ਅਮਰੀਕੀ ਤਾਰੀਖ ਦੇ ਸਬਕ

ਬਾਬਾ ਭਕਨਾ ਦਾ ਇਕ ਦੁਰਲੱਭ ਦਸਤਾਵੇਜ਼-2
ਯੁਵਕ ਕੇਂਦਰ, ਜਲੰਧਰ ਨੇ ਬਾਬਾ ਸੋਹਣ ਸਿੰਘ ਭਕਨਾ ਨੂੰ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਬੇਨਤੀ ਕੀਤੀ ਸੀ। ਬਾਬਾ ਜੀ ਨੇ ਇਨ੍ਹਾਂ ਸਵਾਲਾਂ ਦੇ ਨਾਲ ਨਾਲ ਕੁਝ ਹੋਰ ਸਵਾਲ ਜੋੜ ਕੇ ਉਨ੍ਹਾਂ ਦੇ ਉਰਦੂ ਵਿਚ ਜਵਾਬ ਲਿਖ ਦਿਤੇ। ਅਮਰੀਕਾ ਵਿਚ 4 ਅਪਰੈਲ 1968 ਨੂੰ ਮਾਰਟਿਨ ਲੂਥਰ ਕਿੰਗ ਦੇ ਕਤਲ ਤੋਂ ਪਿਛੋਂ ਦੇ ਹਾਲਾਤ ਵਿਚ ਬਾਬਾ ਜੀ ਨੇ ਸਮਾਜਵਾਦ, ਧਰਮ, ਦੇਸ਼ ਦੇ ਹਾਲਾਤ ਆਦਿ ਮਸਲਿਆਂ ਨੂੰ ਛੋਹਿਆ ਸੀ, ਜਿਸ ਤੋਂ ਉਨ੍ਹਾਂ ਅਤੇ ਉਨ੍ਹਾਂ ਦੇ ਗਦਰੀ ਸਾਥੀਆਂ ਦੇ ਵਿਚਾਰਾਂ ਦੀ ਸਪਸ਼ਟਤਾ ਮਿਲਦੀ ਹੈ।

ਇਸ ਦੇ ਕੁਝ ਹਿੱਸੇ ਪੈਂਫਲਿਟ ਦੀ ਸ਼ਕਲ ਵਿਚ ‘ਦੇਸ਼ ਅਤੇ ਕੌਮ’ ਸਵਾਲ-ਜਵਾਬ ਦੇ ਰੂਪ ਵਿਚ ਯੁਵਕ ਕੇਂਦਰ ਨੇ ਉਸ ਵਕਤ ਛਪਵਾਏ ਪਰ ਇਹ ਸੰਪੂਰਨ ਇਤਿਹਾਸਕ ਲਿਖਤ ਅਣਪ੍ਰਕਾਸ਼ਿਤ ਰਹਿ ਗਈ। ਯੁਵਕ ਕੇਂਦਰ ਨੇ ਉਦੋਂ ਬਾਬਾ ਜੀ ਦੇ ਲਿਖੇ ਕਈ ਹੋਰ ਪੈਂਫਲਿਟ ਜਿਵੇਂ ਦੁੱਖ, ਗਰੀਬੀ, ਇਸਤਰੀ ਜਾਤੀ ਦਾ ਸਵਾਲ ਵੀ ਛਪਵਾਏ ਸਨ। ਇਸ ਲਿਖਤ ਦੇ ਪੰਜਾਬੀ ਅਨੁਵਾਦ ਦੀ ਕਾਪੀ ਪ੍ਰੋ. ਜਗਮੋਹਨ ਸਿੰਘ (ਜਨਰਲ ਸਕੱਤਰ, ਜਮਹੂਰੀ ਸਭਾ, ਪੰਜਾਬ) ਪਾਸ ਬੀਬੀ ਅਮਰ ਕੌਰ ਮੈਮੋਰੀਅਲ ਲਾਇਬਰੇਰੀ ਵਿਚ ਪਈ ਹੈ। ਯੁਵਕ ਕੇਂਦਰ ਵਿਚ ਮੁੱਖ ਤੌਰ ‘ਤੇ ਪ੍ਰੋਫੈਸਰ ਮਲਵਿੰਦਰ ਜੀਤ ਸਿੰਘ ਵੜੈਚ, ਜਗਮੋਹਨ ਸਿੰਘ ਅਤੇ ਰਾਜਿੰਦਰ ਸਿੰਘ ਚੀਮਾ ਛਪਾਈ ਦਾ ਕੰਮ ਦੇਖਦੇ ਸਨ। ਉਰਦੂ ਤੋਂ ਉਲਥਾ ਪ੍ਰੋਫੈਸਰ ਮਲਵਿੰਦਰ ਜੀਤ ਸਿੰਘ ਵੜੈਚ ਕਰਦੇ ਸਨ। -ਸੰਪਾਦਕ

ਸੁਆਲ: ਜਦ ਮਨੁੱਖ ਜਾਤੀ ਦਾ ਗਿਆਨ ਆਪਣੇ ਨਿਸ਼ਾਨੇ ਵਲ ਵਧੇਗਾ ਤਾਂ ਇਸ ਵਿਚ ਕੀ ਕੀ ਤਬਦੀਲੀਆਂ ਆਉਣਗੀਆਂ?
ਜਵਾਬ: ਪਹਿਲੀ ਤਬਦੀਲੀ ਤਾਂ ਇਹ ਆਵੇਗੀ ਕਿ ਅੱਡ ਅੱਡ ਮੁਲਕਾਂ, ਕੌਮਾਂ ਤੇ ਰੰਗਾਂ ਦੀ ਰੁਕਾਵਟ ਹੇਠ ਗਿਆਨ ਦੀ ਰੋਸ਼ਨੀ ਦੇ ਸਾਹਮਣੇ ਅਗਿਆਨ ਦੀ ਹਨੇਰੀ ਰਾਤ ਮੁੱਕ ਜਾਵੇਗੀ। ਮਨੁੱਖ ਦੁਨੀਆਂ ਦੇ ਜੋ ਕਿਸੇ ਵੀ ਹਿੱਸੇ ਵਿਚ ਜਾਵੇ, ਉਹ ਉਸ ਦਾ ਘਰ ਤੇ ਉਥੇ ਰਹਿਣ ਵਾਲੇ ਭਾਈ ਭੈਣ ਹੋਣਗੇ, ਪਾਸਪੋਰਟਾਂ ਦੇ ਝਗੜੇ ਮੁੱਕ ਜਾਣਗੇ। ਸੱਚੇ ਅਰਥਾਂ ਵਿਚ ਸਾਰੀ ਦੁਨੀਆਂ ਇਕ ਦੇਸ਼ ਅਤੇ ਸਾਰੀ ਮਨੁੱਖ ਜਾਤੀ ਇਕ ਟੱਬਰ ਹੋ ਜਾਵੇਗੀ। ਉਦੋਂ ਮਨੁੱਖ ਜਾਤੀ ਦੇ ਮੱਥੇ ‘ਤੇ ਅਨੇਕਤਾ ਦਾ ਕਾਲਾ ਦਾਗ ਨਹੀਂ ਹੋਵੇਗਾ ਸਗੋਂ ਏਕਤਾ ਦੀ ਖੂਬਸੂਰਤੀ ਨਾਲ ਚਿਹਰਾ ਚਮਕ ਉਠੇਗਾ। ਸਮਾਜਿਕ ਬੁਰਾਈਆਂ ਸਾਮਰਾਜ ਦੇ ਨਾਲ ਹੀ ਮੁੱਕ ਜਾਣਗੀਆਂ ਅਤੇ ਮੌਜੂਦਾ ਤਾਰੀਖ ਨੂੰ ਪੜ੍ਹ ਕੇ ਇਸ ਸਮੇਂ ਨੂੰ ਵਹਿਸ਼ੀ ਸਮੇਂ ਦਾ ਨਾਂ ਦਿੱਤਾ ਜਾਵੇਗਾ।
ਸੁਆਲ: ਰਾਜ ਪ੍ਰਬੰਧ ਦੀ ਸ਼ਕਲ ਕੀ ਹੋਵੇਗੀ?
ਜਵਾਬ: ਜਦ ਚੋਰੀ, ਠੱਗੀ, ਲੁੱਟ-ਖਸੁੱਟ ਦਾ ਮਨੁੱਖ ਦੇ ਦਿਮਾਗ ਵਿਚੋਂ ਜ਼ਹਿਰ ਨਿਕਲ ਜਾਵੇਗਾ ਤਾਂ ਜਰ ਪ੍ਰਸਤੀ, ਮੁਲਕਗਿਰੀ ਨਾਲ ਨਾਲ ਹੀ ਖਤਮ ਹੋ ਜਾਣਗੀਆਂ। ਤਦ ਕੋਈ ਲੜਾਈ ਭੜਾਈ ਆਪਸ ਵਿਚ ਨਹੀਂ ਹੋਵੇਗੀ ਤੇ ਨਾ ਹੀ ਸਮਾਜਵਾਦੀ ਯੁੱਗ ਵਿਚ ਪੁਲਿਸ ਦੀ ਲੋੜ ਰਹੇਗੀ।
ਸੁਆਲ: ਜਦ ਫੌਜ ਤੇ ਪੁਲਿਸ ਨਾ ਰਹੇਗੀ ਤਾਂ ਆਰਥਿਕ ਹਾਲਤ ਕਿਵੇਂ ਸਹੀ ਰਹੇਗੀ?
ਜਵਾਬ: ਪੈਦਾਵਾਰ, ਸਾਇੰਸ ਦੇ ਤਰੀਕੇ ਨਾਲ ਏਨੀ ਵਧ ਜਾਵੇਗੀ ਕਿ ਮਨੁੱਖ ਜਾਤੀ ਦੇ ਭੰਡਾਰ ਭਰਪੂਰ ਹੋਣਗੇ। ਖਾਲ, ਭੁੱਖ, ਬਿਮਾਰੀਆਂ ਤੇ ਅਗਿਆਨ ਮੌਜੂਦਾ ਜ਼ਮਾਨੇ ਦੀਆਂ ਬੁਰਾਈਆਂ ਤਾਰੀਖ ਦੇ ਪੰਨਿਆਂ ‘ਤੇ ਹੀ ਰਹਿ ਜਾਣਗੀਆਂ। ਸਾਰੀ ਦੁਨੀਆਂ ਇਕ ਹੋਵੇਗੀ ਤੇ ਰਾਜ ਡੰਡੇ ਦਾ ਨਹੀਂ, ਸੂਝ ਦਾ ਹੋਵੇਗਾ। ਦੁਨੀਆਂ ਦੇ ਜਿਸ ਹਿੱਸੇ ਵਿਚ ਕਿਸੇ ਜ਼ਿੰਦਗੀ ਦੀ ਲੋੜ ਹੋਵੇਗੀ ਤਾਂ ਆਰਥਿਕ ਭਾਈਚਾਰਾ ਬਿਨਾ ਕਿਸੇ ਮੁੱਲ ਦੇ ਆਪਣਾ ਘਰ ਟੱਬਰ ਸਮਝ ਕੇ ਮੁਫਤ ਪਹੁੰਚਾਏਗਾ।
ਸੁਆਲ: ਕੀ ਪਹੁੰਚਣ ਵਾਲੇ ਹਵਾਈ ਜਹਾਜ਼, ਬਹਿਰੀ ਜਹਾਜ਼ ਤੇ ਉਨ੍ਹਾਂ ਦਾ ਅਸਲਾ ਤੇ ਰੇਲਵੇ ਆਦਿ ਆਵਾਜਾਈ ਦੇ ਜੋ ਸਾਧਨ ਹੋਣਗੇ, ਕੀ ਕੁੱਝ ਨਹੀਂ ਲੈਣਗੇ, ਮੁਫਤ ਸੇਵਾ ਕਰਨਗੇ?
ਜਵਾਬ: ਕੋਈ ਕਿਸੇ ਦਾ ਨੌਕਰ (ਗੁਲਾਮ) ਨਹੀਂ ਹੋਵੇਗਾ, ਸਭ ਕੋਈ ਆਪਣੇ ਭੈਣਾਂ ਤੇ ਭਰਾਵਾਂ ਦੀ ਸੇਵਾ ਕਰਨਾ ਆਪਣਾ ਫਰਜ਼ ਸਮਝੇਗਾ; ਕਿਉਂਕਿ ਹੁਣ ਸਾਰੀ ਦੁਨੀਆਂ ਇਕ ਟੱਬਰ ਹੈ।
ਸੁਆਲ: ਭਿੰਨ ਭਿੰਨ ਸਿਧਾਂਤ, ਮਜ਼ਹਬ ਤੇ ਧਰਮ ਮਨੁੱਖ ਜਾਤੀ ਨੂੰ ਖੇਰੂੰ ਖੇਰੂੰ ਨਹੀਂ ਕਰਨਗੇ?
ਜਵਾਬ: ਸਭ ਸਿਧਾਂਤ, ਮਜ਼ਹਬ ਤੇ ਧਰਮ ਉਸ ਵੇਲੇ ਤੱਕ ਖਤਮ ਹੋ ਜਾਣਗੇ। ਮਨੁੱਖ ਮਾਤਰ ਦਾ ਇਕ ਹੀ ਧਰਮ ਜਾਂ ਮਜ਼ਹਬ ਰਹਿ ਜਾਵੇਗਾ: ਪਿਆਰ, ਨਿਆਏ ਅਤੇ ਸੇਵਾ।
ਸੁਆਲ: ਸ਼ਾਦੀ ਦਾ ਰਿਵਾਜ ਕੀ ਹੋਵੇਗਾ?
ਜੁਆਬ: ਸ਼ਾਦੀ ਦਾ ਅਰਥ ਹੈ ਖੁਸ਼ੀ, ਖੁਸ਼ੀ ਸੱਚੇ ਪਿਆਰ ਵਿਚੋਂ ਆ ਸਕਦੀ ਹੈ ਨਾ ਕਿ ਨਰੜ ਵਿਚੋਂ, ਸ਼ਾਦੀਆਂ ਪਿਆਰਮਈ ਹੋਣਗੀਆਂ, ਬਿਨਾ ਕਿਸੇ ਲਾਲਚ ਜਾਂ ਦਬਾਅ ਦੇ।
ਸੁਆਲ: ਬਚਪਨ, ਜੁਆਨੀ ਤੇ ਬੁਢਾਪੇ ਦੀ ਸੰਭਾਲ ਕਿਵੇਂ ਹੋਵੇਗੀ?
ਜੁਆਬ: ਮਨੁੱਖੀ ਸਮਾਜ ਮੌਜੂਦਾ ਸਮੇਂ ਦੀ ਤਰ੍ਹਾਂ ਲਾਵਾਰਸ ਨਹੀਂ ਹੋਣਗੇ, ਬੱਚੇ ਬੁੱਢੇ ਬਿਮਾਰ ਦੀ ਸੰਭਾਲ ਸਮਾਜ ਕਰੇਗਾ। ਨੌਜਵਾਨ ਆਪਣਾ ਫਰਜ਼ ਸਮਝ ਕੇ ਜੋ ਵੀ ਸਮਾਜ ਵਲੋਂ ਸੇਵਾ ਮਿਲੇਗੀ, ਖਿੜੇ ਮੱਥੇ ਕਰਨਗੇ।
ਸੁਆਲ: ਤੁਸੀਂ ਆਖਦੇ ਹੋ, ਸਮਾਜਵਾਦ ਤੋਂ ਬਿਨਾ ਨਾ ਹੀ ਪੈਦਾਵਾਰ ਹੋ ਸਕਦੀ ਹੈ ਤੇ ਨਾ ਹੀ ਸੱਚੀ ਖੁਸ਼ੀ ਆ ਸਕਦੀ ਹੈ ਤੇ ਨਾ ਹੀ ਰੋਟੀ ਦੀ ਕਾਣੀ ਵੰਡ ਦੂਰ ਹੋ ਸਕਦੀ ਹੈ; ਅਮਰੀਕਾ ਸਾਮਰਾਜੀ ਦੇਸ਼ ਹੈ, ਉਸ ਦੀ ਪੈਦਾਵਾਰ ਸਮਾਜਵਾਦੀ ਦੇਸ਼ਾਂ ਨਾਲੋਂ ਵੀ ਵੱਧ ਹੈ। ਦੁਨੀਆਂ ਦਾ 70 ਫੀਸਦੀ ਧਨ ਉਸ ਪਾਸ ਇਕੱਠਾ ਹੋਇਆ ਹੈ।
ਜਵਾਬ: ਸਾਨੂੰ ਪਹਿਲਾਂ ਅਮਰੀਕਾ ਦੀ ਤਾਰੀਖ (ਇਤਿਹਾਸ) ਨੂੰ ਸਮਝਣਾ ਹੋਵੇਗਾ ਕਿ ਉਸ ਦੇ ਪਾਸ ਧਨ ਇਕੱਠਾ ਹੋਇਆ। ਜਦ ਕੋਲੰਬਸ ਨਵੀਂ ਦੁਨੀਆਂ ਦੀ ਖੋਜ ਵਿਚ ਨਿਕਲਿਆ, ਉਸ ਦੇ ਦਿਮਾਗ ਵਿਚ (ਇਹ ਗੱਲ) ਯਕੀਨੀ ਆ ਚੁਕੀ ਸੀ ਕਿ ਨਵੀਂ ਦੁਨੀਆਂ ਜ਼ਰੂਰ ਹੈ। ਸਮੁੰਦਰ ਵਿਚ ਕੋਨਾ ਕੋਨਾ ਸਖਤ ਮਿਹਨਤ ਪਿਛੋਂ ਇਕ ਟਾਪੂ ਨਾਲ ਜਾ ਲੱਗਾ ਅਤੇ ਉਸ ਨੂੰ ਭਾਰਤ ਸਮਝਿਆ। ਉਸ ਟਾਪੂ ਦੇ ਨਕਲੀ ਵਾਸੀਆਂ ਨੂੰ 9 ਦੇ ਨਾਂ ਨਾਲ ਪੁਕਾਰਿਆ। ਹੁਣ 9 ਦੀ ਬਾਬਤ ਵੀ ਜਾਣਨਾ ਜ਼ਰੂਰੀ ਹੈ। ਜਿਨ੍ਹਾਂ ਨੂੰ ਲੇਖਕ ਨੇ ਖੁਦ ਅੱਖੀਂ ਦੇਖਿਆ ਤੇ ਗੱਲਾਂ ਕੀਤੀਆਂ। ਇਨ੍ਹਾਂ ਦਾ ਰਹਿਣ ਸਹਿਣ ਇਸਾਈ ਦੁਨੀਆਂ ਵਾਲਾ ਹੈ। ਸਿਰ ਦੇ ਵਾਲਾਂ ਦੀਆਂ ਗੁੱਤਾਂ ਗੁੰਦ ਕੇ ਪਿੱਛੇ ਸੁੱਟ ਦਿੰਦੇ ਹਨ। ਮਰਦ ਤੇ ਜਨਾਨੀਆਂ ਦੋਵੇਂ। ਜਨਾਨੀਆਂ ਏਸ਼ੀਆਈ ਔਰਤਾਂ ਵਾਂਗ ਘੱਗਰੀਆਂ ਪਹਿਨਦੀਆਂ ਹਨ ਤੇ ਇਨ੍ਹਾਂ ਵਾਂਗ ਹੀ ਸ਼ਰਮੀਲੀਆਂ ਹਨ। ਅੱਖਾਂ ਤੇ ਨੱਕ ਮੰਗੋਲ ਜਾਤੀ ਨਾਲ ਮਿਲਦਾ ਜੁਲਦਾ ਹੈ ਅਤੇ ਆਰੀਆਂ ਨਾਲ ਨਹੀਂ। ਸਿੱਖਾਂ ਦੇ ਵਾਲ ਦੇਖ ਕੇ ਬਹੁਤ ਖੁਸ਼ ਹੁੰਦੇ ਅਤੇ ਟੁੱਟੀ ਫੁੱਟੀ ਅੰਗਰੇਜ਼ੀ ਵਿਚ ਗੱਲਾਂ ਬਾਤਾਂ ਕਰਦੇ। ਗੋਰੀ ਚਮੜੀ ਤੋਂ ਸਖਤ ਘ੍ਰਿਣਾ ਹੈ ਕਿਉਂਕਿ ਗੋਰਿਆਂ ਨੇ ਇਨ੍ਹਾਂ ਨੂੰ ਖੁਸ਼ਕ ਪਗੜੀਆਂ (ਅਲੱਗ ਬਸਤੀਆਂ) ਤੇ ਕੈਦ ਕਰ ਰੱਖਿਆ ਹੈ।
ਜਦ ਕੋਲੰਬਸ ਨੇ ਟਾਪੂ ਨੂੰ ਲੱਭਣ ਦਾ ਢੰਡੋਰਾ ਯੂਰਪ ਵਿਚ ਦਿੱਤਾ ਤਾਂ ਯੂਰਪ ਦੇ ਮੁਲਕ-ਕੀ ਅੰਗਰੇਜ਼ੀ, ਫਰਾਂਸੀਸੀ, ਜਰਮਨ ਵਗੈਰਾ ਅਮਰੀਕਾ ਨੂੰ ਨੱਸ ਪਏ…ਤੇ ਦੱਖਣੀ ਹਿੱਸੇ ਵਿਚ ਜੰਗਲ ਸਾਫ ਕਰਕੇ ਖੇਤੀ ਦਾ ਕੰਮ ਸ਼ੁਰੂ ਕੀਤਾ ਪਰ ਜੰਗਲ ਏਨੇ ਗਾੜ੍ਹੇ ਸਨ ਕਿ ਯੂਰਪੀਨਾਂ ਇਕੱਲਿਆਂ ਦੀ ਸ਼ਕਤੀ ਇਨ੍ਹਾਂ ਨੂੰ ਸਾਫ ਕਰਨ ਵਿਚ ਅਸਮਰੱਥ ਸੀ। ਹੁਣ ਇਨ੍ਹਾਂ ਯੂਰਪੀਨ ਮੁਲਕਾਂ ਦੀਆਂ ਵਪਾਰੀ ਕੰਪਨੀਆਂ ਨੇ ਇਕ ਵਪਾਰ ਲੱਭਾ, ਉਹ ਇਹ ਕਿ ਅਫਰੀਕਾ ਦੇ ਹਬਸ਼ੀਆਂ ਨੂੰ ਕੁਝ ਲਾਲਚ ਦੇ ਕੇ ਉਨ੍ਹਾਂ ਨੂੰ ਖਰੀਦ ਕੇ ਅਮਰੀਕਾ ਲੈ ਜਾਂਦੇ, ਉਥੋਂ ਦੇ ਗੋਰੇ ਜ਼ਿਮੀਂਦਾਰਾਂ ਕੋਲ ਵੇਚਣਾ ਸ਼ੁਰੂ ਕੀਤਾ। ਹੁਣ ਇਹ ਖਰੀਦੇ ਹੋਏ ਹਬਸ਼ੀ ਗੁਲਾਮ, ਭੇਡਾਂ ਬੱਕਰੀਆਂ ਦੀ ਤਰ੍ਹਾਂ ਉਨ੍ਹਾਂ ਦੇ ਜਰ ਖਰੀਦ ਗੁਲਾਮ ਸਮਝੇ ਜਾਣ ਲੱਗੇ। ਜੰਗਲ ਸਾਫ ਕਰਨ ਦੇ ਇਲਾਵਾ, ਪਾਲੇ ਸ਼ੇਰਾਂ ਨਾਲ ਮੁਕਾਬਲਾ ਕਰਾ ਕੇ ਅਤੇ ਸ਼ੇਰਾਂ ਪਾਸੋਂ ਮਾਸ ਦੀਆਂ ਬੋਟੀਆਂ ਤੁੜਾ ਕੇ ਸ਼ੁਗਲ ਦੇਖਣਾ ਅਤੇ ਖੁਸ਼ੀਆਂ ਕਰਨ ਵਿਚ ਆਪਣੀ ਵਡਪਣ ਦਾ ਸਬੂਤ ਦਿੰਦੇ। ਦੱਖਣੀ ਅਮਰੀਕਾ ਦੀ ਜ਼ਿਮੀਦਾਰੀ ਇਨ੍ਹਾਂ ਗੁਲਾਮਾਂ ਨੂੰ ਹੁਣ ਆਪਣਾ ਮਾਣ ਸਮਝਦੀ ਸੀ ਤੇ ਉਸ ਨੂੰ ਹਰ ਤਰ੍ਹਾਂ ਦਾ ਹੱਕ ਸੀ ਕਿ ਜੋ ਚਾਹੁਣ, ਉਹ ਇਨ੍ਹਾਂ ਨਾਲ ਕਰਨ। ਕਾਨੂੰਨ ਵਲੋਂ ਪੂਰੀ ਖੁੱਲ੍ਹ ਸੀ।
ਇਸ ਪਿੱਛੇ ਜਦ ਯੂਰਪ ਦੀਆਂ ਸਨਅਤੀ ਕੰਪਨੀਆਂ ਨੇ ਸਿਮਾਲੀ ਅਮਰੀਕਾ ਦੀਆਂ ਬੰਦਰਗਾਹਾਂ ਅਤੇ ਦਰਿਆ ‘ਤੇ ਪੂਰਾ ਕਬਜਾ ਕਰ ਲਿਆ ਤੇ ਦਰਿਆਵਾਂ ‘ਤੇ ਲੱਕੜੀ ਦੇ ਕਾਰਖਾਨੇ ਬਣਾ ਲਏ ਤਾਂ ਲਕੜੀ ਕੱਟਣ ਤੇ ਚੀਰਨ ਲਈ ਮਜ਼ਦੂਰਾਂ ਦੀ ਲੋੜ ਪਈ। ਉਨ੍ਹਾਂ ਨੂੰ ਜੋ ਮਜ਼ਦੂਰ ਚਾਹੀਦੇ ਸਨ, ਉਹ ਕਿਸੇ ਹੱਦ ਤੱਕ ਆਜ਼ਾਦ ਹੋਣੇ ਚਾਹੀਦੇ ਸਨ ਤਾਂ ਕਿ ਉਹ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਲਿਜਾਏ ਜਾ ਸਕਣ ਪਰ ਦੱਖਣੀ ਅਮਰੀਕਾ ਦੀ ਜ਼ਿਮੀਂਦਾਰੀ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਮਜ਼ਦੂਰ ਜਦ ਚਾਹੇ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਚਲਾ ਜਾਵੇ। ਇਸ ਲਈ ਜ਼ਿਮੀਂਦਾਰੀ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ। ਵਿਰੋਧ ਏਥੇ ਤੱਕ ਅੱਪੜ ਗਿਆ ਕਿ ਇਬਰਾਹਮ ਲਿੰਕਨ ਦੀ ਨੇਤਾਗਿਰੀ ਵਿਚ ਗੁਲਾਮਾਂ ਦੀ ਆਜ਼ਾਦੀ ਦਾ ਨਾਹਰਾ ਦੇ ਕੇ ਉਤਰੀ ਅਮਰੀਕਾ ਦੀ ਕਾਰਖਾਨੇਦਾਰੀ ਨੇ ਲੜਾਈ ਲੜੀ ਤੇ ਉਹ ਕਾਮਯਾਬ ਵੀ ਹੋ ਗਏ। ਗੁਲਾਮਾਂ ਨੂੰ ਬਿਨਾ ਰੋਕ ਟੋਕ ਇਕ ਜਗ੍ਹਾ ਤੋਂ ਕੰਮ ਛੱਡ ਕੇ ਦੂਜੀ ਜਗ੍ਹਾ ਜਾਣ ਦੇ ਹੱਕ ਦੇ ਦਿੱਤੇ।
ਅਸਲ ਵਿਚ ਇਸ ਲੜਾਈ ਵਿਚ ਗੁਲਾਮਾਂ ਦੀ ਆਜ਼ਾਦੀ ਦਾ ਸੁਆਲ ਨਹੀਂ ਸੀ, ਸਗੋਂ ਕਾਰਖਾਨੇਦਾਰੀ ਤੇ ਜ਼ਿਮੀਂਦਾਰੀ ਦੇ ਆਪਣੇ ਮੁਫਾਜ਼ ਦਾ ਸੁਆਲ ਸੀ ਪਰ ਕਾਰਖਾਨੇਦਾਰੀ ਨੇ ਇਸ ਨੂੰ ਅਮਰੀਕਾ ਦੀ ਖੁੱਲ੍ਹਦਿਲੀ ਦਾ ਨਾਂ ਦਿੱਤਾ। ਅਮਰੀਕਾ ਦਾ ਬੱਚਾ ਬੱਚਾ ਦਾਅਵਾ ਕਰਨ ਲੱਗਾ ਕਿ ਅਮਰੀਕਾ ਹੀ ਪਹਿਲਾ ਜਮਹੂਰੀ ਦੇਸ਼ ਹੈ, ਜਿਸ ਨੇ ਗੁਲਾਮ ਹਬਸ਼ੀਆਂ ਨੂੰ ਆਜ਼ਾਦ ਕਰਾਉਣ ਲਈ ਭਰਾਵਾਂ ਦਾ ਵੀ ਲਿਹਾਜ਼ ਨਾ ਕੀਤਾ ਤੇ ਇਸ ਆਜ਼ਾਦੀ ਦੇ ਆਦਰਸ਼ ਲਈ ਖੂਨ ਵਹਾਏ। ਏਸ ਕਾਮਯਾਬੀ ਨੇ ਅਮਰੀਕਨ ਨੌਜਵਾਨਾਂ ਦੇ ਹੌਸਲੇ ਵਧਾ ਦਿੱਤੇ ਤੇ ਅਮਰੀਕਨ ਗੌਰਮਿੰਟ ਨੇ ਵੀ ਨੌਜਵਾਨਾਂ ਨੂੰ ਸੰਭਾਲਣ ਵਿਚ ਕੋਈ ਕਸਰ ਨਾ ਰੱਖੀ। ਚਾਹੇ ਗੌਰਮਿੰਟ ਦਾ ਖਾਸਾ ਸਰਮਾਏਦਾਰਾਨਾਂ ਹੀ ਸੀ, ਪਰ ਮੁਲਕ ਦੇ ਨੌਜਵਾਨਾਂ ਨੂੰ ਸੰਭਾਲਿਆ।
ਪਹਿਲਾ ਕਦਮ ਹਰ ਇਕ ਕੌਮੀ ਗੌਰਮਿੰਟ ਦਾ ਇਹ ਹੁੰਦਾ ਹੈ ਕਿ ਉਹ ਵਿਦਿਆ ਵਲ ਪੂਰਾ ਧਿਆਨ ਦੇਵੇ। ਬੋਲੀ ਨੂੰ ਸਹਿਲ ਤੇ ਆਮ ਬਣਾਏ। ਵਿਦਿਆ ਨੂੰ ਸਸਤੀ ਤੇ ਪੈਦਾਵਾਰ ਨੂੰ ਸਾਇੰਸੀ ਤਰੀਕੇ ਵਿਚ ਢਾਲੇ। ਫੀਸ ਕਿਤਾਬਾਂ ਆਦਿ ਦਾ ਖਰਚ ਬਿਲਕੁੱਲ ਮਾਮੂਲੀ ਹੋਵੇ ਤੇ ਫਿਰ ਕੋਸ਼ਿਸ਼ ਕੀਤੀ ਜਾਵੇ ਕਿ ਹਰ ਬੱਚੇ ਨੂੰ ਮੁਫਤ ਵਿਦਿਆ ਹੋਵੇ। ਪ੍ਰਾਇਮਰੀ ਤੋਂ ਲੈ ਕੇ ਉਪਰ ਤੱਕ ਹਰ ਸਕੂਲ ਦੇ ਨਾਲ ਬੱਚਿਆਂ ਦੀ ਤਾਕਤ ਤੇ ਉਸ ਦੇ ਉਮਰ ਦੇ ਹਿਸਾਬ ਕਾਰਖਾਨੇਦਾਰੀ ਕੀਤੀ ਜਾਵੇ, ਜਿਸ ਵਿਚ ਕਿਤਾਬੀ ਪੜ੍ਹਾਈ ਦੇ ਛੁੱਟ ਦਸਤਕਾਰੀ ਸਿਖਾਈ ਜਾਵੇ। ਅਮਰੀਕਾ ਵਿਚ ਹਰ ਘਰ ਵਿਚ ਜੋ ਘਰ ਵਾਸਤੇ ਨਲਕੇ ਹੋਣਗੇ, ਉਹ ਛੋਟੇ ਛੋਟੇ ਇੰਜਣ ਨਾਲ ਚਲਾਏ ਜਾਣਗੇ। ਸਭ ਇੰਜਣ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੇ ਹੱਥੀਂ ਬਣੇ ਹੋਣਗੇ। ਹੁਣ ਲਓ ਅਮਰੀਕਾ, ਪੜ੍ਹਿਆ ਲਿਖਿਆ ਨੌਜਵਾਨ ਗਰਮੀ ਸਰਦੀ ਵਿਚ ਟਰੈਕਟਰ ਉਤੇ ਏਨਾ ਸਖਤ ਕੰਮ ਕਰਦਾ ਹੈ। ਮੈਕਸੀਕੋ ਹੱਦ ਦੇ ਨੇੜੇ ਏਨੀ ਗਰਮੀ ਹੁੰਦੀ ਹੈ, ਜੋ ਪੰਜਾਬ ਨਾਲੋਂ ਡਿਊਢੀ ਦੁੱਗਣੀ, ਅਮਰੀਕੀ ਨੌਜਵਾਨ ਨਾ ਇਸ ਦੀ ਪ੍ਰਵਾਹ ਕਰਦਾ ਹੈ, ਨਾ ਹੀ ਐਤਵਾਰ ਤੋਂ ਸਿਵਾਏ ਆਰਾਮ। ਜਦ ਤੁਸੀਂ ਕਿਸੇ ਅਮਰੀਕਨ ਕਿਸਾਨ ਨੌਜਵਾਨ ਨੂੰ ਪੁੱਛੋਗੇ ਕਿ ਤੂੰ ਲਿਖਿਆ ਪੜ੍ਹਿਆ ਹੋ ਕੇ ਦਫਤਰੀ ਨੌਕਰੀ ਕਿਉਂ ਨਹੀਂ ਕੀਤੀ ਤਾਂ ਉਹ ਹੱਸ ਕੇ ਕਹੇਗਾ, ਇਹ ਔਰਤਾਂ ਦਾ ਕੰਮ ਹੈ, ਮੇਰਾ ਕੰਮ ਪੈਦਾਵਾਰ ਕਰਨਾ ਹੈ।
ਸੁਆਲ: ਕੀ ਉਹ ਇਕੱਲਾ ਹੀ ਏਨੀ ਪੈਦਾਵਾਰ ਕਰਦਾ ਹੈ, ਜਿੰਨੀ ਅਮਰੀਕਾ ਵਿਚ ਹੁੰਦੀ ਹੈ?
ਜਵਾਬ: ਨਹੀਂ! ਇਕੱਲਾ ਇਨਸਾਨ ਏਨੀ ਪੈਦਾਵਾਰ ਕਿਸੇ ਮੁਲਕ ਵਿਚ ਵੀ ਨਹੀਂ ਕਰ ਸਕਦਾ, ਜਿੰਨਾ ਚਿਰ ਮਹਿਕਮਾ ਖੇਤੀ ਆਪਣੇ ਫਰਜ਼ ਨੂੰ ਪੂਰਾ ਨਹੀਂ ਕਰਦਾ।
ਸੁਆਲ: ਮਹਿਕਮਾ ਖੇਤੀ ਦੇ ਕੀ ਫਰਜ਼ ਹਨ?
ਜੁਆਬ: ਸੁਣੀਏ! ਇਹ ਕੋਈ ਖਿਤਾਬੀ ਜਾਂ ਸੁਣੀਆਂ ਸੁਣਾਈਆਂ ਹਵਾਈ ਗੱਲਾਂ ਨਹੀਂ ਹਨ ਸਗੋਂ ਅੱਖੀਂ ਦੇਖੀ ਤੇ ਕੈਲੀਫੋਰਨੀਆ ਦੇ ਬਾਗਾਂ ਵਿਚ ਅਮਰੀਕਨ ਕਿਸਾਨ ਦੇ ਨਾਲ ਮਜ਼ਦੂਰ ਦੀ ਹੈਸੀਅਤ ਵਿਚ ਕੰਮ ਕਰਨ ਦੇ ਤਜਰਬੇ ‘ਤੇ ਆਧਾਰਿਤ ਹੈ। ਪਹਿਲੇ ਜਦ ਕਿਸਾਨ ਬਾਗ ਜਾਂ ਖੇਤੀ ਵਾਸਤੇ ਜ਼ਮੀਨ ਤਿਆਰ ਕਰਦਾ ਹੈ ਤਾਂ ਮਾਧਿਅਮ ਕਾਸ਼ਤ ਦੇ ਕਾਰਕੁਨ ਖੁਦ ਖੇਤੀ ਦੀ ਮਿੱਟੀ ਲਿਜਾ ਕੇ ਮੁਲਾਹਜ਼ਾ ਕਰਦੇ ਹਨ, ਕਿਸਾਨ ਨੂੰ ਕੋਈ ਖੇਚਲ ਨਹੀਂ ਕਰਨੀ ਪੈਂਦੀ। ਤੇ ਫਿਰ ਸਲਾਹ ਦਿੰਦੇ ਹਨ ਕਿ ਫਲਾਣੀ ਜਿਨਸ ਬੀਜ। ਜੇ ਚੰਗੇ ਬੀਜ ਜਾਂ ਖਾਦ ਦੀ ਲੋੜ ਹੋਵੇ ਤਾਂ ਖੁਦ ਲਿਆ ਕੇ ਦਿੰਦੇ ਹਨ। ਜੇ ਬਾਗ ਲਾਉਣਾ ਹੋਵੇ ਤਾਂ ਚੰਗੇ ਬੂਟੇ ਤੇ ਜਰਾਸੀਨ ਮਾਰਨ ਵਾਲੀ ਦਵਾਈ ਨਾਲ ਸਾਫ ਕਰਕੇ ਕਿਸਾਨ ਨੂੰ ਖੇਤ ਵਿਚ ਪਹੁੰਚਾਉਂਦੇ ਹਨ। ਪਿਛੋਂ ਹਰ ਸਮੇਂ ਧਿਆਨ ਰੱਖਦੇ ਹਨ ਕਿ ਬੂਟਿਆਂ ਨੂੰ ਕਿਸੇ ਬਿਮਾਰੀ ਦਾ ਖਤਰਾ ਤੇ ਨਹੀਂ, ਸਰਦੀ ਨਿਕਲਣ ਤੇ ਖੁਦ ਬੂਟੇ ਦੀ ਕੱਟ-ਕਟਾਈ ਦਾ ਖਿਆਲ ਰੱਖਦੇ ਹਨ। ਸਖਤ ਸਰਦੀ ਵਿਚ ਬਾਗਾਂ ਵਿਚ ਧੂੰਏਂ ਦਾ ਪ੍ਰਬੰਧ ਕਰਦੇ ਤਾਂ ਕਿ ਬੂਟੇ ਸਰਦੀ ਤੋਂ ਬਚ ਜਾਣ। ਫਲ ਲੱਗਣ ਤੇ ਕਮਜ਼ੋਰ ਫਲ ਨੂੰ ਕੱਟ ਦਿੰਦੇ ਹਨ ਤਾਂ ਕਿ ਤੰਦਰੁਸਤ ਫਲ ਪੂਰੀ ਖੁਰਾਕ ਲੈ ਸਕੇ; ਮਤਲਬ, ਮਹਿਕਮਾ ਖੇਤੀ ਹਰ ਵੇਲੇ ਯਾਨਿ ਖੇਤ ਤਿਆਰੀ ਤੋਂ ਲੈ ਕੇ ਪੱਕਣ ਤੱਕ ਕਿਸਾਨ ਨੂੰ ਪੂਰੀ ਮਦਦ ਦਿੰਦਾ ਹੈ। ਕਿਸਾਨ ਆਪਣਾ ਪੂਰਾ ਵਕਤ ਖੇਤ ਅਤੇ ਬਾਗ ਦੀ ਦੇਖਭਾਲ ਵਿਚ ਖਰਚ ਕਰਦਾ ਹੈ।
ਸੁਆਲ: ਕੈਲੀਫੋਰਨੀਆ ਦੀ ਜ਼ਮੀਨ ਜਿਸ ਨੂੰ ਬਾਗਾਂ ਦੀ ਧਰਤੀ ਆਖਿਆ ਜਾਂਦਾ ਹੈ, ਪਥਰੀਲੀ ਹੈ ਜਾਂ ਪੱਧਰ?
ਜੁਆਬ: ਪਥਰੀਲੀ, ਪੱਥਰਾਂ ਦੀਆਂ ਤਿੰਨ ਤਿੰਨ ਤਹਿਆਂ ਹੁੰਦੀਆਂ ਹਨ। ਪਹਿਲਾਂ ਵੱਡੇ ਪੱਥਰ, ਫਿਰ ਥੋੜ੍ਹੇ ਛੋਟੇ, ਫਿਰ ਬਹੁਤ ਛੋਟੇ ਜੋ ਡੁੰਗਲੀ ਨਾਲ ਚੁੱਕੀਦੇ ਹਨ। ਪੱਥਰਾਂ ਦੀ ਬਾਗ ਦੁਆਲੇ ਕੰਧ ਬਣਾ ਦਿੰਦੇ ਹਨ ਤਾਂ ਕਿ ਹਵਾਵਾਂ ਤੋਂ ਬਾਗ ਬਚ ਸਕੇ।
ਸੁਆਲ: ਜਿਥੇ ਏਨੇ ਬਾਗ ਹੁੰਦੇ ਹਨ, ਉਥੇ ਤੋੜ ਕੇ ਖਾਣ ਵਾਲਿਆਂ ਨੂੰ ਕੋਈ ਮਨਾਹੀ ਨਹੀਂ ਹੋਵੇਗੀ?
ਜੁਆਬ: ਸਖਤ ਮਨਾਹੀ ਤੇ ਸਜ਼ਾ ਹੈ। ਚੋਰੀ ਫਲ ਤੋੜਨ ਵਾਲੇ ਨੂੰ ਜੇ ਮਾਲਕ ਗੋਲੀ ਮਾਰ ਦੇਵੇ ਤਾਂ ਕੋਈ ਸਜ਼ਾ ਨਹੀਂ।
ਸੁਆਲ: ਤਾਂ ਫਿਰ ਡਰਦੇ ਮਾਰੇ ਲੋਕ ਹੱਥ ਤੱਕ ਨਹੀਂ ਲਾਉਂਦੇ ਹੋਣਗੇ?
ਜੁਆਬ: ਡਰ ਵੀ ਹੈ ਤੇ ਉਥੇ ਦੀ ਰਹਿਣੀ ਬਹਿਣੀ ਦਾ ਵੀ ਅਸਰ ਹੈ। ਵਿਦੇਸ਼ੀ ਵੀ ਚੋਰੀ ਫਲ ਤੋੜਨਾ ਸ਼ਰਮ ਸਮਝਦੇ ਹਨ। ਰੋਜ਼ ਫਲ ਖਾਣ ਵਾਸਤੇ ਜੋ ਉਥੋਂ ਦਾ ਰਿਵਾਜ਼ ਹੈ, ਮੁੱਲ ਲੈ ਕੇ ਖਾਂਦੇ।
ਸੁਆਲ: ਜੇ ਲੋਕਾਂ ਦਾ ਚਾਲ-ਚਲਨ ਏਨਾ ਸ਼ੁੱਧ ਹੈ ਤਾਂ ਤੁਸੀਂ ਸਰਮਾਏਦਾਰ ਮੁਲਕ ਕਿਉਂ ਆਖਦੇ ਹੋ?
ਜੁਆਬ: ਸਰਮਾਏਦਾਰੀ ਉਹ ਹੈ ਜਿਥੇ ਚੰਦ ਹੱਥਾਂ ਵਿਚ ਮੁਲਕ ਦਾ ਧਨ ਇਕੱਠਾ ਹੋਵੇ ਅਤੇ ਉਥੋਂ ਦੇ ਮਜ਼ਦੂਰਾਂ ਤੇ ਆਵਾਮ ਨੂੰ ਓਨੀ ਰੋਟੀ ਮਿਲੇ ਜੋ ਦੋ ਵਕਤ ਮਜ਼ਦੂਰ ਆਪਣਾ ਤੇ ਆਪਣੇ ਬਾਲ ਬੱਚਿਆਂ ਦਾ ਢਿੱਡ ਭਰ ਸਕੇ। ਅਗਲੇ ਦਿਨ ਫਿਰ ਆਪਣੀ ਮਜ਼ਦੂਰੀ ਵੇਚਣ ਤੇ ਮਜਬੂਰ ਹੋਵੇ।
ਸੁਆਲ: ਕੀ ਅਮਰੀਕਾ ਦੇ ਮਜ਼ਦੂਰ ਨੂੰ ਕਿਸਮਤ ‘ਚ ਵਿਸ਼ਵਾਸ ਸੀ ਜੋ ਭੁੱਖਾ ਰਹਿ ਕੇ ਵੀ ਸਰਮਾਏਦਾਰੀ ਨੂੰ ਪਾਲਦਾ ਸੀ?
ਜੁਆਬ: ਹਾਂ ਕਿਸੇ ਹੱਦ ਤੱਕ ਏਸ ਭੁਲੇਖੇ ਦੀ ਹਨੇਰੀ ਰਾਤ ਵਿਚ ਮਿਹਨਤਕਸ਼ ਭੰਬਲਭੂਸੇ ਵਿਚ ਠੋਕਰਾਂ ਖਾਂਦਾ ਰਿਹਾ ਅਤੇ ਅਖੀਰ ਇਸ ਦੀ ਅੱਖ ਖੁੱਲ੍ਹੀ ਜਿਸ ਦੀ ਮਿਸਾਲ ਸ਼ਿਕਾਗੋ ਸ਼ਹਿਰ ਦਾ ਖੂਨੀ ਸਾਕਾ ਦੁਨੀਆਂ ਦੇ ਸਾਹਮਣੇ ਆਇਆ, ਜਦ ਮਜ਼ਦੂਰ ਜਮਾਤ ਨੇ ਆਪਣੀ ਰੋਟੀ ਦੀ ਮੰਗ ਅਮਰੀਕਨ ਸਰਮਾਏਦਾਰੀ ਅੱਗੇ ਰੱਖੀ ਤੇ ਆਪਣੀ ਮੰਗ ਦਾ ਮੁਜਾਹਰਾ ਕੀਤਾ ਤਾਂ ਅਮਰੀਕਨ ਹਕੂਮਤ ਨੇ ਰੋਟੀ ਦੀ ਜਗ੍ਹਾ ਗੋਲੀਆਂ ਤੇ ਪਾਣੀ ਦੀ ਜਗ੍ਹਾ ਖੂਨ ਦੀ ਨਦੀ ਵਹਾ ਦਿੱਤੀ। ਇਹ ਸਾਕਾ ਦੁਨੀਆਂ ਭਰ ਦੇ ਮਜ਼ਦੂਰਾਂ ਦੀ ਜਾਗ੍ਰਤੀ ਦਾ ਪਹਿਲਾ ਦਿਨ ਹੈ। ਜਦੋਂ ਮਜ਼ਦੂਰਾਂ ਨੇ ਇਸ ਖੂਨ ਵਿਚ ਝੰਡਾ ਰੰਗ ਕੇ ਸਰਮਾਏਦਾਰੀ ਦੇ ਖਿਲਾਫ ਖੜ੍ਹਾ ਕਰ ਦਿੱਤਾ ਤਾਂ ਸਰਮਾਏਦਾਰੀ ਘਬਰਾਈ। ਉਸ ਨੇ ਦੁਨੀਆਂ ਭਰ ਦੇ ਵਿਦੇਸ਼ੀ ਮਜ਼ਦੂਰਾਂ ਲਈ ਅਮਰੀਕਾ ਦਾ ਬੂਹਾ ਖੋਲ੍ਹ ਦਿੱਤਾ। ਇਸ ਦੇ ਫਾਇਦੇ ਸਨ। ਇਕ, ਅਮਰੀਕਨ ਮਜ਼ਦੂਰਾਂ ਨੂੰ ਫੇਲ੍ਹ ਕਰਨਾ ਤੇ ਦੂਜਾ, ਵਿਦੇਸ਼ੀ ਮਜ਼ਦੂਰਾਂ ਨੂੰ ਅਮਰੀਕਨਾਂ ਦੇ ਮੁਕਾਬਲੇ ਘੱਟ ਤਨਖਾਹ ਦੇਣੀ, ਕਿਉਂਕਿ ਇਹ ਗਰੀਬ ਮੁਲਕਾਂ ਤੋਂ ਜਾਂਦੇ ਸਨ। ਡਾਲਰ ਦੇ ਮੁਕਾਬਲੇ ਇਨ੍ਹਾਂ ਦੇ ਮੁਲਕ ਦਾ ਸਿੱਕਾ ਬਹੁਤ ਸਸਤਾ ਸੀ ਅਤੇ ਤਬਾਦਲੇ ਵਿਚ ਇਨ੍ਹਾਂ ਨੂੰ ਇਨ੍ਹਾਂ ਦੇ ਸਿੱਕੇ ਦੇ ਕਾਫੀ ਪੈਸੇ ਮਿਲ ਜਾਂਦੇ ਸਨ। ਏਸ ਲਈ ਇਹ ਸਸਤੀ ਮਜੂਰੀ ‘ਤੇ ਲੱਗ ਜਾਂਦੇ ਸਨ, ਜਿਸ ਨਾਲ ਸਰਮਾਏਦਾਰੀ ਨੂੰ ਕਾਫੀ ਮੁਨਾਫਾ ਹੁੰਦਾ ਸੀ। ਇਹ ਗੱਲ ਯਾਦ ਰੱਖਣ ਵਾਲੀ ਹੈ, ਸਰਮਾਏਦਾਰ ਨੂੰ ਨਾ ਰੱਬ ਦਾ ਖੌਫ ਤੇ ਨਾ ਹੀ ਮੁਲਕ ਤੇ ਕੌਮ ਦਾ ਪਿਆਰ ਹੁੰਦਾ ਹੈ। ਉਸ ਨੂੰ ਮੁਨਾਫੇ ਨਾਲ ਗਰਜ ਹੈ।
ਸੁਆਲ: ਵਿਦੇਸ਼ੀ ਮਜ਼ਦੂਰਾਂ ਦੇ ਜਾਣ ਨਾਲ ਅਮਰੀਕਨ ਮਜ਼ਦੂਰਾਂ ‘ਤੇ ਕੀ ਅਸਰ ਪਿਆ?
ਜੁਆਬ: ਇਹ ਅਸਰ ਕੋਈ ਲੁਕਿਆ ਹੋਇਆ ਨਹੀਂ। ਅਮਰੀਕੀ ਮਜ਼ਦੂਰਾਂ ਨੂੰ ਵਿਦੇਸ਼ੀ ਮਜ਼ਦੂਰਾਂ ਤੋਂ ਸਖਤ ਨਫਰਤ ਹੋ ਗਈ, ਜੋ ਅਮਰੀਕਨ ਮਜ਼ਦੂਰਾਂ ਦੇ 1907-08 ਦੇ ਮੰਦਵਾੜੇ ਵਿਚ ਖੁੱਲ੍ਹੀ ਪਰਗਟ ਹੋਈ ਤੇ ਉਨ੍ਹਾਂ ਨੇ ਵਿਦੇਸ਼ੀ ਮਜ਼ਦੂਰਾਂ ‘ਤੇ ਹਮਲੇ ਸ਼ੁਰੂ ਕਰ ਦਿੱਤੇ। ਕਈ ਕਾਰਖਾਨਿਆਂ ਵਿਚ ਮਾਰ-ਕੁੱਟ ਦੇ ਇਲਾਵਾ ਮਾਲੀ ਨੁਕਸਾਨ ਵੀ ਹੋਇਆ ਤੇ ਬੇਇਜ਼ਤ ਵੀ ਕੀਤਾ। ਨਫਰਤ ਵੀ ਕਾਫੀ ਫੈਲ ਗਈ। ਰੇਲ ਯਾਤਾਯਾਤ, ਹੋਟਲਾਂ ਵਿਚ ਜਿਧਰ ਵੀ ਜਾਓ, ਨਫਰਤ ਹੀ ਨਫਰਤ ਸੀ। ਹਿੰਦੀ ਐਸੋਸ਼ੀਏਸ਼ਨ ਗਦਰ ਪਾਰਟੀ ਨੇ ਇਸ ਨਫਰਤ ਪਾਸੋਂ ਹੀ ਸਿੱਖਿਆ ਕਿ ਗੁਲਾਮ ਦੀ ਜ਼ਿੰੰਦਗੀ ਦਾ ਕੀ ਮੁੱਲ ਹੈ। ਦੂਸਰੇ ਅਮਰੀਕਾ ਦੀ ਜਮਹੂਰੀਅਤ ਚਾਹੇ ਸਰਮਾਏਦਾਰਾਨਾ ਹੀ ਸੀ ਪਰ ਦੂਸਰੀ ਦੁਨੀਆਂ ਦੇ ਮੁਕਾਬਲੇ ਜਿਥੇ ਬਾਦਸ਼ਾਹ ਤੇ ਡਿਕਟੇਟਰ ਰਾਜ ਕਰਦੇ ਸਨ, ਬਹੁਤ ਫਰਕ ਸੀ।
ਸੁਆਲ: ਕੀ ਫਰਕ ਸੀ?
ਜੁਆਬ: ਪਹਿਲਾ ਫਰਕ ਤਾਂ ਹਰ ਬਾਲਗ ਅਮਰੀਕਨ ਨੂੰ ਵੋਟ ਦਾ ਹੱਕ ਸੀ, ਜੋ ਜਮਹੂਰੀਅਤ ਦੀ ਨਿਸ਼ਾਨੀ ਸੀ। ਕੀ ਪ੍ਰਧਾਨ ਤੇ ਕੀ ਹੋਰ ਨੁਮਾਇੰਦੇ, ਸਭ ਵੋਟਾਂ ਦੇ ਜ਼ਰੀਏ ਚੁਣੇ ਜਾਂਦੇ ਸਨ ਜਦਕਿ ਦੂਸਰੇ ਮੁਲਕਾਂ ਵਿਚ ਜਨਤਾ ਨੂੰ ਕੋਈ ਹੱਕ ਨਹੀਂ ਸੀ। ਦਫਤਰੀ ਕਾਰਕੁਨ ਤੇ ਪੁਲਿਸ ਜਨਤਾ ਦੀ ਕਾਫੀ ਇਜ਼ਤ ਕਰਦੀ ਸੀ। ਜਨਤਾ ਦਾ ਰੁਪਿਆ ਪ੍ਰਧਾਨ ਦੇ ਦੌਰਿਆਂ ਅਤੇ ਸਜਾਵਟਾਂ ਉਤੇ ਨਹੀਂ ਖਰਚ ਕੀਤਾ ਜਾਂਦਾ ਸੀ, ਨਾ ਹੀ ਗੈਰ ਮੁਲਕੀ ਮਹਿਮਾਨਾਂ ਉਤੇ। ਸਫਾਈ ਤੇ ਸਾਦਗੀ ਹਰ ਘਰ ਤੇ ਹਰ ਜਗ੍ਹਾ ਗਲੀਆਂ, ਬਾਜ਼ਾਰਾਂ ਵਿਚ ਮਿਲਦੀ ਸੀ। ਹਰ ਘਰ ਦੇ ਅੰਦਰ ਖੂਬਸੂਰਤ ਫੁਲਵਾੜੀਆਂ ਸਨ ਜੋ ਘਰ ਦੀਆਂ ਔਰਤਾਂ ਖੂਬਸੂਰਤੀ ਵਾਸਤੇ ਤਿਆਰ ਕਰਦੀਆਂ ਸਨ। ਅਮਰੀਕਨ ਬੱਚਿਆਂ ਤੇ ਨੌਜਵਾਨਾਂ ਦਾ ਸਾਹਿਤ ਸਲਾਹੁਣ ਯੋਗ ਸੀ। ਬੋਲੀ ਮਿੱਠੀ ਤੇ ਰਸੀਲੀ। ਜੇ ਤੁਸੀਂ ਪੜੋਸੀ ਦੇ ਘਰੋਂ ਕੋਈ ਚੀਜ਼ ਮੰਗ ਕੇ ਲਿਆਓ ਤੇ ਵਾਪਸ ਕਰਨ ਜਾਓ, ਚੀਜ਼ ਵਾਲਾ ਤੁਹਾਡੇ ਤੋਂ ਪਹਿਲਾਂ ਹੀ ਤੁਹਾਡਾ ਧੰਨਵਾਦ ਕਰੇਗਾ। ਜੇ ਕੋਈ ਵਿਦੇਸ਼ੀ ਮੁਸਾਫਰ ਰਸਤਾ ਭੁੱਲ ਜਾਏ ਤਾਂ ਪੁਲਿਸ ਵਾਲਾ ਜੋ ਡਿਊਟੀ ‘ਤੇ ਹੈ, ਮਿਲ ਕੇ ਪੁੱਛੇ ਤਾਂ ਉਹ ਉਥੇ ਹੀ ਸੈਨਤ ਨਹੀਂ ਕਰ ਦੇਵੇਗਾ, ਸਗੋਂ ਨਾਲ ਜਾ ਕੇ ਅਲੱਗ ਡਿਊਟੀ ਵਾਲੇ ਸਿਪਾਹੀ ਦੇ ਸਪੁਰਦ ਕਰ ਦੇਵੇਗਾ ਜੋ ਤੁਸਾਂ ਨੂੰ ਟਿਕਾਣੇ ਪਹੁੰਚਾ ਦੇਵੇਗਾ।
(ਚਲਦਾ)