ਮੁਆਫੀ ਦਾ ਮਹਾਂਮੰਤਰ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ। ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਇਹ ਗੱਲ ਬਿਲਕੁਲ ਸਹੀ ਕਹੀ ਸੀ, “ਕੁਝ ਲੋਕ ਸ਼ਿਕਵੇ ਕਰਦਿਆਂ ਹੀ ਜ਼ਿੰਦਗੀ ਗੁਜਾਰ ਦਿੰਦੇ। ਉਨ੍ਹਾਂ ਦੇ ਪੱਲੇ ‘ਚ ਸ਼ਿਕਵਿਆਂ ਦਾ ਕੱਚਰਾ, ਪਰ ਜੋ ਹਿੰਮਤ, ਹੱਲਾਸ਼ੇਰੀ, ਹੱਠ ਅਤੇ ਹੌਂਸਲੇ ਨੂੰ ਯਾਰ ਬਣਾਉਂਦੇ ਉਨ੍ਹਾਂ ਦਾ ਨਸੀਬ ਬਣਦੀ ਜੀਵਨ-ਸੁਗੰਧੀ ਤੇ ਸੁਪਨ-ਸੁੰਦਰਤਾ।” ਇਨਸਾਨ ਜ਼ਿੰਦਗੀ ਵਿਚ ਹਜ਼ਾਰਾਂ ਗਲਤੀਆਂ ਕਰਦਾ ਹੈ, ਗਲਤੀ ਲਈ ਮੁਆਫੀ ਮੰਗਣ ਵਿਚ ਕੋਈ ਹਰਜ ਨਹੀਂ,

ਪਰ ਪੁਆੜਾ ਇਹ ਹੈ ਕਿ ਬਹੁਤਿਆਂ ਲਈ ਇਹ ਮੁਸ਼ਕਿਲ ਹੈ। ਹਥਲੇ ਲੇਖ ਵਿਚ ਡਾ. ਭੰਡਾਲ ਨੇ ਅਜਿਹੇ ਗੁਨਾਹਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਲਈ ਇਨਸਾਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ, ਪਰ ਮੰਗਦਾ ਨਹੀਂ। ਮੁਆਫੀ ਮੰਗਣ ਲਈ ਹੌਂਸਲੇ ਅਤੇ ਦਿਲ-ਗੁਰਦੇ ਦੀ ਲੋੜ। ਪਾਪੀ ਕੋਲੋਂ ਕਦੇ ਵੀ ਮੁਆਫੀ ਮੰਗਣ ਦੀ ਤਵੱਕੋਂ ਨਹੀਂ ਕੀਤੀ ਜਾ ਸਕਦੀ। ਰਹਿਮ-ਦਿਲ ਲੋਕ ਮੁਆਫੀ ਮੰਗਣ ਅਤੇ ਮੁਆਫ ਕਰਨ ਵਿਚ ਪਹਿਲ ਕਰਦੇ। ਡਾ. ਭੰਡਾਲ ਆਖਦੇ ਹਨ, “ਮੁਆਫੀ ਨਾਲ ਕੋਈ ਛੋਟਾ ਨਹੀਂ ਹੁੰਦਾ ਸਗੋਂ ਵੱਡਾ ਹੁੰਦਾ। ਉਸ ਦੀ ਮਹਾਨਤਾ ਹੋਰ ਵਧਦੀ। ਬੰਦਿਆਈ ਅਤੇ ਭਲਿਆਈ ਨੂੰ ਨਵੀਂ ਉਡਾਣ ਮਿਲਦੀ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਮੁਆਫੀ, ਅਣਚਾਣੇ ‘ਚ ਹੋਈਆਂ ਭੁੱਲਾਂ, ਕੋਤਾਹੀਆਂ ਅਤੇ ਕਰਤੂਤਾਂ ਲਈ ਪਛਤਾਵਾ। ਕੀਤੇ ਕੁਕਰਮ ਲਈ ਮਨ ਵਿਚ ਉਪਜੀ ਗਿਲਾਨੀ।
ਮੁਆਫੀ, ਬੇਧਿਆਨੀ ਵਿਚ ਬੋਲੇ ਬੋਲ, ਕਲਮ ਨਾਲ ਲਿਖੇ ਹਰਫਾਂ ਵਿਚਲੀ ਸ਼ਰਮਿੰਦਗੀ ਅਤੇ ਬੁਰਸ਼ ਨਾਲ ਵਾਹੀਆਂ ਲਕੀਰਾਂ ਕਾਰਨ ਕਿਸੇ ਦੇ ਮਨ ਨੂੰ ਪਹੁੰਚੀ ਠੇਸ ਲਈ ਭੁੱਲ ਬਖਸ਼ਾਉਣ ਦਾ ਉਦਮ।
ਮੁਆਫੀ, ਜਾਣ ਬੁੱਝ ਕੇ ਕੀਤੇ ਜੁਲਮ, ਲਾਏ ਜ਼ਖਮਾਂ ਅਤੇ ਭਾਵਨਾਵਾਂ ਨਾਲ ਕੀਤੇ ਖਿਲਵਾੜ ਕਾਰਨ ਮਨ-ਧਰਾਤਲ ‘ਤੇ ਜੰਮੀ ਕਾਲਖ ਨੂੰ ਲਾਹੁਣ ਦਾ ਕਰਮ।
ਮੁਆਫੀ, ਮਨ ਦੇ ਆਖੇ ਲੱਗ ਕੇ ਕੁਰਾਹੇ ਪਈ ਸੋਚ, ਕਮੀਨਗੀ ਵਿਚ ਉਲਝੇ ਹੱਥਾਂ ਦੀ ਕਾਰ ਜਾਂ ਮਾਨਸਿਕ ਉਲਾਰ ਦੀ ਸਿਹਤਮੰਦੀ ਵੰਨੀਂ ਪਲੇਠੀ ਅਰਦਾਸ।
ਮੁਆਫੀ, ਖੁਦ ਦੇ ਰੁਬਰੂ ਹੋਣ, ਖੁਦ ਵਿਚੋਂ ਖੁਦਗਰਜ਼ੀ ਨੂੰ ਮਿਟਾਉਣ ਅਤੇ ਆਪਣੇ ਆਪ ਨੂੰ ਪਾਉਣ ਵੰਨੀਂ ਪਹਿਲ-ਕਦਮੀ।
ਮੁਆਫੀ, ਆਪਾ, ਪਰਿਵਾਰ ਜਾਂ ਸਮਾਜ ਦੇ ਉਜਲੇ ਚਿਹਰੇ ਨੂੰ ਧੁਆਂਖਣ ਲਈ ਕੀਤੇ ਕੁਕਰਮਾਂ ਨੂੰ ਮੁੜ ਨਾ ਦੁਹਰਾਉਣ ਦਾ ਵਾਅਦਾ।
ਮੁਆਫੀ ਮੰਗਣ ਵਾਲੇ ਸੱਚੇ ਮਾਰਗ ‘ਤੇ ਤੁਰਨ ਦੇ ਚਾਹਵਾਨ ਅਤੇ ਮੁਆਫ ਕਰਨ ਵਾਲੇ ਬੀਤੇ ਨੂੰ ਭੁਲਾ ਕੇ ਅਗਾਂਹ ਬਾਰੇ ਸੋਚਣ ਤੇ ਨਵੀਆਂ ਤਰਜ਼ੀਹਾਂ ਲਈ ਨਵੀਆਂ ਤਰਕੀਬਾਂ ਘੜ੍ਹਨ ਲਈ ਉਤਾਵਲੇ।
ਮੁਆਫੀ ਸੱਚੇ ਦਿਲ ਤੇ ਪੂਰਨ ਸ਼ਰਧਾ ਨਾਲ ਮੰਗੀ ਜਾਵੇ ਤਾਂ ਜਖਮਾਂ ਦੇ ਦਾਗ ਵੀ ਧੋਤੇ ਜਾਂਦੇ। ਫਿਰ ਤੋਂ ਹੁੰਦੀ ਨਵੇਂ ਯੁੱਗ ਦੀ ਸ਼ੁਰੂਆਤ।
ਕਿਸੇ ਦੂਸਰੇ ਕੋਲੋਂ ਮੁਆਫੀ ਮੰਗਣ ਦੀ ਥਾਂ ਖੁਦ ਕੋਲੋਂ ਮੁਆਫੀ ਮੰਗਣ ਦੀ ਜਾਚ ਆ ਜਾਵੇ ਤਾਂ ਗਲਤੀ ਕਰਨ ਲੱਗਿਆਂ ਵੀ ਕਈ ਵਾਰ ਸੋਚਣਾ ਪੈਂਦਾ, ਤੇ ਗਲਤੀ ਹੋਣ ‘ਤੇ ਮੁਆਫੀ ਮੰਗਣ ਲੱਗਿਆਂ ਪਲ ਨਹੀਂ ਲੱਗਦਾ।
ਸਮੇਂ ਦੇ ਹਰ ਦੌਰ ਵਿਚ ਮਹਾਨ ਲੋਕ ਮੁਆਫੀ ਮੰਗਦੇ ਰਹੇ ਅਤੇ ਦਰਦਾਂ-ਮਾਰੇ ਉਨ੍ਹਾਂ ਨੂੰ ਮੁਆਫ ਵੀ ਕਰਦੇ ਰਹੇ, ਪਰ ਕਸ਼ਟਾਂ ਦੀ ਰੁੱਤ, ਜੁਲਮ ਦੀ ਹਨੇਰੀ ਅਤੇ ਮਨ ਦੀ ਅਵੱਗਿਆ ਵਿਚੋਂ ਉਪਜੀ ਜਹਾਲਤ, ਹਰ ਦੌਰ ਵਿਚ ਕੁਝ ਵਿਅਕਤੀਆਂ ਦੀ ਕੋਝੀ ਮਾਨਸਿਕਤਾ ਦਾ ਕੇਂਦਰ ਬਿੰਦੂ ਰਿਹਾ।
ਮੁਆਫੀ ਅਤੇ ਮਰਹਮ ਜਦ ਕਿਸੇ ਦੇ ਰਿਸਦੇ ਜਖਮਾਂ ਨੂੰ ਮਿਲਦੀ ਤਾਂ ਰਾਹਤ ਦਾ ਸੰਦੇਸ਼ ਮਨ ਜੂਹ ਨੂੰ ਸ਼ਾਂਤ ਕਰਦਾ। ਚੰਗੇਰਾ ਸੋਚਣ ਅਤੇ ਕਰਨ ਦੀ ਤਮੰਨਾ ਮਨ ‘ਚ ਪਨਪਦੀ।
ਮੁਆਫੀ ਮੰਗਣ ਲਈ ਹੌਂਸਲੇ ਅਤੇ ਦਿਲ-ਗੁਰਦੇ ਦੀ ਲੋੜ। ਪਾਪੀ ਕੋਲੋਂ ਕਦੇ ਵੀ ਮੁਆਫੀ ਮੰਗਣ ਦੀ ਤਵੱਕੋਂ ਨਹੀਂ ਕੀਤੀ ਜਾ ਸਕਦੀ। ਰਹਿਮ-ਦਿਲ ਲੋਕ ਮੁਆਫੀ ਮੰਗਣ ਅਤੇ ਮੁਆਫ ਕਰਨ ਵਿਚ ਪਹਿਲ ਕਰਦੇ।
ਸਮੇਂ ਦੀ ਬੀਹੀ ਵਿਚ ਜਖਮਾਂ, ਦਰਦਾਂ, ਖੁਦਕੁਸ਼ੀਆਂ, ਬੋਲ-ਆਰਾਂ ਨਾਲ ਭਰੀ ਮਾਨਸਿਕ ਪੀੜਾ ਗੂੰਜਦੀ। ਪਤਾ ਹੀ ਨਹੀਂ ਲੱਗਦਾ ਕਿ ਕੌਣ ਕਿਸ ਤੋਂ ਮੁਆਫੀ ਮੰਗੇ ਅਤੇ ਕੌਣ ਮੁਆਫ ਕਰੇ? ਗੰਧਲੇਪਣ ਨੂੰ ਤਾਂ ਦੂਰ ਕੀਤਾ ਜਾ ਸਕਦਾ ਪਰ ਜਦ ਚੌਗਿਰਦਾ ਹੀ ਗੰਧਲਾ ਅਤੇ ਬੋ ਮਾਰਨ ਲੱਗ ਪਵੇ ਤਾਂ ਕੋਈ ਕਿਥੋਂ ਸ਼ੁਰੂਆਤ ਕਰੇ?
ਮੁਆਫੀ ਤਾਂ ਦਰਿਆ ਤੋਂ ਵੀ ਮੰਗਣੀ ਬਣਦੀ ਜਿਸ ਦੇ ਅੰਮ੍ਰਿਤ ਵਰਗੇ ਪਾਣੀ ਜ਼ਹਿਰ ਬਣ ਕੇ ਮਨੁੱਖ ਦੀ ਝੋਲੀ ‘ਚ ਮੌਤ ਅਤੇ ਬਿਮਾਰੀਆਂ ਦਾ ਨਿਉਂਦਾ ਬਣ ਗਏ। ਮਨੁੱਖੀ ਕੋਤਾਹੀਆਂ ਨੇ ਦਰਿਆਵਾਂ ਨੂੰ ਬਰੇਤੇ ਬਣਾ ਦਿਤਾ। ਨਦੀਆਂ, ਨਾਲਿਆਂ, ਦਰਿਆਵਾਂ ਅਤੇ ਸਮੁੰਦਰਾਂ ਦੇ ਕੰਢਿਆਂ ਤੋਂ ਰੁੱਸ ਗਈ ਕਾਇਨਾਤ ਵੈਣ ਪਾਉਣ ਜੋਗੀ ਰਹਿ ਗਈ। ਕੋਈ ਨਹੀਂ ਸੁਣਦਾ, ਉਸ ਦੀ ਲੇਰ ਅਤੇ ਉਸ ਲਈ ਪੈ ਗਿਆ ਏ ਚੌਫੇਰੇ ਹਨੇਰ।
ਮੁਆਫੀ ਤਾਂ ਬਿਰਖਾਂ, ਤੀਲਾ ਤੀਲਾ ਹੋਏ ਆਲ੍ਹਣਿਆਂ ਅਤੇ ਵਿਸਰ ਚੁੱਕੀਆਂ ਮਜਲਸਾਂ ਤੋਂ ਕੌਣ ਮੰਗੇ? ਕਿਹੜਾ ਮਰ ਗਏ ਬੋਟਾਂ, ਹਵਾ ‘ਚ ਉਡਦੇ ਤੀਲਿਆਂ ਅਤੇ ਬਿਰਖੀ ਰੁੰਡ-ਮਰੁੰਡਤਾ ਅਤੇ ਪਸਰੀ ਸੁੰਨ ਨੂੰ ਮੁਖਾਤਬ ਹੋਵੇ? ਉਨ੍ਹਾਂ ਦੇ ਦਰਦ ‘ਚ ਪਸੀਜੇ ਅਤੇ ਮੁਆਫੀ ਦੇ ਨਾਲ ਨਾਲ ਉਨ੍ਹਾਂ ਦੇ ਪਰਤਣ ਲਈ ਕੋਈ ਹੀਲਾ ਤਾਂ ਕਰੇ। ਬਿਰਖ ਦੀ ਗਲਵੱਕੜੀ ‘ਚ ਬੀਤੇ ਚੁਕੇ ਪਲ ਵਾਪਸ ਪਰਤ ਸਕਣ ਅਤੇ ਬਿਰਖੀ ਆਭਾ ਨੂੰ ਸੰਤਾਪੀ ਹੋਣ ਦਾ ਸਰਾਪ ਨਾ ਮਿਲੇ। ਬਿਰਖ ਵੀ ਲੋਚਦਾ ਏ ਕਿ ਕੋਈ ਤਾਂ ਆਪਣੀਆਂ ਗਲਤੀਆਂ ਮੰਨੇ ਅਤੇ ਉਸ ਦੀ ਸਲਤਨਤ ਨੂੰ ਵਾਪਸ ਪਰਤਾਉਣ ਲਈ ਹੰਭਲਾ ਮਾਰੇ।
ਮੁਆਫੀ ਤਾਂ ਖੇਤਾਂ, ਖਾਲਾਂ ਤੇ ਖਲਿਆਣਾਂ ਤੋਂ ਵੀ ਮੰਗਣੀ ਪਊ ਜੋ ਜੀਵਨ ਵੰਡਣ ਦੀ ਰੁੱਤ ਨੂੰ ਵਿਸਾਰ ਕੇ, ਖੁਦਕੁਸ਼ੀਆਂ ਦੇ ਬੋਹਲ ਲਾਉਣ ਲੱਗ ਪਏ। ਉਨ੍ਹਾਂ ਦੀ ਜੂਹ ਵਿਚ ਜਦ ਜਿਉਣਾ ਮਰਨ ਨਾਲੋਂ ਔਖਾ ਹੋ ਜਾਵੇ ਤਾਂ ਇਸ ਲਈ ਕੌਣ ਜਿੰਮੇਵਾਰ? ਮਨੁੱਖੀ ਲਾਲਸਾ, ਭੋਖੜਾ ਅਤੇ ਕਾਹਲ ਨੂੰ ਮੁਆਫੀ ਤਾਂ ਮੰਗਣੀ ਹੀ ਪਵੇਗੀ। ਦੇਖਣਾ ਆ ਕਿ ਮਨੁੱਖੀ ਚੇਤਨਾ ਕਦੋਂ ਜਾਗਦੀ? ਉਸ ਦੇ ਮਨ ਵਿਚ ਅੰਨਦਾਤੇ ਪ੍ਰਤੀ ਦਰਦ ਕਦੋਂ ਪੈਦਾ ਹੁੰਦਾ ਅਤੇ ਉਹ ਦਰਦ ਦੀ ਦਵਾ ਲਈ ਕਿਹੜਾ ਤਰੱਦਦ ਕਰਦਾ?
ਮੁਆਫੀ ਤਾਂ ਕੰਜਕਾਂ ਖੁਆਉਣ ਵਾਲਿਆਂ ਨੂੰ ਸਭ ਤੋਂ ਪਹਿਲਾਂ ਮੰਗਣੀ ਚਾਹੀਦੀ ਆ, ਜੋ ਕੰਜਕ-ਪੂਜਾ ਦਾ ਅਡੰਬਰ ਰੱਚ ਅਤੇ ਅਣਜੰਮੀਆਂ ਧੀਆਂ ਨੂੰ ਕੁੱਖ ਵਿਚ ਕਤਲ ਕਰਨ ਲੱਗਿਆਂ ਅੱਖ ਵੀ ਨਹੀਂ ਭਰਦੇ। ਅਜਿਹੇ ਬੇਦਰਦੀ ਲੋਕਾਂ ਦੀ ਆਤਮਾ ਕਿਹੜੇ ਮੂੰਹ ਨਾਲ ਮੁਆਫੀ ਮੰਗਣ ਦਾ ਹੀਆ ਕਰੇ? ਸਗੋਂ ਉਹ ਤਾਂ ਚੂਲੀ ਭਰ ਪਾਣੀ ਵਿਚ ਡੁੱਬ ਮਰੇ ਤਾਂ ਕਿ ਬਚ ਗਿਆਂ ਦੇ ਮਸਤਕ ‘ਤੇ ਨਵਾਂ ਸੂਰਜ ਚੜ੍ਹੇ।
ਕੌਣ ਮੰਗੇਗਾ ਮੁਆਫੀ, ਜਾਬਰਾਂ ਵਲੋਂ ਕੀਤੇ ਮਾਸੂਮਾਂ ‘ਤੇ ਜੁਲਮਾਂ ਦੀ, ਮੁਗਲਾਂ ਵਲੋਂ ਕੀਤੇ ਕਤਲੋ-ਗਾਰਤ ਲਈ, ਜੱਲਿਆਂਵਾਲੇ ਬਾਗ ‘ਚ ਕੀਤੇ ਘਾਣ ਲਈ, ਕਾਲੇ ਪਾਣੀਆਂ ‘ਚ ਖੁਰ ਗਈਆਂ ਜਵਾਨੀਆਂ ਲਈ, ’47 ਤੋਂ ’84 ਤੀਕ ਹੋਈ ਨਸਲਕੁਸ਼ੀ ਲਈ, ਦੇਸੀ-ਵਿਦੇਸ਼ੀ ਸ਼ਾਸਕਾਂ ਵਲੋਂ ਨਵੀਂ ਸੋਚ ਦਾ ਚਿਰਾਗ ਬੁਝਾਉਣ ਲਈ ਅਤੇ ਕਾਲਖਾਂ ਬੀਜ ਕੇ ਹੌਕਿਆਂ ਦੀ ਫਸਲ ਉਗਾਉਣ ਵਾਲੇ ਮੌਸਮਾਂ ਲਈ, ਘਰਾਂ ਵਿਚ ਵਿੱਛੀਆਂ ਸੋਗ-ਸਫਾਂ ਲਈ, ਦਰਾਂ ‘ਚ ਪੁੱਤਰਾਂ ਨੂੰ ਉਡੀਕਦਿਆਂ ਕਬਰਾਂ ਬਣੀਆਂ ਮਾਂਵਾਂ ਲਈ, ਬਾਪ ਦੀ ਗਲ ਵਿਚ ਪਈ ਪੱਗ ਅਤੇ ਦਾੜੀ ਦੇ ਪੁੱਟੇ ਗਏ ਵਾਲਾਂ ਲਈ।
ਮੁਆਫੀ, ਮੁਆਫ ਕਰਨ ਯੋਗ ਗੁਨਾਹ ਲਈ ਹੁੰਦੀ, ਪਰ ਕਰੂਰ ਗੁਨਾਹਾਂ ਲਈ ਮੁਆਫੀ ਹਰਫ ਵੀ ਬੌਣਾ। ਕੋਈ ਨਵਾਂ ਸ਼ਬਦ ਲੱਭਣ ਦੀ ਜ਼ਰੂਰਤ।
ਮੁਆਫੀ ਤਾਂ ਉਨ੍ਹਾਂ ਮਾਸੂਮਾਂ ਤੋਂ ਵੀ ਮੰਗਣੀ ਚਾਹੀਦੀ ਜਿਨ੍ਹਾਂ ਦਾ ਫੱਟੀ ਬਸਤਾ ਹੰਝੂਆਂ ਵਿਚ ਭਿੱਜ ਗਿਆ, ਜਿਨ੍ਹਾਂ ਦੀਆਂ ਆਂਦਰਾਂ ਵਿਚੋਂ ਨਿਕਲਦੀ ਚੀਸ ਵਕਤ ਨੂੰ ਰੋਣ ਲਾਉਂਦੀ, ਜਿਨ੍ਹਾਂ ਦੇ ਨੈਣਾਂ ਵਿਚ ਦਮ ਤੋੜਦੇ ਸੁਪਨਿਆਂ ਦੀ ਚੀਸ ਹਵਾ ਨੂੰ ਸਿਸਕਣ ਲਾਉਂਦੀ, ਜਿਨ੍ਹਾਂ ਦੇ ਸਿਰ ‘ਤੇ ਕਾਨਿਆਂ ਦੀ ਕੁੱਲੀ ਵੀ ਜੁਲਮ ਦੀ ਹਨੇਰੀ ਉਡਾ ਕੇ ਲੈ ਗਈ ਅਤੇ ਜਿਨ੍ਹਾਂ ਦੇ ਵਿਹੜੇ ਨੂੰ ਮਿਲੀ ਏ ਅੰਬਰ ਦੀ ਛੱਤ ਤੇ ਧੁੱਪ ਦੀ ਕਾਤਰ ਵੀ ਦਰੀਂ ਲੰਘ ਆਉਣ ਤੋਂ ਸ਼ਰਮਾਉਂਦੀ ਆ।
ਮੁਆਫੀ ਤਾਂ ਉਨ੍ਹਾਂ ਕਲੀਆਂ ਤੋਂ ਵੀ ਮੰਗਣ ਦੀ ਲੋੜ ਏ, ਜਿਨ੍ਹਾਂ ਨੂੰ ਚੌਕਾਂ ਵਿਚ ਨਿਲਾਮ ਕੀਤਾ ਜਾਂਦਾ, ਜਿਨ੍ਹਾਂ ਦੀ ਰੰਗਲੀ ਦੁਨੀਆਂ ਉਜਾੜ ਬੀਆਬਾਨ ਬਣ ਗਈ, ਜਿਨ੍ਹਾਂ ਦੇ ਤਨ ਨੂੰ ਲੰਗਾਰ ਵੀ ਨਸੀਬ ਨਹੀਂ ਹੁੰਦੇ, ਜਿਨ੍ਹਾਂ ਦੀਆਂ ਆਸਾਂ ਤੇ ਉਮੀਦਾਂ ਨੂੰ ਬਘਿਆੜਾਂ ਨੇ ਨੋਚ ਲਿਆ ਅਤੇ ਜਿਨ੍ਹਾਂ ਦੀਆਂ ਬੁਰਕੀਆਂ ਦਾ ਸਵਾਦ ਮਨੁੱਖੀ ਦੈਂਤ ਨੂੰ ਪੈ ਗਿਆ ਏ।
ਮੁਆਫੀ ਤਾਂ ਸਭ ਤੋਂ ਪਹਿਲਾਂ ਉਸ ਸੋਚ ਤੋਂ ਮੰਗੀਏ, ਜਿਸ ਨੇ ਮਨੁੱਖ ਨੂੰ ਕੁਦਰਤ ਤੋਂ ਦੂਰ ਕੀਤਾ। ਜੀਵਨ ਦਾਨੀ ਦੇ ਨੈਣਾਂ ਵਿਚ ਖਾਰਾ ਪਾਣੀ ਧਰਿਆ ਤੇ ਜਿਉਂਦਾ ਮਨੁੱਖ ਮਰਿਆ। ਪੌਣ ਨੇ ਹਰਦਮ ਹੌਕਾ ਭਰਿਆ, ਆਪਣੇ ਹੀ ਹਿੱਸੇ ਦਾ ਸੂਰਜ ਠੰਢਾ ਕਰਿਆ, ਜਿਸ ਦੀ ਕੋਤਾਹੀ ਕਾਰਨ ਮਨੁੱਖ, ਮਨੁੱਖ ਹੱਥੋਂ ਹਾਰਿਆ। ਮਨੁੱਖ ਨੇ ਆਪਣੀ ਬਰਬਾਦੀ ਦਾ ਹੀ ਸਮਾਨ ਸੋਚ-ਜੂਹੇ ਧਰਿਆ, ਜਿਸ ਨੇ ਮੌਤ ਦਾ ਫਾਤਿਹਾ ਹੀ ਪੜ੍ਹਿਆ।
ਮੁਆਫੀ ਤਾਂ ਪੂਰਨਿਆਂ ਤੋਂ ਮੰਗਣ ਦੀ ਲੋੜ ਏ, ਜੋ ਬੇਵਾ ਹੋਏ ਤੋਤਲੇ ਬੋਲਾਂ ਅਤੇ ਮਲੂਕ ਹੱਥਾਂ ਦੀ ਛੋਹ ਲਈ ਤਰਸ ਗਏ। ਇਹ ਕੇਹੀ ਤਰੱਕੀ ਏ ਕਿ ਮਨੁੱਖ ਪਹਿਲਾਂ ਹਰਫਾਂ ਤੋਂ ਬੇਮੁੱਖ ਹੋਇਆ, ਕਿਤਾਬਾਂ ਦੇ ਵਰਕਿਆਂ ਦੀ ਥਾਂ ਡਿਜੀਟਲ ਵੰਨੀਂ ਤੁਰ ਪਿਆ, ਚਿੱਠੀਆਂ ਲਿਖਣ ਦੀ ਥਾਂ ਫੋਨ ਦਾ ਮੁਥਾਜ ਹੋ ਗਿਆ ਅਤੇ ਹੁਣ ਤਾਂ ਬੋਲਣ ਦੀ ਥਾਂ ਟੈਕਸਟ ਕਰਨ ਜੋਗਾ ਹੀ ਰਹਿ ਗਿਆ। ਕਿਥੋਂ ਆਵੇਗੀ ਬੋਲ-ਤਰਤੀਬ ਅਤੇ ਬੋਲਚਾਲ ਦਾ ਸਲੀਕਾ ਤੇ ਸੂਝ। ਇਕ ਦੂਜੇ ਪ੍ਰਤੀ ਅਦਬ। ਵਿਚਾਰਾਂ, ਭਾਵਾਂ ਅਤੇ ਭਾਵਨਾਵਾਂ ਦਾ ਦਾਨ-ਪ੍ਰਦਾਨ। ਸਾਹਮਣੇ ਵਾਲੇ ਦੇ ਦੀਦਿਆਂ ਵਿਚ ਝਾਕਣ ਤੇ ਉਨ੍ਹਾਂ ਨੂੰ ਪੜ੍ਹਨ ਦੀ ਜਾਚ। ਆਪਸੀ ਪਿਆਰ ਦਾ ਸਦੀਵੀ ਰਿਸ਼ਤਾ। ਬੋਲਣ ਦਾ ਸਬੱਬ। ਚਿੱਠੀਆਂ, ਡਾਇਰੀਆਂ ਵਿਚ ਹਰਫਾਂ ਸੰਗ ਵਰਕਿਆਂ ‘ਤੇ ਉਤਰਦੀ ਸੰਵੇਦਨਾ, ਸੋਗਮਈ ਰੁੱਤ ਨੂੰ ਪਿੰਡੇ ਤੇ ਹੰਢਾਉਂਦੀ, ਕਿਸੇ ਦਰਦਮੰਦ ਦੀ ਆਸ ਵਿਚ ਕੁਝ ਚੰਗੇਰਾ ਵਾਪਰਨ ਦੀ ਉਡੀਕ ਕਰ ਰਹੀ ਏ। ਦੇਖਣਾ ਇਹ ਹੈ ਕਿ ਕਿਹੜਾ ਮਰਦ ਅਗੰਮੜਾ ਸੂਖਮ ਸੰਵੇਦਨਾ ਦਾ ਹਿੱਸਾ ਬਣ, ਮੁਆਫੀਨਾਮੇ ਵਿਚੋਂ ਜਿAਣ-ਜੁਗਤ ਦੀ ਇਬਾਰਤ ਉਕਰਨ ਲਈ ਯੋਗ ਅਗਵਾਈ ਕਰਨ ਦਾ ਨਿਸਚਾ ਕਰੇਗਾ।
ਮੁਆਫੀ ਤਾਂ ਮੰਗ ਹੀ ਲਈ ਸੀ ਕਾਮਾਗਾਟਾ ਮਾਰੂ ਦੁਖਾਂਤ ਲਈ, ਮੂਲਵਾਸੀਆਂ ਨਾਲ ਹੋਏ ਭੈੜੇ ਸਲੂਕ, ਅਮਰੀਕਾ ਵਿਚ ਕਾਲਿਆਂ ਨਾਲ ਹੋਈ ਬਦਸਲੂਕੀ ਅਤੇ ਉਨ੍ਹਾਂ ‘ਤੇ ਢਾਹੇ ਤਸ਼ੱਦਦ ਲਈ। ਪਰ ਕੌਣ ਜੇਰਾ ਕਰੇਗਾ ’84 ਦੇ ਦੰਗਿਆਂ, ਗੁਜਰਾਤ ਦੇ ਫਸਾਦਾਂ, ਜੱਲਿਆਂਵਾਲੇ ਬਾਗ ਦੇ ਕਤਲੇਆਮ, ਯਹੂਦੀਆਂ ਦੀ ਗੈਸ ਚੈਂਬਰੀ ਸਮੂਹਕ ਮੌਤ, ਹੀਰੋਸ਼ੀਮਾ ਤੇ ਨਾਗਾਸਾਕੀ ਵਿਚ ਹੋਏ ਨਰ-ਸੰਘਾਰ, ਐਟਮ ਬੰਬ ਬਣਾਉਣ ਅਤੇ ਰਸਾਇਣਕ ਹਥਿਆਰਾਂ ਨਾਲ ਇਰਾਕ, ਸੀਰੀਆ, ਅਫਗਾਨਿਸਤਾਨ ਜਾਂ ਦੁਨੀਆਂ ਦੇ ਹੋਰ ਦੇਸ਼ਾਂ ਵਿਚ ਆਈ ਮੌਤ-ਸੁਨਾਮੀ ਲਈ ਮੁਆਫੀ ਮੰਗਣ ਦਾ। ਜਿਉਣ-ਜੋਦੜੀ ਹੈ ਦੁਨੀਆਂ ਨੂੰ ਕਬਰਾਂ, ਸ਼ਮਸਾਨਘਾਟਾਂ ਅਤੇ ਕੀਰਨਿਆਂ ਵਿਚ ਤਬਦੀਲ ਕਰਨ ਵਾਲੀ ਸੋਚ ਨੂੰ ਕੁਝ ਸੁਨਹਿਰੀ ਕਰਨ ਲਈ।
ਮੁਆਫੀ ਤਾਂ ਮੰਗ ਕੇ ਹੀ ਛੁਟਕਾਰਾ ਹੋਣਾ, ਸੁਹਜ ਸੰਵੇਦਨਾ ਤੋਂ ਦੂਰ ਜਾ ਰਹੀ ਮਨੁੱਖੀ ਸੋਚ ਨੂੰ ਜੋ ਭਾਵਨਾਵਾਂ ਤੋਂ ਕੋਰੀ, ਪੈਸੇ ਦੀ ਹੋੜ ਵਿਚ ਖੁਦ ਤੋਂ ਦੂਰ ਹੋਈ ਖੁਦ ਦੀ ਜਾਮਾ-ਤਲਾਸ਼ੀ ਵਿਚੋਂ ਖੋਟੇ ਪੈਸਿਆਂ ਦੀ ਭਾਨ ਭਾਲਦੀ, ਭਰਮ-ਭੁਲੇਖਿਆਂ ‘ਚ ਜਿਉਣ ਲਈ ਮਜਬੂਰ ਏ। ਕੋਮਲਤਾ, ਨਰਮਾਈ ਅਤੇ ਸੂਖਮਤਾ ਜਦ ਮਨਫੀ ਹੋ ਜਾਵੇ ਤਾਂ ਮਨੁੱਖ ਮਨੁੱਖ ਨਹੀਂ ਰਹਿੰਦਾ, ਸਿਰਫ ਇਕ ਰੋਬੋਟ ਹੁੰਦਾ।
ਮੁਆਫੀ, ਨਿਮਰ ਅਤੇ ਨਿਮਾਣਾ ਹੋ ਕੇ ਮੰਗੀ ਜਾਵੇ ਤਾਂ ਇਹ ਮਨ ਦੀਆਂ ਰੂਹਾਂ ਨੂੰ ਪਿਘਲਾ, ਮਨ ਦੀਆਂ ਬਰੂਹਾਂ ਵਿਚ ਸੁਹਾਵਣੇ ਸਮਿਆਂ ਦੀ ਦਸਤਕ ਬਣਦੀ।
ਮੁਆਫੀ ਤਾਂ ਬਜੁਰਗ ਮਾਪਿਆਂ ਤੋਂ ਸਭ ਤੋਂ ਪਹਿਲਾਂ ਮੰਗਣ ਦੀ ਲੋੜ, ਜੋ ਪਰਦੇਸੀ ਪੁੱਤਰ ਨੂੰ ਉਡੀਕਦਿਆਂ ਦਰਾਂ ‘ਚ ਜੰਮ ਚੁਕੇ ਅੱਥਰੂਆਂ ਦੀ ਅਉਧ ਹੰਢਾਉਂਦੇ, ਆਪਣਿਆਂ ਦੇ ਵਾਪਸ ਪਰਤਣ ਦੀ ਉਡੀਕ ਵਿਚ ਕਬਰ ਬਣਨ ਲਈ ਕਾਹਲੇ ਨੇ। ਘਰ ਤੋਂ ਵੀ ਮੁਆਫੀ ਚਾਹੀਦੀ ਏ, ਜਿਸ ਦੀਆਂ ਸੰਤਾਪੀਆਂ ਕੰਧਾਂ, ਚੁੱਪ ਵਿਚ ਰੁੰਨੀਆਂ, ਸੁੰਨ ‘ਚ ਜਿਉਣ ਲਈ ਮਜਬੂਰ ਨੇ। ਬੱਚਿਆਂ ਦੀਆਂ ਸ਼ਰਾਰਤਾਂ, ਹਾਸੋ-ਹੀਣੀਆਂ ਗੱਲਾਂ, ਤੋਤਲੇ ਬੋਲ ਜਦ ਘਰ ਵਿਚੋਂ ਮਨਫੀ ਹੋ ਜਾਣ ਤਾਂ ਘਰ ਕਿਵੇਂ ਜਿਉਣ ਦਾ ਆਹਰ ਕਰੇ? ਘਰ ਵਿਚ ਵੱਸਦਾ ਘਰ, ਘਰ ਵਾਲਿਆਂ ਦੇ ਹੱਥੀਂ ਮਰੇ ਅਤੇ ਘਰ ਲਈ ਦੁਆਵਾਂ ਦੀਆਂ ਲਿੱਲਕੜੀ ਲਵੇ।
ਮੁਆਫੀ ਤਾਂ ਉਨ੍ਹਾਂ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਤੋਂ ਮੰਗਣੀ ਪਵੇਗੀ, ਜਿਨ੍ਹਾਂ ਦਾ ਬਚਪਨ ਮਾਪਿਆਂ ਦੇ ਰੁਝੇਵਿਆਂ ਕਾਰਨ ਖੁਦਕੁਸ਼ੀ ਕਰ ਗਿਆ। ਮਾਪਿਆਂ ਦਾ ਸਾਥ ਅਤੇ ਉਨ੍ਹਾਂ ਦੀ ਸੰਗਤ ਵਿਚੋਂ ਮੋਹ-ਮਮਤਾ ਦੇ ਨਿਰਮਲ ਚਸ਼ਮੇ ਦੀ ਅਣਹੋਂਦ, ਉਨ੍ਹਾਂ ਦੀ ਸ਼ਖਸੀਅਤ ਸਿਉਂਕ ਗਈ। ਉਹ ਬੱਚੇ ਬੌਣੀ ਮਾਨਸਿਕਤਾ ਵਿਚ ਘਿਰੇ ਕਦੇ-ਕਦਾਈ ਨਸ਼ਿਆਂ, ਗੈਂਗ ਵਾਰ ਜਾਂ ਮੌਤ ਦੀ ਗਲਵਕੜੀ ਵਿਚੋਂ ਮੁਕਤੀ ਭਾਲਣ ਦੀ ਕਾਹਲ ਕਰਦੇ।
ਮੁਆਫੀ ਤਾਂ ਮੰਗਣੀ ਪੈਣੀ, ਬੇਤਰਤੀਬੀਆਂ ਤੇ ਬਦਨਸੀਬੀਆਂ ਦੀ, ਬਦਗੁਮਾਨੀ ਤੇ ਬੇਈਮਾਨੀ ਦੀ, ਬੇਧਰਮੀ ਤੇ ਬੇਸ਼ਰਮੀ ਦੀ, ਬਦਸ਼ਗਨੀ ਤੇ ਬਦਅਮਨੀ ਦੀ, ਬਦ-ਦੁਆ ਤੇ ਬਦ-ਹਵਾ ਦੀ, ਬਦਰੂਹਾਂ ਤੇ ਬਦਜੂਹਾਂ ਦੀ, ਬਦਨੀਤੀ ਤੇ ਕੁਰੀਤੀ ਦੀ, ਬੇ-ਗੈਰਤ ਤੇ ਬੇ-ਹੈਰਤ ਦੀ, ਬੁਰਾਈ ਤੇ ਬਦਖੋਈ ਦੀ, ਬਦਨਾਮੀ ਤੇ ਗੁੰਮਨਾਮੀ ਦੀ ਅਤੇ ਬਦਹਾਲੀ ਤੇ ਕੰਗਾਲੀ ਦੀ।
ਮੁਆਫੀ ਟੁੱਟੇ ਦਿਲਾਂ ਨੂੰ ਜੋੜਦੀ, ਰੁੱਸ ਕੇ ਦੂਰ ਤੁਰ ਗਿਆਂ ਨੂੰ ਵਾਪਸ ਮੋੜਦੀ। ਸੁਪਨਿਆਂ ਨੂੰ ਪਰ ਦਿੰਦੀ ਤੇ ਪੀੜਾ ਨੂੰ ਹਰ ਦਿੰਦੀ। ਤੀਲਿਆਂ ਨੂੰ ਆਲ੍ਹਣਾ ਬਣਨ ਦਾ ਹੁਨਰ ਅਤੇ ਪਰਿੰਦਿਆਂ ਨੂੰ ਪਰਵਾਜ਼ ਦਿੰਦੀ। ਗੂੰਗਿਆਂ ਲਈ ਅਵਾਜ਼ ਬਣਦੀ। ਖੂੰਡੀ ਕਾਨੀ ਨੂੰ ਫਿਰ ਤੋਂ ਕਲਮ ਬਣਨ ਲਈ ਪ੍ਰੇਰਦੀ ਅਤੇ ਮੁਸ਼ਕਿਲਾਂ ਦੇ ਕਾਫਲੇ ਨੂੰ ਰਾਹ ਵਿਚ ਘੇਰਦੀ।
ਮੁਆਫੀ ਨਾਲ ਕੋਈ ਛੋਟਾ ਨਹੀਂ ਹੁੰਦਾ ਸਗੋਂ ਵੱਡਾ ਹੁੰਦਾ। ਉਸ ਦੀ ਮਹਾਨਤਾ ਹੋਰ ਵਧਦੀ। ਬੰਦਿਆਈ ਅਤੇ ਭਲਿਆਈ ਨੂੰ ਨਵੀਂ ਉਡਾਣ ਮਿਲਦੀ।
ਮੁਆਫੀ ਤਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣਨ ਵਾਲਿਆਂ ਨੂੰ ਵੀ ਮੰਗਣ ਦੀ ਲੋੜ। ਪਰ ਇਸ ਤੋਂ ਜ਼ਿਆਦਾ ਮੁਆਫੀ ਉਨ੍ਹਾਂ ਲੋਕਾਂ ਨੂੰ ਮੰਗਣ ਦੀ ਲੋੜ, ਜਿਨ੍ਹਾਂ ਨੇ ਉਨ੍ਹਾਂ ਦੀ ਸ਼ਹਾਦਤ ਨਾਲ ਸਬੰਧਤ ਨਿਸ਼ਾਨੀਆਂ ਨੂੰ ਸੰਗਮਰਮਰੀ ਕਬਰਾਂ ਬਣਾ ਦਿਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਇਤਿਹਾਸਕ ਘਟਨਾ ‘ਤੇ ਪਰਦਾ ਪਾਉਣ ਤੇ ਅਸਲੀਅਤ ਤੋਂ ਕੋਰੇ ਰਹਿਣ ਲਈ ਕੋਹਝ ਕੀਤਾ।
ਮੁਆਫੀ ਮੰਗਣਾ, ਸਲੀਕਾ, ਸਦਾਕਤ, ਸੁਭਾਅ, ਸ਼ਿਸ਼ਟਾਚਾਰ, ਸਦਾਚਾਰ ਅਤੇ ਸਿਆਣਪ, ਜੋ ਮਨੁੱਖ ਨੂੰ ਇਨਸਾਨੀਅਤ ਦੇ ਰਾਹ ਤੋਰਦਾ।
ਕਈ ਵਾਰ ਮੁਆਫੀ ਮੰਗਣਾ ਸਭ ਤੋਂ ਔਖਾ, ਪਰ ਕਿਸੇ ਰਿਸ਼ਤੇ ਨੂੰ ਸਬੂਤਾ ਅਤੇ ਮੋਹ ਭਿੱਜਾ ਰੱਖਣ ਲਈ ਇਹ ਲਫਜ਼ ਸਭ ਤੋਂ ਸਸਤਾ ਅਤੇ ਸੌਖਾ। ਮੁਆਫੀ ਮੰਗ ਕੇ ਸਬੰਧਾਂ ਨੂੰ ਤਿੜਕਣ ਤੋਂ ਬਚਾਉਣਾ, ਸਭ ਤੋਂ ਅਸਾਨ ਅਤੇ ਸਸਤਾ।
ਮੁਆਫੀ ਸਿਰਫ ਸੰਪੂਰਨ ਮਨੁੱਖ ਹੀ ਨਹੀਂ ਮੰਗਦਾ ਕਿਉਂਕਿ ਉਹ ਕਦੇ ਵੀ ਗਲਤੀ ਨਹੀਂ ਕਰਦਾ, ਪਰ ਕੋਈ ਵੀ ਕਦੇ ਵੀ ਪੂਰਨ ਨਹੀਂ ਹੁੰਦਾ। ਸੋ ਜੀਵਨ ਦੇ ਕਿਸੇ ਵੀ ਮੋੜ ‘ਤੇ ਮੁਆਫੀ ਮੰਗਣੀ ਹੀ ਪੈਂਦੀ ਅਤੇ ਮੰਗ ਲੈਣੀ ਵੀ ਚਾਹੀਦੀ ਆ।
ਕੁਝ ਵੀ ਅਜਿਹਾ ਨਾ ਕਰੋ, ਜਿਸ ਤੋਂ ਬਾਅਦ ਪਛਤਾਉਣਾ ਪਵੇ ਅਤੇ ਮੁਆਫੀ ਮੰਗਣੀ ਪਵੇ। ਜੇ ਅਜਿਹਾ ਹੋ ਵੀ ਜਾਵੇ ਤਾਂ ਮੁਆਫੀ ਮੰਗਣ ਵਿਚ ਹਰਜ ਵੀ ਕੀ ਆ।
ਮੁਆਫ ਕਰੀਂ ਯਾਰਾ!
ਮੈਂ ਤੇਰੀਆਂ ਭਾਵਨਾਵਾਂ ਦੀ ਬੇਕਦਰੀ ਕੀਤੀ,
ਅਤੇ ਸਾਹਾਂ ਵਿਚ ਸਿਸਕੀਆਂ ਦੀ ਨੈਂਅ
ਖੁਦ ਦੇ ਨਾਮ ਕੀਤੀ।
ਮੁਆਫ ਕਰੀ ਨੀ ਮਾਏ!
ਤੇਰੀਆਂ ਆਸ ਤੇ ਉਮੀਦ ‘ਤੇ ਖਰਾ ਨਾ ਉਤਰਿਆ,
ਜੀਵਨ ਖਲਜਗਣਾਂ ਕਾਰਨ
ਤੇਰੀਆਂ ਦੁਆਵਾਂ ਤੋਂ ਵਾਂਝਾ ਹੀ ਰਹਿ ਗਿਆ।
ਮੁਆਫ ਕਰ ਦੇ ਬਾਪੂ!
ਐਵੇਂ ਕਾਹਤੋਂ ਗੁੱਸਾ ਕਰਦੈਂ,
ਤੂੰ ਤਾਂ ਮਾਂ ਤੋਂ ਬਾਅਦ ਮਾਂ ਬਣ ਕੇ
ਮੇਰੀ ਅਸੀਸ ਬਣਿਆ ਸੈਂ।
ਪੱਛਮੀ ਦੇਸ਼ਾਂ ਵਿਚ ਮੁਆਫੀ ਹਰੇਕ ਦੇ ਮੂੰਹ ‘ਤੇ ਤੈਰਦੀ। ਨਿੱਕੀ ਜਿਹੀ ਕੋਤਾਹੀ, ਗਲਤੀ ਖੁਨਾਮੀ ਜਾਂ ਅਣਜਾਣੇ ‘ਚ ਮਨ ਨੂੰ ਲੱਗੀ ਠੇਸ ਲਈ ਮੁਆਫੀ ਮੰਗਣ ਲੱਗਿਆਂ ਪਲ ਵੀ ਨਹੀਂ ਲਾਉਂਦੇ ਅਤੇ ਸੁ.ਕਰਗੁਜਾਰੀ, ਉਨ੍ਹਾਂ ਦੀ ਜੀਵਨੀ ਸੁੱਚਮ।
ਮੁਆਫੀ ਤਾਂ ਸਭ ਤੋਂ ਪਹਿਲਾਂ ਮਨੁੱਖ ਨੂੰ ਖੁਦ ਕੋਲੋਂ ਮੰਗਣ ਲਈ ਮਨੁੱਖ ਬਣਨ ਦੀ ਲੋੜ। ਇਸ ਲਈ ਸਭ ਤੋਂ ਪਹਿਲਾਂ ਖੁਦ ਦੀਆਂ ਕੁਤਾਹੀਆਂ, ਕਮੀਨਗੀਆਂ, ਕੋਹਜਾਂ ਅਤੇ ਕਰਤੂਤਾਂ ਦਾ ਪਰਦਾਫਾਸ਼ ਕਰਕੇ, ਇਸ ‘ਚੋਂ ਪਾਕ ਹੋ ਕੇ ਨਵੀਂ ਸ਼ੁਰੂਆਤ ਕਰਨ ਦੀ ਲੋੜ। ਇਸ ਦੀ ਪਹਿਲ ਤਾਂ ਖੁਦ ਹੀ ਕਰਨੀ ਪੈਣੀ ਆ।
ਚਲੋ ਪਹਿਲ ਤਾਂ ਕਰੀਏ!