ਨਤੀਜਿਆਂ ਮਗਰੋਂ ਕਾਂਗਰਸ ਦੀ ਗੁੱਟਬਾਜ਼ੀ ਵਧੀ, ਇਕ-ਦੂਜੇ ਸਿਰ ਹਾਰ ਦਾ ਠੀਕਰਾ

ਚੰਡੀਗੜ੍ਹ: ਦੇਸ਼ ਭਰ ‘ਚ ਭਾਜਪਾ ਦੇ ਹੱਕ ‘ਚ ਆਏ ਚੋਣ ਨਤੀਜਿਆਂ ਮਗਰੋਂ ਜਿਥੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਕਈ ਕਾਂਗਰਸੀ ਆਗੂ ਉਮੀਦਵਾਰਾਂ ਦੀ ਹਾਰ ਦਾ ਠੀਕਰਾ ਇਕ-ਦੂਜੇ ਸਿਰ ਭੰਨਣ ਲੱਗ ਗਏ ਹਨ। ਦਿੱਲੀ ਦਰਬਾਰ ਦੇ ਸੂਤਰਾਂ ਅਨੁਸਾਰ ਚੋਣ ਨਤੀਜਿਆਂ ਮਗਰੋਂ ਪੰਜਾਬ ਸਮੇਤ 3 ਹੋਰ ਰਾਜਾਂ ‘ਚ ਕਾਂਗਰਸ ਦੀ ਗੁੱਟਬਾਜ਼ੀ ਵਧਣ ਲੱਗੀ ਹੈ।
ਚੋਣ ਨਤੀਜਿਆਂ ਮਗਰੋਂ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਹਾਰੀਆਂ ਲੋਕ ਸਭਾ ਸੀਟਾਂ ਦਾ ਠੀਕਰਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਿਰ ਭੰਨ ਦਿੱਤਾ ਉੱਥੇ ਕਈ ਹੋਰ ਮੰਤਰੀਆਂ ਨੇ ਵੀ ਸਿੱਧੂ ਦੀ ਬਿਆਨਬਾਜ਼ੀ ‘ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਸ ਦੇ ਚੱਲਦੇ ਹੀ ਪੰਜਾਬ ‘ਚ ਕਾਂਗਰਸ ਨੂੰ ਕਈ ਸੀਟਾਂ ‘ਤੇ ਨੁਕਸਾਨ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਚੋਣ ਮੈਦਾਨ ‘ਚ ਉੱਤਰੇ ਕਾਂਗਰਸੀ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਵੀ ਆਪਣੀ ਹਾਰ ਪਿਛੇ ਇਕ ਮੰਤਰੀ ਦਾ ਹੱਥ ਦੱਸਿਆ ਹੈ।

ਇਸੇ ਤਰ੍ਹਾਂ ਰਾਜਸਥਾਨ ‘ਚ ਜਿੱਥੇ ਕਾਂਗਰਸ ਨੇ ਮਹਿਜ਼ ਪੰਜ ਮਹੀਨੇ ਸਰਕਾਰ ਬਣਾਈ ਸੀ, ‘ਚ ਵੀ ਪਾਰਟੀ ਅੰਦਰ ਕਾਟੋ-ਕਲੇਸ਼ ਵਧਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਲੋਕ ਸਭਾ ਚੋਣਾਂ ‘ਚ ਇੱਥੋਂ ਪਾਰਟੀ ਦੇ ਬੇਹੱਦ ਮਾੜੇ ਪ੍ਰਦਰਸ਼ਨ ਦੇ ਚੱਲਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ‘ਤੇ ਕਾਂਗਰਸੀ ਆਗੂ ਸਵਾਲ ਉਠਾਉਣ ਲੱਗ ਗਏ ਹਨ। ਕਾਂਗਰਸ ਦੀ ਕਰਨਾਟਕ ‘ਚ ਵੀ ਚਿੰਤਾ ਵੱਧ ਗਈ ਹੈ। ਇੱਥੇ ਦੋ ਕਾਂਗਰਸੀ ਵਿਧਾਇਕਾਂ ਦੇ ਬਗਾਵਤ ਤੇਵਰਾਂ ਕਰਕੇ ਕਾਂਗਰਸ ਦੀ ਸਿਰਦਰਦੀ ਵੱਧ ਗਈ ਹੈ। ਕਾਂਗਰਸ ਨੂੰ ਚੌਥੀ ਵਾਰ ਵਿਧਾਇਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ‘ਚ ਦਿਗਵਿਜੇ ਸਿੰਘ ਅਤੇ ਜੋਤੀਰਾ ਦਿੱਤੀਆ ਸਿੰਧਿਆ ਦੀ ਹਾਰ ਦੇ ਬਾਅਦ ਇੱਥੇ ਕਾਂਗਰਸ ਪਾਰਟੀ ਦੇ ਆਗੂਆਂ ‘ਚ ਆਪਸੀ ਕਲੇਸ਼ ਵਧਿਆ ਦੱਸਿਆ ਜਾ ਰਿਹਾ ਹੈ। ਕਾਂਗਰਸ ਨੂੰ ਪਾਰਟੀ ਅੰਦਰ ਉੱਠ ਰਹੀਆਂ ਬਾਗ਼ੀ ਸੁਰਾਂ ਨੂੰ ਸ਼ਾਂਤ ਕਰਨਾ ਅਤੇ ਵੱਡੇ ਬਹੁਮਤ ਨਾਲ ਦੇਸ਼ ‘ਚ ਸਰਕਾਰ ਬਣਾਉਣ ਜਾ ਰਹੀ ਭਾਜਪਾ ਦਾ ਟਾਕਰਾ ਕਰਨਾ ਚੁਣੌਤੀ ਬਣ ਗਿਆ ਹੈ।
ਹਿਮਾਚਲ ਪ੍ਰਦੇਸ਼ ‘ਚ ਵੀ ਕਾਂਗਰਸੀ ਵਿਧਾਇਕ ਸਤਪਾਲ ਸਿੰਘ ਨੇ ਇਹ ਕਹਿ ਕੇ ਕਲੇਸ਼ ਖੜ੍ਹਾ ਕਰ ਦਿੱਤਾ ਹੈ ਕਿ ਵੀਰਭੱਦਰ ਸਿੰਘ ਨੇ ਲੋਕ ਸਭਾ ਚੋਣਾਂ ਤੋਂ ਮਹਿਜ਼ ਤਿੰਨ ਮਹੀਨੇ ਪਹਿਲਾਂ ਸੂਬਾ ਕਾਂਗਰਸ ਦਾ ਪ੍ਰਧਾਨ ਬਦਲ ਕੇ ਕਾਂਗਰਸ ਦਾ ਰਾਹ ਔਖਾ ਕਰ ਦਿੱਤਾ ਸੀ, ਜਿਸ ਦੇ ਚੱਲਦੇ ਕਾਂਗਰਸ ਹਾਰੀ ਹੈ। ਇੱਥੋਂ ਦੇ ਹੀ ਇਕ ਹੋਰ ਕਾਂਗਰਸੀ ਨੇਤਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਜਿੱਥੇ ਭਾਜਪਾ ਵਰਕਰ ਅਤੇ ਆਗੂ ਵੋਟਰਾਂ ‘ਚ ਜਾ ਕੇ ਮਿਹਨਤ ਕਰ ਰਹੇ ਸਨ, ਉੱਥੇ ਕਾਂਗਰਸੀ ਇਕ-ਦੂਜੇ ਦੀਆਂ ਟਿਕਟਾਂ ਕਟਾਉਣ ‘ਚ ਲੱਗੇ ਹੋਏ ਸਨ। ਉਧਰ ਹੋਰਨਾਂ ਰਾਜਾਂ ‘ਚ ਜਿੱਥੇ ਹਾਰ ਦੇ ਚੱਲਦੇ ਕਾਂਗਰਸ ਪਾਰਟੀ ਹਾਰ ਦੇ ਕਾਰਨਾਂ ‘ਤੇ ਗੰਭੀਰਤਾ ਨਾਲ ਸਮੀਖਿਆ ਕਰਨ ‘ਚ ਜੁੱਟ ਗਈ ਹੈ ਪਰ ਦੇਸ਼ ਭਰ ‘ਚ ਮੋਦੀ ਲਹਿਰ ਦੇ ਬਾਵਜੂਦ ਪੰਜਾਬ ਵਿਚੋਂ ਕਾਂਗਰਸ ਨੂੰ 13 ‘ਚੋਂ 8 ਸੀਟਾਂ ਮਿਲ ਜਾਣ ਦੇ ਚੱਲਦੇ ਕਾਂਗਰਸ ਹਾਈ ਕਮਾਨ ਦੀ ਨਜ਼ਰ ‘ਚ ਕੈਪਟਨ ਅਮਰਿੰਦਰ ਸਿੰਘ ਦਾ ਕੱਦ ਸੁਭਾਵਿਕ ਤੌਰ ‘ਤੇ ਵੱਧ ਗਿਆ ਹੈ।
________________________________
ਪੰਜਾਬ ਤੋਂ ਲੋਕ ਸਭਾ ਵਿਚ ਪੁੱਜੇ ਸਾਰੇ ਮੈਂਬਰ ਕਰੋੜਪਤੀ
ਚੰਡੀਗੜ੍ਹ: ਪੰਜਾਬ ਵਿਚੋਂ 17ਵੀਂ ਲੋਕ ਸਭਾ ਲਈ ਚੁਣੇ ਗਏ 13 ਮੈਂਬਰਾਂ ਦੀ ਔਸਤ ਜਾਇਦਾਦ 32.5 ਕਰੋੜ ਰੁਪਏ ਪ੍ਰਤੀ ਮੈਂਬਰ ਬਣਦੀ ਹੈ। ਇਸ ਤੋਂ ਜਾਪਦਾ ਹੈ ਕਿ ਸਿਆਸਤ ਅਮੀਰਾਂ ਦੀ ਖੇਡ ਬਣ ਕੇ ਰਹਿ ਗਈ ਹੈ। ਇਸ ਤੋਂ ਪਹਿਲਾਂ ਸੂਬੇ ਵਿਚ ਅਮੀਰ ਤੇ ਗਰੀਬ ਵਿਚਕਾਰ ਇਸ ਤਰ੍ਹਾਂ ਦਾ ਵੱਡਾ ਪਾੜਾ ਸਾਹਮਣੇ ਨਹੀਂ ਸੀ ਆਇਆ।
ਚੋਣ ਕਮਿਸ਼ਨ ਦੇ ਕੋਲ ਨਾਮਜ਼ਦਗੀ ਭਰਨ ਸਮੇਂ 13 ਜੇਤੂ ਉਮੀਦਵਾਰਾਂ ਵੱਲੋਂ ਐਲਾਨੀ ਜਾਇਦਾਦ ਅਨੁਸਾਰ ਹੁਸ਼ਿਆਰਪੁਰ ਰਾਖਵੇਂ ਹਲਕੇ ਤੋਂ ਜਿੱਤੇ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਸਭ ਤੋਂ ਗਰੀਬ ਹਨ। ਉਨ੍ਹਾਂ ਦੇ ਕੋਲ 2.94 ਕਰੋੜ ਰੁਪਏ ਦੀ ਜਾਇਦਾਦ ਹੈ। ਉਹ ਸਾਬਕਾ ਆਈ.ਏ.ਐਸ਼ ਅਧਿਕਾਰੀ ਹਨ ਅਤੇ ਦੋ ਵਾਰ ਫਗਵਾੜਾ ਤੋਂ ਵਿਧਾਇਕ ਬਣ ਚੁੱਕੇ ਹਨ। ਪੰਜਾਬ ਵਿਚੋਂ ਸਭ ਤੋਂ ਅਮੀਰ ਦੋ ਸੰਸਦ ਮੈਂਬਰਾਂ ਵਿਚ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਸ਼ੁਮਾਰ ਹਨ। ਇਨ੍ਹਾਂ ਦੋਵਾਂ ਨੇ ਆਪਣੇ ਚੋਣ ਘੋਸ਼ਣਾ ਪੱਤਰਾਂ ਵਿਚ ਦੋ-ਦੋ ਸੌ ਕਰੋੜ ਦੀ ਜਾਇਦਾਦ ਐਲਾਨੀ ਹੈ। ਇਨ੍ਹਾਂ ਤੋਂ ਬਾਅਦ ਸਨੀ ਦਿਓਲ ਦਾ ਨੰਬਰ ਆਉਂਦਾ ਹੈ, ਉਸ ਦੇ ਕੋਲ 87.19 ਕਰੋੜ ਰੁਪਏ ਦੀ ਜਾਇਦਾਦ ਹੈ। ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਕੋਲ 63.59 ਕਰੋੜ ਰੁਪਏ ਦੀ ਜਾਇਦਾਦ ਹੈ। ਕਾਂਗਰਸ ਦੇ ਮਨੀਸ਼ ਤਿਵਾੜੀ ਕੋਲ 15.43 ਕਰੋੜ ਰੁਪਏ ਦੀ ਜਾਇਦਾਦ ਹੈ। ਇਸ ਤਰ੍ਹਾਂ ਪੰਜਾਬ ਵਿਚ ਰਾਜਨੀਤੀ ਗਰੀਬਾਂ ਦੀ ਪਹੁੰਚ ਤੋਂ ਦੂਰ ਹੋ ਗਈ ਜਾਪਦੀ ਹੈ।
ਪਿਛਲੀ ਲੋਕ ਸਭਾ ਵਿਚ ਪੰਜਾਬ ਦੇ ਸੰਸਦ ਮੈਂਬਰਾਂ ਦੀ ਔਸਤ ਜਾਇਦਾਦ 18.23 ਕਰੋੜ ਰੁਪਏ ਸੀ। ਉਦੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਚਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਨੇ ਅਮੀਰਾਂ ਨੂੰ ਟਿਕਟਾਂ ਦੇਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਬਹੁਤੇ ਉਮੀਦਵਾਰਾਂ ਦੀ ਆਰਥਿਕ ਹਾਲਤ ਠੀਕ-ਠਾਕ ਹੀ ਸੀ ਅਤੇ ਇਨ੍ਹਾਂ ਵਿਚੋਂ ਕਈ ਵਿਧਾਨ ਸਭਾ ਵਿਚ ਵੀ ਪੁੱਜ ਗਏ ਸਨ। ਇਸ ਵਾਰ 13 ਲੋਕ ਸਭਾ ਸੀਟਾਂ ਲਈ ਕੁੱਲ 278 ਉਮੀਦਵਾਰ ਸਨ ਅਤੇ ਇਨ੍ਹਾਂ ਵਿਚੋਂ 67 ਕਰੋੜਪਤੀ ਸਨ।
___________________________________
ਪੰਜਾਬ ਦੇ ਪੰਜ ਕਲਾਕਾਰ ਤੇ ਦੋ ਸਾਬਕਾ ਆਈ.ਏ.ਐਸ਼ ਸੰਸਦ ਦੀਆਂ ਪੌੜੀਆਂ ਚੜ੍ਹੇ
ਮੋਗਾ: ਇਸ ਵਾਰ ਲੋਕ ਸਭਾ ‘ਚ ਪੰਜਾਬ ਦੇ ਪੰਜ ਅਦਾਕਾਰ ਤੇ ਦੋ ਸਾਬਕਾ ਆਈ.ਏ.ਐਸ਼ ਅਧਿਕਾਰੀ ਸੰਸਦ ਦੀਆਂ ਪੌੜੀਆਂ ਚੜ੍ਹਨ ‘ਚ ਸਫਲ ਹੋਏ ਹਨ। ਭਾਵੇਂ ਰਾਜਨੀਤੀ ਵਿਚ ਫਿਲਮਾਂ ਦੇ ਅਦਾਕਾਰ ਅਤੇ ਸਾਬਕਾ ਸਿਵਲ ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗਿਣਤੀ ਵੱਡੀ ਹੈ, ਪਰ ਸਭ ਨੂੰ ਸਿਆਸਤ ਦੀ ਖੇਡ ਰਾਸ ਨਹੀਂ ਆਈ।
ਫਿਲਮ ਅਦਾਕਾਰ ਸਨੀ ਦਿਓਲ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ਤੋਂ ਜਿੱਤ ਕੇ ਸੰਸਦ ਮੈਂਬਰ ਬਣੇ ਹਨ। ਇਸ ਹਲਕੇ ਤੋਂ ਸੁਖਬੰਸ ਕੌਰ ਭਿੰਡਰ ਲਗਾਤਾਰ 5 ਵਾਰ 1980 ਤੋਂ ਲੈ ਕੇ 1996 ਤੱਕ ਸੰਸਦ ਮੈਂਬਰ ਰਹੀ। ਇਸ ਹਲਕੇ ਤੋਂ ਕਾਂਗਰਸ ਦਾ ਗੜ੍ਹ ਤੋੜਨ ਲਈ ਭਾਜਪਾ ਨੇ ਨਾਮਵਰ ਫਿਲਮੀ ਸਿਤਾਰੇ ਵਿਨੋਦ ਖੰਨਾ ਨੂੰ 1997 ਵਿਚ ਸਿਆਸਤ ‘ਚ ਉਤਾਰਿਆ ਅਤੇ ਉਹ ਇਸ ਹਲਕੇ ਤੋਂ ਤਿੰਨ ਵਾਰ ਜੇਤੂ ਰਹਿ ਕੇ ਕੇਂਦਰ ਵਿਚ ਮੰਤਰੀ ਵੀ ਰਹੇ। ਲੋਕ ਗਾਇਕ ਹੰਸ ਰਾਜ ਹੰਸ ਦਿੱਲੀ ਤੋਂ ਭਾਜਪਾ ਟਿਕਟ ਤੋਂ ਜਿੱਤੇ ਹਨ। ਕਾਮੇਡੀ ਕਲਾਕਾਰ ਭਗਵੰਤ ਮਾਨ ਸੰਗਰੂਰ ਤੋਂ ਦੂਜੀ ਵਾਰ ਸੰਸਦ ‘ਚ ਪਹੁੰਚੇ ਹਨ। ਗਾਇਕ ਮੁਹੰਮਦ ਸਦੀਕ ਵੀ ਫਰੀਦਕੋਟ ਹਲਕਾ ਰਾਖਵਾਂ ਤੋਂ ਕਾਂਗਰਸ ਟਿਕਟ ਉਤੇ ਜੇਤੂ ਰਹੇ ਹਨ। ਚੰਡੀਗੜ੍ਹ ਤੋਂ ਕਿਰਨ ਖੇਰ ਭਾਜਪਾ ਦੀ ਟਿਕਟ ਤੋਂ ਚੋਣ ਲੜ ਕੇ ਸੰਸਦ ‘ਚ ਪਹੁੰਚੀ ਹੈ। ਸਾਬਕਾ ਆਈ.ਏ.ਐਸ਼ ਡਾ. ਅਮਰ ਸਿੰਘ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਟਿਕਟ ਅਤੇ ਸਾਬਕਾ ਆਈ.ਏ.ਐਸ਼ ਸੋਮ ਪ੍ਰਕਾਸ਼ ਹੁਸ਼ਿਆਰਪੁਰ ਹਲਕੇ ਤੋਂ ਭਾਜਪਾ ਟਿਕਟ ਉਤੇ ਜਿੱਤ ਹਾਸਲ ਕਰਕੇ ਦਿੱਲੀ ਪਹੁੰਚੇ ਹਨ।
___________________________________
ਹਾਰ ਮਗਰੋਂ ‘ਆਪ’ ਵੱਲੋਂ ਲਾਮਬੰਦੀ ਸ਼ੁਰੂ
ਫਤਹਿਗੜ੍ਹ ਸਾਹਿਬ: ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਭਾਵੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਨਦੀਪ ਸਿੰਘ ਬੰਨੀ ਦੂਲੋ ਨੂੰ ਜਿੱਤ ਨਸੀਬ ਨਹੀਂ ਹੋਈ ਪਰ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਦੇ ਹੌਸਲੇ ਬੁਲੰਦ ਹਨ। ਪਾਰਟੀ ਵਰਕਰਾਂ ਵੱਲੋਂ ਹਲਕਾ ਇੰਚਾਰਜ ਰਸ਼ਪਿੰਦਰ ਸਿੰਘ ਦੀ ਅਗਵਾਈ ਹੇਠ ਨਤੀਜਿਆਂ ਦੇ ਦੂਜੇ ਦਿਨ ਹੀ ਮੁੜ ਲਾਮਬੰਦੀ ਸ਼ੁਰੂ ਕਰ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਸ੍ਰੀ ਦੂਲੋ ਨੂੰ ਕੁੱਲ ਪੋਲ ਹੋਈਆਂ 9 ਲੱਖ 86 ਹਜ਼ਾਰ 928 ਵੋਟਾਂ ਵਿਚੋਂ ਮਹਿਜ਼ 62 ਹਜ਼ਾਰ 881 ਵੋਟਾਂ ਹੀ ਮਿਲੀਆਂ ਹਨ ਜਦੋਂ ਕਿ ਲੋਕ ਸਭਾ ਚੋਣਾਂ 2014 ਵਿਚ ‘ਆਪ’ ਦੇ ਉਮੀਦਵਾਰ ਨੇ ਰਿਕਾਰਡ ਵੋਟਾਂ (3 ਲੱਖ 67 ਹਜ਼ਾਰ 283) ਹਾਸਲ ਕੀਤੀਆਂ ਸਨ। ਵਰਕਰਾਂ ਨਾਲ ਕੀਤੀ ਮੀਟਿੰਗ ਦੌਰਾਨ ਹਲਕਾ ਇੰਚਾਰਜ ਨੇ ਵਰਕਰਾਂ ਨੂੰ ਕਿਹਾ ਕਿ ਹੌਸਲਾ ਨਾ ਹਾਰਿਓ, ਜੰਗ ਜਾਰੀ ਰੱਖਿਓ, ਅਸੀਂ ਜਿੱਤਾਂਗੇ ਜ਼ਰੂਰ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਵਾਸੀਆਂ ਨੂੰ ਮਿਆਰੀ ਸਿੱਖਿਆ, ਚੰਗੀਆਂ ਸਿਹਤ ਸਹੂਲਤਾਂ ਅਤੇ ਤਣਾਅ ਮੁਕਤ ਜੀਵਨ ਨਹੀਂ ਮਿਲ ਜਾਂਦਾ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਹੀ ਜਾਗਰੂਕ ਕੀਤੀ ਜਨਤਾ ਨੇ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਨੇਤਾਵਾਂ ਨੂੰ ਘੇਰਿਆ ਅਤੇ ਸਵਾਲ ਪੁੱਛੇ ਜੋ ਕਿ ਸਿਹਤਮੰਦ ਲੋਕਤੰਤਰ ਦੀ ਨਿਸ਼ਾਨੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ‘ਆਪ’ ਉਮੀਦਵਾਰ ਬਨਦੀਪ ਸਿੰਘ ਦੂਲੋ ਅਤੇ ਪੀ.ਡੀ.ਏ. ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਦੀਆਂ ਵੋਟਾਂ ਦਾ ਜੋੜ ਕਰ ਲਿਆ ਜਾਵੇ ਤਾਂ ਨਤੀਜੇ ਹੈਰਾਨੀਜਨਕ ਹਨ। ਉਨ੍ਹਾਂ ਮੰਨਿਆ ਕਿ ਸੁਖਪਾਲ ਖਹਿਰਾ ਨੇ ‘ਆਪ’ ਦੀਆਂ ਵੋਟਾਂ ਨੂੰ ਨੁਕਸਾਨ ਪਹੁੰਚਾਇਆ ਹੈ।