਗਿਣਤੀ ਦਾ 17 ਫੀਸਦੀ ਹੋ ਜਾਵੇਗੀ। ਮਹਿਲਾ ਸੰਸਦ ਮੈਂਬਰਾਂ ਦੀ ਸਭ ਤੋਂ ਘੱਟ ਗਿਣਤੀ 9ਵੀਂ ਲੋਕ ਸਭਾ ‘ਚ 28 ਸੀ। ਚੋਣ ਕਮਿਸ਼ਨ ਵੱਲੋਂ ਲੋਕ ਸਭਾ ਦੀ 542 ਸੀਟਾਂ ਲਈ ਐਲਾਨੇ ਨਤੀਜਿਆਂ ਦੇ ਆਧਾਰ ‘ਤੇ ਸਭ ਤੋਂ ਵੱਧ ਮਹਿਲਾ ਉਮੀਦਵਾਰ ਭਾਜਪਾ ਦੀ ਟਿਕਟ ‘ਚ ਚੋਣ ਜਿੱਤੀਆਂ ਹਨ। ਉਧਰ, ਕਾਂਗਰਸ ਦੇ ਟਿਕਟ ‘ਤੇ ਸਿਰਫ ਪਾਰਟੀ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਨੇ ਮਹਿਲਾ ਉਮੀਦਵਾਰ ਦੇ ਰੂਪ ‘ਚ ਰਾਇਬਰੇਲੀ ਤੋਂ ਜਿੱਤ ਦਰਜ ਕੀਤੀ ਹੈ।