ਚੋਣ ਨਤੀਜਿਆਂ ਨਾਲ ਬਦਲ ਸਕਦੇ ਨੇ ਪੰਜਾਬ ਦੇ ਸਿਆਸੀ ਸਮੀਕਰਨ

ਚੰਡੀਗੜ੍ਹ: ਦੇਸ਼ ਭਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਸਿਰ ਚੜ੍ਹ ਕੇ ਬੋਲਿਆ ਤੇ ਭਾਜਪਾ 2014 ਨਾਲੋਂ ਵੀ ਵੱਧ ਸੀਟਾਂ ਹਾਸਲ ਕਰਨ ਵਿਚ ਕਾਮਯਾਬ ਰਹੀ ਪਰ ਪੰਜਾਬ ਵਿਚ ਕਾਂਗਰਸ ਪਾਰਟੀ ਅੱਠ ਸੀਟਾਂ ਲੈਣ ਵਿਚ ਸਫਲ ਰਹੀ। ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਚੋਣ ਜਿੱਤਣ ਨਾਲ ਦੋਵੇਂ ਪਰਿਵਾਰਾਂ ਦਾ ਆਪੋ ਆਪਣੀਆਂ ਪਾਰਟੀਆਂ ਉਤੇ ਦਬਦਬਾ ਬਣੇ ਰਹਿਣ ਦੇ ਆਸਾਰ ਬਣ ਗਏ ਹਨ। ਇਨ੍ਹਾਂ ਨਤੀਜਿਆਂ ਨੇ ਆਮ ਆਦਮੀ ਪਾਰਟੀ ਅਤੇ ਪੰਜਾਬ ਜਮਹੂਰੀ ਗੱਠਜੋੜ (ਪੀ.ਡੀ.ਏ.) ਦੇ ਭਵਿੱਖ ਦਾ ਸੰਕੇਤ ਵੀ ਦੇ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ-13 ਦੇ ਨਾਮ ‘ਤੇ ਚੋਣ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੇ ਪਿੱਛੇ ਕਾਂਗਰਸ ਦਾ ਅਕਾਲੀ ਦਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਹੋਣ ਵਾਲੇ ਨੁਕਸਾਨ ਅਤੇ ਆਪ ਦੇ ਖਿੰਡਣ ਦੀ ਦਲੀਲ ਕੰਮ ਕਰ ਰਹੀ ਸੀ। ਨਤੀਜਿਆਂ ਤੱਕ ਪਹੁੰਚਦਿਆਂ ਪਾਰਟੀ ਨੂੰ ਸਮਝ ਆਉਣ ਲੱਗੀ ਕਿ ਸਥਿਤੀ ਇੰਨੀ ਅਨੁਕੂਲ ਵੀ ਨਹੀਂ ਹੈ ਕਿਉਂਕਿ ਵੋਟਰ ਬਹੁਤ ਸਾਰੇ ਸੁਆਲ ਪੁੱਛ ਰਹੇ ਹਨ। ਕਾਂਗਰਸੀਆਂ ਅੰਦਰ ਆਪਸੀ ਤਣਾਅ ਉਸ ਵੇਲੇ ਜਨਤਕ ਹੋ ਗਿਆ ਜਦੋਂ ਨਵਜੋਤ ਸਿੰਘ ਸਿੱਧੂ ਨੇ ਵੋਟਾਂ ਤੋਂ ਤਿੰਨ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਉਤੇ ਮਿਲੇ ਹੋਣ ਦਾ ਅਸਿੱਧੇ ਤਰੀਕੇ ਨਾਲ ਦੋਸ਼ ਲਗਾ ਦਿੱਤਾ। ਕੈਪਟਨ ਵੱਲੋਂ ਨਤੀਜਿਆਂ ਤੋਂ ਬਾਅਦ ਕੀਤੀ ਪ੍ਰੈੱਸ ਕਾਨਫਰੰਸ ਨਾਲ ਸਾਫ ਹੋ ਗਿਆ ਕਿ ਦੇਸ਼ ਪੱਧਰ ਉਤੇ ਹੋਈ ਕਾਂਗਰਸ ਦੀ ਹਾਰ ਕਾਰਨ ਹਾਈ ਕਮਾਨ ਹੁਣ ਕੈਪਟਨ ਦਾ ਕੁਝ ਵਿਗਾੜ ਸਕਣ ਦੀ ਸਥਿਤੀ ‘ਚ ਨਹੀਂ ਹੋਵੇਗੀ। ਕਾਂਗਰਸ ਦਾ ਵੋਟ ਸ਼ੇਅਰ ਵੱਧ ਗਿਆ ਹੈ। ਅੱਗੋਂ ਸਿੱਧੂ ਅਤੇ ਕੈਪਟਨ ਦਰਮਿਆਨ ਫੈਸਲਾਕੁਨ ਸਿਆਸੀ ਜੰਗ ਸ਼ੁਰੂ ਹੋਣ ਦੇ ਆਸਾਰ ਹਨ। ਸਿੱਧੂ ਦਾ ਵਿਭਾਗ ਬਦਲਣ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਮਨਪ੍ਰੀਤ ਬਾਦਲ ਦੇ ਵਿਧਾਨ ਸਭਾ ਹਲਕੇ ਬਠਿੰਡਾ ਸ਼ਹਿਰੀ ਤੋਂ ਕਾਂਗਰਸ ਉਮੀਦਵਾਰ ਨੂੰ ਘੱਟ ਵੋਟ ਮਿਲਣ ਨਾਲ ਇਖਲਾਕੀ ਦਬਾਅ ਮਨਪ੍ਰੀਤ ਉਤੇ ਵੀ ਪੈਣਾ ਸੁਭਾਵਿਕ ਹੈ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਨਸ਼ੇ, ਰੇਤ ਮਾਫੀਆ ਸਮੇਤ ਕਈ ਮੁੱਦਿਆਂ ਉਤੇ ਬਾਦਲ ਪਰਿਵਾਰ ਖਿਲਾਫ ਲੋਕਾਂ ਦੀ ਨਾਰਾਜ਼ਗੀ ਕਰਕੇ ਅਕਾਲੀ ਦਲ ਅੰਦਰ ਚੱਲੇ ਅੰਦਰੂਨੀ ਸੰਘਰਸ਼ ਦੇ ਬਾਵਜੂਦ ਅਕਾਲੀ ਦਲ ਦੇ ਭਾਵੇਂ ਦਸ ਸੀਟਾਂ ‘ਚੋਂ ਅੱਠ ਉਮੀਦਵਾਰ ਹਾਰ ਗਏ ਪਰ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਜਿੱਤਣ ਵਿਚ ਕਾਮਯਾਬ ਰਹੇ ਹਨ। ਕੀ ਹੁਣ ਭਵਿੱਖ ਵਿਚ ਬੇਅਦਬੀ ਦਾ ਮੁੱਦਾ ਬਾਦਲ ਪਰਿਵਾਰ ਨਾਲ ਨਹੀਂ ਜੁੜਿਆ ਰਹੇਗਾ? ਪਾਰਟੀ ਦਾ ਪ੍ਰਧਾਨ ਬਦਲਣ ਦੀ ਮੰਗ ਕਰਕੇ ਪਾਰਟੀ ਨਾਲ ਨਾਰਾਜ਼ ਹੋਏ ਸੁਖਦੇਵ ਸਿੰਘ ਢੀਂਡਸਾ ਅਤੇ ਅਲੱਗ ਹੋਏ ਜਥੇਦਾਰ ਬ੍ਰਹਮਪੁਰਾ ਵਰਗੇ ਆਗੂਆਂ ਵੱਲੋਂ ਉਠਾਇਆ ਮੁੱਦਾ ਇੰਨੀ ਜਲਦੀ ਹੱਲ ਹੋਣ ਵਾਲਾ ਨਹੀਂ ਹੈ। ਬੇਸ਼ੱਕ ਅਕਾਲੀ ਦਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ ਆਪਣੇ ਵੋਟ ਸ਼ੇਅਰ ‘ਚ ਕਰੀਬ 2.3 ਫੀਸਦੀ ਵਾਧਾ ਕੀਤਾ ਹੈ। ਭਾਜਪਾ ਨੇ ਵੀ ਚਾਰ ਫੀਸਦ ਦੇ ਕਰੀਬ ਸ਼ੇਅਰ ਵਧਾਇਆ ਹੈ ਪਰ ਭਾਜਪਾ ਨੂੰ ਦਿੱਤੀ ਜਾਣ ਵਾਲੀ ਬਿਨਾਂ ਸ਼ਰਤ ਹਮਾਇਤ ਨਾਲ ਪੰਥਕ ਆਧਾਰ ਨੂੰ ਲੱਗ ਰਹੇ ਖੋਰੇ ਦਾ ਅਹਿਸਾਸ ਅਕਾਲੀ ਦਲ ਨੂੰ ਕਦੋਂ ਹੋਵੇਗਾ, ਇਹ ਸੁਆਲ ਵੀ ਅਣਸੁਲਝਿਆ ਹੈ।
‘ਆਪ’ ਪੂਰੀ ਤਰ੍ਹਾਂ ਖਿੰਡ ਚੁੱਕੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਭਗਵੰਤ ਮਾਨ ਜਿੱਤ ਗਿਆ ਹੈ ਅਤੇ ਆਪ ਹਾਰ ਗਈ ਹੈ।
ਪੀ.ਡੀ.ਏ. ਖਾਤਾ ਵੀ ਨਹੀਂ ਖੋਲ੍ਹ ਸਕਿਆ ਤੇ ਸੁਖਪਾਲ ਖਹਿਰਾ ਜ਼ਮਾਨਤ ਬਚਾਉਣ ਦੀ ਹਾਲਤ ਵਿਚ ਨਹੀਂ ਰਿਹਾ ਪਰ ਇਸ ਦੇ ਕਈ ਉਮੀਦਵਾਰ ਵੋਟਾਂ ਠੀਕ ਲੈ ਗਏ। ‘ਆਪ’ ਦਾ ਵੋਟ ਹਿੱਸਾ 2017 ਦੀਆਂ ਵਿਧਾਨ ਸਭਾ ਚੋਣਾਂ ਦੇ 23.7 ਫੀਸਦੀ ਤੋਂ ਸੁੰਗੜ ਕੇ 7 ਫੀਸਦੀ ਤੱਕ ਆ ਗਿਆ ਹੈ। ਪੀ.ਡੀ.ਏ. ਦਾ ਵੋਟ ਹਿੱਸਾ 10.3 ਫੀਸਦੀ ਹੈ। ਇਸ ਵਿਚ ਬਸਪਾ ਦਾ ਹਿੱਸਾ 3.49, ਰਲਾ ਮਿਲਾ ਕੇ ਇਕ ਫੀਸਦੀ ਦੇ ਨੇੜੇ ਖੱਖੇਪੱਖੀ ਪਾਰਟੀਆਂ ਦਾ ਵੀ ਹੈ। ਪੀ.ਡੀ.ਏ. ਵਿਚੋਂ ਸਿਰਫ ਸਿਮਰਜੀਤ ਸਿੰਘ ਬੈਂਸ ਦੂਜੇ ਨੰਬਰ ਉਤੇ ਆਉਣ ਵਿੱਚ ਕਾਮਯਾਬ ਰਹੇ ਹਨ। ਪੰਜਾਬ ਦੇ ਲੋਕਾਂ ਅੰਦਰ ਸਿਆਸੀ ਧਿਰਾਂ ਖਿਲਾਫ ਬਣ ਰਹੀ ਸਥਿਤੀ ਇਹ ਸੰਕੇਤ ਜ਼ਰੂਰ ਦੇ ਰਹੀ ਹੈ ਕਿ ਸੂਬੇ ਦੀ ਸਿਆਸਤ ਪੁਰਾਣੇ ਢੱਰੇ ਉਤੇ ਜ਼ਿਆਦਾ ਦੇਰ ਨਹੀਂ ਚਲਾਈ ਜਾ ਸਕੇਗੀ।
______________________________
ਮਾੜੀ ਕਾਰਗੁਜ਼ਾਰੀ: ਵਿਧਾਇਕਾਂ ‘ਤੇ ਲਟਕੀ ਕਾਰਵਾਈ ਦੀ ਤਲਵਾਰ
ਚੰਡੀਗੜ੍ਹ: ਲੋਕ ਸਭਾ ਚੋਣਾਂ ਦੌਰਾਨ ਆਪੋ ਆਪਣੇ ਅਸੈਂਬਲੀ ਹਲਕਿਆਂ ‘ਚ ਮਾੜੀ ਕਾਰਗੁਜ਼ਾਰੀ ਵਿਖਾਉਣ ਵਾਲੇ ਕਾਂਗਰਸੀ ਵਿਧਾਇਕਾਂ ਨੂੰ ਆਪਣੇ ਖਿਲਾਫ ਕਾਰਵਾਈ ਦਾ ਡਰ ਸਤਾਉਣ ਲੱਗਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਮਹੀਨਾ ਪਹਿਲਾਂ ਕੀਤੇ ਹੁਕਮਾਂ ਵਿਚ ਮਾੜੀ ਕਾਰਗੁਜ਼ਾਰੀ ਵਾਲੇ ਵਿਧਾਇਕਾਂ ਨੂੰ ਕਾਰਵਾਈ ਲਈ ਤਿਆਰ ਰਹਿਣ ਵਾਸਤੇ ਕਿਹਾ ਸੀ। ਪੰਜਾਬ ਕਾਂਗਰਸ ਨੇ ਹਾਲਾਂਕਿ ਐਤਕੀਂ ਦੇਸ਼ ਵਿਚ ਮੋਦੀ ਲਹਿਰ ਦੇ ਉਲਟ 13 ਸੰਸਦੀ ਸੀਟਾਂ ਵਿਚੋਂ ਅੱਠ ‘ਤੇ ਜਿੱਤ ਦਰਜ ਕਰਦਿਆਂ ਪੰਜ ਸਾਲ ਪਹਿਲਾਂ ਦੀ ਕਾਰਗੁਜ਼ਾਰੀ ਵਿਚ ਸੁਧਾਰ ਕੀਤਾ ਹੈ, ਪਰ ਇਸ ਸਫਲਤਾ ਦਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿਰ ਬੱਝ ਰਿਹਾ ਹੈ।
______________________________
ਬਠਿੰਡਾ ‘ਚ ਹਾਰ ਦਾ ਠੀਕਰਾ ਸਿੱਧੂ ਸਿਰ ਭੰਨਣਾ ਗਲਤ: ਡਾ. ਸਿੱਧੂ
ਅੰਮ੍ਰਿਤਸਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਦਰਮਿਆਨ ਸਿੱਧੂ ਦੀ ਪਤਨੀ ਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਵਿਚ ਕੁਝ ਸੀਟਾਂ (ਖਾਸ ਕਰਕੇ ਬਠਿੰਡਾ) ਉਤੇ ਮਿਲੀ ਹਾਰ ਦਾ ਠੀਕਰਾ ਸਿੱਧੂ ਸਿਰ ਭੰਨੇ ਜਾਣ ਦੇ ਦੋਸ਼ਾਂ ਨੂੰ ਸਿਰੇ ਤੋਂ ਰੱਦ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿੱਚ ਡਾ. ਨਵਜੋਤ ਕੌਰ ਸਿੱਧੂ ਆਪਣੇ ਪਤੀ ਨਵਜੋਤ ਸਿੰਘ ਸਿੱਧੂ ਦਾ ਸਮਰਥਨ ਕਰ ਰਹੀ ਹੈ। ਡਾ. ਸਿੱਧੂ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਨੂੰ ਪਤਾ ਸੀ ਕਿ ਸ੍ਰੀ ਸਿੱਧੂ ਦੇ ਚੋਣ ਪ੍ਰਚਾਰ ਲਈ ਜਾਣ ਤੋਂ ਪਹਿਲਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਦੀ ਹਾਰ ਵੱਡੇ ਫਰਕ ਨਾਲ ਹੋ ਰਹੀ ਸੀ। ਪਰ ਸ੍ਰੀ ਸਿੱਧੂ ਦੇ ਜਾਣ ਨਾਲ ਕਾਂਗਰਸੀ ਉਮੀਦਵਾਰ ਦੀ ਸਥਿਤੀ ਬਿਹਤਰ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਰਿਕਾਰਡ ‘ਤੇ ਹੈ, ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ।