ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਦੀ ਸਿਆਸਤ

ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਨਤੀਜੇ ਸਮੁੱਚੇ ਦੇਸ਼ ਨਾਲੋਂ ਵੱਖਰੇ ਰਹੇ ਹਨ। ਪਹਿਲਾਂ ਵੀ ਤਕਰੀਬਨ ਅਜਿਹਾ ਹੀ ਹੁੰਦਾ ਰਿਹਾ ਹੈ। ਗਹੁ ਨਾਲ ਵਿਚਾਰੀਏ ਤਾਂ ਇਸ ਦੇ ਇਕ ਨਹੀਂ, ਅਨੇਕ ਕਾਰਨ ਹਨ। ਉਂਜ, ਇਨ੍ਹਾਂ ਨਤੀਜਿਆਂ ਨਾਲ ਪੰਜਾਬ ਦੀ ਸਿਆਸਤ ਵਿਚੋਂ ਤੀਜੀ ਧਿਰ ਦਾ ਦਮ ਟੁੱਟ ਗਿਆ ਜਾਪਦਾ ਹੈ ਅਤੇ ਸਿਆਸਤ ਫਿਰ ਦੋ-ਧਿਰੀ ਢਾਂਚੇ ਵੱਲ ਵਧ ਗਈ ਦਿਸਦੀ ਹੈ। ਇਸ ਪੱਖ ਤੋਂ ਪੰਜਾਬ ਦੀ ਸਿਆਸਤ ਵਿਚ ਇਹ ਪਿਛਲਮੋੜਾ ਹੀ ਮੰਨਿਆ ਜਾਵੇਗਾ। ਤੀਜੀ ਧਿਰ ਦੀ ਆਮਦ ਵਿਚੋਂ ਸੂਬੇ ਵਿਚ ਨਵੀਂ ਸਿਆਸਤ ਦੀ ਆਸ ਬੱਝੀ ਸੀ ਜੋ ਫਿਲਹਾਲ ਪਿੱਛਾਂਹ ਛੁੱਟ ਗਈ ਹੈ। ਇਸ ਸਮੁੱਚੇ ਹਾਲਾਤ ਬਾਰੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਟਿੱਪਣੀ ਆਪਣੇ ਇਸ ਲੇਖ ਅੰਦਰ ਕੀਤੀ ਹੈ।

-ਸੰਪਾਦਕ

ਜਗਤਾਰ ਸਿੰਘ
ਫੋਨ: +91-97797-11201

ਪੰਜਾਬ ਦੀ ਧਾਰਮਿਕ-ਸਿਆਸੀ ਅਤੇ ਵੋਟ ਸਿਆਸਤ ਹਮੇਸ਼ਾ ਬਾਕੀ ਮੁਲਕ ਤੋਂ ਉਲਟ ਰਹੀ ਹੈ। ਇਸ ਪੱਖੋਂ ਹਾਲੀਆ ਲੋਕ ਸਭਾ ਚੋਣਾਂ ਵੀ ਵੱਖਰੀਆਂ ਨਹੀਂ। ਇਹ ਸਰਹੱਦੀ ਸੂਬਾ ਨਾ ਸਿਰਫ ਮੁਲਕ ਦੇ ਰੁਝਾਨ ਦੇ ਉਲਟ ਭੁਗਤਿਆ ਹੈ ਬਲਕਿ ਨਤੀਜੇ ਦਰਸਾ ਰਹੇ ਹਨ ਕਿ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਪਹਿਲੀ ਵਾਰੀ ਤਿੱਖੀ ਵਰਗ ਵੰਡ ਵੀ ਹੋਈ ਹੈ। ਇਸ ਨੇ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਤ ਕਰਨਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੀ ਪਤਨੀ ਹਰਸਿਮਰਤ ਕੌਰ ਬਾਦਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਭਖਵੇਂ ਮੁੱਦੇ ਦੇ ਬਾਵਜੂਦ ਜਿੱਤ ਗਏ ਹਨ। ਸੁਖਬੀਰ ਫਿਰੋਜ਼ਪੁਰ ਤੋਂ ਸੂਬੇ ਵਿਚੋਂ ਸਭ ਤੋਂ ਵੱਡੇ ਫਰਕ ਨਾਲ ਜਿੱਤਿਆ ਹੈ ਜਦੋਂ ਕਿ ਹਰਸਿਮਰਤ ਬਠਿੰਡੇ ਤੋਂ ਮਸਾਂ ਹੀ ਆਪਣੀ ਸੀਟ ਬਚਾ ਸਕੀ ਹੈ। ਬਾਕੀ ਸੀਟਾਂ ਉਤੇ ਉਨ੍ਹਾਂ ਦੀ ਪਾਰਟੀ ਪੂਰੀ ਤਰ੍ਹਾਂ ਹੂੰਝੀ ਗਈ ਹੈ। ਕਈ ਥਾਵਾਂ ਉਤੇ ਤਾਂ ਇਹ ਦੂਜਾ ਸਥਾਨ ਵੀ ਹਾਸਲ ਨਹੀਂ ਕਰ ਸਕੀ। ਅਕਾਲੀ ਦਲ ਦੀ ਸਹਿਯੋਗੀ ਪਾਰਟੀ ਭਾਜਪਾ ਨੇ ਤਿੰਨਾਂ ਵਿਚੋਂ ਦੋ ਸੀਟਾਂ ਜਿੱਤ ਕੇ ਬਿਹਤਰ ਕਾਰਗੁਜ਼ਾਰੀ ਦਿਖਾਈ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖਿਲਾਫ ਸਥਾਪਤੀ ਵਿਰੋਧੀ ਸੁਰਾਂ ਵੀ ਸੁਣਨ ਨੂੰ ਮਿਲਦੀਆਂ ਰਹੀਆਂ, ਫਿਰ ਵੀ ਕਾਂਗਰਸ ਨੇ ਸੂਬੇ ਦੀਆਂ 13 ਵਿਚੋਂ 8 ਸੀਟਾਂ ਜਿੱਤ ਲਈਆਂ। ਬਾਦਲ ਪਰਿਵਾਰ ਨੇ ਕਾਂਗਰਸ ਵਲੋਂ ਉਠਾਏ ਬੇਅਦਬੀ ਦੇ ਮਾਮਲੇ ਨੂੰ ਖੁੰਢਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਅਤੇ ਦਿੱਲੀ ਕਤਲੇਆਮ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਪੂਰੇ ਚੋਣ ਪ੍ਰਚਾਰ ਦੌਰਾਨ ਇਹੀ ਦੋਵੇਂ ਮੁੱਦੇ ਭਾਰੂ ਰਹੇ। ਅਮਰਿੰਦਰ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਨੂੰ ਵੀ ਅਕਾਲੀ-ਭਾਜਪਾ ਗਠਜੋੜ ਨੇ ਉਭਾਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਅਸਰ ਬਹੁਤ ਘੱਟ ਦਿਖਾਈ ਦਿੱਤਾ।
ਚੋਣਾਂ ਦੌਰਾਨ ਸੂਬੇ ਵਿਚ ਤਿੱਖੀ ਵਰਗ ਵੰਡ ਸਾਹਮਣੇ ਆਈ। ਮੋਟੇ ਤੌਰ ਉਤੇ ਸਿੱਖ ਇਨ੍ਹਾਂ ਚੋਣਾਂ ਵਿਚ, ਸਾਕਾ ਨੀਲਾ ਤਾਰਾ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰ ਕੇ ਇਸ ਪਾਰਟੀ ਵੱਲ ਭੁਗਤੇ ਹਨ। ਇਹ ਤਬਦੀਲੀ ਆਪਣੇ ਆਪ ਵਿਚ ਅਹਿਮ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੀ ਸਿੱਖਾਂ ਦੇ ਸਿਆਸੀ ਸਰੋਕਾਰਾਂ ਤੇ ਹਿੱਤਾਂ ਦੀ ਪੂਰਤੀ ਲਈ ਕੀਤੀ ਗਈ ਸੀ ਅਤੇ ਹੁਣ ਸਿੱਖਾਂ ਨੇ ਇਸ ਤੋਂ ਮੂੰਹ ਮੋੜ ਲਿਆ ਹੈ।
ਇਹ ਕਾਂਗਰਸ ਪਾਰਟੀ ਹੀ ਸੀ ਜਿਹੜੀ ਦਹਾਕਿਆਂ ਤੱਕ ਪੰਜਾਬ ਵਿਚ ਹਿੰਦੂ ਸਰੋਕਾਰਾਂ ਦੀ ਆਵਾਜ਼ ਬਣਦੀ ਰਹੀ ਹੈ। ਭਾਜਪਾ ਦੇ ਪਹਿਲੇ ਰੂਪ ਜਨਸੰਘ ਦਾ ਪੰਜਾਬ ਵਿਚ ਕੋਈ ਬਹੁਤਾ ਆਧਾਰ ਨਹੀਂ ਸੀ। ਕਾਂਗਰਸ ਵਿਚਲਾ ਇਕ ਵਿਸ਼ੇਸ਼ ਧੜਾ ਫਿਰਕੂ ਹਿੱਤਾਂ ਦੀ ਗੱਲ ਕਰਦਾ ਸੀ ਜਿਸ ਨੇ ਪੰਜਾਬ ਨੂੰ ਬੋਲੀ ਦੇ ਆਧਾਰ ਉਤੇ ਮੁੜ ਵਿਉਂਤਣ ਲਈ ਲੱਗੇ ਪੰਜਾਬੀ ਸੂਬਾ ਮੋਰਚੇ ਦੌਰਾਨ ਫਿਰਕੂ ਹਿੱਤਾਂ ਨੂੰ ਪੂਰੇ ਜ਼ੋਰ ਸ਼ੋਰ ਨਾਲ ਉਭਾਰਿਆ।
ਸੂਬੇ ਦੀ ਹਿੰਦੂ ਵਸੋਂ ਇਨ੍ਹਾਂ ਚੋਣਾਂ ਵਿਚ ਮੋਟੇ ਤੌਰ ਉਤੇ ਮੋਦੀ ਕਾਰਨ ਅਕਾਲੀ ਦਲ ਦੇ ਹੱਕ ਵਿਚ ਭੁਗਤੀ ਹੈ। ਲੋਕਾਂ ਦੇ ਮਨਾਂ ਵਿਚ ਇਹ ਸਾਰਾ ਕੁਝ ਚੋਣਾਂ ਤੋਂ ਤਕਰੀਬਨ ਹਫਤਾ ਪਹਿਲਾਂ ਹੀ ਰਿੱਝਣਾ-ਪੱਕਣਾ ਸ਼ੁਰੂ ਹੋ ਗਿਆ ਸੀ। ਇਸ ਦੀ ਸਪਸ਼ਟ ਮਿਸਾਲ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ ਹਿੰਦੂ ਬਹੁਗਿਣਤੀ ਵਾਲੇ ਵਿਧਾਨ ਸਭਾ ਹਲਕਿਆਂ ਵਿਚ ਭਾਜਪਾ ਜਿੱਤੀ ਹੈ ਅਤੇ ਸਿੱਖ ਬਹੁਗਿਣਤੀ ਵਾਲੇ ਹਲਕਿਆਂ ਵਿਚ ਕਾਂਗਰਸ ਨੂੰ ਵੱਧ ਵੋਟਾਂ ਪਈਆਂ ਹਨ। ਇਹੀ ਹਾਲ ਸ੍ਰੀ ਅਨੰਦਪੁਰ ਸਾਹਿਬ ਹਲਕੇ ਅਤੇ ਮਾੜੇ ਮੋਟੇ ਫਰਕ ਨੂੰ ਛੱਡ ਕੇ ਪੂਰੇ ਪੰਜਾਬ ਵਿਚ ਵਾਪਰਿਆ ਹੈ।
ਨਤੀਜਿਆਂ ਤੋਂ ਬਾਅਦ ਸੁਖਬੀਰ ਬਾਦਲ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੁਣ ਪੰਜਾਬੀ ਪਾਰਟੀ ਵਜੋਂ ਵਿਚਰੇਗੀ। ਇਹ ਐਲਾਨ ਅਹਿਮ ਹੈ ਕਿਉਂਕਿ ਅਕਾਲੀ ਲੀਡਰਸ਼ਿਪ ਲਗਾਤਾਰ ਇਹ ਦਾਅਵਾ ਕਰਦੀ ਰਹੀ ਹੈ ਕਿ ਅਕਾਲੀ ਦਲ ਸਿੱਖ ਪਾਰਟੀ ਹੈ। ਇਸ ਚੋਣ ਵਿਚ ਵੋਟਾਂ ਦੇ ਰੁਝਾਨ ਨੇ ਵੀ ਇਹ ਸਿੱਧ ਕਰ ਦਿੱਤਾ ਹੈ ਕਿ ਅਕਾਲੀ ਦਲ ਦਾ ਸਰੂਪ ਹੁਣ ਬਦਲ ਗਿਆ ਹੈ।
ਤੀਜੇ ਬਦਲ ਦੇ ਪ੍ਰਸੰਗ ਵਿਚ ਵੀ ਇਨ੍ਹਾਂ ਚੋਣਾਂ ਦਾ ਇਕ ਪੱਖ ਵਿਚਾਰਨ ਯੋਗ ਹੈ। ਆਮ ਆਦਮੀ ਪਾਰਟੀ ਪਹਿਲਾਂ 2014 ਤੇ ਫਿਰ 2017 ਵਿਚ ਤੀਜੇ ਬਦਲ ਵਜੋਂ ਉਭਰੀ ਪਰ ਲੋਕਾਂ ਦੀਆਂ ਆਸਾਂ ਉਤੇ ਪੂਰੀ ਨਹੀਂ ਉਤਰੀ। ਇਸ ਨੇ ਭਾਵੇਂ ਸੂਬੇ ਵਿਚ ਇਕ ਸੀਟ ਜਿੱਤ ਲਈ ਹੈ ਪਰ ਸੂਬੇ ਵਿਚ ਇਸ ਦਾ ਡਿੱਗਿਆ ਵੋਟ ਹਿੱਸਾ ਅਤੇ ਦਿੱਲੀ ਵਿਚੋਂ ਇਸ ਦਾ ਕਿੱਲਾ ਹੀ ਪੁੱਟੇ ਜਾਣ ਨੇ ਇਸ ਦੇ ਮੁੜ ਉਭਰ ਸਕਣ ਉਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ‘ਆਪ’ ਤੋਂ ਬਿਨਾ ਕੁਝ ਹੋਰ ਨਿੱਕੇ ਮੋਟੇ ਧੜਿਆਂ ਅਤੇ ਆਗੂਆਂ ਨੇ ਚੌਥਾ ਫਰੰਟ ਉਭਾਰਨ ਦੀ ਕੋਸ਼ਿਸ਼ ਕੀਤੀ। ਇਹ ਤਜਰਬਾ ਬੁਰੀ ਤਰ੍ਹਾਂ ਫੇਲ੍ਹ ਹੋਇਆ। ਪੰਜਾਬ ਨੇ ਇਕ ਵਾਰੀ ਮੁੜ ਦੋ ਧਿਰੀ ਰਾਜਨੀਤੀ ਵੱਲ ਮੋੜਾ ਕੱਟ ਲਿਆ ਹੈ।
ਚੋਣਾਂ ਵਿਚ ਦੋ ਹੋਰ ਮਹੱਤਵਪੂਰਨ ਮੁੱਦੇ ਵੀ ਉਭਾਰਨ ਦੀ ਕੋਸ਼ਿਸ਼ ਹੋਈ ਪਰ ਲੋਕਾਂ ਨੇ ਇਨ੍ਹਾਂ ਨੂੰ ਬਹੁਤਾ ਹੁੰਗਾਰਾ ਨਹੀਂ ਭਰਿਆ। ਇਹ ਮੁੱਦੇ ਸਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਅਤੇ ਖਾੜਕੂਵਾਦ ਦੌਰਾਨ ਸਿੱਖ ਨੌਜਵਾਨਾਂ ਦਾ ਝੂਠੇ ਪੁਲਿਸ ਮੁਕਾਬਲਿਆਂ ਵਿਚ ਕਤਲ ਤੇ ਵੱਡੀ ਗਿਣਤੀ ਵਿਚ ਲਾਪਤਾ ਹੋਣਾ। ਇਨ੍ਹਾਂ ਦੋਹਾਂ ਵਿਚੋਂ ਕੋਈ ਵੀ ਮੁੱਦਾ ਸੂਬੇ ਵਿਚ ਚੋਣ ਬਿਰਤਾਂਤ ਦਾ ਹਿੱਸਾ ਨਹੀਂ ਬਣਿਆ।
ਇਨ੍ਹਾਂ ਚੋਣਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਰਾਜਸੀ ਭਵਿਖ ਬਾਰੇ ਅਟਕਲਾਂ ਦਾ ਵੀ ਖਾਤਮਾ ਕਰ ਦਿੱਤਾ ਕਿਉਂਕਿ ਪੰਜਾਬ ਕਾਂਗਰਸੀ ਸਰਕਾਰ ਵਾਲਾ ਇਕੋ ਇਕ ਸੂਬਾ ਹੈ ਜਿਥੇ ਇਨ੍ਹਾਂ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਬਿਹਤਰ ਰਹੀ ਹੈ। ਇਸ ਤੋਂ ਬਿਨਾ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਸ਼ ਵਾਲੇ ਉਮੀਦਵਾਰਾਂ ਵਿਚੋਂ ਬਹੁਤੇ ਜਿੱਤ ਗਏ ਹਨ। ਨਤੀਜਿਆਂ ਨੇ ਉਨ੍ਹਾਂ ਦੋ ਮੰਤਰੀਆਂ ਦੀਆਂ ਮੁੱਖ ਮੰਤਰੀ ਬਣਨ ਦੀਆਂ ਆਸਾਂ ਉਤੇ ਹਾਲ ਦੀ ਘੜੀ ਪਾਣੀ ਫੇਰ ਦਿੱਤਾ ਹੈ ਜਿਹੜੇ ਚੋਣਾਂ ਤੋਂ ਬਾਅਦ ਸੂਬੇ ਦੀ ਲੀਡਰਸ਼ਿਪ ਵਿਚ ਤਬਦੀਲੀ ਦੀ ਸੂਰਤ ਵਿਚ ਮੁੱਖ ਮੰਤਰੀ ਦੀ ਕੁਰਸੀ ਉਤੇ ਅੱਖ ਲਾਈ ਬੈਠੇ ਸਨ। ਨਵਜੋਤ ਸਿੰਘ ਸਿੱਧੂ ਨੇ ਤਾਂ ਇਸ ਖੇਡ ਵਿਚ ਆਪਣੇ ਆਪ ਨੂੰ ਹੀ ਬੁਰੀ ਤਰ੍ਹਾਂ ਜ਼ਖਮੀ ਕਰ ਲਿਆ ਹੈ। ਉਸ ਨੇ ਚੋਣਾਂ ਤੋਂ ਦੋ ਦਿਨ ਪਹਿਲਾਂ ਬਠਿੰਡਾ ਵਿਚ ਰੈਲੀ ਦੌਰਾਨ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਵਿਰੋਧੀਆਂ ਨਾਲ ਮਿਲ ਕੇ ਰਾਜਨੀਤੀ ਕਰਨ ਵਾਲਿਆਂ ਨੂੰ ਕਰਾਰੀ ਹਾਰ ਦਿੱਤੀ ਜਾਵੇ। ਇਹ ਗੁੱਝਾ ਤੀਰ ਕੈਪਟਨ ਅਮਰਿੰਦਰ ਸਿੰਘ ਵੱਲ ਸੀ ਕਿਉਂਕਿ ਕੁਝ ਲੋਕਾਂ ਦੇ ਮਨਾਂ ਵਿਚ ਇਹ ਪ੍ਰਭਾਵ ਬਣਿਆ ਹੋਇਆ ਹੈ ਕਿ ਅਮਰਿੰਦਰ ਸਿੰਘ ਬਾਦਲ ਪਰਿਵਾਰ ਲਈ ਨਰਮ ਗੋਸ਼ਾ ਰੱਖਦੇ ਹਨ।
ਮਨਪ੍ਰੀਤ ਸਿੰਘ ਬਾਦਲ ਦੂਜਾ ਮੰਤਰੀ ਹੈ ਜਿਸ ਨੇ ਮੁੱਖ ਮੰਤਰੀ ਦੀ ਕੁਰਸੀ ਉਤੇ ਅੱਖ ਲਾਈ ਹੋਈ ਸੀ, ਭਾਵੇਂ ਉਸ ਨੇ ਆਪਣੀ ਸੁਰ ਸਦਾ ਨੀਵੀਂ ਰੱਖੀ ਹੈ। ਉਸ ਨੇ ਵਿਧਾਨ ਸਭਾ ਚੋਣ ਬਠਿੰਡਾ ਸ਼ਹਿਰੀ ਹਲਕੇ ਤੋਂ ਤਕਰੀਬਨ 20 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤੀ ਸੀ ਅਤੇ 2014 ਵਿਚ ਉਸ ਨੂੰ ਇਥੋਂ ਹਰਸਿਮਰਤ ਤੋਂ ਤਕਰੀਬਨ 30 ਹਜ਼ਾਰ ਵੋਟਾਂ ਵੱਧ ਮਿਲੀਆਂ ਸਨ। ਹੁਣ ਇਸ ਸੀਟ ਤੋਂ ਉਹੀ ਹਰਸਿਮਰਤ ਦੇ ਜਿੱਤਣ ਦਾ ਕਾਰਨ ਬਣੇ ਹਨ। ਮਨਪ੍ਰੀਤ ਉਨ੍ਹਾਂ ਪੰਜ ਮੰਤਰੀਆਂ ਵਿਚੋਂ ਹਨ ਜਿਹੜੇ ਆਪਣੇ ਹਲਕਿਆਂ ਵਿਚ ਪਾਰਟੀ ਨੂੰ ਨਹੀਂ ਜਿਤਾ ਸਕੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਮੁਖਾਲਫਤ ਤੋਂ ਵੱਧ ਲੋਕ ਕਈ ਮੰਤਰੀਆਂ ਅਤੇ ਵਿਧਾਇਕਾਂ ਦੇ ਵੱਧ ਖਿਲਾਫ ਸਨ ਜਿਸ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ। ਫਿਰੋਜ਼ਪੁਰ ਤੋਂ ਸੁਖਬੀਰ ਦੀ ਸੌਖੀ ਜਿੱਤ ਨੂੰ ਭਾਪਦਿਆਂ ਕਾਂਗਰਸ ਲਈ ਬਠਿੰਡਾ ਸੀਟ ਜਿੱਤਣੀ ਸਿਆਸੀ ਤੌਰ ਉਤੇ ਲਾਜ਼ਮੀ ਸਮਝੀ ਜਾ ਰਹੀ ਸੀ ਪਰ ਬਠਿੰਡਾ ਸ਼ਹਿਰੀ ਵਿਧਾਨ ਸਭਾ ਦੇ ਖਰਾਬ ਨਤੀਜੇ ਕਾਰਨ ਪਾਰਟੀ ਇਹ ਸੀਟ ਹਾਰ ਗਈ।
ਇਨ੍ਹਾਂ ਚੋਣਾਂ ਵਿਚ ਇਕ ਆਮ ਵਿਚਾਰ ਇਹ ਸੀ ਕਿ ਅਕਾਲੀ ਦਲ ਦਾ ਮੁੜ ਉਭਾਰ ਫਿਰੋਜ਼ਪੁਰ ਤੇ ਬਠਿੰਡਾ ਹਲਕਿਆਂ ਦੇ ਚੋਣ ਨਤੀਜਿਆਂ ਉਤੇ ਨਿਰਭਰ ਕਰੇਗਾ ਅਤੇ ਬਾਦਲ ਪਰਿਵਾਰ ਨੇ ਇਹ ਦੋਵੇਂ ਜਿੱਤ ਲਈਆਂ ਹਨ। ਉਂਜ, ਪਾਰਟੀ ਦੇ ਮੁੱਖ ਆਧਾਰ ਰਹੇ ਸਿੱਖ ਵੋਟਰ ਦਾ ਕਾਂਗਰਸ ਵੱਲ ਖਿਸਕ ਜਾਣ ਨੇ ਇਸ ਦੇ ਮੁੜ ਉਭਾਰ ਉਤੇ ਫਿਰ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ।
ਇਹ ਵੀ ਸਚਾਈ ਹੈ ਕਿ 1966 ਤੋਂ ਬਾਅਦ ਪਹਿਲੀ ਵਾਰ, ਅਕਾਲੀ ਦਲ ਨੇ ਐਤਕੀਂ ਚੋਣ ਮੈਨੀਫੈਸਟੋ ਜਾਰੀ ਨਹੀਂ ਕੀਤਾ। ਇਹ ਭਾਵੇਂ ਰਸਮੀ ਕਾਰਵਾਈ ਹੀ ਕਿਉਂ ਨਾ ਹੋਵੇ, ਫਿਰ ਵੀ ਇਹ ਦਸਤਾਵੇਜ਼ ਪਾਰਟੀ ਦੀ ਵਿਚਾਰਧਾਰਾ ਅਤੇ ਏਜੰਡੇ ਨੂੰ ਤਾਂ ਦਰਸਾਉਂਦਾ ਹੀ ਹੈ। ਇਸ ਵਾਰੀ ਅਕਾਲੀ ਦਲ ਨੇ ਆਪਣੀ ਇਹ ਸ਼ਾਨਦਾਰ ਰਵਾਇਤ ਤਿਆਗ ਦਿੱਤੀ। ਇਸ ਦਾ ਕਾਰਨ ਇਹ ਜਾਪਦਾ ਹੈ ਕਿ ਹੁਣ ਇਸ ਪਾਰਟੀ ਨੇ ਸਿੱਖਾਂ ਵਰਗੀ ਤਾਕਤਵਰ ਘੱਟ ਗਿਣਤੀ ਦੀ ਨੁਮਾਇੰਦਗੀ ਕਰਨ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ।
ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਸ ਪੱਖ ਤੋਂ ਆਤਮ ਪੜਚੋਲ ਕਰਨ ਦੀ ਲੋੜ ਹੈ ਕਿਉਂਕਿ ਪਾਰਟੀ ਉਮੀਦਵਾਰਾਂ ਕੋਲ ਲੋਕਾਂ ਨੂੰ ਦੱਸਣ ਲਈ ਕੁਝ ਵੀ ਨਹੀਂ ਸੀ। ਬਾਦਲ ਪਰਿਵਾਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਨਾਂ ਉਤੇ ਵੋਟਾਂ ਮੰਗਦਾ ਰਿਹਾ। ਇਹ ਪਾਰਟੀ ਦਹਾਕਿਆਂ ਤੱਕ ਪੰਜਾਬ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੀ ਰਹੀ ਹੈ। ਇਨ੍ਹਾਂ ਮੰਗਾਂ ਬਾਰੇ ਮੋਦੀ ਸਰਕਾਰ ਦਾ ਰਵੱਈਆ ਨਾਂਹ ਪੱਖੀ ਹੀ ਰਿਹਾ। ਬਾਦਲ ਪਰਿਵਾਰ ਨੂੰ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਭਾਜਪਾ ਦੇ ਏਜੰਡੇ ਲਈ ਲੜਨ ਬਦਲੇ ਪੰਜਾਬ ਨੂੰ ਕੀ ਹਾਸਲ ਹੋਇਆ। ਅਕਾਲੀ ਦਲ ਨੂੰ ਵਜ਼ੀਰੀ ਮਿਲ ਜਾਣੀ ਵੱਖਰਾ ਮੁੱਦਾ ਹੈ।
ਵਰਨਣ ਯੋਗ ਹੈ ਕਿ ਅਕਾਲੀ ਦਲ ਨੇ ਫਰਵਰੀ 1996 ਵਿਚ ਹੋਈ ਮੋਗਾ ਕਾਨਫਰੰਸ ਵਿਚ ਪੰਜਾਬੀਅਤ ਦਾ ਨਾਅਰਾ ਦਿੱਤਾ ਸੀ ਅਤੇ ਇਸ ਨੇ ਕਦੇ ਵੀ ਸਿੱਖ ਵੋਟ ਨੂੰ ਇਸ ਤੋਂ ਦੂਰ ਨਹੀਂ ਸੀ ਕੀਤਾ। ਹੁਣ ਸੁਖਬੀਰ ਉਸ ਵੇਲੇ ਇਸ ਦੇ ਪੰਜਾਬੀ ਸਰੂਪ ਦੀ ਗੱਲ ਕਰ ਰਿਹਾ ਹੈ ਜਦੋਂ ਲੋਕ ਸਭਾ ਚੋਣਾਂ ਵਿਚ ਸਿੱਖ ਵੋਟ ਇਸ ਤੋਂ ਕਿਨਾਰਾ ਕਰ ਗਿਆ ਹੈ। ਅੱਜ ਦੇ ਅਕਾਲੀ ਦਲ ਨੇ ਸਿੱਖ ਏਜੰਡੇ ਨੂੰ ਲੈ ਕੇ ਚੱਲਣ ਵਾਲੀ ਸਿਆਸੀ ਪਾਰਟੀ ਲਈ ਥਾਂ ਵਿਹਲੀ ਕਰ ਦਿੱਤੀ ਹੈ। ਆਮ ਤੌਰ ਉਤੇ ਇਸ ਨੂੰ ਪੰਥਕ ਥਾਂ ਕਹਿ ਲਿਆ ਜਾਂਦਾ ਹੈ। ਇਥੇ ਸਮੱਸਿਆ ਇਹ ਹੈ ਕਿ ਇਹ ਥਾਂ ਪਿਛਲੇ ਕੁਝ ਸਮੇਂ ਤੋਂ ਖਾਲੀ ਪਈ ਹੈ ਪਰ ਕੋਈ ਭਰੋਸੇਮੰਦ ਆਗੂ ਇਸ ਨੂੰ ਭਰਨ ਲਈ ਉਭਰ ਨਹੀਂ ਰਿਹਾ।
ਅਕਾਲੀ ਦਲ ਦਾ ਆਪਣੇ ਮੂਲ ਸਰੂਪ ਅਤੇ ਸਰੋਕਾਰਾਂ ਤੋਂ ਲਾਂਭੇ ਜਾਣ ਦਾ ਇਕ ਹੋਰ ਅਹਿਮ ਪੱਖ ਵੀ ਹੈ, ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ। ਪੰਜਾਬ ਗੁਰਦੁਆਰਾ ਐਕਟ ਤਹਿਤ ਬਣੀ ਸ਼੍ਰੋਮਣੀ ਕਮੇਟੀ ਨਿਰੋਲ ਸਿੱਖ ਵਰਤਾਰਾ ਹੈ ਅਤੇ ਸਿੱਖ ਸਿਆਸੀ ਪਾਰਟੀ ਹੋਣ ਨਾਤੇ ਇਸ ਨੂੰ ਅਕਾਲੀ ਦਲ ਹੀ ਕਾਬਜ਼ ਰਿਹਾ ਹੈ। ਹੁਣ ਇਹ ਦਾਅਵਾ ਛੱਡਣ ਤੋਂ ਬਾਅਦ ਕੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਦੀ ਅਗਲੀ ਚੋਣ ਨਹੀਂ ਲੜੇਗਾ?
ਇਸ ਪ੍ਰਸੰਗ ਵਿਚ ਇਕ ਹੋਰ ਸੰਭਾਵਨਾ ਵੀ ਹੋ ਸਕਦੀ ਹੈ। ਸ਼੍ਰੋਮਣੀ ਕਮੇਟੀ ਉਤੇ ਕੰਟਰੋਲ ਕਰਨ ਲਈ ਰਾਸ਼ਟਰੀਆ ਸਿੱਖ ਸੰਗਤ, ਅਕਾਲੀ ਦਲ ਦੀ ਟਿਕਟ ਉਤੇ ਆਪਣੇ ਬੰਦਿਆਂ ਨੂੰ ਇਹ ਚੋਣ ਲੜਾ ਸਕਦੀ ਹੈ। ਇਸ ਮੁੱਦੇ ਦੇ ਬਹੁਤ ਸਾਰੇ ਪੱਖ ਹਨ। ਅਕਾਲ ਤਖਤ ਅਤੇ ਸ਼੍ਰੋਮਣੀ ਕਮੇਟੀ ਵਰਗੇ ਸਿੱਖ ਅਦਾਰਿਆਂ ਦੇ ਵਕਾਰ ਨੂੰ ਪਹਿਲਾਂ ਦੀ ਕਾਫੀ ਢਾਹ ਲੱਗ ਚੁੱਕੀ ਹੈ। ਸੰਘ ਪਰਿਵਾਰ ਦੇ ਦਬਾਅ ਹੇਠ ਨਾਨਕਸ਼ਾਹੀ ਕੈਲੰਡਰ ਬਦਲ ਦਿੱਤਾ ਗਿਆ। ਭਾਜਪਾ ਪਹਿਲੇ ਦਿਨ ਤੋਂ ਹੀ ਇਸ ਦਾ ਵਿਰੋਧ ਕਰ ਰਹੀ ਸੀ। ਇਨ੍ਹਾਂ ਸ਼ਕਤੀਆਂ ਦਾ ਅਗਲਾ ਨਿਸ਼ਾਨਾ ਦਹਾਕਿਆਂ ਤੋਂ ਚਲੀ ਆ ਰਹੀ ਪੰਥ ਪ੍ਰਵਾਨ ਸਿੱਖ ਰਹਿਤ ਮਰਯਾਦਾ ਬਦਲ ਕੇ ਸਿੱਖ ਡੇਰੇਦਾਰਾਂ ਵਲੋਂ ਅਪਣਾਈ ਜਾ ਰਹੀ ਮਰਯਾਦਾ ਲਾਗੂ ਕਰਵਾਉਣਾ ਹੈ। ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦਾ ਮੂਲ ਢਾਂਚਾ ਪਹਿਲਾਂ ਹੀ ਤਬਦੀਲ ਕੀਤਾ ਜਾਣਾ ਸ਼ੁਰੂ ਹੋ ਚੁੱਕਿਆ ਹੈ।
ਪਹਿਲਾਂ ਪੰਜਾਬ ਵਿਚ ਅਕਾਲੀ ਦਲ, ਭਾਜਪਾ ਦਾ ਏਜੰਡਾ ਤੈਅ ਕਰਦਾ ਸੀ ਪਰ ਹੁਣ ਭਾਜਪਾ ਅਕਾਲੀ ਦਲ ਦਾ ਏਜੰਡਾ ਮਿੱਥਣ ਲੱਗ ਪਈ ਹੈ। ਪੰਜਾਬ ਦੇ ਭਾਜਪਾ ਆਗੂਆਂ ਦਾ ਕੇਂਦਰੀ ਲੀਡਰਸ਼ਿਪ ਨਾਲ ਇਹ ਗਿਲਾ ਰਿਹਾ ਹੈ ਕਿ ਉਹ ਸੂਬੇ ਵਿਚ ਪਾਰਟੀ ਹਿੱਤਾਂ ਨੂੰ ਪਹਿਲ ਦੇਣ ਦੀ ਥਾਂ ਅਕਾਲੀ ਦਲ ਦੀ ਪਿਛਲੱਗ ਬਣੀ ਰਹੀ ਹੈ ਪਰ ਹੁਣ ਅਕਾਲੀ ਦਲ ਭਾਜਪਾ ਦਾ ਪਿਛਲੱਗ ਬਣ ਗਿਆ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ, ਮੰਤਰੀਆਂ ਅਤੇ ਵਿਧਾਇਕਾਂ ਉਤੇ ਲੱਗ ਰਹੇ ਭ੍ਰਿਸ਼ਟਾਚਾਰ, ਕੁਰੱਖਤ ਅਤੇ ਹੈਂਕੜਬਾਜ਼ ਹੋਣ ਦੇ ਦੋਸ਼ਾਂ ਨੂੰ ਧੋਣ ਲਈ ਕੀ ਕਾਰਵਾਈ ਕਰਦੇ ਹਨ ਭਾਵੇਂ ਅਕਾਲੀ ਦਲ ਚੋਣਾਂ ਵਿਚ ਇਨ੍ਹਾਂ ਮੁੱਦਿਆਂ ਉਤੇ ਸਿਆਸੀ ਲਾਹਾ ਲੈਣ ਵਿਚ ਕਾਮਯਾਬ ਨਹੀਂ ਹੋਇਆ।