ਨਸ਼ਿਆਂ ਦੀਆਂ ਬਰੂਹਾਂ ‘ਤੇ ਬੈਠਾ ਪੰਜਾਬ

ਗੁਲਜ਼ਾਰ ਸਿੰਘ ਸੰਧੂ
ਪੰਜਾਬ ਅਤੇ ਇਸ ਦੇ ਗੁਵਾਂਢੀ ਰਾਜਾਂ ਵਿਚ ਨਸ਼ੇ ਤੇ ਨਸ਼ਿਆਂ ਦੀ ਤਸਕਰੀ ਅਤੇ ਉਨ੍ਹਾਂ ਤੋਂ ਉਪਜੀਆਂ ਕਰਤੂਤਾਂ ਦੇ ਕਿੱਸੇ ਜ਼ੋਰਾਂ ‘ਤੇ ਹਨ। ਰੈਸਟੋਰੈਂਟ, ਰਿਜ਼ਾਰਟ, ਪੁਲਿਸ ਨਾਕੇ ਤੇ ਆਮ ਸੜਕਾਂ ਇਸ ਧੰਦੇ ਦੀ ਲਪੇਟ ਵਿਚ ਆ ਚੁੱਕੇ ਹਨ। ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀ ਵੀ। ਨਸ਼ਿਆਂ ਦੇ ਪ੍ਰਭਾਵ ਥੱਲੇ ਕਤਲ, ਡਾਕੇ, ਚੋਰੀਆਂ ਤੇ ਬਲਾਤਕਾਰ ਹੋ ਰਹੇ ਹਨ। ਮਾੜੀ ਗੱਲ ਇਹ ਹੈ ਕਿ ਇਨ੍ਹਾਂ ਨਸ਼ਿਆਂ ਦੀ ਤਾਰ ਗੁਆਂਢੀ ਦੇਸ਼ ਪਾਕਿਸਤਾਨ ਨਾਲ ਜਾ ਜੁੜਦੀ ਹੈ। ਮੰਨਿਆ ਜਾਂਦਾ ਹੈ ਕਿ ਇਹ ਸਭ ਕੁਝ ਪੰਜਾਬ ਦੀ ਜਵਾਨੀ ਨੂੰ ਕਮਜ਼ੋਰ ਕਰਨ ਲਈ ਕੀਤਾ ਜਾ ਰਿਹਾ ਹੈ।
ਇਸ ਦੀ ਰੋਕਥਾਮ ਮਿਸ਼ਨਰੀ ਢੰਗ ਤਰੀਕਿਆਂ ਨਾਲ ਕਰਨ ਦੀ ਲੋੜ ਹੈ। ਭਾਰਤੀ ਤਸਕਰਾਂ ਦੀਆਂ ਮੁੱਠੀਆਂ ਗਰਮਾਉਣ ਵਾਲੇ ਸੀਮਾ ਪਾਰ ਦੇ ਤਸਕਰ ਇਹ ਸਭ ਕੁਝ ਸਾਡੀ ਖੁਸ਼ਹਾਲੀ ਲਈ ਨਹੀਂ ਕਰ ਰਹੇ। ਉਨ੍ਹਾਂ ਦਾ ਅੰਦਰਲਾ ਸਾਨੂੰ ਹਰ ਪੱਖ ਤੋਂ ਕਮਜ਼ੋਰ ਦੇਖਣਾ ਚਾਹੁੰਦਾ ਹੈ। ਉਨ੍ਹਾਂ ਕੋਲ ਸੀਮਾਵਰਤੀ ਲੜਾਈਆਂ ਵਿਚ ਹੋਈਆਂ ਹਾਰਾਂ ਦਾ ਬਦਲਾ ਲੈਣ ਦਾ ਹੋਰ ਕੋਈ ਰਾਹ ਵੀ ਨਹੀਂ। ਸਾਨੂੰ ਉਨ੍ਹਾਂ ਦੀਆਂ ਇਨ੍ਹਾਂ ਚਾਲਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਬੀਤੇ ਵਰ੍ਹੇ ਵਿਚ 288 ਕਿਲੋਗ੍ਰਾਮ ਹੈਰੋਇਨ ਫੜਨ ਵਾਲੀ ਸਾਡੀ ਬੀ ਐਸ ਐਫ ਨੇ ਇਸ ਵਰ੍ਹੇ ਪਹਿਲੇ ਸਾਢੇ ਤਿੰਨ ਮਹੀਨਿਆਂ ਵਿਚ ਹੀ 145 ਕਿਲੋ ਹੈਰੋਇਨ ਫੜੀ ਹੈ। ਖੇਮਕਰਨ ਸੈਕਟਰ ਦੇ ਦੋ ਵੱਖ ਵੱਖ ਪਿੱਲਰਾਂ ਕੋਲੋਂ 30+20 ਕਿਲੋ ਹੈਰੋਇਨ ਫੜਨਾ ਤਾਂ ਹਾਲੇ ਕੱਲ੍ਹ ਦੀ ਗੱਲ ਹੈ। ਉਨ੍ਹਾਂ ਦੇ ਉਧਰਲੀ ਧਰਤੀ ਉਤੇ ਸਾਫ਼ ਬੱਚ ਨਿਕਲਣ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨੀ ਰੇਂਜਰਜ਼ ਉਨ੍ਹਾਂ ਦੀ ਅਜਿਹੀ ਕਾਰਵਾਈ ਨੂੰ ਅਣਡਿੱਠ ਹੀ ਨਹੀਂ ਕਰਦੇ ਸਗੋਂ ਸ਼ਹਿ ਵੀ ਦਿੰਦੇ ਹਨ। ਉਥੋਂ ਦੀ ਖੁਫੀਆਂ ਏਜੰਸੀ ਉਨ੍ਹਾਂ ਨਾਲ ਮਿਲੀ ਹੋਈ ਹੈ। ਉਨ੍ਹਾਂ ਦਾ ਪਿੱਛੇ ਰਹਿ ਗਿਆ ਵੋਡਾਫੋਨ ਵਾਲਿਆਂ ਦਾ ਸਿੰਮ ਕਾਰਡ ਪੁਸ਼ਟੀ ਕਰਦਾ ਹੈ ਕਿ ਸਾਡੇ ਤਸਕਰਾਂ ਨਾਲ ਹਰ ਤਰ੍ਹਾਂ ਦਾ ਸੰਪਰਕ ਬਣਾਈ ਰਖਦੇ ਹਨ। ਹੈਰੋਇਨ ਨੂੰ ਓਧਰੋਂ ਏਧਰ ਧਕਣ ਲਈ 12-15 ਫੁੱਟ ਦੀਆਂ ਪਾਈਪਾਂ ਵਰਤੀਆਂ ਜਾਂਦੀਆਂ ਹਨ ਜਿਨ੍ਹਾਂ ਰਾਹੀਂ ਹੈਰੋਇਨ ਦੀਆਂ ਥੈਲੀਆਂ ਸਰਹੱਦ ਦੇ ਇਸ ਪਾਰ ਖਿਸਕਾ ਦਿੱਤੀਆਂ ਜਾਂਦੀਆਂ ਹਨ।
ਪਿਛਲੇ ਸਾਲ ਸੌ ਕਿਲੋ ਦੀ ਵੱਡੀ ਖੇਪ ਮਾਲ ਗੱਡੀ ਰਾਹੀਂ ਭੇਜੀ ਜਾਂਦੀ ਫੜੀ ਗਈ ਸੀ। ਸਾਡੀ 553 ਕਿਲੋਮੀਟਰ ਲੰਮੀ ਪਾਕਿਸਤਾਨ ਨਾਲ ਲੱਗਦੀ ਹੱਦ ਬਹੁਤ ਪਹਿਲਾਂ ਤੋਂ ਤਸਕਰਾਂ ਦਾ ਮਾਰਗ ਰਹੀ ਹੈ ਪਰ ਉਨ੍ਹਾਂ ਵਲੋਂ ਵਰਤੇ ਜਾਂਦੇ ਗੋਲਾ ਬਾਰੂਦ ਦੀ ਸੱਜਰੀ ਦਲੇਰੀ ਨੇ ਸਾਡੇ ਸੀਮਾ ਦਲਾਂ ਨੂੰ ਗਸ਼ਤ ਵਧਾਉਣ, ਕੈਮਰੇ ਲਾਉਣ, ਤੂਫਾਨੀ ਚਾਨਣ ਦਾ ਪ੍ਰਬੰਧ ਕਰਨ, ਨਦੀ ਦੇ ਪਤਣ ਨੂੰ ਸਾਂਭਣ ਅਤੇ ਆਪਣੀਆਂ ਸੁਰੱਖਿਆ ਫੋਰਸਾਂ ਵਿਚ ਵਾਧਾ ਕਰਨ ਲਈ ਮਜਬੂਰ ਕਰ ਦਿੱਤਾ ਹੈ। 553 ਕਿਲੋਮੀਟਰ ਲੰਮੀ ਇਹ ਹੱਦ ਪੂਰੇ ਦੇਸ਼ ਵਿਚ ਆ ਰਹੀ ਹੈਰੋਇਨ ਦੀ ਤਿੰਨ ਚੁਥਾਈ ਮਾਤਰਾ ਲਈ ਜ਼ਿੰਮੇਵਾਰ ਪਾਈ ਗਈ ਹੈ।
ਸਾਡੇ ਸੁਰੱਖਿਆ ਦਲ ਆਪਣੇ ਕੰਮ ਦੀ ਜ਼ਿੰਮੇਵਾਰੀ ਸਮਝ ਰਹੇ ਹਨ। ਸਾਡੇ ਕੋਲ ਗੁਰਪ੍ਰੀਤ ਸਿੰਘ ਤੂਰ ਵਰਗੇ ਪੜ੍ਹੇ ਲਿਖੇ ਅਧਿਕਾਰੀ ਵੀ ਹਨ ਜਿਹੜੇ ‘ਸੰਭਲੋ ਪੰਜਾਬ’ ਤੇ ‘ਜੀਵੇ ਜਵਾਨੀ’ ਵਰਗੀਆਂ ਪੜ੍ਹਨਯੋਗ ਪੁਸਤਕਾਂ ਲਿਖ ਕੇ ਪੰਜਾਬੀਆਂ ਨੂੰ ਜਾਗ੍ਰਿਤ ਕਰ ਰਹੇ ਹਨ। ਉਨ੍ਹਾਂ ਨੇ ਸਰਹੱਦੀ ਇਲਾਕਿਆਂ ਵਿਚ ਸਮਾਏ ਨਸ਼ਿਆਂ ਦੇ ਕੋਹੜ ਉਤੋਂ ਪਰਦਾ ਚੁੱਕਿਆ ਹੈ। ਉਨ੍ਹਾਂ ਭੱਦਰ ਪੁਰਸ਼ਾਂ ਨੂੰ ਵੀ ਵੰਗਾਰਿਆ ਹੈ ਜਿਹੜੇ ਇਸ ਬਾਰੇ ਚੁੱਪ ਧਾਰੀ ਬੈਠੇ ਹਨ, ਖਾਸ ਕਰਕੇ ਵਿਆਹ ਸ਼ਾਦੀ ਸਮੇਂ ਲਗਦੀ ਨਸ਼ਿਆਂ ਦੀ ਸ਼ਬੀਲ ਦੇਖਦੇ ਸਮੇਂ। ਸਿਆਣੇ ਤੋਂ ਸਿਆਣੇ ਲੋਕ ਉਸ ਬਰਤਨ ਤੋਂ ਸ਼ਰਾਬ ਦੇ ਗਲਾਸ ਭਰਦੇ ਵੇਖੇ ਗਏ ਹਨ ਜਿਥੋਂ ਸਕੂਲਾਂ ਵਿਚ ਪੜ੍ਹਦੇ ਨੌਜਵਾਨ ਤੇ ਗੱਭਰੂ ਪਾਣੀ ਪੀਂਦੇ ਹਨ।
ਸੀਮਾ ਪਾਰ ਤੋਂ ਆ ਰਹੀ ਹੈਰੋਇਨ ਦਾ ਮੁਢ ਵੀ ਅੰਗਰੇਜ਼ੀ ਤੇ ਦੇਸੀ ਸ਼ਰਾਬ ਦੇ ਠੇਕਿਆਂ ਤੇ ਘਰ ਦੀ ਕੱਢੀ ਸ਼ਰਾਬ ਨੇ ਹੀ ਬੰਨ੍ਹਿਆ ਹੈ। ਮੀਡੀਆ ਨੂੰ ਚਾਹੀਦਾ ਹੈ ਕਿ ਤੂਰ ਵਰਗੇ ਸਿਆਣਿਆਂ ਤੋਂ ਅਜਿਹੇ ਲੇਖਾਂ ਦੀ ਮੰਗ ਕਰਨ ਜਿਹੋ ਜਿਹੇ ਉਹ ਪੁਸਤਕਾਂ ਵਿਚ ਛਾਪਦੇ ਹਨ। ਹੈਰੋਇਨ ਦੀ ਤਸਕਰੀ ਤੋਂ ਅਮੀਰ ਹੋਣ ਵਾਲਿਆਂ ਉਤੇ ਸ਼ਿਕੰਜਾ ਕਸਣ ਨਾਲੋਂ ਉਨ੍ਹਾਂ ਨੂੰ ਪ੍ਰੇਰਨਾ ਵਧੇਰੇ ਜ਼ਰੂਰੀ ਹੈ। ਇਹ ਕੰਮ ਮੀਡੀਆ ਹੀ ਕਰ ਸਕਦਾ ਹੈ।
ਸਾਰਕ ਵਾਸੀਓ ਤੁਸੀਂ ਗੰਵਾਰ ਹੋ
ਇਹ ਮੱਤ ਮੇਰਾ ਨਹੀਂ, ਰੀਡਰਜ਼ ਡਾਈਜੈਸਟ ਲੰਡਨ ਦਾ ਹੈ। ਇਸ ਦੀ ਐਟਲਸ ਦਾ 1997 ਵਾਲਾ ਐਡੀਸ਼ਨ ਦੁਨੀਆਂ ਭਰ ਦੇ ਸ਼ਹਿਰੀ ਖੇਤਰਾਂ ਨੂੰ ਗੂੜ੍ਹੇ ਪੀਲੇ ਰੰਗ ਵਿਚ ਦਿਖਾਉਂਦਾ ਹੈ। ਜਿੱਥੇ ਯੂਰਪ, ਅਮਰੀਕਾ ਤੇ ਕੈਨੇਡਾ ਵਿਚ ਇਸ ਰੰਗ ਦੇ ਟੁਕੜਿਆਂ ਤੇ ਦਾਗਾਂ ਦਾ ਅੰਤ ਹੀ ਨਹੀਂ ਆਪਣੇ ਆਪ ਨੂੰ ਸਾਰਕ ਕਹਿਣ ਵਾਲੇ ਦੇਸ਼ਾਂ ਵਿਚ ਇਹ ਰੰਗ ਨਾ ਹੋਣ ਬਰਾਬਰ ਹੈ। ਭਾਰਤ ਦੇ ਨਾਲ ਲਗਦੇ ਪਾਕਿਸਤਾਨ, ਬੰਗਲਾ ਦੇਸ਼, ਨੇਪਾਲ, ਭੁਟਾਨ, ਸ੍ਰੀਲੰਕਾ ਤੇ ਮਾਲਦੀਵ ਵਿਚ ਤਾਂ ਇਸ ਰੰਗ ਦਾ ਨਾਂ ਤੇ ਨਿਸ਼ਾਨ ਹੀ ਨਹੀਂ। ਪਿੱਛੋਂ ਆ ਕੇ ਏਸ ਜੁੰਡਲੀ ਵਿਚ ਸ਼ਾਮਲ ਹੋਏ ਅਫ਼ਗਾਨਿਸਤਾਨ ਦਾ ਵੀ ਨਹੀਂ। ਕੇਵਲ ਭਾਰਤ ਹੀ ਹੈ ਜਿਸ ਦੇ ਨਵੀਂ ਦਿੱਲੀ ਅਤੇ ਕਲਕੱਤਾ ਉਤੇ ਇਹ ਰੰਗ ਨੁਕਤੇ ਸਮਾਨ ਹੈ ਤੇ ਉਹ ਵੀ ਨੀਝ ਲਾ ਕੇ ਲੱਭਦਾ ਹੈ। ਬਹੁਤ ਫੜ੍ਹਾਂ ਮਾਰਨ ਵਾਲੇ ਮੁੰਬਈ ਤੇ ਚੇਨਈ ਵੀ ਸ਼ਹਿਰ ਨਹੀਂ ਮੰਨੇ ਗਏ। ਪਾਕਿਸਤਾਨ ਦੇ ਕਰਾਚੀ ਤੇ ਲਾਹੌਰ ਅਤੇ ਸ੍ਰੀਲੰਕਾ ਦੇ ਕੋਲੰਬੋ ਦਾ ਵੀ ਇਹੀਓ ਹਾਲ ਹੈ। ਰੀਡਰਜ਼ ਡਾਇਜੈਸਟ ਬਰਤਾਨੀਆ ਦਾ ਪ੍ਰਕਾਸ਼ਨ ਹੈ। ਉਨ੍ਹਾਂ ਲਈ ਕਲਕੱਤਾ ਅਤੇ ਨਵੀਂ ਦਿੱਲੀ ਹੀ ਸ਼ਹਿਰੀ ਹਨ ਕਿਉਂਕਿ ਇਨ੍ਹਾਂ ਨੂੰ ਅੰਗਰੇਜ਼ ਹਾਕਮਾਂ ਦੀ ਤਾਜਦਾਰੀ ਸ਼ਹਿ ਪ੍ਰਾਪਤ ਹੈ।
ਆਪਣੀ ਸਭਿਅਤਾ ਤੇ ਸਭਿਆਚਾਰ ਦੀ ਸ਼ੇਖੀ ਮਾਰਨ ਵਾਲੇ ਸਾਰਕ ਵਾਸੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅੰਗਰੇਜ਼ਾਂ ਦੀ ਨਜ਼ਰ ਵਿਚ ਉਹ ਅਜੇ ਵੀ ਪੇਂਡੂ ਹਨ। ਇਹ ਦੱਸਣ ਦੀ ਲੋੜ ਨਹੀਂ ਕਿ ਪੇਂਡੂਆਂ ਵਾਸਤੇ ਗੰਵਾਰ ਸ਼ਬਦ ਦੀ ਵਰਤੋਂ ਜਨਮ ਜਨਮਾਂਤਰਾਂ ਤੋਂ ਹੁੰਦੀ ਆ ਰਹੀ ਹੈ। ਰੀਡਰਜ਼ ਡਾਈਜੈਸਟ ਨੇ 1997 ਵਿਚ ਇਸ ਉਤੇ ਨਵੀਂ ਮੋਹਰ ਲਾਈ ਹੈ।
ਅੰਤਿਕਾ:
(ਲਖਵਿੰਦਰ ਜੌਹਲ ਦੇ ਦੋ ਸ਼ਿਅਰ)
ਅੱਖ ਦੇ ਅਸਮਾਨ ਅੰਦਰ
ਚਮਕਦੇ ਜੁਗਨੂੰ ਅਨੇਕ,
ਮਨ ‘ਚ ਸਾਗਰ ਤੋਂ ਵੀ ਗਹਿਰੀ
ਕਾਲੀ ਬੋਲੀ ਰਾਤ ਹੈ।
ਬਣ ਮਸੀਹੇ ਜ਼ਿੰਦਗੀ ਦੇ
ਆਏ ਸਨ ਜੋ ਧਰਤ ‘ਤੇ
ਜ਼ਹਿਰ ਘੋਲਣ ਆਪ ਖੂਹੀਂ
ਉਠ ਕੇ ਦੇਖੋ ਭਲਾ।

Be the first to comment

Leave a Reply

Your email address will not be published.