ਅਕਾਲੀ ਦਲ ਲਈ ਚੁਣੌਤੀਆਂ ਬਰਕਰਾਰ

ਚੰਡੀਗੜ੍ਹ: ਪੰਜਾਬ ਦੀ ਸੱਤਾ ‘ਤੇ ਇਕ ਦਹਾਕਾ ਕਾਬਜ਼ ਰਹਿਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਲਈ ਚੁਣੌਤੀਆਂ ਬਰਕਰਾਰ ਹਨ। ਸੰਸਦੀ ਚੋਣਾਂ ਦੇ ਨਤੀਜਿਆਂ ਤੋਂ ਇਕ ਗੱਲ ਸਾਹਮਣੇ ਆਉਂਦੀ ਹੈ ਕਿ ਅਕਾਲੀ ਦਲ ਇਨ੍ਹਾਂ ਚੋਣਾਂ ਦੌਰਾਨ ਮੋਦੀ ਲਹਿਰ ਦਾ ਲਾਭ ਨਹੀਂ ਲੈ ਸਕਿਆ ਸਗੋਂ ਕੈਪਟਨ ਸਰਕਾਰ ਵਿਰੁੱਧ ਲੋਕਾਂ ‘ਚ ਪੈਦਾ ਹੋਈ ਨਾਰਾਜ਼ਗੀ ਨੂੰ ਵੀ ਵੋਟਾਂ ‘ਚ ਤਬਦੀਲ ਕਰਨ ਵਿਚ ਨਾਕਾਮ ਰਿਹਾ।
ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਵਰਗੇ ਵੱਡੇ ਸ਼ਹਿਰ ਜਿਥੇ ਬਹੁ ਗਿਣਤੀ ਹਿੰਦੂ ਵੋਟ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਚੋਣ ਜਿਤਾ ਸਕਦਾ ਸੀ ਉਥੇ ਵੀ ਮੋਦੀ ਦਾ ਕ੍ਰਿਸ਼ਮਾ ਗੱਠਜੋੜ ਪਾਰਟੀਆਂ ਲਈ ਲਾਹੇਵੰਦ ਨਾ ਹੋਇਆ। ਚੋਣ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸੂਬੇ ਦੀ ਸੱਤਾ ‘ਚ ਦਬਦਬਾ ਕਾਇਮ ਰੱਖਣ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਰਣਨੀਤੀ ਬਦਲਣੀ ਪਵੇਗੀ।

ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਢਾਈ ਦਹਾਕਿਆਂ ਤੋਂ ਚੱਲੇ ਆ ਰਹੇ ਅਕਾਲੀ-ਭਾਜਪਾ ਗੱਠਜੋੜ ਨੂੰ ਵੀ ਇਨ੍ਹਾਂ ਚੋਣਾਂ ਦੇ ਨਤੀਜੇ ਪ੍ਰਭਾਵਿਤ ਕਰ ਸਕਦੇ ਹਨ। ਕਾਂਗਰਸ ਨਾਲ ਲੋਕਾਂ ਦੀ ਨਾਰਾਜ਼ਗੀ ਦੇ ਬਾਵਜੂਦ ਹਾਕਮ ਧਿਰ 8 ਸੀਟਾਂ ਜਿੱਤਣ ‘ਚ ਕਾਮਯਾਬ ਹੋਈ ਹੈ। ਅਕਾਲੀ ਦਲ ਨੇ ਸੱਤਾ ਵਿਚ ਹੁੰਦਿਆਂ 2014 ਦੀਆਂ ਚੋਣਾਂ ਦੌਰਾਨ ਸੂਬੇ ਦੀਆਂ 13 ਵਿਚੋਂ 4 ਅਤੇ ਭਾਈਵਾਲ ਭਾਰਤੀ ਜਨਤਾ ਪਾਰਟੀ ਨੇ 2 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ।
ਭਾਜਪਾ ਤਾਂ ਆਪਣਾ ਪਹਿਲਾਂ ਵਾਲਾ ਅੰਕੜਾ ਕਾਇਮ ਰੱਖਣ ‘ਚ ਕਾਮਯਾਬ ਰਹੀ ਜਦੋਂ ਕਿ ਅਕਾਲੀ ਦਲ ਦੀਆਂ ਸੀਟਾਂ ਘੱਟ ਕੇ 4 ਤੋਂ 2 ਹੀ ਰਹਿ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਭਾਵੇਂ ਸੰਸਦੀ ਚੋਣਾਂ ਦੌਰਾਨ ਆਪੋ ਆਪਣੇ ਹਲਕਿਆਂ ਕ੍ਰਮਵਾਰ ਫਿਰੋਜ਼ਪੁਰ ਅਤੇ ਬਠਿੰਡਾ ਤੋਂ ਜਿੱਤ ਹਾਸਲ ਕਰ ਲਈ ਹੈ ਪਰ ਪਾਰਟੀ ਦੇ 8 ਉਮੀਦਵਾਰ ਹਾਰ ਗਏ ਹਨ। ਸ੍ਰੀ ਬਾਦਲ ਭਾਵੇਂ ਵੱਡੇ ਅੰਤਰ ਨਾਲ ਜਿੱਤੇ ਪਰ ਬੀਬੀ ਬਾਦਲ ਮਹਿਜ਼ 21 ਹਜ਼ਾਰ ਵੋਟਾਂ ਨਾਲ ਹੀ ਜਿੱਤੇ। ਪੰਜਾਬ ਦੀ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਅਕਾਲੀ ਦਲ ਨੂੰ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ-ਭਾਜਪਾ ਸਰਕਾਰ ਸਮੇਂ ਸਾਲ 2015 ਵਿਚ ਵਾਪਰੇ ਬੇਅਦਬੀ ਕਾਂਡ ਨੇ ਅਕਾਲੀ ਦਲ ਨੂੰ ਵੱਡੀ ਸਿਆਸੀ ਸੱਟ ਮਾਰੀ ਸੀ ਤੇ ਕਾਂਗਰਸ ਨੇ ਵੀ ਬੇਅਦਬੀ ਨੂੰ ਹੀ ਮੁੱਦਾ ਬਣਾ ਕੇ ਅਕਾਲੀਆਂ ਖਾਸ ਕਰ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਿਆ ਸੀ। ਬੇਅਦਬੀ ਦਾ ਮੁੱਦਾ ਭਵਿੱਖ ਵਿਚ ਵੀ ਅਕਾਲੀ ਦਲ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ ਕਿਉਂਕਿ ਕੈਪਟਨ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ ਦੀ ਪੜਤਾਲ ਹਾਲ ਦੀ ਘੜੀ ਕਿਸੇ ਤਣ ਪੱਤਣ ਨਹੀਂ ਲੱਗੀ।
ਬੇਅਦਬੀ ਸਮੇਤ ਹੋਰਨਾਂ ਸਿਆਸੀ ਚੁਣੌਤੀਆਂ ਨਾਲ ਸਿੱਝਣ ਅਤੇ ਸੰਸਦੀ ਚੋਣਾਂ ਦੌਰਾਨ ਚੰਗਾ ਪ੍ਰਭਾਵ ਛੱਡਣ ਲਈ ਅਕਾਲੀ ਦਲ ਵੱਲੋਂ ਸੀਨੀਅਰ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਅਕਾਲੀ ਦਲ ਦੀ ਇਹ ਰਣਨੀਤੀ ਵੀ ਕਾਮਯਾਬ ਨਹੀਂ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਅਕਾਲੀ ਦਲ ਦੇ ਐਸ਼ਸੀæ ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
_______________________
ਲੀਡਰਸ਼ਿਪ ਵਿਚਲੀ ਨਾਰਾਜ਼ਗੀ ਪਈ ਭਾਰੀ
ਸ਼੍ਰੋਮਣੀ ਅਕਾਲੀ ਦਲ ਅੰਦਰ ਬਾਦਲ ਪਰਿਵਾਰ ਖਿਲਾਫ ਅਕਾਲੀ ਲੀਡਰਸ਼ਿਪ ਵਿਚ ਨਾਰਾਜ਼ਗੀ ਪਹਿਲਾਂ ਤੋਂ ਹੀ ਚੱਲ ਰਹੀ ਹੈ। ਸੁਖਬੀਰ ਸਿੰਘ ਬਾਦਲ ਦੀਆਂ ਸਰਗਰਮੀਆਂ ਨੇ ਇਸ ਨਾਰਾਜ਼ਗੀ ਦੀ ਸੁਲਗਦੀ ਅੱਗ ਨੂੰ ਮੱਠਾ ਕਰਨ ‘ਚ ਕਾਮਯਾਬੀ ਹਾਸਲ ਕਰ ਲਈ ਸੀ। ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਟਕਸਾਲੀਆਂ ਦਾ ਇਕ ਧੜਾ ਪਹਿਲਾਂ ਹੀ ਵੱਖ ਹੋ ਚੁੱਕਾ ਹੈ। ਸੰਸਦੀ ਚੋਣਾਂ ਦੇ ਨਤੀਜਿਆਂ ਮੁਤਾਬਕ ਸਿਰਫ ਬਾਦਲ ਜੋੜੀ ਦੇ ਹੀ ਜਿੱਤਣ ‘ਚ ਕਾਮਯਾਬ ਹੋਣ ਤੋਂ ਬਾਅਦ ਛੋਟੇ ਬਾਦਲ ਦੀ ਪਾਰਟੀ ਵਿਚ ਆਪਣੀ ਪਕੜ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਜਾਂ ਘੱਟ ਹੁੰਦੀ ਹੈ। ਇਹ ਸਵਾਲ ਅਕਾਲੀ ਦਲ ਅੰਦਰ ਖੜ੍ਹੇ ਹੋਣੇ ਸ਼ੁਰੂ ਹੋ ਗਏ ਹਨ।
_______________________
ਵੋਟਰਾਂ ਨੇ ਸਿਆਣਪ ਵਾਲਾ ਫੈਸਲਾ ਲਿਆ: ਬਾਦਲ
ਲੰਬੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਨæਡੀæਏæ ਦੀ ਵੱਡੀ ਜਿੱਤ ਨੂੰ ਵੋਟਰਾਂ ਦਾ ਸਿਆਣਪ ਭਰਿਆ ਫੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਦੇਸ਼ ਵਿਚ ਵਿਕਾਸ ਦਾ ਦੌਰ ਲਗਾਤਾਰ ਜਾਰੀ ਰੱਖਣ ਲਈ ਮੋਦੀ ਸਰਕਾਰ ਦਾ ਬਣਨਾ ਬੇਹੱਦ ਜ਼ਰੂਰੀ ਸੀ। ਉਨ੍ਹਾਂ ਚੋਣ ਨਤੀਜਿਆਂ ਬਾਰੇ ਕਿਹਾ ਕਿ ਇਸ ਬੇਮਿਸਾਲ ਸਫਲਤਾ ਲਈ ਸਮੂਹ ਵੋਟਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਸਹਿਯੋਗੀ ਦਲ ਵਧਾਈ ਦੇ ਪਾਤਰ ਹਨ। ਕਾਂਗਰਸ ਦੀ ਹਾਰ ਬਾਰੇ ਸ੍ਰੀ ਬਾਦਲ ਨੇ ਆਖਿਆ ਕਿ ਇਹ ਤਾਂ ਪਹਿਲਾਂ ਤੋਂ ਜੱਗ-ਜ਼ਾਹਰ ਸੀ।
_______________________
ਬੇਅਦਬੀ ਦਾ ਮੁੱਦਾ ਨਾ ਲਾ ਸਕਿਆ ਅਕਾਲੀ ਦਲ ਦੀ ਸਿਆਸੀ ਸਾਖ ਨੂੰ ਖੋਰਾ
ਪਟਿਆਲਾ: ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਘਾਟਾ ਨਹੀਂ ਪਾਇਆ। ਬਰਗਾੜੀ ਮੋਰਚੇ ਦਾ ਲੋਕ ਮਨਾਂ ‘ਤੇ ਜ਼ਿਆਦਾ ਅਸਰ ਨਜ਼ਰ ਨਹੀਂ ਆਇਆ। 2014 ਤੇ 2019 ਦੇ ਵੋਟ ਅੰਕੜਿਆਂ ਦੇ ਮੁਲਾਂਕਣ ਤੋਂ ਸਪਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 2014 ਵਿਚ 10 ਹਲਕਿਆਂ ਵਿਚੋਂ ਲਈਆਂ 36,36,148 ਵੋਟਾਂ ਦੇ ਮੁਕਾਬਲੇ 2019 ਵਿਚ ਇਨ੍ਹਾਂ ਹੀ ਦਸ ਹਲਕਿਆਂ ਵਿਚੋਂ 37,75,923 ਵੋਟਾਂ ਹਾਸਲ ਕੀਤੀਆਂ ਹਨ, ਜੋ 2014 ਨਾਲੋਂ 139775 ਵੱਧ ਹਨ। ‘ਆਪ’ ਨੂੰ 2014 ਵਿਚ ਇਨ੍ਹਾਂ ਹਲਕਿਆਂ ਵਿਚੋਂ ਮਿਲੀਆਂ ਵੋਟਾਂ 2019 ਵਿਚ ਕਾਫੀ ਘੱਟ ਗਈਆਂ ਹਨ।
ਅੰਕੜਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੇ 2014 ‘ਚ ਪਟਿਆਲਾ ਤੋਂ 3,40,109, ਖਡੂਰ ਸਾਹਿਬ ਤੋਂ 4,67,332, ਜਲੰਧਰ ਤੋਂ 3,09,498, ਸ੍ਰੀ ਆਨੰਦਪੁਰ ਸਾਹਿਬ ਤੋਂ 3,47,394, ਲੁਧਿਆਣਾ ਤੋਂ 2,56,590, ਸ੍ਰੀ ਫਤਿਹਗੜ੍ਹ ਸਾਹਿਬ ਤੋਂ 3,12,815, ਫਰੀਦਕੋਟ ਤੋਂ 2,78,235, ਫਿਰੋਜ਼ਪੁਰ ਤੋਂ 4,87,932, ਬਠਿੰਡਾ ਤੋਂ 5,14,727 ਅਤੇ ਸੰਗਰੂਰ ਤੋਂ 3,21,516 ਵੋਟਾਂ ਹਾਸਲ ਕੀਤੀਆਂ ਸਨ, ਜਦੋਂਕਿ ਇਸ ਵਾਰ 2019 ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਪਟਿਆਲਾ ਤੋਂ 3,69,309, ਸੰਗਰੂਰ ਤੋਂ 2,63,429 ਬਠਿੰਡਾ ਤੋਂ 4,92,824, ਫਿਰੋਜ਼ਪੁਰ ਤੋਂ 6,33,427, ਫਰੀਦਕੋਟ ਤੋਂ 3,34,674, ਸ੍ਰੀ ਆਨੰਦਪੁਰ ਸਾਹਿਬ ਤੋਂ 3,81,161, ਖਡੂਰ ਸਾਹਿਬ ਤੋਂ 3,17,690, ਲੁਧਿਆਣਾ ਤੋਂ 2,99,435, ਜਲੰਧਰ ਤੋਂ 3,66,221 ਅਤੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ 3,17,753 ਵੋਟਾਂ ਹਾਸਲ ਕੀਤੀਆਂ ਹਨ।
ਇਸ ਤੋਂ ਸਪਸ਼ਟ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਵਿਚਲੇ ਆਧਾਰ ਨੂੰ ਕੋਈ ਫਰਕ ਨਹੀਂ ਪਿਆ। ਸਿਆਸੀ ਮਾਹਿਰ ਕਹਿ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀਆਂ ਦੀ ਬੇਰੁਖੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਵੋਟਾਂ ਦੀ ਵੱਧ ਰਹੀ ਗਿਣਤੀ ਇਸ ਦੇ ਉਲਟ ਸੰਕੇਤ ਦੇ ਰਹੀ ਹੈ। ਇਨ੍ਹਾਂ 10 ਹਲਕਿਆਂ ਵਿਚ ਕਾਂਗਰਸ ਦੀ ਵੋਟ ਵਧੀ ਹੈ। 2014 ਵਿਚ ਕਾਂਗਰਸ ਦੀ ਵੋਟ 34,13,752 ਸੀ ਜਦੋਂਕਿ 2019 ਵਿਚ 43,29,135 ਵੋਟ ਮਿਲੀ ਹੈ, ਜੋ 2014 ਨਾਲੋਂ 9,15,383 ਵੋਟਾਂ ਵੱਧ ਹਨ।
_______________________
ਬਰਗਾੜੀ ਮੋਰਚੇ ਵਾਲਿਆਂ ਨੂੰ ਲੋਕਾਂ ਨੇ ਨਕਾਰਿਆ: ਸੁਖਬੀਰ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਸੰਸਦੀ ਚੋਣਾਂ ਵਿਚ ਬਰਗਾੜੀ ਮੋਰਚੇ ਵਾਲਿਆਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਹਾਲਾਂਕਿ ਇਸ ਵਾਰ ਉਨ੍ਹਾਂ ਬਾਦਲ ਪਰਿਵਾਰ ਨੂੰ ਹਰਾਉਣ ਦਾ ਏਜੰਡਾ ਬਣਾਇਆ ਹੋਇਆ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਬਰਗਾੜੀ ਮੋਰਚੇ ਦੇ ਪ੍ਰਬੰਧਕਾਂ ਨੇ ਬਾਦਲ ਪਰਿਵਾਰ ਨੂੰ ਹਰਾਉਣ ਲਈ ਫਿਰੋਜ਼ਪੁਰ ਅਤੇ ਬਠਿੰਡਾ ਲੋਕ ਸਭਾ ਹਲਕੇ ਦੇ ਪਿੰਡਾਂ ਵਿਚ ਜਾ ਕੇ ਪ੍ਰਚਾਰ ਕੀਤਾ ਤੇ ਹਰਾਉਣ ਲਈ ਪੂਰੀ ਤਾਕਤ ਲਾਈ ਹੈ ਪਰ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ। ਕਾਂਗਰਸ ਦੀ ਕਾਰਗੁਜ਼ਾਰੀ ਬਾਰੇ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਪੂਰੇ ਦੇਸ਼ ਵਿਚ ਇਸ ਵਾਰ ਕਾਂਗਰਸ ਦਾ ਭੋਗ ਪੈ ਗਿਆ ਹੈ।