ਕੁਝ ਸੁਣੀਆਂ, ਕੁਝ ਡਿੱਠੀਆਂ

ਕਲਵੰਤ ਸਿੰਘ ਸਹੋਤਾ
ਫੋਨ: 604-589-5919
ਪੁਰਾਣੇ ਬਜੁਰਗ ਬੜੇ ਸੂਰਮੇ, ਕਾਮੇ, ਤਕੜੇ, ਖੁੱਲ੍ਹਾ ਡੁੱਲ੍ਹਾ ਖਾਣ ਪੀਣ ਵਾਲੇ ਤੇ ਫੌਲਾਦੀ ਜੁੱਸੇ ਵਾਲੇ ਹੁੰਦੇ ਸਨ। ਉਨ੍ਹਾਂ ਦੇ ਕਾਰਨਾਮਿਆਂ ਦੀਆਂ ਗੱਲਾਂ ਸੁਣ ਕੇ ਇੰਜ ਲਗਦਾ ਹੈ ਕਿ ਜਿਵੇਂ ਉਹ ਲੋਹੇ ਦੇ ਬਣੇ ਹੋਣ। ਇਸ ਲੇਖ ‘ਚ ਮੈਂ ਜੋ ਜ਼ਿਕਰ ਕਰਨ ਲੱਗਾਂ, ਉਹ ਕੋਈ ਮਨੋ ਕਲਪਿਤ ਜਾਂ ਖਿਆਲੀ ਗੱਲਾਂ ਨਹੀਂ, ਸਗੋਂ ਕੁਝ ਅੱਖੀਂ ਡਿੱਠੀਆਂ ਤੇ ਕੁਝ ਬਜੁਰਗਾਂ ਤੋਂ ਸੁਣੀਆਂ ਹੋਈਆਂ ਹਨ।

ਮੇਰੇ ਬਾਪੂ ਜੀ ਅਕਸਰ ਗੱਲ ਕਰਿਆ ਕਰਦੇ ਸਨ, ਬਜੁਰਗ ਜੈਮਲ ਸਿੰਘ ਦੀ। ਉਨ੍ਹਾਂ ਦੇ ਘਰ ਦੀ ਕੰਧ ਸਾਡੀ ਕੰਧ ਨਾਲ ਸਾਂਝੀ ਸੀ। ਇਕ ਵਾਰੀ ਉਨ੍ਹਾਂ ਦੇ ਘਰ ਦੇ ਦਲਾਨ ਦੀ ਲਟੈਣ ਟੁੱਟ ਗਈ ਤੇ ਛੱਤ ਡਿਗਣ ਨੂੰ ਕਰਨ ਲੱਗੀ। ਉਹ ਆਪਣੇ ਪੁੱਤ ਨੂੰ ਕਹਿਣ ਲੱਗਾ, ਜਾਹ ਖੂਹ ਤੋਂ ਫਲਾਣੇ ਦਰਖਤ ਦੀ ਥੰਮ੍ਹੀ ਵੱਢ ਕੇ ਲਿਆ। ਪੁੱਤ ਥੰਮ੍ਹੀ ਲੈਣ ਚਲਾ ਗਿਆ ਤੇ ਬਜੁਰਗ ਜੈਮਲ ਸਿੰਘ ਟੁੱਟ ਰਹੀ ਲਟੈਣ ਦੇ ਥੱਲੇ ਸਿਰ ਦੇ ਕੇ ਖੜ੍ਹ ਗਿਆ ਤੇ ਛੱਤ ਨੂੰ ਡਿਗਣ ਤੋਂ ਰੋਕੀ ਰੱਖਿਆ, ਜਿੰਨਾ ਚਿਰ ਉਸ ਦਾ ਪੁੱਤਰ ਥੰਮ੍ਹੀ ਲੈ ਕੇ ਨਾ ਆ ਗਿਆ। ਥੰਮ੍ਹੀ ਲਟੈਣ ਥੱਲੇ ਖੜ੍ਹੀ ਕਰ ਜਦੋਂ ਬਜੁਰਗ ਜੈਮਲ ਸਿੰਘ ਛੱਤ ਦੇ ਭਾਰ ਤੋਂ ਫਾਰਗ ਹੋਇਆ ਤਾਂ ਉਸ ਦੇ ਪੁੱਤਰ ਨੇ ਪੁਛਿਆ, ਬਾਪੂ ਛੱਤ ਦਾ ਭਾਰ ਤਾਂ ਨਹੀਂ ਬਹੁਤਾ ਲੱਗਾ? ਅੱਗੋਂ ਬਜੁਰਗ ਮੂੰਹ ‘ਤੇ ਹੱਥ ਫੇਰਦਾ ਬੋਲਿਆ, ਕਾਕਾ ਛੱਤ ਭਾਰੀ ਸੀ, ਜਿਸ ਕਰਕੇ ਉਪਰਲਾ ਜਬਾੜਾ ਕੁਝ ਬਾਹਰ ਨੂੰ ਆ ਗਿਆ ਹੈ। ਪਤਾ ਨ੍ਹੀਂ ਕਿੰਨਾ ਚਿਰ ਲੱਗਾ ਹੋਊ ਖੂਹ ‘ਤੇ ਜਾਣ-ਆਉਣ ਨੂੰ ਅਤੇ ਦਰਖਤ ਨਾਲੋਂ ਥੰਮ੍ਹੀ ਵੱਢਣ ਨੂੰ, ਉਨਾ ਚਿਰ ਬਾਬਾ ਜੈਮਲ ਸਿੰਘ ਛੱਤ ਦਾ ਭਾਰ ਸਿਰ ‘ਤੇ ਲੈ ਕੇ ਖੜ੍ਹਾ ਰਿਹਾ।
ਬਾਬੇ ਜੈਮਲ ਸਿੰਘ ਦੀ ਇੱਕ ਗੱਲ ਹੋਰ ਬਾਪੂ ਜੀ ਸੁਣਾਇਆ ਕਰਦੇ ਸਨ ਕਿ ਉਨ੍ਹਾਂ ਦੀ ਗੱਡ (ਲੋਹੇ ਨਾਲ ਮੜ੍ਹੀ ਹੋਣ ਕਰਕੇ ਇਹ ਗੱਡੇ ਤੋਂ ਭਾਰੀ ਹੁੰਦੀ ਸੀ) ਸਮਰਾਮਾਂ ਵਾਲੇ ਰਿਸ਼ਤੇਦਾਰ ਮੰਗ ਕੇ ਲੈ ਗਏ। ਸਮਰਾਮਾਂ ਸਾਡੇ ਪਿੰਡੋਂ ਦਸ ਬਾਰਾਂ ਕੋਹ ਹੈ। ਬਜੁਰਗ ਇੱਕ ਦੋ ਵਾਰੀ ਤੁਰ ਕੇ ਕਹਿਣ ਗਿਆ ਕਿ ਭਾਈ ਸਾਡੀ ਗੱਡ ਹੁਣ ਛੱਡ ਆਓ, ਸਾਨੂੰ ਚਾਹੀਦੀ ਹੈ। ਅੱਗੋਂ ਸਮਰਾਮਾਂ ਵਾਲੇ ਰਿਸ਼ਤੇਦਾਰ ਗੱਲ ਆਈ ਗਈ ਕਰਦੇ ਰਹੇ। ਤੀਜੀ ਵਾਰੀ ਉਹ ਫਿਰ ਗਿਆ ਤੇ ਕਹਿਣ ਲੱਗਾ, ਭਾਈ ਸਾਡੀ ਗੱਡ ਹੁਣ ਛੱਡ ਆਓ ਧੁਲੇਤੇ ਸਾਨੂੰ ਵੀ ਲੋੜ ਹੈ। ਅੱਗੋਂ ਰੁੱਖੇ ਲਹਿਜੇ ‘ਚ ਜੁਆਬ ਮਿਲਿਆ, ਕਣਕ ਦੀ ਬਿਜਾਈ ਦਾ ਸਮਾਂ ਹੈ, ਵਿਹਲ ਲੱਗਾ ਤਾਂ ਦੇਖਾਂਗੇ।
ਸੁਣ ਕੇ ਜੈਮਲ ਸਿੰਘ ਕਹਿਣ ਲੱਗਾ, ਚੰਗਾ ਜੇ ਤੁਸੀਂ ਨਹੀਂ ਛੱਡਣ ਜਾ ਸਕਦੇ ਤਾਂ ਮੈਂ ਲੈ ਜਾਂ? ਸੁਣ ਕੇ ਸਮਰਾਮਾਂ ਵਾਲੇ ਰਿਸ਼ਤੇਦਾਰ ਹੱਸੇ ਤੇ ਕਹਿੰਦੇ, ਲੈ ਜਾਹ। ਉਨ੍ਹਾਂ ਨੂੰ ਪਤਾ ਸੀ ਕਿ ਇਹ ਕਿਹੜਾ ਬਲਦ ਲੈ ਕੇ ਆਇਆ, ਜੋ ਹੁਣੇ ਹੀ ਗੱਡ ਜੋੜ ਕੇ ਲੈ ਜਾਊ। ਇਹ ਸੁਣਦੇ ਹੀ ਬਜੁਰਗ ਨੇ ਉਤੇ ਲਈ ਖੇਸੀ ਚੌਫਲੀ ਕਰਕੇ ਮੋਢੇ ‘ਤੇ ਰੱਖੀ ਤੇ ਗੱਡ ਦਾ ਊਟਣਾ ਉਸੇ ਮੋਢੇ ‘ਤੇ ਧਰ, ਦਸ-ਬਾਰਾਂ ਕੋਹ ਧੂਹ ਕੇ ਗੱਡ ਪਿੰਡ ਲੈ ਆਇਆ।
ਇੱਕ ਗੱਲ ਹੋਰ ਮੇਰੇ ਬਾਪੂ ਜੀ ਆਪਣੇ ਬਾਬੇ ਸੁੰਦਰ ਸਿੰਘ ਦੀ ਸੁਣਾਇਆ ਕਰਦੇ ਕਿ ਇੱਕ ਵਾਰੀ ਉਹ ਮੱਕੀ ਦੀਆਂ ਛੱਲੀਆਂ ਦੀ ਪੰਡ ਖੂਹ ਤੋਂ ਚੁੱਕ ਕੇ ਘਰ ਲਿਆਇਆ ਤਾਂ ਕਹਿੰਦਾ ਕਿ ਅੱਜ ਪੰਡ ਭਾਰੀ ਲੱਗੀ ਹੈ, ਜੋਖ ਕੇ ਦੇਖਣਾ ਕਿ ਕਿੰਨਾ ਭਾਰ ਹੈ? ਪੰਡ ਦੀਆਂ ਛੱਲੀਆਂ ਜਦ ਜੋਖੀਆਂ ਤਾਂ ਸੌਲਾਂ ਮਣ ਹੋਈਆਂ। ਇੱਥੇ ਇਹ ਦੱਸ ਦੇਈਏ ਕਿ ਸੌਲਾਂ ਸੇਰ (ਇੱਕ ਪੱਕਾ ਸੇਰ ਕਿੱਲੋ ਤੋਂ ਰਤਾ ਘੱਟ ਹੁੰਦਾ ਹੈ) ਪੱਕਿਆਂ ਦਾ ਇੱਕ ਮਣ ਹੁੰਦਾ ਹੈ; ਸੋ 16 ਨੂੰ 16 ਨਾਲ ਜਰਬ ਦੇਈਏ ਤਾਂ 256 ਸੇਰ ਪੱਕੇ, ਯਾਨਿ ਸਵਾ ਦੋ ਢਾਈ ਕੁਇੰਟਲ ਭਾਰ ਸਿਰ ‘ਤੇ ਚੱਕ ਕੇ ਘਰ ਲੈ ਆਇਆ।
ਸਾਡੇ ਘਰਾਂ ‘ਚੋਂ ਬਾਬਾ ਸੀ, ਦੂਸਰੀ ਸਾਖ ਤੋਂ; ਉਸ ਨੂੰ ਸਾਰੇ ਬਾਬਾ ਰੋਡਾ ਕਹਿੰਦੇ ਸਨ। ਉਸ ਦਾ ਅਸਲੀ ਨਾਂ ਹਰਦਿਆਲ ਸਿੰਘ ਸੀ, ਰੋਡਾ ਨਾਂ ਕਿਉਂ ਪਿਆ, ਕੋਈ ਪਤਾ ਨਹੀਂ। ਇੱਕ ਵਾਰੀ ਉਹ ਪਿੰਡ ਦੇ ਰਿਖੀ ਨਾਮੀਂ ਹਲਵਾਈ ਨਾਲ ਸ਼ਰਤ ਲਾ ਬੈਠਾ, ਕਹਿਣ ਲੱਗਾ, ਮੈਂ ਚਾਰ ਸੇਰ ਪੱਕੀਆਂ ਜਲੇਬੀਆਂ ਖਾ ਜਾਊਂ। ਚਾਰ ਸੇਰ ਪੱਕੇ ਨੂੰ ਕੱਚੀ ਧੜੀ ਕਿਹਾ ਜਾਂਦਾ ਸੀ। ਉਸ ਵਕਤ ਕਿੱਲੋਗ੍ਰਾਮ ਨਹੀਂ ਸੀ ਪ੍ਰਚਲਿਤ ਹੋਏ। ਰਿਖੀ ਹਲਵਾਈ ਕਹਿਣ ਲੱਗਾ, ਜੇ ਤੂੰ ਚਾਰ ਸੇਰ ਜਲੇਬੀਆਂ ਖਾ ਜਾਏਂ ਤਾਂ ਮੈਂ ਤੈਥੋਂ ਕੁਝ ਨਹੀਂ ਲੈਣਾ ਤੇ ਜੇ ਨਾ ਖਾ ਹੋਈਆਂ ਤਾਂ ਚਾਰ ਸੇਰ ਜਲੇਬੀਆਂ ਦੇ ਪੈਸੇ ਦੇਣੇ ਪੈਣਗੇ। ਉਨ੍ਹਾਂ ਸਮਿਆਂ ‘ਚ ਚਾਰ ਸੇਰ ਜਲੇਬੀਆਂ ਜੋਗੇ ਤਾਂ ਕੀ, ਇੱਕ ਪਾਈਆ ਚੀਜ਼ ਖਰੀਦਣ ਜੋਗੀ ਵੀ ਨਗਦੀ ਨਹੀਂ ਸੀ ਹੁੰਦੀ। ਇਹ ਸ਼ਰਤ ਲਾ ਕੇ ਬਾਬਾ ਰੋਡਾ ਚਾਰ ਸੇਰ ਪੱਕੀਆਂ ਜਲੇਬੀਆਂ ਖਾ ਕੇ ਮੁੱਛਾਂ ‘ਤੇ ਹੱਥ ਫੇਰ ਹਲਵਾਈ ਦੀ ਹਫਤੇ ਦੀ ਕਮਾਈ ਦਾ ਕੂੰਡਾ ਕਰ ਗਿਆ। ਜੇ ਨਾ ਖਾ ਸਕਦਾ ਤਾਂ ਬਾਬੇ ਰੋਡੇ ਤੋਂ ਛੇ ਮਹੀਨਿਆਂ ‘ਚ ਵੀ ਨਹੀਂ ਸੀ ਪੈਸੇ ਮੋੜ ਹੋਣੇ।
ਉਸੇ ਬਾਬੇ ਰੋਡੇ ਦੀ ਇੱਕ ਗੱਲ ਹੋਰ ਸਾਡੇ ਘਰਾਂ ‘ਚੋਂ ਹੀ ਮੇਰੇ ਤਾਇਆ ਜੀ ਦੇ ਪੁੱਤ ਸੋਹਣ ਸਿੰਘ ਨੇ ਕਈ ਵਾਰੀ ਸੁਣਾਈ ਕਿ ਇੱਕ ਵਾਰੀ ਬਾਬਾ ਰੋਡਾ, ਚਾਚਾ ਗੁਰਮੀਤ ਅਤੇ ਸੋਹਣ ਸਿੰਘ ਕਿਸੇ ਦੇ ਆਭਤੇ ਗੱਡੇ ‘ਤੇ ਇੱਟਾਂ ਲੈ ਕੇ ਅੱਪਰੇ ਛੱਡਣ ਗਏ। ਬਰਸਾਤਾਂ ਦੇ ਦਿਨ ਸਨ, ਸਾਡੇ ਪਿੰਡੋਂ ਅੱਪਰਾ ਤਿੰਨ-ਚਾਰ ਕੁ ਮੀਲ ਹੈ। ਰਾਹ ਕੱਚੇ ਸਨ; ਖੁੱਭਲੀਆਂ, ਟੋਏ, ਗਾਰਾ ਗਾਹੁੰਦੇ ਮਸਾਂ ਅੱਪਰੇ ਪੁੱਜੇ: ਭੁੱਖਣ ਭਾਣੇ ਇੱਟਾਂ ਲਾਹ ਗੱਡਾ ਖਾਲੀ ਕੀਤਾ ਤਾਂ ਉਸੇ ਘਰ ਹੀ ਰੋਟੀ ਖਾਣ ਬੈਠ ਗਏ। ਘਰ ਵਾਲੀ ਬੀਬੀ ਪਰੌਂਠੇ ਪਕਾਈ ਗਈ ਤੇ ਇਹ ਤਿੰਨੇ ਜਣੇ ਖਾਈ ਗਏ। ਬੀਬੀ ਨੂੰ ਕਈ ਵਾਰੀ ਆਟਾ ਗੁੰਨਣਾ ਪਿਆ। ਆਖਰ ਜਦ ਆਟਾ ਵੀ ਮੁੱਕ ਗਿਆ ਤਾਂ ਘਰ ਵਾਲਾ ਆਪਣੇ ਆਪ ਨੂੰ ਕੋਸਦਾ ਤੇ ਗਾਲ੍ਹਾਂ ਕੱਢਦਾ ਤੌਬਾ ਕਰੇ ਕਿ ਮੁੜ ਕੇ ਕਿਸੇ ਨੂੰ ਆਭਤੇ ਕੰਮ ਲਈ ਨਹੀਂ ਕਹਿਣਾ; ਪੈਸੇ ਦੇ ਕੇ ਕੰਮ ਕਰਾਉਣ ‘ਚ ਹੀ ਭਲਾ ਹੈ। ਉਹ ਆਪਣੇ ਥਾਂ ਸਹੀ ਸੀ ਕਿ ਬੀਬੀ ਤਾਂ ਘੰਟਿਆਂ ਬੱਧੀ ਚੁੱਲੇ ਭੱਠੀ ਮੂਹਰੇ ਤਪਦੀ ਸੜਦੀ ਪਰੌਂਠੇ ਪਕਾਈ ਗਈ ਤੇ ਇਹ ਤਿੰਨੇ ਆਭਤੀ ਫਿਰ ਵੀ ਨਾ ਰੱਜੇ। ਬਾਬੇ ਰੋਡੇ ਨੇ ਸੱਤਰ (70), ਚਾਚੇ ਗੁਰਮੀਤ ਨੇ ਅਠਤਾਲੀ (48) ਤੇ ਭਾਜੀ ਸੋਹਣ ਸਿੰਘ ਨੇ ਤਾਂ ਮਸਾਂ ਦਸ (10) ਹੀ ਪਰੌਂਠੇ ਖਾਧੇ।
ਮੈਂ ਇੱਕ ਹੋਰ ਗੱਲ ਆਪਣੇ ਬਾਪੂ ਜੀ ਦੇ ਬਾਬਾ ਜੀ ਦੀ ਦੱਸਦਾਂ। ਇਕ ਵਾਰੀ ਉਹ ਆਪਣੇ ਨਾਨਕੀਂ ਗਏ, ਦੋ ਤਿੰਨ ਦਿਨ ਰਹਿ ਕੇ ਘਰ ਆਏ ਤਾਂ ਉਨ੍ਹਾਂ ਦੀ ਮਾਂ ਨੇ ਪੁੱਛਿਆ ਕਿ ਕਾਕਾ ਤੂੰ ਖਾਲੀ ਹੱਥ ਘਰ ਆ ਗਿਆਂ, ਤੇਰੀ ਮਾਮੀ ਨੇ ਕੁਝ ਦਿੱਤਾ ਨਹੀਂ? ਅੱਗੋਂ ਉਹ ਬੋਲੇ, ਮਾਂ ਮੈਨੂੰ ਮਾਮੀ ਨੇ ਧੜੀ (ਚਾਰ ਸੇਰ ਪੱਕੀ) ਕੁ ਸ਼ੱਕਰ ਦਿੱਤੀ ਸੀ: ਆਹ ਪਰਨੇ ‘ਚ ਮੈਂ ਬੰਨ ਲਈ, ਤੁਰੇ ਆਉਂਦਿਆਂ ਜਦੋਂ ਭੁੱਖ ਲੱਗੀ ਤਾਂ ਲੱਪ ਲੱਪ ਕਰਕੇ ਖਾਂਦਾ ਆਇਆ। ਆਖੀਰ ਜਦੋਂ ਮੁੱਕ ਗਈ ਤਾਂ ਪਿੰਡ ਗੜੀ ਦੇ ਮੋੜ ਕੋਲ ਆ ਕੇ ਪਰਨਾ ਝਾੜ ਦਿੱਤਾ। ਅੱਜ ਸਾਨੂੰ ਸੱ.ਕਰ ਦੇ ਦੋ ਚਮਚ ਵੀ ਹਜ਼ਮ ਕਰਨੇ ਔਖੇ ਹਨ।
ਇਹ ਗੱਲ ਵੀ ਸੁਣਨ ਵਾਲੀ ਹੈ, ਉਹ ਹੈ, ਕਰਮੂੰ ਪੰਡਿਤ ਦੀ। ਉਸ ਦਾ ਕੱਦ ਪੰਜ ਕੁ ਫੁੱਟ, ਗੋਲ-ਮੋਲ ਤੇ ਜੁੱਸਾ ਬੜਾ ਨਿੱਗਰ। ਪੰਡਿਤ ਜੀ ਹਫਤੇ ‘ਚ ਕਈ ਵਾਰੀ ਸਾਡੇ ਲਾਗਲੇ ਪਿੰਡ ਰਾਜਪੁਰੇ ਆਪਣੇ ਜਜਮਾਨਾਂ ਦੇ ਜਾਇਆ ਕਰਦੇ ਸਨ; ਗੱਲ ਇੰਜ ਹੋਈ ਕਿ ਰਸਤੇ ‘ਚ ਇੱਕ ਜਿਮੀਂਦਾਰ ਦਾ ਵੇਲਣਾ ਚੱਲਦਾ ਸੀ, ਗੰਨੇ ਪੀੜ ਕੇ ਗੁੜ ਬਣਾਉਣ ਲਈ; ਅਕਸਰ ਹੀ ਜਿਮੀਂਦਾਰ ਨੇ ਕਹਿਣਾ, ਪੰਡਿਤ ਜੀ ਆ ਜਾਓ, ਰਸ ਪੀ ਜਾਓ। ਅੱਗੋਂ ਕਰਮੂੰ ਪੰਡਿਤ ਨੇ ‘ਕੋਈ ਨਾ ਪੀ ਲਾਂਗੇ’ ਕਹਿ ਕੇ ਅੱਗੇ ਚਲੇ ਜਾਣਾ।
ਜਦੋਂ ਲਗਾਤਾਰ ਕਈ ਦਿਨ ਉਹ ਜਿਮੀਂਦਾਰ ਇਸ ਤਰ੍ਹਾਂ ਕਹਿੰਦਾ ਰਿਹਾ ਤਾਂ ਕਰਮੂੰ ਪੰਡਿਤ ਇਕ ਦਿਨ ਕਹਿੰਦਾ, ਲਓ ਸਰਦਾਰ ਜੀ ਅੱਜ ਰਸ ਪੀ ਹੀ ਜਾਂਦੇ ਹਾਂ। ਵੇਲਣਾ ਬਲਦਾਂ ਨਾਲ ਚੱਲਦਾ ਸੀ। ਵੇਲਣੇ ‘ਚ ਇੱਕ ਇੱਕ ਦੋ ਦੋ ਗੰਨੇ ਲਾ ਛੋਟੀ ਜਿਹੀ ਤਤੀਰੀ ਰਸ ਦੀ ਮੂਹਰੇ ਪਏ ਪੀਪੇ ‘ਚ ਡਿਗ ਪੀਪਾ ਭਰਦਾ ਸੀ। ਇੰਜ ਚਾਰ ਪੀਪੇ ਭਰਨ ਨਾਲ ਇੱਕ ਪੱਤ (ਕੜਾਹੇ ‘ਚ ਪਾ ਕਾੜ੍ਹਨ ਯੋਗੀ ਰਸ) ਜੋਗੀ ਰਸ ਹੁੰਦੀ ਸੀ। ਬਾਟੀ (ਖੁੱਲਾ ਭਾਂਡਾ) ਫੜ ਕਰਮੂੰ ਪੰਡਿਤ ਵੇਲਣੇ ਮੂਹਰੇ ਰਸ ਪੀਣ ਬੈਠ ਗਿਆ। ਪੰਡਿਤ ਜੀ ਬਾਟੀ ਭਰਨ ਤੇ ਪੀ ਜਾਣ। ਇੱਕ, ਦੋ, ਤਿੰਨ, ਚਾਰ, ਪੰਜ਼..। ਜੱਟ ਦਾ ਮੁੰਡਾ ਬੈਠਾ ਵੇਲਣੇ ‘ਚ ਗੰਨੇ ਲਾਈ ਜਾਵੇ ਤੇ ਨਾਲੇ ਪੰਡਿਤ ਦੀਆਂ ਬਾਟੀਆਂ ਗਿਣੀ ਜਾਵੇ। ਜਦ ਮੁੰਡੇ ਦੀ ਗਿਣਤੀ ਤੋਂ ਵਾਧੂ ਬਾਟੀਆਂ ਹੋ ਗਈਆਂ ਤਾਂ ਉਹ ਗਿਣਨੋਂ ਵੀ ਹਟ ਗਿਆ; ਓਧਰੋਂ ਕੜਾਹੇ ‘ਚ ਉਬਲਦੀ ਰਸ ਦੀ ਪੱਤ ਆ ਗਈ, ਭਾਵ ਰਸ ਕੜ੍ਹ ਕੇ ਗੁੜ ਬਣਨ ਲਈ ਤਿਆਰ ਹੋ ਗਿਆ। ਵੇਲਣੇ ਮੂਹਰੇ ਪਿਆ ਪੀਪਾ ਤਾਂ ਭਰਿਆ ਹੀ ਨਾ, ਭਰਦਾ ਵੀ ਕਿਵੇਂ ਰਸ ਦਾ ਪਰਨਾਲਾ ਤਾਂ ਸਾਰਾ ਪੰਡਿਤ ਦੇ ਢਿੱਡ ‘ਚ ਜਾਈ ਗਿਆ। ਇਹ ਦੇਖ ਕੇ ਜੱਟ ਨੂੰ ਖਿਝ ਚੜ੍ਹੀ ਤੇ ਆਪਣੇ ਆਪ ਨੂੰ ਗਾਲ੍ਹਾਂ ਕੱਢਦਾ ਬੋਲੀ ਜਾਏ ਕਿ ਫਲਾਣਾ ਇਹੋ ਜਿਹਾ ਹੋਵੇ ਜੋ ਮੁੜ ਕੇ ਤੈਨੂੰ ਰਸ ਪੀਣ ਨੂੰ ਆਖੇ।
ਇਹ ਸੁਣ ਕੇ ਬੜੇ ਹੀ ਠਰੰਮੇ ਨਾਲ ਕਰਮੂੰ ਪੰਡਿਤ ਬੋਲਿਆ, ਜਜਮਾਨ ਜੀ ਤੁਸੀਂ ਰੋਜ ਹੀ ਕਹਿੰਦੇ ਸੀ ਕਿ ਪੰਡਿਤ ਜੀ ਰਸ ਪੀ ਜਾਓ, ਪੰਡਿਤ ਜੀ ਰਸ ਪੀ ਜਾਓ। ਮੈਂ ਇਸੇ ਕਰਕੇ ਟਾਲਦਾ ਰਿਹਾ, ਪਰ ਜਦੋਂ ਤੁਸੀਂ ਵਾਰ ਵਾਰ ਕਹਿਣੋਂ ਨਾ ਹਟੇ ਤਾਂ ਮੈਂ ਰਸ ਪੀਣ ਬਹਿ ਗਿਆ।
ਪੰਡਿਤ ਕਰਮੂੰ ਬੜਾ ਮੌਜੀ ਤੇ ਮਸਤ ਬਿਰਤੀ ਵਾਲਾ ਸੀ; ਉਸ ਨੇ ਸਾਰਾ ਜੀਵਨ ਬਿਨਾ ਕਿਸੇ ਕਾਹਲੀ, ਫਿਕਰ ਤੇ ਚਿੰਤਾ ਤੋਂ ਆਪਣੀ ਮੌਜ ਨਾਲ ਜੀਵਿਆ। ਉਹ ਹਮੇਸ਼ਾ ਆਪਣੇ ਅਨੰਦ ‘ਚ ਰਹਿੰਦਾ ਸੀ। ਨਿਆਣਿਆਂ ਨਾਲ ਨਿਆਣਾ ਤੇ ਸਿਆਣਿਆਂ ਨਾਲ ਸਿਆਣਾ।
ਇੱਕ ਵਾਰੀ ਕਰਮੂੰ ਪੰਡਿਤ ਦੇ ਸ਼ਰੀਕੇ ਭਾਈਚਾਰੇ ‘ਚ ਵਿਆਹ ਸੀ, ਉਹ ਵੀ ਜੰਝ ਚਲਾ ਗਿਆ। ਉਸ ਸਮੇਂ ਵਿਆਹਾਂ ਸ਼ਾਦੀਆਂ ਵਿਚ ਲੱਡੂ-ਜਲੇਬੀਆਂ ਸੌ.ਕ ਨਾਲ ਬਣਾਏ ਜਾਂਦੇ, ਬਰਾਤੀ ਤੇ ਹੋਰ ਪ੍ਰਾਹੁਣੇ ਸੌ.ਕ ਤੇ ਖੁੱਲ੍ਹ ਡੁੱਲ੍ਹ ਨਾਲ ਹੀ ਖਾਇਆ ਵੀ ਕਰਦੇ। ਇਹੀ ਕਰਮੂੰ ਪੰਡਿਤ ਉਸ ਵਿਆਹ ‘ਚ ਟੀਸੀ ਕੱਢੀ ਜਲੇਬੀਆਂ ਦੀ ਪਰਾਤ ਖਾ ਗਿਆ ਸੀ ਤੇ ਉਸ ਨੂੰ ਜਲੇਬੀਆਂ ਹਜਮ ਵੀ ਹੋ ਗਈਆਂ। ਜਿਹੜਾ ਪੀਪਾ (ਇੱਕ ਪੀਪੇ ‘ਚ ਕਰੀਬ ਸੌਲਾਂ ਲਿਟਰ ਰਸ ਪੈਂਦੀ ਹੈ) ਰਸ ਦਾ ਪੀ ਸਕਦਾ ਹੈ, ਉਸ ਦਾ ਪਰਾਤ ਜਲੇਬੀਆਂ ਦੀ ਖਾ ਜਾਣਾ ਕੋਈ ਅਚੰਭੇ ਵਾਲੀ ਗੱਲ ਨਹੀਂ!
ਪੰਜਾਬ ‘ਚ ਹਰੇ ਇਨਕਲਾਬ ਤੋਂ ਪਹਿਲਾਂ ਕੰਮੀ ਲੋਕ ਜਿਮੀਂਦਾਰਾਂ ਦੇ ਰੋਟੀ ‘ਤੇ ਹੀ ਕੰਮ ਕਰਨ ਆ ਜਾਂਦੇ ਸਨ, ਪਰ ਰੋਟੀਆਂ ਉਹ ਰੱਜ ਕੇ ਖਾਂਦੇ। ਸਾਡੇ ਜਦੋਂ ਵੀ ਕਦੇ ਮੇਰੇ ਬਾਪੂ ਜੀ ਨਾਲ ਉਹ ਕੰਮ ਕਰਾਉਣ ਆਉਂਦੇ ਤਾਂ ਇੱਕ ਦੋ ਅਜਿਹੇ ਸਨ, ਜਿਨ੍ਹਾਂ ਵਾਸਤੇ ਰੋਟੀਆਂ ਗਿਣ ਕੇ ਨਹੀਂ ਸਨ ਪਕਾਈਆਂ ਜਾਂਦੀਆਂ, ਸਗੋਂ ਗਿੱਠਾਂ ਮਿਣ ਕੇ ਉਨ੍ਹਾਂ ਦੀਆਂ ਰੋਟੀਆਂ ਦਾ ਹਿਸਾਬ ਰੱਖਿਆ ਜਾਂਦਾ ਸੀ।
ਇਹੋ ਜਿਹੀਆਂ ਸਨ ਪੁਰਾਣੀਆਂ ਕੁਝ ਗੱਲਾਂ ਤੇ ਘਟਨਾਵਾਂ ਜੋ ਅੱਜ ਦੇ ਜ਼ਮਾਨੇ ਮੁਤਾਬਕ ਮੰਨਣੀਆਂ ਮੁਸ਼ਕਿਲ ਲਗਦੀਆਂ ਹਨ। ਇਹ ਸਾਡੇ ਪੇਂਡੂ ਜੀਵਨ, ਸਾਡੇ ਰਹਿਣ ਸਹਿਣ ਤੇ ਸਾਡੀ ਮਿਲਵਰਤੋਂ ਆਦਿ ‘ਤੇ ਵੀ ਇਕ ਝਾਤ ਪਾਉਂਦੀਆਂ ਹਨ।