ਵੱਡੇ ਕਾਂਗਰਸੀ ਆਗੂਆਂ ਦੀ ਕਾਰਗੁਜ਼ਾਰੀ ‘ਤੇ ਉਠੇ ਸਵਾਲ

ਚੰਡੀਗੜ੍ਹ: ਪੰਜਾਬ ਵਿਚ ਸੰਸਦੀ ਚੋਣਾਂ ਦੇ ਨਤੀਜਿਆਂ ‘ਚ ਵਿਧਾਨ ਸਭਾ ਹਲਕਾ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਲਈ ਵੋਟਰਾਂ ਨੇ ਭਵਿੱਖ ਲਈ ਆਸ ਦੀ ਕਿਰਨ ਜਗਾਈ ਹੈ ਜਦੋਂ ਕਿ ਆਮ ਆਦਮੀ ਪਾਰਟੀ ਲਈ ਪੂਰੀ ਤਰ੍ਹਾਂ ਚਿੰਤਾ ਤੇ ਚਿੰਤਨ ਦਾ ਸਮਾਂ ਆ ਗਿਆ ਹੈ।

ਚੋਣ ਨਤੀਜਿਆਂ ਦਾ ਵਿਸ਼ਲੇਸ਼ਣ ਕਰਦਿਆਂ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਕਾਂਗਰਸ ਵੱਲੋਂ ਸੰਸਦੀ ਚੋਣਾਂ ‘ਚ ਉਤਾਰੇ ਉਮੀਦਵਾਰਾਂ ਨੇ 69 ਵਿਧਾਨ ਸਭਾ ਹਲਕਿਆਂ ‘ਤੇ ਵਿਰੋਧੀਆਂ ਨੂੰ ਪਛਾੜਿਆ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ 29 ਹਲਕਿਆਂ ਤੋਂ ਵਿਰੋਧੀਆਂ ਤੋਂ ਵੱਧ ਵੋਟਾਂ ਲਈਆਂ, ਭਾਜਪਾ ਦੇ ਉਮੀਦਵਾਰਾਂ ਨੇ 12 ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸ ਦੇ ਉਮੀਦਵਾਰਾਂ ਨੂੰ ਪਛਾੜਿਆ, ਆਮ ਆਦਮੀ ਪਾਰਟੀ ਦੇ ਇਕੋ ਇਕ ਜੇਤੂ ਰਹੇ ਉਮੀਦਵਾਰ ਭਗਵੰਤ ਮਾਨ ਨੇ ਸਿਰਫ ਸੰਗਰੂਰ ਸੰਸਦੀ ਹਲਕੇ ਦੇ 7 ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮਾਤ ਦਿੱਤੀ। ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਲੁਧਿਆਣਾ ਸੰਸਦੀ ਹਲਕੇ ਦੇ 4 ਹਲਕਿਆਂ ਤੋਂ ਆਪਣੇ ਵਿਰੋਧੀਆਂ ਨਾਲੋਂ ਵਧੇਰੇ ਵੋਟਾਂ ਲਈਆਂ।
ਇਨ੍ਹਾਂ ਚੋਣਾਂ ਦਾ ਵਿਲੱਖਣ ਪਹਿਲੂ ਇਹ ਰਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਨੇ ਆਦਮਪੁਰ ਅਤੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਨੇ ਬੰਗਾ ਹਲਕੇ ਤੋਂ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਜ਼ਿਆਦਾ ਵੋਟ ਹਾਸਲ ਕੀਤੀ। ਇਸ ਤਰ੍ਹਾਂ ਬਸਪਾ ਨੂੰ ਦੋ ਹਲਕਿਆਂ ਤੋਂ ਲੀਡ ਮਿਲੀ। ਕਾਂਗਰਸ ਲਈ ਵੀ ਇਹ ਮੰਥਨ ਦਾ ਸਮਾਂ ਹੈ ਕਿ ਇਨ੍ਹਾਂ ਚੋਣਾਂ ‘ਚ ਬਹੁ ਗਿਣਤੀ ਵਿਧਾਇਕ ਤੇ ਮੰਤਰੀ ਆਪੋ ਆਪਣੇ ਹਲਕਿਆਂ ‘ਚੋਂ ਕਾਂਗਰਸ ਦੇ ਉਮੀਦਵਾਰਾਂ ਨੂੰ ਵਧੇਰੇ ਵੋਟਾਂ ਦਿਵਾਉਣ ਵਿਚ ਕਾਮਯਾਬ ਨਹੀਂ ਹੋਏ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਸਦੀ ਚੋਣਾਂ ਦੌਰਾਨ ਮਾੜੀ ਕਾਰਗੁਜ਼ਾਰੀ ਦਿਖਾਉਣ ਵਾਲੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਚਿਤਾਵਨੀ ਵੀ ਦਿੱਤੀ ਸੀ।
ਪੰਜਾਬ ਵਿਧਾਨ ਸਭਾ ਵਿਚ ਇਸ ਸਮੇਂ ਜੇਕਰ ਵਿਧਾਇਕਾਂ ਦੀ ਸਥਿਤੀ ਦੇਖੀ ਜਾਵੇ ਤਾਂ ਕਾਂਗਰਸ ਦੇ 78 ਵਿਧਾਇਕ ਹਨ ਤੇ ਕਾਂਗਰਸ ਦੇ ਉਮੀਦਵਾਰਾਂ ਨੂੰ 69 ਹਲਕਿਆਂ ‘ਤੇ ਲੀਡ ਮਿਲੀ ਹੈ। ਇਸ ਤਰ੍ਹਾਂ ਨਾਲ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਦੀ ਵੋਟਰਾਂ ਉਤੇ ਪਕੜ ਢਿੱਲੀ ਪੈ ਰਹੀ ਹੈ। ਪੰਜਾਬ ਦੇ ਕਈ ਮੰਤਰੀਆਂ ਖਾਸ ਕਰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਵਿਜੈਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ ਦੇ ਵਿਧਾਨ ਸਭਾ ਹਲਕਿਆਂ ਵਿਚੋਂ ਕਾਂਗਰਸ ਦੇ ਉਮੀਦਵਾਰ ਆਪਣੇ ਵਿਰੋਧੀਆਂ ਨਾਲੋਂ ਪੱਛੜ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਵਿਚ ਇਸ ਸਮੇਂ 14 ਵਿਧਾਇਕ ਹਨ ਤੇ ਇਸ ਪਾਰਟੀ ਦੇ 10 ਉਮੀਦਵਾਰਾਂ ਨੂੰ 29 ਵਿਧਾਨ ਸਭਾ ਹਲਕਿਆਂ ‘ਤੇ ਲੀਡ ਹਾਸਲ ਹੋਈ ਹੈ। ਇਸ ਤਰ੍ਹਾਂ ਨਾਲ ਅਕਾਲੀ ਦਲ ਨੇ ਸੁੱਖ ਦਾ ਸਾਹ ਲਿਆ ਹੈ।
ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 3 ਹੈ ਤੇ ਇਨ੍ਹਾਂ ਵਿਚੋਂ ਵੀ ਇਕ ਸੋਮ ਪ੍ਰਕਾਸ਼ ਸੰਸਦ ਮੈਂਬਰ ਚੁਣੇ ਗਏ ਹਨ। ਭਾਜਪਾ ਦੇ ਦੋ ਸੰਸਦ ਮੈਂਬਰਾਂ ਸਨੀ ਦਿਓਲ ਅਤੇ ਸੋਮ ਪ੍ਰਕਾਸ਼ ਨੇ 12 ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸ ਦੇ ਉਮੀਦਵਾਰਾਂ ਨੂੰ ਪਛਾੜਿਆ ਹੈ। ਕਾਂਗਰਸ ਲਈ ਸੋਚਣ ਵਾਲੀ ਗੱਲ ਇਹ ਹੈ ਕਿ ਭਾਜਪਾ ਦੇ ਸੰਸਦ ਮੈਂਬਰਾਂ ਨੇ ਕਾਂਗਰਸ ਦੇ ਉਮੀਦਵਾਰਾਂ ਨੂੰ ਅਜਿਹੇ ਵਿਧਾਨ ਸਭਾ ਹਲਕਿਆਂ ਵਿਚ ਮਾਤ ਦਿੱਤੀ ਹੈ ਜਿਨ੍ਹਾਂ ਵਿਧਾਨ ਸਭਾ ਹਲਕਿਆਂ ਉਤੇ ਕਾਂਗਰਸ ਦੇ ਉਮੀਦਵਾਰਾਂ ਨੇ 2017 ਦੀਆਂ ਚੋਣਾਂ ਦੌਰਾਨ ਜਿੱਤ ਹਾਸਲ ਕੀਤੀ ਸੀ।
ਪੰਜਾਬ ਦੇ ਸਿਆਸੀ ਦ੍ਰਿਸ਼ ‘ਤੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਲਈ ਸਭ ਤੋਂ ਸੰਕਟਮਈ ਦੌਰ ਚੱਲ ਰਿਹਾ ਹੈ, ਉਸ ਦੀ ਪੁਸ਼ਟੀ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਵੀ ਕਰ ਦਿੱਤੀ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਪਾਰਟੀ ਦੇ 20 ਵਿਧਾਇਕ ਜਿੱਤੇ ਸਨ। ਦੋ ਵਿਧਾਇਕ ਤਾਂ ਕਾਂਗਰਸ ਵਿਚ ਸ਼ਾਮਲ ਹੋ ਚੁੱਕੇ ਹਨ ਤੇ 5 ਹੋਰ ਬਾਗੀ ਚੱਲੇ ਆ ਰਹੇ ਹਨ। ਲੋਕ ਇਨਸਾਫ ਪਾਰਟੀ ਦੇ ਵਿਧਾਨ ਸਭਾ ਵਿਚ ਭਾਵੇਂ ਦੋ ਹੀ ਵਿਧਾਇਕ ਹਨ ਪਰ ਸੰਸਦੀ ਚੋਣਾਂ ਦੌਰਾਨ ਇਸ ਪਾਰਟੀ ਦੇ ਉਮੀਦਵਾਰ ਨੇ ਲੁਧਿਆਣਾ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਤੋਂ ਵਿਰੋਧੀਆਂ ਨੂੰ ਪਛਾੜਿਆ।