ਮਹਾਰਾਣੀ ਤੋਂ ਮਹਾਂਰਥੀ ਤੱਕ

ਪ੍ਰੋ. ਬਲਕਾਰ ਸਿੰਘ
ਫੋਨ: +91-93163-01328
ਮਹਾਰਾਣੀ ਅਤੇ ਪਰਨੀਤ ਕੌਰ ਵਿਚੋਂ ਕਿਸੇ ਇਕ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪਟਿਆਲੇ ਵਿਚ ਉਨ੍ਹਾਂ ਦੀ ਇਹੀ ਸ਼ਖਸੀਅਤ ਉਨ੍ਹਾਂ ਨੂੰ ਜਾਣਨ ਵਾਲਿਆਂ ਦੇ ਮਨਾਂ ਵਿਚ ਵਸੀ ਹੋਈ ਹੈ। ਪਰਨੀਤ ਕੌਰ ਅਜਿਹੀ ਸਿਆਸਤਦਾਨ ਹੈ, ਜਿਸ ਨੂੰ ਜਾਣਨ ਵਾਲਿਆਂ ਦੀ ਗਿਣਤੀ ਬਹੁਤ ਹੈ। ਜਿਹੜੇ ਉਨ੍ਹਾਂ ਨੂੰ ਨਹੀਂ ਮਿਲੇ, ਉਨ੍ਹਾਂ ਲਈ ਵੀ ਉਹ ਮਹਾਰਾਣੀ ਦੇ ਬਿੰਬ ਵਜੋਂ ਸਦਾ ਸਾਹਮਣੇ ਹੈ। ਇਹ ਸਭ ਨੂੰ ਪਤਾ ਹੈ ਕਿ ਕਹਿਣ ਨਾਲ ਕੀ ਹੁੰਦਾ ਹੈ, ਕਿਉਂਕਿ ਨਾਂ ਤਾਂ ਉਹੀ ਟਿਕਦੇ ਹਨ, ਜਿਨ੍ਹਾਂ ਵਿਚ ਟਿਕਣਯੋਗ ਸਮਰਥਾ ਹੁੰਦੀ ਹੈ।

ਸਿਧਾਂਤਕੀਆਂ ਦੇ ਝੰਬੇ ਹੋਏ ਕਥਿਤ ਸਿਆਣਿਆਂ ਨੂੰ ਇਤਰਾਜ਼ ਹੋ ਸਕਦਾ ਹੈ ਕਿ ਲੋਕਤੰਤਰ ਵਿਚ ਰਾਜੇ ਮਹਾਰਾਜੇ ਅਖਵਾਉਣ ਦਾ ਹੱਕ ਖੁਸ ਚੁਕਾ ਹੈ। ਪਟਿਆਲੇ ਦੇ ਸ਼ਾਹੀ ਘਰਾਣੇ ਵਿਚ ਜਿਵੇਂ ਰਾਜ ਮਾਤਾ ਮਹਿੰਦਰ ਕੌਰ ਆਖਰੀ ਰਾਜ ਮਾਤਾ ਹੋ ਗਏ ਹਨ, ਉਵੇਂ ਹੀ ਪਰਨੀਤ ਕੌਰ ਆਖਰੀ ਮਹਾਰਾਣੀ ਹੋ ਸਕਦੇ ਹਨ। ਕਾਰਨ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਰਿਆਸਤ ਦੇ ਜਨਮ ਤੋਂ ਮਹਾਰਾਜਾ ਹਨ। ਯੋਗੀ ਹਰਿਭਜਨ ਸਿੰਘ ਕਿਹਾ ਕਰਦੇ ਸਨ, ਕੈਪਟਨ ਸਾਹਿਬ ਸਿੱਖਾਂ ਦੇ ਆਖਰੀ ਜਨਮ ਤੋਂ ਮਹਾਰਾਜਾ ਹਨ, ਕਿਉਂਕਿ ਉਨ੍ਹਾਂ ਦਾ ਪਾਲਣ ਪੋਸਣ ਪਟਿਆਲਾ ਰਿਆਸਤ ਦੇ ਹੋਣ ਵਾਲੇ ਮਹਾਰਾਜਾ ਵਜੋਂ ਹੁੰਦਾ ਰਿਹਾ ਸੀ। ਉਨ੍ਹਾਂ ਨਾਲ ਨਿਭਣ ਵਾਲਿਆਂ ਨੂੰ ਇਹ ਸੱਚਾਈ ਧਿਆਨ ਵਿਚ ਰੱਖਣੀ ਚਾਹੀਦੀ ਹੈ। ਇਹ ਗੱਲ ਇਸ ਲਈ ਕਹੀ ਜਾ ਰਹੀ ਹੈ ਤਾਂ ਕਿ ਇਹ ਦੱਸਿਆ ਜਾ ਸਕੇ ਕਿ ਪਟਿਆਲਵੀਆਂ ਦੀ ਨਿਗਾਹ ਵਿਚ ਪਰਨੀਤ ਕੌਰ ਮਹਾਰਾਣੀ ਵਜੋਂ ਹੀ ਵੱਸੇ ਹੋਏ ਹਨ। ਇਹ ਗੱਲ ਜੇ ਉਨ੍ਹਾਂ ਦੇ ਵਿਰੋਧੀਆਂ ਨੂੰ ਚੁਭਦੀ ਵੀ ਹੋਵੇ ਤਾਂ ਵੀ ਇਸ ਵਾਸਤੇ ਪਰਨੀਤ ਕੌਰ ਨੂੰ ਜਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਪੰਜਾਬੀ ਸਭਿਆਚਾਰ ਵਿਚ ਸੁਭਾ ਜਾਂ ਵਿਹਾਰ ਨੂੰ ਲੈ ਕੇ ਅੱਲ ਪਾ ਲੈਣ ਦੀ ਪਰੰਪਰਾ ਚੱਲਦੀ ਆ ਰਹੀ ਹੈ। ਮਹਾਰਾਣੀ ਨੂੰ ਅੱਲ ਸਮਝ ਕੇ ਇਸ ਨਾਲ ਨਿਭਣ ਦੀ ਜਾਚ ਵਿਰੋਧੀਆਂ ਨੂੰ ਸਿੱਖ ਲੈਣੀ ਚਾਹੀਦੀ ਹੈ। ਇਸ ਸੱਚਾਈ ਦਾ ਜੇ ਚੋਣਾਂ ਵਿਚ ਪਰਨੀਤ ਕੌਰ ਨੂੰ ਲਾਭ ਮਿਲਿਆ ਹੈ ਤਾਂ ਵੀ ਇਸ ਨੂੰ ਲੋਕਤੰਤਰੀ ਭਾਵਨਾ ਵਿਚ ਹੀ ਲਏ ਜਾਣ ਦੀ ਲੋੜ ਹੈ, ਕਿਉਂਕਿ ਇਸ ‘ਤੇ ਮੋਹਰ ਲੋਕਾਂ ਨੇ ਲਾ ਦਿੱਤੀ ਹੈ।
ਪਟਿਆਲਾ ਦੇ ਲੋਕਾਂ ਨੇ ਚੋਣਾਂ ਵਿਚ ਜਿਸ ਤਰ੍ਹਾਂ ਸ਼ਾਹੀ ਘਰਾਣੇ ਦਾ ਸਾਥ ਦਿੱਤਾ ਹੈ, ਉਸੇ ਤਰ੍ਹਾਂ ਮਹਾਰਾਜੇ (ਅਮਰਿੰਦਰ ਸਿੰਘ) ਅਤੇ ਮਹਾਰਾਣੀ (ਪਰਨੀਤ ਕੌਰ) ਨੇ ਪਟਿਆਲਾ ਵੱਲ ਕਦੇ ਪਿੱਠ ਨਹੀਂ ਕੀਤੀ। ਮਹਾਰਾਣੀ ਦਾ ਮਾਤਰੀ-ਬਿੰਬ, ਉਨ੍ਹਾਂ ਦੇ ਪਟਿਆਲਵੀਆਂ ਨਾਲ ਵਿਹਾਰ ਵਿਚੋਂ ਲਗਾਤਾਰ ਝਲਕਦਾ ਰਿਹਾ ਹੈ। ਇਸੇ ਕਰਕੇ ਵਰਤਮਾਨ ਹਾਲਾਤ ਵਿਚ ਵੀ ਉਨ੍ਹਾਂ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ।
ਸਿਆਸਤ ਵਿਚ ਨਾਰੀ ਹਿੱਸੇਦਾਰੀ ਦੀ ਸਿਆਸਤ ਤਾਂ ਹੁੰਦੀ ਰਹੀ ਹੈ, ਪਰ ਨਾਰੀ-ਸਸ਼ਕਤੀਕਰਣ ਲਈ ਪਹਿਰੇਦਾਰੀ ਦੀਆਂ ਸੰਭਾਵਨਾਵਾਂ ਮੱਧਮ ਹੀ ਰਹੀਆਂ ਹਨ। ਮਿਲੇ ਮੌਕਿਆਂ ਰਾਹੀਂ ਸ਼ਾਇਦ ਨਾਰੀ ਵਰਗ ਨੇ ਵੀ ਸਿਹਤਮੰਦ ਪਿਰਤਾਂ ਨਹੀਂ ਪਾਈਆਂ। ਪੰਚਾਇਤਾਂ ਵਿਚ ਨਾਰੀ ਪ੍ਰਤੀਨਿਧਾਂ ਦੀ ਭੂਮਿਕਾ ਨਾਲ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ, ਪਰ ਪਰਨੀਤ ਕੌਰ ਦੀ ਭੂਮਿਕਾ ਨਾਲ ਇਹ ਗੱਲ ਸਾਹਮਣੇ ਆ ਗਈ ਹੈ ਕਿ ਸਿਆਸਤ ਵਿਚ ਸਹਿਜ ਦੀ ਕਿਰਦੀ ਸਾਖ ਨੂੰ ਬਚਾਉਣ ਵਾਸਤੇ ਬੀਬੀਆਂ ਹੀ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।
ਚੋਣਾਂ ਲੰਘ ਗਈਆਂ ਹਨ ਅਤੇ ਮਹਾਰਾਣੀ ਨੇ ਆਪਣੇ ਭਾਸ਼ਣਾਂ ਵਿਚ ਕੌੜੇ ਬੋਲਾਂ ਦੀ ਵਰਤੋਂ ਨਹੀਂ ਕੀਤੀ। ਉਥੇ ਵੀ ਨਹੀਂ ਕੀਤੀ, ਜਿਥੇ ਅਜਿਹਾ ਹੋ ਸਕਣ ਦਾ ਮਾਹੌਲ ਜਾਣ ਬੁੱਝ ਕੇ ਪੈਦਾ ਕੀਤਾ ਗਿਆ। ਸੁਭਾਅ ਅਤੇ ਪਹੁੰਚ ਵਿਚ ਜੋ ਲੋਕ ਸ਼ਾਹੀ ਪਰਿਵਾਰ ਵਿਚੋਂ ਹੋਣ ਨੂੰ ਗੁਨਾਹ ਵਾਂਗ ਪ੍ਰਚਾਰਦੇ ਰਹੇ ਹਨ, ਉਨ੍ਹਾਂ ਦੇ ਨਿਘਾਰ ਨੂੰ ਵੀ ਜਿਸ ਤਰ੍ਹਾਂ ਪਰਨੀਤ ਕੌਰ ਨੇ ਅੱਖੋਂ ਪਰੋਖੇ ਰੱਖਿਆ ਹੈ, ਇਸ ਨੂੰ ਭਰੇ ਹੋਏ ਭਾਂਡੇ ਅਤੇ ਖਾਲੀ ਭਾਂਡੇ ਦੀ ਮਿਸਾਲ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਪਟਿਆਲੇ ਦਾ ਲੰਮੇ ਸਮੇਂ ਤੋਂ ਵਸਨੀਕ ਹੋਣ ਕਰਕੇ ਸਿਆਸਤ ਵਿਚ ਸ਼ਾਹੀ ਖਾਨਦਾਨ ਦੀ ਭੂਮਿਕਾ ਨੂੰ ਮੈਂ ਨੇੜਿਓਂ ਵੇਖਦਾ ਆ ਰਿਹਾ ਹਾਂ। ਪਰਨੀਤ ਕੌਰ ਇਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਰਹੇ ਸਨ ਅਤੇ ਬਹੁਤ ਦੇਰ ਨਾਲ ਚੋਣ ਪਿੜ ਵਿਚ ਪਰਵੇਸ਼ ਕੀਤੇ ਸਨ। ਉਹ ਕੇਂਦਰ ਵਿਚ ਵਿਦੇਸ਼ ਮੰਤਰੀ ਵੀ ਰਹਿ ਚੁਕੇ ਹਨ ਅਤੇ ਸੱਤਾ ਨੂੰ ਸੇਵਾ ਵਾਸਤੇ ਵਰਤਣ ਲਈ ਜਿੰਨਾ ਉਹ ਤਤਪਰ ਰਹੇ, ਓਨਾ ਉਨ੍ਹਾਂ ਨੇ ਇਸ ਦਾ ਸਿਆਸੀ ਲਾਹਾ ਨਹੀਂ ਲਿਆ। ਸਿਆਸੀ ਲਾਹਾ ਲੈਣ ਲਈ ਪ੍ਰਚਾਰ ਦੀ ਕੀ ਭੂਮਿਕਾ ਰਹਿੰਦੀ ਹੈ, ਇਹ ਵਰਤਮਾਨ ਚੋਣ ਨਤੀਜਿਆਂ ਨਾਲ ਸਾਹਮਣੇ ਆ ਗਿਆ ਹੈ। ਸ਼ਾਹੀ ਘਰਾਣੇ ਦੀ ਨੂੰਹ ਹੋ ਜਾਣ ਨਾਲ ਉਹ ਕਿਸੇ ਨਾ ਕਿਸੇ ਰੂਪ ਵਿਚ ਸੱਤਾ ਦੀ ਸਿਆਸਤ ਦਾ ਹਿੱਸਾ ਹੋ ਗਏ ਸਨ। ਸੱਤਾ ਸਹਾਇਕ ਵਜੋਂ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ, ਕਿਉਂਕਿ ਉਹ ਰਾਜ ਮਾਤਾ ਮਹਿੰਦਰ ਕੌਰ ਨੂੰ ਸੱਤਾ ਨਾਲ ਨਿਭਦਿਆਂ ਵੇਖਦੇ ਰਹੇ ਸਨ ਅਤੇ ਆਪਣੇ ਪਤੀ ਦੇ ਸੱਤਾ ਸੰਘਰਸ਼ ਦੇ ਚਸ਼ਮਦੀਦ ਗਵਾਹ ਹਨ। ਸੱਤਾ ਵਿਚ ਆ ਕੇ ਜਿੰਨਾ ਸਮਾਂ ਉਹ ਲੋਕਾਂ ਨੂੰ ਦਿੰਦੇ ਰਹੇ ਹਨ, ਉਹ ਪ੍ਰਚਲਿਤ ਸਿਆਸੀ ਸਭਿਆਚਾਰ ਵਿਚ ਆਮ ਨਹੀਂ ਹੈ।
ਪਟਿਆਲੇ ਵਿਚ ਜੇ ਕਿਸੇ ਸਿਆਸਤਦਾਨ ਦਾ ਦਫਤਰ ਨਿਰੰਤਰ ਚੱਲਦਾ ਰਿਹਾ ਹੈ ਤਾਂ ਉਹ ਸ਼ਾਹੀ ਪਤੀ-ਪਤਨੀ ਦਾ ਦਫਤਰ ਹੀ ਹੈ। ਹਰ ਲੋੜਵੰਦ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਮਦਦ ਵਾਸਤੇ ਸਟਾਫ ਹਾਜ਼ਰ ਰਹਿੰਦਾ ਹੈ ਅਤੇ ਜਿੰਮੇਵਾਰੀਆਂ ਦੀ ਤਾਇਨਾਤੀ ਦੀ ਨਿਗਹਬਾਨੀ ਕੀਤੀ ਜਾਂਦੀ ਹੈ। ਮੇਰਾ ਯਕੀਨ ਹੈ ਕਿ ਜੇ ਸਿਆਸਤਦਾਨ ਦੀ ਪਹੁੰਚ ਆਮ ਬੰਦੇ ਲਈ ਯਕੀਨੀ ਬਣ ਜਾਵੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋਣ ਵਾਲੇ ਰਾਹ ਪੈ ਸਕਦੀਆਂ ਹਨ। ਸੱਤਾਵਾਨ, ਸੱਤਾ ਕੇਂਦਰ ਹੁੰਦਾ ਹੈ ਅਤੇ ਸੱਤਾ ਕੇਂਦਰ ਤੱਕ ਪਹੁੰਚਣ ਦਾ ਰਸਤਾ ਸੱਤਾਵਾਨ ਦਾ ਦਫਤਰ ਹੁੰਦਾ ਹੈ। ਜਾਗਦੇ ਹੋਏ ਦਫਤਰ ਹੀ ਸੱਤਾਵਾਨ ਦੀ ਸਾਖ ਬਚਾ ਸਕਦੇ ਹਨ। ਸੋਚੋ, ਜੇ ਸੱਤਾਵਾਨ ਤੱਕ ਪਹੁੰਚਣ ਦਾ ਪ੍ਰਾਪਤ ਰਸਤਾ ਹੀ ਆਪਣੀ ਭੂਮਿਕਾ ਨਾ ਨਿਭਾ ਸਕੇ ਤਾਂ ਇਸ ਦਾ ਖਮਿਆਜ਼ਾ ਚੋਣਾਂ ਵੇਲੇ ਭੁਗਤਣਾ ਪੈ ਸਕਦਾ ਹੈ। ਪਰਨੀਤ ਕੌਰ ਇਸ ਇਮਤਿਹਾਨ ਵਿਚੋਂ ਪਾਸ ਹੋ ਗਏ ਹਨ। ਮੇਰੇ ਨਜ਼ਦੀਕ ਇਹ ਸਥਿਤੀ ਸਿਆਸੀ ਪ੍ਰਸੰਗ ਵਿਚ ਮਹਾਰਾਣੀ ਤੋਂ ਮਹਾਂਰਥੀ ਹੋ ਜਾਣ ਵਰਗੀ ਹੈ।