ਸਿੱਖਾਂ ਦਰਮਿਆਨ ਵਿਚਾਰ-ਚਰਚਾ ਦੇ ਬੇਹੂਦਾ ਵਿਸ਼ੇ

ਗੁਰਜੀਤ ਕੌਰ
ਫੋਨ: 713-469-2474
ਕਿਸੇ ਤਰ੍ਹਾਂ ਦੀ ਵਿਸ਼ੇਸ਼ ਭੂਮਿਕਾ ਬੰਨੇ ਬਿਨਾ ਸਿੱਧਾ ਵਿਸ਼ੇ ‘ਤੇ ਹੀ ਆਇਆ ਜਾਵੇ। ਕੁਝ ਮਹੀਨੇ ਪਹਿਲਾਂ ਦੀ ਗੱਲ ਹੈ, ਯੂ-ਟਿਊਬ ‘ਤੇ ‘ਸਤਿਗੁਰੂ’ ਕਹਾਉਣ ਵਾਲਾ ਇਕ ਸ਼ਖਸ ਸਿੱਖਾਂ ਵਲੋਂ ਕੇਸ ਰੱਖਣ ਦੇ ਵਿਸ਼ੇ ਉਤੇ ਉਲ-ਜਲੂਲ ਦਲੀਲਾਂ ਦੇ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਵੀ ਨਹੀਂ ਦਰਜ ਕਿ ਸਿੱਖਾਂ ਲਈ ਕੇਸ ਰੱਖਣੇ ਜ਼ਰੂਰੀ ਹਨ ਤੇ ਇਸ ਗੱਲ ‘ਤੇ ਆਲੇ-ਦੁਆਲੇ ਬੈਠੇ ਮਨੂ ਸਮਰਥਕ ਤਾੜੀਆਂ ਵਜਾ ਰਹੇ ਸਨ। ਇਹ ਗੱਲ ਵੱਖਰੀ ਹੈ ਕਿ ਕੋਈ ਅਕਲਮੰਦ ਇਹ ਨਹੀਂ ਪੁੱਛ ਰਿਹਾ ਸੀ ਕਿ ‘ਸਤਿਗੁਰੂ’ ਆਪ ਕੀਹਦੇ ਆਖੇ ਲੱਗ ਕੇ ਸਿਰ ‘ਤੇ ਪਟਕਾ ਬੰਨ੍ਹੀ ਬੈਠਾ ਹੈ।

ਹੈਰਾਨੀ ਇਸ ਗੱਲ ਦੀ ਨਹੀਂ ਹੋਈ ਕਿ ਗੁਰੂ ਦੀ ਬਾਣੀ ‘ਤੇ ਇਕ ਹੋਰ ਹਮਲਾ ਹੋਇਆ ਹੈ ਕਿਉਂਕਿ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਬ੍ਰਾਹਮਣਵਾਦ ਨਾਲ ਇੱਟ-ਖੜੱਕਾ ਭਗਤਾਂ ਦੇ ਸਮੇਂ ਤੋਂ ਹੀ ਅਰੰਭ ਹੋ ਗਿਆ ਸੀ ਤੇ ਈਰਖਾਲੂ ਜ਼ਹਿਨੀਅਤ ਨੇ ਬਾਣੀ ਦੇ ਰਚਣਹਾਰਿਆਂ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਅਣਮਨੁੱਖੀ ਜ਼ੁਲਮ ਢਾਹੇ। ਗੁਰੂ ‘ਤੇ ਭਰੋਸਾ ਰੱਖਣ ਵਾਲਿਆਂ ਦੇ ਉਚੇ ਕਿਰਦਾਰ ਬੁੱਤਪ੍ਰਸਤਾਂ ਤੇ ਇੰਤਹਾਪਸੰਦਾਂ ਨੂੰ ਉਨ੍ਹਾਂ ਦੇ ਬੌਣੇ ਹੋਣ ਦਾ ਸਮੇਂ ਸਮੇਂ ‘ਤੇ ਅਹਿਸਾਸ ਕਰਵਾਉਂਦੇ ਰਹੇ ਹਨ ਤੇ ਜੇ ਗੁਰੂ ਜੁਗੋ-ਜੁਗ ਅਟੱਲ ਹੈ ਤੇ ਉਸ ‘ਤੇ ਭਰੋਸਾ ਰੱਖਣ ਵਾਲਿਆਂ ਦਾ ਭਰੋਸਾ ਵੀ ਅੱਟਲ ਹੈ ਤਾਂ ਸਰਕਾਰੀ ਨਿਜ਼ਾਮ ਦਾ ਟੀਚਾ ਹੈ, ਇਸ ਭਰੋਸੇ ਨੂੰ ਢਾਹ ਲਾਉਣਾ।
ਗੱਲ ਨੂੰ ਥੋੜ੍ਹਾ ਹੋਰ ਘੋਖੀਏ ਕਿ ਪਹਿਲਾਂ ਤੱਤੀ ਤਵੀ ਦੇ ਤਸੀਹੇ, ਫਿਰ ਸੀਸ ਗੰਜ ਚੌਕ, ਫਿਰ ਚਮਕੌਰ ਦੀ ਗੜੀ, ਫਿਰ ਮਾਛੀਵਾੜੇ ਦਾ ਜੰਗਲ, ਫਿਰ ਠੰਢਾ ਬੁਰਜ, ਫਿਰ ਸਰਬੰਸ ਦਾ ਦਾਨ, ਬੰਦ-ਬੰਦ ਕਟਵਾਉਣਾ, ਚਰਖੜੀਆਂ, ਮੀਰ ਮਨੂੰ ਦੀ ਦਾਤਰੀ, ਘੱਲੂਘਾਰਾ, ਖਾਲਸਾ ਰਾਜ ਦਾ ਉਦੈ ਤੇ ਅਸਤ ਹੋਣਾ, ਫਾਂਸੀਆਂ-ਕਾਲੇ ਪਾਣੀ, ਪੰਜਾਬ ਦੀ ਵੰਡ, ਸੰਨ 1984 ਆਦਿ। ਕੀ ਕੁਝ ਨਹੀਂ ਹੋਇਆ ਇਕ ਵਿਸ਼ੇਸ਼ ਨਸਲ ਨੂੰ ਖਤਮ ਕਰਨ ਲਈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਦਾ ਮਨੋਬਲ ਤੋੜ ਦਿੱਤਾ ਗਿਆ ਹੈ ਤੇ ਹੁਣ ਸਰੂਪ ਵੀ ਚੁੱਭਣ ਲੱਗ ਪਿਆ ਹੈ। ਇਤਿਹਾਸ ਆਪਣੇ ਆਪ ਨੂੰ ਦੁਹਰਾਉਣਾ ਬੰਦ ਨਹੀਂ ਕਰਦਾ। ਜੇ ਗੁਰੂ ਦਾ ਵਜੂਦ ਕਾਇਮ ਰੱਖਣ ਲਈ ਮਰਜੀਵੜੇ ਕਾਇਮ ਹਨ ਤਾਂ ਗੁਲਾਬ ਸਿੰਘ, ਲਾਲ ਸਿੰਘ, ਮੂਲਾ ਸਿੰਘ ਆਦਿ ਵੀ ਦੁਨੀਆਂ ਤੋਂ ਕਦੇ ਗਾਇਬ ਨਹੀਂ ਹੋਏ।
ਬਦਕਿਸਮਤੀ ਨਾਲ ਸਿੱਖਾਂ ਦਾ ਘਾਣ ਹਮੇਸ਼ਾ ਦੋ ਧਾਰੀ ਤਲਵਾਰ ਨਾਲ ਕੀਤਾ ਜਾਂਦਾ ਰਿਹਾ ਹੈ। ਇਸ ਤਲਵਾਰ ਦੀ ਇਕ ਧਾਰ ਉਨ੍ਹਾਂ ਦਾ ਜਿਸਮਾਨੀ ਵਿਨਾਸ਼ ਕਰਦੀ ਹੈ ਤੇ ਦੂਜੀ ਮਾਨਸਿਕ। ਖਾਲਸਾ ਰਾਜ ਦੇ ਅੰਤ ਤੋਂ ਬਾਅਦ ਉਨ੍ਹਾਂ ਨੂੰ ਹਰ ਵੇਲੇ ਕਿਸੇ ਨਾ ਕਿਸੇ ਬਹਿਸ ਵਿਚ ਹੀ ਉਲਝਾ ਕੇ ਜਾਂ ਕਹਿ ਲਵੋ ਭੰਬਲਭੂਸਿਆਂ ਵਿਚ ਹੀ ਫਸਾ ਕੇ ਰੱਖਣਾ ਰਾਜ ਸੱਤਾ ਦੀ ਰਣਨੀਤੀ ਰਹੀ ਹੈ। ਇਕ ਤਬਕਾ ਪਾਕਿਸਤਾਨ ਲੈ ਗਿਆ, ਦੂਸਰਾ ਹਿੰਦੁਸਤਾਨ, ਤੇ ਸਿੱਖਾਂ ਦੇ ਆਪਸੀ ਬਹਿਸ-ਬਸੱਈਏ ਨੇ ਉਨ੍ਹਾਂ ਦੀ ਹਾਲਤ ਯਤੀਮ ਬੱਚੇ ਵਰਗੀ ਕਰ ਦਿੱਤੀ, ਜਿਸ ਨੂੰ ਸਿਰਫ ਇਕ ਛੱਤ ਤੇ ਦੋ ਰੋਟੀਆਂ ਦੇ ਆਸਰੇ ਨੇ ਹੀ ਵਰਗਲਾ ਲਿਆ। ਸਿਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਬਹੁਤ ਸਾਰੇ ਕੌੜੇ ਸੱਚ ਉਜਾਗਰ ਕਰਦੀਆਂ ਹਨ। ਫਿਰ ਦੌਰ ਚਲਿਆ ‘ਪਾੜੋ ਤੇ ਰਾਜ ਕਰੋ’ ਦੀ ਰਣਨੀਤੀ ਦਾ, ਜੋ ਸਭ ਤੋਂ ਵਧ ਖਤਰਨਾਕ ਸੀ।
ਮੈਂ ਅਖੌਤੀ ‘ਸਤਿਗੁਰੂ’ ਦੀ ਗੱਲ ਸੁਣੀ ਅਤੇ ਇਹ ਵੀ ਦੇਖਿਆ ਕਿ ਕਈ ਗੁਰੂ ਪਿਆਰਿਆਂ ਨੇ ਉਸ ਦੇ ਉਠਾਏ ਨੁਕਤੇ ਦਾ ਬਾਣੀ ਦਾ ਸਹਾਰਾ ਲੈ ਕੇ ਜੁਆਬ ਦਿੱਤਾ। ਮੇਰੀ ਤਸੱਲੀ ਹੋ ਗਈ, ਪਰ ਇਹ ਧੁੜਧੁੜੀ ਵੀ ਮੈਨੂੰ ਲੱਗੀ ਰਹੀ ਕਿ ਗੱਲ ਉਹ ਨਹੀਂ ਜੋ ਇਹ ਕਹਿ ਰਿਹਾ ਹੈ; ਗੱਲ ਉਹ ਜ਼ਰੂਰੀ ਹੈ ਜਿਸ ਕਰਕੇ ‘ਸਤਿਗੁਰੂ’ ਇਹ ਸਭ ਕੁਝ ਕਹਿ ਰਿਹਾ ਹੈ। ਧਿਆਨਯੋਗ ਹੈ, ਇਸ ਦਾ ਮੰਤਵ। ਧਿਆਨਯੋਗ ਹੈ, ਇਸ ਦਾ ਸਿੱਖਾਂ ਵਿਚ ਉਨ੍ਹਾਂ ਦੇ ਗੁਰੂ ਦੇ ਹੁਕਮ ਨੂੰ ਮੰਨਣ ਦੀ ਚੌਰ ਤੇ ਸੰਦੇਹ ਉਪਜਾਉਣਾ, ਨਹੀਂ ਤਾਂ ਸਰਬੰਸਦਾਨੀ ਗੁਰੂ ਪਾਤਸ਼ਾਹ ਨੇ ਜੋ ਕੁਝ ਵੀ ਕਹਿ ਦਿੱਤਾ, ਸਿੱਖ ਲਈ ਉਹੀ ਧਰਮ ਬਣ ਗਿਆ। ਕਿੰਤੂ-ਪ੍ਰੰਤੂ ਦੀ ਹੁਣ ਕੋਈ ਗੁੰਜਾਇਸ਼ ਨਹੀਂ ਪਰ ਸੁਆਦ ਤੇ ਤਾਂ ਸੀ ਜੇ ‘ਸਤਿਗੁਰੂ’ ਇਹ ਸਭ ਤਰਕ ਆਪਣੇ ਸਾਹਿਬਾਂ ਦੇ ਦਰਮਿਆਨ ਨਾ ਪੇਸ਼ ਕਰਕੇ ਕਿਸੇ ਸਾਂਝੇ ਮੰਚ ‘ਤੇ ਗੁਰੂ ਦੇ ਪਿਆਰਿਆਂ ਦਰਮਿਆਨ ਪੇਸ਼ ਕਰਦਾ।
ਮੈਨੂੰ ਅੱਜ ਇਹ ਗੱਲ ਕਰਨ ਦਾ ਚੇਤਾ ਇਸ ਲਈ ਆਇਆ ਕਿ ਜਿਨ੍ਹਾਂ ‘ਤੇ ਗੁਰੂ ਦੀ ਕ੍ਰਿਪਾ ਹੋਈ ਤੇ ਉਨ੍ਹਾਂ ਕੇਸ ਰੱਖ ਲਏ ਤੇ ਆਪੇ ਹੀ ਉਨ੍ਹਾਂ ਫੈਸਲੇ ‘ਤੇ ਪ੍ਰਸ਼ਨ ਚਿੰਨ ਲਾ ਦਿੱਤਾ ਕਿ ਗੁਰਬਾਣੀ ਵਿਚ ਤਾਂ ਕਿਤੇ ਵੀ ਨਹੀਂ ਗੁਰੂ ਫੁਰਮਾਨ ਕਰਦੇ ਕਿ ਕੇਸ ਰੱਖਣੇ ਜ਼ਰੂਰੀ ਹਨ। ਮੇਰਾ ‘ਸਤਿਗੁਰੂ’ ਦੀ ਚਾਲ ‘ਤੇ ਜਿਹੜਾ ਸ਼ੱਕ ਸੀ, ਉਹ ਯਕੀਨ ਵਿਚ ਬਦਲ ਗਿਆ। ਕਿਉਂਕਿ ਹੁਣ ਤੋਂ ਪਹਿਲਾਂ ਜੇ ਕਿਸੇ ਨੇ ਕੇਸ ਰੱਖਣ ਵਾਲਾ ਕੰਮ ਚੁੱਕ ਹੀ ਲਿਆ ਸੀ, ਫਿਰ ਉਸ ਨੇ ਦੁਚਿਤੀ ਨਹੀਂ ਸੀ ਦਰਸਾਈ।
ਅਸਲ ਵਿਚ ਸੰਤ ਸਮਾਜੀਆਂ ਨੂੰ ਬਾਣੀ ਬਾਰੇ ਅਵਾ-ਤਵਾ ਬੋਲਣ ਦੀ ਖੁੱਲ੍ਹ ਵੀ ਸਾਡੀ ਅਗਿਆਨਤਾ ਦਿੰਦੀ ਹੈ, ਕਿਉਂਕਿ ਇਹ ਲੋਕ ਆਪਣੇ ਚਾਪਲੂਸਾਂ ਤੇ ਤਥਾਕਥਿਤ ਭਗਤਾਂ ਦੇ ਮੂੰਹੋਂ ਇਹ ਵੀ ਕਢਾ ਦਿੰਦੇ ਹਨ ਕਿ ਬਾਬਾ ਜੀ ਦਾ ਹੁਕਮ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨੋ; ਜਦਕਿ ਉਸ ਦੀ ਮੁਖਾਲਫਤ ਸਭ ਤੋਂ ਵਧ ਬਾਬੇ ਹੀ ਕਰਦੇ ਹੁੰਦੇ ਹਨ। ਜੇ ਸਿਰਫ ਕੇਸਾਂ ਦੀ ਹੀ ਗੱਲ ਕੀਤੀ ਜਾਵੇ ਤਾਂ ਦਸਾਂ ਗੁਰੂਆਂ ਵਿਚ ਇਕ ਹੀ ਜੋਤ ਪ੍ਰਕਾਸ਼ਮਾਨ ਹੈ ਤੇ ਜੇ ਗੁਰੂ ਨਾਨਕ ਦੇਵ ਪਾਤਸ਼ਾਹ ਦਸਵੇਂ ਜਾਮੇ ਵਿਚ ਆ ਕੇ ਸਿੱਖ ਦੀ ਬਾਹਰਲੀ ਦਿੱਖ ਦਾ ਫੁਰਮਾਨ ਜਾਰੀ ਕਰਨ ਤੋਂ ਪਹਿਲਾਂ ਆਪ ਭਾਈ ਮਨੀ ਸਿੰਘ ਪਾਸੋਂ ਆਪਣੇ ਪਿਤਾ ਦੀ ਬਾਣੀ ਦਰਜ ਕਰਵਾ ਕੇ ‘ਆਦਿ ਗ੍ਰੰਥ’ ਨੂੰ ‘ਗੁਰੂ ਗ੍ਰੰਥ ਸਾਹਿਬ’ ਦਾ ਦਰਜਾ ਦੇ ਰਹੇ ਹਨ ਤਾਂ ਫਿਰ ਇਹੋ ਜਿਹੀਆਂ ਉਲ-ਜਲੂਲ ਗੱਲਾਂ ਕਰਨਾ ਉਨ੍ਹਾਂ ਦੇ ਰੂਹਾਨੀਅਤ ਦੇ ਗਿਆਨ ਦੀ ਬੇਅਦਬੀ ਕਰਨਾ ਨਹੀਂ? ਉਂਜ, ਬਦਕਿਸਮਤੀ ਸਾਡੀ ਹੈ ਕਿ ਅਸੀਂ ਆਪ ਕਦੇ ਬਾਣੀ ਨਹੀਂ ਪੜ੍ਹਦੇ, ਬਸ ਬੁੱਤ ਵਾਂਗੂ ਉਸ ਅੱਗੇ ਮੱਥਾ ਟੇਕ ਕੇ ਸਾਰੀਆਂ ਜਿੰਮੇਵਾਰੀਆਂ ਤੋਂ ਮੁਕਤੀ ਪ੍ਰਾਪਤ ਕਰ ਲੈਂਦੇ ਹਾਂ।
ਚਲੋ ਮੰਨ ਲਿਆ ਕਿ ‘ਸਤਿਗੁਰੂ’ ਨੇ ਬਾਣੀ ਨੂੰ ਬੜੇ ਗਹੁ ਨਾਲ ਪੜ੍ਹਿਆ ਤੇ ਉਸ ਨੂੰ ਉਹ ਵੀ ਦਿਸ ਪਿਆ, ਜੋ ਨਹੀਂ ਵੀ ਸੀ ਲਿਖਿਆ। ਮੇਰੇ ਵਰਗੀ ਨਾਸਤਕ, ਜੋ ਕਿਸੇ ਸੰਤ ਸਮਾਜ ਨਾਲ ਨਹੀਂ ਜੁੜੀ ਹੋਈ ਤੇ ਮੈਨੂੰ ਬਾਣੀ ਦੇ ਲੜ ਲਾਉਣ ਵਾਲਾ ਕੋਈ ਨਹੀਂ ਹੈ ਤੇ ਮੈਨੂੰ ਗੁਰੂ ਦੀ ਬਾਣੀ ਵਿਚ ਕਈ ਫੁਰਮਾਨ ਦੇਖਣ ਨੂੰ ਮਿਲੇ, ਜੋ ਜਨਾਬ ‘ਸਤਿਗੁਰੂ ਸੱਚੇ ਪਾਤਸ਼ਾਹ ਜੀ’ ਦੇ ਅੱਖੋਂ ਓਹਲੇ ਕਿਸ ਤਰ੍ਹਾਂ ਹੋ ਗਏ, ਮੈਨੂੰ ਪਤਾ ਨਹੀਂ ਲੱਗਾ, ਜਿਵੇਂ:
*ਤੱਤੀ ਤਵੀ ਨੂੰ ਰੱਬ ਦਾ ਭਾਣਾ ਮੰਨਣ ਵਾਲੇ ਆਪਣੇ ਆਪ ਨੂੰ ਨੀਚ, ਮੂਰਖ, ਅਗਿਆਨੀ, ਅਲਪ ਮਤ, ਲੂਣ ਹਰਾਮੀ ਆਦਿ ਕਈ ਵਿਸ਼ੇਸ਼ਣਾਂ ਨਾਲ ਸੰਬੋਧਿਤ ਕਰਦੇ ਹਨ। ਆਪਣਾ ਨਾਂ ਲੈ ਕੇ ਆਪਣੇ ਆਪ ਨੂੰ ਮਹੱਲਾ ਅਖਵਾਉਂਦੇ ਹਨ। ਅਸੀਂ ਉਨ੍ਹਾਂ ਨੂੰ ਗੁਰੂ ਆਖਦੇ ਹਾਂ। ਫਿਰ ਕੋਈ ਸਾਧਾਰਨ ਹੱਡ ਮਾਸ ਦਾ ਪੁਤਲਾ ‘ਸਤਿਗੁਰੂ’ ਕਿਵੇਂ ਬਣ ਸਕਦਾ ਹੈ?
*ਜਨਤਾ ਇਨ੍ਹਾਂ ਨਾਸ਼ਵਾਨ ਪੁਤਲਿਆਂ ਨੂੰ ਪਰਮਾਤਮਾ ਦਾ ਦਰਜਾ ਦਿੰਦੀ ਹੈ, ਪਰ ਗੁਰੂ ਨੇ ਪਰਮਾਤਮਾ ਦੀ ਪਰਿਭਾਸ਼ਾ ਮੂਲ ਮੰਤਰ ਵਿਚ ਹੀ ਦੇ ਦਿੱਤੀ ਹੈ। ਇਹ ਫੁਰਮਾਨ ਵੀ ਤਕਰੀਬਨ ਰੋਜ਼ ਪੜ੍ਹਿਆ ਜਾਂਦਾ ਹੈ:
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹ ਗੁਣ ਤੇ ਪ੍ਰਭ ਭਿੰਨ॥
ਇਨ੍ਹਾਂ ਹੁਕਮਾਂ ਵੱਲ ਵੇਖਿਆ ਜਾਵੇ ਤਾਂ ਰੱਬ ਦਾ ਕੋਈ ਰੂਪ ਹੀ ਨਹੀਂ ਤੇ ਫਿਰ ਕੋਈ ਜਿਉਣ-ਮਰਨ ਦੇ ਗੇੜ ਵਿਚ ਫਸਿਆ ਇਨਸਾਨ ਰੱਬ ਦਾ ਦਰਜਾ ਕਿਸ ਤਰ੍ਹਾਂ ਲੈ ਗਿਆ?
ਜੇ ਸੰਤ ਸਮਾਜੀਆਂ ਨੂੰ ਬਾਣੀ ਦੇ ਅਰਥ ਆਉਂਦੇ ਹਨ ਤਾਂ ਜਦੋਂ ਇਨ੍ਹਾਂ ਦੇ ਭਗਤ ਇਨ੍ਹਾਂ ਨੂੰ ਰੱਬ ਮੰਨ ਕੇ ਇਨ੍ਹਾਂ ਅੱਗੇ ਅਰਜ਼ ਗੁਜ਼ਾਰਦੇ ਹਨ, ਉਦੋਂ ਇਹ ਕਹਿੰਦੇ ਕਿਉਂ ਨਹੀਂ:
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥
ਕੀ ਉਹ ਕਹਿਣਗੇ ਕਿ ਭਗਤੋ, ਤੁਹਾਡਾ ਮੂੰਹ ਸੜ ਜਾਵੇ ਮੈਨੂੰ ਰੱਬ ਕਹਿਣ ਤੋਂ ਪਹਿਲਾਂ।
*ਡੇਰਿਆਂ ‘ਤੇ ਆਮ ਹਵਨ ਅਤੇ ਹੋਰ ਕਿੰਨਾ ਬ੍ਰਾਹਮਣਵਾਦ ਪੁਗਾਇਆ ਜਾਂਦਾ ਹੈ। ਇਥੇ ਲੋਕਾਂ ਨੂੰ ਗੁਰੂ ਦੇ ਫੁਰਮਾਨ ਬਾਰੇ ਕਿਉਂ ਨਹੀਂ ਚੇਤਾ ਕਰਵਾਇਆ ਜਾਂਦਾ:
ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ॥
ਰਾਮ ਨਾਮ ਬਿਨੁ ਮੁਕਤਿ ਨ ਪਾਵਸਿ ਮੁਕਤਿ ਨਾਮਿ ਗੁਰਮੁਖਿ ਲਹੈ॥
*ਕਿਸੇ ਨੂੰ ਵੀ ਬਗੈਰ ਚਸ਼ਮਾ ਲਾਇਆਂ ਗੁਰੂ ਦਾ ਫੁਰਮਾਨ ਦਿਸ ਪੈਂਦਾ ਹੈ:
ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ॥
ਅਖੌਤੀ ‘ਸਤਿਗੁਰਾਂ’ ਨੂੰ ਚਸ਼ਮਾ ਲਾ ਕੇ ਵੀ ਨਹੀਂ ਦਿਸਿਆ। ਉਨ੍ਹਾਂ ਫਿਰ ਕਈ ਰੰਗ ਪਾਉਣ ‘ਤੇ ਪਾਬੰਦੀ ਲਾਈ ਹੁੰਦੀ ਹੈ।
*ਡੇਰਿਆਂ ‘ਤੇ ਮਾਲਾਵਾਂ ਵੰਡੀਆਂ ਜਾਂਦੀਆਂ ਨੇ ਤੇ ਦੁਬਿਧਾ ਤੋਂ ਬਚਣ ਲਈ ਇਹ ਵੀ ਦੱਸ ਦਿੱਤਾ ਜਾਂਦਾ ਹੈ ਕਿ ਵਾਹਿਗੁਰੂ ਦਾ ਜਾਪ ਕਿੰਨੀ ਵਾਰ ਕਰਨਾ ਹੈ। ਗੁਰੂਆਂ ਤੋਂ ਪਹਿਲਾਂ ਜਿਸ ਭਗਤ ਨੇ ਬ੍ਰਾਹਮਣਾਂ ਨਾਲ ਟਾਕਰਾ ਕੀਤਾ ਸੀ, ਉਨ੍ਹਾਂ ਅਨੁਸਾਰ:
ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ॥
ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ॥
ਭਗਤਾਂ ਦੇ ਹੱਥ ਮਾਲਾ ਫੜਾਉਣ ਲੱਗਿਆਂ ਬਾਣੀ ਦੀ ਇਹ ਤੁਕ ਕਿਉਂ ਨਾ ਪੜ੍ਹੀ?
*ਸੱਚ ਤੇ ਝੂਠ ਦੀ ਕਿਰਿਆ ਅੰਧਵਿਸ਼ਵਾਸ ਦੀ ਹੱਦ ਤੱਕ ਡੇਰਿਆਂ ‘ਤੇ ਚਲਦੀ ਹੈ ਤੇ ਬਾਣੀ ਦਾ ਅਰੰਭ ਹੀ ਸੁੱਚ ਦੀ ਪ੍ਰਕ੍ਰਿਆ ਨੂੰ ਰੱਦ ਕਰਦਾ ਹੈ:
ਸੋਚੈ ਸੋਚਿ ਨਾ ਹੋਵਈ ਜੇ ਸੋਚੀ ਲਖ ਵਾਰ॥
ਕੀ ਇਨ੍ਹਾਂ ‘ਸਤਿਗੁਰਾਂ’ ਨੇ ਜਪੁਜੀ ਸਾਹਿਬ ਕਦੇ ਨਹੀਂ ਪੜ੍ਹਿਆ, ਸੁਖਮਨੀ ਸਾਹਿਬ ਵੱਲ ਧਿਆਨ ਨਹੀਂ ਦਿੱਤਾ, ਜਿਸ ਵਿਚ ਦਰਜ ਹੈ:
ਸੋਚ ਕਰੈ ਦਿਨਸੁ ਅਰੁ ਰਾਤਿ॥
ਮਨ ਕੀ ਮੈਲੁ ਨਾ ਤਨ ਤੇ ਜਾਤਿ॥
ਹੁਣ ਜਵਾਬ ਉਸ ਗੱਲ ਦਾ ਕਿ ਬਾਣੀ ਵਿਚ ਕਿਤੇ ਨਹੀਂ ਲਿਖਿਆ ਕਿ ਕੇਸ ਰੱਖਣੇ ਜ਼ਰੂਰੀ ਨਹੀਂ। ਇਸ ਦਾ ਉਤਰ ਤਾਂ ਗੁਰੂ ਨਾਨਕ ਪਾਤਸ਼ਾਹ ਹੀ ਦਿੰਦੇ ਨੇ:
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥
ਸੇ ਸਿਰ ਕਾਤੀ ਮੁੰਨੀਅਨਿ ਗਲ ਵਿਚਿ ਆਵੇ ਧੂੜਿ॥
ਗੁਰੂ ਸਾਹਿਬ ਨੇ ਮੁਗਲੀਆ ਸਲਤਨਤ ਦੇ ਹਮਲੇ ਤੋਂ ਬਾਅਦ ਬਣ ਚੁੱਕੇ ਸਮਾਜਿਕ ਹਾਲਾਤ ਵਿਚ ਇਸਤਰੀ ਦੇ ਤ੍ਰਿਸਕਾਰ ਨੂੰ ਬਿਆਨਣ ਦੀ ਸ਼ੁਰੂਆਤ ਉਸ ਦੇ ਲੰਮੇ ਵਾਲਾਂ ਦੇ ਮੁੰਨਣ ਤੋਂ ਕੀਤੀ। ਜੇ ਹੋਰ ਗੱਲ ਕੀਤੀ ਜਾਵੇ ਤਾਂ ਪਹਿਲੇ ਪਾਤਸ਼ਾਹ ਨੇ ਜੈਨੀਆਂ ਦੇ ਵਾਲਾਂ ਦੀ ਹਾਲਤ ਦੇਖ ਕੇ ਉਨ੍ਹਾਂ ਨੂੰ ਭੇਡਾਂ ਕਿਹਾ ਸੀ। ਇਸ ‘ਤੇ ਉਨ੍ਹਾਂ ਨੇ ਵਾਲ ਮੁੰਨਣ ਦੀ ਨਹੀਂ, ਸਗੋਂ ਨਹਾਉਣ ਦੀ ਸਲਾਹ ਦਿੱਤੀ ਸੀ। ਇਹ ਗੱਲ ਸਿਰਫ ਗੁਰੂ ਅੱਗੇ ਆਤਮ-ਸਮਰਪਣ ਕਰਨ ਵਾਲੇ ਹੀ ਸਮਝ ਸਕਦੇ ਹਨ। ਭਗਤ ਕਬੀਰ ਜੀ ਨੇ ਹੁਕਮ ਦਿੱਤਾ:
ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ॥
ਉਨ੍ਹਾਂ ਤੋਂ ਖਾਲਸਾ ਪੰਥ ਦੀ ਸਿਰਜਣਾ ਦੀ ਪ੍ਰਕ੍ਰਿਆ ਅਰੰਭ ਹੁੰਦੀ ਹੈ ਤੇ ਸਦੀਆਂ ਦੇ ਪੜਾਅ ਤੈਅ ਕਰਦੀ ਹੈ, ਅਖੀਰ ਗੁਰੂ ਦਸਮ ਪਾਤਸ਼ਾਹ ਖਾਲਸਾ ਕਿਸ ਤਰ੍ਹਾਂ ਦਾ ਹੋਵੇ, ਇਸ ‘ਤੇ ਮੋਹਰ ਲਾਉਂਦੇ ਹਨ। ਗੁਰੂ ਦਾ ਮਕਸਦ ਬਾਣੇ ਰਾਹੀਂ ਸਿੱਖ ਦੇ ਕਿਰਦਾਰ ਦੀ ਤਰਜਮਾਨੀ ਕਰਨਾ ਹੈ, ਜਿਸ ਨੂੰ ਘੜਦਿਆਂ ਸਦੀਆਂ ਲੰਘ ਗਈਆਂ।
ਸਿੱਖਾਂ ਦੀ ਬਦਕਿਸਮਤੀ ਰਹੀ ਹੈ ਕਿ ਉਨ੍ਹਾਂ ਨੂੰ ਦੋਸਤ ਅਤੇ ਦੁਸ਼ਮਣ ਵਿਚ ਪਛਾਣ ਨਹੀਂ ਆਈ। ਉਨ੍ਹਾਂ ਵਿਚ ਬੈਠੇ ਘੁਸਪੈਠੀਆਂ ਨੂੰ ਪਤਾ ਸੀ ਕਿ ਇਹ ਬਹੁਗਿਣਤੀ ਵਿਚ ਗੁਰੂ ਨੂੰ ਵਿਚਾਰਨ ਵਾਲੇ ਨਹੀਂ, ਇਸ ਕਰਕੇ ਇਨ੍ਹਾਂ ਅੱਗੇ ਜੋ ਉਘੜ-ਦੁਘੜੀਆਂ ਗੁਰੂ ਦਾ ਨਾਂ ਲੈ ਕੇ ਮਾਰੀਆਂ, ਇਨ੍ਹਾਂ ਸੱਚ ਸਮਝ ਲੈਣਾ; ਨਹੀਂ ਤਾਂ ਮਾਸ ਖਾਣਾ ਜਾਂ ਨਾ ਖਾਣਾ, ਰਾਗ ਮਾਲਾ ਪੜ੍ਹਨੀ ਹੈ ਜਾਂ ਨਹੀਂ, ਦਸਮ ਗ੍ਰੰਥ ਦੇ ਉਪਾਸ਼ਕ ਹੋਣਾ ਹੈ ਜਾਂ ਨਹੀਂ, ਤੇ ਇਹ ਹੁਣ ਇਕ ਹੋਰ ਸਿੱਖਾਂ ਦੇ ਕੇਸਾਂ ਦਾ ਮਸਲਾ ਸਿਰ ਚੁੱਕ ਰਿਹਾ ਹੈ, ਇਹ ਸਭ ਕਦੇ ਨਹੀਂ ਸੀ ਹੋਣਾ। ਮੈਂ ਇਸ ‘ਸਤਿਗੁਰੂ’ ਨੂੰ ਵਧਾਈ ਦਾ ਪਾਤਰ ਸਮਝਦੀ, ਜੇ ਉਹ ਕਹਿੰਦਾ ਕਿ ਸਿੱਖੋ, ਬਾਣੀ ਵਿਚ ਕਿਤੇ ਵੀ ਅਗਲੇ ਦੀ ਪੱਗ ਲਾਹੁਣ ਬਾਰੇ ਨਹੀਂ ਕਿਹਾ ਪਰ ਤੁਸੀਂ ਸ਼ਰਮ ਕਰੋ ਕਿ ਤੁਸੀਂ ਉਸ ਨੂੰ ਲਾਹੁਣ ਲੱਗੇ ਥਾਂ ਵੀ ਗੁਰਦੁਆਰਾ ਚੁਣਦੇ ਹੋ।
ਇਕ ਗੱਲ ਹੋਰ ‘ਸਤਿਗੁਰੂ’ ਨੇ ਆਖੀ ਹੈ ਕਿ ਸਿੱਖ ਹਿੰਦੂਆਂ ਦਾ ਹਿੱਸਾ ਹਨ। ਮੈਂ ਉਨ੍ਹਾਂ ਦੇ ਹਜ਼ੂਰ ਗੁਜ਼ਾਰਿਸ਼ ਕਰਾਂਗੀ ਕਿ ਅੱਧੇ ਦਿਨ ਤੋਂ ਵੀ ਘੱਟ ਸਮਾਂ ਲਗਦਾ ਹੈ, ਭਾਈ ਕਾਹਨ ਸਿੰਘ ਨਾਭਾ ਦੀ ਪੁਸਤਕ ‘ਹਮ ਹਿੰਦੂ ਨਹੀਂ’ ਪੜ੍ਹਨ ਲੱਗਿਆਂ, ਪੜ੍ਹਨ ਦੀ ਕ੍ਰਿਪਾਲਤਾ ਕਰਨੀ। ਮੇਰੇ ਹਿਸਾਬ ਨਾਲ ਸਿਰਫ ਬਨਮਾਨਸਾਂ ਨੂੰ ਅਖਤਿਆਰ ਹੈ, ਬੰਦਿਆਂ ਨੂੰ ਇਹ ਕਹਿਣਾ ਦਾ ਕਿ ਬੰਦੇ ਉਨ੍ਹਾਂ ਵਿਚੋਂ ਨਿਕਲੇ ਹਨ। ਨਹੀਂ ਤਾਂ ਇਕ ਵਾਰ ਮਨੁੱਖੀ ਦਿਮਾਗ ਵਿਕਸਿਤ ਹੋ ਗਿਆ, ਉਸ ਵਿਚ ਚੇਤਨਾ ਪੈਦਾ ਹੋ ਗਈ, ਫਿਰ ਸਮਾਜ ਵਿਚ ਕਈ ਫਿਰਕੇ, ਕੌਮਾਂ ਤੇ ਕਬੀਲੇ ਬਣੇ। ਇਤਿਹਾਸ ਦੀਆਂ ਕਿਤਾਬਾਂ ਪੜ੍ਹਿਆਂ ਪਤਾ ਲੱਗਦਾ ਹੈ ਕਿ ਵਰਣ ਆਸ਼ਰਮ ਧਰਮ ਦੇ ਡਰ ਤੋਂ ਅਣਗਿਣਤ ਬੋਧੀ ਇਸਲਾਮ ਅਪਨਾ ਗਏ। ਜ਼ਰਾ ਇਹ ‘ਸੱਚੇ ਪਾਤਸ਼ਾਹ’ ਲਾਹੌਰ ਜਾ ਕੇ ਇਹ ਗੱਲ ਮੁਸਲਮਾਨਾਂ ਨੂੰ ਵੀ ਕਹਿਣ ਕਿ ਉਹ ਤਾਂ ਬੋਧੀ ਨੇ। ਜੇ ਸਿੱਖ ਹਿੰਦੂਆਂ ਦਾ ਹਿੱਸਾ ਨੇ, ਫਿਰ ਮਹੰਤਾਂ ਨੂੰ ਗੁਰਦੁਆਰਿਆਂ ਵਿਚੋਂ ਬਾਹਰ ਕੱਢਣ ਲਈ ਮੋਰਚੇ ਕਿਉਂ ਲੱਗੇ?
ਅੱਜ ਕੱਲ੍ਹ ਟੀ. ਵੀ. ਚੈਨਲਾਂ ਉਪਰ ਆਮ ਦੇਖਿਆ ਜਾਂਦਾ ਹੈ ਕਿ ਕਿਸੇ ਨੂੰ ਬਦਨਾਮ ਕਰਨ ਲਈ ਉਸ ਦੀ ਕਹੀ ਪੂਰੀ ਗੱਲ ਵਿਚੋਂ ਕੋਈ ਇਕ ਹਿੱਸਾ ਕੱਢ ਕੇ, ਉਸ ਦਾ ਇਕ ਸਿਰਲੇਖ ਜਿਹਾ ਬਣਾ ਕੇ ਮਸਲਾ ਜਿਹਾ ਅਰੰਭ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਕਹੀ ਗਈ ਗੱਲ ਦਾ ਤੱਤਸਾਰ ਬਿਲਕੁਲ ਪੁੱਠਾ ਹੋ ਜਾਂਦਾ ਹੈ ਤੇ ਸਮਾਜ ਵੀ ਉਸ ਵਿਰੁਧ ਹੋ ਜਾਂਦਾ ਹੈ। ਕੁਝ ਇਸ ਤਰ੍ਹਾਂ ਹੀ ਬਾਣੀ ਨਾਲ ਹੁੰਦਾ ਹੈ। ਮਸਲਨ, ਕਬੀਰ ਸਾਹਿਬ ਦਾ ਫੁਰਮਾਨ ਹੈ:
ਜਿਹ ਸਿਰਿ ਰਚਿ ਰਚਿ ਬਾਧਤ ਪਾਗ॥
ਸੋ ਸਿਰੁ ਚੁੰਚ ਸਵਾਰਹਿ ਕਾਗ।
ਇਸ ਤੋਂ ਕੋਈ ਵੀ ਇਹ ਕਹਿ ਸਕਦਾ ਹੈ ਕਿ ਬਾਣੀ ਅਨੁਸਾਰ ਪੱਗ ਬੰਨ੍ਹਣ ਦੀ ਵੀ ਕੋਈ ਲੋੜ ਨਹੀਂ, ਕਿਉਂਕਿ ਉਸ ਸਿਰ ‘ਤੇ ਭਾਵੇਂ ਕਾਂ ਹੀ ਠੂੰਗੇ ਮਾਰਨ ਪਰ ਜੇ ਪੂਰੀ ਤੁਕ ਪੜ੍ਹੀ ਜਾਵੇ ਤਾਂ ਇਹੋ ਜਿਹਾ ਕੁਝ ਵੀ ਨਹੀਂ, ਭਾਵ ਅਰਥ ਬਿਲਕੁਲ ਵੱਖਰਾ ਹੈ।
ਸੰਤ ਸਮਾਜੀ ਸਿੱਖੀ ਤੋਂ ਅੱਕੇ ਇਹ ਦਲੀਲਾਂ ਵੀ ਦਿੰਦੇ ਹਨ ਕਿ ਸਮਾਂ ਬਦਲ ਰਿਹਾ ਹੈ ਤੇ ਗੁਰੂ ਸਾਹਿਬ ਦਾ ਫੁਰਮਾਨ ਗੁਰੂਕਾਲ ਵਿਚ ਮੰਨਣਾ ਵਾਜਬ ਸੀ, ਜਦੋਂ ਸਿੱਖ ਘੋੜਿਆਂ ਤੇ ਜੰਗਲਾਂ ਵਿਚ ਸੌਂਦੇ ਸਨ। ਕੋਈ ਦੱਸੇ ਉਨ੍ਹਾਂ ਨੂੰ ਕਿ ਸਮਾਂ ਸਿੱਖਾਂ ਲਈ ਤਾਂ ਘੱਟੋ-ਘੱਟ ਬਿਲਕੁਲ ਨਹੀਂ ਬਦਲਿਆ। ਕੀ ਘੱਲੂਘਾਰੇ, ਦਰਬਾਰ ਸਾਹਿਬ ‘ਤੇ ਹਮਲਾ, ਸਿੱਖਾਂ ਦੀ ਨਸਲਕੁਸ਼ੀ, ਇਤਿਹਾਸ ਦਾ ਹਿੱਸਾ ਬਣਨ ਦਿੱਤੇ ਗਏ? ਰਹੀ ਜੰਗਲਾਂ ਵਿਚ ਰਹਿਣ ਦੀ ਗੱਲ, ਮਹਾਂਰਾਸ਼ਟਰ ਵਿਚ ਦੇਖੋ, ਅੱਜ ਵੀ ਸਿਕਲੀਗਰ ਸਿੱਖ ਆਪਣੀ ਹੋਂਦ ਬਚਾਉਣ ਲਈ ਜੰਗਲਾਂ ਵਿਚ ਰਹਿ ਰਹੇ ਹਨ।
ਮੇਰੀ ਅੰਤ ਵਿਚ ਇਸ ‘ਸਤਿਗੁਰੂ’ ਅੱਗੇ ਬੇਨਤੀ ਹੈ ਕਿ ਉਨ੍ਹਾਂ ਕੇਸਾਂ ਦਾ ਵਿਸ਼ਾ ਤਾਂ ਛੇੜ ਦਿੱਤਾ ਹੈ ਤੇ ਹੁਣ ਵਾਰੀ ਹੈ ਕੰਘਾ, ਕੜਾ, ਕਛਹਿਰਾ ਤੇ ਕਿਰਪਾਨ ਦੀ। ਇਹ ਸਾਰੇ ਲਫਜ਼ ਵੀ ਬਾਣੀ ਵਿਚ ਇਕੱਠੇ ਨਹੀਂ ਵਰਤੇ ਗਏ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਦਾ ਫੁਰਮਾਨ ਹੌਲਾ ਪੈ ਗਿਆ, ਫਿਰ ਵੀ ਜਦੋਂ ਉਹ ਇਸ ਗੱਲ ਦੀ ਪੜਚੋਲ ਕਰਨ ਲਈ ਬਾਣੀ ਪੜ੍ਹਨ ਤਾਂ ਸਤਿਗੁਰੂ ਦੀ ਪਰਿਭਾਸ਼ਾ ਗੁਰੂ ਦੇ ਮੁਤਾਬਕ ਦੇਖ ਲੈਣ:
ਸਤਿਗੁਰੁ ਪੁਰਖੁ ਅੰਗਮੁ ਹੈ
ਜਿਸੁ ਅੰਦਰਿ ਹਰਿ ਉਰਿ ਧਾਰਿਆ॥
ਸਤਿਗੁਰੂ ਕੋ ਅਪੜਿ ਕੋਇ ਨ ਸਕਈ
ਜਿਸੁ ਵਲਿ ਸਿਰਜਣਹਾਰਿਆ॥
ਗੁਰੂ ਸਾਹਿਬ ਤਾਂ ਕਹਿੰਦੇ ਨੇ ਕਿ ਸਤਿਗੁਰੂ ਵਲ ਤੇ ਕੋਈ ਅੱਪੜ ਹੀ ਨਹੀਂ ਸਕਦਾ ਕਿਉਂਕਿ ਉਸ ਦੀ ਖੜਗ ਤੇ ਸੰਜੋਅ ਪਰਮਾਤਮਾ ਦਾ ਨਾਂ ਹੈ, ਫਿਰ ਧਰਤੀ ‘ਤੇ ਤੁਰੇ ਫਿਰੇ ‘ਸਤਿਗੁਰੂ’ ਹਕੂਮਤ ਪਾਸੋਂ ਆਪਣੀ ਸੁਰੱਖਿਆ ਦਾ ਵਜੀਫਾ ਕਿਉਂ ਮੰਗਦੇ ਨੇ, ਤੇ ਅੰਗ ਰੱਖਿਅਕਾਂ ਤੋਂ ਬਿਨਾ ਇਕ ਪੈਰ ਵੀ ਨਹੀਂ ਪੁੱਟਦੇ।
ਮੇਰੀ ਬੇਨਤੀ ਹੈ, ਗੁਰੂ ਨੂੰ ਮੰਨਣ ਵਾਲਿਆਂ ਅੱਗੇ ਕਿ ਜਦੋਂ ਸਾਡੇ ਕੋਲ 1430 ਪੱਤਰਿਆਂ ਉਤੇ ਉਕਰਿਆ ਗੁਰੂ ਦਾ ਫੁਰਮਾਨ ਹੈ, ਤਾਂ ਅਸੀਂ ਕਿਸੇ ਤੀਸਰੇ ਦੀ ਆਖੀ ਗੱਲ ਨੂੰ ਤਰਜੀਹ ਨਾ ਦਈਏ। ਇਸ ਨਾਲ ਨਵੇਂ ਭੰਬਲਭੂਸੇ ਤੇ ਬਹਿਸਾਂ ਦੇ ਵਿਸ਼ੇ ਛਿੜਦੇ ਨੇ। ਅਸੀਂ ਅਖੰਡ ਪਾਠ ਕਰਾਉਣ ਜਾਂ ਫਿਰ ਹਰ ਮਹੀਨੇ ਸਹਿਜ ਪਾਠ ਦੀ ਸਮਾਪਤੀ ਦੇ ਦਮਗਜੇ ਨਾ ਮਾਰੀਏ। ਬਾਣੀ ਅਰਾਮ ਨਾਲ ਪੜ੍ਹੀਏ ਤਾਂ ਕਿ ਭਰਮ ਫੈਲਾਉਣ ਵਾਲੇ ਸਾਡੇ ਅੰਦਰ ਬੇਹੂਦਾ ਬਹਿਸਾਂ ਦੇ ਵਿਸ਼ੇ ਨਾ ਪੈਦਾ ਕਰ ਸਕਣ। ਅਸੀਂ ਬਹਿਸਾਂ ਕਰਦੇ ਹਾਂ ਤਾਂ ਪੱਗਾਂ ਲਹਿੰਦੀਆਂ ਨੇ। ਅਸੀਂ ਗੋਸ਼ਟੀਆਂ ਕਰੀਏ ਤਾਂ ਜੋ ਇਕਸੁਰਤਾ ਪੈਦਾ ਹੋਵੇ। ਗੁਰੂ ਦਾ ਹੁਕਮ ਹੈ, ਸਾਵਧਾਨ ਤੇ ਇਕਾਗਰ ਚਿਤ ਹੋ ਕੇ ਗੁਰੂ ਦੀ ਉਸਤਤ ਕਰਨ ਦਾ। ਜੇ ਅਸੀਂ ਏਦਾਂ ਕਰ ਜਾਂਦੇ ਹਾਂ ਤਾਂ ਜਦੋਂ ਕੋਈ ਮਾਸ ਦਾ ਵਿਸ਼ਾ ਛੇੜੇ ਤਾਂ ਸਾਨੂੰ ਪਤਾ ਹੋਵੇ ਕਿ ਗੁਰੂ ਸਾਹਿਬ ਕਹਿੰਦੇ ਨੇ:
ਮਾਸੁ ਮਾਸੁ ਕਰਿ ਮੂਰਖੁ ਝਗੜੇ
ਗਿਆਨੁ ਧਿਆਨੁ ਨਹੀ ਜਾਣੈ॥
ਜੇ ਕੋਈ ਦਸਮ ਗ੍ਰੰਥ ਦਾ ਵਿਸ਼ਾ ਛੇੜਦਾ ਹੈ ਤਾਂ ਸਾਨੂੰ ਪਤਾ ਹੋਵੇ ਕਿ ਦਸਮ ਪਾਤਸ਼ਾਹ ਨੇ ਆਪ ਹੀ ਹੁਕਮ ਲਾਇਆ ਹੈ:
ਗੁਰੂ ਮਾਨਿਓ ਗ੍ਰੰਥ।
ਅਤੇ ਕੇਸ ਕਿਉਂ ਰੱਖਣੇ ਨੇ, ਕਿਉਂਕਿ ਗੁਰੂ ਨੇ ਰੱਖੇ ਨੇ, ਕਿਉਂਕਿ ਗੁਰੂ ਦਾ ਫੁਰਮਾਨ ਹੈ, ਕਿਉਂਕਿ ਗੁਰੂ ਆਪ ਕਹਿੰਦੇ ਨੇ:
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥
ਕਨਕ ਕਟਿਕ ਜਲ ਤਰੰਗ ਜੈਸਾ॥