ਗੋਆ ਦੇ ਬੀਚ ਤੇ ਪੰਜਾਬ ਦਾ ਉਜਾੜਾ

ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
ਫੋਨ: 916-687-3536
ਕਈ ਲੋਕ ਆਖਦੇ ਨੇ, ਜੇ ਚੁਗਲੀਆਂ ਕਰਨੀਆਂ ਹੋਣ ਤਾਂ ਕਿਤੇ ਲੁਕ ਕੇ ਕਰਨੀਆਂ ਚਾਹੀਦੀਆਂ ਹਨ; ਘਰਾਂ ਵਿਚ ਨਹੀਂ, ਕਿਉਂਕਿ ਕੰਧਾਂ ਨੂੰ ਵੀ ਕੰਨ ਹੁੰਦੇ ਨੇ। ਬਿਲਕੁਲ ਇਸੇ ਤਰ੍ਹਾਂ ਪੰਜਾਬ ਦੀ ਅਕਾਲੀ ਸਰਕਾਰ ਨੇ ਪਿਛਲੇ ਦਿਨੀਂ ਕੀਤਾ ਹੈ। ਇਸ ਨੇ ਪੰਜਾਬ ਨੂੰ ਕਿਵੇਂ ਡੋਬਣਾ ਜਾਂ ਕਿਵੇਂ ਗਰਕ ਕਰਨਾ ਹੈ? ਇਹ ਵਿਚਾਰ ਕਰਨ ਲਈ ਪੰਜਾਬ ਤੋਂ ਹਜ਼ਾਰਾਂ ਮੀਲ ਦੁਰ, ਦੇਸ਼ ਦੇ ਮਹਿੰਗੇ ਸੈਲਾਨੀ ਕੇਂਦਰ ਗੋਆ ਦੀ ਬੀਚ ਚੁਣ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਚਿੰਤਨ ਜਾਂ ਮੰਥਨ ਵਿਚ ਮੁੱਖ ਮੰਤਰੀ, ਉਪ ਮੁੱਖ ਮੰਤਰੀ ਸਮੇਤ ਇਕ ਸੌ ਪੰਜਾਹ ਮੰਤਰੀ, ਵਿਧਾਇਕ, ਸੰਸਦੀ ਸਕੱਤਰ ਅਤੇ ਹੋਰ ਚੋਣਵੇਂ ਚੌਧਰੀ ਸ਼ਾਮਲ ਹੋਏ ਜਿਨ੍ਹਾਂ ਲਈ ਸਮੁੰਦਰ ਕਿਨਾਰੇ ਹੋਟਲ ਬੁੱਕ ਕੀਤੇ ਗਏ। ਇਨ੍ਹਾਂ ਪੰਜਾਬ ਹਿਤੈਸ਼ੀ ਲੀਡਰਾਂ ਨੇ ਚਾਰ ਦਿਨ ਠੰਢੀ ਰੇਤ ‘ਤੇ ਸਮੁੰਦਰ ਦੇ ਕਿਨਾਰੇ ਬੈਠ ਕੇ ਉਠਦੀਆਂ ਤੇ ਬਹਿੰਦੀਆਂ ਛੱਲਾਂ ਅਤੇ ਖੂਬਸੂਰਤ ਨਜ਼ਾਰਿਆਂ ਦੇ ਆਨੰਦ ਮਾਣਦੇ ਹੋਏ ਪੰਜਾਬ ਦੇ ਦੁੱਖ-ਤਕਲੀਫਾਂ ਬਾਰੇ ਵਿਚਾਰਾਂ ਕੀਤੀਆਂ ਕਿ ਪੰਜਾਬ ਵਿਚ ‘ਰਾਜ ਨਹੀਂ ਸੇਵਾ’ ਕਿਵੇਂ ਕੀਤੀ ਜਾਵੇ; ਵਿਕਾਸ ਕਿਵੇਂ ਕੀਤਾ ਜਾਵੇ; ਰਾਜ ਗੱਦੀ ‘ਤੇ ਅਕਾਲੀਆਂ ਦੇ ਹਮੇਸ਼ਾ ਡਟੇ ਰਹਿਣ ਲਈ ਅਗਾਂਹ ਕੀ ਕਦਮ ਚੁੱਕੇ ਜਾਣ; ਜਾਂ ਮੰਤਰੀਆਂ ਵੱਲੋਂ ਬਣਾਏ ਗਏ ਗੁੰਡਾ ਗੈਂਗ ਨੂੰ ਅੱਗੇ ਹੋਰ ਕਿੰਨੇ ਕੁ ਹੱਕ ਦਿੱਤੇ ਜਾਣ ਤਾਂ ਕਿ ਉਹ ਸ਼ਹਿਰਾਂ ਅਤੇ ਪਿੰਡਾਂ ਵਿਚ ਹਰ ਵੇਲੇ ਦਹਿਸ਼ਤ ਫੈਲਾ ਕੇ ਜਨਤਾ ਨੂੰ ਘਰਾਂ ਅੰਦਰ ਵਾੜੀ ਰੱਖਣ। ਇਹੀ ਨਹੀਂ, ਜਨਤਾ ਨੂੰ ਸੋਚਣ ਦਾ ਸਮਾਂ ਦਿੱਤਾ ਹੀ ਨਾ ਜਾਵੇ ਕਿ ਪੰਜਾਬ ਵਿਚ ਕੀ ਤੇ ਕਿਉਂ ਹੋ ਰਿਹਾ ਹੈ? ਬੱਸ, ਜਨਤਾ ਹਰ ਵੇਲੇ ਡਰ ਅਤੇ ਸਹਿਮ ਦੇ ਮਾਹੌਲ ਵਿਚ ਰਹੇ ਅਤੇ ਸੋਚਣ-ਸਮਝਣ ਦੀ ਸ਼ਕਤੀ ਹੀ ਗੁਆ ਬੈਠੇ। ਇਹ ਨੁਸਖਾ ਹੀ ਸਰਕਾਰ ਲਈ ਫਾਇਦੇਮੰਦ ਹੈ ਅਤੇ ਜੇ ਕਿਤੇ ਵਿਰੋਧੀ ਧਿਰ ਦਾ ਕੋਈ ਆਗੂ ਜਾਂ ਪੰਜਾਬ ਦਾ ਕੋਈ ਹੋਰ ਹਿਤੈਸ਼ੀ ਬੋਲਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਫੜ ਕੇ ਗੁੱਠੇ ਲਾ ਦਿੱਤਾ ਜਾਵੇ। ਜਨਤਾ ਤੱਕ ਕਦੀ ਖ਼ਬਰ ਹੀ ਨਾ ਪਹੁੰਚ ਸਕੇ ਕਿ ਉਸ ਬੰਦੇ ਨਾਲ ਕੀ ਭਾਣਾ ਵਰਤ ਚੁੱਕਾ ਹੈ। ਰਾਮ ਰਾਜ ਦੇ ਰੌਲੇ ਪਾਉਣ ਵਾਲੇ ਇਹ ਲੋਕ ਕੰਸ ਅਤੇ ਔਰੰਗਜ਼ੇਬ ਵਰਗੀਆਂ ਕਰਤੂਤਾਂ ਕਰ ਕੇ ਵੀ ਆਪਣੇ ਚਿੱਟੇ ਕੱਪੜਿਆਂ ‘ਤੇ ਦਾਗ਼ ਨਹੀਂ ਲੱਗਣ ਦਿੰਦੇ।
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਅਕਸਰ ਰੌਲਾ ਪਾਉਂਦੇ ਹਨ ਕਿ ਪੰਜਾਬ ਸਿਰ ਬੇਹਿਸਾਬ ਕਰਜ਼ਾ ਹੈ; ਪੰਜਾਬ ਲਈ ਕੁਝ ਕਰਨ ਵਾਸਤੇ ਕੋਈ ਪੈਸਾ ਨਹੀਂ; ਖ਼ਜ਼ਾਨੇ ਖਾਲੀ ਹਨ। ਇਸ ਦੇ ਬਾਵਜੂਦ ਪੰਜਾਬ ਦੀ ਪੂਰੀ ਦੀ ਪੁਰੀ ਵਜ਼ਾਰਤ ਅਤੇ ਅਗਾਂਹ ਉਨ੍ਹਾਂ ਦੇ ਚੱਟੇ-ਵੱਟੇ ਯਾਨਿ ਪੂਰੇ ਡੇਢ ਸੌ ਆਦਮੀ ਪੰਜਾਬ ਵਿਚੋਂ ਦੌੜ ਕੇ ਗੋਆ ਦੇ ਸਮੁੰਦਰ ਕਿਨਾਰੇ ਬੀਚ ‘ਤੇ ਜਾ ਬੈਠਦੇ ਹਨ ਅਤੇ ਉਥੇ ਐਸ਼ੋ-ਅਰਾਮ ਵਿਚ ਸਮਾਂ ਬਿਤਾ ਕੇ ਤਰੋ-ਤਾਜ਼ਾ ਹੋ ਕੇ ਭੰਗੜੇ ਪਾਉਂਦੇ ਆਪਣੀਆਂ ਕੁਰਸੀਆਂ ‘ਤੇ ਆਣ ਬਿਰਾਜਦੇ ਹਨ। ਕੌਣ ਕਿਸ ਨੂੰ ਪੁੱਛੇਗਾ ਕਿ ਪੰਜਾਬ ਦੀ ਜਨਤਾ ਦੀਆਂ ਅੱਖਾਂ ਵਿਚ ਇਹ ਘੱਟਾ ਕਿਉਂ ਪਾਇਆ ਜਾ ਰਿਹਾ ਹੈ? ਪੰਜਾਬ ਕੋਲ ਪਾਣੀ ਨਹੀਂ, ਬਿਜਲੀ ਨਹੀਂ, ਲੱਖਾਂ ਗਰੀਬਾਂ ਕੋਲ ਘਰ ਨਹੀਂ ਅਤੇ ਮਿਹਨਤ ਮਜ਼ਦੂਰੀ ਕਰਨ ਦੇ ਬਾਵਜੂਦ ਉਨ੍ਹਾਂ ਕੋਲ ਕੁੱਲੀ ਤਾਂ ਦੂਰ ਗੁੱਲੀ ਅਤੇ ਜੁੱਲੀ ਵੀ ਨਹੀਂ ਹੈ। ਜਿੰਨਾ ਪੈਸਾ ਗੋਆ ਵਿਚ ਬਰਬਾਦ ਕੀਤਾ ਗਿਆ ਹੈ, ਉਹ ਗਰੀਬਾਂ ਵਾਸਤੇ ਕਿਉਂ ਨਹੀਂ ਵਰਤਿਆ ਗਿਆ? ਕੀ ਸਰਕਾਰ ਨੂੰ ਉਸ ਗਰੀਬ ਤੇ ਮਜ਼ਦੂਰ ਤਬਕੇ ਦਾ ਕੋਈ ਫਿਕਰ ਹੈ?
ਅੱਜ ਪੰਜਾਬ ਦਾ ਬੇਹੱਦ ਮਾੜਾ ਸਮਾਂ ਚੱਲ ਰਿਹਾ ਹੈ। ਨੌਜਵਾਨ ਨਸ਼ੇੜੀ ਹੋ ਚੁੱਕੇ ਹਨ। ਉਪਰੋਂ ਤਾਜ਼ਾ ਖਬਰ ਹੈ ਕਿ ਅਕਾਲੀ ਸਰਕਾਰ ਨੇ ਪੰਜਾਬ ਵਿਚ ਮਾਡਰਨ ਠੇਕੇ ਖੋਲ੍ਹ ਦਿੱਤੇ ਹਨ ਜਿਨ੍ਹਾਂ ਵਿਚ ਬਾਕਾਇਦਾ ਪੱਚੀ ਸਾਲ ਤੋਂ ਉਪਰ ਦੀਆਂ ਸਾਡੀਆਂ ਧੀਆਂ ਭੈਣਾਂ ਸ਼ਰਾਬ ਪੀ ਸਕਦੀਆਂ ਹਨ। ਇਹ ਸਰਕਾਰ ਵੱਲੋਂ ਛੋਟ ਦਿੱਤੀ ਗਈ ਹੈ ਅਤੇ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਤੋਹਫਾ ਦਿੱਤਾ ਹੈ। ਹੈ ਨਾ ਬਲਦੀ ਅੱਗ ਉਤੇ ਘਿਉ ਪਾਉਣ ਵਾਲੀ ਗੱਲ! ਅੱਗੇ ਤਾਂ ਕੋਈ ਵੱਡੇ ਘਰਾਂ ਦੀਆਂ ਬੇਟੀਆਂ ਹੀ ਸ਼ਰਾਬ ਪੀਂਦੀਆਂ ਹੋਣਗੀਆਂ, ਪਰ ਹੁਣ ਸਰਕਾਰ ਨੇ ਚਿੰਤਨ ਕਰ ਕੇ ਧੀਆਂ ਦੇ ਹੱਕ ਵਿਚ ਫੈਸਲਾ ਦੇ ਦਿੱਤਾ ਹੈ!! ਇਹਨੂੰ ਆਖਦੇ ਨੇ ਧਰਮੀ ਲੋਕਾਂ ਦੀ ਸਰਕਾਰ!!! ਧਰਮ ਤੇ ਧਾਰਮਿਕਤਾ ਜਾਵੇ ਢੱਠੇ ਖੂਹ ਵਿਚ, ਸਰਕਾਰ ਨੂੰ ਪੈਸਾ ਚਾਹੀਦਾ ਹੈ ਅਤੇ ਪੈਸਾ ਕਮਾਉਣ ਦੀਆਂ ਦੋ ਥਾਂਵਾਂ ਉਨ੍ਹਾਂ ਦੇ ਪੂਰੇ ਕਬਜ਼ੇ ਵਿਚ ਹਨ। ਇਕ ਹੈ ਗੋਲਕ ਤੇ ਦੂਜੇ ਸ਼ਰਾਬ ਦੇ ਠੇਕੇ।
ਦਰਅਸਲ ਸਰਕਾਰ ਵੀ ਨਹੀਂ ਚਾਹੁੰਦੀ ਕਿ ਨਵੀਂ ਪੀੜ੍ਹੀ ਨੂੰ ਹੋਸ਼ ਆਵੇ। ਕੁਝ ਲੋਕ ਤਾਂ ਦਹਿਸ਼ਤਗਰਦੀ ਤੋਂ ਡਰਦੇ ਅੰਦਰੀਂ ਵੜੇ ਰਹਿਣਗੇ ਅਤੇ ਜਵਾਨ ਪੀੜ੍ਹੀ ਨਸ਼ਿਆਂ ਵਿਚ ਡੁੱਬ ਕੇ ਆਪਣਾ ਖ਼ਾਤਮਾ ਕਰ ਲਵੇਗੀ। ਇਹ ਹੈ ਅਕਾਲੀਆਂ ਦਾ ਚਿੰਤਨ ਤੇ ਮੰਥਨ! ਪੰਜਾਬ ਦੇ ਲੋਕਾਂ ਨੂੰ ਚੁਫੇਰਿਉਂ ਵਲ ਵਲ ਕੇ ਮਾਰਨਾ; ਤੇ ਫਿਰ ਪੱਚੀ ਸਾਲ ਤਾਂ ਕੀ, ਭਾਵੇਂ ਪੰਜਾਹ ਸਾਲ ਤਖ਼ਤ ਨਾਲ ਚੰਬੜੇ ਰਹੋ। ਹੁਣ ਹੋਰ ਸੁਣੋæææਜੇ ਕਿਧਰੇ ਚੋਰੀ ਹੋ ਜਾਵੇ ਤਾਂ ਬਿਆਨ ਆਉਂਦਾ ਹੈ ਕਿ ਇਹ ਚੋਰੀ ਸੈਂਟਰ ਨੇ ਕਰਵਾਈ ਹੈ। ਜੇ ਕੋਈ ਮਕਾਨ ਜਾਂ ਬਿਲਡਿੰਗ ਡਿੱਗ ਪਵੇ, ਉਹ ਵੀ ਸੈਂਟਰ ਨੇ ਢਾਹਿਆ ਹੈ। ਜੇ ਦਰਿਆ ਸੁੱਕ ਜਾਣ, ਉਹ ਸੈਂਟਰ ਨੇ ਸੁਕਾਏ ਹਨ। ਜੇ ਮੀਂਹ ਨਾ ਪਵੇ ਤਾਂ ਸੈਂਟਰ ਨੇ ਮੀਂਹ ਡੱਕ ਦਿੱਤੇ ਹਨ। ਜੇ ਕੋਈ ਮੰਤਰੀ ਘਪਲੇ ਕਰਦਾ ਫੜਿਆ ਜਾਵੇ, ਤਾਂ ਉਹ ਵੀ ਸੈਂਟਰ ਦਾ ਬੰਦਾ ਨਿਕਲ ਆਉਂਦਾ ਹੈ। ਤਰਨ ਤਾਰਨ ਵਿਚ ਕੁੜੀ ਵੀ ਸੈਂਟਰ ਨੇ ਹੀ ਕੁਟਾਈ ਹੈ। ਕਮਾਲ ਹੈ ਕਿ ਨਹੀਂ? ਜੇ ਇਹ ਵੀ ਕਹਿ ਦੇਣ ਕਿ ਉਨ੍ਹਾਂ ਨੂੰ ਗੋਆ ਭੇਜਣ ਦੀ ਸਾਜ਼ਿਸ਼ ਵੀ ਸੈਂਟਰ ਨੇ ਰਚੀ ਹੈ ਤਾਂ ਕੋਈ ਅੱਲੋਕਾਰੀ ਗੱਲ ਨਹੀਂ ਹੋਵੇਗੀ।
ਪੰਜਾਬ ਦੇ ਹਿਤੈਸ਼ੀਓ! ਕਾਹਦੇ ਚਿੰਤਨ ਤੇ ਕਾਹਦੇ ਮੰਥਨ? ਚਿੰਤਨ ਤਾਂ ਉਹ ਲੋਕ ਕਰਦੇ ਹਨ ਜਿਨ੍ਹਾਂ ਦੀ ਆਤਮਾ ਜਾਗ ਪਵੇ, ਜਾਂ ਜਿਨ੍ਹਾਂ ਨੂੰ ਆਪਣੇ ਧਰਮ, ਆਪਣੇ ਮੁਲਕ ਅਤੇ ਆਪਣੀ ਜਨਤਾ ਨਾਲ ਪਿਆਰ ਜਾਂ ਹਮਦਰਦੀ ਹੋਵੇ। ਇੱਥੇ ਤਾਂ ਸਰਕਾਰ ਨੂੰ ਆਪਣੀ ਚਿੰਤਾ ਵੱਢ ਵੱਢ ਖਾ ਰਹੀ ਹੈ ਕਿ ਅਗਲੇ ਬਾਕੀ ਬਚੇ ਚਾਰ ਸਾਲਾਂ ਵਿਚ ਕੀ ਕੀ ਗੁਲ ਖਿਲਾਉਣੇ ਹਨ। ਸੋ, ਪੰਜਾਬ ਦੇ ਲੋਕੋ! ਚਿੰਤਨ ਹੋ ਚੁੱਕਾ ਹੈæææਹੁਣ ਤੁਹਾਨੂੰ ਬਲੀ ਦੇ ਬੱਕਰੇ ਬਣਾਇਆ ਜਾਵੇਗਾ। ਤੁਹਾਨੂੰ ਹਰ ਸੁੱਖ ਸਹੂਲਤ ਤੋਂ ਵਾਂਝੇ ਕਰ ਕੇ ਤਸੀਹੇ ਦਿੱਤੇ ਜਾਣਗੇ ਤੇ ਤੁਹਾਡਾ ਖੂਨ ਪੀਤਾ ਜਾਵੇਗਾ। ਤਿਆਰ ਹੋ ਜਾਉ! ਤੁਹਾਡੇ ਲਈ ਗੋਆ ਦੀਆਂ ਬੀਚਾਂ ਤੋਂ ਨਵੀਆਂ ਸਕੀਮਾਂ ਬਣ ਕੇ ਪੰਜਾਬ ਵਿਚ ਪਹੁੰਚ ਚੁੱਕੀਆਂ ਹਨ। ਇਸ ਸਬੰਧੀ ਕੁਝ ਕਾਵਿ ਸਤਰਾਂ ਅਰਜ਼ ਹਨ:
ਕੌਣ ਗੁੱਸੇ ਤੇ ਕੌਣ ਹੈ ਰੁੱਸਿਆ ਜੀ,
ਬਾਦਲ ਸਾਹਿਬ ਚੰਗੀ ਤਰ੍ਹਾਂ ਜਾਣਦੇ ਨੇ।
ਕਿਹਨੂੰ ਲੱਖ ਤੇ ਕਿਹਨੂੰ ਕਰੋੜ ਦੇਣਾ,
ਹਰ ਇਕ ਬੰਦੇ ਦੀ ਨਬਜ਼ ਪਛਾਣਦੇ ਨੇ।
ਚਿੰਤਨ ਗੋਆ ਦੇ ਬੀਚ ‘ਤੇ ਹੋਂਵਦੇ ਨੇ,
ਐਸ਼ਾਂ ਲੁੱਟਦੇ ਤੇ ਮੌਜਾਂ ਮਾਣਦੇ ਨੇ।
ਲੀਡਰ ਬੀਚਾਂ ‘ਤੇ ਪਏ ਆਰਾਮ ਕਰਦੇ,
ਲੋਕੀਂ ਸੜਕਾਂ ‘ਤੇ ਖਾਕ ਪਏ ਛਾਣਦੇ ਨੇ।
ਕਿਹਨੂੰ ਦੱਸੀਏ ਕੋਈ ਨਾ ਸੁਣਨ ਵਾਲਾ,
ਮੰਗੇ ਇਨ੍ਹਾਂ ਤੋਂ ਕੌਣ ਜਵਾਬ ਲੋਕੋ।
ਪਈ ‘ਸੁਰਜੀਤ’ ਦੁਨੀਆਂ ਸਾਰੀ ਪਿੱਟਦੀ ਏ,
ਸਾਡਾ ਲੁੱਟਿਆ ਗਿਆ ਪੰਜਾਬ ਲੋਕੋ।

Be the first to comment

Leave a Reply

Your email address will not be published.