ਆਦਿ ਬੀੜ ਕਿਵੇਂ ਬਣੀ?-ਕਿਸ਼ਤ ਤੀਜੀ

ਸੰਨ 1604 ਵਿਚ ਗੁਰੂ ਅਰਜਨ ਦੇਵ ਨੇ ‘ਪੋਥੀ’ ਸਾਹਿਬ ਦੀ ਸੰਰਚਨਾ ਕੀਤੀ ਅਤੇ ਪਹਿਲਾ ਪ੍ਰਕਾਸ਼ ਭਾਦਉਂ ਸੁਦੀ 1, ਸੰਮਤ 1661 ਨੂੰ ਦਰਬਾਰ ਸਾਹਿਬ ਵਿਖੇ ਕੀਤਾ ਗਿਆ। ‘ਪੋਥੀ’ ਸਾਹਿਬ ਨੂੰ ‘ਆਦਿ ਬੀੜ’ ਵੀ ਕਿਹਾ ਜਾਣ ਲੱਗ ਪਿਆ ਹੈ। ਕੁਝ ਪੁਰਾਤਨ ਗ੍ਰੰਥਾਂ ਵਿਚ ਲਿਖਿਆ ਹੈ ਕਿ ਬਾਣੀ ਦਾ ਸਾਰਾ ਭੰਡਾਰ ਪੰਜਵੇਂ ਗੁਰੂ ਜੀ ਕੋਲ ਨਹੀਂ ਸੀ। ਇਸ ਲੇਖ ਵਿਚ ਪ੍ਰੋ. ਕਸ਼ਮੀਰਾ ਸਿੰਘ ਨੇ ਸਿੱਧ ਕੀਤਾ ਹੈ ਕਿ ਬਾਣੀ ਦਾ ਭੰਡਾਰ ਗੁਰੂ ਨਾਨਕ ਦੇਵ ਜੀ ਪਾਸ ਜਿਨ੍ਹਾਂ ਤੋਂ ਇਹ ਬਾਣੀ ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਅਤੇ ਗੁਰੂ ਰਾਮ ਦਾਸ ਤੋਂ ਹੁੰਦੀ ਹੋਈ ਗੁਰੂ ਅਰਜਨ ਦੇਵ ਪਾਸ ਪਹੁੰਚੀ।

-ਸੰਪਾਦਕ

ਕਸ਼ਮੀਰਾ ਸਿੰਘ (ਪ੍ਰੋ.)
ਫੋਨ: 801-414-0171

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਦੂਜੀ ਕਿਸ਼ਤ ਵਿਚ ਵਿਚਾਰ ਕੀਤੀ ਗਈ ਸੀ ਕਿ ਪਹਿਲੇ ਪਾਤਿਸ਼ਾਹ ਦੀ ਬਾਣੀ ਦੂਜੇ ਗੁਰੂ ਪਾਤਿਸ਼ਾਹ ਕੋਲ ਆ ਗਈ ਸੀ ਅਤੇ ਫਿਰ ਤੀਜੇ ਗੁਰੂ, ਚਉਥੇ ਗੁਰੂ ਤੇ ਫਿਰ ਪੰਜਵੇਂ ਗੁਰੂ ਜੀ ਕੋਲ ਆ ਗਈ। ਬਾਣੀ ਦਾ ਇਹ ਕੀਮਤੀ ਖਜਾਨਾ ਕਿਤੇ ਖਿਲਰਿਆ ਹੋਇਆ ਨਹੀਂ ਸੀ, ਭਾਈ ਮੋਹਨ ਦੇ ਕਬਜ਼ੇ ਵਿਚ ਨਹੀਂ ਸੀ ਅਤੇ ਨਾ ਹੀ ਪੰਜਵੇਂ ਗੁਰੂ ਜੀ ਵਲੋਂ ਬਾਣੀ ਲਿਆਉਣ ਲਈ ਕਿਤੇ ਸੁਨੇਹੇ ਭੇਜੇ ਗਏ ਸਨ।
ਇਸ ਕਿਸ਼ਤ ਵਿਚ ਭਗਤ ਬਾਣੀ ਦੀ ਗੱਲ ਕੀਤੀ ਜਾਵੇਗੀ। ਭਗਤ ਬਾਣੀ ਪੰਜਵੇਂ ਗੁਰੂ ਜੀ ਕੋਲ ਕਿਵੇਂ ਪਹੁੰਚੀ?
ਇਤਿਹਾਸਕ ਦ੍ਰਿਸ਼ਟੀ ਤੋਂ ਇੱਕ ਝਾਤ
(1) ‘ਗੁਰਬਿਲਾਸ ਪਾਤਸ਼ਾਹੀ 6’ ਦੀ ਭਗਤ ਬਾਣੀ ਬਾਰੇ ਰਾਏ: ‘ਗੁਰਬਿਲਾਸ ਪਾਤਸ਼ਾਹੀ 6’ ਦਾ ਕਰਤਾ ਲਿਖਦਾ ਹੈ ਕਿ ਜਦੋਂ ਪੰਜਵੇਂ ਗੁਰੂ ਜੀ ਨੇ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ ਇਕੱਠੀ ਕਰ ਲਈ ਤਾਂ ਭਗਤ ਕਬੀਰ ਦੀ ਅਗਵਾਈ ਵਿਚ ਭਗਤ ਸੂਖਮ ਰੂਪ ਵਿਚ (ਰੂਹਾਂ) ਪੰਜਵੇਂ ਗੁਰੂ ਜੀ ਕੋਲ ਆਏ ਅਤੇ ਆਪਣੀ ਬਾਣੀ ‘ਆਦਿ ਬੀੜ’ ਵਿਚ ਦਰਜ ਕਰਵਾਉਣ ਦੀ ਬੇਨਤੀ ਕੀਤੀ। ਲਿਖਾਰੀ ਨੇ 15 ਭਗਤਾਂ ਦੇ ਨਾਂ ਵੀ ਲਿਖੇ ਹਨ। {ਅੱਗੇ ਜਾ ਕੇ ਸਾਬਤ ਕਰਾਂਗੇ ਕਿ ਇਹ ਨਿਰੀ ਗੱਪ ਹੈ।}
(2) ‘ਸੂਰਜ ਪ੍ਰਕਾਸ਼’ ਵਿਚ ਕਵੀ ਸੰਤੋਖ ਸਿੰਘ ਨਿਰਮਲੇ ਨੇ ਕੀ ਲਿਖਿਆ?: ਕਵੀ ਸੰਤੋਖ ਸਿੰਘ ਅਤੇ ਗੁਰਬਿਲਾਸ ਵਾਲੀ ਕਹਾਣੀ ਆਪਸ ਵਿਚ ਮਿਲਦੀਆਂ ਹਨ ਤੇ ਕਹਾਣੀ ਬਿਨਾ ਸਮਝ-ਵਿਚਾਰ ਤੋਂ ਦੁਹਰਾਈ ਗਈ ਹੈ, ਜਿਵੇਂ ਕਵੀ ਸੰਤੋਖ ਸਿੰਘ ਨੇ ਗੁਰਬਿਲਾਸ ਵਾਲੀ ਭਾਈ ਮੋਹਨ ਤੋਂ ਪੋਥੀਆਂ ਲਿਆਉਣ ਦੀ ਕਹਾਣੀ ਦੁਹਰਈ ਸੀ ਅਤੇ ਆਪਣੇ ਦਿਮਾਗ ਤੋਂ ਕੰਮ ਨਹੀਂ ਸੀ ਲਿਆ। ਇਸ ਕਵੀ ਨੇ ਵੀ 15 ਭਗਤਾਂ ਦੇ ਨਾਂ ਲਿਖੇ ਹਨ, ਜੋ ਰੂਹਾਂ ਬਣ ਕੇ ਗੁਰੂ ਜੀ ਕੋਲ ਭਗਤ ਕਬੀਰ ਦੀ ਅਗਵਾਈ ਵਿਚ ਆਏ ਦੱਸੇ ਗਏ ਹਨ।
ਵਿਚਾਰ: ਉਕਤ ਦੋਹਾਂ ਲੇਖਕਾਂ ਨੇ ਭਗਤਾਂ ਨੂੰ ਭਟਕਦੀਆਂ ਰੂਹਾਂ ਦੱਸ ਕੇ ਭਗਤ ਜਨਾਂ ਦੀ ਬਹੁਤ ਤੌਹੀਨ ਕੀਤੀ ਹੈ। ਭਗਤਾਂ ਦੀਆਂ ਜੋਤਾਂ ਤਾਂ ਬ੍ਰਹਿਮੰਡੀ ਜੋਤਿ ਵਿਚ ਜਾ ਮਿਲੀਆਂ ਸਨ। ਜੇ ਭਗਤਾਂ ਦੀਆਂ ਰੂਹਾਂ ਹੀ ਮੁਕਤ ਨਾ ਹੋ ਸਕੀਆਂ ਤਾਂ ਫਿਰ ਉਨ੍ਹਾਂ ਦੀ ਬਾਣੀ ਕਿਸ ਵਾਸਤੇ ਪੜ੍ਹਨੀ ਹੈ?
(3) ਗਿਆਨੀ ਗਿਆਨ ਸਿੰਘ ਦੇ ਵਿਚਾਰ: ਤਵਾਰੀਖ ਗੁਰੂ ਖਾਲਸਾ ਵਿਚ ਗਿਆਨੀ ਗਿਆਨ ਸਿੰਘ ਨੇ ਦੋ ਮੱਤ ਲਿਖੇ ਹਨ, ਪਰ ਉਹ ਆਪ ਕਿਸ ਨਾਲ ਸਹਿਮਤ ਹਨ, ਇਹ ਨਹੀਂ ਦੱਸਿਆ। ਇਹ ਮੱਤ ਹਨ,
(A) ਕਈ ਕਹਿੰਦੇ ਹਨ ਕਿ ਭਗਤਾਂ ਦੀਆਂ ਰੂਹਾਂ ਆ ਕੇ ਭਾਈ ਗੁਰਦਾਸ ਜੀ ਨੂੰ ਆਪਣੀ ਬਾਣੀ ਲਿਖਾਉਂਦੀਆਂ ਸਨ ਅਤੇ ਭਾਈ ਗੁਰਦਾਸ ਜੀ ਨੂੰ ਗੁਰੂ ਜੀ ਨੇ ਭਗਤਾਂ ਦੇ ਦਰਸ਼ਨ ਵੀ ਕਰਵਾਏ ਸਨ।
(ਅ) ਕਈ ਕਹਿੰਦੇ ਹਨ ਕਿ ਗੁਰੂ ਜੀ ਨੇ ਭਗਤਾਂ ਦੀ ਜਿਹੜੀ ਜਿਹੜੀ ਬਾਣੀ ਪਸੰਦ ਆਈ, ਉਨ੍ਹਾਂ ਦੀਆਂ ਪੋਥੀਆਂ ਤੋਂ ਲਿਖਵਾਈ।
ਵਿਚਾਰ: ਗਿਆਨੀ ਗਿਆਨ ਸਿੰਘ ਨੇ ਲੋਕਾਂ ਦੇ ਹੀ ਮੱਤ ਦੱਸ ਕੇ ਪੱਲਾ ਝਾੜ ਲਿਆ। ਇਹ ਮੱਤ ਕੋਈ ਹੋਰ ਨਹੀਂ, ਉਪਰ ਲਿਖੇ ਲਿਖਾਰੀਆਂ ਦੀਆਂ ਰਚਨਾਵਾਂ ‘ਗੁਰਬਿਲਾਸ’ ਅਤੇ ‘ਸੂਰਜ ਪ੍ਰਕਾਸ਼’ ਪੜ੍ਹ ਕੇ ਉਸ ਨੂੰ ਫੁਰੇ ਹਨ ਅਤੇ ਇਹ ਨਵੇਂ ਨਹੀਂ। ਗੁਰੂ ਜੀ ਵਲੋਂ ਭਾਈ ਗੁਰਦਾਸ ਨੂੰ ਚਲਾਣਾ ਕਰ ਚੁਕੇ ਭਗਤਾਂ ਦੇ ਦਰਸ਼ਨ ਕਰਵਾਉਣੇ ਨਿਰੀ ਗੱਪ ਹੈ। ਅੱਜ ਕੱਲ੍ਹ ਵੀ ਕਈ ਪ੍ਰਚਾਰਕ ਅਤੇ ਕਈ ਡੇਰੇ ਗੁਰੂ ਪਾਤਿਸ਼ਾਹਾਂ ਨੂੰ ਭਟਕਦੀਆਂ ਰੂਹਾਂ ਸਮਝ ਕੇ ਉਨ੍ਹਾਂ ਨੂੰ ਦਾਤਣ ਵੀ ਕਰਵਾ ਰਹੇ ਹਨ ਅਤੇ ਪ੍ਰਸ਼ਾਦਾ ਵੀ ਛਕਾ ਰਹੇ ਹਨ। ਇਹ ਗਿਆਨੀ ਗਿਆਨ ਸਿੰਘ ਦੀ ਲਿਖੀ ਭਾਈ ਗੁਰਦਾਸ ਨੂੰ ਭਗਤਾਂ ਦੇ ਦਰਸ਼ਨ ਕਰਵਾਉਣ ਦੀ ਝੂਠੀ ਕਹਾਣੀ ਦੀ ਨਕਲ ਹੈ, ਭਾਵ ਬਹੁਤੇ ਸਿੱਖ ਹੀ ਗੁਰੂ ਪਾਤਿਸ਼ਾਹਾਂ ਦੀ ਲਿਖੀ ਬਾਣੀ ਦੀ ਸੱਚਾਈ ‘ਜੋਤੀ ਸੰਗਿ ਜੋਤਿ ਸਮਾਨਾ’ ਨੂੰ ਨਹੀਂ ਮੰਨ ਰਹੇ। ਸ਼ਾਂਤਮਈ ਮਾਹੌਲ ਵਿਚ ਪੁਲਾੜ ਵਿਚੋਂ ਸਰੀਰ ਤੋਂ ਬਿਨਾ ਕਿਸੇ ਮਨੁੱਖ ਦੀ ਅਵਾਜ਼ ਆਉਣੀ, ਉਥੋਂ ਦੇ ਮਾਹੌਲ ਨੂੰ ਭੈਅਭੀਤ ਕਰਦੀ ਹੈ, ਜੋ ਅਣਹੋਣੀ ਘਟਨਾ ਹੈ।
(3) ਮੈਕਾਲਿਫ ਦੀ ਭਗਤ ਬਾਣੀ ਦਰਜ ਕਰਾਉਣ ਬਾਰੇ ਰਾਏ: ਮੈਕਸ ਆਰਥਰ ਮੈਕਾਲਿਫ (ਸੰਨ 1841-1913) ਨੇ ਅੰਗਰੇਜ਼ੀ ਵਿਚ 6 ਭਾਗਾਂ ਵਿਚ ‘ਸਿੱਖ ਰਿਲੀਜਨ’ ਨਾਂ ਦੀ ਪੁਸਤਕ ਲਿਖੀ, ਜਿਸ ਦੇ ਪੰਜਾਬੀ ਅਨੁਵਾਦ ਵਿਚ ਉਸ ਨੇ ਲਿਖਿਆ, “ਪੰਜਵੇਂ ਗੁਰੂ ਜੀ ਨੇ 15 ਭਗਤਾਂ ਦੇ ਉਪਾਸ਼ਕਾਂ ਜਾਂ ਚੇਲਿਆਂ ਨੂੰ ਸੱਦੇ ਭੇਜ ਕੇ ਕਿਹਾ ਕਿ ਆ ਕੇ ਆਪਣੇ ਆਪਣੇ ਮੱਤ ਦੀ ਰਚਨਾ ਸੁਣਾਓ। ਜਿਹੜੀ ਗੁਰੂ ਜੀ ਨੂੰ ਚੰਗੀ ਲੱਗੀ, ਉਸ ਨੂੰ ਅਪਨਾ ਲਿਆ ਗਿਆ।”
ਵਿਚਾਰ: ਮੈਕਾਲਿਫ ਦੇ ਕੁਝ ਸਿੱਖ ਸਲਾਹਕਾਰ ਸਨ, ਜਿਵੇਂ ਗਿਆਨੀ ਪ੍ਰਤਾਪ ਸਿੰਘ ਆਦਿ। ਇਨ੍ਹਾਂ ਸਿੱਖ ਸਲਾਹਕਾਰਾਂ ਨੇ ਜਿਵੇਂ ਮੈਕਾਲਿਫ ਨੂੰ ਦੱਸਿਆ, ਉਸ ਨੇ ਉਵੇਂ ਹੀ ਲਿਖ ਦਿੱਤਾ, ਕਿਉਂਕਿ ਸਿੱਖ ਧਰਮ ਦੀ ਵਿਚਾਰਧਾਰਾ ਉਸ ਲਈ ਨਵੀਂ ਸੀ। ਜਾਪਦਾ ਹੈ ਕਿ ਸਿੱਖ ਸਲਾਹਕਾਰਾਂ ਨੇ ਵੀ ਗੁਰਬਾਣੀ ਦੀ ਖੋਜ ਨਹੀਂ ਕੀਤੀ, ਜਿਸ ਕਰਕੇ ਉਹ ਵੀ ਉਹੀ ਟਪਲੇ ਖਾ ਗਏ, ਜੋ ‘ਗੁਰਬਿਲਾਸ ਪਾਤਸ਼ਾਹੀ 6’ ਤੇ ‘ਸੂਰਜ ਪ੍ਰਕਾਸ਼’ ਦੇ ਲੇਖਕਾਂ ਨੇ ਖਾਧੇ ਅਤੇ ਮੈਕਾਲਿਫ ਨੂੰ ਵੀ ਟਪਲਿਆਂ ਵਿਚ ਪਾ ਗਏ।
ਜੇ ਪ੍ਰੋ. ਸਾਹਿਬ ਸਿੰਘ (ਸੰਨ 1892-1977) ਵਰਗੇ ਵਿਦਵਾਨ ਗੁਰਬਾਣੀ ਦੀ ਖੋਜ ਦੇ ਮੈਦਾਨ ਵਿਚ ਨਾ ਨਿੱਤਰਦੇ ਤਾਂ ਹੁਣ ਤਕ ਸਿੱਖਾਂ ਨੇ ਟਪਲੇ ਹੀ ਖਾਂਦੇ ਰਹਿਣਾ ਸੀ। ਲੋੜ ਹੈ, ਪ੍ਰੋ. ਸਾਹਿਬ ਸਿੰਘ ਦੀਆਂ ਕਿਤਾਬਾਂ ਵਿਚ ਬੰਦ ਪਈ ਖੋਜ ਨੂੰ ਜੱਗ ਜਾਹਰ ਕੀਤਾ ਜਾਵੇ ਤਾਂ ਜੋ ਗੁਰਬਾਣੀ ਦੇ ਸੱਚ ਦਾ ਸਭ ਨੂੰ ਪਤਾ ਲੱਗ ਸਕੇ।
ਉਪਰ ਲਿਖੀ ਵਿਚਾਰ ਦਾ ਸਿੱਟਾ: ਭਗਤ ਬਾਣੀ ਨੂੰ ਇਕੱਠੀ ਕਰਨ ਦਾ ਕੰਮ ਪੰਜਵੇਂ ਗੁਰੂ ਜੀ ਨਾਲ ਜੋੜਿਆ ਗਿਆ ਹੈ ਅਤੇ ਬਾਣੀ ਇੱਕਠੀ ਕਰਨ ਦੇ ਵੱਖ-ਵੱਖ ਤਰੀਕੇ ਵੀ ਲੇਖਕਾਂ ਨੇ ਦਿੱਤੇ ਹਨ, ਜੋ ਸਹੀ ਨਹੀਂ ਹਨ। ਭਗਤ ਕਬੀਰ (ਸੰਨ 1380-1499), ਭਗਤ ਰਵਿਦਾਸ (ਚਲਾਣਾ ਸੰਨ 1499), ਭਗਤ ਭੀਖਨ (ਸੰਨ 1480-1573) ਆਦਿਕ ਸਮਕਾਲੀ ਭਗਤਾਂ ਤੋਂ ਗੁਰੂ ਨਾਨਕ ਦੇਵ ਨੇ, ਸੰਭਵ ਹੈ, ਉਨ੍ਹਾਂ ਨਾਲ ਮਿਲਣੀ ਸਮੇਂ ਉਨ੍ਹਾਂ ਦੀ ਬਾਣੀ ਉਤਾਰਾ ਕਰ ਕੇ ਪ੍ਰਾਪਤ ਕੀਤੀ ਹੋਵੇ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਨ੍ਹਾਂ ਭਗਤਾਂ ਨੂੰ ਰੂਹਾਂ ਬਣ ਕੇ ਬਾਣੀ ਦਰਜ ਕਰਾਉਣ ਦੀ ਤਾਂ ਲੋੜ ਹੀ ਨਹੀਂ ਸੀ ਕਿਉਂਕਿ ਉਹ ਗੁਰੂ ਨਾਨਕ ਦੇਵ ਨੂੰ ਆਪਣੀ ਬਾਣੀ ਦਾ ਉਤਾਰਾ ਦੇ ਗਏ ਸਨ। ਲਿਖਾਰੀਆਂ ਦਾ ਬੋਲਿਆ ਇਹ ਨਿਰਾ ਝੂਠ ਹੈ।
ਸੱਚ ਕੀ ਹੈ?
ਹੇਠਾਂ ਗੁਰਬਾਣੀ ਵਿਚੋਂ ਜੋ ਪ੍ਰਮਾਣ ਦਿੱਤੇ ਜਾਣਗੇ, ਉਨ੍ਹਾਂ ਨਾਲ ਸੱਚ ਪ੍ਰਗਟ ਹੋ ਜਾਵੇਗਾ ਕਿ ਭਗਤ ਬਾਣੀ ਗੁਰੂ ਨਾਨਕ ਦੇਵ ਕੋਲ ਹੀ ਸੀ, ਜੋ ਉਨ੍ਹਾਂ ਨੇ ਦੂਰ-ਦੁਰਾਡੇ ਸਤਿ ਨਾਮ ਦਾ ਉਪਦੇਸ਼ ਦਿੰਦਿਆਂ ਉਨ੍ਹਾਂ ਤੋਂ ਪਹਿਲਾਂ ਹੋ ਚੁਕੇ ਭਗਤਾਂ ਦੇ ਅਸਥਾਨਾਂ ਤੋਂ ਉਨ੍ਹਾਂ ਦੇ ਗੱਦੀ-ਨਸ਼ੀਨਾਂ ਜਾਂ ਚੇਲਿਆਂ ਤੋਂ ਆਪਣੇ ਕੋਲ ਉਤਾਰਾ ਕਰ ਕੇ ਰੱਖੀ ਹੋਈ ਸੀ। ਭਗਤ ਬਾਣੀ ਪਹਿਲੇ ਗੁਰੂ ਜੀ ਕੋਲੋਂ ਹੀ ਬਾਕੀ ਤਿੰਨ ਗੁਰੂ ਪਾਤਿਸ਼ਾਹਾਂ ਰਾਹੀਂ ਪੰਜਵੇਂ ਗੁਰੂ ਜੀ ਕੋਲ ਪਹੁੰਚੀ ਸੀ। ਭਗਤਾਂ ਦੀਆਂ ਰੂਹਾਂ ਵਲੋਂ ਬਾਣੀ ਲਿਖਾਉਣ ਅਤੇ ਪੰਜਵੇਂ ਗੁਰੂ ਜੀ ਵਲੋਂ ਸੁਨੇਹੇ ਭੇਜ ਕੇ ਭਗਤ ਬਾਣੀ ਇਕੱਠੀ ਕਰਵਾਉਣ ਵਾਲੀਆਂ ਸਭ ਸਾਖੀਆਂ ਮਨਘੜਤ ਹਨ, ਜੋ ਲਿਖਾਰੀਆਂ ਦੀ ਗੁਰਬਾਣੀ ਗਿਆਨ ਪ੍ਰਤੀ ਅਗਿਆਨ ਵਿਚੋਂ ਹੀ ਜਨਮੀਆਂ ਹਨ।
ਭਗਤ ਬਾਣੀ ਗੁਰੂ ਨਾਨਕ ਪਾਤਿਸ਼ਾਹ ਜੀ ਕੋਲ ਹੋਣ ਦੇ ਪ੍ਰਮਾਣ:
(A). ਰਵਿਦਾਸ ਬਾਣੀ ਨਾਲ ਸਾਂਝ:
1. ਉਰਸਾ (ਪੱਥਰ) ਸ਼ਬਦ ਦੀ ਸਾਂਝ ਭਗਤ ਰਵਿਦਾਸ ਦੀ ਬਾਣੀ ਨਾਲ: ਭਗਤ ਰਵਿਦਾਸ ਦੀ ਬਾਣੀ ਵਿਚੋਂ ਇਹ ਸ਼ਬਦ ਧੰਨੁ ਗੁਰੂ ਨਾਨਕ ਨੇ ਲਿਆ ਸੀ ਅਤੇ ਇਹ ਸ਼ਬਦ ਹੋਰ ਕਿਸੇ ਬਾਣੀਕਾਰ ਨੇ ਨਹੀਂ ਵਰਤਿਆ। ਭਗਤ ਰਵਿਦਾਸ ਦੀ ਬਾਣੀ ਧੰਨੁ ਗੁਰੂ ਨਾਨਕ ਕੋਲ ਸੀ,
ਰਾਗੁ ਗੂਜਰੀ ਮਹਲਾ ਪਹਿਲਾ ਚਉਪਦੇ ਘਰੁ ਪਹਿਲਾ॥
ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ॥ (ਗੁਰੂ ਗ੍ਰੰਥ ਸਾਹਿਬ, ਪੰਨਾ 489)
ਧਨਾਸਰੀ {ਧਨਾਸ਼ਰੀ} ਭਗਤ ਰਵਿਦਾਸ ਜੀ
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ
ਨਾਮੁ ਤੇਰਾ ਕੇਸਰੋ ਲੇ ਛਿਟਕਾਰੇ॥ (ਪੰਨਾ 694)
2. ਓਲਗੀਆ-ਓਲਗੀ ਅਤੇ ਓਲ੍ਹਗ-ਓਲ੍ਹਗਣੀ ਦੀ ਸ਼ਬਦ-ਸਾਂਝ ਭਗਤ ਰਵਿਦਾਸ ਦੀ ਬਾਣੀ ਨਾਲ:
ਆਸਾ ਮਹਲਾ ਪਹਿਲਾ॥
ਮੈ ਓਲਗੀਆ ਓਲਗੀ ਹਮ ਛੋਰੂ ਥਾਰੇ॥ (ਪੰਨਾ 421)
ਆਸਾ ਭਗਤ ਰਵਿਦਾਸ ਜੀ॥
ਸੰਤ ਆਚਰਣ ਸੰਤ ਚੋ ਮਾਰਗੁ
ਸੰਤ ਚ ਓਲ੍ਹਗ ਓਲ੍ਹਗਣੀ॥2॥ (ਪੰਨਾ 486)
ਹੋਰ ਕਿਸੇ ਬਾਣੀਕਾਰ ਨੇ ਇਹ ਸ਼ਬਦ ਨਹੀਂ ਵਰਤੇ।
ਓਲ੍ਹਗ=ਦਾਸ, ਲਾਗੀ। ਓਲ੍ਹਗਣੀ=ਸੇਵਾ। ਓਲਗੀਆ ਓਲਗੀ= ਦਾਸਾਂ ਦਾ ਦਾਸ। ਛੋਰੂ=ਛੋਕਰੇ, ਛੋਟੇ ਸੇਵਕ।
ਵਿਚਾਰ: ਇਹ ਸ਼ਬਦ-ਸਾਂਝ ਪ੍ਰਗਟ ਕਰਦੀ ਹੈ ਕਿ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਨਾਨਕ ਪਾਤਿਸ਼ਾਹ ਕੋਲ ਸੀ, ਜਿੱਥੋਂ ਇਹ ਪੰਜਵੇਂ ਗੁਰੂ ਜੀ ਕੋਲ ਪਹੁੰਚੀ।
(ਚਲਦਾ)