ਗੁਰਦੁਆਰਾ ਲਹਿਰ ਅਤੇ ਸ਼ ਨਰੈਣ ਸਿੰਘ ਐਮ. ਏ.

ਜਸਵੰਤ ਸਿੰਘ ਸੰਧੂ (ਘਰਿੰਡਾ)
ਯੂਨੀਅਨ ਸਿਟੀ (ਕੈਲੀਫੋਰਨੀਆ)
ਫੋਨ : 510-909-8204
ਸ਼ ਨਰੈਣ ਸਿੰਘ ਐਮ. ਏ. ਦਾ ਜਨਮ 24 ਨਵੰਬਰ 1901 ਨੂੰ ਮੁਲਤਾਨ ਵਿਚ ਹੋਇਆ। ਪਹਿਲਾਂ ਉਨ੍ਹਾਂ ਦੇ ਵਡੇਰਿਆਂ ਦੀ ਰਿਹਾਇਸ਼ ਲਾਹੌਰ ਵਿਚ ਸੀ, ਜੋ ਉਸ ਵਕਤ ਸਾਂਝੇ ਪੰਜਾਬ ਦੀ ਰਾਜਧਾਨੀ ਸੀ। ਬਾਅਦ ਵਿਚ ਉਹ ਪਿੰਡ ਤਿੰਨ ਕਸੀ ਤਹਿਸੀਲ ਕਬੀਰਵਾਲਾ, ਡਾਕਖਾਨਾ ਮੁਲਾਂਪੁਰ, ਜਿਲਾ ਮੁਲਤਾਨ ਵਿਚ ਜਾ ਵਸੇ। ਕੁਝ ਚਿਰ ਐਫ਼ ਸੀ. ਕਾਲਜ ਲਾਹੌਰ ਵਿਚ ਪੜ੍ਹਨ ਤੋਂ ਬਾਅਦ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਦਾਖਲ ਹੋਏ, ਜਿਥੋਂ ਉਨ੍ਹਾਂ 1926 ਵਿਚ ਐਮ. ਏ. (ਅੰਗਰੇਜ਼ੀ) ਕੀਤੀ।

ਉਨ੍ਹਾਂ ਦਿਨਾਂ ‘ਚ ਪੰਜਾਬ ਅੰਦਰ ਸ਼ ਕਰਤਾਰ ਸਿੰਘ ਝੱਬਰ ਦੀ ਅਗਵਾਈ ਵਿਚ ਗੁਰਦੁਆਰਿਆਂ ਵਿਚੋਂ ਅੱਯਾਸ਼ ਮਹੰਤਾਂ ਨੂੰ ਕੱਢਣ ਲਈ ਗੁਰਦੁਆਰਾ ਸੁਧਾਰ ਲਹਿਰ ਚਲ ਰਹੀ ਸੀ। ਸ਼ ਨਰੈਣ ਸਿੰਘ ਐਮ. ਏ. ਇਸ ਲਹਿਰ ਵਿਚ ਕਰਤਾਰ ਸਿੰਘ ਝੱਬਰ ਦੇ ਸਾਥੀ ਬਣ ਗਏ। ਗੁਰਦੁਆਰਾ ਸੁਧਾਰ ਲਹਿਰ ਵਿਚ ਉਨ੍ਹਾਂ ਝੱਬਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਅੰਗਰੇਜ਼ ਹਕੂਮਤ ਭ੍ਰਿਸ਼ਟ ਮਹੰਤਾਂ ਦੀ ਪਿੱਠ ‘ਤੇ ਸੀ। ਅਖੀਰ ਸਿੱਖ ਆਵਾਮ ਦੀਆਂ ਅਥਾਹ ਕੁਰਬਾਨੀਆਂ ਰੰਗ ਲਿਆਈਆਂ ਤੇ ਗੁਰਦੁਆਰੇ ਮਹੰਤਾਂ ਤੇ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਏ। 1925 ਵਿਚ ਗੁਰਦੁਆਰਾ ਐਕਟ ਬਣਿਆ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੋਂਦ ਵਿਚ ਆਈ। ਸ਼ ਨਰੈਣ ਸਿੰਘ ਐਮ. ਏ. ਦੀ ਕੁਰਬਾਨੀ ਤੇ ਲਿਆਕਤ ਨੂੰ ਦੇਖ ਕੇ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਮੈਨੇਜਰ ਬਣਾ ਦਿੱਤਾ।
ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬੜੇ ਸੁਚਾਰੂ ਢੰਗ ਨਾਲ ਚਲਾਇਆ। ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਫੁੱਲ (ਅਸਥੀਆਂ) ਕਰਤਾਰ ਸਿੰਘ ਝੱਬਰ ਨਾਲ ਰਲ ਕੇ ਗੁਰਦੁਆਰੇ ਦੀ ਹਦੂਦ ਅੰਦਰ ਭੋਰੇ ਵਿਚ ਰੱਖ ਦਿੱਤੇ, ਜੋ ਅੱਜ ਤਕ ਸੁਰੱਖਿਅਤ ਉਥੇ ਪਏ ਹਨ। ਜਥੇਦਾਰ ਝੱਬਰ ਦੀ ਬੇਨਤੀ ‘ਤੇ ਸ਼ ਨਰੈਣ ਸਿੰਘ ਐਮ. ਏ. ਨੇ ਉਨ੍ਹਾਂ ਦੇ ਰੋਜ਼ਨਾਮਚੇ ‘ਤੇ ਆਧਾਰਿਤ ਕਿਤਾਬ ‘ਅਕਾਲੀ ਮੋਰਚੇ ਤੇ ਝੱਬਰ’ ਲਿਖੀ, ਜੋ ਉਸ ਵਕਤ ਦੀ ਅਕਾਲੀ ਲਹਿਰ ਦੀ ਅਸਲੀਅਤ ਬਿਆਨ ਕਰਦੀ ਹੈ।
1947 ਵਿਚ ਪਾਕਿਸਤਾਨ ਬਣਨ ਕਾਰਨ ਉਨ੍ਹਾਂ ਨੂੰ ਚੜ੍ਹਦੇ ਪੰਜਾਬ ਵਿਚ ਆਉਣਾ ਪਿਆ। ਉਨ੍ਹਾਂ ਨੇ ਸਹਾਰਨਪੁਰ ਲਾਗੇ ਮਾਜਰੀ ਪਿੰਡ ਖਰੀਦਿਆ। ਲਾਲ ਸਿੰਘ ਐਮ. ਐਲ਼ ਏ. ਨੇ ਇਨ੍ਹਾਂ ‘ਤੇ ਲੱਕੜ ਚੋਰੀ ਦਾ ਝੂਠਾ ਕੇਸ ਪਾ ਦਿੱਤਾ, (ਉਨ੍ਹਾਂ ਦੀ ਲੜਕੀ ਦੇ ਦੱਸਣ ਮੁਤਾਬਕ) ਜਿਸ ਕਰਕੇ ਇਨ੍ਹਾਂ ਨੇ ਮਾਜਰੀ ਪਿੰਡ ਹੀ ਛੱਡ ਦਿੱਤਾ ਤੇ ਪੰਜਾਬ ਵਾਪਸ ਆ ਗਏ।
ਇਕ ਦਿਨ ਚੰਡੀਗੜ੍ਹ ਸਕੱਤਰੇਤ ਵਿਚ ਗਿਆਨ ਸਿੰਘ ਰਾੜੇਵਾਲਾ ਨੂੰ ਮਿਲ ਪਏ। ਉਨ੍ਹਾਂ ਨੇ ਇਨ੍ਹਾਂ ਨੂੰ ਸਨੌਰ ਵਿਚ ਜ਼ਮੀਨ ਅਲਾਟ ਕਰਵਾ ਦਿੱਤੀ ਤੇ ਬੈਕਵਰਡ ਕਲਾਸਿਜ਼ ਦੇ ਮਹਿਕਮੇ ਦਾ ਡਾਇਰੈਕਟਰ ਲਵਾ ਦਿੱਤਾ, ਜਿਥੋਂ ਉਹ ਪਹਿਲੀ ਨਵੰਬਰ 1957 ਨੂੰ ਰਿਟਾਇਰ ਹੋਏ। ਫਿਰ ਡੇਰਾ ਬਾਬਾ ਜੱਸਾ ਸਿੰਘ ਵਿਖੇ ਗੁਰਮਤਿ ਕਾਲਜ ਖੋਲ੍ਹਿਆ, ਜਿਸ ਦਾ ਕੋਰਸ ਛੇ ਸਾਲ ਦਾ ਸੀ। ਇਸ ਵਿਚ ਐਮ. ਏ. ਡਿਵਿਨਟੀ ਦੀ ਡਿਗਰੀ ਮਿਲਦੀ ਸੀ। ਮਕਸਦ ਸਿਰਫ ਚੰਗੇ ਗ੍ਰੰਥੀ ਤੇ ਪ੍ਰਚਾਰਕ ਬਣਾ ਕੇ ਵਿਦੇਸ਼ਾਂ ਵਿਚ ਭੇਜ ਕੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ। ਬਾਅਦ ਵਿਚ ਇਹ ਆਰਟਸ ਕਾਲਜ ਵਿਚ ਬਦਲ ਗਿਆ, ਜਿਸ ਦੇ ਪਹਿਲੇ ਪ੍ਰਿੰਸੀਪਲ ਪ੍ਰਸਿੱਧ ਸਿੱਖ ਵਿਦਵਾਨ ਸ਼ ਸਤਿਬੀਰ ਸਿੰਘ ਬਣੇ।
ਸ਼ ਨਰੈਣ ਸਿੰਘ ਦੀ ਵੱਡੀ ਲੜਕੀ, ਅਕਾਲੀ ਮੋਰਚਿਆਂ ਦੇ ਪਿਤਾਮਾ ਸ਼ ਕਰਤਾਰ ਸਿੰਘ ਝੱਬਰ ਦੇ ਲੜਕੇ ਨਾਲ ਵਿਆਹੀ ਹੋਈ ਹੈ। ਸ਼ ਝੱਬਰ ਨੇ ਆਪਣੀ ਅਜ਼ੀਮ ਕੁਰਬਾਨੀ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਵਿਚ ਨਾ ਕੋਈ ਅਹੁਦਾ ਲਿਆ ਤੇ ਨਾ ਹੀ ਗੁਰੂ ਦੀ ‘ਗੋਲਕ’ ਵਿਚੋਂ ਤਨਖਾਹ ਲਈ। ਸ਼ ਨਰੈਣ ਸਿੰਘ ਐਮ. ਏ. ਦੀ ਛੋਟੀ ਲੜਕੀ ਤ੍ਰਿਪਤ ਕੌਰ ਸਵ. ਜਸਵੰਤ ਸਿੰਘ ਮਾਨ (ਅਕਾਲੀ ਦਲ) ਨਾਲ ਵਿਆਹੀ ਸੀ, ਜੋ ਅੱਜ ਕੱਲ੍ਹ ਟੈਕਸਸ (ਅਮਰੀਕਾ) ਦੇ ਸ਼ਹਿਰ ਡੈਲਸ ਵਿਚ ਰਹਿ ਰਹੀ ਹੈ। ਪੰਜਾਬ ਵਿਚ ਉਨ੍ਹਾਂ ਦੀ ਰਿਹਾਇਸ਼ ਚੰਡੀਗੜ੍ਹ ਦੇ ਸੈਕਟਰ 36 ਵਿਚ ਹੈ। 2 ਅਪਰੈਲ 1994 ਨੂੰ ਨਰੈਣ ਸਿੰਘ ਐਮ. ਏ. ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਨਰੈਣ ਸਿੰਘ ਐਮ. ਏ. ਬੇਸ਼ਕ ਸਰੀਰ ਤੌਰ ‘ਤੇ ਸਾਥੋਂ ਵਿਛੜ ਗਏ, ਪਰ ਸਿੱਖ ਇਤਿਹਾਸ ਵਿਚ ਆਪਣੀ ਕੁਰਬਾਨੀ ਸਦਕਾ ਰਹਿੰਦੀ ਦੁਨੀਆਂ ਤਕ ਅਮਰ ਰਹਿਣਗੇ। ਸਿੱਖ ਪੰਥ ਨੂੰ ਅੱਜ ਅਜਿਹੇ ਨਿਸ਼ਕਾਮ ਸਿੱਖ ਲੀਡਰਾਂ ਦੀ ਲੋੜ ਹੈ। ਸੋਹਣ ਸਿੰਘ ‘ਸੀਤਲ’ ਦੇ ਇਹ ਬੋਲ ਨਰੈਣ ਸਿੰਘ ਐਮ. ਏ. ਦੀ ਕੁਰਬਾਨੀ ਤੇ ਲਿਆਕਤ ਦੀ ਤਰਜਮਾਨੀ ਕਰਦੇ ਹਨ,
ਆਉਣਾ ਸਫਲ ਉਨ੍ਹਾਂ ਦਾ ਦੁਨੀਆਂ ਦੇ ਵਿਚ ‘ਸੀਤਲਾ’
ਜਿਹੜੇ ਤੁਰਦੇ ਏਥੋਂ ਆਪਣਾ ਜਨਮ ਸਵਾਰ ਕੇ।